ਜਸਵੰਤ ਕੌਰ ਮਣੀ
ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ। ਔਰਤ, ਸਮਾਜ ਤੇ ਸਿੱਖਿਆ ਦਾ ਰਿਸ਼ਤਾ ਸ਼ੁਰੂ ਤੋਂ ਹੀ ਡਗਮਗਾਇਆ ਰਿਹਾ ਹੈ। ਸਮਾਜ ਮਨੁੱਖ ਨੂੰ ਜਿੱਥੇ ਪਰੰਪਰਾਵਾਂ ਦੀ ਦੱਸ ਪਾਉੱਦਾ ਹੈ, ਉੱਥੇ ਸਿੱਖਿਆ ਮਨੁੱਖ ਨੂੰ ਸਮਾਜ ਵਿੱਚ ਵਿਚਰਨ ਦੇ ਤੌਰ ਤਰੀਕੇ ਸਿਖਾਉਂਦੀ ਹੋਈ ਆਧੁਨਿਕਤਾ ਨਾਲ ਵੀ ਜੋੜਦੀ ਹੈ। ਜੇ ਗੱਲ ਔਰਤ, ਸਮਾਜ ਤੇ ਸਿੱਖਿਆ ਦੇ ਪ੍ਰਸੰਗ ਵਿੱਚ ਕੀਤੀ ਜਾਵੇ ਤਾਂ ਹਾਲੇ ਵੀ ਔਰਤ ਸਮਾਜ ਤੇ ਸਿੱਖਿਆ ਵਿਚਕਾਰ ਹਾਲਾਤ ਕਾਫ਼ੀ ਚੁਣੌਤੀਪੂਰਨ ਹਨ। ਸਿੱਖਿਆ ਤੇ ਮਿਹਨਤ ਬਲਬੂਤੇ ਔਰਤ ਨੇ ਨਾ ਕੇਵਲ ਆਪਣੇ ਹੀ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਨਿਵੇਕਲੀ ਪਛਾਣ ਬਣਾਈ ਹੈ ਪਰ ਅਜੇ ਵੀ ਉਸਦੇ ਸੰਘਰਸ਼ੀ ਰਸਤੇ ਦੀਆਂ ਔਕੜਾਂ ਖ਼ਤਮ ਨਹੀਂ ਹੋਈਆਂ। ਔਰਤ ਸਮਾਜ ਤੋਂ ਆਪਣੇ ਲਈ ਮਾਣ ਸਨਮਾਨ ਦੀ ਸਥਿਤੀ ਚਾਹੁੰਦੀ ਹੈ ਜੋ ਉਸਨੂੰ ਸਹੀ ਅਰਥਾਂ ਵਿੱਚ ਮਿਲ ਨਹੀਂ ਰਹੀ। ਬੇਸ਼ੱਕ ਅਜੋਕੀ ਔਰਤ ਪੜ੍ਹ ਲਿਖ ਕੇ ਆਪਣੇ ਪੈਰਾਂ ‘ਤੇ ਖਲੋ ਬੁਲੰਦੀਆਂ ਛੋਹ ਰਹੀ ਹੈ ਪਰ ਅਜੋਕੇ ਸਮਾਜ ਦੀ ਸੋਚ ਤੇ ਨਜ਼ਰੀਆ ਔਰਤ ਪ੍ਰਤੀ ਉੱਥੇ ਦਾ ਉੱਥੇ ਹੈ। ਅੱਜ ਵੀ ਬਹੁਤੇ ਹਾਲਾਤ ਵਿੱਚ ਔਰਤ ਤ੍ਰਿਸਕਾਰ ਦੀ ਪਾਤਰ ਬਣੀ ਹੋਈ ਹੈ। ਹਾਲੇ ਵੀ ਉਸਦੇ ਰਸਤੇ ਦੀਆਂ ਰੁਕਾਵਟਾਂ ਖ਼ਤਮ ਨਹੀਂ ਹੋਈਆਂ। ਕਹਿਣ ਲਈ ਅੱਜ ਉਹ ਆਜ਼ਾਦ ਹੈ ਪਰ ਸਮਾਜ ਵਿੱਚ ਵਿਚਰਦੀ ਹੋਈ ਉਹ ਕਿੰਨੀ ਕੁ ਆਜ਼ਾਦੀ ਅਨੁਭਵ ਕਰ ਰਹੀ ਹੈ? ਇਹ ਵਿਚਾਰਨ ਵਾਲੀ ਗੱਲ ਹੈ।
ਸਮਾਜ ਦਾ ਬਹੁਤਾ ਵਰਗ ਬੇਸ਼ੱਕ ਪੜ੍ਹ-ਲਿਖ ਗਿਆ ਹੈ ਪਰ ਉਸ ਦੀ ਸੋਚ ਵਿੱਚ ਬਹੁਤਾ ਫ਼ਰਕ ਦੇਖਣ ’ਚ ਨਹੀਂ ਆਇਆ। ਔਰਤ ਜੱਦੋ ਜਹਿਦ ਕਰਦੀ ਹੋਈ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਉਸ ਤੋਂ ਵੀ ਅਗੇਰੇ ਉਡਾਰੀਆਂ ਲਾ ਰਹੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਰੁਕਾਵਟਾਂ ਨਾ ਸਿਰਫ਼ ਸਿੱਖਿਆ ਹਾਸਲ ਕਰਨ ਸਮੇਂ, ਸਗੋਂ ਪੜ੍ਹਾਈ ਤੋਂ ਬਾਅਦ ਵੀ ਉਸਦਾ ਪਿੱਛਾ ਨਹੀਂ ਛੱਡਦੀਆਂ। ਪੁਰਾਤਨ ਸਮੇਂ ਵਿੱਚ ਜਿੱਥੇ ਔਰਤ ਦੇ ਪੜ੍ਹਨ-ਲਿਖਣ ’ਤੇ ਬੰਦਸ਼ਾਂ ਲਗਾਈਆਂ ਜਾਂਦੀਆਂ ਸਨ, ਓਥੇ ਅਜੋਕੇ ਸਮਾਜ ਵਿੱਚ ਅਜਿਹੀਆਂ ਬੰਦਸ਼ਾਂ ਬੇਸ਼ੱਕ ਬਹੁਤ ਘਟ ਰਹੀਆਂ ਹਨ ਪਰ ਕੁਝ ਅਜਿਹੇ ਵਰਤਾਰੇ ਪਣਪ ਰਹੇ ਹਨ ਜਿਨ੍ਹਾਂ ਤੋਂ ਲੜਕੀ ਪੜ੍ਹਾਈ ਵੱਲੋਂ ਕਿਤੇ ਨਾ ਕਿਤੇ ਖ਼ੁਦ ਹੀ ਝਿਜਕਣ ਜ਼ਰੂਰ ਲਗਦੀ ਹੈ। ਅੱਜ ਕੋਈ ਲੜਕੀ ਨਾ ਸਿਰਫ਼ ਸਕੂਲੀ ਪੜ੍ਹਾਈ ਦੌਰਾਨ ਹੀ ਪ੍ਰਭਾਵਿਤ ਹੋ ਰਹੀ ਹੈ ਬਲਕਿ ਉਚੇਰੀ ਪੜ੍ਹਾਈ ਦੌਰਾਨ ਵੀ ਉਸਨੂੰ ਕੁਝ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਸਦੇ ਰਸਤੇ ਵਿੱਚ ਗੰਭੀਰ ਚੁਣੌਤੀ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਔਰਤ ਸੁਚੇਤ ਜਾਂ ਅਚੇਤ ਰੂਪ ਵਿੱਚ ਪਿਸਦੀ ਰਹਿੰਦੀ ਹੈ। ਔਰਤ ਮੁੱਢ ਤੋਂ ਹੀ ਸੰਵੇਦਨਸ਼ੀਲ ਤੇ ਸਹਿਣਸ਼ੀਲਤਾ ਦੀ ਮੂਰਤ ਰਹੀ ਹੈ ਪਰ ਮਰਦ ਪ੍ਰਧਾਨ ਸਮਾਜ ਵਿੱਚ ਉਸਦੀ ਸਹਿਣਸ਼ੀਲਤਾ ਦਾ ਕਿਤੇ ਨਾ ਕਿਤੇ ਨਾਜਾਇਜ਼ ਫ਼ਾਇਦਾ ਉਠਾਇਆ ਜਾਂਦਾ ਹੈ। ਸਕੂਲ ਲਗਾਉਣ ਤੋਂ ਪਹਿਲਾਂ ਵੀ ਹਾਲਾਤ ਬਾਰੇ ਸੋਚਿਆ ਜਾਂਦਾ ਹੈ ਅਤੇ ਉਚੇਰੀ ਸਿੱਖਿਆ ਮੌਕੇ ਵੀ, ਜਿਸ ਕਾਰਨ ਕਈ ਵਾਰ ਲੜਕੀ ਦਾ ਉਚੇਰੀ ਸਿੱਖਿਆ ਦਾ ਸੁਪਨਾ ਸਕਾਰ ਨਹੀਂ ਹੁੰਦਾ। ਕਈ ਵਾਰ ਅਜਿਹੀ ਡਿਗਰੀ ਪ੍ਰਾਪਤ ਕਰਨਾ ਉਸ ਲਈ ‘ਅਗਨੀ ਪ੍ਰੀਖਿਆ’ ਵਿੱਚੋਂ ਲੰਘਣ ਤੋਂ ਘੱਟ ਨਹੀਂ ਹੁੰਦਾ।
ਬੇਸ਼ੱਕ ਅਜੋਕੇ ਯੁੱਗ ਵਿੱਚ ਔਰਤ ਨੇ ਘਰ ਦੀਆਂ ਵਲਗਣਾਂ, ਬੰਦਸ਼ਾਂ ਤੋਂ ਪਾਰ ਜਾਣ ਲਈ ਖ਼ੁਦ ਆਪਣੇ ਬਲਬੂਤੇ ਹੰਭਲਾ ਮਾਰਨ ਦੀ ਸਮਰੱਥਾ ਜੁਟਾ ਲਈ ਹੈ ਪਰ ਔਰਤ ਪੂਰੀ ਤਰ੍ਹਾਂ ਆਜ਼ਾਦ ਤੇ ਸੁਰੱਖਿਅਤ ਮਾਹੌਲ ਵਿੱਚ ਵਿਚਰਨ ਦਾ ਹੀਆ ਨਹੀਂ ਕਰ ਪਾ ਰਹੀ। ਇਸਦਾ ਕਾਰਨ ਕੀ ਹੋ ਸਕਦਾ ਹੈ? ਅਜੋਕਾ ਯੁੱਗ ਤਾਂ ਬਹੁਤ ਪੜ੍ਹਿਆ ਲਿਖਿਆ ਤੇ ‘ਆਧੁਨਿਕ’ ਅਖਵਾਉਂਦਾ ਹੈ। ਫਿਰ ਉਸ ਸਮੇਂ ਇਹ ਆਧੁਨਿਕਤਾ ਕਿੱਥੇ ਚਲੀ ਜਾਂਦੀ ਹੈ ਜਦੋਂ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸਿੱਖਿਆ ਪ੍ਰਾਪਤ ਲੜਕੇ ਵੀ ਤੁਰੀ ਆਉਂਦੀ ਲੜਕੀ ਵੱਲ ਦੇਖ ਕੇ ਕਈ ਤਰ੍ਹਾਂ ਦੇ ਭੱਦੇ ਮਜ਼ਾਕ ਕਰਦੇ ਹਨ। ਪਿੱਛੇ ਜਿਹੇ ਪੰਜਾਬੀ ਯੂਨੀਵਰੀਸਟੀ ਵਿੱਚ ਵੀ ਅਜਿਹਾ ਕਾਂਡ ਦੇਖਣ ਵਿੱਚ ਆਇਆ ਸੀ। ਇੱਥੇ ਦੋਸ਼ ਵਿਚਾਰਧਾਰਾ ਦਾ ਬਣਦਾ ਹੈ ਜਿਸਨੂੰ ਬਦਲਣ ਦੀ ਸਾਡੇ ਸਮਾਜ ਨੂੰ ਅਣਸਰਦੀ ਲੋੜ ਹੈ। ਔਰਤ ਦੀ ਅਜਿਹੀ ਸਥਿਤੀ ਅਜੋਕੇ ਸਾਹਿਤ ਵਿੱਚ ਵੀ ਬਾਖ਼ੂਬੀ ਝਲਕਦੀ ਹੈ। ਔਰਤ ਕਿਸੇ ਵੀ ਸਮਾਜ ਵਿੱਚ ਵਿਚਰ ਰਹੀ ਹੋਵੇ, ਉਸਨੂੰ ਹਮੇਸ਼ਾ ਵਧੀਕੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸ ਵਿੱਚ ਸਫ਼ਰ ਕਰਦੇ ਸਮੇਂ ਵੀ ਉਸਨੂੰ ਆਪਣੇ ਆਸੇ–ਪਾਸੇ ਦੀ ਸਥਿਤੀ ਵੱਲ ਦੇਖਣਾ ਪੈਂਦਾ ਹੈ ਅਤੇ ਰੇਲ ਸਫ਼ਰ ਦੌਰਾਨ ਵੀ ਕਿ ਕਿਹੜੇ ਡੱਬੇ ਵਿੱਚ ਚੜ੍ਹਨਾ ਹੈ, ਕਿੱਥੇ ਬੈਠਣਾ ਹੈ, ਵਿਚਾਰਨਾ ਪੈਂਦਾ ਹੈ। ਕਹਿਣ ਨੂੰ ਤਾਂ 21ਵੀਂ ਸਦੀ ਆਧੁਨਿਕਤਾ ਦੀ ਸਦੀ ਹੈ ਪਰ ਔਰਤ ਪ੍ਰਤੀ ਨਜ਼ਰੀਏ ਸਬੰਧੀ ਇਹ ਕਿੰਨੀ ਕੁ ਆਧੁਨਿਕ ਹੈ? ਬਾਰੇ ਵਿਚਾਰਨਾ ਬਣਦਾ ਹੈ। ਵੇਸਵਾਪੁਣੇ ਲਈ ਮਜਬੂਰ ਔਰਤ ਨੂੰ ਸਮਾਜ ਵਿੱਚ ‘ਮਾੜੀ’ ਤਾਂ ਗਿਣਿਆ ਜਾਂਦਾ ਹੈ ਪਰ ਕਦੇ ਇਸਦੇ ਉਪਜਣ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਕੀ ਕਦੇ ਸੋਚਿਆ ਜਾਂਦਾ ਹੈ? ਇੰਝ ਕਮਾਏ ਪੈਸੇ ਨਾਲ ਉਹ ਕੀ ਕਰਦੀ ਹੈ? ਕੀ ਉਸਦਾ ਵੀ ਕੋਈ ਆਪਣਾ ਪਰਿਵਾਰ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕਦੇ ਕੋਸ਼ਿਸ਼ ਕੀਤੀ ਜਾਂਦੀ ਹੈ?
ਕੁਝ ਸਮਾਂ ਪਹਿਲਾਂ ਇਹ ਸੋਚ ਉੱਭਰ ਰਹੀ ਸੀ ਕਿ ਜਿਵੇਂ ਜਿਵੇਂ ਦੇਸ਼ ਤਰੱਕੀ ਕਰੇਗਾ, ਲੋਕਾਂ ਵਿੱਚ ਜਾਗ੍ਰਿਤੀ ਵਧੇਗੀ ਤਾਂ ਸਮਾਜ ਵਿੱਚ ਦਾਜ ਤੇ ਮਹਿੰਗੇ ਵਿਆਹਾਂ ਦਾ ਰਿਵਾਜ਼ ਘਟ ਜਾਏਗਾ ਤੇ ਆਖ਼ਰ ਖ਼ਤਮ ਹੋ ਜਾਵੇਗਾ, ਪਰ ਹੋਇਆ ਇਸਦੇ ਬਿਲਕੁਲ ਉਲਟ। ਪਿਛਲੇ ਵੀਹ ਤੀਹ ਸਾਲਾਂ ਤੋਂ ਇਹ ਰਿਵਾਜ਼ ਹੋਰ ਵਧ ਗਿਆ ਹੈ ਅਤੇ ਇਸਦਾ ਰੂਪ ਵੀ ਨਿਰੰਤਰ ਬਦਲਦਾ ਜਾ ਰਿਹਾ ਹੈ। ਘਰੇਲੂ ਪੱਖੀਆਂ ਤੋਂ ਵਧਦਾ ਦਾਜ ਹੁਣ ਏਸੀ, ਕਾਰਾਂ ਤੱਕ ਪਹੁੰਚ ਗਿਆ ਹੈ। ਛੋਟੇ ਵੱਡਿਆਂ ਦੀ ਰੀਸ ਕਰਦੇ ਹਨ ਤੇ ਵੱਡੇ ਆਪਣਿਆ ਤੋਂ ਹੋਰ ਵੱਡਿਆਂ ਦੀ। ਫਲਾਣੇ ਮੰਤਰੀ ਜਾਂ ਅਫ਼ਸਰ ਨੇ ਆਪਣੀ ਕੁੜੀ ਦੇ ਵਿਆਹ ਵਿੱਚ ਇਹ ਗੱਡੀ ਦਿੱਤੀ। ਕੀ ਅਜਿਹੇ ਵਰਤਾਰੇ ਦਾਜ ਨੂੰ ਵਧਾਵਾ ਨਹੀਂ ਦੇ ਰਹੇ? ਜੇ ਪੜ੍ਹਿਆ ਲਿਖਿਆ ਸਥਾਪਤ ਪਰਿਵਾਰ ਜਾਂ ਵੱਡੇ ਅਫ਼ਸਰ, ਮੰਤਰੀ ਆਦਿ ਸਾਦੇ ਢੰਗ ਨਾਲ ਵਿਆਹ ਕਰਦੇ ਹਨ ਤਾਂ ਨਿਮਨ ਵਰਗ ਆਪਣੇ ਆਪ ਇਸਦਾ ਬਹੁਤ ਪ੍ਰਭਾਵ ਕਬੂਲ ਕਰ ਸਕਦਾ ਹੈ, ਪਰ ਇਹ ਵੱਡੇ ਤਾਂ ਕਰੋਨਾ ਲੌਕਡਾਊਨ ਦੌਰਾਨ ਵੀ ਨਿਯਮਾਂ ਨੂੰ ਛਿੱਕੇ ਢੰਗ ਕੇ ਵਿਆਹਾਂ ਤੋਂ ‘ਤੇ ਸ਼ਾਹੀ ਖ਼ਰਚ ਤੇ ਵਿਖਾਵਾ ਕਰਨ ਤੋ ਬਾਜ਼ ਨਹੀਂ ਆਏ।
ਸੁਪਰੀਮ ਕੋਰਟ ਨੇ ਬੇਸ਼ੱਕ ਲੜਕੀ ਨੂੰ ਪਿਤਾ ਦੀ ਜਾਇਦਾਦ ਵਿੱਚੋਂ ਪੁੱਤਰ ਦੇ ਬਰਾਬਰ ਹੱਕ ਦੇ ਦਿੱਤਾ ਹੈ ਪਰ ਕਿ ਵਿਹਾਰ ਦੇ ਵਿੱਚ ਅਜਿਹਾ ਕਰਕੇ ਇੱਕ ਲੜਕੀ ਅੱਗੇ ਤੋਂ ਆਪਣੇ ਭਰਾਵਾਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵਰਤਣ ਦੇ ਕਾਬਲ ਰਹਿ ਸਕਦੀ ਹੈ? ਦੋ ਭਰਾ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸਾ ਲੈ ਕੇ ਆਪਸ ਵਿੱਚ ਵਧੀਆ ਵਰਤਦੇ ਹਨ ਪਰ ਜੇ ਲੜਕੀ ਹਿੱਸਾ ਲੈਂਦੀ ਤਾਂ ਪੇਕੇ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਤਾਹਣੇ- ਮਿਹਣੇ ਤੇ ਨਫ਼ਰਤ ਦਾ ਸ਼ਿਕਾਰ ਬਣਦੀ ਹੈ। ਸਾਡਾ ਸਮਾਜ ਸਦੀਆਂ ਤੋਂ ਮਰਦ ਪ੍ਰਧਾਨ ਰਿਹਾ ਹੈ। ਇੱਥੇ ਮਰਦਾਂ ਦੀ ਵਿਚਾਰਧਾਰਾ ਹੀ ਜ਼ਿਆਦਾਤਰ ਸਮਾਜ ਦੀ ਬੁਨਿਆਦ ਮੰਨੀ ਜਾਂਦੀ ਹੈ ਤੇ ਇਹੀ ਵਿਚਾਰਧਾਰਾ ਕਿਤੇ ਨਾ ਕਿਤੇ ਅੱਜ ਵੀ ਚੱਲ ਰਹੀ ਹੈ ਕਿਉਂਕਿ ‘ਗਿੱਚੀ ਪਿੱਛੇ ਮੱਤ’ ਵਾਲੀ ਧਾਰਨਾ ਪੜ੍ਹੇ ਲਿਖੇ ਵਰਗ ਵਿੱਚ ਵੀ ਬਲਵਾਨ ਹੈ। ਔਰਤ ਆਪਣੇ ਆਜ਼ਾਦ ਫ਼ੈਸਲੇ ਲੈਣ ਦੀ ਹੱਕਦਾਰ ਨਹੀਂ। ਔਰਤ ਅਸਹਿ ਪੀੜ ਸਹਿ ਕੇ ਬੱਚੇ ਨੂੰ ਜਨਮ ਦਿੰਦੀ ਹੈ, ਇਨਸਾਨੀ ਜ਼ਾਤ ਨੂੰ ਅਗਾਂਹ ਵਧਾਉਂਦੀ ਹੈ, ਪਰ ਨਾਮ ਜੁੜਦਾ ਹੈ ਪਹਿਲਾਂ ਪਿਤਾ ਦਾ। ਕਿਉਂ?
ਅੱਜ ਔਰਤ ਆਰਥਿਕ ਪ੍ਰਬੰਧ ਦੇ ਜ਼ਰੂਰੀ ਅੰਗ ਵਜੋਂ ਵੀ ਵਿਚਰ ਰਹੀ ਹੈ। ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਦਾ ਔਰਤ ਦੀ ਕਮਾਈ ਤੋਂ ਬਿਨਾਂ ਗੁਜ਼ਾਰਾ ਨਹੀਂ। ਔਰਤ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਇੱਕੋ ਵੇਲੇ ਨਿਭਾ ਰਹੀ ਹੈ। ਆਰਥਿਕਤਾ ਦੇ ਨਾਲ ਨਾਲ ਉਸਨੇ ਰਾਜਨੀਤਕ ਚੇਤਨਾ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕੀਤੇ ਹਨ, ਪਰ ਇਹ ਤਬਦੀਲੀ ਵੀ ਔਰਤ ਦੀ ਸਥਿਤੀ ’ਚ ਅਸਲ ਤਬਦੀਲੀ ਨਹੀਂ ਲਿਆ ਸਕੀ। ਆਰਥਿਕਤਾ ਦੇ ਘੇਰੇ ਵਿੱਚ ਕੇਵਲ ਪੜੀ ਲਿਖੀ ਨੌਕਰੀ ਪੇਸ਼ਾ ਔਰਤ ਹੀ ਨਹੀਂ ਆਉਂਦੀ ਬਲਕਿ ਪਿੰਡਾਂ ਵਿੱਚ ਕੰਮ ਕਰਦੀਆਂ ਔਰਤਾਂ ਵੀ ਆਪਣੀ ਦਿਹਾੜੀ ਮਜ਼ਦੂਰੀ ਰਾਹੀਂ ਇਸ ਵਿੱਚ ਹਿੱਸਾ ਪਾਉੱਦੀਆਂ ਹਨ। ਪੇਂਡੂ ਇਸਤਰੀਆਂ ਖੇਤੀ ਕਾਰਜਾਂ ਵਿੱਚ ਵੀ ਆਪਣੇ ਪਤੀ ਦੀ ਸਹਾਇਤਾ ਕਰਦੀਆਂ ਹਨ ਅਤੇ ਕੁਝ ਕੁ ਸਿਖਲਾਈ ਕਾਰਜਾਂ ਵਿੱਚ ਵੀ ਮਸਰੂਫ਼ ਰਹਿੰਦੀਆਂ ਹਨ, ਪਰ ਉਨ੍ਹਾਂ ਦੇ ਕੰਮ ਨੂੰ ਗਿਣਿਆ ਨਹੀਂ ਜਾਂਦਾ। ਪੇਂਡੂ ਸੁਆਣੀ ਆਪਣੀਆਂ ਘਰੇਲੂ ਲੋਕ ਕਲਾਵਾਂ ਜਾਂ ਕਿੱਤਿਆਂ ਜ਼ਰੀਏ ਆਪਣੀ ਸੁਹਜਾਤਮਕਤਾ ਤੇ ਆਰਥਿਕਤਾ ਦੋਵਾਂ ਦਾ ਹੀ ਪ੍ਰਗਟਾਵਾ ਕਰਦੀਆਂ ਹਨ, ਪਰ ਇਸਨੂੰ ਕਦੇ ਵੀ ਆਰਥਿਕਤਾ ’ਚ ਯੋਗਦਾਨ ਵਜੋਂ ਨਹੀਂ ਦੇਖਿਆ ਜਾਂਦਾ।
ਅਜੋਕੇ ਸਮਾਜ ਵਿੱਚ ਨਾਅਰੇ ਤਾਂ ‘ਔਰਤ ਦੀ ਮਰਦ ਨਾਲ ਬਰਾਬਰੀ’ ਦੇ ਲਾਏ ਜਾਂਦੇ ਹਨ ਪਰ ਕਿਥੇ ਹੈ ਇਹ ਬਰਾਬਰੀ। ਖੇਤਾਂ ਵਿੱਚ ਮਜ਼ਦੂਰੀ ਕਰਦੀ ਔਰਤ ਦੀ ਸਥਿਤੀ ਦੇਖ, ਜਿੱਥੇ ਭਾਰੀ ਵਿਤਕਰਾ ਹੈ। ਇਕ ਔਰਤ, ਦੂਜੀ ਦਲਿਤ ਤੇ ਤੀਜਾ ਖੇਤ ਵਿੱਚ ਮਜ਼ਦੂਰੀ ਕਰਦੀ, ਇਹ ਸਥਿਤੀ ਵਿਚਾਰੀ ਜਾਣੀ ਬਣਦੀ ਹੈ। ਉਸ ਨਾਲ ਕੰਮ ਪਾਉਣ ਸਣੇ ਉਜਰਤ ਵਿਚ ਵੀ ਵਿਤਕਰਾ ਹੁੰਦਾ ਹੈ ਤੇ ਮਰਦ ਤੋਂ ਘੱਟ ਮਜ਼ਦੂਰੀ ਮਿਲਦੀ ਹੈ। ਵਿਕਸਤ ਪੂੰਜੀਵਾਦ ਨੇ ਔਰਤ ਦੇ ਸ਼ੋਸ਼ਣ ਵਿੱਚ ਹੋਰ ਵੀ ਵਾਧਾ ਕੀਤਾ ਹੈ। ਆਧੁਨਿਕ ਤਬਦੀਲੀ ਔਰਤ ਦੀ ਬਿਹਤਰੀ ਵੱਲ ਬਹੁਤਾ ਰੁਖ਼ ਨਹੀਂ ਕਰ ਸਕੀ। ਇਸ ਤਬਦੀਲੀ ਨੇ ਮਨੁੱਖੀ ਸੋਚ ਨੂੰ ਸਵੱਛ ਕਰਨ ਦਾ ਹੋਕਾ ਦੇ ਕੇ ਮਨੁੱਖੀ ਰਿਸ਼ਤਿਆਂ ਨੂੰ ਹੋਰ ਵੀ ਗੰਧਲਾ ਕਰ ਦਿੱਤਾ ਹੈ। ਔਰਤ ਆਰਥਿਕਤਾ ਵਿੱਚ ਯੋਗਦਾਨ ਤਾਂ ਪਾ ਰਹੀ ਹੈ ਪਰ ਨਿਰਭਰ ਮਰਦ ’ਤੇ ਹੀ ਹੈ।
ਸੋ ਆਓ ਅਸੀਂ ਮਿਲ ਕੇ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਔਰਤ ਤੇ ਮਰਦ ਦਾ ਬਰਾਬਰੀ ਦਾ ਦਰਜਾ ਹੋਵੇ। ਜਿੱਥੇ ਉਹ ਇੱਕ ਦੂਜੇ ਦੀ ਕਾਬਲੀਅਤ ਦੀ ਕਦਰ ਕਰਨ ਅਤੇ ਇੱਕ ਦੂਜੇ ਦੀਆਂ ਕਮੀਆਂ ਨੂੰ ਸੁਧਾਰਨ ਪ੍ਰਤੀ ਸਹਿਣਸ਼ੀਲਤਾ ਤੋਂ ਕੰਮ ਲੈਣ। ਅਜਿਹਾ ਸੁਖਾਵਾਂ ਮਾਹੌਲ ਸਿਰਜਣ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ ਅਤੇ ਇਸ ਵਿੱਚ ਆਪੋ ਆਪਣੀ ਭੂਮਿਕਾ ਅਦਾ ਕਰਨਾ ਸਭ ਦਾ ਫ਼ਰਜ਼ ਹੈ। ਸਾਡੀ ਜ਼ਿੰਮੇਵਾਰੀ ਹੈ ਔਰਤ ਦੀ ਮਾਨਸਿਕਤਾ ਨੂੰ ਸਮਝਣ ਦੀ। ਉਸਨੂੰ ਮਾਨਸਿਕ ਸੁਤੰਤਰਤਾ ਦੇਣ ਦੀ। ਸਿੱਖਿਆ ਦੌਰਾਨ ਆ ਰਹੀਆਂ ਮਾਨਸਿਕ ਤੇ ਹੋਰ ਰੁਕਾਵਟਾਂ ਨੂੰ ਦੂਰ ਕਰਨ ਦੀ। ਪਰਿਵਾਰ ਨੂੰ, ਸਮਾਜ ਨੂੰ ਉਸਦੇ ਹਮਸਫ਼ਰ ਨੂੰ ਹਮੇਸ਼ਾ ਔਰਤ ਦਾ ਸਾਥ ਦੇਣਾ ਚਾਹੀਦਾ ਹੈ, ਤਦ ਕੋਈ ਵੀ ਅਜਿਹੀ ਤਾਕਤ ਨਹੀਂ ਜੋ ਔਰਤ ਦੇ ਪੈਰਾਂ ਦੀਆਂ ਬੇੜੀਆਂ ਬਣ ਸਕੇ। ਸਮਾਜ ਵਿੱਚ ਜਦੋਂ ਵੀ ਕੋਈ ਤਬਦੀਲੀ ਵਾਪਰਦੀ ਹੈ, ਸੁਧਾਰ ਹੁੰਦਾ ਹੈ, ਸ਼ੁਰੂਆਤ ਇੱਕ ਵਿਅਕਤੀ ਤੋਂ ਹੀ ਹੁੰਦੀ ਹੈ ਤੇ ਹੌਲੀ ਹੌਲੀ ਉਸ ਨਾਲ ਕਾਫ਼ਲਾ ਜਾ ਜੁੜਦਾ ਹੈ। ਇਸੇ ਤਰ੍ਹਾਂ ਹੀ ਔਰਤ ਨੂੰ ਖ਼ੁਦ ਹੀ ਆਪਣੇ ਹੁੰਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾ ਕੇ ਪਹਿਲ ਕਰਨੀ ਚਾਹੀਦੀ ਹੈ। ਖ਼ਾਸ ਤੌਰ ’ਤੇ ਔਰਤ ਨੂੰ ਔਰਤ ਦੀ ਸਹਾਇਕ ਬਣਨਾ ਚਾਹੀਦਾ ਹੈ। ਸਰਕਾਰ ਨੂੰ ਔਰਤਾਂ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸਿਰਫ਼ ਆਜ਼ਾਦੀ ਦੇ ਅਧਿਕਾਰ ਨਾਲ ਹੀ ਨਹੀਂ ਬਲਕਿ ਸਮਾਜ ਦਾ ਔਰਤ ਪ੍ਰਤੀ ਸੋਚ ਤੇ ਨਜ਼ਰੀਆ ਬਦਲਣ ਦੀ ਸਖ਼ਤ ਜ਼ਰੂਰਤ ਹੈ।
*ਖੋਜਾਰਥੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ: 98888-70822