ਰਹਣੁ ਕਿਥਾਊ ਨਾਹਿ

ਰਹਣੁ ਕਿਥਾਊ ਨਾਹਿ

ਫਿਲਮ ‘ਨੋਮੈਡਲੈਂਡ’ ਦਾ ਇਕ ਦ੍ਰਿਸ਼

ਯਾਦਵਿੰਦਰ ਸਿੰਘ

ਸਰਮਾਏਦਾਰੀ ਕੁਹਜ

ਉਹ ਲੋਕ ਹਾਲੇ ਬਚਪਨੇ ਵਿਚ ਜਿਉਂਦੇ ਨੇ ਜਿਹੜੇ ਸਿਰਫ਼ ਆਪਣੀ ਜੰਮਣ-ਭੋਇੰ ਨੂੰ ਹੀ ਪਿਆਰ ਕਰਦੇ ਨੇ; ਉਹ ਸਿਆਣੇ ਹੋ ਚੁੱਕੇ ਨੇ ਜਿਹੜੇ ਸਾਰੀਆਂ ਥਾਂਵਾਂ ਨੂੰ ਹੀ ਆਪਣੀ ਜਨਮ ਭੂਮੀ ਸਮਝਦੇ ਨੇ; ਪਰ ਪਾਰਖੂ ਉਹ ਨੇ, ਜਿਨ੍ਹਾਂ ਜਾਣ ਲਿਆ ਹੈ ਕਿ ਸਾਰੀਆਂ ਥਾਂਵਾਂ ਹੀ ਬੇਗਾਨੀਆਂ ਨੇ।

- ਹਿਊ ਆਫ ਸੇਂਟ ਵਿਕਟਰ

ਦੁਨੀਆਂ ਦੀ ਸਭ ਤੋਂ ਤਾਕਤਵਾਰ ਮੰਨੀ ਜਾਂਦੀ ਅਮਰੀਕੀ ਆਰਥਿਕਤਾ ਦਾ ਉਮਰ ਭਰ ਬਾਲਣ ਬਣੇ ਬਜ਼ੁਰਗਾਂ ਨੂੰ ਸਰਮਾਏਦਾਰੀ ਨਿਜ਼ਾਮ ਵਿਸਾਰ ਚੁੱਕਿਆ ਹੈ। ਐਮਾਜ਼ੋਨ ਸਟੋਰਾਂ, ਕੌਮੀ ਸ਼ਾਹਰਾਹਾਂ ’ਤੇ ਬਣੇ ਢਾਬਿਆਂ ’ਤੇ ਸਾਫ਼-ਸਫ਼ਾਈ ਜਿਹੇ ਛੋਟੇ-ਮੋਟੇ ਕੰਮ-ਧੰਦੇ ਕਰਕੇ ਦਿਨ-ਕਟੀ ਕਰਦੇ, ਜ਼ਿੰਦਗੀ ਦੇ ਅੰਤਲੇ ਪੜਾਅ ਨੂੰ ਢੁੱਕੇ ਇਹ ਲੋਕ ਇਸ ਮੁਲਕ ਅੰਦਰ ਟੱਪਰੀਵਾਸਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਅਮਰੀਕਾ ਦੀ ਚਕਾਚੌਂਧ ਵਾਲੀ ਤਰਜ਼-ਏ-ਜ਼ਿੰਦਗੀ ਦੀਆਂ ਕਹਾਣੀਆਂ ਕਹਿੰਦਾ ਹੌਲੀਵੁੱਡ ਇਨ੍ਹਾਂ ਬਜ਼ੁਰਗਾਂ ਨਾਲ ਜੁੜੀਆਂ ਉਦਾਸ ਸ਼ਾਮਾਂ ਦੀ ਬਾਤ ਪਾਉਣੋਂ ਝਿਜਕਦਾ ਹੈ। 

ਸਿਖ਼ਰ ਦੁਪਹਿਰ ਦੀ ਲਿਸ਼ਕੋਰ ਵਾਲੇ ਇਸ ਬਿਆਨੀਏ ਵਿਚ ਕਿਸੇ ਵੱਡੀ ਇਮਾਰਤ ਪਿੱਛੇ ਡਿੱਗ ਕੇ ਖ਼ੁਦਕੁਸ਼ੀ ਕਰਦੇ ਸੂਰਜ ਦੀ ਵਿੱਥਿਆ ਦਰਜ ਨਹੀਂ ਹੁੰਦੀ। ਜਾਂ ਕਹੀਏ ਕਿ ਨਿਰੰਤਰ ਕੰਮ ਤੇ ਕਾਮ ਨਾਲ ਲਬਰੇਜ਼ ਜਿਸਮਾਂ ਦਾ ਕਥਾ-ਸੰਸਾਰ ਬੁਣਨ ਵਾਲੇ ਅਮਰੀਕੀ ਸਿਨਮਾ ਕੋਲੋਂ ਜੀਵਨ ਦੇ ਅੰਤਲੇ ਪੰਧ ਨੂੰ ਢੁੱਕੀਆਂ ਦੇਹਾਂ ਦਾ ਭਾਰ ਢੋਇਆ ਨਹੀਂ ਜਾਂਦਾ।

ਇਸ ਦੀ ਨਿਰਦੇਸ਼ਕ ਕਲੋਈ ਚਾਓ।

ਚੀਨੀ ਮੂਲ ਦੀ ਅਮਰੀਕੀ ਫਿਲਮ ਨਿਰਦੇਸ਼ਕ ਕਲੋਈ ਚਾਓ ਨੇ ਫਿਲਮ ‘ਨੋਮੈਡਲੈਂਡ’ (2020) ਰਾਹੀਂ ਵਕਤ ਦੇ ਸਫ਼ੇ ’ਤੇ ਆਪਣੀਆਂ ਪੈੜਾਂ ਦੇ ਆਖ਼ਰੀ ਨਿਸ਼ਾਨ ਛੱਡ ਕੇ ਰੁਖ਼ਸਤ ਹੋ ਰਹੇ ਅਮਰੀਕੀ ਬਜ਼ੁਰਗਾਂ ਦੀ ਹੋਣੀ ਨੂੰ ਜ਼ੁਬਾਨ ਦੇਣ ਦੀ ਜ਼ੁਅੱਰਤ ਕੀਤੀ ਹੈ। ਇਸ ਫਿਲਮ ਦਾ ਜ਼ਾਹਰੀ ਕੈਨਵਸ ਭਾਵੇਂ 2007-08 ਦੀ ਅਮਰੀਕੀ ਮੰਦੀ ਨੂੰ ਪਿੱਠਭੂਮੀ ਵਿਚ ਰੱਖਦਾ ਹੈ, ਪਰ ਸੂਖ਼ਮ ਰੂਪ ਵਿਚ ਇਹ ਫ਼ਿਲਮ ਪਿਛਲੇ ਪੰਜ ਦਹਾਕਿਆਂ ਦੌਰਾਨ ਮਨੁੱਖੀ ਕਿਰਤ ਨੂੰ ਪੂੰਜੀ ਦੇ ਰਹਿਮੋ-ਕਰਮ ’ਤੇ ਛੱਡ ਦੇਣ ਵਾਲੀਆਂ ਆਰਥਿਕ ਨੀਤੀਆਂ ’ਤੇ ਤਬਸਰਾ ਹੈ। 2014 ਵਿਚ ਪੱਤਰਕਾਰ ਜੈਸਿਕਾ ਬਰੁਡਰ ਨੇ ਹਾਰਪਰ ਮੈਗਜ਼ੀਨ ਲਈ ਆਰਥਿਕ ਮੰਦੀ ਦਾ ਸ਼ਿਕਾਰ ਅਮਰੀਕੀ ਬਜ਼ੁਰਗਾਂ ਬਾਰੇ ਮਜ਼ਮੂਨ ਲਿਖਿਆ। ਉਸ ਨੇ ਐਮਾਜ਼ੋਨ ਸਟੋਰਾਂ ਵਿਚ ਦਿਹਾੜੀਆਂ ਕਰਦੇ ਅਤੇ ਢਲਦੀ ਉਮਰ ਵਿਚ ਵੀ ਸੇਵਾਮੁਕਤ ਹੋਣ ਦਾ ਜੋਖ਼ਮ ਨਾ ਉਠਾ ਸਕਣ ਵਾਲੇ ਲੋਕਾਂ ਦੀ ਇੰਟਰਵਿਊ ਕੀਤੀ। ਬਰੁਡਰ ਜਿਨ੍ਹਾਂ ਬਜ਼ੁਰਗਾਂ ਨੂੰ ਮਿਲੀ ਉਨ੍ਹਾਂ ਵਿਚੋਂ ਬਹੁਤਿਆਂ ਦਾ ਕਹਿਣਾ ਸੀ ਕਿ ਬੇਸ਼ੱਕ ਉਹ ਹਾਰੀ ਹੋਈ ਜੰਗ ਲੜ ਰਹੇ ਹਨ, ਪਰ ਇਸ ਦੇ ਬਾਵਜੂਦ ਆਪਣੀ ਨਾਬਰੀ ਦੇ ਪਰਚਮ ਨੂੰ ਬੁਲੰਦ ਰੱਖਣਾ ਚਾਹੁੰਦੇ ਹਨ। ਉਮਰ ਭਰ ਕਿਰਾਏ ਦੀਆਂ ਕਿਸ਼ਤਾਂ ਦੇ ਸੰਗਲਾਂ ਵਿਚ ਜਕੜੇ ਰਹਿਣ ਨਾਲੋਂ ਇਨ੍ਹਾਂ ਲੋਕਾਂ ਨੇ ਬਾਕੀ ਬਚਦੀ ਜ਼ਿੰਦਗੀ ਆਪਣੇ ਵਾਹਨਾਂ ਵਿਚ ਗੁਜ਼ਾਰਨ ਦਾ ਰਾਹ ਚੁਣਿਆ। 2017 ਵਿਚ ਬਰੁਡਰ ਨੇ ਇਸ ਮਜ਼ਮੂਨ ਨੂੰ ਵਿਸਥਾਰ ਦਿੰਦਿਆਂ ‘ਨੋਮੈਡਲੈਂਡ: ਸਰਵਿੰਗ ਅਮਰੀਕਾ ਇਨ ਦਿ ਟਵੰਟੀ ਫਸਟ ਸੈਂਚਰੀ’ 

ਨਾਂ ਦੀ ਕਿਤਾਬ ਲਿਖੀ ਜਿਹੜੀ ਬਾਅਦ ਵਿਚ 

ਕਲੋਈ ਚਾਓ ਦੀ ਫ਼ਿਲਮ ਦਾ ਮਸੌਦਾ ਬਣੀ।

ਫ਼ਿਲਮ ‘ਨੋਮੈਡਲੈਂਡ’ ਬਰੁਡਰ ਦੀ ਇਸ ਕਿਤਾਬ ’ਤੇ ਆਧਾਰਿਤ ਜ਼ਰੂਰ ਹੈ, ਪਰ ਇਹ ਇਸ ਦਾ ਹੂਬਹੂ ਉਤਾਰਾ ਨਹੀਂ। ਚਾਓ, ਸਰਮਾਏਦਾਰੀ ਨਿਜ਼ਾਮ ਦੀ ਹਕੀਕਤ ਨੂੰ ਕਲਪਨਾ ਦੀ ਮਿੱਟੀ ਰਾਹੀਂ ਨਵੇਂ ਸਿਰਿਓਂ ਗੁੰਨ੍ਹਦੀ ਹੈ। ਇਕ ਪਾਸੇ ਉਸ ਨੇ ਲਿੰਡਾ ਮਈ, ਸਵੈਂਕੀ ਤੇ ਬੌਬ ਵੇਲਸ ਜਿਹੇ ਗ਼ੈਰ-ਪੇਸ਼ੇਵਰ ਅਦਾਕਾਰਾਂ ਦੀ ਹਕੀਕੀ ਜ਼ਿੰਦਗੀ ਨੂੰ ਫ਼ਿਲਮ ਦੀ ਪਟਕਥਾ ਦਾ ਹਿੱਸਾ ਬਣਾਇਆ ਹੈ ਜਦੋਂਕਿ ਦੂਜੇ ਪਾਸੇ ਫਰਨ ਤੇ ਡੇਵ ਜਿਹੇ ਕਾਲਪਨਿਕ ਪਾਤਰ ਸਿਰਜੇ ਹਨ ਜਿਹੜੇ ਤਸੱਵਰ ਤੇ ਯਥਾਰਥ ਵਿਚਲੇ ਪਾੜੇ ਨੂੰ ਮੇਟਦਿਆਂ ਇਸ ਫ਼ਿਲਮ ਨੂੰ ਕਲਾਤਮਿਕ ਛੋਹਾਂ ਦਿੰਦੇ ਹਨ। ਚਾਓ ਦੇ ਇਸ ਤਜ਼ਰਬੇ ’ਤੇ ਕਈ ਫ਼ਿਲਮ ਸਮੀਖਿਅਕਾਂ ਨੂੰ ਇਤਰਾਜ਼ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਚਾਓ ਦੀ ਫ਼ਿਲਮ ਓਨੀ ਸ਼ਿੱਦਤ ਨਾਲ ਪੂੰਜੀਵਾਦੀ ਮਾਡਲ ਤੇ ਖ਼ਾਸਕਰ ਐਮਾਜ਼ੋਨ ਦੇ ਕੰਮ-ਕਾਜੀ ਢੰਗਾਂ ਦੀ ਤਨਕੀਦ ਨਹੀਂ ਕਰਦੀ, ਜਿਵੇਂ ਇਹ ਬਰੁਡਰ ਦੀ ਕਿਤਾਬ ਵਿਚ ਮੌਜੂਦ ਹੈ। ਬੁਨਿਆਦੀ ਸੁਆਲ ਇਹ ਹੈ ਕਿ ਕੀ ਕੋਈ ਕਲਾ ਰੂਪ ਕਿਸੇ ਲਿਖਤ ਦਾ ਇੰਨ-ਬਿੰਨ ਪਰਛਾਵਾਂ ਹੋ ਸਕਦਾ ਹੈ ਜਾਂ ਇਸ ਨੇ ਆਪਣੀ ਮੌਲਿਕਤਾ ਦਾ ਵੱਖਰਾ ਸੰਸਾਰ ਸਿਰਜਣਾ ਹੁੰਦਾ ਹੈ? ਦਲਿਊਜ਼ ਕਹਿੰਦਾ ਹੈ ਕਿ ਜਿਹੜੇ ਲੋਕ ਕਿਸੇ ਫ਼ਿਲਮ ਤੋਂ ਆਸ ਕਰਦੇ ਹਨ ਕਿ ਇਹ ਲਿਖਤ ਨਾਲ ਪੂਰੀ ਤਰ੍ਹਾਂ ਨਿਆਂ ਕਰੇ, ਉਨ੍ਹਾਂ ਨੂੰ ਕਿਤਾਬ ਹੀ ਪੜ੍ਹਨੀ ਚਾਹੀਦੀ ਹੈ। ਸਿਨਮਾ ਕਿਸੇ ਲਿਖਤ ਦਾ ਹੂਬਹੂ ਉਤਾਰਾ ਨਹੀਂ ਹੋ ਸਕਦਾ। ਸਿਨੇਮੈਟਿਕ ਕਲਾ ਦੀ ਮੁਹਾਰਤ ਸ੍ਰਿਸ਼ਟੀ ਨੂੰ ਕੈਮਰੇ ਦੀ ਅੱਖ ਥਾਣੀਂ ਤੱਕਣ ਦਾ ਅਨੁਭਵ ਹੈ ਅਤੇ ਇਹ ਤੱਕਣੀ ਲੇਖਕ ਦੇ ਨਜ਼ਰੀਏ ਦੀ ਮੁਹਤਾਜ ਨਹੀਂ ਹੁੰਦੀ। ਕਲਾਤਮਿਕ ਸਿਨਮਾ ਦਾ ਕੰਮ ਨਵੇਂ ਸੰਸਾਰ ਦੀ ਸਿਰਜਣਾ ਹੈ। ਇਹ ਸੰਭਾਵਨਾ ਦਾ ਸੰਸਾਰ ਹੈ। ਕਾਇਨਾਤੀ ਸਪੇਸ ਨੂੰ ਚਿਤਰਦਾ ਸਿਨਮਾ ਕਿਸੇ ਵਿਚਾਰਧਾਰਾ ਦਾ ਪਿਛਲੱਗ ਨਹੀਂ ਬਣਦਾ। ਇਹ ਜ਼ਿੰਦਗੀ ਦੇ ਤਜ਼ਰਬਿਆਂ ਨਾਲ ਖਹਿਣ ਦੇ ਅਮਲ ਵਿਚੋਂ ਚਿਤਵਿਆ ਜਾਂਦਾ ਹੈ।

‘ਨੋਮੈਡਲੈਂਡ’ ਅੰਦਰ ਕਵਿਤਾ, ਚਿੱਤਰਕਾਰੀ, ਸੰਗੀਤ, ਦ੍ਰਿਸ਼ਕਾਰੀ ਇਕ-ਦੂਜੇ ਵਿਚ ਜਜ਼ਬ ਹੋਏ ਨਜ਼ਰ ਆਉਂਦੇ ਹਨ। ਸਾਹਿਤ, ਦਰਸ਼ਨ ਤੇ ਕਲਾ ਦਾ ਇਹ ਸੁਮੇਲ ਭਾਸ਼ਾ ਦੇ ਜੜ੍ਹ ਹੋਏ ਬਿਰਤਾਂਤ ਨੂੰ ਤੋੜਦਿਆਂ ਨਾਬਰੀ ਦੀਆਂ ਸਿਰਜਣਾਮਕ ਸੰਭਾਵਨਾਵਾਂ ਤਲਾਸ਼ਣਾ ਹੈ। ਮਨੁੱਖੀ ਜਕੜ ਦੀ ਧੌਂਸ ਵਾਲੀ ਰਵਾਇਤੀ ਰਾਜਨੀਤੀ ਤੋਂ ਮੁਕਤ ਇਹ ਕਲਾਤਮਿਕ ਸਿਨਮਾ ਦੀ ਸਿਆਸਤ ਹੈ। ਸੱਠਵਿਆਂ ਨੂੰ ਢੁੱਕੀ ਪਾਣੀਆਂ ਨਾਲ ਇਕ-ਰੂਪ ਹੋਈ ਨਿਰਵਸਤਰ ਫਰਨ, ਪਰਵਾਜ਼ ਭਰਦੇ ਅਬਾਬੀਲਾਂ ਦਾ ਸਮੁੰਦਰ ਵਿਚ ਪੈਂਦਾ ਝਾਉਲਾ, ਆਸਮਾਨ ਨੂੰ ਕਲਾਵੇ ਵਿਚ ਲੈਂਦੀ ਚੜ੍ਹਦੇ ਤੇ ਛਿਪਦੇ ਸੂਰਜ ਦੀ ਲਾਲੀ ਦਰਅਸਲ ਸਿਰਜਣਾਤਮਕ ਸਿਆਸਤ ਦੀ ਇਸ ਸੰਭਾਵਨਾ ਨੂੰ ਤਲਾਸ਼ਣ ਦਾ ਹੀ ਅਮਲ ਹੈ। ਚਾਓ ਦਾ ਕੈਮਰਾ ਕਿਸੇ ਸਥਿਰ ਪੜਾਅ ਤੋਂ ਦ੍ਰਿਸ਼ ਨੂੰ ਨਹੀਂ ਫੜਦਾ। ਚੜ੍ਹਦੇ-ਛਿਪਦੇ ਦਿਨ, ਬਦਲਦੀਆਂ ਰੁੱਤਾਂ ਤੇ ਨਿੱਤ ਬਦਲ ਰਹੇ ਚੌਗਿਰਦੇ ਵਿਚਲੀ ਗਤੀ ਨੂੰ ਕੈਮਰਾ ਵੀ ਗਤੀਸ਼ੀਲ ਹੋ ਕੇ ਵਾਚਦਾ ਹੈ। ਜਦੋਂ ਕੈਮਰਾ ਤੇ ਇਸ ਰਾਹੀਂ ਫਿਲਮਾਇਆ ਜਾਣ ਵਾਲਾ ਦ੍ਰਿਸ਼ ਬਦਲਦੇ ਹਨ ਤਾਂ ਸਮਾਂ ਲਕੀਰੀ ਨਹੀਂ ਰਹਿੰਦਾ।

ਚਾਓ ਦੀ ਸਿਨੇਮੈਟੋਗ੍ਰਾਫੀ ਸਮੇਂ ਬਾਰੇ ਸਾਡੇ ਲਕੀਰੀ ਵਿਚਾਰ ਨੂੰ ਵੱਢ ਮਾਰਦੀ ਹੈ। ਰੰਗ, ਗਤੀ, ਆਵਾਜ਼ ਤੇ ਪ੍ਰਕਾਸ਼ ਦੇ ਸੁਮੇਲ ਨਾਲ ਨਿਰਜਿੰਦ ਜਾਪਦਾ ਸੰਸਾਰ ਜੀਵੰਤ ਹੋ ਉੱਠਦਾ ਹੈ। ਪਾਰਗਾਮੀ ਸਮੇਂ ਅੰਦਰ ਮਨ/ਦੇਹ, ਹਕੀਕਤ/ਭਰਮ, ਸੱਚ/ਝੂਠ ਜਿਹੇ ਨਿਖੇੜੇ ਇਕ-ਦੂਜੇ ਅੰਦਰ ਵਿਲੀਨ ਹੋ ਜਾਂਦੇ ਹਨ। ਫਿਲਮ ਦੀ ਨਾਇਕਾ ਫਰਨ ਇਕੋ ਵੇਲੇ ਦੋ ਸਮਿਆਂ ਅੰਦਰ ਜਿਉਂਦੀ ਹੈ। ਇਕ ਉਸ ਦਾ ਵਰਤਮਾਨ ਹੈ। ਨਵੇਦਾ ਸੂਬੇ ਦੇ ਯੂ.ਐੱਸ. ਜਿਪਸਮ ਪਲਾਂਟ ਦੇ ਬੰਦ ਹੋਣ ਕਰਕੇ ਬੇਰੁਜ਼ਗਾਰ ਹੋਈ ਫਰਨ ਦਾ ਹਕੀਕੀ ਜੀਵਨ ਬਿਖਮ ਹੈ ਜਿਹੜੀ ਸੱਠਾਂ ਸਾਲਾਂ ਦੀ ਉਮਰ ਵਿਚ ਵੀ ਸਖ਼ਤ ਮੁਸ਼ੱਕਤ ਵਾਲੇ ਕੰਮ ਕਰਦੀ, ਵੈਨ ਨੂੰ ਹੀ ਆਪਣਾ ਘਰ ਸਮਝਦੀ ਹੈ। ਉਸ ਦੀ ਪੁਰਾਣੀ ਵਿਦਿਆਰਥਣ ਜਦੋਂ ਉਸ ਨੂੰ ਬੇਘਰ ਹੋਣ ਬਾਰੇ ਪੁੱਛਦੀ ਹੈ ਤਾਂ ਉਹ ਕਹਿੰਦੀ ਹੈ, ‘‘ਮੇਰੇ ਕੋਲ ਮਕਾਨ ਨਹੀਂ, ਪਰ ਘਰ ਏ; ਦੋਵੇਂ ਵੱਖੋ-ਵੱਖਰੀਆਂ ਚੀਜ਼ਾਂ ਨੇ।’’ ਫ਼ਿਲਮ ਵਿਚਲਾ ਦੂਜਾ ਸਮਾਂ ਫਰਨ ਦਾ ਅਤੀਤ ਹੈ ਜਿਹੜਾ ਯਾਦਾਂ ਦੇ ਰੂਪ ਵਿਚ ਉਸਦੇ ਨਾਲ ਜਿਉਂਦਾ ਹੈ। ਬੀਤੇ ਦੀਆਂ ਸਿਮਰਤੀਆਂ ਵਾਰ-ਵਾਰ ਵਰਤਮਾਨ ਨਾਲ ਖਹਿੰਦੀਆਂ ਹਨ। ਇਹ ਕਸ਼ਮਕਸ਼ ਸਮੇਂ ਨੂੰ ਲਕੀਰੀ 

ਨਹੀਂ ਰਹਿਣ ਦਿੰਦੀ। ਵਰਤਮਾਨ ਤੋਂ ਮੁਸਤਕਬਿਲ 

ਵੱਲ ਵਧ ਰਹੇ ਸਮੇਂ ਵਿਚ ਅਤੀਤ ਰਲਗੱਡ ਹੋ 

ਗਿਆ ਹੈ। ਚਾਓ ਦੂਹਰੇ ਪਸਾਰ ਵਾਲਾ ਸਮਾਂ ਸਿਰਜ 

ਕੇ ਫ਼ਿਲਮ ਨੂੰ ਦਸਤਾਵੇਜ਼ੀ ਅੰਕੜਿਆਂ ਦੀ ਮੁਹਤਾਜ ਬਣਨ ਤੋਂ ਬਚਾ ਲੈਂਦੀ ਹੈ।

ਸਮੇਂ ਦੇ ਵਰਤਮਾਨ ਪਸਾਰ ਦੀ ਇਕ ਤੰਦ ਲਿੰਡਾ ਮਈ ਤੇ ਸਵੈਂਕੀ ਜਿਹੇ ਹਕੀਕੀ ਕਿਰਦਾਰ ਹਨ। ਤਾ-ਉਮਰ ਸਰਮਾਏਦਾਰੀ ਨਿਜ਼ਾਮ ਦਾ ਪੁਰਜਾ ਬਣ ਕੇ ਅਣਥੱਕ ਮੁਸ਼ੱਕਤ ਕਰਨ ਦੇ ਬਾਵਜੂਦ ਇਨ੍ਹਾਂ ਦੇ ਸਿਰ ’ਤੇ ਛੱਤ ਨਹੀਂ। ਇਹ ਲੋਕ ਵੈਨਾਂ ਵਿਚ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ। ਇਨ੍ਹਾਂ ਖ਼ਾਨਾਬਦੋਸ਼ਾਂ ਨੂੰ ਇਕੱਠਿਆਂ ਕਰਨ ਵਾਲਾ ਬੌਬ ਵੇਲਸ ਆਪਣੇ ਪ੍ਰਾਜੈਕਟ ਬਾਰੇ ਦੱਸਦਿਆਂ ਕਹਿੰਦਾ ਹੈ, ‘‘ਅਸੀਂ ਨਾ ਸਿਰਫ਼ ਡਾਲਰ ਤੇ ਮੰਡੀ ਦੇ ਅੱਤਿਆਚਾਰਾਂ ਨੂੰ ਸਹਿਣ ਕੀਤਾ, ਅਸੀਂ ਇਨ੍ਹਾਂ ਨੂੰ ਗਲਵਕੜੀ ਪਾਈ ਰੱਖੀ। ਸਾਰੀ ਉਮਰ ਅਸੀਂ ਇਸ ਪੰਜਾਲ਼ੀ ਨੂੰ ਆਪਣੇ ਮੋਢਿਆਂ ’ਤੇ ਚੁੱਕੀ ਰੱਖਿਆ। ਸਾਡੀ ਹਾਲਤ ਉਸ ਬਲਦ ਜਿਹੀ ਹੈ ਜਿਹੜਾ ਸਾਰੀ ਉਮਰ ਬਿਨਾਂ ਕੋਈ ਸ਼ਿਕਵਾ ਕੀਤਿਆਂ ਕੰਮ ਕਰਦਾ ਹੈ ਤੇ ਮਰਨ ਕੰਢੇ ਪਹੁੰਚਦਿਆਂ ਉਸ ਨੂੰ ਆਵਾਰਾ ਪਸ਼ੂਆਂ ਵਾਂਗ ਧੱਕੇ ਖਾਣ ਲਈ ਛੱਡ ਦਿੱਤਾ ਜਾਂਦਾ ਹੈ। ਹੁਣ ਇਸ ਆਵਾਰਾ ਵੱਗ ਨੂੰ ਇਕੱਠੇ ਹੋ ਕੇ ਇਕ-ਦੂਜੇ ਨੂੰ ਸੰਭਾਲਣਾ ਪੈਣੈ। ਬਦਲਦੇ ਆਰਥਿਕ ਹਾਲਾਤ ਵਿਚ ਸਰਮਾਏਦਾਰੀ ਦਾ ਟਾਇਟੈਨਿਕ ਡੁੱਬ ਰਿਹਾ ਹੈ। ਮੇਰਾ ਕੰਮ ਹੈ ਕਿ ਮੈਂ ਉਹ ਬੇੜੀਆਂ ਤਿਆਰ ਕਰਾਂ ਜਿਹੜੀਆਂ ਸਾਨੂੰ ਇਸ ਡੁੱਬਦੇ ਜਹਾਜ਼ ਵਿਚੋਂ ਬਾਹਰ ਕੱਢਣ ਦਾ ਸਬੱਬ ਬਣਨ।’’ ਸਰਮਾਏਦਾਰੀ ਨਿਜ਼ਾਮ ਦੀ ਤੁਲਨਾ ਟਾਇਟੈਨਿਕ ਨਾਲ ਕਰਦਿਆਂ ਬੌਬ ਇਸ ਬੁਨਿਆਦੀ ਸੁਆਲ ਨੂੰ ਮੁਖ਼ਾਤਬ ਹੁੰਦਾ ਹੈ ਕਿ ਕਿਵੇਂ ਪੂੰਜੀ, ਕਿਰਤ ਨੂੰ ਜਿਣਸ ਵਿਚ ਤਬਦੀਲ ਕਰ ਦਿੰਦੀ ਹੈ। ਨਿਰੰਤਰ ਚੱਲਦੀਆਂ ਸ਼ਿਫਟਾਂ ਤੇ ਦਿਹਾੜੀਆਂ ਦੇ ਤੈਅਸ਼ੁਦਾ ਵਰਤਾਰੇ ਅੰਦਰ ਕਿਰਤ ਦਾ ਸਿਰਜਣਾਤਮਕ ਅਮਲ ਗੁਆਚ ਜਾਂਦਾ ਹੈ। ਸਿਰਜਣਾ ਤੋਂ ਟੁੱਟਿਆ ਮਨੁੱਖ ਆਪਣੇ ਹੋਣ-ਥੀਣ ਦੇ ਅਰਥਾਂ ਤੋਂ ਵੀ ਵਿਜੋਗਿਆ ਜਾਂਦਾ ਹੈ। ਫੇਰ ਉਹ ਕਿਹੜੀਆਂ ਬੇੜੀਆਂ ਹਨ, ਜਿਨ੍ਹਾਂ ਦੀ ਬੌਬ ਗੱਲ 

ਕਰਦਾ ਹੈ; ਜਿਹੜੀਆਂ ਡੁੱਬਦਿਆਂ ਦਾ ਸਹਾਰਾ 

ਬਣ ਸਕਦੀਆਂ ਹਨ।

ਜਾਰਜ ਲੁਕਾਚ ਇਸ ਅੜਾਉਣੀ ਨੂੰ ਸੁਲਝਾਉਂਦਿਆਂ ਦੱਸਦਾ ਹੈ ਕਿ ਭਾਵੇਂ ਸਮਾਂ ਤੇ ਸਪੇਸ ਦੋਵੇਂ ਸਰਮਾਏ ਦੀ ਨਿਗਰਾਨੀ ਹੇਠ ਹਨ, ਪਰ ਫੇਰ ਵੀ ਸਾਡੀ ਜ਼ਿੰਦਗੀ ਦੇ ਕੁਝ ਪਲ ਨੇ ਜਿਨ੍ਹਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਮਨੁੱਖੀ ਜਜ਼ਬਿਆਂ ਤੇ ਮਨੋਭਾਵਾਂ ਦੀ ਤਰਜਮਾਨੀ ਕਰਦੇ ਇਨ੍ਹਾਂ ਪਲਾਂ ਦਾ ਭਾਵੇਂ ਮੰਡੀ ਲਈ ਕੋਈ ਮੁੱਲ ਨਾ ਹੋਵੇ, ਪਰ ਇਹੀ ਪਲ ਹਨ ਜਿਹੜੇ ਕੁਝ ਸਮੇਂ ਲਈ ਬੰਦੇ ਨੂੰ ਜਿਣਸ ਬਣਨ ਤੋਂ ਬਚਾ ਲੈਂਦੇ ਹਨ। ਇਨ੍ਹਾਂ ਪਲਾਂ ਅੰਦਰ ਹੀ ਬੰਦੇ ਅੰਦਰ ਕਾਇਨਾਤ ਨਾਲ ਜੁੜਨ ਦੀ ਸੋਝੀ ਪੈਦਾ ਹੁੰਦੀ ਹੈ ਤੇ ਉਹ ਗਿਣਤੀਆਂ-ਮਿਣਤੀਆਂ ਤੋਂ ਬਾਹਰ ਆਪਣੇ ਹੋਣ-ਥੀਣ ਦੇ ਅਰਥ ਤਲਾਸ਼ਦਾ ਹੈ। ਦੂਜੇ ਸ਼ਬਦਾਂ ਵਿਚ ਉਹ ਜਿਣਸ ਹੋ ਜਾਣ ਤੋਂ ਇਨਕਾਰੀ ਹੋ ਜਾਂਦਾ ਹੈ। ਖ਼ਾਨਾਬਦੋਸ਼ ਬਣੀ ਫਰਨ ਦਾ ਸਫ਼ਰ ਸਰਮਾਏਦਾਰੀ ਸਪੇਸ ਤੋਂ ਕਾਇਨਾਤੀ ਸਪੇਸ ਦੀ ਯਾਤਰਾ ਹੈ। ਇਹ ਲਟੌਰੀ ਦਾ ਰਾਹ ਹੈ। ਫਰਨ ਦੀ ਭੈਣ ਡੌਲੀ ਤੇ ਉਸ ਦਾ ਦੋਸਤ ਡੇਵ ਉਸ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਪੇਸ਼ਕਸ਼ ਕਰਦੇ ਹਨ, ਪਰ ਫਰਨ ਨੂੰ ਇਕ ਥਾਂ ਨਾਲ ਬੱਝਣਾ ਗਵਾਰਾ ਨਹੀਂ। ਚਾਓ ਨੇ ਇਸ ਕਿਰਦਾਰ ਨੂੰ ਇਸ ਤਰ੍ਹਾਂ ਘੜਿਆ ਹੈ ਕਿ ਦਰਸ਼ਕ ਵੀ ਮਹਿਸੂਸ ਕਰਦਾ ਹੈ ਕਿ ਕਿਵੇਂ ਸੁੱਖ-ਸਹੂਲਤਾਂ ਨਾਲ ਭਰੇ ਘਰ ਆਪਣੀ ਹੀ ਤਲਾਸ਼ ਦੇ ਰਾਹ ਵਿਚ ਰੋੜਾ ਬਣ ਕੇ ਸੱਤਾ ਨਾਲ ਸਾਂਝ-ਭਿਆਲੀ ਪਾ ਲੈਂਦੇ ਹਨ ਜਦੋਂਕਿ ਟੱਪਰੀਵਾਸਾਂ ਵਾਲੀ ਜ਼ਿੰਦਗੀ ਸੱਤਾ ਨੂੰ ਚੁਣੌਤੀ ਦੇਣ ਦੀ ਕਵਾਇਦ ਹੈ।

ਫਰਨ ਦਾ ਬਾਹਰੀ ਸਫ਼ਰ ਉਸ ਨੂੰ ਕਿਸੇ ਸਿਸਟਮ ਨਾਲ ਪੱਕੇ ਤੌਰ ’ਤੇ ਬੱਝਣ ਨਹੀਂ ਦਿੰਦਾ ਅਤੇ ਉਸ ਦੀ ਅੰਤਰੀਵੀ ਯਾਤਰਾ ਉਸ ਲਈ ਨਿਰੰਤਰ ਨਵੀਆਂ ਸੰਭਾਵਨਾਵਾਂ ਤਲਾਸ਼ਦੀ ਹੈ। ਇਸ ਸਫ਼ਰ ਵਿਚ ਫਰਨ ਦੀ ਦੋਸਤ ਸਵੈਂਕੀ ਵੀ ਸ਼ਾਮਲ ਹੈ। ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸਵੈਂਕੀ ਨੂੰ ਡਾਕਟਰਾਂ ਨੇ ਦੱਸਿਆ ਹੈ ਕਿ 

ਉਹ ਸੱਤ-ਅੱਠ ਮਹੀਨਿਆਂ ਤੋਂ ਵੱਧ ਜਿਉਂਦੀ ਨਹੀਂ 

ਰਹਿ ਸਕਦੀ। ਸਵੈਂਕੀ ਫਰਨ ਨੂੰ ਕਹਿੰਦੀ ਹੈ, ‘‘ਮੈਂ ਹਸਪਤਾਲ ਵਿਚ ਨਹੀਂ ਮਰਨਾ ਚਾਹੁੰਦੀ। ਮੈਂ ਇਕ 

ਵਾਰ ਮੁੜ ਅਲਾਸਕਾ ਜਾਣਾ ਚਾਹੁੰਦੀ ਹਾਂ ਜਿੱਥੇ 

ਮੈਂ ਸੈਂਕੜੇ ਅਬਾਬੀਲਾਂ ਨੂੰ ਉਡਾਰੀ ਭਰਦਿਆਂ ਤੱਕਿਆ ਹੈ। ਨੀਲੇ ਪਾਣੀਆਂ ਵਿਚ ਪੈਂਦੇ ਇਨ੍ਹਾਂ ਪੰਛੀਆਂ 

ਦੇ ਅਕਸ ਤੱਕਦਿਆਂ ਜਾਪਦਾ ਹੈ ਜਿਵੇਂ ਤੁਸੀਂ ਇਨ੍ਹਾਂ 

ਦੇ ਨਾਲ ਪਰਵਾਜ਼ ਭਰ ਰਹੇ ਹੋਵੋ। ਇਸ ਦ੍ਰਿਸ਼ ਨੂੰ 

ਮੁੜ ਇਕ ਵਾਰ ਤੱਕ ਲੈਣਾ ਸਾਰੀ ਜ਼ਿੰਦਗੀ ਜਿਉਂ 

ਲੈਣ ਦੇ ਬਰਾਬਰ ਹੈ।’’

ਮੌਤ ਦਾ ਇਹ ਚਿਹਨ ‘ਨੋਮੈਡਲੈਂਡ’ ਦੇ ਕਥਾਨਕ ਦੀਆਂ ਪਰਤਾਂ ਵਿਚ ਗਹਿਰਾ ਸਮਾਇਆ ਹੈ। ਫਰਨ ਆਪਣੇ ਪਤੀ ਦੀ ਮੌਤ ਕਾਰਨ ਖ਼ਾਨਾਬਦੋਸ਼ਾਂ ਵਾਲੀ ਜ਼ਿੰਦਗੀ ਜਿਉਂ ਰਹੀ ਹੈ। ਲਿੰਡਾ ਤੇ ਸਵੈਂਕੀ ਵੀ ਮੌਤ ਦੇ ਪਰਛਾਵੇਂ ਨਾਲ ਘੁਲਦੀਆਂ ਹਨ। ਬੌਬ ਆਪਣੇ ਜਵਾਨ ਪੁੱਤ ਦੀ ਖ਼ੁਦਕੁਸ਼ੀ ਤੋਂ ਬਾਅਦ ਟੱਪਰੀਵਾਸਾਂ ਲਈ ਕੰਮ ਕਰਨਾ ਸ਼ੁਰੂ ਕਰਦਾ ਹੈ। ਉਹ ਫਰਨ ਨੂੰ ਕਹਿੰਦਾ ਹੈ, ‘‘ਪੁੱਤ ਦੀ ਮੌਤ ਤੋਂ ਬਾਅਦ ਮੈਨੂੰ ਆਪਣੀ ਜ਼ਿੰਦਗੀ ਅਜਾਈਂ ਲੱਗਣ ਲੱਗੀ। ਫੇਰ ਅਹਿਸਾਸ ਹੋਇਆ ਕਿ ਦੂਜਿਆਂ ਦੀ ਮਦਦ ਕਰਨਾ ਮੋਏ ਪੁੱਤ ਨੂੰ ਚੇਤੇ ਰੱਖਣ ਦਾ ਇਕ ਢੰਗ ਹੋ ਸਕਦਾ ਹੈ। ਮੈਨੂੰ ਜਿਵੇਂ ਜਿਉਣ ਦਾ ਮਕਸਦ ਮਿਲ ਗਿਆ। ਖ਼ਾਨਾਬਦੋਸ਼ੀ ਵਾਲੀ ਜ਼ਿੰਦਗੀ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਵਿਚ ਤੁਸੀਂ ਕਿਸੇ ਨੂੰ ਆਖ਼ਰੀ ਵਾਰ ਅਲਵਿਦਾ ਨਹੀਂ ਕਹਿੰਦੇ। ਮੈਂ ਵਿਛੜਣ ਲੱਗਿਆਂ ਹਰੇਕ ਨੂੰ ਕਹਿਨਾਂ, ਆਪਾਂ ਕਿਸੇ ਸੜਕ ਕੰਢੇ ਫੇਰ ਮਿਲਾਂਗੇ; ਤੇ ਇੰਝ ਹੀ ਹੁੰਦੈ। ਗਾਹੇ-ਬਗਾਹੇ ਅਸੀਂ ਕਦੇ ਨਾ ਕਦੇ ਮਿਲ ਹੀ ਜਾਂਦੇ ਹਾਂ। ਮੈਨੂੰ ਆਸ ਹੈ ਕਿ ਇੰਝ ਹੀ ਇਕ ਦਿਨ ਮੈਨੂੰ ਮੇਰਾ ਪੁੱਤ ਮਿਲ ਜਾਏਗਾ ਤੇ ਤੈਨੂੰ ਤੇਰਾ ਖਾਵੰਦ।’’

ਫ਼ਿਲਮ ਦੇ ਇਕ ਦ੍ਰਿਸ਼ ਵਿਚ ਜ਼ਿੰਦਗੀ ਤੇ ਮੌਤ ਵਿਚਲੇ ਤਲਿਸਮ ਨੂੰ ਤੋੜਦਾ ਇਕ ਪਿਆਨੋਵਾਦਕ ਆਪਣੇ ਪਿਆਨੋ ਦੀ ਧੁਨ ਨਾਲ ਸ਼ਬਦ ਮੇਚਦਾ ਗਾਉਂਦਾ ਹੈ:

ਇਕ ਜਾਮ ਬਾਰੇ ਕੀ ਖ਼ਿਆਲ ਏ ਦੋਸਤੋ

ਜਾਂ ਆਪਣੇ ਦੋਸਤਾਂ ਲਈ ਇਕ ਟੋਸਟ ਬਾਰੇ

ਉਨ੍ਹਾਂ ਦੋਸਤਾਂ ਲਈ ਨਹੀਂ, ਜਿਨ੍ਹਾਂ ਨੂੰ ਤੁਸੀਂ ਰੋਜ਼ ਮਿਲਣਾ ਏ

ਬਲਕਿ ਉਨ੍ਹਾਂ ਲਈ ਜਿਨ੍ਹਾਂ ਰੁਖ਼ਸਤ ਹੋ ਜਾਣਾ ਏ

ਤੁਸੀਂ ਬਿਹਤਰ ਜਾਣਦੇ ਓਂ, ਮੈਂ ਕਿਨ੍ਹਾਂ ਦੀ ਗੱਲ ਕਰਦਾਂ

ਉਹ ਦੋਸਤ ਜਿਹੜੇ ਅਲਵਿਦਾ ਕਹਿਣ ਵਾਲੇ ਨੇ

ਪਰ ਹਮੇਸ਼ਾ ਸਾਡੇ ਦਿਲ ’ਚ ਰਹਿਣਗੇ।

ਫ਼ਿਲਮ ਦੇ ਅੰਤ ਵਿਚ ਫਰਨ ਉਸ ਘਰ ਪਰਤਦੀ ਹੈ ਜਿੱਥੇ ਕਦੇ ਉਹ ਤੇ ਉਸ ਦਾ ਪਤੀ ਰਹਿੰਦੇ ਸਨ। ਆਪਣੇ ਪਤੀ ਦੀ ਸਿਮਰਤੀ ਵਾਲੀਆਂ ਚੀਜ਼ਾਂ ਤੋਂ ਮਿੱਟੀ ਝਾੜਦੀ ਫਰਨ ‘ਘਰ’ ਬਾਰੇ ਸੁਆਲਾਂ ਨੂੰ ਮੁੜ ਮੁਖ਼ਾਤਬ ਹੁੰਦੀ ਹੈ। ਘਰ ਆਖ਼ਰ ਹੈ ਕੀ? ਉਹ ਥਾਂ ਜਿੱਥੇ ਤੁਸੀਂ ਰਹਿੰਦੇ ਹੋ, ਜਾਂ ਤੁਹਾਡੀ ਰੂਹ ਦਾ ਹਿੱਸਾ ਜਿਸ ਨੂੰ ਤੁਸੀਂ ਆਪਣੇ ਧੁਰ ਅੰਦਰ ਸਾਂਭ ਰੱਖਿਆ ਹੈ। ਉਸ ਨੇ ਬੌਬ ਨੂੰ ਕਿਹਾ ਸੀ, ‘‘ਜਿਸ ਨੂੰ ਤੁਸੀਂ ਚੇਤੇ ਰੱਖਦੇ ਓ, ਉਹ ਹਮੇਸ਼ਾ ਜਿਉਂਦਾ ਏ।’’ ਮਨ ਵਿਚ ਜਗਿਆਸਾ ਲਈ ਫਰਨ ਆਪਣੀ ਵੈਨ ਵਿਚ ਜਾ ਬਹਿੰਦੀ ਹੈ। ਵੈਨ ਮੁੜ ਅਣਜਾਣੇ ਰਾਹਾਂ ਵੱਲ ਹੋ ਤੁਰਦੀ ਹੈ। ਸਫ਼ਰ ਹਾਲੇ ਜਾਰੀ ਹੈ।

ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ

ਸੰਪਰਕ: 70420-73087

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All