ਕ੍ਰਿਸ਼ਨ ਸਿੰਘ
ਵਹਿਮ-ਭਰਮ ਮਨੁੱਖੀ ਜੀਵਨ ਵਿੱਚ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਤੱਕ ਲਸੂੜੇ ਦੀ ਗਿਟਕ ਵਾਂਗ ਜੁੜੇ ਰਹਿੰਦੇ ਹਨ। ਸਮੇਂ-ਸਮੇਂ ’ਤੇ ਅਨੇਕਾਂ ਤਰਕਸ਼ੀਲ ਸੰਸਥਾਵਾਂ ਅਤੇ ਹੋਰ ਅਗਾਂਹਵਧੂ ਵਿਚਾਰਵਾਨਾਂ ਨੇ ਇਨ੍ਹਾਂ ਵਹਿਮਾਂ-ਭਰਮਾਂ ’ਚ ਫਸੇ ਭੋਲੇ-ਭਾਲੇ ਲੋਕਾਂ ਨੂੰ ਚੇਤੰਨ ਕਰਨ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਜੋ ਨਿਰੰਤਰ ਜਾਰੀ ਹਨ। ਫਿਰ ਵੀ ਇਹ ਮਾਨਤਾਵਾਂ, ਸ਼ਰਧਾ ਜਾਂ ਅੰਧ-ਵਿਸ਼ਵਾਸਾਂ ਦੇ ਰੂਪ ਵਿੱਚ ਸਮਾਜ ਦਾ ਪਿੱਛਾ ਨਹੀਂ ਛੱਡਦੇ।
ਮੈਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਵਰਤ, ਸ਼ਰਾਧ, ਪਿੰਡ-ਦਾਨ ਜਾਂ ਧੂਫ਼ ਬੱਤੀ ਨਹੀਂ ਕੀਤੀ। ਹੋ ਸਕਦਾ ਹੈ ਮੇਰੇ ਦਾਦੇ-ਪੜਦਾਦੇ ਇਨ੍ਹਾਂ ਚੀਜ਼ਾਂ ਦੇ ਧਾਰਨੀ ਹੋਣ, ਪਰ ਮੇਰਾ ਸ਼ੁਰੂ ਤੋਂ ਹੀ ਪਖੰਡੀ ਸਾਧਾਂ-ਸਿਆਣਿਆਂ, ਭੂਤ-ਚੁੜੇਲਾਂ ਕੱਢਣ ਵਾਲਿਆਂ, ਕਬਰਾਂ ਮਸਾਣਾਂ ’ਤੇ ਬੈੈਠੇ ਅਘੋਰੀਆਂ ਨਾਲ ਟਕਰਾਅ ਹੁੰਦਾ ਹੀ ਆਇਆ ਹੈ।
ਮੈਂ ਬਚਪਨ ਤੋਂ ਹੀ ਅਜਿਹੀਆਂ ਗੱਲਾਂ ਦਾ ਸਾਹਮਣਾ ਕੀਤਾ ਜਿਸ ਦੀ ਮੇਰੇ ਪਰਿਵਾਰ ਜਾਂ ਸਮਾਜ ਵੱਲੋਂ ਕਿਸੇ ਡਰ ਖ਼ੌਫ਼ ਕਾਰਨ ਮਨਾਹੀ ਕੀਤੀ ਜਾਂਦੀ ਰਹੀ ਮਸਲਨ ਟੂਣਾ ਨਹੀਂ ਟੱਪਣਾ, ਦੁਪਹਿਰ ਵੇਲੇ ਕਬਰਾਂ ਵੱਲ ਨਹੀਂ ਜਾਣਾ, ਸਾਧਾਂ, ਬਾਬਿਆਂ ਨਾਲ ਪੰਗਾ ਨਹੀਂ ਲੈਣਾ ਆਦਿ। ਕਈ ਵਰ੍ਹੇ ਪਹਿਲਾਂ ਦੀ ਗੱਲ ਹੈ ਮੇਰੀ ਮਾਸੀ ਮੇਰੇ ਹੀ ਕਸਬੇ ਮੁੱਲਾਂਪੁਰ ਦਾਖਾ ਵਿਖੇ ਵਿਆਹੀ ਗਈ। ਉਸ ਦਾ ਸਾਕ ਮੇਰੇ ਮਾਤਾ ਜੀ ਨੇ ਕਰਵਾਇਆ ਸੀ ਤੇ ਮੇਰਾ ਮਾਸੜ ਰੋਜ਼ੀ-ਰੋਟੀ ਦੇ ਜੁਗਾੜ ਵਿੱਚ ਖਾੜੀ ਦੇਸ਼ਾਂ ਵਿੱਚ ਚੱਕਰ ਮਾਰਦਾ ਰਹਿੰਦਾ ਸੀ। ਮਾਸੀ ਦੇ ਘਰ ਦੋ ਬੇਟੀਆਂ ਤੇ ਇੱਕ ਬੇਟਾ ਪੈਦਾ ਹੋਇਆ। ਮਾਸੀ, ਮਾਸੜ ਅਤੇ ਬੱਚਿਆਂ ਦੇ ਨਾਲ ਨਾਲ ਆਪਣੇ ਸੱਸ-ਸਹੁਰੇ ਨਾਲ ਵਧੀਆ ਜੀਵਨ ਬਤੀਤ ਕਰ ਰਹੀ ਸੀ।
ਮਾਸੀ ਦਾ ਸਹੁਰਾ ਲੰਬੀ ਉਮਰ ਭੋਗ ਕੇ ਰੱਬ ਨੂੰ ਪਿਆਰਾ ਹੋ ਗਿਆ। ਬਾਪੂ ਦਾ ਦੇਹਾਂਤ ਹੋਣ ਤੋਂ ਬਾਅਦ ਬੇਬੇ ਦੀ ਸਿਹਤ ਵੀ ਲਗਾਤਾਰ ਨਿੱਘਰਦੀ ਗਈ ਤੇ ਅੰਤ ‘ਕੰਧੀ ਉੱਤੇ ਰੁੱਖੜਾ’ ਬਣੀ ਉਹ ਵੀ ਇੱਕ ਦਿਨ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਈ। ਉਸ ਦਿਨ ਹਲਕੀ ਬਾਰਿਸ਼ ਹੋ ਰਹੀ ਸੀ। ਬੇਬੇ ਦੇ ਮਰਨੇ ਦੀਆਂ ਸਾਰੇ ਅੰਗਾਂ-ਸਾਕਾਂ, ਸਕੇ ਸਬੰਧੀਆਂ ਨੂੰ ਖ਼ਬਰਾਂ ਭੇਜੀਆਂ ਗਈਆਂ। ਸਸਕਾਰ ਦਾ ਸਮਾਂ ਦੱਸ ਕੇ ਸਮੇਂ ’ਤੇ ਪਹੁੰਚਣ ਦੀਆਂ ਤਾਕੀਦਾਂ ਵੀ ਨਾਲ ਹੀ ਕਰ ਦਿੱਤੀਆਂ ਗਈਆਂ। ਦਿੱਤੇ ਸਮੇਂ ’ਤੇ ਸਭ ਸਾਕ-ਸਬੰਧੀਆਂ ਦੇ ਆਉਣ ’ਤੇ ਬੇਬੇ ਦੇ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗੀਆਂ। ਬੇਬੇ ਦੇ ਵਿਯੋਗ ਵਿੱਚ ਪਰਿਵਾਰ ਅਤੇ ਸਨੇਹੀਆਂ ਵੱਲੋਂ ਵਿਰਲਾਪ ਲਗਾਤਾਰ ਜਾਰੀ ਸੀ। ਇਸ਼ਨਾਨ ਕਰਵਾਉਣ ਤੋਂ ਬਾਅਦ ਉਸ ਨੂੰ ਆਖ਼ਰੀ ਸਫ਼ਰ ਦੀ ਤਿਆਰੀ ਵਾਸਤੇ ਅਰਥੀ ਉੱਤੇ ਲਿਟਾਇਆ ਗਿਆ। ਮੱਥਾ ਟੇਕਣ ਤੋਂ ਬਾਅਦ ਪੇਕਿਆਂ, ਸਹੁਰਿਆਂ ਤੇ ਹੋਰ ਸਨੇਹੀਆਂ ਵੱਲੋਂ ਉਸ ਦੀ ਮ੍ਰਿਤਕ ਦੇਹ ’ਤੇ ਖੱਫ਼ਣ ਪਾ ਕੇ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ ਗਿਆ। ਅੰਤ ਵਿੱਚ ਬੇਬੇ ਦੇ ਪੁੱਤਰ (ਮੇਰੇ ਮਾਸੜ) ਵੱਲੋਂ ਬਾਹਰਲੇ ਮੁਲਕ ਵਿੱਚੋਂ ਲਿਆਂਦਾ ਸਫੈਦ ਰੰਗ ਦਾ ਸੈਲਫ ਪ੍ਰਿੰਟ ਵਾਲਾ ਸਿਲਕ ਦਾ ਕੱਪੜਾ ਖੱਫ਼ਣ ਦੇ ਰੂਪ ਵਿੱਚ ਪਾਇਆ ਗਿਆ। ਪਰ ਮੇਰੇ ਮਨ ਵਿੱਚ ਬੈਠਾ ਤਰਕਸ਼ੀਲ ਤਾਂ ਕੁਝ ਹੋਰ ਹੀ ਘਾੜਤ ਘੜੀ ਬੈਠਾ ਸੀ। ਬੇਬੇ ਨੂੰ ਜਦ ਸ਼ਮਸ਼ਾਨਘਾਟ ਲਿਜਾ ਕੇ ਉਸ ਉੱਪਰ ਪਾਇਆ ਖੱਫ਼ਣ ਉਤਾਰ ਕੇ ਉੱਥੇ ਬੈਠੇ ਸਾਧ ਨੂੰ ਦੇਣ ਲਈ ਕਿਹਾ ਗਿਆ ਤਾਂ ਕੱਪੜਾ ਦੇਖ ਉਸ ਦੀਆਂ ਵਾਛਾਂ ਖਿੜ ਗਈਆਂ। ਇਹ ਸਭ ਉਸ ਨੂੰ ਸੌਂਪਣ ਦੀ ਜ਼ਿੰਮੇਵਾਰੀ ਮੈਂ ਆਪਣੇ ਉੱਪਰ ਲੈ ਲਈ। ਬਾਕੀ ਸਾਰਾ ਕੁਝ ਤਾਂ ਬਾਬੇ ਨੂੰ ਦੇ ਦਿੱਤਾ ਗਿਆ, ਪਰ ਘਰਦਿਆਂ ਵੱਲੋਂ ਪਾਇਆ ਸਿਲਕ ਦਾ ਖੱਫ਼ਣ ਮੈ ਤਹਿ ਮਾਰ ਕੇ ਕੱਛ ਹੇਠ ਦੇ ਕੇ ਉੱਪਰ ਲੋਈ ਲੈ ਲਈ। ਬਾਬੇ ਨੇ ਉਸ ਖੱਫ਼ਣ ਦੀ ਬਹੁਤ ਮੰਗ ਕੀਤੀ, ਪਰ ਮੈਂ ਗੁਰਦੁਆਰੇ ਦਾਨ ਕਰਨ ਦੀ ਗੱਲ ਕਹਿ ਕੇ ਉਸ ਨੂੰ ਟਾਲ ਦਿੱਤਾ। ਕਿਉਂਕਿ ਲੋਕ ਤਾਂ ਬੇਬੇ ਦੀ ਚਿਖਾ ਨੂੰ ਅੰਤਿਮ ਅਗਨੀ ਦੇਣ ਵਿੱਚ ਰੁੱਝੇ ਹੋਏ ਸਨ, ਸੋ ਕਿਸੇ ਦਾ ਧਿਆਨ ਮੇਰੇ ਤੇ ਬਾਬੇ ਵਿੱਚ ਹੋ ਰਹੇ ਤਕਰਾਰ ਵੱਲ ਨਾ ਗਿਆ। ਅੰਤਿਮ ਅਗਨੀ ਦੇਣ ਤੋਂ ਬਾਅਦ ਬੇਬੇ ਦੇ ਮੱਚ ਰਹੇ ਸਿਵੇ ਕੋਲ ਰਹਿਣ ਲਈ ਮੈਂ ਆਪਣੇ ਆਪ ਨੂੰ ਪ੍ਰਮੁੱਖ ਸੇਵਾਦਾਰ ਦੇ ਰੂਪ ਵਿੱਚ ਪੇਸ਼ ਕੀਤਾ। ਸਿਆਣੇ ਬੰਦਿਆਂ ਦੇ ਕਹਿਣ ਕਿ ਕੁਆਰਾ ਮੁੰਡਾ ਸਿਵੇ ਕੋਲ ਨਹੀਂ ਰਹਿ ਸਕਦਾ, ਦੇ ਬਾਵਜੂਦ ਮੇਰੀ ਭੂਆ ਜੀ ਦਾ ਬੇਟਾ ਜੋ ਪੇਸ਼ੇ ਵਜੋਂ ਡਾਕਟਰ ਹੈ ਤੇ ਅੱਜਕੱਲ੍ਹ ਕੈਨੇਡਾ ਦਾ ਵਸਨੀਕ ਹੈ ਅਤੇ ਮੇਰਾ ਛੋਟਾ ਭਰਾ- ਅਸੀਂ ਤਿੰਨੇ ਉੱਥੇ ਰਹਿ ਪਏ। ਅਸੀਂ ਤਾਂ ਸਾਰੇ ਹੀ ਅਣਵਿਆਹੇ ਗੱਭਰੂ ਸੀ। ਬੇਬੇ ਦੀ ਕਪਾਲ ਕਿਰਿਆ, ਲੱਕੜਾਂ ਦੀ ਆ ਰਹੀ ਕਮੀ-ਪੇਸ਼ੀ, ਬਲਦੇ ਸਿਵੇ ’ਚੋਂ ਮਸਾਣ ਦੀ ਹੱਡੀ ਬਾਹਰ ਕੱਢਣ ਅਤੇ ਲੁਕਾਉਣ ਦੀ ਰਸਮ ਮੇਰੇ ਤੋਂ ਛੋਟੇ ਭਰਾ ਨੇ ਸਾਂਭੀ ਹੋਈ ਸੀ।
ਸਿਵੇ ਦੇ ਕੰਮ ਤੋਂ ਵਿਹਲੇ ਹੋ ਕੇ ਸਭ ਆਪੋ-ਆਪਣੇ ਘਰ ਪਰਤ ਗਏ, ਪਰ ਮੈਂ ਸਿੱਧਾ ਮੁੱਲਾਂਪੁਰ ਦਾਖੇ ਦੇ ਉਸ ਸਮੇਂ ਦੇ ਮਸ਼ਹੂਰ ਦਰਜ਼ੀ ਜੋ ਮੇਰਾ ਚੰਗਾ ਜਾਣਕਾਰ ਸੀ, ਕੋਲ ਜਾ ਪੁੱਜਾ ਤੇ ਕੱਪੜਾ ਕੱਢ ਕੇ ਉਸ ਦੇ ਟੇਬਲ ’ਤੇ ਰੱਖ ਦਿੱਤਾ। ਟੇਲਰ ਮਾਸਟਰ ਨੇ ਕੱਪੜੇ ਦੀ ਤਾਰੀਫ਼ ਨਵੀਂ ਵਿਆਹੀ ਵਹੁਟੀ ਵਾਂਗ ਕੀਤੀ ਜਿਹੜੀ ਸ਼ਾਇਦ ਉਹ ਕੱਪੜੇ ਦੀ ਅਸਲੀਅਤ ਜਾਣ ਕੇ ਨਾ ਕਰਦਾ। ਉਸ ਨੇ ਦੱਸਿਆ ਕਿ ਕੱਪੜੇ ਦੀਆਂ ਦੋ ਕਮੀਜ਼ਾਂ ਇੱਕ ਪੂਰੀ ਬਾਂਹ ਵਾਲੀ ਤੇ ਇੱਕ ਅੱਧੀ ਬਾਂਹ ਵਾਲੀ ਬਣ ਸਕਦੀਆਂ ਹਨ। ਕਮੀਜ਼ਾਂ ਦਾ ਆਰਡਰ ਦੇ ਕੇ ਟੇਲਰ ਤੋਂ ਮਿੱਥੇ ਸਮੇਂ ’ਤੇ ਕਮੀਜ਼ਾਂ ਦੇਣ ਦਾ ਵਾਅਦਾ ਲੈ ਕੇ ਮੈਂ ਘਰ ਆ ਗਿਆ।
ਆਖ਼ਰ ਬੇਬੇ ਦੇ ਭੋਗ ਦਾ ਦਿਨ ਵੀ ਆ ਗਿਆ। ਮੈਂ ਉਸ ਦਿਨ ਉਸੇ ਖੱਫ਼ਣ ਦੀ ਬਣੀ ਕਮੀਜ਼ ਪਾ ਕੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਮਾਸੀ ਦੇ ਘਰ ਪੁੱਜ ਗਿਆ। ਸਾਰੇ ਆਪੋ-ਆਪਣੇ ਕੰਮਾਂ ਵਿੱਚ ਰੁੱਝੇ ਹੋਣ ਕਰਕੇ ਕਿਸੇ ਨੇ ਮੇਰੇ ਵੱਲ ਬਹੁਤਾ ਧਿਆਨ ਨਾ ਦਿੱਤਾ। ਫਿਰਦੇ ਫਿਰਾਉਂਦੇ ਮੇਰੀ ਮਾਸੀ ਦੀ ਨਿਗ੍ਹਾ ਸਭ ਕੰਮ ਛੱਡ ਕੇ ਮੇਰੀ ਪਾਈ ਹੋਈ ਕਮੀਜ਼ ’ਤੇ ਟਿਕ ਗਈ। ਮਾਸੀ ਨੇ ਤੌਖ਼ਲਾ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਹੀ ਕੱਪੜੇ ਵਰਗਾ ਬੇਬੇ ’ਤੇ ਖੱਫ਼ਣ ਪਾਇਆ ਸੀ। ਮੈਂ ਹੱਸ ਕੇ ਜਿਉਂ ਹੀ ਕਮੀਜ਼ ਦੀ ਅਸਲੀਅਤ ਮਾਸੀ ਨੂੰ ਦੱਸੀ ਤਾਂ ਉਸ ਦੇ ਇਕਦਮ ਹੋਸ਼ ਉੱਡ ਗਏ।
ਉਸ ਨੂੰ ਮੈਂ ਸਾਹਮਣੇ ਖੜ੍ਹਾ ਕਿਸੇ ਪ੍ਰੇਤ ਆਤਮਾ ਤੋਂ ਘੱਟ ਨਾ ਜਾਪਿਆ ਤੇ ਮਾਸੀ ਘਬਰਾਈ ਹੋਈ ਘਰ ਅੰਦਰ ਚਲੀ ਗਈ। ਕੁਝ ਹੀ ਪਲਾਂ ਵਿੱਚ ਚਾਰੇ ਪਾਸੇ ਘੁਸਰ-ਮੁਸਰ ਸ਼ੁਰੂ ਹੋ ਗਈ ਤੇ ਸਭ ਮੇਰੇ ਵੱਲ ਸ਼ੱਕੀ ਜਿਹੀ ਤੱਕਣੀ ਨਾਲ ਵੇਖਣ ਲੱਗੇ। ਹੌਲੀ-ਹੌਲੀ ਇਹ ਕਮੀਜ਼ ਦੀ ਗੱਲ ਅੱਗ ਵਾਂਗ, ਭੋਗ ਵਿੱਚ ਸ਼ਾਮਿਲ ਹੋਣ ਆਏ ਰਿਸ਼ਤੇਦਾਰਾਂ ਅਤੇ ਮਿੱਤਰਾਂ ਵਿੱਚ ਫੈਲ ਗਈ। ਸਭ ਨੇ ਇਸ ਗੱਲ ਦਾ ਬੁਰਾ ਅਤੇ ਡਰ ਮਨਾਇਆ। ਮੇਰੇ ਮਾਤਾ ਜੀ ਤਾਂ ਆਪੇ ਤੋਂ ਹੀ ਬਾਹਰ ਹੋ ਗਏ ਤੇ ਮੈਨੂੰ ਵੱਖ-ਵੱਖ ਤਰਕ, ਸਹੁੰਆਂ ਦੇ ਕੇ ਇਸ ਕਮੀਜ਼ ਨੂੰ ਉਤਾਰਨ ਤੇ ਹੋਰ ਕਮੀਜ਼ ਪਾ ਕੇ ਆਉਣ ’ਤੇ ਜ਼ੋਰ ਦਿੱਤਾ। ਮੈਂ ਆਪਣੀ ਜ਼ਿੱਦ ’ਤੇ ਅੜਿਆ ਰਿਹਾ ਤੇ ਕਮੀਜ਼ ਨਹੀਂ ਉਤਾਰੀ। ਮੇਰੀ ਕਮੀਜ਼ ਦੇ ਹੱਕ ਵਿੱਚ ਪੇਸ਼ ਕੀਤੀ ਹਰ ਦਲੀਲ ਦਾ ਕਿਸੇ ’ਤੇ ਕੋਈ ਅਸਰ ਨਾ ਹੋਇਆ। ਕੁਝ ਅਗਾਂਹਵਧੂ ਰਿਸ਼ਤੇਦਾਰਾਂ ਨੇ ਮੇਰੀ ਗੱਲ ’ਤੇ ਤਸੱਲੀ ਵੀ ਪ੍ਰਗਟ ਕੀਤੀ। ਕਈਆਂ ਵਿੱਚ ਹਾਸਾ ਵੀ ਪਿਆ। ਕਈਆਂ ਵਿੱਚ ਫ਼ਿਕਰ ਵੀ ਵਧਿਆ ਤੇ ਕਈਆਂ ਵਿੱਚ ਡਰ ਵੀ।
ਭੋਗ ਤੋਂ ਬਾਅਦ ਮੈਂ ਦੇਖਿਆ ਕਿ ਮੇਰੀਆਂ ਦੋ ਕਮੀਜ਼ਾਂ ਵਿੱਚੋਂ ਸਿਰਫ਼ ਪੂਰੀ ਬਾਂਹ ਵਾਲੀ ਕਮੀਜ਼ ਹੀ ਦਿਖਾਈ ਦਿੱਤੀ। ਮੈਂ ਦੂਜੀ ਕਮੀਜ਼ ਬਹੁਤ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸ਼ਾਇਦ ਉਸ ਨੂੰ ਕਿਤੇ ਦੂਰ ਸੁੱਟ ਦਿੱਤਾ ਗਿਆ ਜਾਂ ਕਿਸੇ ਮੰਗਤੇ ਨੂੰ ਦੇ ਦਿੱਤਾ ਗਿਆ। ਮੇਰੇ ਲਈ ਅੱਜ ਵੀ ਇਹ ਭੇਤ ਮੋਨਾਲੀਜ਼ਾ ਦੀ ਮੁਸਕਰਾਹਟ ਵਾਂਗ ਭੇਤ ਹੀ ਬਣਿਆ ਹੋਇਆ ਹੈ।
ਮੈਂ ਆਪਣੀ ਦੂਜੀ ਪੂਰੀ ਬਾਂਹ ਦੀ ਕਮੀਜ਼ ਨੂੰ ਚੋਰੀ ਦੀ ਬੰਦੂਕ ਵਾਂਗ ਹਮੇਸ਼ਾ ਸੰਭਾਲ ਕੇ ਰੱਖਦਾ। ਮੇਰੇ ਘਰ ਵਿੱਚ ਮੇਰੀ ਕਮੀਜ਼ ਨਾਲ ਓਪਰਿਆਂ ਵਰਗਾ ਵਰਤਾਓ ਸ਼ੁਰੂ ਹੋ ਗਿਆ। ਕਈ ਵਾਰ ਮੇਰੀ ਗ਼ੈਰਹਾਜ਼ਰੀ ਵਿੱਚ ਕਮੀਜ਼ ਨੂੰ ਘਰੋਂ ਬਾਹਰ ਸੁੱਟਿਆ ਗਿਆ, ਪਰ ਚੰਗੇ ਭਾਗਾਂ ਨੂੰ ਇਹ ਫਿਰ ਮੈਨੂੰ ਮਿਲਦੀ ਰਹੀ। ਮੇਰੇ ਮਾਤਾ ਜੀ ਜਦ ਵੀ ਕੱਪੜੇ ਧੋਣ ਲਈ ਮਸ਼ੀਨ ਲਾਉਂਦੇ ਤਾਂ ਮੈਂ ਆਨੇ-ਬਹਾਨੇ ਉਹ ਕਮੀਜ਼ ਕੱਪੜਿਆਂ ਵਿੱਚ ਸੁੱਟ ਦਿੰਦਾ। ਇਸ ਨੂੰ ਮੇਰੇ ਮਾਤਾ ਜੀ ਸੋਟੀ ਨਾਲ ਚੁੱਕ ਕੇ ਬਾਹਰ ਰੱਖ ਦਿੰਦੇ, ਪਰ ਮੈਂ ਫਿਰ ਤੋਂ ਚੁੱਕ ਕੇ ਕੱਪੜਿਆਂ ਵਿੱਚ ਰੱਖ ਦਿੰਦਾ ਰਿਹਾ। ਮੇਰੀ ਕਮੀਜ਼ ਨੇ ਘਰ ਦਾ ਮਾਹੌਲ ਡਰਾਉਣਾ ਬਣਾ ਦਿੱਤਾ ਸੀ। ਮੈਂ ਇਹ ਕਮੀਜ਼ ਬਹੁਤ ਹੰਢਾਈ, ਵੱਖ-ਵੱਖ ਖ਼ੁਸ਼ੀ ਦੇ ਮੌਕਿਆਂ ’ਤੇ ਪਹਿਨੀ। ਇੱਕ ਦਿਨ ਇਹ ਮੇਰੇ ਮਾਤਾ ਜੀ ਨੇ ਕਿਸੇ ਮੰਗਤੇ ਨੂੰ ਦਾਨ ਦੇ ਕੇ ਮੰਗਤੇ ਨੂੰ ਕੁਝ ਪੈਸੇ ਵੀ ਦਿੱਤੇ ਤੇ ਛੇਤੀ ਤੋਂ ਛੇਤੀ ਸਾਡੇ ਘਰ ਤੋਂ ਦੂਰ ਜਾਣ ਲਈ ਕਿਹਾ। ਇਸ ਤਰ੍ਹਾਂ ਮੇਰੀ ਮਾਤਾ ਜੀ ਨੇ ਆਪਣੇ ਸਿਰ ਤੋਂ ਪਿਆ ਅੰਤਾਂ ਦਾ ਭਾਰ ਤਾਂ ਉਤਾਰ ਲਿਆ। ਪਰ ਉਸ ਕਮੀਜ਼ ਸਦਕਾ ਕੁਝ ਵੀ ਮੰਦਭਾਗਾ ਨਾ ਵਾਪਰਿਆ। ਮੇਰਾ ਵਿਆਹ ਹੋਇਆ, ਨੌਕਰੀ ਮਿਲੀ, ਬੱਚੇ ਹੋਏ, ਘਰ ਪਰਿਵਾਰ ਵਸਿਆ। ਜੇਕਰ ਮੁਰਦੇ ਦਾ ਖੱਫ਼ਣ ਮੇਰਾ ਕੁਝ ਨਹੀਂ ਵਿਗਾੜ ਸਕਿਆ ਤਾਂ ਭੂਤਾਂ ਪ੍ਰੇਤਾਂ, ਮੜੀਆਂ-ਮਸਾਣ ਅਤੇ ਸਾਧ ਸਿਆਣਿਆਂ ਦਾ ਡਰ ਵੀ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੇ।
ਸੰਪਰਕ: 94643-92894