ਆਪ ਬੀਤੀ

ਮੈਂ ਕਿੱਥੇ ਗੁਜ਼ਾਰਾਂ ਝੱਟ ਸਾਈਂਆਂ

ਮੈਂ ਕਿੱਥੇ ਗੁਜ਼ਾਰਾਂ ਝੱਟ ਸਾਈਂਆਂ

ਦੀਪ ਦੇਵਿੰਦਰ ਸਿੰਘ

ਦੀਪ ਦੇਵਿੰਦਰ ਸਿੰਘ

ਉਸ ਦਿਨ ਮੈਨੂੰ ਘਰ ਜਾਣ ਦੀ ਬਹੁਤ ਕਾਹਲ ਸੀ। ਮੈਂ ਪਿਛਲੇ ਅੱਧੇ ਘੰਟੇ ਤੋਂ ਜਾਮ ’ਚ ਫਸਿਆ ਖੜ੍ਹਾ ਸਾਂ। ਪਤਾ ਨਹੀਂ ਕੋਈ ਧਾਰਮਿਕ ਸਮਾਗਮ ਸੀ ਜਾਂ ਕੁਝ ਹੋਰ। ਸ਼ਹਿਰ ਦੀਆਂ ਸੜਕਾਂ ’ਤੇ ਹਰ ਪਾਸੇ ਭੀੜ ਸੀ। ਗੱਡੀਆਂ, ਮੋਟਰਾਂ ਦਾ ਹੜ੍ਹ ਜਾਮ ਹੋਇਆ ਖਲੋਤਾ ਸੀ। ਖੜ੍ਹੀਆਂ ਗੱਡੀਆਂ ਹਿਲਦੀਆਂ ਤਾਂ ਸਨ ਕਦੀ ਕਦਾਈਂ। ਫਿਰ ਉਹੀ ਹਾਲ ਜਿਸ ਕਰਕੇ ਮੇਰੇ ਘਰ ਦਾ ਪੈਂਡਾ ਮੁੱਕਣ ਦਾ ਨਾਂ ਨਹੀਂ ਸੀ ਲੈ ਰਿਹਾ। ਮੈਂ ਇਸ ਜਮਘਟੇ ’ਚੋਂ ਉੱਡ ਕੇ ਨਿਕਲ ਜਾਣਾ ਚਾਹੁੰਦਾ ਸਾਂ।

ਘਰੋਂ ਕਈ ਵਾਰੀ ਫੋਨ ਆ ਗਿਆ ਸੀ। ਪਤਨੀ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਢਿੱਲੀ ਮੱਠੀ ਹੋਣ ਕਾਰਨ ਕਿਸੇ ਹੋਰ ਡਾਕਟਰ ਨੂੰ ਵਿਖਾਉਣ ਦਾ ਸਮਾਂ ਲਿਆ ਸੀ ਜਿਹੜਾ ਲੰਘਦਾ ਜਾ ਰਿਹਾ ਸੀ। ਉਪਰੋਂ ਮੇਰੇ ਆਸ-ਪਾਸ ਦੀ ਭੀੜ ਹਿੱਲਣ ਦਾ ਨਾਂ ਨਹੀਂ ਸੀ ਲੈ ਰਹੀ। ਲਗਾਤਾਰ ਵੱਜ ਰਹੇ ਹਾਰਨ ਮੇਰੇ ਕੰਨਾਂ ’ਚ ਕਿਰਚਾਂ ਵਾਂਗ ਵੱਜ ਰਹੇ ਸਨ ਤੇ ਗੂੜ੍ਹੇ ਘਸਮੈਲੇ ਰੰਗ ਦੇ ਧੂੰਏਂ ਦਾ ਗੁਬਾਰ ਮੇਰੇ ਦਿਮਾਗ਼ ਨੂੰ ਚੜ੍ਹ ਰਿਹਾ ਸੀ। ਭਾਦਰੋਂ ਦਾ ਮਹੀਨਾ ਬੇਸ਼ੱਕ ਅੱਧਿਉਂ ਬਹੁਤਾ ਬੀਤ ਚੁੱਕਿਆ ਸੀ, ਪਰ ਚੁਮਾਸਾ ਅਜੇ ਵੀ ਜਾਨ ਕੱਢ ਰਿਹਾ ਸੀ। ਕਿਤੇ ਪਹਿਲੇ ਵੇਲੇ ਦੋ ਚਾਰ ਬੱਦਲ ਉੱਠੇ ਤਾਂ ਸਨ, ਫਿਰ ਕਿਧਰੇ ਖਿੰਡ-ਪੁੰਡ ਗਏ ਸਨ। ਮੈਂ ਮੱਥੇ ’ਤੇ ਟਪਕਦੀਆਂ ਪਸੀਨੇ ਦੀਆਂ ਬੂੰਦਾਂ ਨੂੰ ਜੇਬ੍ਹ ਵਿਚਲੇ ਰੁਮਾਲ ਨਾਲ ਮੁੜ ਮੁੜ ਪੂੰਝਦਾ ਹਾਂ।

ਫੋਨ ਦੀ ਬੈੱਲ ਫਿਰ ਵੱਜੀ। ਭੀੜ ਹੋਣ ਕਰਕੇ ਮੈਂ ਵਾਰ-ਵਾਰ ਫੋਨ ਚੁੱਕ ਨਹੀਂ ਸੀ ਸਕਦਾ। ਕਦੀ ਪਤਨੀ ’ਤੇ ਵੀ ਖਿਝ ਆਉਂਦੀ। ਬੰਦਾ ਥੋੜ੍ਹਾ ਧੀਰਜ ਰੱਖਦਾ ਹੈ। ਐਵੇਂ ਬੱਚਿਆਂ ਵਾਂਗ ਕਰਨ ਲੱਗ ਜਾਂਦੀ ਐ ਕਈ ਵਾਰੀ। ਫਿਰ ਸੋਚਦਾ, ਉਹ ਵੀ ਤਾਂ ਬੇਵੱਸ ਹੈ, ਪਿਛਲੀਆਂ ਦੋ ਰਾਤਾਂ ਤੋਂ ਚੱਜ ਨਾਲ ਸੁੱਤੀ ਨਹੀਂ। ਉਹਦੇ ਨਾਲ ਮੇਰੀ ਵੀ ਚੱਤੋ ਪਹਿਰ ਅਵਾਜ਼ਾਰੀ ਜਿਹੀ ਬਣੀ ਰਹਿੰਦੀ ਹੈ। ਧਿਆਨ ਹਮੇਸ਼ਾ ਘਰ ਵੱਲ ਹੀ ਲੱਗਿਆ ਰਹਿੰਦਾ ਹੈ।

ਖੜੀ ਭੀੜ ਥੋੜ੍ਹਾ-ਥੋੜ੍ਹਾ ਹਿੱਲੀ। ਅਗਲੀਆਂ ਗੱਡੀਆਂ ਸਹਿਜ ਸਹਿਜ ਤੁਰੀਆਂ। ਮਨ ਦੀ ਤਲਖ਼ੀ ਥੋੜ੍ਹੀ ਘੱਟ ਹੋਈ। ਬੱਸ ਸਟੈਂਡ ਵਾਲਾ ਮੋੜ ਮੁੜ ਕੇ ਭੀੜ ਆਪਣੀ ਚਾਲੇ ਤੁਰਨ ਹੀ ਲੱਗੀ ਸੀ ਜਦੋਂ ਇਕਹਿਰੇ ਜਿਹੇ ਸਰੀਰ ਵਾਲੇ ਉਸ ਮੁੰਡੇ ਨੇ ਹੱਥ ਦੇ ਇਸ਼ਾਰੇ ਨਾਲ ਰੁਕਣ ਦਾ ਤਰਲਾ ਜਿਹਾ ਮਾਰਿਆ। ਘਰ ਜਾਣ ਦੀ ਕਾਹਲ ਉਪਰੋਂ ਇਸ ਜਾਮ ਤੋਂ ਮਸਾਂ ਮਿਲੇ ਛੁਟਕਾਰੇ ਕਰਕੇ ਹੁਣ ਮੇਰਾ ਖਲੋਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਆਪਣੀ ਚਾਲੇ ਚਲਦੇ ਨੇ ਉਹਦੇ ਵੱਲ ਥੋੜ੍ਹੀ ਧੌਣ ਭੁਆਈ। ਤਿੰਨ ਕੁ ਵਰ੍ਹਿਆਂ ਦਾ ਬਾਲ ਉਸ ਨੇ ਆਪਣੀ ਬਾਂਹ ਸਹਾਰੇ ਕੁੱਛੜ ਚੁੱਕਿਆ ਹੋਇਆ ਸੀ ਜਿਸ ਨੇ ਆਪਣੀਆਂ ਪਤਲੀਆਂ-ਪਤਲੀਆਂ ਬਾਹਵਾਂ ਉਸ ਮੁੰਡੇ ਦੇ ਗਲ ਦੁਆਲੇ ਵਲੀਆਂ ਹੋਈਆਂ ਸਨ। ਫੁਟਪਾਥ ਦੇ ਨਾਲ ਲੱਗ ਕੇ ਖਲੋਤਿਆਂ ਤਿੱਖੀ ਧੁੱਪ ਉਨ੍ਹਾਂ ਦੇ ਚਿਹਰਿਆਂ ’ਤੇ ਪੈ ਰਹੀ ਸੀ। ਕੁੱਛੜ ਚੁੱਕਿਆ ਬੱਚਾ ਉਸ ਮੁੰਡੇ ਦੀ ਧੌਣ ਹੇਠ ਆਪਣਾ ਸਿਰ ਘਸੋੜ ਘਸੋੜ ਕੇ ਧੁੱਪ ਤੋਂ ਬਚਣ ਦਾ ਯਤਨ ਕਰ

ਰਿਹਾ ਸੀ ਜਿਸ ਵੱਲ ਵੇਖਦਿਆਂ ਮੇਰਾ ਮਨ ਪਸੀਜ ਗਿਆ ਸੀ ਤੇ ਇੰਨੀ ਕਾਹਲ ਦੇ ਬਾਵਜੂਦ ਮੇਰੇ ਤੋਂ ਬਰੇਕ ਵੱਜ ਗਈ ਸੀ।

ਉਹ ਮੁੰਡਾ ਮੇਰੇ ਕਰੀਬ ਹੋ ਗਿਆ ਸੀ। ਕੱਪੜੇ ਲੱਤੇ ਤੋਂ ਉਹਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ ਲੱਗਦੀ ਤੇ ਉਹਦੀਆਂ ਅੱਖਾਂ ਵੀ ਸਿੱਲ੍ਹੀਆਂ ਸਿੱਲ੍ਹੀਆਂ ਜਿਹੀਆਂ ਸਨ ਜਿਵੇਂ ਕਿਤੇ ਰੋ ਕੇ ਹਟਿਆ ਹੋਵੇ। ਉਸ ਘਗਿਆਈ ਜਿਹੀ ਆਵਾਜ਼ ’ਚ ਬੋਲਣਾ ਸ਼ੁਰੂ ਕੀਤਾ ਸੀ, ‘‘ਭਾ’ਜੀ, ਵੱਡੇ ਹਸਪਤਾਲ ’ਚ ਮੇਰਾ ਕਾਕਾ ਪੂਰਾ ਹੋ ਗਿਆ, ਥੋੜ੍ਹੇ ਦਿਨਾਂ ਦਾ ਸੀ। ਘਰ ਦੀ ਮੇਰੀ ਉੱਥੇ ਈ ਐ, ਛੁੱਟੀ ਨਹੀਂ ਮਿਲੀ ਉਹਨੂੰ। ਭਾ’ਜੀ, ਮੈਂ ਆਪਣੇ ਪਿੰਡ ਜਾਣੈ, ਬਥੇਰਿਆਂ ਨੂੰ ਕਿਹਾ ਪਰ ਕਿਸੇ ਨੇ ਬਾਂਹ ਨਹੀਂ ਫੜੀ। ਸਿਰਫ਼ ਵੀਹਾਂ-ਤੀਹਾਂ ਦੀ ਗੱਲ ਐ ਭਾ’ਜੀ।’’ ਕਹਿੰਦਿਆਂ ਉਹਦਾ ਗੱਚ ਭਰ ਆਇਆ ਸੀ।

ਮੈਂ ਸੁੰਨ ਹੋ ਗਿਆ ਸਾਂ। ਉਹਦੀਆਂ ਕਹੀਆਂ ਗੱਲਾਂ ਮੇੇਰੇ ਦਿਲ ’ਚ ਆਰੀ ਦੇ ਦੰਦਿਆਂ ਵਾਂਗ ਖੁੱਭੀਆਂ ਸਨ। ਉਹਦੀ ਪ੍ਰੇਸ਼ਾਨੀ ਮੇਰੇ ਨਾਲੋਂ ਕਈ ਗੁਣਾ ਭਾਰੀ ਲੱਗ ਰਹੀ ਸੀ। ਉਹਦੇ ਕੁੱਛੜ ਚੁੱਕਿਆ ਬਾਲ ਉਹਦੇ ਵਾਂਗ ਹੀ ਉਦਾਸ ਸੀ। ਫੋਨ ’ਤੇ ਵੱਜੀ ਘੰਟੀ ਮੈਂ ਇਸ ਵਾਰੀ ਬਿਨ ਵੇਖਿਆਂ ਬੰਦ ਕਰ ਦਿੱਤੀ ਤਾਂ ਜੋ ਮੇਰਾ ਧਿਆਨ ਉਨ੍ਹਾਂ ਦੋਵਾਂ ਵੱਲੋਂ ਲਾਂਭੇ ਨਾ ਹੋ ਜਾਵੇ। ਮੈਂ ਆਪਣੀ ਆਦਤ ਮੂਜਬ ਉਹਦੇ ਨਾਲ ਹੋਰ ਗੱਲਾਂ ਕਰਨਾ ਚਾਹੁੰਦਾ ਸਾਂ। ਉਹਦੇ ਬਾਰੇ। ਉਹਦੇ ਬੱਚੇ ਬਾਰੇ। ਉਹਦੇ ਪਰਿਵਾਰ ਦੇ ਹੋਰਨਾਂ ਜੀਆਂ ਬਾਰੇ। ਉਹ ਨਿੱਕੇ ਨਿੱਕੇ ਜਵਾਬ ਦੇਈ ਜਾਂਦਾ ਤੇ ਨਾਲ ਦੀ ਨਾਲ ਆਪਣੀ ਵੀਹਾਂ-ਤੀਹਾਂ ਵਾਲੀ ਲੋੜ ਵੀ ਦੁਹਰਾਈ ਜਾਂਦਾ।

ਸਾਨੂੰ ਇੰਝ ਭਰ ਵਗਦੀ ਸੜਕ ਕੰਢੇ ਖਲੋ ਕੇ ਗੱਲਾਂ ਕਰਦਿਆਂ ਵੇਖ ਇਕ ਅੱਧਖੜ ਉਮਰ ਦਾ ਸਰਦਾਰ ਸੜਕ ਪਾਰੋਂ ਬਚਦਾ ਬਚਾਉਂਦਾ ਸਾਡੇ ਤੀਕ ਆਣ ਪਹੁੰਚਿਆ ਸੀ ਤੇ ਥੋੜ੍ਹਾ ਨੇੜੇ ਹੁੰਦਿਆਂ ਬੋਲਿਆ, ‘‘ਕੀ ਗੱਲ ਹੋ ਗਈ ਭਾ’ਜੀ?’’ ਮੈਥੋਂ ਇੰਨਾ ਹੀ ਕਹਿ ਹੋਇਆ ਸੀ ਕਿ ‘‘ਇਹ ਪ੍ਰੇਸ਼ਾਨ ਐ ਵਿਚਾਰਾ, ਹਸਪਤਾਲ ’ਚ ਇਹਦਾ ਬੱਚਾ ਪੂਰਾ ਹੋ ਗਿਆ।’’ ਸਰਦਾਰ ਨੇ ਹੈਰਾਨੀ ਨਾਲ ਉਹਦੇ ਵੱਲ ਵੇਖਿਆ, ਦੋ ਕੁ ਪੈਰ ਉਹਦੇ ਵੱਲ ਪੁੱਟੇ ਤੇ ਮੋਢੇ ’ਤੇ ਹੱਥ ਧਰਦਾ ਬੋਲਿਆ, ‘‘ਤੂੰ ਤਾਂ ਦੋ ਕੁ ਮਹੀਨੇ ਪਹਿਲਾਂ ਵੀ ਮੈਨੂੰ ਬੱਸ ਸਟੈਂਡ ਲਾਗੇ ਮਿਲਿਆ ਸੈਂ ਇਸੇ ਬੱਚੇ ਨਾਲ। ਉਦੋਂ ਵੀ ਤੂੰ ਮੈਨੂੰ ਇਸੇ ਤਰ੍ਹਾਂ ‘‘ਮੇਰਾ ਕਾਕਾ ਪੂਰਾ ਹੋ ਗਿਆ’’ ਕਹਿ ਕੇ ਪੰਜ ਸੌ ਰੁਪਏ ਲੈ ਗਿਆ ਸੈਂ। ਤੈਨੂੰ ਭੋਰਾ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਮੁੜ-ਮੁੜ ਆਪਣੀ ਔਲਾਦ ਨੂੰ ਮਾਰਦਿਆਂ?’’

ਗੱਲ ਸੁਣਦਿਆਂ ਸਾਹਮਣੇ ਵਾਲੇ ਦਾ ਰੰਗ ਫੱਕ ਹੋ ਗਿਆ ਤੇ ਉਹ ਪਿਛਾਂਹ ਨੂੰ ਖਿਸਕਣ ਲੱਗਿਆ ਸੀ। ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਸਨ ਤੇ ਮੈਨੂੰ ਤ੍ਰੇਲੀਉ ਤ੍ਰੇਲੀ ਹੋਏ ਨੂੰ ਕੋਈ ਸ਼ਬਦ ਨਹੀਂ ਸੀ ਅਹੁੜ ਰਿਹਾ। ਭੀੜ ਪਹਿਲਾਂ ਵਾਂਗ ਹੀ ਮੇਰੇ ਲਾਗਿਉਂ ਦੀ ਭੱਜੀ ਜਾ ਰਹੀ ਸੀ ਤੇ ਮੈਂ ਘਰ ਪਹੁੰਚਣ ਲਈ ਹਿੰਮਤ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ।

ਸੰਪਰਕ: 98721-65707

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All