ਟੋਕੀਓ ਓਲੰਪਿਕ ਵਿੱਚ ਭਾਰਤ ਲਈ ਤਗ਼ਮਿਆਂ ਦੇ ਪ੍ਰਬਲ ਦਾਅਵੇਦਾਰਾਂ ਵਿੱਚੋਂ ਇੱਕ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਮੰਗਲਵਾਰ ਨੂੰ ਫਰੈਂਕਫਰਟ ਤੋਂ ਟੋਕੀਓ ਦੀ ਉਡਾਣ ਭਰਨ ਤੋਂ ਖੁੰਝ ਗਈ। ਅਸਲ ਵਿੱਚ ਫੋਗਾਟ ਨੂੰ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯੂਰੋਪੀਅਨ ਯੂਨੀਅਨ (ਈਯੂ) ਵਿੱਚ ਆਪਣੇ ਵੀਜ਼ੇ ਦੀ ਮਿਆਦ ਤੋਂ ਇੱਕ ਦਿਨ ਵੱਧ ਠਹਿਰ ਕਰ ਕੇ ਰੋਕ ਲਿਆ ਸੀ। ਫੋਗਾਟ, ਜੋ ਆਪਣੇ ਕੋਚ ਵੂਲਰ ਆਕੋਸ ਨਾਲ ਹੰਗਰੀ ਵਿੱਚ ਅਭਿਆਸ ਕਰ ਰਹੀ ਸੀ, ਨੇ ਮੰਗਲਵਾਰ ਨੂੰ ਫਰੈਂਕਫਰਟ ਤੋਂ ਜਾਪਾਨ ਦੀ ਰਾਜਧਾਨੀ ਟੋਕੀਓ ਲਈ ਕੁਨੈਕਟਿੰਗ ਉਡਾਣ ਫੜਨੀ ਸੀ, ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੋਵਾਂ ਨੂੰ ਰੋਕ ਲਿਆ। ਹਾਲਾਂਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀਆਂ ਦੇ ਦਖ਼ਲ ਨਾਲ ਮਸਲਾ ਸੁਲਝ ਗਿਆ। ਵਿਨੇਸ਼ ਫੋਗਾਟ ਅਤੇ ਉਸ ਦਾ ਕੋਚ ਅੱਜ ਟੋਕੀਓ ਪੁੱਜ ਗਏ ਹਨ। ਸੂਤਰਾਂ ਮੁਤਾਬਕ ਫੋਗਾਟ ਨੂੰ 90 ਦਿਨਾਂ ਦਾ ਸ਼ੈਨੇਗਨ ਵੀਜ਼ਾ ਲੱਗਾ ਸੀ, ਪਰ ਜਦੋਂ ਉਹ ਬੁਡਾਪੈਸਟ ਤੋਂ ਫਰੈਂਕਫਰਟ ਪੁੱਜੀ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੇ ਹਿਸਾਬ ਮੁਤਾਬਕ ਯੂਰੋਪੀ ਸੰਘ ’ਚ ਉਸ ਦੀ ਠਹਿਰ ਇੱਕ ਦਿਨ ਵੱਧ ਦੀ ਨਿਕਲੀ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਫੌਰੀ ਹਰਕਤ ’ਚ ਆਉਂਦਿਆਂ ਫਰੈਂਕਫਰਟ ਸਥਿਤ ਭਾਰਤੀ ਕੌਂਸਲਖਾਨੇ ਨਾਲ ਰਾਬਤਾ ਕਰਕੇ ਇਸ ਪੂਰੇ ਮਸਲੇ ਨੂੰ ਸੁਲਝਾਇਆ। ਆਮਦ ਵਿੱਚ ਇੱਕ ਦਿਨ ਦੀ ਦੇਰੀ ਕਰਕੇ ਫੋਗਾਟ ਨੂੰ ਹਵਾਈ ਅੱਡੇ ’ਤੇ ਨਵੇਂ ਸਿਰਿਓਂ ਆਰਟੀ-ਪੀਸੀਆਰ ਟੈਸਟ ਵੀ ਕਰਵਾਉਣਾ ਪਿਆ। ਉਂਜ ਟੋਕੀਓ ਪੁੱਜਣ ’ਤੇ ਮਹਿਲਾ ਪਹਿਲਵਾਨ ਦਾ ਹਵਾਈ ਅੱਡੇ ’ਤੇ ਮੁੜ ਕਰੋਨਾ ਟੈਸਟ ਕੀਤਾ ਗਿਆ।
ਸਿਮੋਨ ਬਾਇਲਸ ਆਲ ਰਾਊਂਡ ਮੁਕਾਬਲਿਆਂ ਤੋਂ ਹਟੀ: ਅਮਰੀਕੀ ਜਿਮਨਾਸਟ ਸਿਮੋਨ ਬਾਇਲਸ ਆਪਣੀ ਮਾਨਸਿਕ ਸਿਹਤ ਨਾਲ ਜੁੜੇ ਫ਼ਿਕਰਾਂ ਕਰ ਕੇ ਜਿਮਨਾਸਟ ਮੁਕਾਬਲਿਆਂ ਦੇ ਫਾਈਨਲ ’ਚੋਂ ਲਾਂਭੇ ਹੋ ਗਈ ਹੈ। ਬਾਇਲਸ ਮੰਗਲਵਾਰ ਨੂੰ ਵਾਲਟ ’ਤੇ ਆਪਣੀ ਪੇਸ਼ਕਾਰੀ ਦੌਰਾਨ ਸੱਟ ਲੁਆ ਬੈਠੀ ਸੀ। ਟੀਮ ਈਵੈਂਟ ਵਿੱਚ ਬਾਇਲਸ ਦੀ ਗ਼ੈਰਹਾਜ਼ਰੀ ਦਾ ਰੂਸ ਦੀਆਂ ਮਹਿਲਾ ਜਿਮਨਾਸਟਾਂ ਨੇ ਪੂੁਰਾ ਲਾਹਾ ਲੈਂਦਿਆਂ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ। ਬਾਇਲਸ ਨੂੰ ਲੱਗੀ ਸੱਟ ਦੀ ਅੱਜ ਡਾਕਟਰੀ ਜਾਂਚ ਵੀ ਕੀਤੀ ਗਈ। ਅਮਰੀਕੀ ਜਿਮਨਾਸਟਿਕਸ ਵੱਲੋਂ ਜਾਰੀ ਬਿਆਨ ਮੁਤਾਬਕ ਸਿਮੋਨ ਬਾਇਲਸ ਨੇ ਆਪਣੀ ਮਾਨਸਿਕ ਸਿਹਤ ’ਤੇ ਧਿਆਨ ਕੇਂਦਰਤ ਕਰਨ ਲਈ ਮੁਕਾਬਲਿਆਂ ਤੋਂ ਲਾਂਭੇ ਹੋਣ ਦਾ ਫ਼ੈਸਲਾ ਕੀਤਾ ਹੈ। ਅਮਰੀਕੀ ਜਿਮਨਾਸਟ ਵਿਅਕਤੀਗਤ ਈਵੈਂਟ ਦੇ ਫਾਈਨਲ ’ਚ ਸ਼ਮੂਲੀਅਤ ਕਰੇਗੀ ਜਾਂ ਨਹੀਂ ਇਸ ਬਾਰੇ ਫ਼ੈਸਲਾ ਬਾਅਦ ’ਚ ਨਿਯਮਤ ਸਮੀਖਿਆ ਮਗਰੋਂ ਲਿਆ ਜਾਵੇਗਾ। ਉਂਜ ਆਲਰਾਊਂਡ ਫਾਈਨਲ ਵਿੱਚ ਬਾਇਲਸ ਦੀ ਥਾਂ ਜੇਡ ਕੇਅਰੀ ਨੇ ਲਈ ਹੈ। ਅਮਰੀਕਾ ਜਿਮਨਾਸਟਿਕਸ ਨੇ ਸਿਮੋਨ ਦੇ ਫ਼ੈਸਲੇ ਦੀ ਹਮਾਇਤ ਕਰਦਿਆਂ ਕਿਹਾ ਕਿ ਉਸ ਦੀ ਹਿੰਮਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਹੋਰਨਾਂ ਲਈ ਰੋਲ ਮਾਡਲ ਕਿਉਂ ਹੈ।
ਇਕ ਪੰਥ ਦੋ ਕਾਜ: ਟੋਕੀਓ ਓਲੰਪਿਕ ਵਿੱਚ ਐਤਕੀਂ ਖਿਡਾਰੀਆਂ ਨੂੰ ਦਰਸ਼ਕਾਂ ਦੀ ਕਮੀ ਰੜਕਦੀ ਰਹੀ ਹੈ। ਖਿਡਾਰੀਆਂ ਨੂੰ ਖੇਡ ਮਹਾਕੁੰਭ ਵਿੱਚ ਪਰਿਵਾਰ ਨਾਲ ਲਿਆਉਣ ਦੀ ਵੀ ਮਨਾਹੀ ਹੈ। ਇਹ ਫੈਸਲਾ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਿਆ ਗਿਆ ਹੈ ਤਾਂ ਕਿ ਟੋਕੀਓ ਵਿੱਚ ਭੀੜ-ਭੜੱਕਾ ਨਾ ਹੋਵੇ ਤੇ ਕਰੋਨਾ ਤੋਂ ਬਚਾਅ ਲਈ ਜਾਰੀ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਤਾਇਵਾਨ ਦੇ ਗੋਲਫ਼ਰ ਸੀ.ਟੀ. ਪੈਨ ਨੇ ਹਾਲਾਂਕਿ ਇਸ ਦਾ ਵੀ ਰਾਹ ਲੱਭ ਲਿਆ ਹੈ। ਟੋਕੀਓ ਵਿੱਚ ਭਲਕ ਤੋਂ ਸ਼ੁਰੂ ਹੋ ਰਹੇ ਗੋਲਫ਼ ਮੁਕਾਬਲਿਆਂ ਦੌਰਾਨ ਉਸ ਦੀ ਪਤਨੀ ਹਰ ਵੇਲੇ ਉਹਦੇ ਅੰਗ-ਸੰਗ ਰਹੇਗੀ। ਪੈਨ ਨੇ ਪਤਨੀ ਨੂੰ ਕੈਡੀ ਦੀ ਜ਼ਿੰਮੇਵਾਰੀ ਸੌਂਪੀ ਹੈ, ਜੋ ਗੋਲਫ਼ ਮੁਕਾਬਲਿਆਂ ਦੌਰਾਨ ਖੇਡ ਨਾਲ ਜੁੜੇ ਸਾਜ਼ੋ-ਸਾਮਾਨ ਦੀ ਢੋਆ-ਢੁਆਈ ਕਰੇਗੀ। ਪੈਨ ਨੇ ਕਿਹਾ ਇਹ ਇਕ ਪੰਥ ਦੋ ਕਾਜ ਵਾਲੀ ਗੱਲ ਹੋਵੇਗੀ। ਉਸ ਨੇੇ ਕਿਹਾ, ‘‘ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਖੇਡ ਈਵੈਂਟ ਹੈ। ਮੇਰੀ ਪਤਨੀ ਮਿਸ਼ੇਲ ਮੇਰੇ ਨਾਲ ਨਾਲ ਰਹੇਗੀ। ਮੇਰਾ ਹੌਂਸਲਾ ਵਧਾਉਣ ਦੇ ਨਾਲ ਉਹ ਮੇਰੀਆਂ ਚੰਗੀਆਂ ਮਾੜੀਆਂ ਆਦਤਾਂ ਬਾਰੇ ਵੀ ਜਾਣਦੀ ਹੈ। ਉਹ ਮੈਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਹੋਣ ਵਿੱਚ ਮਦਦ ਕਰੇਗੀ।’’ ਪੈਨ 2018 ਦੀ ਵਿੰਡਮ ਚੈਂਪੀਅਨਸ਼ਿਪ ਦੌਰਾਨ ਸਾਂਝੇ ਰੂਪ ਵਿਚ ਦੂਜੇ ਸਥਾਨ ’ਤੇ ਰਿਹਾ ਸੀ ਤੇ ਉਸ ਮੌਕੇ ਵੀ ਮਿਸ਼ੇਲ ਉਹਦੇ ਨਾਲ ਕੈਡੀ ਵਜੋਂ ਮੌਜੂਦ ਸੀ। -ਟ੍ਰਿਬਿਊਨ ਨਿਊਜ਼ ਸਰਵਿਸ