ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

75 ਵਰ੍ਹੇ ਪਹਿਲਾਂ ਹੋਇਆ ਕਹਿਰ।

ਸੂਬਾ ਸਿੰਘ ਖਹਿਰਾ

ਦੁਨੀਆਂ ਦੇ ਇਤਿਹਾਸ ਵਿਚ ਸਮੇਂ ਸਮੇਂ ’ਤੇ ਵੱਖ-ਵੱਖ ਮੁਲਕਾਂ ਦਰਮਿਆਨ ਜੰਗਾਂ ਹੁੰਦੀਆਂ ਆਈਆਂ ਹਨ, ਪਰ ਦੂਜੀ ਆਲਮੀ ਜੰਗ (1939-1945) ਨੇ ਦੁਨੀਆਂ ਸਾਹਮਣੇ ਮਨੁੱਖੀ ਤਬਾਹੀ ਦਾ ਜੋ ਮੰਜ਼ਰ ਪੇਸ਼ ਕੀਤਾ, ਸ਼ਾਇਦ ਹੀ ਇਸ ਤੋਂ ਪਹਿਲਾਂ ਜੰਗ ਦੌਰਾਨ ਇੰਨੀ ਤਬਾਹੀ ਹੋਈ ਹੋਵੇ। ਭਾਵੇਂ ਇਹ ਤਬਾਹੀ ਪਝੰਤਰ ਸਾਲ ਪਹਿਲਾਂ ਹੋਈ। ਇਸ ਦੇ ਬਾਵਜੂਦ ਅੱਜ ਵੀ ਮਨੁੱਖੀ ਸੱਭਿਅਤਾ ਨੂੰ ਅੱਲੇ ਜ਼ਖ਼ਮਾਂ ਵਰਗੀ ਟੀਸ ਦੇ ਰਹੀ ਹੈ। ਦੂਜੀ ਆਲਮੀ ਜੰਗ ਦੁਨੀਆਂ ਦੇ ਲਗਭਗ ਤੀਹ ਮੁਲਕਾਂ ਦੇ ਦੋ ਧੜਿਆਂ ਦਰਮਿਆਨ ਹੋਈ। ਇਕ ਪਾਸੇ ਮਿੱਤਰ (ਅਲਾਈਡ) ਦੇਸ਼ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਬਰਾਜ਼ੀਲ, ਆਸਟਰੇਲੀਆ ਆਦਿ ਅਤੇ ਦੂਜੇ ਪਾਸੇ ਜਰਮਨੀ, ਜਪਾਨ, ਇਟਲੀ, ਬੁਲਗਾਰੀਆ, ਹੰਗਰੀ ਆਦਿ ਸਨ ਜਿਨ੍ਹਾਂ ਨੂੰ ਐਕਸਿਸ ਪਾਵਰ ਦੇਸ਼ ਵੀ ਆਖਿਆ ਗਿਆ। ਸਾਲਾਂ ਦੀ ਲੜਾਈ ਵਿਚ ਮਿੱਤਰ ਦੇਸ਼ ਆਰਥਿਕ ਤੇ ਜੰਗੀ ਪੱਧਰ ’ਤੇ ਮਜ਼ਬੂਤ ਹੋਣ ਕਾਰਨ ਵਿਰੋਧੀਆਂ ਉੱਤੇ ਭਾਰੂ ਸਨ। ਦੂਜੇ ਪਾਸੇ ਜਰਮਨੀ ਦੇ ਤਾਨਾਸ਼ਾਹ ਅਡੋਲਫ ਹਿਟਲਰ ਤੇ ਇਟਲੀ ਦੇ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਦੀਆਂ ਸਖ਼ਤ ਤਾਨਾਸ਼ਾਹੀ ਕਾਰਵਾਈਆਂ ਤੋਂ ਉਨ੍ਹਾਂ ਦੇ ਆਪਣੇ ਮੁਲਕਾਂ ਦੇ ਲੋਕ ਬੁਰੀ ਤਰ੍ਹਾਂ ਅੱਕ ਤੇ ਥੱਕ ਚੁੱਕੇ ਸਨ। 27 ਅਪਰੈਲ 1945 ਨੂੰ ਮੁਸੋਲਿਨੀ ਆਪਣੇ ਮੁਲਕ ਤੋਂ ਸਵਿਟਜ਼ਰਲੈਂਡ ਭੱਜਣ ਮੌਕੇ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਹੱਥੇ ਆਪਣੀ ਪ੍ਰੇਮਿਕਾ ਕੈਲਾਰਟਾ ਪੈਟਾਚੀ ਤੇ ਸੋਲਾਂ ਹੋਰ ਸਾਥੀਆਂ ਸਮੇਤ ਫੜਿਆ ਗਿਆ। ਸਾਰਿਆਂ ਨੂੰ ਗੋਲੀ ਮਾਰਨ ਉਪਰੰਤ ਉਨ੍ਹਾਂ ਦੀਆਂ ਲਾਸ਼ਾਂ ਨੂੰ ਇਟਲੀ ਦੇ ਮਿਲਾਨ ਸ਼ਹਿਰ ਦੇ ਚੌਕ ਵਿਚ ਲਿਆਂਦਾ ਗਿਆ ਜਿੱਥੇ ਮੁਸੋਲਿਨੀ ਤੇ ਉਸ ਦੀ ਪ੍ਰੇਮਿਕਾ ਦੀਆਂ ਲਾਸ਼ਾਂ ਨਾਲ ਲੋਕਾਂ ਵੱਲੋਂ ਬਹੁਤ ਬੁਰਾ ਸਲੂਕ ਕੀਤਾ ਗਿਆ। ਮੁਸੋਲਿਨੀ ਤੇ ਉਸ ਦੀ ਪ੍ਰੇਮਿਕਾ ਦੀਆਂ ਲਾਸ਼ਾਂ ਦੀ ਬੇਹੁਰਮਤੀ ਦੀ ਖ਼ਬਰ ਮਿਲਣ ’ਤੇ ਹਿਟਲਰ ਨੇ ਜਿਉਂਦੇ ਜੀ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਹੱਥ ਨਾ ਆਉਣ ਦਾ ਫ਼ੈਸਲਾ ਕੀਤਾ ਅਤੇ 30 ਅਪਰੈਲ 1945 ਨੂੰ ਮਿੱਤਰ ਮੁਲਕਾਂ ਦੀਆਂ ਫ਼ੌਜਾਂ ਵੱਲੋਂ ਘੇਰੇ ਜਾਣ ਉਪਰੰਤ ਆਪਣੀ ਪਤਨੀ ਈਵਾ ਬਰਾਉਨ ਸਮੇਤ ਖ਼ੁਦਕੁਸ਼ੀ ਕਰ ਲਈ। ਹਿਟਲਰ ਦੀ ਮੌਤ ਨਾਲ ਨਾਜ਼ੀ ਸੈਨਾ ਬੁਰੀ ਤਰ੍ਹਾਂ ਬਿਖਰ ਗਈ ਸੀ। ਐਕਸਿਸ ਪਾਵਰ ਮੁਲਕ ਭਾਵੇਂ ਕਮਜ਼ੋਰ ਪੈ ਗਏ, ਪਰ ਜਪਾਨ ਅਜੇ ਵੀ ਆਪਣੇ ਰਾਜਾ ਹੀਰੋਹਿੱਤੋ ਦੀ ਅਗਵਾਈ ਵਿਚ ਬੜੀ ਮਜ਼ਬੂਤੀ ਨਾਲ ਲੜ ਰਿਹਾ ਸੀ। ਮਿੱਤਰ ਮੁਲਕਾਂ ਦੀਆਂ ਏਜੰਸੀਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜਪਾਨ ਅਮਰੀਕਾ ’ਤੇ ਇਕ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕਾ ਨੇ ਇਸ ਖ਼ਦਸ਼ੇ ਜਾਂ ਬਹਾਨੇ ਦੀ ਆੜ ਵਿਚ 16 ਜੁਲਾਈ 1945 ਨੂੰ ਐਟਮ ਬੰਬ ਦਾ ਆਪਣੇ ਦੇਸ਼ ਵਿਚ ਸਫ਼ਲ ਪ੍ਰੀਖਣ ਕੀਤਾ। ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਦੇਸ਼ ਦੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਪਾਨ ’ਤੇ ਐਟਮ ਬੰਬ ਸੁੱਟਣ ਦੀ ਤਿਆਰੀ ਵਿੱਢ ਦਿੱਤੀ। ਲੱਗਦੇ ਹੱਥ ਜਪਾਨ ਵਿਚ ਬੰਬ ਸੁੱਟਣ ਵਾਲੀ ਜਗ੍ਹਾ ਨਿਸ਼ਚਿਤ ਕਰਨ ਲਈ ਵੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਨੇ ਬੰਬ ਸੁੱਟਣ ਦਾ ਨਿਸ਼ਾਨਾ (ਟਾਰਗੇਟ) ਹੀਰੋਸ਼ੀਮਾ ਨੂੰ ਚੁਣਿਆ।

ਕੌਮਾਂਤਰੀ ਕਾਨੂੰਨ ਮੁਤਾਬਿਕ ਕਿਸੇ ਦੇਸ਼ ’ਤੇ ਐਟਮ ਬੰਬ ਸੁੱਟਣ ਲਈ ਕਿਸੇ ਇਕ ਹੋਰ ਦੇਸ਼ ਦੀ ਇਜਾਜ਼ਤ ਦੀ ਜ਼ਰੂਰਤ ਹੁੰਦੀ ਹੈ। ਅਮਰੀਕਾ ਨੇ ਇਹ ਇਜਾਜ਼ਤ ਇੰਗਲੈਂਡ ਤੋਂ ਲੈ ਲਈ ਅਤੇ 6 ਅਗਸਤ 1945 ਨੂੰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ’ਤੇ ਐਟਮ ਬੰਬ ਸੁੱਟ ਦਿੱਤਾ। ‘ਲਿਟਲ ਬੌਇ’ ਨੇ ਹਵਾਈ ਜਹਾਜ਼ ਤੋਂ ਧਰਤੀ ਤੱਕ ਪਹੁੰਚਣ ਵਿਚ 44.4 ਸਕਿੰਟ ਦਾ ਸਮਾਂ ਲਿਆ ਤੇ ਜਪਾਨੀ ਜ਼ਮੀਨ ’ਤੇ ਭਿਆਨਕ ਤਬਾਹੀ ਮੱਚ ਗਈ। ਸ਼ਹਿਰ ਦੀ 20 ਫ਼ੀਸਦੀ ਆਬਾਦੀ ਭਾਵ 80 ਹਜ਼ਾਰ ਲੋਕ ਤਾਂ ਮੌਕੇ ’ਤੇ ਮਾਰੇ ਗਏ ਅਤੇ ਹਜ਼ਾਰਾਂ ਹੋਰ ਬੰਬ ਦੀ ਰੇਡੀਏਸ਼ਨ ਨਾਲ ਮੌਤ ਦੇ ਮੂੰਹ ਜਾ ਪਏ। ਸ਼ਹਿਰ ਦਾ 11 ਵਰਗ ਕਿਲੋਮੀਟਰ ਦਾ ਖੇਤਰ ਸੜ ਕੇ ਸੁਆਹ ਹੋ ਗਿਆ। ਜਪਾਨ ਅਜੇ ਇਸ ਹਮਲੇ ਦੇ ਸਦਮੇ ਵਿਚ ਹੀ ਸੀ ਕਿ ਠੀਕ ਤਿੰਨ ਦਿਨ ਬਾਅਦ 9 ਅਗਸਤ ਨੂੰ 11 ਵੱਜ ਕੇ 45 ਮਿੰਟ ’ਤੇ ਨਾਗਾਸਾਕੀ ਸ਼ਹਿਰ ’ਤੇ ਅਮਰੀਕਾ ਨੇ ਜਪਾਨ ’ਤੇ ‘ਫੈਟਮੈਨ’ ਨਾਂ ਦਾ ਦੂਜਾ ਐਟਮ ਬੰਬ ਸੁੱਟ ਦਿੱਤਾ। ਯੋਜਨਾ ਮੁਤਾਬਿਕ ਇਹ ਬੰਬ ਜਪਾਨ ਦੇ ਉਦਯੋਗਿਕ ਸ਼ਹਿਰ ਕੋਕਰਾ ’ਤੇ ਸੁੱਟਣਾ ਸੀ, ਪਰ ਮੌਸਮ ਦੀ ਖ਼ਰਾਬੀ ਕਾਰਨ ਨਾਗਾਸਾਕੀ ’ਤੇ ਸੁੱਟ ਦਿੱਤਾ ਗਿਆ ਜਿਹੜਾ ਧਰਤੀ ਤੋਂ 500 ਫੁੱਟ ਉੱਪਰ ਹੀ ਫਟ ਗਿਆ। ਇਸ ਕਾਰਨ ਨਾਗਾਸਾਕੀ ਸ਼ਹਿਰ ਹੀਰੋਸ਼ੀਮਾ ਜਿੰਨੀ ਤਬਾਹੀ ਤੋਂ ਤਾਂ ਬਚ ਗਿਆ, ਪਰ ਫਿਰ ਵੀ 40 ਹਜ਼ਾਰ ਲੋਕ ਮੌਕੇ ’ਤੇ ਮਾਰੇ ਗਏ। ਅਮਰੀਕਾ 19 ਅਗਸਤ 1945 ਨੂੰ ਤੀਜਾ ਬੰਬ ਸੁੱਟਣ ਦੀ ਤਿਆਰੀ ਕਰ ਰਿਹਾ ਸੀ ਕਿ ਜਪਾਨ ਦੇ ਰਾਜਾ ਹੀਰੋਹਿੱਤੋ ਨੇ ਅਮਰੀਕੀ ਫ਼ੌਜਾਂ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਇਸ ਤਰ੍ਹਾਂ ਬੜੇ ਦਰਦਨਾਕ ਢੰਗ ਨਾਲ ਦੂਜੀ ਆਲਮੀ ਜੰਗ ਦਾ ਅੰਤ ਤਾਂ ਹੋ ਗਿਆ, ਪਰ ਇਹ ਦੁਨੀਆਂ ਸਾਹਮਣੇ ਅਨੇਕਾਂ ਸਵਾਲ ਖੜ੍ਹੇ ਕਰ ਗਈ।

ਇਸ ਜੰਗ ਦੀ ਤਬਾਹੀ ਨੇ ਇਹ ਸਾਬਤ ਕਰ ਦਿੱਤਾ ਕਿ ਦੁਨੀਆਂ ਕੋਲ ਹੁਣ ਹੋਰ ਆਲਮੀ ਜੰਗ ਲੜਨ ਦੀ ਗੁੰਜਾਇਸ਼ ਨਹੀਂ ਹੈ। ਤੀਜੀ ਜੰਗ ਦੀ ਸੂਰਤ ਵਿਚ ਮੁਲਕਾਂ ਵੱਲੋਂ ਆਪਣੀ ਸੁਰੱਖਿਆ ਦੀ ਆੜ ਵਿਚ ਜਮ੍ਹਾਂ ਗੋਲਾ-ਬਾਰੂਦ ਤੇ ਐਟਮੀ ਸ਼ਕਤੀ ਇਸ ਤਰ੍ਹਾਂ ਦੀਆਂ 20 ਹੋਰ ਧਰਤੀਆਂ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ। ਬਕੌਲ ਸ਼ਾਇਰ:

ਜੰਗ ਤੋ ਚਾਰ ਦਿਨ ਹੋਤੀ ਹੈ।
ਜ਼ਿੰਦਗੀ ਬਰਸੋਂ ਤਲਕ ਰੋਤੀ ਹੈ।
ਸੰਪਰਕ: 98556-50018

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All