ਵਿਨੀਪੈੱਗ ਦੇ ਵੀਕ-ਐੰਡ

ਵਿਨੀਪੈੱਗ ਦੇ ਵੀਕ-ਐੰਡ

ਫ਼ਾਲਕਨ ਲੇਕ ਦੇ ਕੰਢੇ ਖਿੜੀਆਂ ਆਜ਼ਾਦ ਪੰਜਾਬਣਾਂ ਫ਼ੋਟੋਆਂ: ਲੇਖਕ

ਆਤਮਜੀਤ

ਲੋ ਦੇਖੀਏ ਵਿਨੀਪੈੱਗ ਦੇ ਪੰਜਾਬੀ ਹਫ਼ਤੇ ਨੂੰ ਕਿਵੇਂ ਸਮੇਟਦੇ ਹਨ। ਹਰ ਸ਼ਹਿਰ ਦੀ ਆਮ ਸਿੱਖ ਸੰਗਤ ਗੁਰੂ ਘਰ ਵਿਚ ਮੱਥਾ ਟੇਕਣ, ਕੀਰਤਨ ਸੁਣਨ, ਸੇਵਾ ਕਰਨ ਅਤੇ ਲੰਗਰ ਛਕਣ ਜਾਂਦੀ ਹੈ; ਇਵੇਂ ਹੀ ਮੰਦਰਾਂ ਵਿਚ ਵੀ ਰੌਣਕ ਹੁੰਦੀ ਹੈ। ਸਾਡੇ ਲੋਕਾਂ ਵਿਚ ਸ਼ਹਿਰ ਦੀਆਂ ਲਾਇਬਰੇਰੀਆਂ ਵਿੱਚੋਂ ਕਿਤਾਬਾਂ ਕਢਵਾਉਣ ਅਤੇ ਪੜ੍ਹਨ ਦਾ ਬਹੁਤਾ ਜ਼ਿਆਦਾ ਸ਼ੌਕ ਨਹੀਂ ਹੈ। ਇਸ ਲਈ ਇਹ ਆਸ ਕਰਨਾ ਠੀਕ ਨਹੀਂ ਕਿ ਆਮ ਪੰਜਾਬੀ ਘਰ ਵਿਚ ਬਹਿ ਕੇ ਕੋਈ ਕਿਤਾਬ ਪੜ੍ਹਦਾ ਹੋਵੇਗਾ। ਮੈਂ ਵਿਨੀਪੈੱਗ ਦੀ ਮਿਲੇਨੀਅਮ ਲਾਇਬਰੇਰੀ ਵਿਚ ਅਕਸਰ ਜਾਂਦਾ ਹਾਂ। ਕਸ਼ਮੀਰ ਉੱਤੇ ਲਿਖੇ ਆਪਣੇ ਨਵੇਂ ਨਾਟਕ ‘ਬਲਦੇ ਰਹਿਣ ਚਿਰਾਗ਼ ਹਮੇਸ਼ਾ’ ਦੀ ਖੋਜ ਮੈਂ ਇੱਥੋਂ ਹੀ ਸ਼ੁਰੂ ਕੀਤੀ ਸੀ। ਲਾਇਬਰੇਰੀ ਦੀ ਖ਼ੂਬਸੂਰਤ ਇਮਾਰਤ, ਪੜ੍ਹਨ ਦੀ ਸਮੱਗਰੀ, ਸਟਾਫ਼ ਦੇ ਸਹਿਯੋਗ ਅਤੇ ਖ਼ੁਸ਼ਗਵਾਰ ਮਾਹੌਲ ਦਾ ਕੋਈ ਮੁਕਾਬਲਾ ਨਹੀਂ। ਪਰ ਉੱਥੇ ਮੈਂ ਕਦੇ ਕੋਈ ਪੰਜਾਬੀ ਪਾਠਕ ਨਹੀਂ ਦੇਖਿਆ। ਲੇਖਕ-ਮਿੱਤਰ ਖੋਜੀ ਕਾਫ਼ਰ ਉਸ ਲਾਇਬਰੇਰੀ ਵਿਚ ਦਹਾਕਿਆਂ ਬੱਧੀ ਸੇਵਾ ਕਰਦਾ ਰਿਹਾ ਹੈ, ਉਸ ਦੀ ਗਵਾਹੀ ਵੀ ਇਸੇ ਗੱਲ ਵੱਲ ਇਸ਼ਾਰਾ ਕਰਦੀ ਹੈ। ਪੱਛਮ ਦੇ ਬਹੁਤ ਸਾਰੇ ਪੁਸਤਕਾਲਿਆਂ ਵਿਚ ਪੰਜਾਬੀ ਦੀਆਂ ਪੁਸਤਕਾਂ ਵੀ ਮੰਗਵਾਈਆਂ ਜਾਂਦੀਆਂ ਹਨ, ਪਰ ਜਦੋਂ ਇਹ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਜਾਰੀ ਨਹੀਂ ਕਰਵਾਇਆ ਤਾਂ ਕਿਤਾਬਾਂ ਨੂੰ ਕੱਢ ਦਿੱਤਾ ਜਾਂਦਾ ਹੈ। ਇਸ ਵਾਰ ਮੇਰੀ ਮੁਲਾਕਾਤ ਉੱਥੇ ਕੰਮ ਕਰਦੀ ਔਰਤ ਸੈਂਡਰਾ ਨਾਲ ਵੀ ਹੋਈ ਜਿਹੜੀ ਖੋਜੀ ਕਾਫ਼ਰ ਦੀ ਸਹਿਕਰਮੀ ਹੁੰਦੀ ਸੀ। ਜਦੋਂ 20 ਸਾਲ ਪਹਿਲਾਂ ਖੋਜੀ ਉੱਥੋਂ ਰਿਟਾਇਰ ਹੋਇਆ ਉਦੋਂ ਸੈਂਡਰਾ ਜਵਾਨ ਹੋਵੇਗੀ; ਹੁਣ ਭਾਵੇਂ ਉਹ ਵੀ ਰਿਟਾਇਰ ਹੋਣ ਦੇ ਨੇੜੇ ਹੋਵੇ, ਪਰ ਜਾਪਦੀ ਉੱਕਾ ਈ ਨਹੀਂ। ਕੈਨੇਡਾ ਦੇ ਕਾਮੇ ਜਿੰਨੇ ਫ਼ੁਰਤੀਲੇ ਹੁੰਦੇ ਹਨ ਅਤੇ ਜਿੰਨੀ ਊਰਜਾ ਨਾਲ ਕੰਮ ਕਰਦੇ ਹਨ ਉਸ ਦਾ ਕੋਈ ਮੁਕਾਬਲਾ ਨਹੀਂ। ਉਹ ਆਪਣੇ ਕੰਮ ਵਾਸਤੇ ਚਾਅ ਨਾਲ ਭਰੇ ਹੁੰਦੇ ਹਨ। ਸੈਂਡਰਾ ਨੂੰ ਜਦੋਂ ਮੈਂ ਦੱਸਿਆ ਕਿ ਮੇਰੀ ਖੋਜੀ ਨਾਲ ਦੋਸਤੀ ਹੈ ਤਾਂ ਉਹ ਬਹੁਤ ਖ਼ੁਸ਼ ਹੋਈ। ਉਸ ਨੇ ਖੋਜੀ ਦੀਆਂ ਕਈ ਚੰਗੀਆਂ ਗੱਲਾਂ ਨੂੰ ਯਾਦ ਕੀਤਾ। ਜਦੋਂ ਉਸ ਨੂੰ ਪਤਾ ਲੱਗਾ ਕਿ ਖੋਜੀ ਨੇ ਇੰਡੀਆ ਜਾਣ ਤੋਂ ਬਾਅਦ 30-35 ਪੁਸਤਕਾਂ ਲਿਖ ਕੇ ਪ੍ਰਕਾਸ਼ਿਤ ਕਰਵਾਈਆਂ ਹਨ ਤਾਂ ਉਹ ਖਿੜ ਉੱਠੀ। ਇਸ ਖੇੜੇ ਵਿਚ ਖੋਜੀ ਅਤੇ ਪੁਸਤਕਾਂ ਦੋਹਾਂ ਪ੍ਰਤੀ ਸੁੱਚੀ ਮੁਹੱਬਤ ਦਾ ਨੂਰ ਸੀ। ਪਰ ਉੱਥੇ ਰੋਟੀ ਕਮਾਉਣ ਗਏ ਬਹੁਤੇ ਪੰਜਾਬੀਆਂ ਲਈ ਲਿਖਣਾ ਅਤੇ ਪੜ੍ਹਨਾ ਅਜੇ ਦੂਰ ਦੀ ਗੱਲ ਹੈ। ਖੋਜੀ ਨੇ ਉਮਰ ਦਾ ਬਹੁਤਾ ਹਿੱਸਾ ਵਿਨੀਪੈੱਗ ਵਿਚ ਬਤੀਤ ਕੀਤਾ, ਪਰ ਕਿਤਾਬਾਂ ਇੰਡੀਆ ਪਰਤ ਕੇ ਹੀ ਲਿਖੀਆਂ। ਸੈਂਡਰਾ ਨੇ ਮੈਨੂੰ ਦੱਸਿਆ ਕਿ ਪੰਜਾਬੀ ਲੋਕ, ਖ਼ਾਸ ਕਰਕੇ ਬੱਚੇ, ਆਪੋ-ਆਪਣੇ ਇਲਾਕੇ ਦੀਆਂ ਛੋਟੀਆਂ ਲਾਇਬਰੇਰੀਆਂ ਵਿੱਚੋਂ ਜ਼ਰੂਰ ਕਿਤਾਬਾਂ ਕਢਵਾਉਂਦੇ ਹੋਣਗੇ। ਹੋਰ ਸ਼ਹਿਰਾਂ ਵਾਂਗ ਏਥੇ ਵੀ ਕਿਸੇ ਲਾਇਬਰੇਰੀ ਵਿਚ ਬੇਨਤੀ ਪਾ ਦਿਉ, ਉਹ ਦੂਜੀ ਕਿਸੇ ਵੀ ਲਾਇਬਰੇਰੀ ਵਿਚ ਪਈ ਕਿਤਾਬ ਨੂੰ ਮੁਹੱਈਆ ਕਰਵਾ ਦੇਂਦੇ ਹਨ।

ਸਰਦੀਆਂ ਵਿਚ ਤਾਂ ਜ਼ਿੰਦਗੀ ਨੂੰ ਉਸਦੀਆਂ ਆਪਣੀਆਂ ਸ਼ਰਤਾਂ ’ਤੇ ਹੀ ਜੀਵਿਆ ਜਾਂਦਾ ਹੈ। ਉਂਜ ਵੀ ਜਿਵੇਂ ਸਾਡੇ ਮੁਲਕ ਵਿਚ ਗੋਡੇ-ਗੋਡੇ ਪਾਣੀ ਖੜ੍ਹਦਾ ਹੈ, ਵਿਨੀਪੈੱਗ ਵਿਚ ਲੱਕ-ਲੱਕ ਤਾਈਂ ਬਰਫ਼ ਪਈ ਹੁੰਦੀ ਹੈ। ਜ਼ਿੰਦਗੀ ਤਾਂ ਚੱਲਦੀ ਰਹਿੰਦੀ ਹੈ, ਪਰ ਉਸ ਦੇ ਚਾਲਕ ਤੁਸੀਂ ਘੱਟ ਅਤੇ ਸਿਸਟਮ ਜ਼ਿਆਦਾ ਹੁੰਦਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਵਿਨੀਪੈੱਗ ਦੇ ਹਰ ਕਿਸਮ ਦੇ ਲੋਕ ਗਰਮੀਆਂ ਵਿਚ ਸਰਦੀਆਂ ਦਾ ਬਦਲਾ ਲੈਂਦੇ ਜਾਪਦੇ ਹਨ। ਉਹ ਖੁੱਲ੍ਹ ਕੇ ਪਾਰਟੀਆਂ ਕਰਦੇ, ਬਾਗ਼ਾਂ ਵਿਚ ਘੁੰਮਦੇ ਅਤੇ ਆਸ-ਪਾਸ ਦੀਆਂ ਝੀਲਾਂ ਦੇ ਬੀਚਾਂ ’ਤੇ ਜਾ ਕੇ ਕੈਂਪਿੰਗ ਕਰਦੇ ਹਨ। ਇਹ ਤਫ਼ਰੀਹ ਪੱਛਮ ਦੇ ਸਾਰੇ ਸ਼ਹਿਰੀ ਕਰਦੇ ਹਨ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਗੋਰੇ ਪੰਜ ਦਿਨ ਰੱਜ ਕੇ ਕਮਾਉਂਦੇ ਹਨ ਅਤੇ ਸ਼ਨੀ-ਐਤ ਨੂੰ ਉਡਾ ਦੇਂਦੇ ਹਨ। ਪੰਜਾਬੀ ਪੈਸਾ ਉਡਾਉਂਦੇ ਨਹੀਂ, ਉਸਦੀ ਸਿਆਣੀ ਵਰਤੋਂ ਕਰਦੇ ਹਨ। ਭਾਵੇਂ ਟੋਰਾਂਟੋ ਨੇੜੇ ਬਲੂ ਮਾਊਂਟੇਨ ਅਤੇ ਵਸਾਗਾ ਬੀਚ ਜਿਹੀਆਂ ਅਨੇਕਾਂ ਟੂਰਿਸਟ ਥਾਵਾਂ ’ਤੇ ਮੈਂ ਪੰਜਾਬੀਆਂ ਨੂੰ ਤਫ਼ਰੀਹ ਕਰਦਿਆਂ ਦੇਖਿਆ ਹੈ, ਪਰ ਵਿਨੀਪੈੱਗ ਦੇ ਬਾਗ਼ਾਂ ਵਿਚ ਅਤੇ ਝੀਲਾਂ ਉੱਤੇ ਪੰਜਾਬੀ ਪਰਿਵਾਰਾਂ ਦੀ ਵੱਡੀ ਗਿਣਤੀ ਜ਼ਿਆਦਾ ਖ਼ੁਸ਼ੀ ਦੇਂਦੀ ਹੈ। ਲੱਗਦਾ ਹੈ ਏਥੇ ਅਸੀਂ ਅਜੇ ਪੂਰੀ ਤਰ੍ਹਾਂ ਮਸ਼ੀਨ ਨਹੀਂ ਬਣੇ, ਆਪਣੇ ਅੰਦਰਲੇ ਮਨੁੱਖ ਨੂੰ ਵੀ ਪਾਲ ਰਹੇ ਹਾਂ। ਵਿਨੀਪੈੱਗ ਵਿਚ ਦੋ ਵੱਡੇ ਪਾਰਕ ਹਨ। ਐਸੀਨੀਬੌਇਨ ਪਾਰਕ ਇਸੇ ਨਾਂ ਦੇ ਦਰਿਆ ਦੇ ਕੰਢੇ ’ਤੇ ਹੈ। ਲਗਪਗ 400 ਏਕੜ ਵਿਚ ਫੈਲੇ ਇਸ ਪਾਰਕ ਵਿਚ ਚਿੜੀਆਘਰ, ਕੰਜ਼ਰਵੇਟਰੀ, ਮੂਰਤੀ ਗਾਰਡਨ, ਟਿਊਡਰ ਸ਼ੈਲੀ ਦਾ ਪੈਵੀਲੀਅਨ ਆਦਿ ਮਨਮੋਹਕ ਥਾਵਾਂ ਹਨ। ਉੱਥੇ ਇੰਗਲਿਸ਼ ਗਾਰਡਨ ਵੀ ਹੈ ਜਿਹੜਾ ਸਮਰੂਪ ਨਾ ਹੋ ਕੇ ਪ੍ਰਕਿਰਤੀ ਦੇ ਜ਼ਿਆਦਾ ਨੇੜੇ ਹੁੰਦਾ ਹੈ; ਫ਼ਰੈਂਚ ਗਾਰਡਨ ਵੀ ਹੈ ਜਿਸ ਵਿਚ ਮਨੁੱਖ ਨੇ ਕੁਦਰਤ ਉੱਤੇ ਆਪਣੀ ਜਿਊਮੈਟਰੀ ਥੋਪੀ ਹੁੰਦੀ ਹੈ। ਦੋਹਾਂ ਦੀ ਆਪਣੀ ਖ਼ੂਬਸੂਰਤੀ ਹੈ। ਸੰਗੀਤ ਦੇ ਪ੍ਰੋਗਰਾਮਾਂ ਵਾਸਤੇ ਲਿਰਿਕ ਥੀਏਟਰ ਬਣਿਆ ਹੋਇਆ ਹੈ। ਪਿਕਨਿਕ ਵਾਸਤੇ ਰਾਖਵੀਆਂ ਥਾਵਾਂ ਤਾਂ ਪੱਛਮੀ ਬਾਗ਼ਾਂ ਦਾ ਲਗਪਗ ਅਨਿੱਖੜਵਾਂ ਅੰਗ ਹਨ ਹੀ। ਸਰਦੀਆਂ ਵਿਚ ਬੱਤਖਾਂ ਦਾ ਤਲਾਅ ਆਈਸ ਸਕੇਟਿੰਗ ਦੇ ਕੰਮ ਵੀ ਆਉਂਦਾ ਹੈ। ਇਸ ਤੋਂ ਇਲਾਵਾ ਉੱਥੇ ਸਕੀਇੰਗ ਵੀ ਕੀਤੀ ਜਾ ਸਕਦੀ ਹੈ ਅਤੇ ਬਿਨ ਪਹੀਆ-ਗੱਡੀ ਨਾਲ ਬਰਫ਼ ਤੋਂ ਰਿੜ੍ਹਿਆ ਵੀ ਜਾਂਦਾ ਹੈ। ਸਟੈਚੂ ਪਾਰਕ ਬਹੁਤ ਹੀ ਖ਼ੂਬਸੂਰਤ ਹੈ ਜੋ ਕਿ ਲਿਓ ਮੋਲ ਦੇ ਨਾਂ ’ਤੇ ਬਣਾਇਆ ਹੋਇਆ ਹੈ। ਮੋਲ ਯੂਕਰੇਨ ਦਾ ਕਲਾਕਾਰ ਸੀ ਜਿਹੜਾ ਵਿਨੀਪੈੱਗ ਵਿਚ ਵੱਸ ਗਿਆ ਸੀ। ਇਹ ਪਾਰਕ ਇੰਗਲਿਸ਼ ਗਾਰਡਨ ਦੇ ਅੰਦਰਵਾਰ ਹੈ ਜਿਸ ਦੇ ਗੇਟ ਉੱਤੇ ਬੈਂਚ ’ਤੇ ਬੈਠੀ ਔਰਤ ਦੀ ਮੂਰਤੀ ਹੈ। ਉਸ ਦੇ ਹੱਥ ਵਿਚ ਕਿਤਾਬ ਹੈ ਜਿਸ ਨੂੰ ਉਹ ਪੜ੍ਹ ਰਹੀ ਹੈ। ਬੈਂਚ ਉੱਤੇ ਇਟਲੀ ਦੇ ਮਹਾਨ ਬੁਲਾਰੇ ਸਿਸਰੋ ਦਾ ਇਹ ਕਥਨ ਵੀ ਉੱਕਰਿਆ ਹੋਇਆ ਹੈ ਕਿ ‘ਜੇ ਤੁਹਾਡੇ ਕੋਲ ਲਾਇਬੇਰੀ ਅਤੇ ਬਾਗ਼ ਹੈ ਤਾਂ ਸਮਝੋ ਤੁਹਾਡੇ ਕੋਲ ਸਭ ਕੁਝ ਹੈ।’

ਗਰਮੀਆਂ ਵਿਚ ਸਾਰੇ ਦਾ ਸਾਰਾ ਕਿਲਡੋਨਨ ਪਾਰਕ ਇਉਂ ਲੱਗਦਾ ਹੈ ਜਿਵੇਂ ਸ਼ਹਿਰ ਦੇ ਉੱਤਰੀ ਭਾਗ ਵਿਚ ਕਿਸੇ ਨੇ ਵੱਡਾ ਸਾਰਾ ਗੁਲਦਸਤਾ ਬਣਾ ਕੇ ਧਰ ਦਿੱਤਾ ਹੋਵੇ। ਕਿਲਡੋਨਨ ਵਿਨੀਪੈੱਗ ਦਾ ਮਹਿਕਾਂ ਭਰਿਆ ਤਾਜ ਹੈ। ਅਸੀਨੀਬੌਇਨ ਪਾਰਕ ਦੇ ਉਲਟ ਇਹ 80 ਏਕੜ ਦਾ ਛੋਟਾ ਪਰ ਬਹੁਤ ਖ਼ੂਬਸੂਰਤ ਬਾਗ਼ ਹੈ। ਅਸੀਨੀਬੌਇਨ ਦੀ ਖ਼ੂਬਸੂਰਤੀ ਉਸ ਦੇ ਖੂੰਜਿਆਂ ਜਾਂ ਨਿਸ਼ਚਿਤ ਥਾਵਾਂ ਵਿਚ ਹੈ ਜਦੋਂਕਿ ਕਿਲਡੋਨਨ ਸਾਰੇ ਦਾ ਸਾਰਾ ਮਨਮੋਹਕ ਹੈ। ਭਾਵੇਂ ਦੋਹੇਂ ਪਾਰਕ ਨਦੀਆਂ ਦੇ ਕੰਢੇ ’ਤੇ ਹਨ, ਪਰ ਰੈੱਡ ਰਿਵਰ ਕਿਲਡੋਨਨ ਨਾਲ ਖਹਿ ਕੇ ਲੰਘਦੀ ਹੈ। ਨਦੀ ਅਤੇ ਪਾਰਕ ਦੋਹੇਂ ਇਕ-ਦੂਜੇ ਦੇ ਹੁਸਨ ਨੂੰ ਚਾਰ ਚੰਨ ਲਾਉਂਦੇ ਹਨ ਅਤੇ ਸੁਪਨੇ ਜੇਹੇ ਸੁੰਦਰ ਦਿਸਦੇ ਹਨ। ਵੀਕ-ਡੇਅਜ਼ ਵਿਚ ਫੁੱਲਾਂ ਨਾਲ ਲੱਦੀਆਂ ਕਿਆਰੀਆਂ ਦੀ ਖ਼ੁਸ਼ਬੂ ਅਤੇ ਵੀਕ-ਐਂਡ ’ਤੇ ਸੈਂਕੜੇ ਪਰਿਵਾਰਾਂ ਵੱਲੋਂ ਲਿਆਂਦੇ ਭੋਜਨ ਅਤੇ ਕੀਤੇ ਜਾਂਦੇ ਬਾਰਬੀਕਿਊ ਦੀ ਮਹਿਕ ਜਾਨ ਫ਼ੂਕ ਦੇਂਦੀ ਹੈ। ਉਸ ਦੇ ਫੁੱਲਾਂ ਅਤੇ ਸੰਘਣੇ ਸਾਵੇ ਘਾਹ ਦੀ ਚਮਕ ਵਿਚ ਜਦੋਂ ਪੰਜਾਬਣਾਂ ਦੇ ਰੰਗ-ਬਰੰਗੇ ਦੁਪੱਟੇ ਅਤੇ ਗੱਭਰੂਆਂ ਦੀਆਂ ਵੰਨ-ਸੁਵੰਨੀਆਂ ਪੱਗਾਂ ਸ਼ਾਮਿਲ ਹੋ ਜਾਂਦੀਆਂ ਹਨ ਤਾਂ ਨਜ਼ਾਰਾ ਸਜਰੀ ਬਣਾਈ ਪੇਂਟਿੰਗ ਵਰਗਾ ਹੁੰਦਾ ਹੈ; ਡਰ ਲੱਗਦਾ ਹੈ ਕਿ ਕਿਤੇ ਸਾਡੇ ਕੋਲੋਂ ਇਹ ਕਲਾ ਦਾ ਨਮੂਨਾ ਖ਼ਰਾਬ ਨਾ ਹੋ ਜਾਵੇ। ਬੇਸ਼ੱਕ ਵੈਨਕੂਵਰ ਦੇ ਨੇੜੇ ਵਿਕਟੋਰੀਆ ਦਾ ਬੁਸ਼ਰਟ ਗਾਰਡਨ ਦੁਨੀਆਂ ਦੇ ਅਤਿਅੰਤ ਖ਼ੂਬਸੂਰਤ ਬਾਗ਼ਾਂ ਵਿੱਚੋਂ ਇਕ ਹੈ ਪਰ ਤੁਸੀਂ ਉਸਦੇ ਦਰਸ਼ਕ ਹੀ ਬਣ ਸਕਦੇ ਹੋ, ਹਿੱਸਾ ਨਹੀਂ ਬਣਦੇ। ਕਿਲਡੋਨਨ ਵਿਚ ਬੱਚਿਆਂ ਦੀਆਂ ਵੰਨ-ਸੁਵੰਨੀਆਂ ਖੇਡਾਂ, ਗੱਭਰੂਆਂ ਦੀ ਜੌਗਿੰਗ ਅਤੇ ਸਾਈਕਲਿੰਗ, ਸਿਆਣਿਆਂ ਦੀ ਸੈਰ, ਇਕੱਲਿਆਂ ਦਾ ਚਿੰਤਨ-ਮਨਣ, ਜੋੜਿਆਂ ਲਈ ਮਾਹੌਲ, ਪਰਿਵਾਰਾਂ ਦੀ ਪਿਕਨਿਕ ਅਤੇ ਵੱਡੇ ਗਰੁੱਪਾਂ ਲਈ ਹੋਰ ਰੰਗ-ਬਰਗੀਆਂ ਸਰਗਰਮੀਆਂ ਇਸ ਪਾਰਕ ਨੂੰ ਤੁਹਾਡੇ ਜੀਵਨ ਦਾ ਅਨਿੱਖੜ ਅੰਗ ਬਣਾ ਦੇਂਦੀਆਂ ਹਨ। ਕਿੰਨੇ ਖ਼ੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੇ ਘਰ ਵੀ ਇਸ ਬਾਗ਼ ਦੇ ਐਨ ਕੰਢੇ ’ਤੇ ਹਨ। ਇਸ ਤਰ੍ਹਾਂ ਦਾ ਨਜ਼ਾਰਾ ਮੈਨੂੰ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ। ਇਕ ਦੁੱਖ ਵੀ ਹੈ। ਇਸ ਬਾਗ਼ ਦੇ ਅੰਦਰ ਬਣੇ ਵਿਸ਼ਾਲ ਰੇਨਬੋ ਸਟੇਜ ਨਾਂ ਦੇ ਓਪਨ ਏਅਰ ਥੀਏਟਰ ਵਿਚ, ਜਿਸਦੀਆਂ 2600 ਸੀਟਾਂ ਹਨ, ਮੈਂ ਕੋਈ ਨਾਟਕ ਨਹੀਂ ਦੇਖ ਸਕਿਆ। ਤੇ ਜਿਸ ਨਾਟਕ ਨੂੰ ਦੇਖਣ ਦੀਆਂ ਟਿਕਟਾਂ ਲਈਆਂ ਸਨ, ਉਹ ਸ਼ਹਿਰ ਤੋਂ ਬਾਹਰ ਬਣੇ ਦੁਰੇਡੇ ਖੰਡਰ ਵਿਚ ਹੋਣ ਕਾਰਨ ਮੈਂ ਪਹੁੰਚ ਹੀ ਨਹੀਂ ਸਕਿਆ। ਇਹ ਲਿਖਦਿਆਂ ਦੁੱਖ ਹੋ ਰਿਹਾ ਹੈ ਕਿ ਨਾ ਮੈਂ ਵਿਨੀਪੈੱਗ ਵਿਚ ਥੀਏਟਰ ਕਰ ਸਕਿਆ ਤੇ ਨਾ ਹੀ ਦੇਖ ਸਕਿਆ। ਆਪਣੇ-ਆਪ ਨੂੰ ਕਿੱਦਾਂ ਮੁਆਫ਼ ਕਰਾਂ?

ਕੈਨੇਡਾ ਵਿਚ ਵੀਹ ਲੱਖ ਝੀਲਾਂ ਹਨ ਜਿਨ੍ਹਾਂ ਦਾ ਕੁੱਲ ਖੇਤਰਫ਼ਲ ਨੌਂ ਲੱਖ ਕਿਲੋਮੀਟਰ ਹੈ। ਕੈਨੇਡਾ ਦੀਆਂ ਪੰਜ ਮਹਾਨਤਮ ਝੀਲਾਂ ਓਂਟੇਰੀਓ ਵਿਚ ਹਨ ਪਰ ਮੈਨੀਟੋਬਾ ਵਿਚ ਵੀ ਕਾਫ਼ੀ ਝੀਲਾਂ ਹਨ ਜੋ ਇਕ ਲੱਖ ਕਿਲੋਮੀਟਰ ਵਿਚ ਫੈਲੀਆਂ ਹੋਈਆਂ ਹਨ। ਸ਼ਹਿਰ ਦੇ ਉੱਤਰ ਵੱਲ ਵਿਨੀਪੈੱਗ ਝੀਲ ਹੈ ਜਿਸ ਦੇ ਦੱਖਣੀ ਕਿਨਾਰੇ ’ਤੇ 40 ਮਿੰਟ ਵਿਚ ਅੱਪੜ ਜਾਈਦਾ ਹੈ, ਉਸਦੇ ਪੱਛਮੀ ਕਿਨਾਰੇ ਉੱਤੇ ਅੱਗੇ ਜਾ ਕੇ ਅਨੇਕਾਂ ਬੀਚ ਹਨ। ਝੀਲ 400 ਕਿਲੋਮੀਟਰ ਲੰਮੀ ਅਤੇ ਵੱਧ ਤੋਂ ਵੱਧ 100 ਕਿਲੋਮੀਟਰ ਚੌੜੀ ਹੈ। ਜੇ ਉਸ ਦੇ ਕੰਢਿਆਂ ਦੀ ਲੰਬਾਈ ਦੀ ਗੱਲ ਕਰੀਏ ਤਾਂ ਉਹ 1800 ਕਿਲੋਮੀਟਰ ਬਣਦੇ ਹਨ। ਕੁਦਰਤ ਦੀ ਗੋਦ ਸੱਚਮੁੱਚ ਬਹੁਤ ਵਿਸ਼ਾਲ ਹੈ। ਬੀਚ ਇੰਨੇ ਜ਼ਿਆਦਾ ਹਨ ਕਿ ਤੁਹਾਨੂੰ ਕਦੇ ਵੀ ਬਹੁਤ ਜ਼ਿਆਦਾ ਭੀੜ ਦਾ ਅਹਿਸਾਸ ਨਹੀਂ ਹੁੰਦਾ। ਇਨ੍ਹਾਂ ਵਿਚ ਇਕ ਗਿਮਲੀ ਬੀਚ ਹੈ ਜਿੱਥੋਂ ਖਾਣ ਵਾਲੀ ਮੱਛੀ ਕੱਢੀ ਜਾਂਦੀ ਹੈ। ਕਾਰ ਵਿਚ ਵਿਨੀਪੈੱਗ ਤੋਂ ਇਸ ਜਗ੍ਹਾ ਦੀ ਵਾਟ ਲਗਪਗ ਘੰਟੇ ਦੀ ਹੈ। ਇਹ 19ਵੀਂ ਸਦੀ ਦੇ ਅੰਤ ਵਿਚ ਆਈਸਲੈਂਡ ਤੋਂ ਆ ਕੇ ਵੱਸੇ ਲੋਕਾਂ ਦਾ ਪਿੰਡ ਹੈ ਜਿਸਦੀ ਆਬਾਦੀ ਲਗਪਗ 6000 ਹਨ। ਗਿਮਲੀ ਵਿਚ ਹਾਰਬਰ ਵੀ ਹੈ ਜਿਸਨੂੰ ਵਪਾਰਕ ਲੋੜਾਂ ਵਾਸਤੇ ਵਰਤਿਆ ਜਾਂਦਾ ਹੈ। ਬਹੁਤੇ ਪੰਜਾਬੀ ਵਿਨੀਪੈੱਗ ਦੇ ਉੱਤਰ ਵਿਚ ਰਹਿੰਦੇ ਹੋਣ ਕਾਰਨ ਉਨ੍ਹਾਂ ਲਈ ਗਮਲੀ ਹੋਰ ਵੀ ਨੇੜੇ ਹੈ। ਅੰਨ-ਪਾਣੀ ਪਕਾ ਕੇ ਲੋਕ ਉੱਥੇ ਲਿਜਾਂਦੇ ਹਨ ਅਤੇ ਖਾਣ-ਪੀਣ ਤੋਂ ਪਹਿਲਾਂ ਬੀਚ ਦੇ ਸ਼ਾਂਤ ਪਾਣੀਆਂ ਵਿਚ ਤਾਰੀਆਂ ਲਾਉਂਦੇ ਹਨ। ਕੰਢੇ ਦਾ ਦੂਧੀਆ ਰੇਤਾ ਵੀ ਤੁਹਾਡੀ ਨਜ਼ਰ ਅਤੇ ਕਲਪਨਾ ਨੂੰ ਮਜ਼ਬੂਤੀ ਨਾਲ ਖਿੱਚਦਾ ਹੈ। ਮੈਂ ਤੇ ਮੇਰੀ ਪਤਨੀ ਗਿਮਲੀ ਬੀਚ ਦੇ ਨਾਲ ਦੀਆਂ ਛੋਟੀਆਂ ਪਰ ਚੌੜੀਆਂ ਗਲੀਆਂ ਵਿਚ ਨਿਕਲ ਗਏ। ਦਰੱਖਤਾਂ ਤੇ ਵੇਲ-ਬੂਟਿਆਂ ਵਿਚ ਘਿਰੇ ਹੋਏ ਵੱਡੇ-ਵੱਡੇ ਘਰ ਸਨ। ਕੋਈ ਵਿਰਲਾ-ਟਾਵਾਂ ਜੀਅ ਹੀ ਦਿਸਦਾ ਸੀ। ਹੋ ਸਕਦਾ ਹੈ ਇਹ ਅਮੀਰਾਂ ਦੇ ਛੁੱਟੀਆਂ ਕੱਟਣ ਵਾਲੇ ਆਨੰਦ-ਟਿਕਾਣੇ ਹੋਣ। ਪਰ ਉੱਥੋਂ ਦੀ ਸਵਰਗੀ ਸ਼ਾਂਤੀ, ਰੁੱਖਾਂ ਦੀ ਸਿਰਜੀ ਰੁਪਹਿਰੀ ਅਤੇ ਸੁਨਹਿਰੀ ਛਾਂ, ਮਿੱਠੇ ਮੌਸਮ ਦੀ ਕੂਲੀ ਹਵਾ ਅਤੇ ਸਮੁੱਚੇ ਨਜ਼ਾਰੇ ਦਾ ਸੁਪਨਈ ਸੁਹਜ ਮੈਨੂੰ ਵਾਰ-ਵਾਰ ਮਾਸਟਰ ਮਦਨ ਦੇ ਗਾਏ ਗੀਤ ਦੀ ਯਾਦ ਕਰਵਾਉਂਦਾ ਰਿਹਾ: ‘ਯੂੰ ਨਾ ਰਹ-ਰਹ ਕਰ ਹਮੇਂ ਤਰਸਾਈਏ, ਆਈਏ ਆ ਜਾਈਏ, ਆ ਭੀ ਜਾਈਏ। ਯੇ ਹਵਾ, ਸਾਗਰ, ਯੇ ਹਲਕੀ ਚਾਂਦਨੀ, ਜੀਅ ਮੇਂ ਆਤਾ ਹੈ ਯਹੀਂ ਮਰ ਜਾਈਏ।’

ਫ਼ਾਲਕਨ ਲੇਕ ਵਿਨੀਪੈੱਗ ਦੇ ਦੱਖਣ-ਪੂਰਬ ਵੱਲ ਹੈ ਅਤੇ ਟਰਾਂਸ ਕੈਨੇਡਾ ਹਾਈਵੇ ਉੱਤੇ ਸਥਿਤ ਹੈ। ਇਸ ਝੀਲ ਨੂੰ ਮੈਨੀਟੋਬਾ ਦੇ ਪ੍ਰਸਿੱਧ ਵਾਈਟਸ਼ੈੱਲ ਪ੍ਰੋਵਿੰਸੀਅਲ ਪਾਰਕ ਦਾ ਦਰਵਾਜ਼ਾ ਵੀ ਕਿਹਾ ਜਾ ਸਕਦਾ ਹੈ ਜਿੱਥੇ ਓਜਿਬਵੇ ਨਾਂ ਦੇ ਮੂਲ-ਵਾਸੀ ਰਹਿੰਦੇ ਹੁੰਦੇ ਸਨ। ਓਂਟੇਰੀਓ ਦੇ ਬਾਰਡਰ ’ਤੇ ਮੈਨੀਟੋਬਾ ਦਾ ਆਖ਼ਰੀ ਸ਼ਹਿਰ ਬਰੈਂਡਨ ਹੈ, ਪਰ ਫ਼ਾਲਕਨ ਲੇਕ ਉਸ ਤੋਂ ਥੋੜ੍ਹੀ ਘੱਟ ਦੂਰੀ ’ਤੇ ਹੈ ਜਿੱਥੇ ਦੋ ਘੰਟੇ ਵਿਚ ਪਹੁੰਚਿਆ ਜਾਂਦਾ ਹੈ। ਇਸ ਝੀਲ ਨੂੰ ਯਾਤਰੀਆਂ ਦੀਆਂ ਰੁਚੀਆਂ ਅਨੁਸਾਰ ਸੰਵਾਰਿਆ-ਸ਼ਿੰਗਾਰਿਆ ਗਿਆ ਹੈ ਅਤੇ ਸੈਲਾਨੀਆਂ ਦੀਆਂ ਲੋੜਾਂ ਨੂੰ ਪਹਿਲ ਦਿੱਤੀ ਗਈ ਹੈ। ਲੇਕ ਵਿਚ ਮਸ਼ੀਨੀ ਬੋਟਿੰਗ ਦੀ ਸਰਗਰਮੀ ਸਭ ਤੋਂ ਵੱਧ ਹੁੰਦੀ ਹੈ। ਜਦੋਂ ਅਸੀਂ ਗਏ ਤਾਂ ਪਹੁੰਚੇ ਲੋਕਾਂ ਵਿਚ ਅੰਬ ਦਾ ਅਚਾਰ, ਆਲੂ ਦੇ ਪਰੌਂਠੇ ਅਤੇ ਪੂੜੀ-ਛੋਲੇ ਲੈ ਕੇ ਆਉਣ ਵਾਲੇ ਵੀ ਚੰਗੀ ਗਿਣਤੀ ਵਿਚ ਸਨ। ਦੁਨੀਆਂ ਦੇ ਵੱਖ-ਵੱਖ ਸਭਿਆਚਾਰਾਂ ਵਾਲੇ ਲੋਕ ਇਕ-ਦੂਜੇ ਦੇ ਸਮਵਿਥ ਬੈਠੇ ਸਨ, ਨਾ ਕੋਈ ਤੰਗ ਹੋ ਰਿਹਾ ਸੀ ਤੇ ਨਾ ਹੀ ਕਿਸੇ ਨੂੰ ਕਰ ਰਿਹਾ ਸੀ। ਢਾਣੀਆਂ ਦੇ ਵਿਚਕਾਰ ਅਮਨ ਸੀ, ਨਫ਼ਰਤ ਜਾਂ ਹਕਾਰਤ ਦਾ ਨਾਮੋ-ਨਿਸ਼ਾਨ ਨਹੀਂ ਸੀ। ਪਾਣੀ ਦੀਆਂ ਖੇਡਾਂ ਵਿਚ ਹਿੱਸਾ ਲੈਣਾ, ਹੱਸਣਾ, ਖੇਡਣਾ, ਗੱਪਾਂ ਮਾਰਨੀਆਂ, ਤਾਸ਼ ਖੇਡਣਾ ਜਾਂ ਰੋਟੀ ਤੋਂ ਬਾਅਦ ਫ਼ਲ-ਮਿਠਾਈ, ਕੇਕ-ਚਿਪਸ ਖਾਣ ਦੇ ਦ੍ਰਿਸ਼ ਵੀ ਸਨ। ਬੱਚੇ ਤੇ ਸਿਆਣੇ ਖਾਲੀ ਲਿਫ਼ਾਫ਼ੇ ਅਤੇ ਵਰਤੀਆਂ ਪੇਪਰ ਪਲੇਟਾਂ ਗਾਰਬੇਜ ਦੇ ਢੋਲਾਂ ਵੱਲ ਲਿਜਾ ਰਹੇ ਸਨ। ਕੂੜੇ ਨੂੰ ’ਕੱਠੀਆਂ ਕਰਨ ਵਾਲੀਆਂ ਰੇੜ੍ਹੀਆਂ ਵੀ ਲਗਾਤਾਰ ਢੋਲਾਂ ਨੂੰ ਖਾਲੀ ਕਰ ਰਹੀਆਂ ਸਨ। ਇਸ ਸਾਫ਼ ਤੇ ਮਨਮੋਹਣੇ ਬੀਚ ਉੱਤੇ ਲੋਕ ਆਪਣੇ ਮਨਾਂ ਨੂੰ ਸਾਫ਼ ਕਰਨ ਦੀ ਇੱਛਾ ਲੈ ਕੇ ਆਏ ਸਨ। ਪਰ ਮੈਂ ਜਿਸ ਵੱਡੇ ਗਰੇਵਾਲ-ਘੁੰਮਣ ਪਰਿਵਾਰ ਨਾਲ ਗਿਆ ਸੀ ਉਸਦੀ ਵੱਖਰੀ ਵਿਸ਼ੇਸ਼ਤਾ ਸੀ। ਗਿਮਲੀ ਤਾਂ ਅਸੀਂ ਸਾਰੇ ’ਕੱਠੇ ਗਏ ਸਾਂ। ਪਰ ਘਰ ਅਤੇ ਦੋਸਤਾਂ ਦੇ ਸਾਰੇ ਮਰਦਾਂ ਨੇ ਇਕ ਸ਼ਨੀਵਾਰ ਬਰੈਂਡਨ ਜਾ ਕੇ ਕੈਂਪਿੰਗ ਕਰਨ ਅਤੇ ਰਾਤ ਕੱਟਣ ਦਾ ਪ੍ਰੋਗਰਾਮ ਬਣਾਇਆ। ਮੈਂ ਹੈਰਾਨ ਸੀ ਕਿ ਗਿਮਲੀ ਵਿਚ ਕਿਸੇ ਨੇ ਵੀ ਦਾਰੂ ਜਾਂ ਬੀਅਰ ਦਾ ਸੇਵਨ ਨਹੀਂ ਸੀ ਕੀਤਾ। ਹੈਰਾਨੀ ਹੈ ਕਿ ਗਰੇਵਾਲ ਪਰਿਵਾਰ ਦੇ ਬਹੁਤੇ ਮੈਂਬਰ ਪੀਣ-ਪਿਆਉਣ ਤੋਂ ਬਚੇ ਹੋਏ ਹਨ। ਹੋ ਸਕਦਾ ਹੈ ਬਰੈਂਡਨ ਵਿਚ ਕੁਝ ਲੋਕਾਂ ਨੇ ਆਪਣਾ ਹਿਸਾਬ ਪੂਰਾ ਕਰਨਾ ਸੀ। ਇਸ ਲਈ ਕਿਸੇ ਵੀ ਔਰਤ ਨੇ ਨਾਲ ਨਹੀਂ ਸੀ ਜਾਣਾ। ਪਰ ਇਹ ਕੋਈ ਵੱਡੀ ਖ਼ਬਰ ਨਹੀਂ ਹੈ; ਪੰਜਾਬੀ ਘਰਾਂ ਦੀ ਇਹ ਤਾਂ ਆਮ ਜਿਹੀ ਗੱਲ ਹੈ। ਬੰਦੇ ਦਾਰੂ ਪੀਂਦੇ ਹਨ, ਔਰਤਾਂ ਰੋਟੀ ਪਕਾਉਂਦੀਆਂ ਹਨ। ਬੰਦੇ ਤਾਸ਼ ਖੇਡਦੇ ਹਨ, ਉਹ ਖਾਣਾ ਖੁਆਉਂਦੀਆਂ ਹਨ। ਇਸ ਵਾਰ ਵੱਡੀ ਖ਼ਬਰ ਇਹ ਸੀ ਕਿ ਔਰਤਾਂ ਨੇ ਆਜ਼ਾਦਾਨਾ ਤੌਰ ’ਤੇ ਫ਼ਾਲਕਨ ਲੇਕ ਦਾ ਇਕ-ਰੋਜ਼ਾ ਟੂਰ ਬਣਾਇਆ। ਸਿਰਫ਼ ਮੇਰੇ ਉੱਤੇ ਕਿਰਪਾ ਹੋਈ ਤੇ ਮੈਨੂੰ ਔਰਤਾਂ ਵਿਚ ਸ਼ਾਮਲ ਕੀਤਾ ਗਿਆ; ਸ਼ਾਇਦ ਇਸ ਕਰਕੇ ਕਿ ਮੈਂ ਮਹਿਮਾਨ ਸੀ ਜਾਂ ਇਸ ਕਰਕੇ ਕਿ ਸਾਡੇ ਘਰ ਦੇ ਬਾਕੀ ਸਾਰੇ ਮੈਂਬਰ ਔਰਤਾਂ ਹੀ ਸਨ। ਉਂਜ ਵੀ ਇਸ ਉਮਰੇ ਔਰਤ-ਮਰਦ ਦਾ ਫ਼ਰਕ ਖ਼ਤਮ ਹੋ ਜਾਂਦਾ ਹੈ। ਮੇਰੇ ਲਈ ਫ਼ਾਲਕਨ ਲੇਕ ਦਾ ਸਫ਼ਰ ਯਾਦਗਾਰੀ ਹੈ। ਲਗਪਗ 20 ਪੰਜਾਬਣਾਂ ਨੇ ਚਾਰ ਗੱਡੀਆਂ ਹਾਈਵੇ ’ਤੇ ਆਪ ਚਲਾ ਕੇ ਡੇਢ ਸੌ ਮੀਲ ਦਾ ਸਫ਼ਰ ਕੀਤਾ; ਸਾਰਾ ਦਿਨ ਖਾਣ-ਪੀਣ, ਸੈਰ ਕਰਨ ਅਤੇ ਗੱਪਾਂ ਮਾਰਨ ਦਾ ਮਨੋਰੰਜਨ ਕੀਤਾ ਅਤੇ ਬੰਦਿਆਂ ਤੋਂ ਬੇਫ਼ਿਕਰ ਹੋ ਕੇ ਆਪਣੇ ਵਕਤ ਨੂੰ ਆਪਣੀ ਮਰਜ਼ੀ ਨਾਲ ਬਿਤਾਇਆ। ਮੈਂ ਇਸ ਤੋਂ ਪਹਿਲਾਂ ਉੱਥੇ ਮੱਧ ਵਰਗ ਦੀਆਂ ਨਾਰੀਆਂ ਲਈ ਅਜਿਹੀ ਆਜ਼ਾਦੀ ਸੋਚ ਵੀ ਨਹੀਂ ਸੀ ਸਕਦਾ। ਮੈਨੂੰ ਪਹਿਲੀ ਵਾਰ ਲੱਗਾ ਕਿ ਪਰੰਪਰਾ ਨੂੰ ਨਿਭਾਹੁਣ ਵਾਲੀਆਂ ਔਰਤਾਂ ਹੱਥ ਵੀ ਕੁਝ ਸ਼ਖ਼ਸੀ ਆਜ਼ਾਦੀ ਆ ਰਹੀ ਹੈ।

ਫ਼ਾਲਕਨ ਲੇਕ ਵਿਚ ਮੇਰੇ ਲਈ ਦੂਜੀ ਵੱਡੀ ਖ਼ਬਰ ਵੀ ਸੀ। ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਅੱਜ ਤੋਂ 53 ਸਾਲ ਪਹਿਲਾਂ ਇਸ ਝੀਲ ਦੇ ਕੰਢੇ ਇਕ ਬੰਦੇ ਮਿਸ਼ਲਕ ਨੇ ਅਕਾਸ਼ ਵਿੱਚ ਦੋ ਅਣਪਛਾਤੀਆਂ ਗ਼ੈਬੀ ਸ਼ੈਆਂ ਖ਼ੁਦ ਦੇਖੀਆਂ ਸਨ ਜਿਨ੍ਹਾਂ ਵਿੱਚੋਂ ਇਕ ਉਹਦੇ ਨੇੜੇ ਡਿੱਗੀ ਸੀ। ਉਸ ਵਿਚ ਬੜੀ ਤੇਜ਼ ਰੇਡੀਓ ਐਕਟਿਵਿਟੀ ਸੀ ਜਿਸ ਨਾਲ ਉਸ ਆਦਮੀ ਦੀ ਕਮੀਜ਼ ਵੀ ਸੜ ਗਈ ਸੀ; ਉਹ ਕਮੀਜ਼ ਆਰਕਾਈਵ ਵਿਚ ਸਾਂਭੀ ਹੋਈ ਹੈ। ਕੁਝ ਲੋਕਾਂ ਦਾ ਖ਼ਿਆਲ ਹੈ ਕਿ ਮਿਸ਼ਲਕ ਨੇ ਇਹ ਕਹਾਣੀ ਇਸ ਲਈ ਘੜੀ ਸੀ ਤਾਂ ਕਿ ਉਹ ਫ਼ਾਲਕਨ ਦੇ ਨੇੜਿਉਂ ਚਾਂਦੀ ਦੀਆਂ ਖਾਣਾਂ ਨੂੰ ’ਕੱਲਾ ਲੱਭ ਸਕੇ ਅਤੇ ਦੂਜੇ ਲੋਕ ਡਰ ਵਿਚ ਦੂਰ ਹੀ ਰਹਿਣ। ਤਸ਼ਤਰੀ ਦੀ ਸ਼ਕਲ ਦੀ ਇਸ ਸ਼ੈਅ ਬਾਰੇ ਅਜੇ ਵਿਗਿਆਨੀ ਇਕਮਤ ਨਹੀਂ ਹਨ ਕਿ ਇਹ ਟੋਟਾ ਕਿੱਥੋਂ ਆਇਆ ਤੇ ਕਿਵੇਂ ਆਇਆ। ਪਰ ਕੁਝ ਵਿਗਿਆਨੀ ਇਸ ਨੂੰ ਸੱਚ ਵੀ ਮੰਨਦੇ ਹਨ। ਇਸ ਬਾਰੇ ਹੁਣੇ ਜੇਹੇ ਮੈਨੀਟੋਬਾ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਦੀ ਕਿਤਾਬ ਵੀ ਛਪੀ ਹੈ। ਜੇ ਇਹ ਸੱਚ ਹੈ ਤਾਂ ਇਹ ਘਟਨਾ ਇਸ ਦੁਨੀਆਂ ਤੋਂ ਪਾਰਲੀ ਕਿਸੇ ਹੋਰ ਦੁਨੀਆਂ ਵੱਲ ਇਸ਼ਾਰਾ ਕਰਦੀ ਹੈ। ਮੈਂ ਆਪਣੀ ਦੁਨੀਆਂ ਨੂੰ ਛੱਡ ਕੇ ਦੂਸਰੀ ਦੁਨੀਆਂ ਦੀ ਸੈਰ ਕਰਨ ਗਿਆ ਸੀ ਜਿੱਥੇ ਕਿਸੇ ਤੀਸਰੀ ਦੁਨੀਆਂ ਦੇ ਨਿਸ਼ਾਨ ਸਨ: ‘ਧਰਤੀ ਹੋਰ ਪਰੇ ਹੋਰ ਹੋਰ’। ਮਨੁੱਖ ਦਾ ਗਿਆਨ ਬਹੁਤ ਅੱਗੇ ਪਹੁੰਚ ਜਾਣ ਦੇ ਬਾਵਜੂਦ ਅਜੇ ਵੀ ਬਹੁਤ ਪਿੱਛੇ ਹੈ!

ਸੰਪਰਕ: 98760-18501

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All