ਔਰਤ ਅਤੇ ਦਲਿਤ ਔਰਤ

ਔਰਤ ਅਤੇ ਦਲਿਤ ਔਰਤ

ਮਨਮੋਹਨ ਸਿੰਘ

‘ਏਹੁ ਹਮਾਰਾ ਜੀਵਣਾ’ ਨਾਵਲ ਦੀ ਲੇਖਕ ਦਲੀਪ ਕੌਰ ਟਿਵਾਣਾ 85 ਸਾਲ ਦੀ ਉਮਰ ਭੋਗਣ ਪਿੱਛੋਂ ਇਸ ਸਾਲ ਜਨਵਰੀ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਈ। ਔਰਤ ਦੇ ਅਤਿ ਦਰਜੇ ਦੇ ਦੁੱਖਾਂ ਦਰਦਾਂ ਦੀ ਤਰਜਮਾਨੀ ਕਰਦਾ ਇਹ ਨਾਵਲ 1968 ਵਿਚ ਪ੍ਰਕਾਸ਼ਿਤ ਹੋਇਆ ਅਤੇ 1972 ਵਿਚ ਇਸ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ। ਨਾਵਲ ਵਿਚ ਜੱਟ ਕਿਸਾਨ ਪਰਿਵਾਰ ਨਾਲ ਸੰਬੰਧਤ ਮੁੱਖ ਪਾਤਰ ਭਾਨੋ ਛੋਟੀ ਉਮਰੇ ਰੰਡੇਪਾ ਨਾ ਸਹਾਰਦੀ ਹੋਈ ਮਰ ਜਾਣ ਦਾ ਫੈਸਲਾ ਕਰ ਕੇ ਗੰਗਾ ਨਦੀ ਵਿਚ ਛਾਲ ਮਾਰ ਦਿੰਦੀ ਹੈ। ਉਸੀ ਸਮੇਂ ਨਾਵਲ ਦਾ ਦੂਜਾ ਮੁੱਖ ਪਾਤਰ, ਜ਼ਿਮੀਦਾਰ ਸ਼ਰਾਬੀ ਅਤੇ ਅਮਲੀ ਨਰੈਣਾ ਵੀ ਅਜਿਹੀ ਹੀ ਕਿਸੀ ਔਰਤ ਦੀ ਭਾਲ ਵਿਚ ਉੱਥੇ ਹਾਜ਼ਰ ਹੈ। ਕੁਝ ਲੋਕ ਭਾਨੋ ਨੂੰ ਨਦੀ ਵਿਚੋਂ ਜਿੰਦਾ ਬਾਹਰ ਕੱਢ ਲੈਂਦੇ ਹਨ, ਜਿਵੇਂ ਉਸ ਨੂੰ ਮਰਨਾ ਵੀ ਮੁਥਾਜ ਨਾ ਹੋਵੇ। ਨਰੈਣਾ ਭਾਨੋ ਨੂੰ ਸਵਾਲ ਕਰਦਾ ਹੈ, “ਪਤਾ ਲੱਗੇ ਤਾਂ ਤੇਰੇ ਘਰ ਦੇ ਕੀ ਆਖਣ।” ਭਾਨੋ ਕਹਿਣ ਲੱਗੀ, “ਘਰ ਦਾ ਮੇਰਾ ਕਿਹੜੈ, ਜੇ ਹੁੰਦਾ ਤਾਂ ਇਹ ਨੌਬਤ ਈ ਕਿਉਂ ਆਉਂਦੀ?” ਨਰੈਣਾ ਕੰਮ ਬਣਦਾ ਦੇਖਦਿਆਂ ਕਹਿੰਦਾ ਹੈ, “ਓਹ ਸਹੁਰੀਏ! ਤੂੰ ਵੀ ਮੇਰੇ ਵਰਗੀਓਂ ਈ ਐਂ, ਚੰਗਾ ਮੇਰੇ ਨਾਲ ਚੱਲ।” ਭਾਨੋ ਨੇ ਨਰੈਣੇ ਦੀ ਪੇਸ਼ਕਸ਼ ਸਵੀਕਾਰ ਕਰਨ ਲਈ ਸ਼ਰਤ ਰੂਪੀ ਪਹਿਲਾ ਤੇ ਆਖਰੀ ਸਵਾਲ ਕੀਤਾ, “ਮਖਾਂ ਜੀ ਆਪਾਂ ਜੱਟ ਹੁੰਦੇ ਆਂ?” ਨਰੈਣੇ ਦਾ ਜਵਾਬ ਸੀ, “ਹੋਰ ਕੀ ਤੈਨੂੰ ਦਲਿਤ ਦਿਸਦਾਂ?” ਨਾਵਲ ਵਿਚ ਜੱਟ ਕਿਸਾਨ ਪਰਿਵਾਰ ਨਾਲ ਸੰਬੰਧਤ ਭਾਨੋ ਦਾ ਜੀਵਨ ਡੰਗਰਾਂ ਪਸ਼ੂਆਂ ਤੋਂ ਵੀ ਬਦਤਰ ਦਿਖਾਇਆ ਹੈ। ਸਾਡੇ ਸਮਾਜ, ਖਾਸ ਕਰ ਕੇ ਪੇਂਡੂ ਇਲਾਕਿਆਂ ਵਿਚ ਬਹੁਗਿਣਤੀ ਦਲਿਤ ਔਰਤਾਂ ਦੇ ਹਾਲਾਤ ਭਾਨੋ ਦੇ ਹਾਲਾਤ ਤੋਂ ਵੀ ਮਾੜੇ ਹਨ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਦੁਰਦਸ਼ਾ, ਮੁਸੀਬਤਾਂ, ਲਾਚਾਰੀਆਂ ਅਤੇ ਮੰਦਹਾਲੀ ਬਿਨਾ ਕਿਸੀ ਰੋਕ ਟੋਕ ਵਧ ਰਹੀ ਹੈ।

ਭਾਰਤ ਦੀ ਕੁੱਲ ਆਬਾਦੀ ਦਾ 35% ਹਿੱਸਾ ਲਗਭਗ 450 ਮਿਲੀਅਨ ਦਲਿਤ ਲੋਕ ਹਨ ਜਿਸ ਵਿਚ 50% ਔਰਤਾਂ ਸ਼ਾਮਿਲ ਹਨ; ਖਾਸ ਕਰ ਕੇ ਦੇਸ਼ ਦੇ 6 ਲੱਖ ਪਿੰਡਾਂ ਵਿਚ ਇਨ੍ਹਾਂ ਦੀ ਵਸੋਂ ਬਾਹਰਵਾਰ ਵੱਖਰੇ ਮੁਹੱਲੇ ਜਾਂ ਵਿਹੜੇ ਦੇ ਰੂਪ ਵਿਚ ਹੁੰਦੀ ਹੈ। ਮਸ਼ਹੂਰ ਦਲਿਤ ਨਾਰੀਵਾਦੀ ਵਿਦਵਾਨ ਰੁੱਥ ਮਨੋਰਮਾ ਅਨੁਸਾਰ ਦਲਿਤ ਔਰਤਾਂ ਦੂਜੀਆਂ ਔਰਤਾਂ ਦੇ ਮੁਕਾਬਲੇ ਸਮਾਜ ਵਿਚ ਤਿੰਨ ਗੁਣਾ ਵੱਧ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਹਨ। ਇਹ ਵਿਤਕਰਾ ਉਨ੍ਹਾਂ ਨਾਲ ਸ਼੍ਰੇਣੀ, ਜਾਤ ਅਤੇ ਲਿੰਗ ਦੇ ਆਧਾਰ ਤੇ ਕੀਤਾ ਜਾਂਦਾ ਹੈ। ਉਹ ਦਲਿਤਾਂ ਵਿਚੋਂ ਦਲਿਤ ਔਰਤ ਅਤੇ ਦੱਬੇ ਕੁਚਲੇ ਲੋਕਾਂ ਵਿਚ ਦਬੀ ਕੁਚਲੀ ਸ਼੍ਰੇਣੀ ਵਾਂਗ ਵਿਚਰਦੀ ਹੈ। ਦਲਿਤ ਔਰਤਾਂ ਲਈ ਜੀਵਨ ਸਫਰ ਸ਼ੁਰੂ ਕਰਦਿਆਂ ਹੀ ਸਮਾਜਿਕ ਪ੍ਰੇਸ਼ਾਨੀਆਂ ਅਤੇ ਧੱਕਿਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਛੋਟੀ ਉਮਰੇ ਸਕੂਲ ਵਿਚ ਪੜ੍ਹਨ ਵਾਲੀਆਂ ਦਲਿਤ ਲੜਕੀਆਂ ਵੱਡੀਆਂ ਜਾਤੀਆਂ ਨਾਲ ਸਬੰਧਤ ਮੁੰਡਿਆਂ ਦੁਆਰਾ ਛੇੜਛਾੜ, ਪ੍ਰੇਸ਼ਾਨੀ ਅਤੇ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਜੇ ਸਕੂਲ ਉਨ੍ਹਾਂ ਦੇ ਘਰ ਜਾਂ ਪਿੰਡ ਤੋਂ ਕੁਝ ਦੂਰੀ ਤੇ ਹੋਵੇ ਤਾਂ ਅਜਿਹੀਆਂ ਘਟਨਾਵਾਂ ਹੋਰ ਵਧ ਜਾਂਦੀਆਂ ਹਨ, ਉਨ੍ਹਾਂ ਦੇ ਦਿਲ ਅਤੇ ਦਿਮਾਗ ਵਿਚ ਅਸੁਰੱਖਿਆ ਘਰ ਕਰ ਜਾਂਦੀ ਹੈ। ਇਹੀ ਕਾਰਨ ਹੈ ਕਿ ਗਰੀਬ ਦਲਿਤ ਪਰਿਵਾਰ ਦੀਆਂ ਵਿਦਿਆਰਥਣਾਂ ਦੀ ਗਿਣਤੀ ਸਕੈਂਡਰੀ ਪੜਾਅ ਤੇ 15-20% ਹੀ ਰਹਿ ਜਾਂਦੀ ਹੈ। ਜਦੋਂ ਕੁੜੀਆਂ ਸਕੂਲ ਨਹੀਂ ਜਾਂਦੀਆਂ ਅਤੇ ਘਰ ਵਿਚ ਹੀ ਰਹਿੰਦੀਆਂ ਹਨ ਤਾਂ ਮਾਪੇ ਉਨ੍ਹਾਂ ਦਾ ਛੋਟੀ ਉਮਰੇ ਵਿਆਹ ਕਰਨ ਨੂੰ ਤਰਜੀਹ ਦਿੰਦੇ ਹਨ ਜਿਸ ਕਾਰਨ ਉਸ ਦੀ ਜ਼ਿੰਦਗੀ ਵਿਚ ਹੋਰ ਸਮੱਸਿਆਵਾਂ ਵੀ ਵਧਦੀਆਂ ਹਨ ਜਿਵੇਂ ਜਲਦੀ ਬੱਚੇ ਪੈਦਾ ਕਰਨਾ, ਕੰਮ ਕਾਜ ਦੀ ਸਮਰੱਥਾ ਦੀ ਘਾਟ, ਸਿਹਤ ਵਿਚ ਖਰਾਬੀ ਆਦਿ। ਮਸ਼ਹੂਰ ਕਵੀ ਪਾਸ਼ ਨੇ ਸ਼ਾਇਦ ਦਲਿਤ ਲੜਕੀਆਂ ਦੇ ਵਿਆਹ ਸੰਬੰਧੀ ਹੀ ਲਿਖਿਆ ਸੀ:

ਚਿੜੀਆਂ ਦੀ ਚੰਬਾ ਉਡ ਕੇ ਕਿਤੇ ਨਹੀਂ ਜਾਵੇਗਾ

ਇਥੇ ਹੀ ਕਿਤੇ ਉਰੇ ਪਰੇ ਬੰਨਿਆ ਤੇ ਘਾਹ ਖੋਤੇਗਾ।

ਭਾਰਤ ਵਿਚ ਹਰ ਰੋਜ਼ ਔਸਤਨ 4 ਦਲਿਤ ਔਰਤਾਂ, ਗੈਰ ਦਲਿਤਾਂ ਦੁਆਰਾ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ। ਦਲਿਤ ਔਰਤਾਂ ਵਿਰੁੱਧ ਹੁੰਦੇ ਸਮਾਜਿਕ ਅਪਰਾਧਾਂ ਨੂੰ ਕਿਸੇ ਨਾ ਕਿਸੇ ਕਾਰਨ ਪੁਲੀਸ ਵਿਚ ਰਿਪੋਰਟ ਨਹੀਂ ਕੀਤਾ ਜਾਂਦਾ, ਜੇਕਰ ਕੀਤਾ ਵੀ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਇੰਨੀ ਗੁੰਝਲਦਾਰ, ਔਖੀ, ਮਹਿੰਗੀ ਅਤੇ ਸਮੇਂ ਦੀ ਕੋਈ ਸੀਮਾ ਨਾ ਹੋਣ ਕਰ ਕੇ ਇਨਸਾਫ ਮਿਲਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ। ਪਿੰਡ ਵਿਚ ਦਲਿਤ ਔਰਤਾਂ ਦੀ ਬਹੁਗਿਣਤੀ ਖੇਤੀਬਾੜੀ ਦੇ ਕੰਮ ਵਿਚ ਜ਼ਿਮੀਦਾਰਾਂ ਨਾਲ ਵਿਚ ਹੱਥ ਵੰਡਾਉਂਦੀ ਹਨ। ਦਲਿਤ ਪਰਿਵਾਰਾਂ ਵਿਚ ਰੱਖੇ ਪਸ਼ੂਆਂ ਲਈ ਚਾਰੇ ਆਦਿ ਦਾ ਪ੍ਰਬੰਧ ਵੀ ਔਰਤਾਂ ਦੇ ਜ਼ਿੰਮੇ ਹੀ ਹੁੰਦਾ ਹੈ। ਇਸ ਤਰ੍ਹਾਂ ਸਮੁੱਚੇ ਦਲਿਤ ਵਰਗ ਦੇ ਨਾਲ ਨਾਲ ਦਲਿਤ ਔਰਤਾਂ ਦੇ ਜੀਵਨ ਦੇ ਹਾਲਾਤ ਦਾ ਵੱਡਾ ਹਿੱਸਾ ਜ਼ਮੀਨ ਮਾਲਕਾਂ ਜਾਂ ਕਿਸਾਨਾਂ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ। ਮਾਲਵੇ ਵਿਚ ਦਲਿਤਾਂ ਨੂੰ ਸ਼ਾਮਲਾਤ ਜ਼ਮੀਨਾਂ ਦਾ ਕਾਨੂੰਨਨ ਬਣਦਾ ਹਿੱਸਾ ਲੈਣ ਲਈ ਹਰ ਸਾਲ ਲੜਾਈ ਲੜਨੀ ਪੈਂਦੀ ਹੈ। ਇਕ ਵਾਰ ਦਲਿਤਾਂ ਦਾ ਕਾਫੀ ਜ਼ਿਆਦਾ ਹੇਜ ਰੱਖਣ ਵਾਲੇ ਇਕ ਸਿਆਸੀ ਨੇਤਾ ਨੂੰ ਕਿਹਾ ਕਿ ਉੱਥੇ ਦਲਿਤ ਵਰਗ ਨਾਲ ਕਾਫੀ ਧੱਕਾ ਹੋ ਰਿਹਾ ਹੈ, ਉਨ੍ਹਾਂ ਦੀਆਂ ਔਰਤਾਂ ਨੂੰ ਵੀ ਥਾਣੇ ਬੁਲਾਇਆ ਜਾ ਰਿਹਾ ਹੈ, ਉਹ ਉਨ੍ਹਾਂ ਨੂੰ ਮਿਲ ਕੇ ਹਾਅ ਦਾ ਨਾਅਰਾ ਹੀ ਮਾਰ ਦੇਵੇ। ਮੇਰੀ ਇਸ ਸਲਾਹ ਦਾ ਉਸ ਨੇ ਜਵਾਬ ਦਿੱਤਾ ਸੀ, “ਮੈਂ ਇੱਕ ਵਾਰ ਉਨ੍ਹਾਂ ਦੇ ਹੱਕ ਵਿਚ ਬਿਆਨ ਦੇ ਦਿੱਤਾ ਸੀ, ਮੈਨੂੰ ਪਾਰਟੀ ਦੇ ਇੱਕ ਉੱਚ ਨੇਤਾ ਨੇ ਕਿਹਾ ਕਿ ਤੇਰੇ ਅਜਿਹਾ ਕਰਨ ਨਾਲ ਸਾਡੀਆਂ ਜ਼ਿਮੀਦਾਰਾਂ ਦੀਆਂ ਵੋਟਾਂ ਟੁੱਟਦੀਆਂ ਹਨ।” ਉਸ ਨੇ ਆਪਣੀ ਗੱਲ ਨੂੰ ਜਾਇਜ਼ ਠਹਿਰਾਉਂਦਿਆਂ ਅੱਗੇ ਕਿਹਾ, “ਉਸ ਇਲਾਕੇ ਵਿਚ ਦਲਿਤਾਂ ਨੂੰ ਕਾਮਰੇਡੀ ਕਾਫੀ ਚੜ੍ਹੀ ਹੋਈ ਹੈ, ਉਹ ਸਾਨੂੰ ਵੋਟ ਵੀ ਨਹੀਂ ਪਾਉਂਦੇ।” ਉਸ ਦੇ ਵਿਚਾਰ ਸਪੱਸ਼ਟ ਕਰਦੇ ਸਨ ਕਿ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਰਾਖਵੀਆਂ ਸੀਟਾਂ ਤੋਂ ਜਿੱਤੇ ਦਲਿਤ ਉਮੀਦਵਾਰ, ਦਲਿਤ ਵਰਗ ਦੀ ਨੁਮਾਇੰਦਗੀ ਨਹੀਂ ਸਗੋਂ ਆਪਣੀ ਆਪਣੀ ਸਿਆਸੀ ਪਾਰਟੀ ਦੇ ਹਿੱਤਾਂ ਦੀ ਰਾਖੀ ਕਰਦੇ ਹਨ।

ਸਮੁੱਚੇ ਔਰਤ ਵਰਗ ਦੇ ਹੱਕਾਂ ਦੀ ਪ੍ਰਾਪਤੀ ਲਈ ਸਮੇਂ ਸਮੇਂ ਤੇ ਸੰਘਰਸ਼ਾਂ ਵਿਚ ਦਲਿਤ ਔਰਤਾਂ ਦੇ ਮੁੱਦਿਆਂ ਨੂੰ ਕਦੇ ਪਹਿਲ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਨੁਮਾਇੰਦਗੀ ਦਿੱਤੀ ਗਈ। ਪਿਛਲੇ ਸਮੇਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਉਨ੍ਹਾਂ ਦੀ ਭਲਾਈ ਲਈ ਦਲਿਤ ਔਰਤਾਂ ਦੇ ਸਮੂਹ ਅਤੇ ਐਸੋਸੀਏਸ਼ਨਾਂ ਵੀ ਬਣੀਆਂ, ਜਿਵੇਂ ‘ਡੈਕਨ ਡਿਵੈਲਪਮੈਂਟ ਸੁਸਾਇਟੀ’ ਦਾ ਬਣਾਇਆ 5000 ਦਲਿਤ ਔਰਤਾਂ ਦਾ ਸਮੂਹ 1983 ਤੋਂ ਮਾਈਕਰੋ-ਵਿਤ ਅਤੇ ਸਵੈ-ਸਹਾਇਤਾ ਲਈ ਕੰਮ ਕਰ ਰਿਹਾ ਹੈ। ਕਰਨਾਟਕ ਦੇ ਗੁਲਬਾਗਾ ਵਿਚ 2003 ਤੋਂ ਦਲਿਤ ਔਰਤਾਂ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੀ ਫੈਡਰੇਸ਼ਨ ਉਨ੍ਹਾਂ ਨੂੰ ਵਿਤੀ ਸ਼ਕਤੀ ਹਾਸਿਲ ਕਰਨ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਕੰਮ ਕਰ ਰਹੀ ਹੈ। 25 ਸਾਲ ਪਹਿਲਾਂ 11 ਅਗਸਤ 1995 ਨੂੰ ਦੇਵਦਾਸੀ ਦਲਿਤ ਔਰਤ ਯੇਲਲਾਮਾ ਨੇ ਕਰਨਾਟਕ ਦੇ ਰਾਇਚੂਰ ਜ਼ਿਲ੍ਹੇ ਤੋਂ ਦਿੱਲੀ ਦੀ ਯਾਤਰਾ ਕਰ ਕੇ 1000 ਤੋਂ ਵੱਧ ਦਲਿਤ ਔਰਤਾਂ ਦੀ ਹਾਜ਼ਰੀ ਵਿਚ ਨੈਸ਼ਨਲ ਫੈਡਰੇਸ਼ਨ ਆਫ ਦਲਿਤ ਵਿਮੈੱਨ (ਐੱਨਐੱਫਡੀਡਬਲਿਊ) ਦੀ ਸਥਾਪਨਾ ਦਾ ਦੀਵਾ ਜਗਾਇਆ। ਕਈ ਜ਼ਮੀਨੀ ਨੇਤਾ, ਕਮਿਊਨਿਟੀ ਆਰਗੇਨਾਈਜ਼ਰ, ਘਰੇਲੂ ਕਾਮੇ, ਵਿਦਵਾਨ ਅਤੇ ਬੁੱਧੀਜੀਵੀ ਇੱਕ ਮੰਚ ਤੇ ਇਕੱਠੇ ਹੋਏ। ਉਨ੍ਹਾਂ ਨੇ ‘ਦਰਦ ਨੂੰ ਸੱਤਾ ਵਿਚ ਬਦਲਣ’ ਦਾ ਬੀੜਾ ਚੁੱਕਿਆ। ਇਸ ਤੋਂ ਬਾਅਦ ਆਲ ਇੰਡੀਆ ਦਲਿਤ ਅਧਿਕਾਰ ਮੰਚ (ਏਆਈਡੀਐੱਮਐੱਮ) ਬਣਾਏ ਜਾਣ ਦੀ ਮਿਸਾਲ ਹੈ।

ਥੌਮਸ ਰਾਇਟਰਜ਼ ਫਾਊਂਡੇਸ਼ਨ ਨੇ ਆਪਣੇ 2018 ਦੇ ਸਰਵੇਖਣ ਵਿਚ ਨਤੀਜਾ ਕੱਢਿਆ ਕਿ ਅਫਗਾਨਿਸਤਾਨ, ਕੌਂਗੋ ਅਤੇ ਪਾਕਿਸਤਾਨ ਤੋਂ ਬਾਅਦ ਸੰਸਾਰ ਵਿਚ ਔਰਤਾਂ ਦੇ ਰਹਿਣ ਸਹਿਣ ਲਈ ਸਭ ਤੋਂ ਖਤਰਨਾਕ ਦੇਸ਼ਾਂ ਵਿਚ ਭਾਰਤ ਦਾ ਚੌਥਾ ਸਥਾਨ ਹੈ। ਜੇ ਹਾਲਾਤ ਇੰਜ ਹੀ ਵਿਗੜਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਦੇਸ਼ ਨੂੰ ਅਜਿਹੇ ਦੇਸ਼ਾਂ ਦੀ ਸੂਚੀ ਵਿਚ ਪਹਿਲਾ ਸਥਾਨ ਹੋਣ ਦਾ ‘ਅਪਮਾਨ’ ਪ੍ਰਾਪਤ ਹੋ ਜਾਵੇਗਾ। ਇਸ ਪ੍ਰਤੀ ਪਿਛਲੇ 5-7 ਸਾਲਾਂ ਦੀਆਂ ਖਬਰਾਂ ਤੇ ਨਿਗਾਹ ਮਾਰ ਲੈਂਦੇ ਹਾਂ। 2014 ਵਿਚ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿਚ ਦਲਿਤ ਪਰਿਵਾਰ ਦੀਆਂ ਦੋ ਲੜਕੀਆਂ ਨਾਲ ਸਮੂਹ ਜਬਰ-ਜਨਾਹ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਦਰਖ਼ਤ ਤੇ ਟੰਗ ਦਿੱਤੀਆਂ। 2016 ਵਿਚ ਹਰਿਆਣਾ ਵਿਚ ਜਾਟ ਸ਼੍ਰੇਣੀ ਨਾਲ ਸੰਬੰਧਤ ਲੋਕਾਂ ਨੇ ਸਰਕਾਰੀ ਨੌਕਰੀਆਂ ਵਿਚ ਸੀਟਾਂ ਰਾਖਵੀਆਂ ਰੱਖਣ ਲਈ ਸੰਘਰਸ਼ ਦੌਰਾਨ ਪਹਿਲਾਂ ਸਰਕਾਰੀ, ਫਿਰ ਲੋਕਾਂ ਦੀਆਂ ਨਿਜੀ ਜਾਇਦਾਦਾਂ ਦੀ ਤੋੜ-ਭੰਨ ਅਤੇ ਅੱਗਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ; ਇਹੀ ਨਹੀਂ, ਦਲਿਤ ਔਰਤਾਂ ਨਾਲ ਉਨ੍ਹਾਂ ਦੇ ਘਰਾਂ ਵਿਚੋਂ ਘੜੀਸ ਕੇ ਜਬਰ-ਜਨਾਹ ਕੀਤੇ ਜਿਵੇਂ ਉਨ੍ਹਾਂ ਲਈ ਦਲਿਤ ਔਰਤ ਵੀ ਕੋਈ ਸਰਕਾਰੀ ਜਾਂ ਨਿਜੀ ਜਾਇਦਾਦ ਹੀ ਹੋਵੇ!

ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿਚ ਹਾਥਰਸ ਨੇੜੇ ਇੱਕ ਪਿੰਡ ਵਿਚ ਕੁਝ ਵਹਿਸ਼ਤੀਆਂ ਨੇ ਦਲਿਤ ਪਰਿਵਾਰ ਦੀ 19 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਕੁੜੀ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ ਅਤੇ ਉਸ ਦੀ ਜੀਭ ਵੀ ਟੁੱਕੀ ਹੋਈ ਸੀ। ਇਸ ਘਟਨਾ ਦਾ ਜ਼ਿਕਰ ਅਗਲੇ 15 ਦਿਨਾਂ ਤੱਕ ਕਿਸੇ ਅਖਬਾਰ ਵਿਚ ਨਹੀਂ ਹੋਇਆ। ਆਖਰਕਾਰ 29 ਸਤੰਬਰ ਨੂੰ ਉਹ ਤੜਫ ਤੜਫ ਕੇ ਮਰ ਗਈ। ਪੁਲੀਸ ਅਧਿਕਾਰੀਆਂ ਨੇ ਲੜਕੀ ਦੇ ਮਰਨ ਤੋਂ ਦੋ ਤਿੰਨ ਘੰਟਿਆਂ ਦੇ ਅੰਦਰ ਉਸ ਦੇ ਪਰਿਵਾਰ ਦੀ ਮਰਜ਼ੀ ਤੋਂ ਬਿਨਾ, ਅੱਧੀ ਰਾਤ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ। ਉਪਰੋਂ ਉੱਥੋਂ ਦੇ ਅਧਿਕਾਰੀਆਂ ਨੇ ਘਟਨਾ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਕਾਸ਼! ਉਨ੍ਹਾਂ ਵੱਲੋਂ ਦੇਸ਼ ਦੀਆਂ ਇਹ ਸਰਵ-ਉੱਚ ਕਹੀਆਂ ਜਾਣ ਵਾਲੀਆਂ ਸੇਵਾਵਾਂ ਦੀ ਲਾਜ ਰੱਖਦਿਆਂ ਅੱਧੀ ਰਾਤ ਨੂੰ ਦਲਿਤ ਲੜਕੀ ਦਾ ਅੰਤਿਮ ਸੰਸਕਾਰ ਕਰਨ ਦੀ ਮਜਬੂਰੀ ਦਾ ਸੱਚ ਉਜਾਗਰ ਕਰ ਦਿੱਤਾ ਜਾਂਦਾ।

ਗੱਲ ‘ਏਹੁ ਹਮਾਰਾ ਜੀਵਣਾ’ ਨਾਵਲ ਤੋਂ ਸ਼ੁਰੂ ਕੀਤੀ ਸੀ, ਉੱਥੇ ਹੀ ਖਤਮ ਕਰਦੇ ਹਾਂ। ਕੋਠੇਵਾਲ ਮੁਲਤਾਨ (ਹੁਣ ਪਾਕਿਸਤਾਨੀ ਪੰਜਾਬ ਵਿਚ) ਵਿਚ 1179 ਨੂੰ ਜਨਮੇ ਸ਼ੇਖ ਫਰੀਦ ਦਾ ਸ਼ਲੋਕ ਹੈ: ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥ ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ॥

ਇਸ ਦੁਨੀਆ ਵਿਚੋਂ ਫੌਤ ਹੋਣ ਪਿੱਛੋਂ ਉਨ੍ਹਾਂ ਦੀ ਦੇਹ ਨੂੰ ਪਾਕਪਟਨ (ਪਾਕਿਸਤਾਨ) ਵਿਚ ਸਪੁਰਦ-ਏ-ਖ਼ਾਕ ਕੀਤਾ ਗਿਆ। ਸ਼ੇਖ ਫ਼ਰੀਦ ਆਪਣੀ ਕਬਰ ਵਿਚ ਕਰਵਟ ਲੈਂਦਿਆਂ ਜ਼ਰੂਰ ਇਹ ਸੋਚ ਰਹੇ ਹੋਣਗੇ ਕਿ ਉਸ ਨੇ ਤਾਂ ਸਮੁੱਚੇ ਔਰਤ ਵਰਗ ਦੇ ਦੁੱਖ ਭਰੇ ਜੀਵਨ ਦੇ ਸੰਤਾਪ ਬਾਰੇ ਰੌਸ਼ਨੀ ਪਾਈ ਸੀ, ਉਸ ਨੂੰ ਕੀ ਪਤਾ ਸੀ ਕਿ ਔਰਤਾਂ ਵਿਚ ਦਲਿਤ ਵਰਗ ਵੀ ਹੈ ਜਿਸ ਨੂੰ ਜਿਊਣ ਦੇ ਨਾਲ ਨਾਲ ਰੋਜ਼ਾਨਾ ਥੋੜ੍ਹਾ ਥੋੜ੍ਹਾ ਮਰਨਾ ਵੀ ਪੈਂਦਾ ਹੈ। ਉਸ ਦਾ ਜੀਵਨ, ਇੱਜ਼ਤ ਅਤੇ ਸਨਮਾਨ ਅਸੁਰੱਖਿਅਤ ਹੈ, ਇੱਥੋਂ ਤੱਕ ਕਿ ਮਰਨ ਮਗਰੋਂ ਉਸ ਦੀ ਲਾਸ਼ ਵੀ ਸੁਰੱਖਿਅਤ ਨਹੀਂ।

ਮੈਂਬਰ, ਪੰਜਾਬ ਇੰਫਰਾ-ਸਟਰੱਕਚਰ ਰੈਗੂਲੇਟਰੀ ਅਥਾਰਿਟੀ।

ਸੰਪਰਕ: 98767-00454

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All