ਜਿੱਥੇ ਗਲੀਓ ਗਲੀ ਫਿਰਨ ਕਈ ਟਰੰਪ

ਜਿੱਥੇ ਗਲੀਓ ਗਲੀ ਫਿਰਨ ਕਈ ਟਰੰਪ

ਐੱਸ ਪੀ ਸਿੰਘ*

ਐੱਸ ਪੀ ਸਿੰਘ*

ਸਾਡੇ ਅੰਦਰਲੀਆਂ ਭਾਵਨਾਵਾਂ ਕਿੰਨੇ ਵੀ ਤੂਫ਼ਾਨੀ ਵੇਗ ਨਾਲ ਉਮੜਨ, ਜਨਤਕ ਤਰਜੀਹੇ ਅਤੇ ਲੇਖਣੀ ਦੀ ਭਾਸ਼ਾ ਸਦਾ ਸੱਭਿਅਕ ਹੋਣੀ ਚਾਹੀਦੀ ਹੈ, ਖ਼ਾਸ ਕਰਕੇ ਜਦੋਂ ਪਤਾ ਹੋਵੇ ਕਿ ਮਿਲਣੀ ਅਖ਼ਬਾਰ ਦੇ ਸੰਪਾਦਕੀ ਪੰਨਿਆਂ ’ਤੇ ਬੜੇ ਸੁਘੜ-ਸਿਆਣੇ ਪਾਠਕ ਨਾਲ ਹੋਣੀ ਹੈ। ਇਸ ਲਈ ਔਹੜ ਰਹੇ ਸਾਰੇ ਸਖ਼ਤ ਸ਼ਬਦਾਂ ਅਤੇ ਖਰ੍ਹਵੇ ਜੁਮਲਿਆਂ ਨੂੰ ਦਰਕਿਨਾਰ ਕਰ ਏਨਾ ਹੀ ਕਹਿਣਾ ਹੈ ਕਿ ਆਖ਼ਿਰ ਦੁਨੀਆਂ ਦੇ ਸਭ ਤੋਂ ਵੱਡੇ ਜਨਤਕ ਚੌਂਕਾ- ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ- ਤੋਂ ਡੋਨਲਡ ਟਰੰਪ ਨੂੰ ਠੁੱਡੇ ਮਾਰ ਕੇ ਕੱਢ ਦਿੱਤਾ ਗਿਆ ਹੈ।

ਅਮਰੀਕਾ ਵਿੱਚ ਘੱਟ ਤੇ ਟਵਿੱਟਰ ਵਿੱਚ ਜ਼ਿਆਦਾ ਰਿਹਾਇਸ਼ ਰੱਖਣ ਵਾਲੇ ਟਰੰਪ ਨੂੰ ਇਨ੍ਹਾਂ ਅਤਿ-ਤਾਕਤਵਰ ਜਨਤਕ ਪਲੇਟਫਾਰਮਾਂ ਤੋਂ ਇਸ ਲਈ ਜਲਾਵਤਨ ਕੀਤਾ ਗਿਆ ਕਿਉਂਜੋ ਉਹਦੇ ਨਫ਼ਰਤੀ ਟਵੀਟਾਂ ਨੇ ਹਿੰਸਾ ਭੜਕਾਈ। ਇਸ ਨਫ਼ਰਤ ਦਾ ਸੇਵਨ ਕਰਨ ਵਾਲੀ ਅਤੇ ਆਪਣੇ ਦੇਸ਼ਭਗਤ ਹੋਣ ਬਾਰੇ ਕਿਸੇ ਵੀ ਸ਼ੱਕ ਤੋਂ ਰਹਿਤ ਇੱਕ ਭੀੜ ਅਮਰੀਕੀ ਪਾਰਲੀਮੈਂਟ ਉੱਤੇ ਚੜ੍ਹ ਆਈ। ਲਾਸ਼ਾਂ ਵਿਛੀਆਂ। ਮੁਲਕ ਅਤੇ ਦੁਨੀਆਂ ਹਿੱਲ ਗਈ। ਘਟਨਾਕ੍ਰਮ ਦੇ ਮੋੜਾਂ ਤੋਂ ਤੁਸੀਂ ਭਲੀਭਾਂਤ ਵਾਕਿਫ਼ ਹੋ। ‘ਪੰਜਾਬੀ ਟ੍ਰਿਬਿਊਨ’ ਦੇ 10 ਜਨਵਰੀ ਦੇ ਸੰਪਾਦਕੀ ‘ਟਰੰਪਵਾਦ ਜ਼ਿੰਦਾ ਹੈ’ ਨੇ ਇਸ ਵਰਤਾਰੇ ਦੀਆਂ ਪਰਤਾਂ ਅਤੇ ਸਾਡੇ ਮਹਾਨ ਨੇਤਾ ਦੀਆਂ ‘ਅਬ ਕੀ ਬਾਰ, ਟਰੰਪ ਸਰਕਾਰ’ ਵਾਲੀਆਂ ਇੱਛਾਵਾਂ ਵਿਚਲੇ ਰਿਸ਼ਤੇ-ਨਾਤਿਆਂ ਬਾਰੇ ਬਾਖ਼ੂਬੀ ਬਿਆਨ ਕਰ ਦਿੱਤਾ ਹੈ। ਇਸ ਲਈ ਮੈਂ ਸਿਰਫ਼ ਉਸ ਦਿਨ-ਘੜੀ-ਪਲ ਦੀ ਨਿਸ਼ਾਨਦੇਹੀ ਕਰਨ ਤੱਕ ਆਪਣੇ ਆਪ ਨੂੰ ਮਹਿਦੂਦ ਰੱਖਣਾ ਚਾਹੁੰਦਾ ਹਾਂ ਜਦੋਂ ਨਫ਼ਰਤ ਦੇ ਕਿਸੇ ਵਪਾਰੀ ਨੂੰ ਉਹਦੇ ਮਨਭਾਉਂਦੇ ਮੁਲਕ- ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ- ਤੋਂ ਦੇਸ਼-ਨਿਕਾਲਾ ਦਿੱਤਾ ਜਾਵੇ।

ਰਾਜ ਭਾਗ ਦੀ ਸਮਾਪਤੀ ਤੋਂ ਸਿਰਫ਼ ਦਸ ਦਿਨ ਪਹਿਲਾਂ ਅਮਰੀਕੀ ਰਾਜਨੀਤੀ ਇਸ ਬਹਿਸ ਵਿੱਚ ਉਲਝੀ ਪਈ ਹੈ ਕਿ ਟਰੰਪ ਨੂੰ ਕਾਰਜਕਾਲ ਖ਼ਤਮ ਹੋਣ ਤੋਂ ਚੰਦ ਘੰਟੇ ਪਹਿਲਾਂ ਹੀ ਧੱਕੇ ਮਾਰ ਕੇ ਵ੍ਹਾਈਟ ਹਾਊਸ ’ਚੋਂ ਕੱਢਿਆ ਜਾਵੇ ਕਿ ਨਾ?

ਹਕੀਕਤ ਇਹ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਕਿਤੇ ਵਧੇਰੇ ਡੋਨਲਡ ਟਰੰਪ ਲਗਾਤਾਰ ਨਫ਼ਰਤੀ ਜ਼ਬਾਨ ਬੋਲ ਰਿਹਾ ਸੀ। 12 ਸਾਲ ਪਹਿਲਾਂ ਉਸ ਨੇ ਮੁਲਕ ਭਰ ਵਿੱਚ ਇਹ ਸ਼ੱਕ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਕਿ ਬਰਾਕ ਓਬਾਮਾ ਅਮਰੀਕਾ ’ਚ ਜੰਮਿਆ ਵੀ ਸੀ ਕਿ ਨਹੀਂ? ਭੀੜ ਨੇ ਤੰਦ ਫੜ ਲਈ, ਪੁੱਛਿਆ ਕਿਤੇ ਉਹ ਮੁਸਲਮਾਨ ਤਾਂ ਨਹੀਂ। ਮੁਸਲਮਾਨਾਂ ਖ਼ਿਲਾਫ਼ ਵਗਦੇ ਨਫ਼ਰਤ ਦੇ ਦਰਿਆ ਵਿੱਚ ਓਬਾਮਾ ਨੂੰ ਟਵਿੱਟਰ ਜਾਂ ਫੇਸਬੁੱਕ ਉੱਤੇ ਇੱਕ-ਅੱਧੀ ਝੂਠੀ ਡੁਬਕੀ ਦੇਣ ਨਾਲ ਸੁਰਖੀਆਂ ਬਣੀਆਂ। ਫਿਰ ਇਨ੍ਹਾਂ ਨਫ਼ਰਤੀ ਛੱਲਾਂ ਵਿੱਚ ਦੁਨੀਆਂ ਭਰ ਦੇ ਮੁਸਲਮਾਨ ਭਿਓਂ-ਭਿਓਂ ਬਦਨਾਮ ਕੀਤੇ ਗਏ। ‘ਕਿਤੇ ਓਬਾਮਾ ਮੁਸਲਮਾਨ ਤਾਂ ਨਹੀਂ’ ਵਾਲਾ ਸਵਾਲ ਅਸਲ ਵਿਚ ਬਿਆਨ ਹੁੰਦਾ ਹੈ ਕਿ ਮੁਸਲਮਾਨ ਇਨਸਾਨ ਤੋਂ ਕੁਝ ਘੱਟ ਅਤੇ ਘਟੀਆ ਦਰਜੇ ਵਾਲੇ ਪ੍ਰਾਣੀ ਹੁੰਦੇ ਹਨ।

ਪਰਵਾਸੀਆਂ ਪ੍ਰਤੀ ਰੱਜ ਕੇ ਨਫ਼ਰਤ ਫੈਲਾਈ ਗਈ। ਪਰਵਾਸੀਆਂ ਨੂੰ ਘਟੀਆ, ਚੋਰ, ਲੁਟੇਰੇ, ਜਰਾਇਮ ਪੇਸ਼ਾ ਕਰਾਰ ਦਿੰਦੀ ਟਵੀਟੀ ਲਹਿਰ ਚਲਾਈ ਗਈ। ਰਾਸ਼ਟਰਪਤੀ ਇਸ ਨਫ਼ਰਤੀ ਪ੍ਰਚਾਰ ਦਾ ਸਰਗਣਾ ਬਣਿਆ, ਟਵਿੱਟਰ ਫੇਸਬੁੱਕ ਵਾਲੇ ਮੁਲਕਾਂ ਵਿਚ ਉਸ ਇਹ ਘਟੀਆ ਖੇਡ ਖੁੱਲ੍ਹ ਖੇਡੀ। ਉਹਦੇ ਲਿਖੇ ਸ਼ਬਦਾਂ ਤੋਂ ਪ੍ਰਭਾਵਿਤ ਕੁਝ ਅਮਰੀਕੀ ਨਾਗਰਿਕਾਂ ਨੇ ਆਪਣੇ ਦੇਸ਼ ਮਹਾਨ ਲਈ ਕੁਝ ਤਾਂ ਕਰਨਾ ਹੀ ਸੀ; ਸੋ ਉਨ੍ਹਾਂ ਕੁਰਬਾਨੀ ਦਾ ਜਜ਼ਬਾ ਵਿਖਾਇਆ, ਜ਼ਾਤੀ ਆਪਣਾ ਧਰਮ ਨਿਭਾਇਆ। ਕਿਸੇ ਨੇ ਬੰਦੂਕ ਚੁੱਕੀ ਤੇ ਪਰਵਾਸੀ ਮਾਰਨ ਤੁਰ ਪਿਆ, ਕਿਸੇ ਨੇ ਪਰਵਾਸੀਆਂ ਉਤੇ ਬੱਸ, ਟਰੱਕ, ਕਾਰ ਚੜ੍ਹਾ ਦਿੱਤੀ। ਕੋਈ ਨੌਜਵਾਨ ਅਮਰੀਕੀ ਝੰਡੇ ਨੂੰ ਸਲੂਟ ਕਰ ਮੁਸਲਮਾਨ ਮਾਰਨ ਤੁਰ ਪਿਆ।

ਅਤੀਤ ਵਿੱਚ ਮੇਰਾ ਦੇਸ਼ ਮਹਾਨ ਹੁੰਦਾ ਸੀ, ਹੁਣ ਦੇਸ਼ ਨੂੰ ਮੁੜ ਤੋਂ ਮਹਾਨ ਬਣਾਉਣਾ ਹੈ- ਇਹ ਬਿਆਨੀਆ ਟਰੰਪੀ ਇਨਕਲਾਬ ਦਾ ਸੂਹਾ ਪਰਚਮ ਬਣ ਗਿਆ। ਲਾਲ ਟੋਪੀਆਂ ’ਤੇ MAGA ਗੋਰੇ ਨਸਲੀ ਅਮਰੀਕੀਆਂ ਦੇ ਦੇਸ਼ਭਗਤ ਹੋਣ ਦਾ ਐਲਾਨ ਕਰਦਾ ਫਰੇਰਾ ਹੋ ਨਿਬੜਿਆ। ‘ਮੇਕ ਅਮੈਰਿਕਾ ਗਰੇਟ ਅਗੇਨ’ (ਅਮਰੀਕਾ ਨੂੰ ਫਿਰ ਮਹਾਨ ਬਣਾਉ) ਇਹ ਸੁਨੇਹਾ ਵੀ ਦੇ ਰਿਹਾ ਸੀ- ਵਿਰੋਧੀਆਂ ਨੇ ਅਤੇ ਮੈਥੋਂ ਪਹਿਲਾਂ ਆਏ ਮੇਰੀ ਪਾਰਟੀ ਦੇ ਲੋਕਾਂ ਨੇ ਮੁਲਕ ਬਹੁਤ ਪਿੱਛੇ ਸੁੱਟ ਦਿੱਤਾ ਸੀ; ਮੈਂ ਇਸ ਧਰਮੀ ਕਾਰਜ ਲਈ ਹੁਣ ਅੱਗੇ ਆਇਆ ਹਾਂ, ਮੁਲਕ ਨੂੰ ਮਹਾਨ ਬਣਾਉਣ ਵਿੱਚ ਮੇਰਾ ਸਾਥ ਦਿਓ, ਮੈਨੂੰ ਵੋਟਾਂ ਪਾਓ; ਹਜ਼ਾਰਾਂ ਸਵਾਲ ਹਨ, ਤੁਹਾਨੂੰ ਉਲਝਾਇਆ ਜਾਵੇਗਾ ਪਰ ਤੁਸਾਂ ਕਿਸੇ ਉਲਝਣ ਵਿਚ ਨਹੀਂ ਪੈਣਾ; ਮੈਂ ਜਵਾਬ ਹਾਂ, ਸਭਨਾਂ ਉਲਝਣਾਂ ਦਾ ਹੱਲ ਹਾਂ, ਮਸੀਹਾ ਬਣ ਬਹੁੜਿਆ ਹਾਂ।

ਤੁਸਾਂ ਨਫ਼ਰਤ ਫੈਲਾਉਣੀ ਹੋਵੇ ਜਾਂ ਪਿਆਰ ਮੁਹੱਬਤ ਦੇ ਸੁਨੇਹੇ ਨਾਲ ਲੋਕਾਈ ਨੂੰ ਸਰਸ਼ਾਰ ਕਰਨਾ ਹੋਵੇ, ਅਜੋਕੀ ਰਵਾਂ-ਰਵੀਂ ਵਗਦੀ ਜਾਂਦੀ ਦੁਨੀਆਂ ਵਿੱਚ ਤੁਹਾਨੂੰ ਵੱਡਾ ਧੁੱਤੂ ਲੋੜੀਂਦਾ ਹੁੰਦਾ ਹੈ। ਸਾਡੇ ਸਮਿਆਂ ਦੇ ਜਨਤਕ ਚੌਕ- ਟੀਵੀ, ਅਖ਼ਬਾਰ, ਸੋਸ਼ਲ ਮੀਡੀਆ - ਉਹ ਮੰਚ ਹਨ ਜਿਨ੍ਹਾਂ ਤੋਂ ਬਿਆਨੀਆ ਦੂਰ ਤੱਕ ਮਾਰ ਕਰ ਸਕਦਾ ਹੈ।

ਬੇਅੰਤ ਨਫ਼ਰਤ ਦੇ ਫੈਲਾਅ ਲਈ ਇਹਦਾ ਸੰਚਾਰ ਜ਼ਰੂਰੀ ਹੁੰਦਾ ਹੈ। ਜਨਸੰਚਾਰ ਦੇ ਮਾਧਿਅਮ- ਕਈ ਅਖ਼ਬਾਰ, ਟੀਵੀ, ਰੇਡੀਓ, ਸੋਸ਼ਲ ਮੀਡੀਆ - ਵੱਡੇ ਮੰਚ ਹਨ ਜਿਨ੍ਹਾਂ ਤੋਂ ਇਹ ਨਫ਼ਰਤੀ ਵਹਿਣ ਵਹਿੰਦੇ ਹਨ। ਅੱਜ ਟਰੰਪ ਨੂੰ ਧੂਹ ਕੇ ਥੱਲੇ ਲਾਹਿਆ ਗਿਆ ਹੈ, ਪਰ ਇਸ ਘੜੀ ਦੀ ਨਿਸ਼ਾਨਦੇਹੀ ਕਿਵੇਂ ਕੀਤੀ ਗਈ? ਕਿਸੇ ਦੀ ਨਫ਼ਰਤ ਦਾ ਕਿੰਨਾ ਸੰਚਾਰ ਹੋ ਜਾਵੇ, ਲੋਕ ਕਿਸੇ ਖ਼ਾਸ ਮਜ਼ਹਬ ਦੇ ਬਾਸ਼ਿੰਦਿਆਂ ਨੂੰ ਥੂ ਥੂ ਕਰਨ ਲੱਗ ਪੈਣ, ਭੀੜਾਂ ਕਿਹੜੇ ਮੁਹੱਲਿਆਂ, ਕਿਹੜੀਆਂ ਗਲੀਆਂ ਵਿੱਚ ਆਦਮਬੋ-ਆਦਮਬੋ ਕਰਦੀਆਂ ਵੜ ਜਾਣ, ਕਿੰਨੀਆਂ ਲਾਸ਼ਾਂ ਵਿਛ ਜਾਣ ਤਾਂ ਸਾਡੀ ਧਰਤੀ ਤੋਂ ਉੱਪਰ ਉੱਠ ਕੇ ਬਣੇ ਅਤੇ ਵਿਗਿਆਨ ਦੇ ਆਬੋ-ਹਯਾਤ ਨਾਲ ਵਰੋਸਾਏ ਇਹ ਮੁਲਕ- ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ - ਇਹ ਫ਼ੈਸਲੇ ਲੈਂਦੇ ਹਨ ਕਿ ਫਲਾਣੇ ਦਾ ਮਾਈਕ ਖੋਹ ਲਿਆ ਜਾਵੇ, ਬਟਨ ਨੱਪ ਦਿੱਤਾ ਜਾਵੇ, ਮੂੰਹ ਠੱਪ ਦਿੱਤਾ ਜਾਵੇ, ਇਹਨੂੰ ਇੱਥੋਂ ਕੱਢ ਦਿੱਤਾ ਜਾਵੇ?

ਵਰ੍ਹਿਆਂ ਤੋਂ ਕੂਕ-ਕੂਕ ਕੇ ਸੁਘੜ-ਸਿਆਣਾ ਸਮਾਜ ਇਹ ਦੱਸਦਾ ਰਿਹਾ ਸੀ ਕਿ ਰਾਸ਼ਟਰਪਤੀ ਟਰੰਪ ਤੜਕੇ-ਤੜਕੇ ਉੱਠ ਕੇ ਟਵਿੱਟਰੀ ਮੂੰਹ ਖੋਲ੍ਹਦਾ ਹੈ ਤਾਂ ਜ਼ਹਿਰ ਘੋਲਦਾ ਹੈ। ਅਤਿ-ਨਸਲੀ ਸਮੂਹਾਂ ਨੂੰ ਦੇਸ਼ ਭਗਤ ਦੱਸਦਾ ਹੈ, ਅਤੀਤ ਦੇ ਨਸਲਪ੍ਰਸਤ ਗੋਰਿਆਂ ਦੇ ਬੁੱਤਾਂ ਨੂੰ ਆਪਣੇ ਦੇਸ਼ ਦੇ ਇਤਿਹਾਸ ਸਿਰਜਕਾਂ ਪ੍ਰਤੀ ਅਕੀਦਤ ਦੱਸਦਾ ਹੈ। ਜਿਹੜੇ ਚਾਹੁੰਦੇ ਹਨ ਕਿ ਇਕ ਸਾਵੇਂ ਸਮਾਜ ਦੀ ਸਿਰਜਣਾ ਖ਼ਿਲਾਫ਼ ਬਿਆਨੀਏ ਦੀ ਸ਼ਾਹਦੀ ਭਰਦੇ ਇਹ ਬੁੱਤ ਹਟਾਏ ਜਾਣ, ਉਨ੍ਹਾਂ ਨੂੰ ਦੇਸ਼ ਦੁਸ਼ਮਣ ਦੱਸਦਾ ਹੈ। ਸੈਂਕੜੇ ਘਟਨਾਵਾਂ, ਲੜਾਈਆਂ, ਗੋਲੀਆਂ, ਲਾਸ਼ਾਂ ਤੇ ਮੁਲਕਾਂ ਨੂੰ ਪਾੜ ਕੇ ਰੱਖ ਦੇਣ ਵਾਲੀ ਨਫ਼ਰਤ ਦੇ ਚੌਤਰਫ਼ਾ ਫੈਲਾਓ ਤੋਂ ਬਾਅਦ ਇੱਕ ਦਿਨ ਇਹ ਵੀ ਹੋਣਾ ਸੀ।

ਚੋਣਾਂ ਵਿੱਚ ਹਾਰ ਤੋਂ ਬਾਅਦ ਉਹ ਨਤੀਜੇ ਉਲਟਾਉਣਾ ਚਾਹ ਰਿਹਾ ਸੀ, ਸ਼ਰ੍ਹੇਆਮ ਖ਼ਤਰਨਾਕ ਭੀੜ ਨੂੰ ਉਕਸਾ ਰਿਹਾ ਸੀ। ਫਿਰ ਭੀੜ ਉਹੀ ਕਰਨ ਆਈ ਜੋ ਉਹ ਚਾਹ ਰਿਹਾ ਸੀ।

ਟਰੰਪ ਦੇ ਇਨ੍ਹਾਂ ਅੰਤਲੇ ਦਿਨਾਂ ਵਿੱਚ ਉਹਦੇ ਨਾਲ ਕਿਵੇਂ ਸਿੱਝਣਾ ਹੈ, ਇਹ ਅਮਰੀਕੀ ਸੈਨੇਟ ਜਾਣੇ ਜਿਹੜੀ ਮੁੜ ਮਹਾਂਦੋਸ਼ ਆਇਦ ਕਰਨ ਬਾਰੇ ਸੋਚ ਰਹੀ ਹੈ, ਪਰ ਅਸਾਂ ਕੀ ਸਿੱਖਣਾ ਹੈ? ਸਾਡੇ ਨੇਤਾ ਇਨ੍ਹਾਂ ਹੀ ਮੰਚਾਂ ਤੋਂ ਕੈਸਾ ਪ੍ਰਚਾਰ ਕਰਦੇ ਹਨ, ਕਿਸੇ ਫ਼ਿਰਕੇ ਬਾਰੇ ਕਿੰਨਾ ਮੰਦਾ ਬੋਲਦੇ ਹਨ, ਵਿਰੋਧੀ ਨੂੰ ਹਰ ਸਾਹ ਦੇਸ਼ਧ੍ਰੋਹੀ, ਪਾਕਿਸਤਾਨੀ, ਅਤਿਵਾਦੀ, ਮਾਓਵਾਦੀ ਕਹਿੰਦੇ ਹਨ ਤਾਂ ਇਹ ਸਭ ਸਾਡੇ ਸਮਾਜ ਉਤੇ ਕੀ ਪ੍ਰਭਾਵ ਪਾਉਂਦਾ ਹੈ?

ਅਸੀਂ ਕਦੋਂ, ਕਿੰਨੇ ਜ਼ੋਰ ਨਾਲ, ਕਿੰਨੀ ਸ਼ਿੱਦਤ ਨਾਲ ਇਹ ਬੇਨਤੀ ਕਰ ਰਹੇ ਹਾਂ ਕਿ ਇਹ ਵੱਡੇ ਸੋਸ਼ਲ ਮੀਡੀਆ ਦੇ ਮੰਚ ਇਹਨਾਂ ਨਫ਼ਰਤੀਆਂ ਨੂੰ ਜਲਾਵਤਨ ਕਰਨ? ਟਵਿੱਟਰੀ, ਫੇਸਬੁੱਕੀ ਮੁਲਕਾਂ ਤੋਂ ਆਯਾਤ ਕੀਤੀ ਨਫ਼ਰਤ ਹੀ ਭੀੜਾਂ ਨੂੰ ਮੁਹੰਮਦ ਅਖ਼ਲਾਕ ਦੀ ਗਲੀ ਭੇਜਦੀ ਹੈ। ਉਕਸਾਉਂਦੀ ਹੈ ਕਿ ਉਹਦੇ ਫ੍ਰਿੱਜ ਵਿੱਚ ਪਏ ਮਾਸ ਦਾ ਵਿਗਿਆਨਕ ਅਨੁਸੰਧਾਨ ਕੀਤਾ ਜਾਵੇ ਤਾਂ ਜੋ ਪਤਾ ਲੱਗੇ ਕਿ ਕੁੱਟ-ਕੁੱਟ ਕੇ ਮਾਰਿਆ ਗਿਆ ਦੇਸ਼ਭਗਤ ਸੀ ਜਾਂ ਨਹੀਂ? ਜਿਹੜੇ ਵੱਡੇ ਵੱਡੇ ਨੇਤਾਵਾਂ ਨੇ ਮਾਰੂ ਵਾਇਰਸ ਦੇ ਬਹਾਨੇ ਕਿਸੇ ਤਨਜ਼ੀਮ ਨੂੰ ਸਮਾਜ ਦੀ ਨਫ਼ਰਤ ਦਾ ਨਿਸ਼ਾਨਾ ਬਣਾਇਆ, ਜਾਂ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਲਈ ਕਿਸੇ ਸਿਆਸੀ ਸੋਚ, ਧਰਮ ਜਾਂ ਖਿੱਤੇ ਦੇ ਲੋਕਾਂ ਨੂੰ ਮੁਲਕ ਦੁਸ਼ਮਣ, ਅਤਿਵਾਦੀ, ਵੱਖਵਾਦੀ ਕਿਹਾ, ਉਨ੍ਹਾਂ ਵਿੱਚੋਂ ਕਿੰਨਿਆਂ ਦੇ ਵੱਡੇ ਧੁਤੂ ਬੰਦ ਕਰਵਾਏ ਗਏ? ਬੀਤੇ ਵਿੱਚ ਸੱਤਾਧਾਰੀ ਪਾਰਟੀ ਦੇ ਕਿੰਨੇ ਸਾਰੇ ਕੇਂਦਰੀ ਅਤੇ ਸੂਬਾਈ ਮੰਤਰੀਆਂ ਸਮੇਤ ਵੱਡੇ ਵੱਡੇ ਲੀਡਰਾਂ ਨੇ ਸੋਸ਼ਲ ਤੇ ਰਵਾਇਤੀ ਮੀਡੀਆ ਰਾਹੀਂ ਖੁੱਲ੍ਹ ਕੇ ਨਫ਼ਰਤੀ ਪ੍ਰਚਾਰ ਕੀਤਾ, ਪਰ ਸਾਡੇ ਇੱਥੇ ਇਨ੍ਹਾਂ ਜ਼ਹਿਰੀਲੇ ਮੂੰਹਾਂ ਨੂੰ ਬੰਦ ਕਰਵਾਉਣ ਦੀ ਮੰਗ ਵੱਡੇ ਪੱਧਰ ਉੱਤੇ ਨਹੀਂ ਉੱਠੀ। ਰਵਾਇਤੀ ਟੀਵੀ ਚੈਨਲਾਂ ਉੱਤੇ ਕੋਈ ਬਹੁਤਾ ਜਨਤਕ ਦਬਾਅ ਨਹੀਂ ਬਣ ਸਕਿਆ ਕਿ ਉਹ ਕਿਸੇ ਨੂੰ ਵੀ ਆਪਣਾ ਮੰਚ ਨਫ਼ਰਤ ਫੈਲਾਉਣ ਲਈ ਨਾ ਵਰਤਣ ਦੇਣ।

ਅਸੀਂ ਗਲੀ-ਗਲੀ, ਸ਼ਹਿਰ-ਸ਼ਹਿਰ ਛੋਟੇ-ਛੋਟੇ ਟਰੰਪ ਪਾਲ ਰਹੇ ਹਾਂ। ਸਮੇਂ ਦੇ ਨਾਲ-ਨਾਲ ਇਹ ਹਕੂਮਤੀ ਸ਼ਹਿ ਪ੍ਰਾਪਤ ਵੱਡੇ ਟਰੰਪ ਬਣ ਰਹੇ ਹਨ। ਅਮਰੀਕੀਆਂ ਹਰਾ ਦਿੱਤਾ ਹੈ, ਟਵਿੱਟਰ ਫੇਸਬੁੱਕ ਨੇ ਕੱਢ ਦਿੱਤਾ ਹੈ ਪਰ ਅੰਦਰਲਾ ਟਰੰਪ ਹਾਲੇ ਜੀਊਂਦਾ ਹੈ। ਸਾਡੇ ਸਮਿਆਂ ਦੇ ਨਵੇਂ ਮੁਲਕਾਂ- ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਵਗੈਰਾ - ਨੂੰ ਕੋਈ ਠੋਸ ਮਾਪਦੰਡ ਬਣਾਉਣਾ ਚਾਹੀਦਾ ਹੈ ਕਿ ਕਿਸੇ ਦੀ ਨਫ਼ਰਤ ਨਾਲ ਕਿੰਨੇ ਲੋਕ ਲਾਸ਼ਾਂ ਬਣ ਜਾਣ, ਕਿੰਨੇ ਦਿਲ ਪਾਟ ਜਾਣ, ਮੁਲਕ ਕਿੰਨਾ ਲੀਰੋ-ਲੀਰ ਹੋ ਜਾਵੇ ਤਾਂ ਉਹਦਾ ਬਟਨ ਬੰਦ ਕਰਨਾ ਚਾਹੀਦਾ ਹੈ? ਫਿਲਹਾਲ ਇਹ ਘੜੀ ਮੁਖ਼ਤਸਰ ਜਿਹੀ ਬ੍ਰੇਕ ਹੈ, ਸਿਆਸਤ ਸਾਡਾ ਰਿਐਲਿਟੀ ਸ਼ੋਅ ਹੈ, ਬ੍ਰੇਕ ਤੋਂ ਬਾਅਦ ਸਾਡੇ ਨਾਲ ਇਉਂ ਹੀ ਜੁੜੇ ਰਹਿਣਾ, ਟਰੰਪੀ ਸਿਲਸਿਲਾ ਲਗਾਤਾਰ ਇਵੇਂ ਹੀ ਜਾਰੀ ਹੈ। ਨਫ਼ਰਤ ਤਾਰੀ ਹੈ। ਬਾਹਰ ਵੇਖੋ, ਇੱਕ ਭੀੜ ਆ ਰਹੀ ਹੈ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਖਬਾਰਾਂ ’ਚ ਲਿਖਦਾ, ਟੀਵੀ ’ਤੇ ਦਿੱਸਦਾ ਹੈ ਪਰ ਵਿਗਿਆਨ ਦੇ ਬਣਾਏ ਨਵੇਂ ਮੁਲਕਾਂ, ਫੇਸਬੁੱਕ ਟਵਿੱਟਰ ਵਗੈਰਾ ’ਚ ਰਿਹਾਇਸ਼ ਤੋਂ ਹਾਲੇ ਇਨਕਾਰੀ, ਪਹਿਲੋਂ ਨਾਗਰਿਕਤਾ ਸੋਧ ਕਾਨੂੰਨ ਦੀ ਮੰਗ ਕਰ ਰਿਹਾ ਹੈ।)

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All