ਜਦੋਂ ਮੇਰਾ ਡਾਲਰਾਂ ਨੂੰ ਹੱਥ ਪਿਆ

ਜਦੋਂ ਮੇਰਾ ਡਾਲਰਾਂ ਨੂੰ ਹੱਥ ਪਿਆ

ਮੰਗਤ ਕੁਲਜਿੰਦ
ਵਿਅੰਗ

ਪੰਜਾਬੀ ਦੇ ਇਕ ਮਹਾਨ ਵਿਅੰਗਕਾਰ ਦਾ ਲਿਖਿਆ ਵਿਅੰਗ ‘ਪੈਸੇ ਦਰੱਖਤਾਂ ਨੂੰ ਨਹੀਂ ਲੱਗਦੇ’ ਪੜ੍ਹਦਿਆਂ ਇੱਥੇ  ਆ ਕੇ ਸੂਈ ਅਟਕ ਗਈ ਜਿੱਥੇ ਉਸ ਲਿਖਿਆ ਸੀ ‘ਮੈਂ ਅਮਰੀਕਾ ਗਿਆ ਤੇ ਉੱਥੋਂ ਡਾਲਰ ਦਰੱਖਤਾਂ ਤੋਂ ਤੋੜ ਕੇ ਲਿਆਇਆ,’ ਮਨ ਨੂੰ ਵੀ ਯਕੀਨ ਜਿਹਾ ਹੋ ਗਿਆ, ਬਈ ਅਮਰੀਕਾ ਤਾਂ ਅਮਰੀਕਾ ਹੈ! ਸੁਪਰ ਪਾਵਰ, ਧੱਕੜ, ਉੱਥੇ ਪੈਸੇ ਦਰੱਖਤਾਂ ਨੂੰ ਵੀ ਲੱਗੇ ਹੋ ਸਕਦੇ ਹਨ।’ ਉਦੋਂ ਹੀ ਸੋਚ ਲਿਆ ਕਿ ਮੈਂ ਵੀ ਦਰੱਖਤਾਂ ਤੋਂ ਡਾਲਰ ਤੋੜ ਕੇ ਲਿਆਵਾਂਗਾ। ‘ਉਹ ਦਰੱਖਤ ਮਿਲਣਗੇ ਕਿੱਥੇ?’ ਅਖੀਰਲੀਆਂ ਸਤਰਾਂ ਪੜ੍ਹ ਕੇ ਪਤਾ ਲੈਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਡਾਲਰਾਂ ਨਾਲ ਲਹਿਲਹਾਉਂਦੇ ਦਰੱਖਤਾਂ ਦੇ ਮੂਹਰੇ ਖੜ੍ਹਾ ਪਾਇਆ। 

ਹੁਣ ਅਮਰੀਕਾ ਆ ਵੀ ਗਏ, ਬੜੇ ਪਛਤਾ ਰਹੇ ਹਾਂ ਕਿ ਉਦੋਂ ਜੇ ਦੋ ਲਾਈਨਾਂ ਹੋਰ ਪੜ੍ਹ ਲੈਂਦੇ ਤਾਂ ਕੀ ਜ਼ਹਾਜ ਛੁੱਟ ਜਾਣਾ ਸੀ? ਪਰ ਅਬ ਪਛਤਾਏ ਹੋਤ ਕਿਆ? ਜੋ ਹੋਣਾ ਸੀ ਹੋ ਗਿਆ। ਸਮਾਂ ਬਰਬਾਦ ਕਰਨ ਦੀ ਬਜਾਇ ਉਸ ਦਰੱਖਤ ਨੂੰ ਭਾਲੀਏ, ਖ਼ਬਰੇ ਮਿਲ ਹੀ ਜਾਵੇ। ਪੰਜਾਬੀ ਦਿੱਖ ਵਾਲੇ ਦੋ ਕੁ ਰਾਹ ਜਾਂਦੇ ਸੱਜਣਾਂ ਨੂੰ ਰੋਕਿਆ, ਅਜਿਹੇ ਦਰੱਖਤ ਬਾਰੇ ਪੁੱਛਿਆ ਤਾਂ ਉਹ ਇਕ ਸੌ ਇਕ ਫ਼ੀਸਦੀ ਹੀ ਮੁੱਕਰ ਗਏ। ਇਕ ਹੋਰ ਪੰਜਾਬੀ ਨੂੰ ਰੋਕਿਆ। ਉਹਨੂੰ ਸਾਡੀਆਂ ਗੱਲਾਂ ਤੋਂ ਪਤਾ ਲੱਗ ਗਿਆ ਕਿ ਇਹ ਪੰਜਾਬ ਤੋਂ ਨਵਾਂ ਨਵਾਂ ਆਇਆ ਹੈ, ਇਸ ਦੀਆਂ ਆਦਤਾਂ ਹਾਲੇ ਪੰਜਾਬੀਆਂ ਵਾਲੀਆਂ ਹੀ ਹੋਣਗੀਆਂ ਕਿ ਡਿਊਟੀ ਕਰਨ ਚੱਲਿਆਂ ਵੀ ਜਿੱਥੇ ਮਰਜ਼ੀ ਖੜ੍ਹ ਜਾਉ, ਗੱਪਾਂ ਮਾਰੋ, ਕੋਈ ਮਜ੍ਹਮਾ ਲੱਗਿਆ ਵੇਖੋ, ਕਿਹੜਾ ਕਿਸੇ ਨੇ ਪੁੱਛਣੈ ਬਈ ਲੇਟ ਕਿਉਂ ਹੈ? ਇਸ ਲਈ ਉਸ ਨੇ ਮੇਰੇ ਤੋਂ ਖਹਿੜਾ ਛੁਡਾਉਣ ’ਚ ਹੀ ਭਲਾ ਸਮਝਿਆ। ਪਰ ਇਕ ਬਜ਼ੁਰਗ ਸੱਜਣ ਮਿਲਿਆ ਜੋ ਸ਼ਾਇਦ ਆਪਣੇ ਸਮੇਂ ਨੂੰ ਕਤਲ ਕਰਨ ਦੀ ਤਾਕ ’ਚ ਸੀ। ਮੇਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਉਹ ਕਹਿੰਦਾ, “ਬਈ ਸ਼ੇਰਾ, ਮੈਂ ਤਾਂ ਆਪ ਨ੍ਹੀ ਅੱਜ ਤੱਕ ਡਾਲਰ ਲੱਗੇ ਵਾਲਾ ਦਰੱਖਤ ਵੇਖਿਆ। ਹਾਂ! ਇੱਥੇ ਦਰੱਖਤਾਂ ਨੂੰ ਬੇਰ-ਬੂਰ ਜਿਹੇ ਕਾਫ਼ੀ ਲੱਗੇ ਹੁੰਦੇ ਐ ਅਤੇ ਆਪਣੇ ਪੰਜਾਬੀ ਸ਼ੁਰੂਆਤ ਵੀ ਉਨ੍ਹਾਂ ਨੂੰ ਤੋੜਣ ਤੋਂ ਈ ਕਰਦੇ ਐ, ਸ਼ਾਮ ਨੂੰ ਡਾਲਰ ਮਿਲ ਜਾਂਦੇ ਨੇ, ਮੈਂ ਵੀ ਜਾਂਦਾ ਹਾਂ ਤੋੜਣ। ਜੇ ਤੂੰ ਵੀ ਚੱਲਣੈ ਤਾਂ ਆਜਾ, ਲੈ ਚੱਲਦਾਂ ਖੇਤਾਂ ਚ...।”

“ਇੰਨੀ ਠੰਢ ’ਚ! ਇੱਥੇ ਤਾਂ ਕੁਲਫ਼ੀ ਜੰਮ ਜੂ।”

“ਪਰ ਕਾਕਾ, ਉਹ ਦਰੱਖਤ ਤਾਂ ਖੇਤਾਂ ’ਚ ਹੀ ਮਿਲਦੇ ਨੇ, ਸਟੋਰਾਂ ’ਚ ਤਾਂ ਮਿਲਣੇ ਨਹੀਂ।”

ਬਜ਼ੁਰਗ ਦੀਆਂ ਗੱਲਾਂ ਦਾ ਵੀ ਸੱਚ ਨਾ ਆਇਆ। ਸੋਚਿਆ ਕਿਉਂ ਇਹਦੇ ਨਾਲ ਮੱਥਾ ਮਾਰ ਕੇ ਸਮਾਂ ਗੁਆਉਣਾ ਹੈ, ਕਿਸੇ ਹੋਰ ਤੋਂ ਪੁੱਛਦੇ ਹਾਂ। ਸਾਹਮਣੇ ਹੀ ਗੁਰੂ-ਘਰ ਸੀ। ਉੱਥੇ ਕਾਫ਼ੀ ਲੋਕ ਮਿਲ ਗਏ ਕਿਉਂਕਿ ਲੰਗਰ ਦਾ ਸਮਾਂ ਜੋ ਸੀ। ਕੁਝ ਸੱਜਣ ਤਾਂ ਲੱਗੇ ਜਿਵੇਂ ਬੜੇ ਕਾਹਲੇ ਨੇ, ਉਨ੍ਹਾਂ ਨੇ ਤਾਂ ਦਰਬਾਰ ਸਾਹਿਬ ’ਚ ਜਾ ਕੇ ਮੱਥਾ ਟੇਕਣ ਦੀ ਖੇਚਲ ਹੀ ਨ੍ਹੀਂ ਕੀਤੀ ਹੋਣੀ। ਕੁਝ ਕੁ ਹਿਸਾਬੀ-ਕਿਤਾਬੀ ਵੀ ਲੱਗੇ ਜਿਨ੍ਹਾਂ ਨੇ ਸੋਚਿਆ ਹੋਊ ਉਨੇ ਕੁ ਦਾ ਮੱਥਾ ਟੇਕ ਲਈਏ ਜਿੰਨੇ ਕੁ ਦਾ ਖਾਣਾ ਹੈ ਤੇ ਦਸਵੰਧ ਕੱਢਣ ਵਾਲੇ ਸੱਜਣਾਂ ਦੀ ਤਾਂ ਕੋਈ  ਘਾਟ ਹੀ ਨਹੀਂ ਸੀ। ਦੋ ਚਾਰ ਬੰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, “ਬਈ ਸੱਜਣਾ, ਅਜੇ ਤੱਕ ਤਾਂ ਟਰੰਪ ਵਰਗੇ ਨੇਤਾਵਾਂ ਨੇ ਇੱਥੇ ਅਜਿਹਾ ਕੋਈ ਦਰੱਖਤ ਉੱਗਣ ਹੀ ਨਹੀਂ ਦਿੱਤਾ। ਜੇ ਕਿਤੇ ਅੰਡਰ ਗਰਾਊਂਡ ਰੱਖੀ ਬੈਠੇ ਹੋਣ ਤਾਂ ਕਹਿ ਨਹੀਂ ਸਕਦੇ। ਪਰ ਜੇ ਤੂੰ ਡਾਲਰ ਤੋੜਣੇ ਮਤਲਬ ਕਮਾਉਣੇ ਨੇ ਤਾਂ ਸਟੋਰਾਂ ’ਤੇ, ਢਾਬਿਆਂ ’ਚ, ਪੈਟਰੋਲ ਪੰਪਾਂ ’ਤੇ, ਫੈਕਟਰੀਆਂ ’ਚ ਜਾ। ਜਿੱਥੇ ਕਿਤੇ ਭਾਂਡੇ ਧੋਣ ਦਾ, ਰੇੜੀਆਂ ਖਿੱਚਣ ਦਾ, ਸਫਾਈਆ ਕਰਨ ਦਾ ਜੋ ਵੀ ਕੰਮ ਮਿਲਦੈ, ਜੁਟ ਜਾ ਮਸ਼ੀਨ ਬਣਕੇ। ਡਾਲਰ ਭੱਜੇ ਆਉਣਗੇ ਤੇਰੀ ਝੋਲੀ ਭਰਨ। ਗੱਲ ਉਨ੍ਹਾਂ ਦੀ ਕੁਝ ਕੁ ਸਿਆਣੀ ਲੱਗੀ।

ਇਸ ਮਗਰੋਂ ਅੰਗਰੇਜ਼ੀ ਅੱਖਰਾਂ ’ਚ ਲਿਖੇ ਨਾਮ ਵਾਲੇ ਸਟੋਰ ’ਚ ਵੜਨ ਤੋਂ ਪਹਿਲਾਂ ਸਾਰੇ ਰੱਬਾਂ ਨੂੰ ਮਨ ’ਚ ਧਿਆਇਆ ਸਿਵਾਇ ਅੰਗਰੇਜ਼ੀ ਮਾਤਾ ਦੇ। ਅੰਦਰ ਜਾ ਕੇ ਸਮਝ ਨਾ ਆਵੇ, ਕੀਹਦੇ ਨਾਲ ਗੱਲ ਕਰਾਂ? ਇੱਥੇ ਤਾਂ ਸਾਰੇ ਹੀ ਝੱਗੀਆਂ ਪਾਈ ਆਪਣੇ ਕੰਮਾਂ ’ਚ ਜੁਟੇ ਭੱਜੇ ਫਿਰਦੇ ਮੈਨੇਜਰ ਹੀ ਲੱਗੇ। ਸ਼ੁਕਰ ਹੈ ਸਾਹਮਣੇ ‘ਆਫਿਸ’ ਲਿਖਿਆ ਹੋਇਆ ਪੜ੍ਹ ਲਿਆ। ਲੋਕਾਂ ਤੋਂ ਅੱਖ ਬਚਾਉਂਦਾ ਉਧਰ ਨੂੰ ਭੱਜਿਆ। ਸੋਚਿਆ ਕਿ ਆਪਣੀ ਸੋਹਣੀ ਜਿਹੀ ਸੈਕਰੇਟਰੀ ਨਾਲ ਮੈਨੇਜਰ ਅੰਦਰ ਬੈਠਾ ਕੁਝ ਡਿਕਟੇਟ ਕਰਾ ਰਿਹਾ ਹੋਵੇਗਾ, ਵੱਡਾ ਸਾਰਾ ਮੇਜ਼, ਆਸੇ ਪਾਸੇ ਕੁਰਸੀਆਂ ਦਾ ਝੁਰਮਟ, ਇਕ ਸੋਫਾ ਸੈੱਟ ਆਦਿ, ਪਰ ਇੱਥੇ ਤਾਂ ਅਜਿਹਾ ਕੁਝ ਨਹੀਂ ਸੀ। ਦਫ਼ਤਰ ’ਚ ਤਿੰਨ ਚਾਰ ਸਾਧਾਰਨ ਜਿਹੀਆਂ ਕੁਰਸੀਆਂ ਸਟੂਲ ਤੇ ਸਾਧਾਰਨ ਜਿਹਾ ਆਦਮੀ ਝੱਗੀ ਪਾਈ ਕੰਪਿਊਟਰ ’ਤੇ ਖੜ੍ਹਾ ਕੰਮ ਕਰੀ ਜਾਵੇ। ਇਹਨੂੰ ਕਿਵੇਂ ਪੁੱਛਾਂ ਕਿ ਮੈਨੇਜਰ ਕਿੱਥੇ ਆ? ਜ਼ੋਰ ਦੇ ਕੇ ਵੀ ਅੰਗਰੇਜ਼ੀ ਨਾ ਬਣੀ ਤੇ ਪੰਜਾਬੀ ’ਚ ਹੀ ਬੋਲਿਆ ਗਿਆ, “ਜੀ ਮੈਂ ਦਰੱਖਤਾਂ ਤੋਂ ਡਾਲਰ ਤੋੜਣ ਆਇਆਂ।” ਪਰ ਮੈਂ ਸਮਝ ਗਿਆ ਕਿ ਉਸ ਨੂੰ ਮੇਰੀ ਗੱਲ ਦੀ ਸਮਝ ਨਹੀਂ ਆਈ। ਫਿਰ ਵੀ ਉਸ ਨੇ ਮੁਸਕਰਾਉਂਦਿਆਂ ਮੇਰੇ ਵੱਲ ਦੇਖਿਆ ਤੇ ਅੰਗਰੇਜ਼ੀ ’ਚ ਹੀ ਕੁਝ ਪੁੱਛਿਆ। ਫਿਰ ਉਹੀ ਅੜਚਣ! ਮੈਂ ਉਹਦੇ ਮੂੰਹ ਵੱਲ ਵੇਖਣ ਲੱਗਿਆ। ਇਸ਼ਾਰੇ ਨਾਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੰਮ ਮੰਗਣ ਆਇਆ ਹਾਂ, ਪਰ ਉਹ ਸਮਝ ਗਿਆ ਕਿ ਜਾਂ ਤਾਂ ਮੈਂ ਗੂੰਗਾ-ਬੋਲਾ ਹਾਂ ਜਾਂ ਅੰਗਰੇਜ਼ੀ ਦਾ ਕੱਟੜ ਦੁਸ਼ਮਣ। ਲੱਗਿਆ ਉਸ ਨੇ ਮਨ ’ਚ ਦੋ ਚਾਰ ਗਾਲ੍ਹਾਂ ਟਰੰਪ ਨੂੰ ਵੀ ਕੱਢੀਆਂ ਹੋਣਗੀਆਂ ‘ਬਈ ਕੀ ਥੁੜਿਆ ਪਿਐ ਅਜਿਹੇ ਲੋਕਾਂ ਬਿਨਾਂ, ਊੂਈਂ ਸੱਦੀ ਜਾ ਰਹੇ ਨੇ ਟਰੱਕ ਦੇ ਟਰੱਕ ਭਰਕੇ।’ ਉਂਜ, ਉਸ ਦੇ ਹਾਵ-ਭਾਵ ਤੋਂ ਮੈਂ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਕਿ ਇਸ ਨੇ ਗਾਲ੍ਹਾਂ ਨਹੀਂ ਕੱਢੀਆਂ ਹੋਣੀਆਂ। ਇੰਨਾ ਜ਼ਰੂਰ ਹੋਇਆ ਕਿ ਉਹਨੇ ਹੱਥਾਂ ਦੇ ਇਸ਼ਾਰਿਆਂ ਨਾਲ ਸਮਝਾ ਦਿੱਤਾ, ‘ਬਈ ਤੇਰੇ ਲਈ ਇੱਥੇ ਕੋਈ ਕੰਮ ਨ੍ਹੀਂ, ਔਹ ਹੈ ਬੂਹੇ ਦਾ ਦਰਵਾਜ਼ਾ, ਹੋਰ ਕਿਤੇ ਕੰਮ ਭਾਲ।’

ਖ਼ੁਦ ’ਤੇ ਬੜਾ ਹੀ ਗੁੱਸਾ ਆਇਆ ਕਿ ਤੀਹ ਸਾਲ ਪਹਿਲਾਂ ਅਮਰੀਕਾ ਆ ਵਸੇ ਭਰਾ ਦੀ ਵਾਰ ਵਾਰ ਕੀਤੀ ਅੰਗਰੇਜ਼ੀ ਸਿੱਖਣ ਦੀ ਤਾਕੀਦ ਕਿਉਂ ਨਾ ਮੰਨੀ? ਪਰ ਮੰਨਦਾ ਵੀ ਕਿਵੇਂ? ਉਦੋਂ ਤਾਂ ਮੈਂ ਸਾਡੇ ਪਿੰਡ ਵਾਲੇ ਸਕੂਲ ਦੇ ਪੰਜਾਬੀ ਮਾਸਟਰ ਅਤੇ ਖੇਡ-ਸਿੱਖਿਆ ਮਾਸਟਰ ਜੀ ਦਾ ਅੰਧ-ਭਗਤ ਸੀ।  ਉਨ੍ਹਾਂ ਦੇ ਕਹੇ ਇਕ ਇਕ ਸ਼ਬਦ ’ਤੇ ਫੁੱਲ ਚੜ੍ਹਾਉਂਦਾ ਸੀ।  ਉਨ੍ਹਾਂ ਦਾ ਕਹਿਣਾ ਸੀ ਕਿ ਅੰਗਰੇਜ਼ ਸਾਡੇ ਦੇਸ਼ ਦੀ ਸਾਰੀ ਦੌਲਤ ਹੂੰਝ ਕੇ ਲੈ ਗਏ। ਆਪ ਤਾਂ ਇੱਥੋਂ ਚਲੇ ਗਏ, ਪਰ ਵਲਾਇਤ ਨੂੰ ਅਤੇ ਅੰਗਰੇਜ਼ੀ ਭਾਸ਼ਾ ਨੂੰ ਸਾਡੀ ਜਾਨ ਦਾ ਖੌਅ ਬਣਾ ਗਏ। ਮੁੱਕਦੀ ਗੱਲ ਕਿ ਅੰਗਰੇਜ਼ੀ ਦਾ ਐਸਾ ਹਊਆ ਮਨ ’ਚ ਵੜਿਆ ਕਿ ਅਮਰੀਕਾ ਆ ਜਾਣ ’ਤੇ ਵੀ ਨਾਲ ਨਾਲ  ਤੁਰਿਆ ਫਿਰਦਾ ਹੈ।

ਥੋੜ੍ਹੇ ਦਿਨ ਧੱਕੇ ਖਾ ਕੇ ਦੋਸਤਾਂ ਮਿੱਤਰਾਂ ਦੀ ਸਲਾਹ ’ਤੇ ਥੋੜ੍ਹੀ ਬਹੁਤ ‘ਪੰਜਰੇਜ਼ੀ’ ’ਚ ਕਿਸੇ ਸਾਹਮਣੇ ਕੁਝ ਕਹਿ ਕੇ ਸਮਝਾਉਣ ਦੀ ਪ੍ਰੈਕਟਿਸ ਕਰ ਲਈ ਅਤੇ ਜਾ ਵੱਜੇ ਇਕ ਹੋਰ ਸਟੋਰ ’ਤੇ। ਪਤਾ ਲੱਗਿਆ ਕਿ ਇੱਥੇ ਕਾਫ਼ੀ ਪੰਜਾਬੀ ਕੰਮ ਕਰਦੇ ਹਨ। ਇਕ ਦੋ ਜਣਿਆਂ ਨੂੰ ਖੜ੍ਹਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਬਾਹਲੀ ਗੱਲ ਨਾ ਸੁਣੀ। ਹਾਂ, ਇਕ ਅੱਧਖੜ ਔਰਤ ਨੇ ਮੈਨੂੰ ਮੈਨੇਜਰ ਸਾਹਮਣੇ ਜਾ ਖੜ੍ਹਾਇਆ। ਮੂੰਹ ਨਾਲ ਗੁੱਡ-ਮੌਰਨਿੰਗ ਕਹਿਣ ਦੀ ਬਜਾਇ ਹੱਥਾਂ ਨਾਲ ਹੀ ਨਮਸਤੇ ਕਹਿ ਕੇ ਉਸਨੂੰ ਪੰਜਰੇਜ਼ੀ ’ਚ ਕਹਿਣਾ ਸ਼ੁਰੂ ਕੀਤਾ ਕਿ ਮੈਂ ਪੰਜਾਬ ਵਿਚ ਸਰਕਾਰੀ ਮਹਿਕਮੇ ’ਚ ਪੈਂਤੀ ਸਾਲ ਨੌਕਰੀ ਕੀਤੀ ਅਤੇ ਲੋਕਾਂ ਦੀ ਬੜੀ ਸੇਵਾ ਕੀਤੀ ਹੈ...। ਉਹਦੇ ਚਿਹਰੇ ’ਤੇ ਮੁਸਕਰਾਹਟ ਫੈਲ ਗਈ। ਸ਼ਾਇਦ ਉਹ ਸੋਚਦਾ ਹੋਵੇਗਾ ਕਿ ਪੰਜਾਬ ਦਾ ਸਰਕਾਰੀ ਮੁਲਾਜ਼ਮ ਅਤੇ ਲੋਕ ਸੇਵਾ! ਮੈਨੂੰ ਲੱਗਿਆ ਕਿ ਪੈ ਗਿਆ ਪੰਗਾ! ਉਸ ਨੇ ਵੀ ਹੱਸਦਿਆਂ ਹੱਸਦਿਆਂ ਢਿੱਲਾ ਜਿਹਾ ਮੂੰਹ ਬਣਾ ਕੇ ‘‘ਸੌਰੀ, ਨੋ ਜੌਬ’’ ਕਹਿੰਦਿਆਂ ਕਿਸੇ ਹੋਰ ਸਟੋਰ ਨੂੰ ਸੇਵਾਵਾਂ ਦੇਣ ਲਈ ਮੈਨੂੰ ਮਜਬੂਰ ਕਰ ਦਿੱਤਾ। 

ਅਖੀਰ ਇਕ ਦਿਨ ਇਕ ਸਟੋਰ ਮਾਲਕ ਨੇ ਸਾਡੀ ਕਾਬਲੀਅਤ ਨੂੰ ਪਛਾਣ ਹੀ ਲਿਆ। ਮੈਂ ਪਹਿਲੇ ਦਿਨ ਅਮਰੀਕਾ ਦੀ ਸਰ-ਜਮੀਂ ’ਤੇ ਸਟੋਰ ’ਤੇ ਕੰਮ ਕੀਤਾ ਤਾਂ ਪਤਾ ਲੱਗ ਗਿਆ ਕਿ ਡਾਲਰ ਰੁਪੀਏ ਨਾਲੋਂ ਇੰਨਾ ਸਖ਼ਤ ਕਿਉਂ ਹੈ। ਘੰਟੇ ਕੁ ਬਾਅਦ ਹੀ ਲੱਤਾਂ ਨੇ ਚੂੰਢੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ, ਬਈ ਮੰਗੂ ਰਾਮਾ ਬੈਠਣ ਦਾ ਕੋਈ ਇੰਤਜ਼ਾਮ ਕਰ। ਚਾਰੇ ਪਾਸੇ ਨਜ਼ਰ ਘੁਮਾਈ ਤਾਂ ਕੋਈ ਸਟੂਲ ਵਗੈਰਾ ਨਜ਼ਰ ਨਾ ਆਇਆ। ਉਦੋਂ ਸੋਚਿਆ ਕਿ ਇੱਥੇ ਕੁਰਸੀਆਂ ਸਟੂਲਾਂ ਦੀ ਸਪਲਾਈ ਦਾ ਕੰਮ ਵੀ ਵਧੀਆ ਚੱਲ ਸਕਦਾ ਹੈ, ਪਰ ਇਹ ਪਲੈਨਿੰਗ ਉਦੋਂ ਹੀ ਠੁੱਸ ਕਰਨੀ ਪਈ ਜਦੋਂ ਪਤਾ ਲੱਗਿਆ ਬਈ ਇੱਥੇ ਕੰਮ ਸਮੇਂ ਕੁਰਸੀਆਂ ਸਟੂਲਾਂ ’ਤੇ ਬੈਠਣ ਦੀ ਇਜਾਜ਼ਤ ਹੀ ਨਹੀਂ। ਮਨ ਨੂੰ ਵੀ ਚੈਨ ਆਇਆ ਜਦ ਵੇਖਿਆ ਕਿ ਖ਼ੁਦ ਮਾਲਕ ਕੁਰਸੀਆਂ ਸਟੂਲਾਂ ਦੇ ਹੁੰਦਿਆਂ ਆਪ ਖੜ੍ਹ ਕੇ ਕੰਮ ਕਰ ਰਿਹਾ ਹੈ। ਲੱਤਾਂ ਨੂੰ ਸੁਨੇਹਾ ਭੇਜਿਆ, ਸਬਰ ਰੱਖੋ, ਅੱਛੇ ਦਿਨ ਵੀ ਆ ਜਾਣਗੇ। ਨਾਲ ਹੀ ਮਨ ਨੂੰ ਡਾਲਰ ਰੂਪੀ ਰੱਬ ਦੀ ਯਾਦ ’ਚ ਲਾ ਲਿਆ। ਜਿਵੇਂ ਜਿਵੇਂ ਘੰਟੇ ਵਧੀ ਜਾ ਰਹੇ ਸਨ ਮਨ ਦਾ ਕੈਲਕੂਲੇਟਰ ਡਾਲਰਾਂ ਦੀ ਗਿਣਤੀ ਕਰ ਕਰ ਖ਼ੁਸ਼ ਹੋ ਰਿਹਾ ਸੀ। ਆਖ਼ਰਕਾਰ ਅਸੀਂ ਇਨ੍ਹਾਂ ਡਾਲਰਾਂ ਨਾਲ ਹੀ ਦੇਸ਼ ਦੀ ਆਰਥਿਕਤਾ ਨੂੰ ਸਹਾਰਾ ਜੋ ਦੇਣਾ ਸੀ। ਕੰਮ ਤੋਂ ਵਿਹਲੇ ਹੋ ਜਾਈਏ ਫਿਰ ਭਾਰਤ ਸਰਕਾਰ ਨਾਲ ਗੱਲ ਕਰਦੇ ਹਾਂ ਬਈ ਡਾਲਰ ਦੇ ਨਿਵੇਸ਼ ਲਈ ਕੋਈ ਯੋਜਨਾਬੰਦੀ ਕਰ ਲਵੇ। ਅਜੇ ਮੈਂ ਸੋਚ ਹੀ ਰਿਹਾ ਸੀ ਕਿ ਬਠਿੰਡੇ ਤੋਂ ਸੁਖਦਰਸ਼ਨ ਦਾ ਫੋਨ ਆ ਗਿਆ। ਕਹਿਣ ਲੱਗਾ, ‘‘ਉਏ ਤੂੰ ਤਾਂ ਨਹੀਂ ਦੱਸਿਆ, ਪਰ ਸਾਨੂੰ ਫਿਰ ਵੀ ਪਤਾ ਲੱਗ ਹੀ ਗਿਆ ਬਈ ਤੇਰਾ ਡਾਲਰਾਂ ਨੂੰ ਹੱਥ ਪੈ ਚੱਲਿਆ ਹੈ। ਯਾਦ ਐ ਨਾ ਤੁਰਨ ਵੇਲੇ ਕੀਤਾ ਵਾਅਦਾ?  ਹੁਣ ਤਾਂ ਸੁੱਖ ਨਾਲ ਤਿੰਨ ਕਿਤਾਬਾਂ ਦੇ ਖਰੜੇ ਤਿਆਰ ਪਏ ਨੇ। ਨਾਲੇ ਸਭਾ ਲਈ ਹਾਲ ਬਣਾਉਣ ਦਾ  ਹੀਲਾ ਤਾਂ ਅਸੀਂ ਕਰ ਲਿਆ, ਹੁਣ ਉਸ ਅੰਦਰ ਮੇਜ਼ ਕੁਰਸੀਆਂ  ਅਤੇ ਹੋਰ ਸਾਰਾ ਸਾਜ਼ੋ-ਸਮਾਨ ਤੇਰੇ ਜ਼ਿੰਮੇ ਐ। ਬਾਕੀ ਜਦੋਂ ਆਉਣਾ ਹੋਇਆ ਦੱਸ ਦੇਈਂ ਤੇਰੇ ਮਾਣ-ਸਨਮਾਨ ’ਚ ਪ੍ਰੋਗਰਾਮ ਰੱਖ ਲਵਾਂਗੇ, ਬਹਿਜਾ ਬਹਿਜਾ ਕਰਵਾ ਦਿਆਂਗੇ, ਅਸੀਂ ਤਾਂ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ।’’

ਮੈਂ ਕਿਹਾ, ‘‘ਤੁਹਾਨੂੰ ਅਤੇ ਤੁਹਾਡੇ ਵੱਲੋਂ ਮਿਲਦੇ ਰਹਿੰਦੇ ‘ਘਰ ਫੂਕ ਤਮਾਸ਼ਾ’ ਰੂਪੀ ਉਤਸ਼ਾਹ ਨੂੰ ਭੁੱਲ ਸਕਦਾਂ ਕਦੇ? ਪਰ ਯਾਰ ਤੂੰ ਹੁਣ ਭਾਰਤੀ ਕਰਮਚਾਰੀ ਨੂੰ ਫੋਨ ਨਹੀਂ ਕਰ ਰਿਹਾ ਸਗੋਂ ਇਕ ਅਮਰੀਕੀ ਕਰਮਚਾਰੀ ਨਾਲ ਗੱਲ ਕਰ ਰਿਹਾ ਹੈਂ। ਇਸ ਲਈ ਜ਼ਰਾ ਸਮੇਂ ਦਾ ਖਿਆਲ ਰੱਖਿਆ ਕਰ ਮਤੇ ਫੋਨ ’ਤੇ ਗੱਲ ਕਰਦੇ ਨੂੰ ਸੁਣ ਕੇ ਪੱਕੇ ਤੌਰ ’ਤੇ ਆਰਾਮ ਕਰਨ ਦਾ ਹੁਕਮ ਹੀ ਦੇ ਦੇਣ। ਮੈਂ ਘਰੇ ਜਾ ਕੇ ਗੱਲ ਕਰਾਂਗਾ। ਇਕ ਗੱਲ ਹੋਰ, ਆਪਣੇ ਯਾਰਾਂ ਮਿੱਤਰਾਂ ਨੂੰ ਕਹਿਦੇ ਬਈ ਆਪਣੇ ਖਰੜੇ ਤਿਆਰ ਕਰ ਲੈਣ ਸਭ ਦੇ ਉਲਾਭੇਂ ਲਾਹ ਦਿਆਂਗੇ।’’

ਹਫ਼ਤੇ ’ਚ ਮਹਿਜ਼ ਤੀਹ ਘੰਟੇ ਕੰਮ ਕਰਕੇ ਪਤਾ ਲੱਗ ਗਿਆ ਕਿ ਕੰਮ ਕੀਹਨੂੰ ਕਹਿੰਦੇ ਨੇ, ਪਰ ਖ਼ੁਸ਼ੀ ਇਹ ਸੀ ਬਈ ਕਮਾਈ ਵੀ ਰੁਪਈਆਂ ਗੁਣਾ ਸੱਤਰ ਹੈ। ਹਫ਼ਤੇ ਬਾਅਦ ਮੁਲਾਜ਼ਮਾਂ ਨੂੰ ਬੁਲਾ ਬੁਲਾ ਕੇ ਚੈੱਕ ਦਿੱਤੇ ਗਏ ਤਾਂ ਮੇਰਾ ਧਿਆਨ ਉਧਰ ਹੀ ਸੀ ਕਿ ਕਦੋਂ ਬੁਲਾਉਣਗੇ ਤੇ ਕਰਾਂਗਾ ਡਾਲਰਾਂ ਦੇ ਚੈੱਕ ਦੇ ਦਰਸ਼ਨ। ਪਰ ਮੇਰੀ ਆਸ ਨੂੰ ਬੂਰ ਨਾ ਪਿਆ। ਕੰਮ ਛੱਡ ਕੇ ਮੈਂ ਹੀ ਜਾ ਮੈਨੇਜਰ ਦੁਆਲੇ ਹੋਇਆ। ਉਸ ਨੇ ਕਈ ਭਾਸ਼ਾਵਾਂ ਦਾ ਮਿਸ਼ਰਣ ਬਣਾ ਕੇ ਮੇਰੇ ਦਿਮਾਗ਼ ’ਚ ਗੱਲ ਪਾਈ ਕਿ ਅਗਲੇ ਹਫ਼ਤੇ।

ਦੂਜਾ ਹਫ਼ਤਾ ਵੀ ਆ ਗਿਆ। ਚੈੱਕ ਵੰਡਣ ਦਾ ਦੌਰ ਫਿਰ ਸ਼ੁਰੂ ਹੋਇਆ। ਮੇਰਾ ਨੰਬਰ ਤਾਂ ਫਾਡੀ ਹੀ ਆਉਣਾ ਸੀ, ਆਇਆ।  ਚੈੱਕ ਮਿਲਿਆ। ਦੇਖਣ ਦੀ ਬਜਾਏ ਚੁੰਮਿਆ। ਜੇਬ੍ਹ ਨੂੰ ਨਿੱਘ ਦੇਣ ਲਈ ਮਰੋੜ ਕੇ ਜੇਬ੍ਹ ’ਚ ਹੀ ਪਾ ਲਿਆ। ਯਾਰ ਇਹਦੀ ਚੀਰ ਫਾੜ ਫਿਰ ਕਰਾਂਗੇ ਪਹਿਲਾਂ ਖ਼ੁਸ਼ੀ ਸਾਂਝੀ ਕਰੀਏ, ਪਰ ਕੀਹਦੇ ਨਾਲ? ਦੋ ਤਿੰਨ ਯਾਰ ਯਾਦ ਆਏ, ਪਰ ਉਹ ਤਾਂ ਕੰਮ ’ਤੇ ਹੋਣਗੇ। ਅਖੀਰ ਇਕੋ ਸਹਾਰਾ ਬਾਕੀ ਬਚਿਆ, ਮਤਬਲ ਸ਼ਕਤੀ ਵਾਟਰ। ਮਿਲ ਤਾਂ ਸਾਹਮਣਿਉ ਹੀ ਜਾਣਾ ਸੀ। ਸੋਚਿਆ ਸ਼ਕਤੀ ਵਾਟਰ ਪੀ ਕੇ ਭੰਗੜਾ ਪਾਵਾਂ ਤੇ ਲਲਕਾਰੇ ਮਾਰਾਂ। ਫਿਰ ਸੋਚਿਆ ਕਿ ਇਹ ਸਾਰਾ ਕੁਝ ਤਾਂ ਸਾਊਂਡ ਪਰੂਫ ਕਮਰੇ ’ਚ ਕਰਨਾ ਪਵੇਂ ਜਿੱਥੋਂ ਮੇਰੀ ਖ਼ੁਸ਼ੀ ਦੀ ਤਰੰਗ ਦਾ ਇਕ ਭੋਰਾ ਵੀ ਬਾਹਰ ਨਾ ਜਾ ਸਕੇ। ਜੇ ਫਿਰ ਵੀ ਇੰਡੀਅਨ ਹਿੰਡ ਪੁਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲੀ ਮਿਲੀ ਕਮਾਈ ਦਾ ਚੈੱਕ ਜੁਰਮਾਨੇ ਦੇ ਰੂਪ ’ਚ ਅਮਰੀਕਾ ਦੀ ਆਰਥਿਕਤਾ ਦਾ ਹਿੱਸਾ ਬਣ ਜਾਵੇਗਾ। ਸੋਚਿਆ, ਨਹੀਂ, ਇਹ ਨਹੀਂ ਕਰਨਾ, ਫਿਰ ਭਾਰਤੀ ਆਰਥਿਕਤਾ ਨੂੰ ਕੌਣ ਠੁੰਮਣਾ ਦੇਊ। 

ਜਦੋਂ ਚੈੱਕ ਦੀ ਡਿਟੇਲ ਵੇਖੀ ਤਾਂ ਬੜਾ ਗੁੱਸਾ ਆਇਆ- ਅਮਰੀਕਨਾਂ ਦੀ ਬਿਜ਼ਨਸ-ਬੁੱਧੀ ’ਤੇ। ਇਹ ਬੰਦੇ ’ਤੇ ਭੋਰਾ ਇਤਬਾਰ ਨਹੀਂ ਕਰਦੇ। ਪਹਿਲਾਂ ਹੀ ਫੈਡਰਲ-ਟੈਕਸ, ਮੈਡੀਕੇਅਰ-ਟੈਕਸ, ਸੋਸ਼ਲ-ਸਕਿਉਰਟੀ ਟੈਕਸ, ਸਟੇਟ ਮੈਡੀਕਲ ਟੈਕਸ ਆਦਿ ਕੱਟ ਕੇ ਅੱਧ ਪਚੱਧਾ ਲੈ ਗਏ, ਅਜੇ ਲੋਕਲ ਟੈਕਸ ਭਰਨੇ ਬਾਕੀ ਸਨ। ਤਿੰਨ ਸੌ ’ਚੋਂ ਉਨ੍ਹਾਂ ਡੇਢ ਸੌ ਹੀ ਪੱਲੇ ਪਾਇਆ। ਸੋਚਿਆ ਕਿ ਭਾਰਤ ਮਾਤਾ ਦਾ ਉਲਾਂਭਾ ਲਾਹ ਦੇਈਏ ਤੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਭੇਜ ਦੇਈਏ ਆਪਣੇ ਦੇਸ਼ ’ਚ ਨਿਵੇਸ਼ ਕਰਨ ਲਈ, ਪਰ ਇੱਥੇ ਤਾਂ ਬਾਅਦ ’ਚ ਵੀ ਭੇਜੇ ਜਾ ਸਕਦੇ ਹਨ। ਪਹਿਲਾਂ ਸਾਹਿਤ ਸਭਾ ਲਈ ਭੇਜੀਏ, ਨਾਲੇ ਸਾਹਿਤਕਾਰਾਂ ਨੂੰ ਇਸ ਦੀ ਜ਼ਿਆਦਾ ਜ਼ਰੂਰਤ ਹੈ। ਪਰ ਉਦੋਂ ਹੀ ਕੱਕੋ ਵੱਲੋਂ ਮਿਲਿਆ ਹੁਕਮ ਯਾਦ ਆ ਗਿਆ, “ਜੀ ਜਦੋਂ ਅੱਜ ਡਾਲਰ ਮਿਲ ਗਏ ਸਿੱਧੇ ਘਰੇ ਹੀ ਲੈ ਕੇ ਆਇਉ, ਐਵੇਂ ਨਾ ਰਸਤੇ ’ਚ ਖਰਚਣ ਬਹਿ ਜਾਇਓ। ਕਈ ਥਾਵਾਂ ’ਤੇ ਸੁੱਖਣਾ ਸੁੱਖੀ ਬੈਠੀ ਹਾਂ, ਸਭ ਲਈ ਸੁੱਚੇ ਡਾਲਰ ਕੱਢ ਕੇ ਦੇਣੇ ਨੇ, ਤੇ ਰਸੋਈ ’ਚੋਂ ਰਾਸ਼ਨ ਵੀ ਨੌਂ ਦੋ ਗਿਆਰਾਂ ਹੋਇਆ ਬੈਠਾ ਹੈ। ਬਾਕੀ ਮੈਂ ਆਪਣੇ ਮੇਕਅੱਪ ਦੇ ਸਾਮਾਨ ਲਈ ਕਿਸੇ ਸਹੇਲੀ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਹੈ। ਉਮੀਦ ਹੈ ਲੋਨ ਮਿਲ ਜਾਵੇਗਾ।”

ਬਾਕੀਆਂ ਨੂੰ ਤਾਂ ਮਨਾ ਲਵਾਂਗੇ, ਪਰ ਹੋਮ-ਮਨਿਸਟਰੀ ਅੱਗੇ... ਕੀ ਆਖਾਂ।

ਸੰਪਰਕ: 094177-53892, 001-425-286-0163 (ਵੱਟਸਐਪ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All