DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦਿਆਰਥੀ ਕਿਉਂ ਤੁਰੇ ਖੁਦਕੁਸ਼ੀ ਦੇ ਰਾਹ ?

ਸਾਡੇ ਸਮਾਜ ਵਿੱਚ ਡਾਕਟਰ ਅਤੇ ਇੰਜਨੀਅਰ ਨੂੰ ਬੜੇ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਚੰਗੇ ਅਦਾਰੇ ਵਿੱਚ ਇੰਜਨੀਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਕਰਨਾ ਮਾਣ ਵਾਲੀ ਗੱਲ ਹੈ। ਚੰਗੇ ਅਦਾਰਿਆਂ ਵਿੱਚ ਦਾਖਲਾ ਵੀ ਕਿਸਮਤ ਵਾਲੇ ਵਿਦਿਆਰਥੀਆਂ ਨੂੰ ਹੀ ਮਿਲਦਾ ਹੈ।...

  • fb
  • twitter
  • whatsapp
  • whatsapp
Advertisement

ਸਾਡੇ ਸਮਾਜ ਵਿੱਚ ਡਾਕਟਰ ਅਤੇ ਇੰਜਨੀਅਰ ਨੂੰ ਬੜੇ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਚੰਗੇ ਅਦਾਰੇ ਵਿੱਚ ਇੰਜਨੀਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਕਰਨਾ ਮਾਣ ਵਾਲੀ ਗੱਲ ਹੈ। ਚੰਗੇ ਅਦਾਰਿਆਂ ਵਿੱਚ ਦਾਖਲਾ ਵੀ ਕਿਸਮਤ ਵਾਲੇ ਵਿਦਿਆਰਥੀਆਂ ਨੂੰ ਹੀ ਮਿਲਦਾ ਹੈ।

ਮੈਡੀਕਲ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਇੰਨੀ ਮਹਿੰਗੀ ਹੈ ਕਿ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੈ। ਐੱਮਬੀਬੀਐੱਸ ਦੀ ਪੜ੍ਹਾਈ ਦਾ ਖ਼ਰਚਾ ਕਰੋੜ ਨੂੰ ਢੁੱਕਣ ਵਾਲਾ ਹੈ। ਆਈਆਈਟੀ ਅਤੇ ਆਈਆਈਐੱਮ ਵਿੱਚ ਗ੍ਰੈਜੂਏਸ਼ਨ ਦਾ ਕੋਰਸ ਵੀ ਅੱਧੇ ਕਰੋੜ ਨੂੰ ਪਾਰ ਕਰਨ ਲੱਗਾ ਹੈ। ਦੂਜੇ ਬੰਨੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਮਿਆਰੀ ਅਦਾਰਿਆਂ ਦੀ ਗਿਣਤੀ ਘੱਟ ਹੈ। ਜ਼ਿਆਦਾਤਰ ਸਰਕਾਰੀ ਅਦਾਰੇ ਮੁੱਢਲੇ ਢਾਂਚੇ ਪੱਖੋਂ ਊਣੇ ਮੰਨੇ ਗਏ ਹਨ ਜਦੋਂ ਕਿ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਪੈਸਾ ਕਮਾਉਣ ਦਾ ਜ਼ਰੀਆ ਬਣ ਗਈਆਂ ਹਨ।

Advertisement

ਚੰਗੇ ਅਤੇ ਮਿਆਰੀ ਅਦਾਰੇ ਵਿੱਚ ਦਾਖਲਾ ਲੈਣ ਲਈ ਤਿਆਰੀ ਕਰਾਉਣ ਵਾਲੇ ਕੋਚਿੰਗ ਸੈਂਟਰਾਂ ਦੀ ਫੀਸ ਲੱਖਾਂ ਰੁਪਏ ਬਣਦੀ ਹੈ। ਬੜੀ ਵਾਰ ਬੱਚਿਆਂ ਤੇ ਮਾਪਿਆਂ ਨੂੰ ਚੰਗੇ ਅਦਾਰੇ ਤੋਂ ਕੋਚਿੰਗ ਲੈਣ ਲਈ ਘਰ ਬਾਰ ਤੱਕ ਛੱਡਣਾ ਪੈਂਦਾ ਹੈ। ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਮਿਹਨਤ ਤੇ ਪੈਸਾ ਖ਼ਰਚ ਕਾਰਨ ਦੇ ਬਾਵਜੂਦ ਚੰਗੇ ਤੇ ਮਿਆਰੀ ਅਦਾਰੇ ਵਿੱਚ ਦਾਖਲਾ ਨਾ ਮਿਲੇ ਤਾਂ ਕਈ ਵਿਦਿਆਰਥੀ ਹਾਰ ਮੰਨ ਜਾਂਦੇ ਹਨ ਅਤੇ ਉਹ ਆਪਣੀ ਜ਼ਿੰਦਗੀ ਖ਼ਤਮ ਕਰਨ ਤੱਕ ਚਲੇ ਜਾਂਦੇ ਹਨ। ਇਸ ਤੋਂ ਵੀ ਵੱਧ ਦੁੱਖ ਉਦੋਂ ਹੁੰਦਾ ਹੈ ਜਦੋਂ ਦਾਖਲਾ ਮਿਲਣ ’ਤੇ ਚੰਗੇ ਨਤੀਜੇ ਨਾ ਦੇ ਸਕਣ ਕਰਕੇ ਵਿਦਿਆਰਥੀ ਖੁਦਕੁਸ਼ੀ ਦੇ ਰਾਹ ਪੈ ਜਾਂਦੇ ਹਨ। ਮਰਨ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਅਤੇ ਨਾ ਹੀ ਜਾਨ ਦੇਣੀ ਇੰਨੀ ਸੌਖੀ ਹੈ, ਪਰ ਇਨ੍ਹਾਂ ਵਿਦਿਆਰਥੀਆਂ ਅੰਦਰ ਨਿਰਾਸ਼ਾ ਇੰਨੀ ਵਧ ਜਾਂਦੀ ਹੈ ਕਿ ਉਹ ਏਡਾ ਘਾਤਕ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ।

Advertisement

ਅੰਕੜੇ ਦੱਸਦੇ ਹਨ ਕਿ ਆਈਆਈਟੀ ਵਿੱਚ 20 ਸਾਲਾਂ ਦੌਰਾਨ 160 ਵਿਦਿਆਰਥੀ ਖ਼ੁਦਕਸ਼ੀ ਕਰ ਚੁੱਕੇ ਹਨ। ਆਈਆਈਟੀ ਮੁੰਬਈ ਵਿੱਚ ਚਾਲੂ ਮਹੀਨੇ ਦੌਰਾਨ ਤਿੰਨ ਵਿਦਿਆਰਥੀ ਆਪਣੀ ਜੀਵਨ ਲੀਲਾ ਖ਼ਤਮ ਕਰ ਚੁੱਕੇ ਹਨ। ਆਈਆਈਟੀ ਅਲੂਮਨੀ ਸਪੋਰਟਸ ਗਰੁੱਪ ਮੁਤਾਬਕ ਪਿਛਲੇ 20 ਸਾਲਾਂ ਵਿੱਚ 160 ਆਈਆਈਟੀ ਵਿਦਿਆਰਥੀਆਂ ਨੇ ਆਤਮਹੱਤਿਆ ਕੀਤੀ ਹੈ। ਰਿਪੋਰਟ ਮੁਤਾਬਿਕ 2025 ਵਿੱਚ ਸਭ ਤੋਂ ਵੱਧ ਰਿਕਾਰਡ 16 ਮੌਤਾਂ ਹੋਈਆਂ ਸਨ। ਸਾਲ 2021 ਵਿੱਚ ਨੌਂ, 2022 ਵਿੱਚ 12 ਅਤੇ 2023 ਵਿੱਚ 14 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ। 2024 ਵਿੱਚ ਇਹ ਗਿਣਤੀ ਵਧ ਕੇ 15 ਹੋ ਗਈ ਸੀ ਜਦੋਂ ਕਿ ਪਿਛਲੇ ਸਾਲ ਸਭ ਤੋਂ ਵੱਧ 16 ਨੇ ਖੁਦਕੁਸ਼ੀ ਕੀਤੀ। ਚਾਲੂ ਸਾਲ ਦੇ ਅੱਠ ਮਹੀਨਿਆਂ ਵਿੱਚ ਨੌਂ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਆਈਆਈਟੀ ਖੜਗਪੁਰ ਦੇ 11 ਵਿਦਿਆਰਥੀਆਂ ਨੇ ਖੁਦਕੁਸ਼ੀ ਦਾ ਰਾਹ ਚੁਣਿਆ ਜਦੋਂ ਕਿ ਆਈਆਈਟੀ ਕਾਨਪੁਰ ਅਤੇ ਆਈਆਈਟੀ ਮਦਰਾਸ ਦੇ ਨੌਂ-ਨੌਂ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਆਈਆਈਟੀ ਦਿੱਲੀ ਦੇ ਅੱਠ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ।

ਸਾਲ 2020 ਦੀਆਂ ਖੁਦਕੁਸ਼ੀਆਂ ਦੀ ਗੱਲ ਕਰੀਏ ਤਾਂ ਪਹਿਲੇ ਸਾਲ ਦੇ ਇੱਕ, ਦੂਜੇ ਸਾਲ ਦੇ ਚਾਰ, ਤੀਜੇ ਸਾਲ ਦੇ ਦੋ ਅਤੇ ਪੰਜਵੇਂ ਸਾਲ ਦੇ ਇੱਕ ਵਿਦਿਆਰਥੀ ਨੇ ਆਪਣੇ ਜੀਵਨ ਲੀਲਾ ਖ਼ਤਮ ਕੀਤੀ। ਪੀਐੱਚ.ਡੀ ਦਾ ਇੱਕ ਵਿਦਿਆਰਥੀ ਵੀ ਆਪਣੀ ਜਾਨ ਗਵਾ ਚੁੱਕਾ ਹੈ। ਰਿਪੋਰਟ ਵਿੱਚ ਇੱਕ ਹੋਰ ਮਹੱਤਵਪੂਰਨ ਪੱਖ ਦੱਸਿਆ ਗਿਆ ਹੈ ਕਿ ਅਕਾਦਮਿਕ ਤਣਾਅ ਕਰਨ 60 ਫ਼ੀਸਦੀ, ਨੌਕਰੀ ਨਾ ਮਿਲਣ ਦੀ ਸੰਭਾਵਨਾ ਕਰਕੇ 12 ਫ਼ੀਸਦੀ, ਨਿੱਜੀ ਕਾਰਨਾਂ ਕਰਕੇ 11 ਫ਼ੀਸਦੀ, ਪਰਿਵਾਰਕ ਸਮੱਸਿਆਵਾਂ ਦੇ ਚੱਲਦਿਆਂ 10 ਫ਼ੀਸਦੀ ਅਤੇ ਭੇਦਭਾਵ ਕਰਕੇ 6 ਫ਼ੀਸਦੀ ਵਿਦਿਆਰਥੀਆਂ ਨੇ ਇਹ ਕਦਮ ਚੁੱਕੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਵਿਦਿਆਰਥੀ ਇਮਤਿਹਾਨਾਂ ਦੇ ਨੇੜੇ ਤੇੜੇ ਅਜਿਹਾ ਕਦਮ ਚੁੱਕਦੇ ਹਨ।

ਮੈਡੀਕਲ ਦੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਹਰ ਸਾਲ 20 ਤੋਂ 25 ਵਿਦਿਆਰਥੀ ਜ਼ਿੰਦਗੀ ਤੋਂ ਹਾਰ ਕੇ ਖੁਦਕਸ਼ੀ ਦੇ ਰਾਹ ਤੁਰ ਪੈਂਦੇ ਹਨ। ਪਿਛਲੇ ਪੰਜ ਸਾਲਾਂ ਦੌਰਾਨ ਮੈਡੀਕਲ ਦੇ 122 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ ਅਤੇ 1270 ਵਿੱਚ ਹੀ ਪੜ੍ਹਾਈ ਛੱਡ ਗਏ ਹਨ। ਪੜ੍ਹਾਈ ਛੱਡਣ ਵਾਲਿਆਂ ਵਿੱਚੋਂ 1117 ਡਾਕਟਰ ਪੋਸਟ ਗ੍ਰੈਜੂਏਸ਼ਨ ਕਰ ਰਹੇ ਸਨ। ਡਾਕਟਰਾਂ ਦੀ ਖ਼ੁਦਕੁਸ਼ੀ ਦਾ ਵੱਡਾ ਕਾਰਨ ਕੰਮ ਦਾ ਦਬਾਅ ਦੱਸਿਆ ਜਾ ਰਿਹਾ ਹੈ। ਕਈ ਪੜ੍ਹਾਈ ਦੇ ਬੋਝ ਮੂਹਰੇ ਹੱਥ ਖੜ੍ਹੇ ਕਰ ਜਾਂਦੇ ਹਨ। ਹੋਰਾਂ ਦੇ ਅੱਗੇ ਭਾਸ਼ਾ ਦਾ ਪੂਰਾ ਗਿਆਨ ਨਾ ਹੋਣਾ ਵੀ ਆ ਖੜ੍ਹਦਾ ਹੈ। ਮੈਡੀਕਲ ਦੇ ਵਿਦਿਆਰਥੀਆਂ ਨੂੰ ਦਾਖਲੇ ਵੇਲੇ ਕੋਰਸ ਅੱਧ ਵਿਚਾਲੇ ਛੱਡਣ ਦੀ ਸੂਰਤ ਵਿੱਚ 50 ਲੱਖ ਦਾ ਬਾਂਡ ਵੀ ਭਰਨਾ ਪੈਂਦਾ ਹੈ।

ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਡਾਕਟਰੀ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਉੱਤੇ ਖ਼ਰਚਾ ਤਾਂ ਕਰੋੜਾਂ ਵਿੱਚ ਆ ਰਿਹਾ ਹੈ, ਪਰ ਤਨਖਾਹਾਂ ਬਹੁਤ ਨਿਗੂਣੀਆਂ ਹਨ। ਮੈਡੀਕਲ ਦੀ ਛੇ ਸਾਲਾਂ ਦੀ ਪੜ੍ਹਾਈ ਦੌਰਾਨ ਕਰੋੜ ਦੇ ਕਰੀਬ ਖ਼ਰਚਣ ਤੋਂ ਬਾਅਦ 70 ਹਜ਼ਾਰ ਮਹੀਨਾ ਦੀ ਸਰਕਾਰੀ ਨੌਕਰੀ ਕਰਨੀ ਪੈਂਦੀ ਹੈ। ਇੰਜਨੀਅਰ ਵੀ ਵਿਰਲੇ ਟਾਵੇਂ ਹੀ ਹੋਣਗੇ ਜਿਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਬਰਾਬਰ ਤਨਖਾਹ ਮਿਲਦੀ ਹੋਵੇ। ਪ੍ਰਾਈਵੇਟ ਖੇਤਰ ਵਿੱਚ ਤਨਖਾਹ ਤਾਂ ਵੱਧ ਹੈ, ਪਰ ਡਿਊਟੀ ’ਤੇ ਪੂਰੇ ਦਾ ਪੂਰਾ ਦਿਨ ਜਾਂ ਪੂਰੀ ਰਾਤ ਗੁਜ਼ਾਰਨੀ ਪੈਂਦੀ ਹੈ।

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 2024 ਵਿੱਚ ਮੈਡੀਕਲ ਅਤੇ ਇੰਜਨੀਅਰਿੰਗ ਦੇ 1000 ਵਿਦਿਆਰਥੀਆਂ ਪਿੱਛੇ ਇੱਕ ਕੌਂਸਲਰ ਰੱਖਿਆ ਗਿਆ ਸੀ। ਆਈਆਈਟੀ ਖੜਗਪੁਰ, ਦਿੱਲੀ ਜਾਂ ਕਾਨਪੁਰ ਦੀ ਗੱਲ ਕਰੀਏ ਤਾਂ ਡੇਢ ਹਜ਼ਾਰ ਵਿਦਿਆਰਥੀਆਂ ਪਿੱਛੇ ਇੱਕ ਕੌਂਸਲਰ ਹੈ।

ਭਾਰਤ ਵਿੱਚ ਹਾਲੇ ਸਕਿਲਡ ਵਰਕਰਾਂ ਦਾ ਮੁੱਲ ਨਹੀਂ ਪੈਣ ਲੱਗਾ। ਇਸੇ ਕਰਕੇ ਨੌਜਵਾਨ ਇੱਧਰ ਨੂੰ ਤੁਰ ਵੀ ਨਹੀਂ ਰਹੇ ਹਨ। ਪੱਛਮੀ ਦੇਸ਼ਾਂ ਵਿੱਚ ਹੱਥੀਂ ਕੰਮ ਕਰਨ ਵਾਲਿਆਂ ਨੂੰ ਦਫ਼ਤਰਾਂ ਵਿੱਚ ਬੈਠ ਕੇ ਕੰਮ ਕਰਨ ਵਾਲਿਆਂ ਨਾਲੋਂ ਵੱਧ ਕਮਾਈ ਹੁੰਦੀ ਹੈ। ਭਾਰਤ ਵਿੱਚ ਸਮਾਜ ਹੱਥੀਂ ਕੰਮ ਕਰਨ ਵਾਲੇ ਦਾ ਇੰਨਾ ਮੁੱਲ ਨਹੀਂ ਪਾਉਂਦਾ ਜਿੰਨਾ ਮਾਣ ਸਤਿਕਾਰ ਕੁਰਸੀਆਂ ਉੱਤੇ ਬੈਠ ਕੇ ਹੁਕਮ ਚਲਾਉਣ ਵਾਲਿਆਂ ਦਾ ਹੈ। ਭਾਰਤ ਵਿੱਚ ਵਧ ਰਹੀ ਬੇਰੁਜ਼ਗਾਰੀ ਦੀ ਇੱਕ ਵੱਡੀ ਵਜ੍ਹਾ ਵੀ ਇਹੋ ਹੈ।

ਮੁਕਾਬਲੇ ਦੇ ਯੁੱਗ ਵਿੱਚ ਜਿੱਥੇ ਮਾਪੇ ਬੱਚਿਆਂ ਉੱਤੇ ਵੱਧ ਨੰਬਰ ਅਤੇ ਚੰਗੇ ਵਿਦਿਅਕ ਅਦਾਰੇ ਵਿੱਚ ਦਾਖਲਾ ਲੈਣ ਦਾ ਦਬਾਅ ਬਣਾਉਂਦੇ ਹਨ, ਉੱਥੇ ਕਈ ਬੱਚੇ ਵੀ ਵੱਡੀ ਮੰਜ਼ਿਲ ਹਾਸਿਲ ਕਰਨ ਦੀ ਧਾਰ ਕੇ ਤੁਰਦੇ ਹਨ। ਮਾਪਿਆਂ ਦੀਆਂ ਇੱਛਾਵਾਂ ’ਤੇ ਜਦੋਂ ਬੱਚੇ ਪੂਰੇ ਨਹੀਂ ਉਤਰਦੇ ਜਾਂ ਫਿਰ ਮਿੱਥੀ ਮੰਜ਼ਿਲ ਸਰ ਕਰਨੀ ਮੁਸ਼ਕਿਲ ਲੱਗਦੀ ਹੈ ਤਦ ਉਹ ਜ਼ਿੰਦਗੀ ਨੂੰ ਖ਼ਤਮ ਕਰਨ ਦੀ ਸੋਚਣ ਲੱਗਦੇ ਹਨ।

ਨੌਜਵਾਨਾਂ ਨੂੰ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਇਹ ਸਿੱਖਿਆ ਦੇਣ ਦੀ ਲੋੜ ਹੈ ਕਿ ਅਫਸਲ ਹੋਣ ’ਤੇ ਜ਼ਿੰਦਗੀ ਖ਼ਤਮ ਨਹੀਂ ਹੁੰਦੀ, ਬਲਕਿ ਕਈ ਵਾਰ ਅਸਫਲਤਾ ਦਾ ਸਬਕ ਉਨ੍ਹਾਂ ਨੂੰ ਅਜਿਹੀ ਉੱਚਾਈ ’ਤੇ ਲੈ ਜਾਂਦਾ ਹੈ, ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਾ ਹੋਵੇ। ਵਿਦਿਆਰਥੀਆਂ ਨੂੰ ਆਪ ਵੀ ਸਮਝਣਾ ਚਾਹੀਦਾ ਹੈ ਕਿ ਮੰਜ਼ਿਲ ਤੋਂ ਉਰੇ ਰੁਕ ਜਾਣ ਨਾਲ ਜ਼ਿੰਦਗੀ ਖ਼ਤਮ ਨਹੀਂ ਹੋ ਜਾਂਦੀ। ਇੱਕ ਰਸਤਾ ਬੰਦ ਹੁੰਦਾ ਹੈ ਤਾਂ ਬੰਦਾ ਹਿੰਮਤੀ ਹੋਵੇ ਹੋਰ ਕੋਈ ਰਸਤੇ ਆਪਣੇ ਆਪ ਖੁੱਲ੍ਹ ਜਾਂਦੇ ਹਨ। ਪੇਸ਼ੇ ਵਿੱਚ ਚੋਟੀ ਨੂੰ ਹੱਥ ਲਾਉਣ ਨਾਲੋਂ ਵਧੀਆ ਤੇ ਸਫਲ ਇਨਸਾਨ ਬਣਨਾ ਕਿਤੇ ਬਿਹਤਰ ਹੁੰਦਾ ਹੈ। ਮਾਪੇ ਤੇ ਅਧਿਆਪਕ ਬੱਚਿਆਂ ਵਾਸਤੇ ਰਾਹ ਦਸੇਰਾ ਬਣਨ ਤਾਂ ਬੱਚੇ ਸਹੀ ਰਸਤੇ ਉੱਤੇ ਆਪਣੇ ਆਪ ਤੁਰਨ ਲੱਗ ਪੈਣਗੇ।

ਸੰਪਰਕ: 98147-34035

Advertisement
×