ਆਲਮੀ ਫੁੱਟਬਾਲ ਕੱਪ ਅਤੇ ਮਜ਼ਦੂਰਾਂ ਦੇ ਹਾਲਾਤ : The Tribune India

ਆਲਮੀ ਫੁੱਟਬਾਲ ਕੱਪ ਅਤੇ ਮਜ਼ਦੂਰਾਂ ਦੇ ਹਾਲਾਤ

ਆਲਮੀ ਫੁੱਟਬਾਲ ਕੱਪ ਅਤੇ ਮਜ਼ਦੂਰਾਂ ਦੇ ਹਾਲਾਤ

ਰਵਿੰਦਰ

ਹਰ ਚਾਰ ਸਾਲਾਂ ਬਾਅਦ ਹੋਣ ਵਾਲਾ ਫੁੱਟਬਾਲ ਫੀਫਾ ਸੰਸਾਰ ਕੱਪ ਇਸ ਵਾਰ ਅਰਬ ਦੇਸ਼ ਕਤਰ ਵਿਚ ਹੋ ਰਿਹਾ ਹੈ। ਇਹ ਇਤਿਹਾਸ ਦਾ ਸਭ ਤੋਂ ਮਹਿੰਗਾ ਵਿਸ਼ਵ ਕੱਪ ਹੋਵੇਗਾ। ਇਸ ਵਿਸ਼ਵ ਕੱਪ ਲਈ ਬੁਨਿਆਦੀ ਢਾਂਚੇ ਅਤੇ ਹੋਰ ਪ੍ਰਾਜੈਕਟਾਂ ਲਈ ਕਤਰ ਦਾ ਅੰਦਾਜ਼ਨ 220 ਅਰਬ ਡਾਲਰ ਦਾ ਬਜਟ ਹੈ। ਦੁਨੀਆ ਵਿਚ ਆਬਾਦੀ ਦਾ ਇੱਕ ਹਿੱਸਾ ਅਜਿਹਾ ਹੈ ਜੋ ਬੜੀ ਬੇਸਬਰੀ ਨਾਲ ਇਸ ਦੀ ਉਡੀਕ ਕਰ ਰਿਹਾ ਸੀ। ਆਬਾਦੀ ਵਿਚੋਂ ਛੋਟਾ ਜਿਹਾ ਹਿੱਸਾ ਅਜਿਹਾ ਹੈ ਜੋ ਮੈਚ ਦੇਖਣ, ਸਟੇਡੀਅਮ ਨੇੜੇ ਰਹਿਣ ਲਈ ਲੱਖਾਂ, ਕਰੋੜਾਂ ਰੁਪਏ ਖਰਚਦਾ ਹੈ। ਇਸ ਦੀ ਠਾਠ-ਬਾਠ, ਚੈਨਲਾਂ ’ਤੇ ਪ੍ਰਸਾਰਨ, ਮਹਿੰਗੇ ਹੋਟਲਾਂ ਦੀ ਸਜ-ਧਜ ਅੱਖਾਂ ਚੁੰਧਿਆਂ ਦੇਣ ਵਾਲੀ ਹੈ। ਮੀਡੀਆ ਵਿਚ ਜ਼ੋਰ-ਸ਼ੋਰ ਨਾਲ ਇਹ ਦਿਖਾਇਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਲਈ ਕਿੰਨੇ ਆਧੁਨਿਕ ਸਟੇਡੀਅਮ ਉਸਾਰੇ ਗਏ ਹਨ; ਖਿਡਾਰੀਆਂ, ਪ੍ਰਬੰਧਕਾਂ ਤੇ ਦਰਸ਼ਕਾਂ ਲਈ ਕਿਹੋ ਜਿਹੇ ਆਲੀਸ਼ਾਨ ਹੋਟਲ ਖੜ੍ਹੇ ਕੀਤੇ ਗਏ ਹਨ ਪਰ ਇਹਨਾਂ ਖ਼ਬਰਾਂ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਕਿ ਇਹਨਾਂ ਆਧੁਨਿਕ ਸਟੇਡੀਅਮਾਂ, ਹੋਟਲਾਂ ਤੇ ਹੋਰ ਇਮਾਰਤਾਂ ਦੀ ਉਸਾਰੀ ਕਰਦੇ ਹੋਏ ਹਜ਼ਾਰਾਂ ਮਜ਼ਦੂਰ ਆਪਣੀ ਜਾਨ ਗਵਾ ਚੁੱਕੇ ਹਨ। ‘ਦਿ ਗਾਰਡੀਅਨ’ ਅਖ਼ਬਾਰ ਮੁਤਾਬਕ ਇਹਨਾਂ ਮੌਤਾਂ ਦੀ ਗਿਣਤੀ 6500 ਤੋਂ ਉੱਪਰ ਹੈ। ਕਿਧਰੇ ਵੀ ਇਹ ਚਰਚਾ ਨਹੀਂ ਹੋ ਰਹੀ ਕਿ ਆਲਮੀ ਫੁੱਟਬਾਲ ਕੱਪ ਦੇ ਜਸ਼ਨ ਮਨਾਉਣ ਲਈ ਮਜ਼ਦੂਰਾਂ ਤੋਂ ਅਣਮਨੁੱਖੀ ਹਾਲਾਤ ਵਿਚ ਕੰਮ ਲੈਂਦੇ ਹੋਏ ਉਹਨਾਂ ਨੂੰ ਮੌਤ ਵੱਲ ਧੱਕਿਆ ਗਿਆ ਹੈ। ਇਹ ਮਜ਼ਦੂਰ ਕਿੱਥੋਂ ਆਏ, ਇਹਨਾਂ ਕੀ ਖੱਟਿਆ ਤੇ ਕੀ ਗਵਾਇਆ, ਇਹ ਹੁਣ ਕਿੱਥੇ ਗਏ, ਕਿਸੇ ਨੂੰ ਇਹਨਾਂ ਗੱਲਾਂ ਦੀ ਕੋਈ ਫਿਕਰ ਨਹੀਂ ਕਿਉਂਕਿ ਇਹ ਸਰਮਾਏਦਾਰਾ ਸਮਾਜ ਦਾ ਦਸਤੂਰ ਹੈ ਕਿ ਧਨਾਢਾਂ ਲਈ ਮਜ਼ਦੂਰਾਂ ਦਾ ਲਹੂ ਪਾਣੀ ਤੋਂ ਵੀ ਸਸਤਾ ਹੈ।

ਕਤਰ ਵਿਚ ਫੁੱਟਬਾਲ ਦੇ ਵਿਸ਼ਵ ਕੱਪ ਲਈ 2017 ਤੋਂ ਤਿਆਰੀਆਂ ਚੱਲ ਰਹੀਆਂ ਸਨ। ਦੋਹਾ ਦੇ ਲੁਸੈਲ ਸਟੇਡੀਅਮ ਵਿਚ ਮੈਚ ਖੇਡੇ ਜਾਣੇ ਹਨ, ਉਸ ਦੀ ਤਿਆਰੀ ’ਤੇ ਲਗਭਗ 76.7 ਕਰੋੜ ਡਾਲਰ ਖਰਚ ਕੀਤੇ ਗਏ ਹਨ। ਇਹ ਸਟੇਡੀਅਮ 2017 ਵਿਚ ਬਣਨਾ ਸ਼ੁਰੂ ਹੋਇਆ ਸੀ ਅਤੇ 2021 ਵਿਚ ਪੂਰਾ ਹੋਇਆ। ਕਤਰ ਵਿਚ ਉਸਾਰੀ ਦੇ ਕੰਮ ਕਰਨ ਲਈ ਕਾਮੇ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਤੇ ਹੋਰ ਦੇਸ਼ਾਂ ਤੋਂ ਆਉਂਦੇ ਹਨ। ਕਤਰ ਵਿਚ ਲਗਭਗ 20 ਲੱਖ ਪਰਵਾਸੀ ਮਜ਼ਦੂਰ ਹਨ ਜੋ ਕਤਰ ਦੇਸ਼ ਦੀ ਕੁੱਲ ਮਜ਼ਦੂਰ ਆਬਾਦੀ ਦਾ ਲਗਭਗ 95 ਫੀਸਦੀ ਹੈ ਅਤੇ ਇਸ ਦੀ ਪੂਰੀ ਅਬਾਦੀ ਦਾ ਦੋ ਤਿਹਾਈ ਹਿੱਸਾ ਬਣਦਾ ਹੈ। ਕਤਰ ਵਿਚ ਉਸਾਰੀ ਅਤੇ ਹੋਰ ਕੰਮਾਂ ਲਈ ਸਰਕਾਰ ਦੁਆਰਾ ‘ਪਰਵਾਸੀ ਮਜ਼ਦੂਰ ਭਰਤੀ ਪ੍ਰਣਾਲੀ’ ਲਾਗੂ ਕੀਤੀ ਜਾਂਦੀ ਹੈ ਜਿਸ ਨੂੰ ‘ਕਾਫਲਾ’ (‘ਸਪਾਂਸਰਸ਼ਿਪ’ ਲਈ ਅਰਬੀ ਸ਼ਬਦ) ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਦੀ ਵਰਤੋਂ ਫਾਰਸੀ ਖਾੜੀ ਰਾਜਾਂ ਜਿਵੇਂ ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਕੀਤੀ ਜਾਂਦੀ ਹੈ। ਇਸ ਪ੍ਰਣਾਲੀ ਵਿਚ ਮਜ਼ਦੂਰ ਠੇਕੇਦਾਰ ਰਾਹੀਂ ਕੰਮ ਕਰਨ ਲਈ ਆਉਂਦੇ ਹਨ। ਕਾਫਲਾ ਮਜ਼ਦੂਰ ਪੂਰੀ ਤੌਰ ’ਤੇ ਆਪਣੇ ਠੇਕੇਦਾਰਾਂ ਦੇ ਰਹਿਮ ’ਤੇ ਹੁੰਦੇ ਹਨ। ਮਜ਼ਦੂਰਾਂ ਦਾ ਪਾਸਪੋਰਟ ਠੇਕੇਦਾਰ ਕੋਲ ਹੀ ਰਹਿੰਦਾ ਹੈ, ਮਜ਼ਦੂਰ ਆਪਣੇ ਮਾਲਕ ਠੇਕੇਦਾਰ ਦੀ ਮਨਜ਼ੂਰੀ ਤੋਂ ਬਿਨਾ ਨੌਕਰੀ ਨਹੀਂ ਬਦਲ ਸਕਦੇ। ਮਜ਼ਦੂਰ ਮਾੜੇ ਹਾਲਾਤ ਵਿਚ ਕੰਮ ਕਰਨ, ਤਪਦੇ ਮਾਰੂਥਲ ਵਿਚ ਜਿਸਮ ਝੋਕਣ, ਗੁੰਝਲਦਾਰ ਜੀਵਨ ਜਿਊਣ ਲਈ ਮਜਬੂਰ ਹਨ। ਇਹ ਪਰਵਾਸੀ ਕਾਮੇ ਵਿਦੇਸ਼ਾਂ ਵਿਚ ਕੰਮ ਕਰਨ ਲਈ ਮੋਟੀਆਂ ਫੀਸਾਂ ਦਾ ਭੁਗਤਾਨ ਕਰਦੇ ਹਨ। ‘ਦਿ ਗਾਰਡੀਅਨ’ ਦੀ ਰਿਪੋਰਟ ਅਨੁਸਾਰ ਇੱਕ ਕਾਮੇ ਨੂੰ ਔਸਤਨ 3 ਲੱਖ ਬੰਗਲਾਦੇਸ਼ੀ ਟਕੇ ਦਾ ਭੁਗਤਾਨ ਕਰਨਾ ਪਿਆ ਜਿਹੜਾ ਲਗਭਗ 2900 ਡਾਲਰ ਦੇ ਬਰਾਬਰ ਹੈ। ਇਹ ਇਹਨਾਂ ਮਜ਼ਦੂਰਾਂ ਲਈ ਵੱਡੀ ਰਕਮ ਹੈ ਤੇ ਉਹ ਕਰਜ਼ਾ ਚੁੱਕ ਕੇ ਇਹ ਫੀਸਾਂ ਤਾਰਦੇ ਹਨ, ਇਸ ਉਮੀਦ ਨਾਲ ਕਿ ਅਰਬ ਮੁਲਕਾਂ ਵਿਚ ਉਹ ਚੰਗੀ ਕਮਾਈ ਕਰ ਕੇ ਆਪਣਾ ਪਰਿਵਾਰ ਪਾਲਣਗੇ। ਕਤਰ ਵਿਚ ਭਰਤੀ ਫੀਸਾਂ ਦੀ ਵਸੂਲੀ ਗੈਰ-ਕਾਨੂੰਨੀ ਹੈ ਪਰ ਇਸ ਦੇਸ਼ ਦੇ ਹਾਕਮ ਅਤੇ ਸਰਕਾਰਾਂ ਦੀ ਸਹਿਮਤੀ ਨਾਲ ਠੱਗੀ ਦਾ ਕੰਮ ਹੁੰਦਾ ਹੈ। ਸਟੇਡੀਅਮ ਬਣਾਉਣ ਵਾਲਿਆਂ ਦੀ ਔਸਤ ਤਨਖਾਹ ਲਗਭਗ 1000 ਕਤਰੀ ਰਿਆਲ (ਲਗਭਗ $275) ਪ੍ਰਤੀ ਮਹੀਨਾ ਹੈ। ਇਹ ਲਗਭਗ ਪ੍ਰਤੀ ਘੰਟਾ 1 ਡਾਲਰ ਦੀ ਉਜਰਤ ਦੇ ਬਰਾਬਰ ਹੈ। ਪਾਕਿਸਤਾਨ, ਕੀਨੀਆ ਅਤੇ ਨੇਪਾਲ ਵਰਗੇ ਦੇਸ਼ਾਂ ਦੇ ਸੁਰੱਖਿਆ ਗਾਰਡਾਂ ਦਾ ਕਹਿਣਾ ਹੈ ਕਿ ਉਹ 12 ਘੰਟੇ ਦੀ ਸ਼ਿਫਟ ਵਿਚ ਮਿਹਨਤ ਕਰਦੇ ਹਨ ਅਤੇ ਮਹੀਨੇ ਵਿਚ 30 ਦਿਨ ਕੰਮ ਕਰਦੇ ਹਨ। ਕੀਨੀਆ ਦੇ ਇੱਕ ਸੁਰੱਖਿਆ ਗਾਰਡ ਨੇ ਕਿਹਾ ਕਿ ਕਾਫਾਲਾ ਏਜੰਟ ਮਜ਼ਦੂਰਾਂ ਨੂੰ ਕਤਰ ਵਿਚ ਉਡਾਣ ਭਰਨ ਤੋਂ ਬਾਅਦ ਮਿਲਣ ਵਾਲੀ ਤਨਖਾਹ ਬਾਰੇ ਝੂਠ ਬੋਲਦੇ ਹਨ। ਉਸ ਨੇ ਕਿਹਾ ਕਿ “ਇਹ ਜਾਲ਼ ਹੈ ਕਿਉਂਕਿ ਤੁਹਾਨੂੰ ਕੀਨੀਆ ਵਿਚ ਇੱਕ ਗੱਲ ਅਤੇ ਕਤਰ ਵਿਚ ਦੂਜੀ ਗੱਲ ਦੱਸੀ ਜਾਂਦੀ ਹੈ।” ਬਹੁਤ ਸਾਰੇ ਮਜ਼ਦੂਰ ਆਪਣੇ ਕਰਜ਼ੇ ਮੋੜਨ ਤੋਂ ਵੀ ਅਸਮਰੱਥ ਹਨ। ਕਰਜ਼ਿਆਂ ਦਾ ਦਬਾਅ ਮਜ਼ਦੂਰਾਂ ਦੀ ਖੁਦਕੁਸ਼ੀ ਦਾ ਕਾਰਨ ਬਣਦਾ ਹੈ। ਇੱਕ ਨੇਪਾਲੀ ਮਜ਼ਦੂਰ ਮਹਿਮਦ ਨਦਾਫ ਮਨਸੂਰ ਧੁਨੀਆ ਆਪਣੇ ਕੰਮ ਵਾਲੀ ਥਾਂ ’ਤੇ ਹੀ ਰੱਸੇ ਨਾਲ ਲਟਕ ਗਿਆ ਸੀ।

ਉੱਥੋਂ ਦੇ ਪ੍ਰਸ਼ਾਸਨ ਦਾ ਹਾਲ ਇਹ ਹੈ ਕਿ ਪਰਵਾਸੀ ਮਜ਼ਦੂਰਾਂ ਦੀਆਂ ਮੌਤਾਂ ’ਤੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸਗੋਂ ਕਈ ਮਜ਼ਦੂਰਾਂ ਦੇ ਪਰਿਵਾਰਾਂ ਤੋਂ ਲਾਸ਼ਾਂ ਮੰਗਵਾਉਣ ਲਈ ਵੀ ਪੈਸੇ ਮੰਗੇ ਗਏ ਹਨ। ‘ਇੰਡੀਅਨ ਐਕਸਪ੍ਰੈਸ’ ਦੀ ਇਕ ਖ਼ਬਰ ਮੁਤਾਬਕ ਕਤਰ ਵਿਚ ਮਾਰੇ ਗਏ ਤਿਲੰਗਾਨਾ ਦੇ 40 ਸਾਲਾ ਰਜਿੰਦਰ ਪ੍ਰਭੂ ਦੇ ਪਰਿਵਾਰ ਤੋਂ ਉਸ ਦੀ ਲਾਸ਼ ਲਈ 5 ਲੱਖ ਰੁਪਏ ਮੰਗੇ ਗਏ ਸਨ। ਪਰਿਵਾਰ ਮੁਤਾਬਕ ਉਸ ਨੂੰ 2500 ਕਤਰੀ ਰਿਆਲ (ਕਰੀਬ 57,000 ਰੁਪਏ) ਦੀ ਤਨਖਾਹ ਦਾ ਵਾਅਦਾ ਕਰ ਕੇ ਕਤਰ ਦੀ ਇੱਕ ਕੰਪਨੀ ਨੇ 2016 ਵਿਚ ਭਰਤੀ ਕੀਤਾ ਸੀ ਪਰ ਕੰਮ ’ਤੇ ਲੱਗਣ ਤੋਂ ਬਾਅਦ ਉਸ ਨੂੰ 1000 ਕਤਰੀ ਰਿਆਲ (ਕਰੀਬ 23,000 ਰੁਪਏ) ਮਹੀਨਾ ਹੀ ਦਿੱਤੇ ਗਏ।

ਜਦੋਂ ਵਿਸ਼ਵ ਕੱਪ ਦੀ ਉਸਾਰੀ ਦੇ ਕੰਮ ਮੁਕੰਮਲ ਹੋ ਗਏ ਤਾਂ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੇ ਇਕਰਾਰਨਾਮੇ ਰੱਦ ਕਰ ਦਿੱਤੇ ਗਏ। ਬਹੁਤ ਸਾਰਿਆਂ ਨੂੰ ਬਿਨਾ ਤਨਖਾਹ ਘਰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਹੁਣ ਕਤਰ ਦੀ ਸਰਕਾਰ ‘ਦੇਸ਼ ਵਿਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿਚ (ਵੱਧ ਤੋਂ ਵੱਧ) ਕਟੌਤੀ’ ਕਰਨ ਦੀ ਯੋਜਨਾ ਨੂੰ ਲਾਗੂ ਕਰ ਰਹੀ ਹੈ। ਪ੍ਰਸ਼ਾਸਕੀ ਵਿਕਾਸ, ਕਿਰਤ ਅਤੇ ਸਮਾਜਿਕ ਮਾਮਲਿਆਂ ਦੇ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ 21 ਸਤੰਬਰ 2022 ਤੋਂ 18 ਜਨਵਰੀ 2023 ਦੇ ਅਰਸੇ ਦੌਰਾਨ ਗੈਰ-ਜ਼ਰੂਰੀ ਪਰਵਾਸੀ ਮਜ਼ਦੂਰਾਂ ਨੂੰ ਘਟਾਉਣ ਲਈ, ਸਾਰੇ ਠੇਕੇਦਾਰ ਮਜ਼ਦੂਰਾਂ ਲਈ ਯੋਜਨਾ ਤਿਆਰ ਕਰਨਗੇ। ਜਦੋਂ ਮੁਨਾਫ਼ੇ ਦੇ ਇਹਨਾਂ ਸੌਦਾਗਰਾਂ ਨੂੰ ਮਜ਼ਦੂਰਾਂ ਦੀ ਕੋਈ ਲੋੜ ਨਹੀਂ ਰਹਿੰਦੀ, ਉਦੋਂ ਉਹਨਾਂ ਨੂੰ ਦੁੱਧ ਵਿਚੋਂ ਮੱਖੀ ਵਾਂਗੂ ਬਾਹਰ ਕੱਢ ਮਾਰਦੇ ਹਨ। ਮਜ਼ਦੂਰਾਂ ਨੂੰ ਇਨਸਾਨ ਵਜੋਂ ਚਿਤਵਿਆ ਹੀ ਨਹੀਂ ਜਾਂਦਾ!

ਫੁੱਟਬਾਲ ਕੱਪ ਦੇ ਪ੍ਰਬੰਧਕ ਇਸ ਉੱਪਰ ਪਰਦਾ ਪਾ ਰਹੇ ਹਨ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਫੀਫਾ ਦੇ ਪ੍ਰਧਾਨ ਇਨਫੈਂਟੀਨੋ ਨੇ ਕਤਰ ਦੇ ‘ਜ਼ਮੀਨੀ ਸੁਧਾਰਾਂ’ ਦੀ ਤਾਰੀਫ਼ ਕੀਤੀ ਜੋ ‘ਹਜ਼ਾਰਾਂ ਕਾਮਿਆਂ ਦੇ ਜੀਵਨ ਨੂੰ ਬਿਹਤਰੀ ਲਈ ਬਦਲ ਰਹੇ ਹਨ।’ ਉਸ ਨੇ ਇਸ ਆਲਮੀ ਫੁੱਟਬਾਲ ਕੱਪ ਨੂੰ ‘ਸ਼ਾਂਤੀ ਅਤੇ ਏਕਤਾ ਦਾ ਸੁਨੇਹਾ’ ਦੱਸਿਆ ਹੈ ਪਰ ਸੱਚਾਈ ਇਹ ਹੈ ਕਿ ਇਹ ਫੁੱਟਬਾਲ ਕੱਪ ਹਜ਼ਾਰਾਂ ਮਜ਼ਦੂਰਾਂ ਦੀ ਅੰਨ੍ਹੀ ਲੁੱਟ ਅਤੇ ਸੈਂਕੜੇ ਲਾਸ਼ਾਂ ਉੱਪਰ ਮਨਾਇਆ ਜਾ ਰਿਹਾ ਜਸ਼ਨ ਹੈ। ਇਸ ਜਸ਼ਨ ਵਿਚ ਅਮੀਰਜ਼ਾਦੇ ਇੱਕ ਇੱਕ ਮੈਚ ਦੀ ਟਿਕਟ ਲਈ ਕਰੀਬ 5000 ਡਾਲਰ ਖਰਚ ਕੇ ‘ਸ਼ੌਕ’ ਪੂਰੇ ਕਰਨਗੇ।

ਲੁੱਟ ਤੇ ਜਬਰ ਉੱਪਰ ਟਿਕੇ ਅਤੇ ਮੁਨਾਫੇ ਕੇਂਦਰਤ ਸਰਮਾਏਦਾਰਾ ਪ੍ਰਬੰਧ ਵਿਚ ਕਤਰ ਉਹ ਮਾਰੂਥਲ ਹੈ ਜਿੱਥੇ ਪਿੰਡੇ ਲੂੰਹਦਾ ਤਪਦਾ ਸੂਰਜ ਹੈ ਜਿਸ ਵਿਚ ਮਜ਼ਦੂਰ ਉਸਾਰੀ ਦਾ ਕੰਮ ਕਰਦੇ ਹਨ। ਮਾਨਸਿਕ ਦਬਾਅ, ਹੱਡ ਗਾਲ਼ਣ ਵਾਲਾ ਸਰੀਰਕ ਕੰਮ, ਛੋਟੀ ਉਮਰੇ ਮੌਤ ਦਾ ਕਾਰਨ ਬਣ ਜਾਂਦਾ ਹੈ। ਮਜ਼ਦੂਰਾਂ ਦੀਆਂ ਭਿਆਨਕ ਕੰਮ ਹਾਲਾਤ ਬਦਲਣ, ਚੰਗੇ ਜੀਵਨ ਪੱਧਰ, ਲੁੱਟ ਦੇ ਹਰ ਰੂਪ ਨੂੰ ਖਤਮ ਕਰਨ ਲਈ ਇੱਕੋ-ਇੱਕ ਰਾਹ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣਾ ਹੈ। ਕਤਰ ਵਰਗੇ ਜਾਂ ਹੋਰ ਦੇਸ਼ਾਂ ਵਿਚ ਜਿੱਥੇ ਮਜ਼ਦੂਰ ਕੰਮ ਦੀ ਭਾਲ ਵਿਚ ਪਰਵਾਸ ਕਰਦੇ ਹਨ, ਉੱਥੇ ਅਲੱਗ ਅਲੱਗ ਦੇਸ਼ਾਂ ਦੇ ਮਜ਼ਦੂਰਾਂ ਨੂੰ ਧਾਰਮਿਕ, ਕੌਮੀ, ਨਸਲੀ, ਜਾਤੀ ਭੇਦਭਾਵ ਤੋਂ ਉੱਪਰ ਉੱਠ ਕੇ ਇੱਕਜੁਟ ਹੋ ਕੇ ਕੌਮਾਂਤਰੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।

ਸੰਪਰਕ: 70873-49543

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All