ਡਿਜੀਟਲ ਦੌਰ ਵਿੱਚ ਮੱਠੀ ਪੈਂਦੀ ਲਿਖਣ-ਸ਼ੈਲੀ
ਅਜੋਕੇ ਦੌਰ ਵਿੱਚ ਜਿੱਥੇ ਸਿੱਖਿਆ ਪ੍ਰਣਾਲੀ ਨੂੰ ਬੇਹੱਦ ਆਧੁਨਿਕ ਅਤੇ ਡਿਜੀਟਲ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਵਿਦਿਆਰਥੀਆਂ ਦੀਆਂ ਰੋਜ਼ਾਨਾ ਗਤੀਵਿਧੀਆਂ ਅਤੇ ਅਕਾਦਮਿਕ ਨਿਰੀਖਣ ਦੌਰਾਨ ਇੱਕ ਬਹੁਤ ਹੀ ਚਿੰਤਾਜਨਕ ਰੁਝਾਨ ਉੱਭਰ ਕੇ ਸਾਹਮਣੇ ਆ ਰਿਹਾ ਹੈ,...
ਅਜੋਕੇ ਦੌਰ ਵਿੱਚ ਜਿੱਥੇ ਸਿੱਖਿਆ ਪ੍ਰਣਾਲੀ ਨੂੰ ਬੇਹੱਦ ਆਧੁਨਿਕ ਅਤੇ ਡਿਜੀਟਲ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਵਿਦਿਆਰਥੀਆਂ ਦੀਆਂ ਰੋਜ਼ਾਨਾ ਗਤੀਵਿਧੀਆਂ ਅਤੇ ਅਕਾਦਮਿਕ ਨਿਰੀਖਣ ਦੌਰਾਨ ਇੱਕ ਬਹੁਤ ਹੀ ਚਿੰਤਾਜਨਕ ਰੁਝਾਨ ਉੱਭਰ ਕੇ ਸਾਹਮਣੇ ਆ ਰਿਹਾ ਹੈ, ਜਿਸ ਵੱਲ ਤੁਰੰਤ ਧਿਆਨ ਦੇਣਾ ਬੇਹੱਦ ਲਾਜ਼ਮੀ ਹੋ ਗਿਆ ਹੈ।
ਸਕੂਲਾਂ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਵੱਡੀ ਗਿਣਤੀ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਦੀਆਂ ਕਾਪੀਆਂ (ਨੋਟ-ਬੁੱਕਸ) ਸਮੇਂ ਸਿਰ ਪੂਰੀਆਂ ਕਰਨ ਅਤੇ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਵਿੱਚ ਭਾਰੀ ਲਾਪਰਵਾਹੀ ਵਰਤ ਰਹੇ ਹਨ। ਲਿਖਤੀ ਕੰਮ ਪ੍ਰਤੀ ਇਹ ਵਧ ਰਹੀ ਉਦਾਸੀਨਤਾ ਸਿਰਫ਼ ਇੱਕ ਸਾਧਾਰਨ ਆਦਤ ਨਹੀਂ, ਬਲਕਿ ਵਿਦਿਆਰਥੀਆਂ ਦੇ ਪ੍ਰੀਖਿਆ ਨਤੀਜਿਆਂ ਅਤੇ ਉਨ੍ਹਾਂ ਦੇ ਮਾਨਸਿਕ ਵਿਕਾਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।
ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਅਧਿਆਪਕ ਜਮਾਤ ਵਿੱਚ ਗਣਿਤ ਦੇ ਸਵਾਲ ਹੱਲ ਕਰਵਾਉਂਦੇ ਹਨ ਜਾਂ ਵਿਗਿਆਨ ਦੇ ਮਹੱਤਵਪੂਰਨ ਚਿੱਤਰ ਬਣਾਉਂਦੇ ਹਨ ਤਾਂ ਬਹੁਤ ਸਾਰੇ ਬੱਚੇ ਉਨ੍ਹਾਂ ਨੂੰ ਆਪਣੀ ਕਾਪੀ ’ਤੇ ਉਤਾਰਨ ਦੀ ਬਜਾਏ ਸਿਰਫ਼ ਦੇਖਦੇ ਰਹਿੰਦੇ ਹਨ ਜਾਂ ਕੰਮ ਅਧੂਰਾ ਛੱਡ ਦਿੰਦੇ ਹਨ। ਨਤੀਜੇ ਵਜੋਂ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਉਨ੍ਹਾਂ ਕੋਲ ਦੁਹਰਾਈ ਕਰਨ ਲਈ ਕੋਈ ਪ੍ਰਮਾਣਿਕ ਸਮੱਗਰੀ ਹੀ ਉਪਲਬਧ ਨਹੀਂ ਹੁੰਦੀ। ਮਨੋਵਿਗਿਆਨਕ ਅਤੇ ਸਿੱਖਿਆ ਸ਼ਾਸਤਰੀ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ‘ਇੱਕ ਵਾਰ ਹੱਥੀਂ ਲਿਖਿਆ, ਦਸ ਵਾਰ ਪੜ੍ਹਨ ਦੇ ਬਰਾਬਰ ਹੁੰਦਾ ਹੈ’। ਜਦੋਂ ਕੋਈ ਵਿਦਿਆਰਥੀ ਜਮਾਤ ਵਿੱਚ ਪੜ੍ਹਾਏ ਗਏ ਪਾਠ ਨੂੰ ਆਪਣੇ ਹੱਥੀਂ ਕਾਪੀ ’ਤੇ ਸਾਫ਼-ਸਾਫ਼ ਲਿਖਦਾ ਹੈ ਤਾਂ ਉਸ ਦਾ ਦਿਮਾਗ਼ ਉਸ ਜਾਣਕਾਰੀ ਨੂੰ ਵਧੇਰੇ ਡੂੰਘਾਈ ਨਾਲ ਗ੍ਰਹਿਣ ਕਰਦਾ ਹੈ।
ਪਰ ਅਫ਼ਸੋਸ ਕਿ ਅੱਜ-ਕੱਲ੍ਹ ਦੇ ਬੱਚੇ ਇਸ ਮਹੱਤਵਪੂਰਨ ਪ੍ਰਕਿਰਿਆ ਤੋਂ ਦੂਰ ਹੁੰਦੇ ਜਾ ਰਹੇ ਹਨ, ਜਿਸ ਦੀਆਂ ਪ੍ਰਤੱਖ ਉਦਾਹਰਨਾਂ ਰੋਜ਼ਾਨਾ ਸਕੂਲਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਮਿਸਾਲ ਦੇ ਤੌਰ ’ਤੇ ਜਦੋਂ ਅੰਗਰੇਜ਼ੀ ਜਾਂ ਪੰਜਾਬੀ ਵਿਆਕਰਨ ਦੇ ਨਿਯਮ ਜਮਾਤ ਵਿੱਚ ਸਮਝਾਏ ਜਾਂਦੇ ਹਨ ਤਾਂ ਕੁੱਝ ਵਿਦਿਆਰਥੀ ਉਨ੍ਹਾਂ ਨੂੰ ਕਾਪੀਆਂ ’ਤੇ ਨੋਟ ਕਰਨ ਦੀ ਬਜਾਏ ਬਾਜ਼ਾਰੂ ਗਾਈਡਾਂ ਜਾਂ ਮੋਬਾਈਲ ਐਪਲੀਕੇਸ਼ਨਾਂ ’ਤੇ ਨਿਰਭਰ ਹੋ ਜਾਂਦੇ ਹਨ। ਇਸ ਬੇਲੋੜੀ ਡਿਜੀਟਲ ਨਿਰਭਰਤਾ ਕਾਰਨ ਬੱਚਿਆਂ ਵਿੱਚ ਆਪਣੇ ਹੱਥੀਂ ਨੋਟਸ ਤਿਆਰ ਕਰਨ ਦੀ ਕਲਾ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ।
ਜਦੋਂ ਕੋਈ ਵਿਦਿਆਰਥੀ ਨਿਰੰਤਰ ਲਿਖਣ ਦਾ ਅਭਿਆਸ ਹੀ ਨਹੀਂ ਕਰੇਗਾ ਤਾਂ ਉਸ ਦੀ ਲਿਖਾਵਟ (ਸੁੰਦਰ ਲਿਖਾਈ) ਦਿਨ-ਬ-ਦਿਨ ਵਿਗੜਦੀ ਜਾਵੇਗੀ ਅਤੇ ਲਿਖਣ ਦੀ ਗਤੀ ਵੀ ਮੱਠੀ ਪੈ ਜਾਵੇਗੀ। ਇਸੇ ਲਾਪਰਵਾਹੀ ਦਾ ਖ਼ਾਮਿਆਜ਼ਾ ਪ੍ਰੀਖਿਆ ਹਾਲ ਵਿੱਚ ਭੁਗਤਣਾ ਪੈਂਦਾ ਹੈ, ਜਿੱਥੇ ਅਕਸਰ ਕਈ ਹੁਸ਼ਿਆਰ ਬੱਚੇ ਵੀ ਇਹ ਸ਼ਿਕਾਇਤ ਕਰਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਨੂੰ ਪ੍ਰੀਖਿਆ ਪੱਤਰ ਤਾਂ ਸਾਰਾ ਆਉਂਦਾ ਸੀ ਪਰ ਸਮਾਂ ਘੱਟ ਰਹਿਣ ਕਰਕੇ ਉਹ ਕਈ ਸਵਾਲ ਛੱਡ ਆਏ। ਇਹ ਸਥਿਤੀ ਅਸਲ ਵਿੱਚ ਲਿਖਣ ਪ੍ਰਕਿਰਿਆ ਤੋਂ ਦੂਰੀ ਦਾ ਹੀ ਸਿੱਧਾ ਸਿੱਟਾ ਹੈ।
ਜੇਕਰ ਇਸ ਗੰਭੀਰ ਉਦਾਸੀਨਤਾ ਦੇ ਪਿਛੋਕੜ ਅਤੇ ਮੁੱਖ ਕਾਰਨਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਸਭ ਤੋਂ ਵੱਡੀ ਚੁਣੌਤੀ ਬਣ ਕੇ ਉੱਭਰਦੀ ਹੈ। ਵਿਦਿਆਰਥੀ ਸਕੂਲ ਤੋਂ ਘਰ ਜਾ ਕੇ ਆਪਣਾ ਕੀਮਤੀ ਸਮਾਂ ਸਵੈ-ਅਧਿਐਨ ਜਾਂ ਕਾਪੀਆਂ ਪੂਰੀਆਂ ਕਰਨ ’ਤੇ ਲਗਾਉਣ ਦੀ ਬਜਾਏ ਵੀਡੀਓ ਗੇਮਾਂ ਖੇਡਣ, ਰੀਲਾਂ ਬਣਾਉਣ ਜਾਂ ਦੇਖਣ ਵਿੱਚ ਗੁਆ ਦਿੰਦੇ ਹਨ। ਇਸ ਦੇ ਨਾਲ ਹੀ ਮਾਪਿਆਂ ਦਾ ਵਧ ਰਿਹਾ ਅਵੇਸਲਾਪਣ ਵੀ ਇਸ ਸਮੱਸਿਆ ਨੂੰ ਹੋਰ ਪੇਚੀਦਾ ਬਣਾ ਰਿਹਾ ਹੈ। ਬਹੁਤ ਸਾਰੇ ਮਾਪੇ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਕਦੇ ਬੱਚੇ ਦਾ ਬਸਤਾ ਫਰੋਲ ਕੇ ਦੇਖਣ ਦੀ ਜ਼ਹਿਮਤ ਹੀ ਨਹੀਂ ਉਠਾਉਂਦੇ ਕਿ ਉਨ੍ਹਾਂ ਦੇ ਬੱਚੇ ਦਾ ਰੋਜ਼ਾਨਾ ਦਾ ਕਾਰਜ ਕਿੰਨਾ ਪੱਛੜ ਚੁੱਕਾ ਹੈ।
ਇਸ ਪ੍ਰਵਿਰਤੀ ਵਿੱਚੋਂ ਇੱਕ ਹੋਰ ਮਾਰੂ ਸਮੱਸਿਆ ਇਹ ਸਾਹਮਣੇ ਆਉਂਦੀ ਹੈ ਕਿ ਜਦੋਂ ਕਿਸੇ ਵਿਦਿਆਰਥੀ ਦਾ ਲਿਖਤੀ ਕੰਮ ਬਹੁਤ ਜ਼ਿਆਦਾ ਅਧੂਰਾ ਰਹਿ ਜਾਂਦਾ ਹੈ ਤਾਂ ਉਹ ਅਧਿਆਪਕ ਦੇ ਡਰੋਂ ਜਾਂ ਚੈਕਿੰਗ ਤੋਂ ਬਚਣ ਲਈ ਝੂਠੇ ਬਹਾਨੇ ਬਣਾ ਕੇ ਸਕੂਲੋਂ ਗ਼ੈਰ-ਹਾਜ਼ਰ ਰਹਿਣ ਲੱਗ ਪੈਂਦਾ ਹੈ। ਇਸ ਰੁਝਾਨ ਨਾਲ ਉਸ ਨੂੰ ਪੜ੍ਹਾਈ ’ਚ ਨਾ ਪੂਰਿਆ ਜਾਣ ਵਾਲਾ ਘਾਟਾ ਪੈਂਦਾ ਹੈ। ਕਈ ਵਾਰ ਵਿਦਿਆਰਥੀ ਇੱਕ-ਦੂਜੇ ਦੀਆਂ ਕਾਪੀਆਂ ਮੰਗਵਾ ਕੇ ਸਿਰਫ਼ ਫੋਟੋਸਟੇਟ ਕਰਵਾ ਕੇ ਰੱਖ ਲੈਂਦੇ ਹਨ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਫੋਟੋਸਟੇਟ ਕੀਤੇ ਕਾਗਜ਼ ਕਦੇ ਵੀ ਮਨੁੱਖੀ ਮਸਤਕ ਵਿੱਚ ਗਿਆਨ ਦਾ ਸੰਚਾਰ ਨਹੀਂ ਕਰ ਸਕਦੇ। ਇਸ ਨਕਾਰਾਤਮਕ ਰੁਝਾਨ ਨੂੰ ਠੱਲ੍ਹ ਪਾਉਣ ਲਈ ਹੁਣ ਸਿਰਫ਼ ਸਕੂਲ ਪ੍ਰਸ਼ਾਸਨ ਜਾਂ ਅਧਿਆਪਕਾਂ ਦੇ ਇੱਕਤਰਫ਼ਾ ਯਤਨ ਹੀ ਕਾਫ਼ੀ ਨਹੀਂ ਹਨ ਬਲਕਿ ਇਸ ਲਈ ‘ਅਧਿਆਪਕ, ਮਾਪੇ ਅਤੇ ਵਿਦਿਆਰਥੀ’ ਦੀ ਇੱਕ ਮਜ਼ਬੂਤ ਤਿਕੋਣੀ ਸਾਂਝ ਦੀ ਫ਼ੌਰੀ ਲੋੜ ਹੈ।
ਸਕੂਲਾਂ ਵਿੱਚ ਸਮੇਂ-ਸਮੇਂ ’ਤੇ ਹੋਣ ਵਾਲੀ ਅਧਿਆਪਕ-ਮਾਪੇ ਮਿਲਣੀ (ਪੀ ਟੀ ਐੱਮ) ਇਸ ਗੰਭੀਰ ਸਮੱਸਿਆ ਦੇ ਨਿਵਾਰਨ ਲਈ ਇੱਕ ਬਹੁਤ ਹੀ ਢੁਕਵਾਂ ਅਤੇ ਅਹਿਮ ਪਲੇਟਫਾਰਮ ਸਾਬਤ ਹੋ ਸਕਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਮਿਲਣੀ ਦੌਰਾਨ ਕੇਵਲ ਬੱਚੇ ਦੇ ਪ੍ਰੀਖਿਆ ਅੰਕਾਂ ਬਾਰੇ ਹੀ ਨਾ ਪੁੱਛਣ, ਬਲਕਿ ਸੰਬੰਧਿਤ ਵਿਸ਼ਿਆਂ ਦੇ ਅਧਿਆਪਕਾਂ ਕੋਲ ਬੈਠ ਕੇ ਬੱਚੇ ਦੀਆਂ ਨੋਟ-ਬੁੱਕਾਂ ਦੀ ਖ਼ੁਦ ਬਾਰੀਕੀ ਨਾਲ ਜਾਂਚ ਕਰਨ ਅਤੇ ਅਧਿਆਪਕਾਂ ਵੱਲੋਂ ਲਾਲ ਸਿਆਹੀ ਨਾਲ ਲਿਖੀਆਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਪੜ੍ਹਨ। ਇਸ ਦੇ ਨਾਲ ਹੀ ਮਾਪਿਆਂ ਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਬੱਚਾ ਘਰੇ ਕਰਨ ਲਈ ਮਿਲਣ ਵਾਲਾ ਸਕੂਲ ਦਾ ਕੰਮ ਖ਼ੁਦ ਆਪਣੇ ਹੱਥੀਂ ਕਰੇ ਅਤੇ ਇਸ ਮਿਲਣੀ ਦੌਰਾਨ ਮਿਲੇ ਸੁਝਾਵਾਂ ਨੂੰ ਘਰ ਦੇ ਮਾਹੌਲ ਵਿੱਚ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ। ਸਕੂਲ ਪੱਧਰ ’ਤੇ ਵੀ ਵਿਦਿਆਰਥੀਆਂ ਨੂੰ ਲਿਖਤੀ ਕਾਰਜ ਲਈ ਉਤਸ਼ਾਹਿਤ ਕਰਨ ਵਾਸਤੇ ਵਿਸ਼ੇਸ਼ ਮੁਹਿੰਮਾਂ ਵਿੱਢਣ ਦੀ ਲੋੜ ਹੈ।
ਇਸ ਤਹਿਤ ਸਭ ਤੋਂ ਸਾਫ਼-ਸੁਥਰੀਆਂ ਅਤੇ ਮੁਕੰਮਲ ਕਾਪੀਆਂ ਰੱਖਣ ਵਾਲੇ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇੰਨਾ ਹੀ ਨਹੀਂ ਆਉਣ ਵਾਲੀਆਂ ਅਧਿਆਪਕ-ਮਾਪੇ ਮਿਲਣੀਆਂ ਵਿੱਚ ਇਨ੍ਹਾਂ ਕਾਪੀਆਂ ਨੂੰ ਦੂਜੇ ਮਾਪਿਆਂ ਅਤੇ ਵਿਦਿਆਰਥੀਆਂ ਦੇ ਸਾਹਮਣੇ ਇੱਕ ਮਾਡਲ ਵਜੋਂ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਸਭ ਵਿੱਚ ਇੱਕ ਸਕਾਰਾਤਮਕ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਹੋਵੇ। ਮੂਲ ਰੂਪ ਵਿੱਚ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਨੋਟ-ਬੁੱਕ ਸਿਰਫ਼ ਕਾਗਜ਼ਾਂ ਦਾ ਇੱਕ ਪੁਲੰਦਾ ਨਹੀਂ ਹੁੰਦੀ ਬਲਕਿ ਇਹ ਵਿਦਿਆਰਥੀ ਦੀ ਸਾਲ ਭਰ ਦੀ ਮਿਹਨਤ, ਉਸ ਦੇ ਅਨੁਸ਼ਾਸਨ ਅਤੇ ਉਸ ਦੇ ਅਕਾਦਮਿਕ ਚਰਿੱਤਰ ਦਾ ਸ਼ੀਸ਼ਾ ਹੁੰਦੀ ਹੈ। ਜੇਕਰ ਅਸੀਂ ਅੱਜ ਪੀ ਟੀ ਐੱਮ ਵਰਗੇ ਸਾਂਝੇ ਉਪਰਾਲਿਆਂ ਰਾਹੀਂ ਬੱਚਿਆਂ ਵਿੱਚ ਲਿਖਣ ਦੀ ਇਸ ਸਦੀਵੀ ਆਦਤ ਨੂੰ ਸੁਰੱਖਿਅਤ ਨਾ ਰੱਖ ਸਕੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਸੰਵੇਦਨਸ਼ੀਲ, ਗੰਭੀਰ ਅਤੇ ਬੌਧਿਕ ਪੀੜ੍ਹੀ ਦੀ ਸਿਰਜਣਾ ਕਰਨ ਵਿੱਚ ਨਾਕਾਮਯਾਬ ਸਿੱਧ ਹੋਵਾਂਗੇ।
ਸੰਪਰਕ: 98551-00952
