ਕੀ ਪੀਲਾ ਪੰਜਾ ਨਸ਼ੇ ਖ਼ਤਮ ਕਰ ਸਕੇਗਾ ?
ਅਕਸਰ ਲੋਕ ‘ਨਸ਼ਾ’ ਅੱਖਰ ਦੀ ਵਰਤੋਂ ਕਰਦੇ ਸੁਣੇ ਜਾਂਦੇ ਹਨ। ਨਸ਼ਾ ਅੱਖਰ ਚੰਗੇ ਅਤੇ ਬੁਰੇ ਦੋਵਾਂ ਦਾ ਹੀ ਪ੍ਰਤੀਕ ਹੈ। ਪਹਿਲਾਂ ਚੰਗੇ ਪਾਸੇ ਦੀ ਉਦਾਹਰਨ, ਅਸੀਂ ਆਮ ਹੀ ਕਹਿੰਦੇ ਹਾਂ ਉਸ ਇਨਸਾਨ ਲਈ ਜਿਸ ਨੂੰ ਕਿਸੇ ਕੰਮ ਦੀ ਲਗਨ ਲੱਗੀ...
ਅਕਸਰ ਲੋਕ ‘ਨਸ਼ਾ’ ਅੱਖਰ ਦੀ ਵਰਤੋਂ ਕਰਦੇ ਸੁਣੇ ਜਾਂਦੇ ਹਨ। ਨਸ਼ਾ ਅੱਖਰ ਚੰਗੇ ਅਤੇ ਬੁਰੇ ਦੋਵਾਂ ਦਾ ਹੀ ਪ੍ਰਤੀਕ ਹੈ। ਪਹਿਲਾਂ ਚੰਗੇ ਪਾਸੇ ਦੀ ਉਦਾਹਰਨ, ਅਸੀਂ ਆਮ ਹੀ ਕਹਿੰਦੇ ਹਾਂ ਉਸ ਇਨਸਾਨ ਲਈ ਜਿਸ ਨੂੰ ਕਿਸੇ ਕੰਮ ਦੀ ਲਗਨ ਲੱਗੀ ਹੋਵੇ, ਚਾਹੇ ਉਹ ਪੜ੍ਹਾਈ ਲਿਖਾਈ, ਵਪਾਰ, ਨੌਕਰੀ ਵਿੱਚ ਤਰੱਕੀ ਹੋਵੇ। ਇੱਥੋਂ ਤੱਕ ਕਿ ਕਈ ਲੋਕਾਂ ਨੂੰ ਸਵੇਰ ਦੀ ਸੈਰ ਦਾ ਵੀ ਨਸ਼ਾ ਹੈ। ਜਿੰਨਾ ਚਿਰ ਉਹ ਸੈਰ ਨਾ ਕਰਨ ਉਨ੍ਹਾਂ ਨੂੰ ਹੋਰ ਕੰਮ ਕਾਰ ਚੰਗਾ ਨਹੀਂ ਲੱਗਦਾ। ਇਹ ਬੰਦੇ ਆਪਣੀ ਮੰਜ਼ਿਲ ਹਾਸਲ ਕਰਨ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ। ਗੱਲ ਕੀ ਮਿਹਨਤੀ ਵਿਅਕਤੀ ਕਿਸੇ ਵੀ ਧੰਦੇ ਵਿੱਚ ਹੋਵੇ, ਉਸ ਨੂੰ ਆਪਣਾ ਕੰਮ ਕਰਕੇ ਜੋ ਤਸੱਲੀ ਮਿਲਦੀ ਹੈ, ਉਸ ਨਾਲ ਉਸ ਦੇ ਸਰੀਰ ਵਿੱਚ ਚੰਗੇ ਹਾਰਮੋਨ ਦਾ ਪੱਧਰ ਵਧ ਜਾਂਦਾ ਹੈ ਜਿਸ ਨਾਲ ਉਸ ਨੂੰ ਅੰਦਰੂਨੀ ਖ਼ੁਸ਼ੀ ਮਿਲਦੀ ਹੈ। ਉਸ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਹੋਰ ਕੰਮ ਕਰਨ ਨੂੰ ਦਿਲ ਕਰਦਾ ਹੈ।
ਇਸੇ ਦਾ ਦੂਜਾ ਪੱਖ ਹੈ ਉਹ ਵਿਅਕਤੀ ਜੋ ਕੁਝ ਖਾ ਪੀ ਕੇ ਆਪਣੇ ਸਰੀਰ ਨੂੰ ਆਰਜ਼ੀ ਤਾਕਤ ਦਿੰਦਾ ਹੈ ਜਾਂ ਫਿਰ ਆਪਣੇ ਦਿਮਾਗ਼ ਦਾ ਨਕਾਰਾਤਮਕ ਸੋਚ ਕਾਰਨ ਆਰਜ਼ੀ ਤੌਰ ’ਤੇ ਧਿਆਨ ਹੋਰ ਪਾਸੇ ਲਾਉਂਦਾ ਹੈ। ਇਸ ਨਸ਼ੇ ਦੇ ਕਈ ਸਰੋਤ ਹਨ ਜਿਵੇਂ ਕਿ ਬਨਸਪਤੀ ਤੋਂ ਪ੍ਰਚੱਲਤ ਡੋਡੇ, ਭੰਗ, ਅਫ਼ੀਮ ਆਦਿ। ਇਸ ਤੋਂ ਇਲਾਵਾ ਸ਼ਰਾਬ ਜੋ ਸਰਕਾਰੀ ਤੌਰ ’ਤੇ ਵੇਚੀ ਜਾਂਦੀ ਹੈ ਅਤੇ ਸੂਬਿਆਂ ਦੀ ਆਮਦਨੀ ਦਾ ਵੱਡਾ ਸਰੋਤ ਹੈ। ਇਸ ਤੋਂ ਬਾਅਦ ਰਸਾਇਣ (ਸਿੰਥੈਟਿਕ ਪਦਾਰਥ) ਜੋ ਨਸ਼ਾ ਦਿੰਦੇ ਹਨ। ਇਹ ਸ਼ੁਰੂ ਹੁੰਦੇ ਹਨ, ਥੋੜ੍ਹੇ ਤੋਂ ਵਧ ਜਾਂਦੇ ਹਨ ਅਤੇ ਅੰਤ ਤੱਕ ਇਨਸਾਨ ਨੂੰ ਲੈ ਬੈਠਦੇ ਹਨ। ਨਸ਼ਾ ਸਿਆਸਤ ਵਿੱਚ ਹੈ, ਨਸ਼ਾ ਦੌਲਤ ਵਿੱਚ ਹੈ ਨਸ਼ਾ ਹਕੂਮਤ ਵਿੱਚ ਹੈ। ਇਨ੍ਹਾਂ ਤਿੰਨਾਂ ਨੂੰ ਭਾਵੇਂ ਨਸ਼ਿਆਂ ਵਿੱਚ ਨਹੀਂ ਗਿਣਿਆ ਜਾਂਦਾ, ਪਰ ਹੈ ਇਹ ਵੀ ਤਿੰਨੋਂ ਹੀ ਖ਼ਤਰਨਾਕ ਹਨ।
ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੰਤਰ-ਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ (International Narcotics Control Board INCB) ਦੀ। ਇਹ ਇੱਕ ਅੰਤਰ-ਰਾਸ਼ਟਰੀ ਆਤਮਨਿਰਭਰ (ਸੁਤੰਤਰ) ਸੰਸਥਾ ਹੈ ਜੋ ਅੰਤਰ-ਰਾਸ਼ਟਰੀ ਨਸ਼ਾ ਤਸਕਰੀ ਨੂੰ ਕੰਟਰੋਲ ਕਰਦੀ ਹੈ। ਇਹ ਤਕਰੀਬਨ 1961 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਹੁਣ ਯੂ.ਐੱਨ.ਓ.ਡੀ.ਸੀ, ਡਬਲਯੂ.ਐੱਚ.ਓ., ਇੰਟਰਪੋਲ ਅਤੇ ਡਬਲਯੂ.ਸੀ.ਓ. ਨਾਲ ਮਿਲ ਕਿ ਕੰਮ ਕਰਦੀ ਹੈ। ਆਈਐੱਨਸੀਬੀ ਦੀ 2024 ਦੀ ਰਿਪੋਰਟ ਜੋ ਮਾਰਚ 2025 ਵਿੱਚ ਜਨਤਕ ਹੋਈ, ਉਸ ਮੁਤਾਬਕ ਦੁਨੀਆ ਦੇ ਸਾਰੇ ਹੀ ਮਹਾਂਦੀਪ ਅਤੇ ਉਨ੍ਹਾਂ ਦੇ ਸਾਰੇ ਦੇਸ਼ ਨਸ਼ੇ ਦੀ ਸਮੱਸਿਆ ਦਾ ਸ਼ਿਕਾਰ ਹਨ। ਉੱਤਰੀ ਅਮਰੀਕਾ ਤੋਂ ਲੈ ਕੇ ਅਫ਼ਰੀਕਾ ਦੇ ਦੇਸ਼ਾਂ ਤੱਕ ਸਭ ਸਿੰਥੈਟਿਕ ਨਸ਼ੇ ਤੋਂ ਪੀੜਤ ਹਨ। ਇਸ ਰਿਪੋਰਟ ਮੁਤਾਬਿਕ ਸਾਰਿਆਂ ਨਾਲੋਂ ਜ਼ਿਆਦਾ ਨਸ਼ਾ ਅਫ਼ਰੀਕਾ ਦੇ ਦੇਸ਼ਾਂ ਵਿੱਚ ਹੈ ਜਦਕਿ ਉਸ ਤੋਂ ਬਾਅਦ ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ ਆਉਂਦੇ ਹਨ। ਖ਼ਾਸ ਕਰਕੇ ਉਹ ਦੇਸ਼ ਜੋ ਸਮੁੰਦਰੀ ਤੱਟ ਨਾਲ ਲੱਗਦੇ ਹਨ।
ਇਸੇ ਰਿਪੋਰਟ ਮੁਤਾਬਕ ਇਸ ਸੰਸਥਾ ਨੇ ਜਦੋਂ 1972 ਵਿੱਚ ਕਾਨੂੰਨਾਂ ਵਿੱਚ ਸੋਧ ਕਰਕੇ ਬਨਸਪਤੀ (ਪਲਾਂਟ ਬੇਸਡ) ਨਸ਼ੇ ਬੰਦ ਕੀਤੇ। ਉਦੋਂ ਤੋਂ ਸਿੰਥੈਟਿਕ ਨਸ਼ੇ ਵਧਣੇ ਸ਼ੁਰੂ ਹੋ ਗਏ। ਸਿੰਥੈਟਿਕ ਨਸ਼ੇ ਥੋੜ੍ਹੀ ਜਗ੍ਹਾ ਵਿੱਚ ਦਵਾਈਆਂ ਵਾਂਗੂ ਬਣਾਏ ਜਾਂਦੇ ਹਨ ਅਤੇ ਦਵਾਈਆਂ ਨਾਲ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੌਖੀ ਪਹੁੰਚ ਹੋ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਨਸ਼ਾ ਅਫ਼ਗਾਨਿਸਤਾਨ, ਅਫ਼ਰੀਕਾ ਅਤੇ ਉੱਤਰੀ ਅਮਰੀਕਾ ਤੋਂ ਵੀ ਆਉਂਦਾ ਹੈ।
ਸਾਡੇ ਦੇਸ਼ ਵਿੱਚ ਤਕਰੀਬਨ ਹਰ ਸੂਬੇ ਵਿੱਚ ਨਸ਼ਾ ਪ੍ਰਚੱਲਿਤ ਹੈ। ਐੱਨਸੀਆਰਬੀ ਦੇ ਸਾਲ 2024 ਦੇ ਅੰਕੜੇ ਮੁਤਾਬਕ ਸਭ ਤੋਂ ਵੱਧ ਨਸ਼ੇ ਦੇ ਕੇਸ ਕੇਰਲ ਵਿੱਚ ਹੋਏ, ਉੱਤਰ ਪ੍ਰਦੇਸ਼ ਵੀ ਪੰਜਾਬ ਦੇ ਨੇੜੇ ਤੇੜੇ ਹੀ ਹੈ। 2022-2023 ਵਿੱਚ ਉੱਤਰ ਪ੍ਰਦੇਸ਼ ਵਿੱਚ ਵੀ ਨਸ਼ੇ ਖਿਲਾਫ਼ ਜੰਗ ਵਿੱਢੀ ਸੀ। ਉੱਥੋਂ ਦੀ ਸਰਕਾਰ ਨੇ ਪਹਿਲੀ ਵਾਰ ਨਸ਼ਾ ਤਸਕਰਾਂ ਦੇ ਘਰ ਢਾਹੇ ਸੀ, ਪਰ ਬਾਵਜੂਦ ਇਸ ਦੇ ਕਟੌਤੀ ਜ਼ਰੂਰ ਹੋਈ, ਪਰ ਨਸ਼ਾ ਬੰਦ ਨਹੀਂ ਹੋਇਆ।
ਕੇਂਦਰ ਸਰਕਾਰ ਵੱਲੋਂ ਵੀ ਨਸ਼ਾ ਮੁਕਤ ਭਾਰਤ ਅਭਿਆਨ 15 ਅਗਸਤ 2020 ਨੂੰ ਸ਼ੁਰੂ ਕੀਤਾ ਗਿਆ। ਇਸ ਤਹਿਤ 272 ਜ਼ਿਲ੍ਹੇ ਜਿਹੜੇ ਨਸ਼ੇ ਵਿੱਚ ਉੱਪਰ ਸਨ, ਉਨ੍ਹਾਂ ਨੂੰ ਚੁਣਿਆ ਗਿਆ। ਇਸ ਨੂੰ ਤਿੰਨ ਲੜੀ ਪ੍ਰੋਗਰਾਮ ਤਹਿਤ ਚਲਾਇਆ ਗਿਆ। ਪਹਿਲਾਂ ਨਸ਼ੇ ਦੀ ਸਪਲਾਈ ’ਤੇ ਨੱਥ ਪਾਉਣਾ, ਦੂਜਾ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਅਤੇ ਤੀਜਾ ਲੋਕਾਂ ਦਾ ਨਸ਼ਾ ਛੁਡਾਉਣ ਲਈ ਮੁਫ਼ਤ ਇਲਾਜ ਕਰਵਾਉਣਾ। ਜੇ ਨਸ਼ਾ ਸਾਰੇ ਭਾਰਤ ਵਿੱਚ ਹੀ ਹੈ ਅਤੇ ਕਈ ਸਾਡੇ ਸੂਬੇ ਤੋਂ ਉੱਪਰ ਹਨ, ਫਿਰ ਬਦਨਾਮੀ ਪੰਜਾਬ ਦੀ ਜ਼ਿਆਦਾ ਕਿਉਂ? ਕੀ ਨਸ਼ੇ ਦੀ ਆੜ ਵਿੱਚ ਸਿਆਸਤ ਤਾਂ ਨਹੀਂ ਖੇਡੀ ਜਾ ਰਹੀ। ਪੰਜਾਬ ਨੂੰ ਵੱਡੀ ਢਾਹ ਲਾਈ, ਸਾਲ 2017 ਵਿੱਚ ਆਈ ਫਿਲਮ ‘ਉੜਤਾ ਪੰਜਾਬ’ ਨੇ, ਜਿਸ ਤੋਂ ਬਾਅਦ ਵਿਰੋਧੀਆਂ ਨੇ ਉਸ ਸਮੇਂ ਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਜੇ ਤਕਰੀਬਨ ਪਿਛਲੇ ਢਾਈ ਦਹਾਕਿਆਂ ਤੋਂ ਲਈਏ ਤਾਂ 5 ਸਰਕਾਰਾਂ ਤਿੰਨ ਪਾਰਟੀਆਂ ਦੀਆਂ ਬਣੀਆਂ ਹਨ। ਹਰ ਸਰਕਾਰ ਨੇ ਆਪਣੇ ਬਣਨ ਵੇਲੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਅਤੇ ਖੂਬ ਪ੍ਰਚਾਰ ਕਰਕੇ ਵੋਟਰਾਂ/ਜਨਤਾ ਨੂੰ ਗੁੰਮਰਾਹ ਕੀਤਾ ਅਤੇ ਵੋਟਾਂ ਬਟੋਰੀਆਂ ਅਤੇ ਸਰਕਾਰਾਂ ਬਣਾਈਆਂ, ਪਰ ਨਸ਼ੇ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਸਾਲ 2025 ਵਿੱਚ ਇੱਕ ਵੱਡਾ ਹਾਦਸਾ ਹੋਇਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 25-30 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਜ਼ਿਆਦਾ ਕਰਕੇ ਨੌਜਵਾਨ ਭਾਵ 25 ਤੋਂ 34 ਸਾਲ ਦੀ ਉਮਰ ਦੇ ਸਨ। ਮੌਕੇ ਦੀ ਸਰਕਾਰ ਨੇ ਕੁਝ ਸਮੇਂ ਲਈ ਸਖ਼ਤੀ ਤਾਂ ਕੀਤੀ, ਪਰ ਨਾਲ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਇੱਕ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੱਡਾ ਐਲਾਨ ਕਰ ਦਿੱਤਾ। ਤ੍ਰਾਸਦੀ ਦੇਖੋਂ ਕਿ ਇੱਕ ਪਾਸੇ ਸਿੱਧੇ ਨਸ਼ੇ ਤਸਕਰਾਂ ਦੇ ਘਰ ਢਾਹੇ ਜਾ ਰਹੇ ਹਨ, ਦੂਜੇ ਪਾਸੇ ਮਹਿਲਾ ਕਾਂਸਟੇਬਲ ਨੂੰ ਕੁਝ ਦਿਨਾਂ ਵਿੱਚ ਹੀ ਨਸ਼ੇ ਤਸਕਰੀ ਵਿੱਚ ਜ਼ਮਾਨਤ ਮਿਲ ਜਾਂਦੀ ਹੈ। ਉੱਧਰ ਜਦੋਂ 31 ਮਈ ਨੂੰ ਨਸ਼ਾ ਖਾਤਮਾ ਮੁਹਿੰਮ ਨੇਪਰੇ ਚੜ੍ਹਨੀ ਸੀ ਤਾਂ ਸਰਕਾਰ ਦੇ ਟਰੇਨਿੰਗ ਸੈਂਟਰ ਵਿੱਚ 6 ਮੁਲਾਜ਼ਮ ਡੋਪ ਟੈਸਟ ਵਿੱਚ ਫੇਲ੍ਹ ਹੁੰਦੇ ਹਨ। ਜਿਨ੍ਹਾਂ ਨੂੰ ਛੁੱਟੀ ’ਤੇ ਘਰ ਭੇਜਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਹੋ ਸਕੇ। ਸੋਚਣ ਦੀ ਗੱਲ ਹੈ ਕੀ ਡੋਪ ਟੈਸਟ ਫੇਲ੍ਹ ਹੋਣ ਤੋਂ ਅਸਲਾ ਲਾਇਸੈਂਸ ਤਾਂ ਦਿੱਤਾ ਨਹੀਂ ਜਾਂਦਾ, ਪਰ ਨੌਕਰੀ ਵਾਲੇ ਨੂੰ ਕਿਹਾ ਜਾਂਦਾ ਹੈ ਤੂੰ ਇਲਾਜ ਕਰਵਾ ਲੈ।
ਨਸ਼ਾ ਉਦੋਂ ਤੱਕ ਨਹੀਂ ਖ਼ਤਮ ਹੋ ਸਕਦਾ ਜਿੰਨਾ ਚਿਰ ਸਾਡੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਰੁਜ਼ਗਾਰ ਨਾਲ ਪੈਸੇ। ਜਦੋਂ ਤੱਕ ਇਹ ਦੋਵੇਂ ਚੀਜ਼ਾਂ ਉਸ ਦੇ ਹੱਥ ਵਿੱਚ ਨਹੀਂ ਆਉਂਦੀਆਂ ਉਦੋਂ ਤੱਕ ਉਸ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੈ। ਨੌਜਵਾਨ ਬੇਰੁਜ਼ਗਾਰੀ ਅਤੇ ਘਰਦਿਆਂ ਦੇ ਤਾਅਨੇ ਮਿਹਣਿਆਂ ਤੋਂ ਨਿਰਾਸ਼ ਹੋ ਜਾਂਦਾ ਹੈ ਅਤੇ ਉਸ ਦਾ ਫਾਇਦਾ ਨਸ਼ਾ ਤਸਕਰ ਖ਼ੂਬ ਉਠਾਉਂਦੇ ਹਨ। ਜੋ ਦੋਸਤ ਬਣ ਕੇ ਮਨ ਬਦਲਣ ਦੇ ਬਹਾਨੇ ਕਿਸੇ ਪਾਰਟੀ ਵਿੱਚ ਲੈ ਵੜਦੇ ਹਨ। ਇੱਥੋਂ ਸ਼ੁਰੂਆਤ ਹੁੰਦੀ ਹੈ ਨਸ਼ੇ ਦੀ। ਇਸ ਤੋਂ ਇਲਾਵਾ ਜਵਾਨੀ ਵਿੱਚ ਊਰਜਾ ਬਹੁਤ ਹੁੰਦੀ ਹੈ। ਜੋ ਬੱਚੇ ਜਿੰਮ ਲੱਗ ਜਾਂਦੇ ਹਨ, ਮਾਪੇ ਵੀ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਕਸਰਤ ਕਰਦਾ ਹੈ, ਨਾਲ ਟਾਈਮ ਪਾਸ ਹੋਊਗਾ। ਉੱਥੇ ਜਾ ਕੇ ਨਵੀਂ ਗੱਲ ਸ਼ੁਰੂ ਹੁੰਦੀ ਹੈ ਐਨਰਜੀ ਡ੍ਰਿੰਕਸ ਅਤੇ ਪ੍ਰੋਟੀਨ ਪਾਊਡਰ ਦੀ। ਇਸ ਦੀ ਵਧਦੀ ਵਰਤੋਂ ਸਰੀਰ ’ਤੇ ਕਾਫ਼ੀ ਹਾਨੀਕਾਰਕ ਅਸਰ ਪਾਉਂਦੀ ਹੈ ਜਿਵੇਂ ਬੀਪੀ ਵਧਣਾ, ਹਾਰਟ ਰੇਟ ਵਧਾਉਣਾ ਅਤੇ ਹਾਰਟ ਅਟੈਕ, ਚਿੰਤਾ ਨਾਲ ਪੇਟ ਦੇ ਅੰਤੜੀਆਂ ਦੇ ਰੋਗ, ਘਬਰਾਹਟ, ਇਸ ਦੇ ਨਾਲ ਹੀ ਕੁਝ ਭਿਆਨਕ ਬਿਮਾਰੀਆਂ ਜਿਵੇਂ ਕਿਡਨੀ ’ਤੇ ਅਸਰ ਆਦਿ। ਇਸ ਨਾਲ ਪ੍ਰੋਟੀਨ ਘਟਣ ’ਤੇ ਉਸ ਨੂੰ ਪੂਰਾ ਕਰਨ ਲਈ ਆਰਟੀਫੀਸ਼ੀਅਲ ਪ੍ਰੋਟੀਨ ਪਾਊਡਰ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਇਸ ਵਿੱਚ ਹਾਰਵਰਡ ਹੈਲਥ ਪਬਲਿਸ਼ਿੰਗ ਵਿੱਚ 2022 ਵਿੱਚ ਕਲੀਨ ਲੇਬਲ ਪ੍ਰਾਜੈਕਟ ਮੁਤਾਬਕ 134 ਉਤਪਾਦਾਂ ਵਿੱਚੋਂ 130 ਵਿੱਚ ਹਾਨੀਕਾਰਕ ਤੱਥ ਜਿਵੇਂ ਲੈਡ, ਆਰਸੈਨਿਕ, ਕੈਡਮੀਅਮ ਅਤੇ ਮਰਕਰੀ, ਬਿਸਫੇਨੋਲ-ਏ ਜਿਸ ਤੋਂ ਪਲਾਸਟਿਕ ਬਣਦਾ ਹੈ ਅਤੇ ਪੈਸਟੀਸਾਈਡ ਇਹ ਸਾਰੇ ਹੀ ਕੈਂਸਰ ਦਾ ਵੱਡਾ ਕਾਰਨ ਹਨ। ਇਹ ਹਾਲਾਤ ਹੀ ਬੱਚਿਆਂ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ।
ਮੇਰੇ ਮੁਤਾਬਕ ਨਸ਼ਾ ਤਸਕਰਾਂ ਦੇ ਘਰ ਢਾਹੁਣਾ ਕੋਈ ਹੱਲ ਨਹੀਂ ਸਗੋਂ ਸਰਕਾਰ ਨੂੰ ਉਹ ਸੰਪਤੀ ਜ਼ਬਤ ਕਰਕੇ ਉਸ ਨੂੰ ਸਰਕਾਰੀ ਸੰਪਤੀ ਬਣਾਉਣਾ ਚਾਹੀਦਾ ਹੈ। ਢਾਹੁਣਾ ਤਾਂ ਸਾਡੇ ਸਰੋਤਾਂ ਦੀ ਕੌਮੀ ਬਰਬਾਦੀ ਹੈ। ਉਸ ਤਸਕਰ ਨੂੰ ਉਹ ਜਗ੍ਹਾ ’ਤੇ ਉਸਾਰੀ ਹਮੇਸ਼ਾਂ ਯਾਦ ਦਿਵਾਉਗੀ ਕਿ ਇਹ ਜਗ੍ਹਾ ਮੇਰੀ ਸੀ ਜੋ ਹੁਣ ਮੇਰੇ ਬੁਰੇ ਕੰਮਾਂ ਕਰਕੇ ਸਰਕਾਰੀ ਸੰਪਤੀ ਬਣ ਗਈ ਹੈ।
ਨਸ਼ਿਆਂ ਖਿਲਾਫ਼ ਦੇਸ਼ ਵਿੱਚ ਹਰ ਪੱਧਰ ’ਤੇ ਜਾਗਰੂਕਤਾ ਮੁਹਿੰਮਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਦੇ ਸੇਵਨ ਨਾਲ ਨਿਕਲਣ ਵਾਲੇ ਭੈੜੇ ਸਿੱਟਿਆਂ ਤੋਂ ਜਾਣੂ ਕਰਵਾਇਆ ਜਾ ਸਕੇ।
ਸੰਪਰਕ: 96537-90000

