ਭਾਈ ਅਸ਼ੋਕ ਸਿੰਘ ਬਾਗੜੀਆ
ਸ਼ਬਦ ‘ਸ਼੍ਰੋਮਣੀ ਅਕਾਲੀ ਦਲ’ ਸਿੱਖ ਮਾਨਸਿਕਤਾ ਵਿਚ ਡੂੰਘਾ ਅੰਕਿਤ ਹੋਇਆ ਹੈ| ਸ਼੍ਰੋਮਣੀ ਅਕਾਲੀ ਦਲ ਦੇ ਆਗਾਜ਼ ਤੋਂ ਹੀ ਆਮ ਸਿੰਘਾਂ ਤੇ ਸ਼ਰਧਾਲੂਆਂ ਨੇ ਬਿਨਾਂ ਹੀਲ-ਹੁੱਜਤ ਅਕਾਲੀ ਦਲ ਦੇ ਪ੍ਰੋਗਰਾਮਾਂ ਦੇ ਲਾਭ-ਹਾਨੀ ਦੇਖੇ ਬਿਨਾਂ ਇਸ ਦੀ ਤਰੱਕੀ ਵਿਚ ਆਪਣਾ ਅਥਾਹ ਯੋਗਦਾਨ ਪਾਇਆ ਹੈ ਅਤੇ ਕੁਰਬਾਨੀਆਂ ਦਿੱਤੀਆਂ, ਸਿੱਖੀ ਦੇ ਮਨੋਰਥ ਨੂੰ ਢਾਹ ਨਹੀਂ ਲੱਗਣ ਦਿੱਤੀ| ਉਸ ਵਕਤ ਜੋ ਅਕਾਲੀ ਆਗੂ ਸਨ ਉਨ੍ਹਾਂ ਨੇ ਵੀ ਤਨਦੇਹੀ ਨਾਲ ਆਪਣੀ ਸਮਝ ਮੁਤਾਬਿਕ ਜੋ ਕੁਝ ਕੀਤਾ ਉਹ ਅੱਜ ਤਕ ਸਾਡੇ ਸਾਹਮਣੇ ਹੈ|
ਸੰਨ 1947 ਦਾ ਸਮਾਂ ਅਜਿਹਾ ਸੀ, ਜਦੋਂ ਭਾਰਤ ਆਜ਼ਾਦ ਹੋਇਆ ਅਤੇ ਇਸ ਆਜ਼ਾਦੀ ਲਈ ਜੇਕਰ ਸਾਰੀ ਨਹੀਂ ਤਾਂ ਬਹੁਤੀ ਕੁਰਬਾਨੀ ਪੰਜਾਬ ਅਤੇ ਪੰਜਾਬੀਆਂ ਨੇ ਹੀ ਦਿੱਤੀ| ਜਦੋਂ ਭਾਰਤ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਉਸ ਵਕਤ ਪੰਜਾਬ ਨਫ਼ਰਤ, ਬਟਵਾਰੇ ਅਤੇ ਫ਼ਿਰਕਾਪ੍ਰਸਤੀ ਦੀ ਅੱਗ ਵਿਚ ਸੜ ਰਿਹਾ ਸੀ| ਸਿੱਖ ਧਰਮ, ਸਿੱਖ ਸਮਾਜ, ਸਿੱਖ ਧਰਮ ਅਸਥਾਨ, ਸਿੱਖਾਂ ਵੱਲੋਂ ਆਪਣੇ ਖੂਨ ਪਸੀਨੇ ਨਾਲ ਜ਼ਰਖੇਜ਼ ਕੀਤੀਆਂ ਜ਼ਮੀਨਾਂ ਸਭ ਕੁਝ ਬਟਵਾਰੇ ਦੀ ਭੇਟ ਚੜ੍ਹ ਕੇ ਪਾਕਿਸਤਾਨ ਵਿਚ ਚਲਾ ਗਿਆ, ਫਲਸਰੂਪ ਸਿੱਖਾਂ ਦੀ ਉਹ ਪੁਸ਼ਤ ਜੋ ਪਾਕਿਸਤਾਨ ਤੋਂ ਉੱਜੜ ਕੇ ਹਿੰਦੋਸਤਾਨ ਆਈ ਸੀ, ਨੂੰ ਦੁਬਾਰਾ ਆਪਣੀ ਜਗ੍ਹਾ ਬਣਾਉਣ ਲਈ ਬਹੁਤ ਜੱਦੋ-ਜਹਿਦ ਕਰਨੀ ਪਈ, ਜੋ ਇਤਿਹਾਸ ਹੈ|
ਉਦੋਂ ਸਿੱਖ ਆਗੂਆਂ ਨੇ ਬੜੀ ਸਿਆਣਪ ਅਤੇ ਸੂਝ-ਬੂਝ ਨਾਲ ਅਕਾਲੀ ਦਲ ਦਾ ਇੱਧਰ ਪੁਨਰ-ਗਠਨ ਕੀਤਾ| ਇਨ੍ਹਾਂ ਸਿੱਖ ਆਗੂਆਂ ਨੂੰ ਆਜ਼ਾਦੀ ਤੋਂ ਪਹਿਲਾਂ ਹਿੰਦੋਸਤਾਨ ਦੇ ਰਾਸ਼ਟਰੀ ਨੇਤਾਵਾਂ ਨੇ ਆਜ਼ਾਦੀ ਦਾ ਆਨੰਦ ਮਾਣਨ ਲਈ, ਜੋ ਮਾਣ ਦੇਣ ਦਾ ਵਾਅਦਾ ਕੀਤਾ ਤਾਂ ਉਸ ਭਰੋਸੇ ’ਤੇ ਅਕਾਲੀ ਲੀਡਰਸ਼ਿਪ ਨੇ ਖੁੱਲ੍ਹ ਕੇ ਹਿੰਦੋਸਤਾਨ ਨਾਲ ਰਹਿਣ ਦੀ ਗੱਲ ਕੀਤੀ, ਪਰ ਇਹ ਰਾਸ਼ਟਰੀ ਲੀਡਰਸ਼ਿਪ ਆਜ਼ਾਦੀ ਦੇ ਤੁਰੰਤ ਬਾਅਦ ਇਸ ਵਚਨਬੱਧਤਾ ਅਤੇ ਭਰੋਸੇ ਤੋਂ ਪੂਰੀ ਤਰ੍ਹਾਂ ਮੁੱਕਰ ਗਈ| ਇਹ ਘਟਨਾ ਉਸ ਵਕਤ ਦੇ ਅਕਾਲੀ ਲੀਡਰਾਂ ਲਈ ਬਹੁਤ ਵੱਡਾ ਧੱਕਾ ਸੀ| ਇਸ ਵਿਗੜੇ ਹਾਲਾਤ ਵਿਚ ਅਕਾਲੀ ਦਲ ਨੂੰ ਆਪਣੀ ਜ਼ੁਬਾਨ ਅਤੇ ਸੱਭਿਅਤਾ ਦੀ ਰਾਖੀ ਲਈ ਜੋ ਪੰਜਾਬੀ ਸੂਬੇ ਲਈ ਸੰਘਰਸ਼ ਕਰਨਾ ਪਿਆ, ਉਸ ਵਿਚ ਵੀ ਭਾਰਤ ਦੀ ਰਾਸ਼ਟਰੀ ਲੀਡਰਸ਼ਿਪ ਨੇ ਇਮਾਨਦਾਰੀ ਨਹੀਂ ਵਰਤੀ| ਅੱਧ-ਪਝੱਦਾ ਪੰਜਾਬੀ ਸੂਬਾ ਤਾਂ ਬਣ ਗਿਆ, ਪਰ ਉਸ ਵਿਚ ਪੰਜਾਬੀ ਭਾਸ਼ਾ ਨੂੰ ਉਹ ਰੁਤਬਾ ਨਹੀਂ ਮਿਲਿਆ, ਜਿਸ ਦੀ ਉਹ ਹੱਕਦਾਰ ਸੀ ਅਤੇ ਅੱਜ ਤਕ ਉਸ ਰੁਤਬੇ ਦੀ ਉਡੀਕ ਵਿਚ ਹੈ|
ਵਕਤ ਨਾਲ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਸਾਹਮਣੇ ਆਈ, ਉਨ੍ਹਾਂ ਵਿਚ ਪੁਰਾਣੀ ਸੁਹਿਰਦਤਾ ਅਤੇ ਪੰਥ ਪ੍ਰਤੀ ਉਸਾਰੂ ਸੋਚ ਦੀ ਭਾਰੀ ਕਮੀ ਨਜ਼ਰ ਆਉਣ ਲੱਗੀ| ਅਕਾਲੀ ਦਲ ਦੇ ਅੰਦਰ ਹੀ ਧੜੇਬੰਦੀ ਸ਼ੁਰੂ ਹੋ ਗਈ| ਧਰਮ ਜਾਂ ਸੱਭਿਅਤਾ ਨਾਲੋਂ ਰਾਜਸੱਤਾ ਵੱਲ ਜ਼ਿਆਦਾ ਧਿਆਨ ਜਾਣਾ ਸ਼ੁਰੂ ਹੋ ਗਿਆ| ਅਕਾਲੀ ਦਲ ਦੇ ਹਰ ਗਰੁੱਪ ਨੇ ਗੁਰਦੁਆਰਿਆਂ ਨੂੰ ਆਪਣੀ ਸਿਆਸਤ ਲਈ ਵਰਤਣਾ ਸ਼ੁਰੂ ਕਰ ਦਿੱਤਾ, ਨਤੀਜੇ ਵਜੋਂ ਸਿੱਖਾਂ ਵਿਚ ਆਪਸੀ ਟਕਰਾਅ ਵਧਣ ਲੱਗਾ| ਇਸ ਤੋਂ ਪਹਿਲਾਂ ਗੁਰਦੁਆਰਿਆ ਦੀ ਸਿਆਸਤ ਆਪਸੀ ਟਕਰਾਅ ਲਈ ਨਹੀਂ ਵਰਤੀ ਜਾਂਦੀ ਸੀ, ਸਗੋਂ ਉਹ ਸਮੁੱਚੇ ਸਿੱਖ ਪੰਥ ਦੇ ਹਿੱਤਾਂ ਲਈ ਵਰਤੀ ਜਾਂਦੀ ਸੀ| ਹੌਲੀ-ਹੌਲੀ ਅਜੋਕੇ ਲੀਡਰਾਂ ਨੇ ਇਸ ਵਿਚ ਇੰਨਾ ਨਿਘਾਰ ਲੈ ਆਂਦਾ ਕਿ ਇਸ ਨੂੰ ਸਿੱਖਾਂ ਵਿਚ ਖਾਨਾਜੰਗੀ ਦੀ ਹੱਦ ਤਕ ਪਹੁੰਚਾ ਦਿੱਤਾ| ਹੱਦ ਤਾਂ ਉਸ ਵਕਤ ਹੋ ਗਈ ਜਦੋਂ ਸਿਆਸੀ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਆਪਣੀ ਸੌੜੀ ਸਿਆਸੀ ਕੁਰਸੀ ਲਈ ਵਰਤਣ ਤੋਂ ਗੁਰੇਜ਼ ਨਾ ਕੀਤਾ| ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ, ਪਰ ਤਤਕਾਲੀ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ ’ਤੇ ਮੱਲ੍ਹਮ ਲਗਾਉਣ ਦੀ ਬਜਾਏ ਇਨ੍ਹਾਂ ਬੇਅਦਬੀਆਂ ਦਾ ਵਿਰੋਧ ਕਰ ਰਹੇ ਨਿਹੱਥੇ ਸਿੱਖਾਂ ’ਤੇ ਹੀ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ| ਇਸ ਬਿੱਖਰੀ ਹੋਈ ਪੰਥਕ ਸਿਆਸਤ ਤੋਂ ਲਾਭ ਉਠਾਉਣ ਲਈ ਦੂਸਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ| ਸਿਰਮੌਰ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਬੁਰੀ ਤਰ੍ਹਾਂ ਢਾਹ ਲੱਗੀ ਹੈ। ਅਕਾਲੀ ਦਲ ਨੇ ਧਰਮ ਉੱਪਰ ਸਿਆਸਤ ਦਾ ਅਜਿਹਾ ਗਲਬਾ ਪਾਇਆ, ਜਿਸ ਦੇ ਨਤੀਜੇ ਵਜੋਂ ਸਾਡੇ ਸਾਹਮਣੇ ਕਈ ਅਤਿਅੰਤ ਦੁਖਦਾਈ ਘਟਨਾਵਾਂ ਵਾਪਰੀਆਂ ਹਨ|
ਹੁਣ ਜਦੋਂ ਕੁਝ ਪੁਰਾਣੇ ਟਕਸਾਲੀ ਆਗੂ ਅਕਾਲੀ ਦਲ ਤੋਂ ਵੱਖ ਹੋ ਕੇ ਪੰਥਕ ਹਿੱਤਾਂ ਦੀ ਆਵਾਜ਼ ਉਠਾ ਰਹੇ ਹਨ, ਇਸ ਸਥਿਤੀ ਵਿਚ ਕਈ ਸਵਾਲ ਵਿਚਾਰਨਯੋਗ ਹਨ| ਇਨ੍ਹਾਂ ਆਗੂਆਂ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਮਾਝੇ ਦੇ, ਸੁਖਦੇਵ ਸਿੰਘ ਢੀਂਡਸਾ ਮਾਲਵਾ ਅਤੇ ਕੁਲਦੀਪ ਸਿੰਘ ਵਡਾਲਾ ਦੁਆਬਾ ਦੇ ਅਕਾਲੀ ਦਲ ਦੇ ਥੰਮ੍ਹ ਸਨ| ਜੋ ਇਨ੍ਹਾਂ ਦੇ ਅਕਾਲੀ ਦਲ ਵਿਚ ਹੋਣ ਸਮੇਂ ਦੁਖਦ ਘਟਨਾਵਾਂ ਵਾਪਰੀਆਂ ਉਨ੍ਹਾਂ ਨੂੰ ਕਿਸ ਤਰ੍ਹਾਂ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਜਾਂ ਜਦੋਂ ਇਹ ਸਭ ਘਟਨਾਵਾਂ ਹੋ ਰਹੀਆਂ ਸਨ, ਉਹ ਉਸ ਵੇਲੇ ਕਿਉਂ ਨਹੀਂ ਬੋਲੇ? ਇਹ ਹਰ ਕੋਈ ਜਾਣਨ ਦੀ ਇੱਛਾ ਰੱਖਦਾ ਹੈ| ਕੌਣ ਅਪਰਾਧੀ ਹੈ? ਕੌਣ ਨਹੀਂ? ਇਹ ਕਮਿਸ਼ਨ ਵਿਚਾਰਦੇ ਰਹਿਣਗੇ। ਅਕਾਲੀ ਦਲ ਜੋ ਲਗਭਗ ਸੌ ਸਾਲ ਪਹਿਲਾਂ ਸਿੱਖ ਪੰਥ ਦੇ ਰਾਜਨੀਤਕ ਹੱਕਾਂ ਦੀ ਰਾਖੀ ਲਈ ਬਣਾਈ ਗਈ ਸੀ, ਉਸ ਦੀ ਅਜੋਕੀ ਲੀਡਰਸ਼ਿਪ ਨੇ ਸਿੱਖ ਸਿਧਾਂਤਾਂ, ਸਿੱਖ ਕਦਰਾਂ ਕੀਮਤਾਂ ਅਤੇ ਸਿੱਖ ਸਮਾਜ ਨੂੰ ਹੀ ਖੋਰਾ ਲਗਾ ਦਿੱਤਾ|
ਸਵਾਲ ਇਹ ਵੀ ਹੈ ਕਿ ਜੋ ਟਕਸਾਲੀ ਆਗੂ ਅਕਾਲੀ ਦਲ ਦਾ ਨਵਾਂ ਢਾਂਚਾ ਤਿਆਰ ਕਰ ਰਹੇ ਹਨ, ਕੀ ਉਹ ਨਿਰੋਲ ਸਿੱਖਾਂ ਦਾ ਹੋਵੇਗਾ ਜਾਂ ਉਸ ਵਿਚ ਗ਼ੈਰ-ਸਿੱਖ ਵੀ ਹੋਣਗੇ| ਜਿਸ ਤਰ੍ਹਾਂ ਕਿ 1996 ਤੋਂ ਬਾਅਦ ਅਕਾਲੀ ਦਲ ਨੇ ਆਪਣਾ ਸੰਵਿਧਾਨ ਬਦਲ ਕੇ ਆਪਣੇ-ਆਪ ਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ| ਸਵਾਲ ਇਹ ਵੀ ਪੈਦਾ ਹੋਵੇਗਾ ਕਿ ਜਿਸ ਪਾਰਟੀ ਵਿਚ ਗ਼ੈਰ ਸਿੱਖ ਸ਼ਾਮਲ ਹੋਣ, ਉਸ ਕੋਲ ਐੱਸ.ਜੀ.ਪੀ.ਸੀ. ਅਤੇ ਗੁਰਦੁਆਰਿਆਂ ’ਤੇ ਕੰਟਰੋਲ ਕਰਨਾ ਮੁਨਾਸਬਿ ਹੈ? ਟਕਸਾਲੀ ਆਗੂਆਂ ਵੱਲੋਂ ਇਕੱਠੇ ਹੋ ਕੇ ਇਕ ਨਵੀਂ ਪਾਰਟੀ ਦੇ ਰੂਪ ਵਿਚ ਪੰਥਕ ਸਿਧਾਂਤਾਂ ਨੂੰ ਲਾਗੂ ਕਰਨ ਦਾ ਹੋਕਾ ਦਿੱਤਾ ਗਿਆ ਹੈ। ਕੀ ਇਹ ਨਵੀਂ ਟਕਸਾਲੀ ਅਕਾਲੀ ਪਾਰਟੀ ਐੱਸ.ਜੀ.ਪੀ.ਸੀ. ਦੀ ਚੋਣ ਲਈ ਲਾਮਬੰਦ ਹੋ ਰਹੀ ਹੈ ਜਾਂ ਪੰਜਾਬ ਵਿਧਾਨ ਸਭਾ ਲਈ? ਦੂਜੇ ਪਾਸੇ ਕੀ ਪੰਜਾਬ ਵਿਧਾਨ ਸਭਾ ਦੀ ਚੋਣ ਬਗੈਰ ਗ਼ੈਰ-ਸਿੱਖਾਂ ਦੇ ਲੜੀ ਜਾ ਸਕਦੀ ਹੈ? ਇਹ ਟਕਸਾਲੀ ਆਗੂ ਅਕਾਲੀ ਦਲ ਦੇ ਖੋ ਚੁੱਕੇ ਵੱਕਾਰ ਨੂੰ ਕਿਸ ਤਰ੍ਹਾਂ ਦੁਬਾਰਾ ਸਥਾਪਿਤ ਕਰਨਗੇ? ਇਸੇ ਕਰਕੇ ਅਕਾਲੀ ਦਲ ਦੇ ਦੋ ਸੰਵਿਧਾਨਾਂ ਦੇ ਮੁੱਦੇ ਉੱਤੇ ਅਦਾਲਤ ਵਿਚ ਚੱਲ ਰਹੇ ਮੁਕੱਦਮੇ ’ਤੇ ਨਾ ਤਾਂ ਕਾਂਗਰਸ ਦੀ ਸਰਕਾਰ ਵੇਲੇ ਕੋਈ ਫ਼ੈਸਲਾ ਆਇਆ ਅਤੇ ਨਾ ਹੀ ਹੁਣ ਭਾਜਪਾ ਦੇ ਰਾਜ ਵਿਚ ਇਹ ਸੁਲਝਦਾ ਨਜ਼ਰ ਆ ਰਿਹਾ ਹੈ| ਇਹ ਮਸਲਾ ਸਮੁੱਚੇ ਪੰਥ ਦੇ ਵੀ ਵਿਚਾਰਨਯੋਗ ਹੈ|
ਸਿੱਖ ਸਮਾਜ ਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਸਿੱਖ ਧਰਮ ਨੂੰ ਬਚਾਉਣ ਨੂੰ ਪਹਿਲ ਦੇਣੀ ਹੈ ਜਾਂ ਸਿੱਖ ਸਿਆਸੀ ਲੀਡਰਾਂ ਦੀ ਕੁਰਸੀ| ਸਿੱਖਾਂ ਨੂੰ ਯਹੂਦੀ ਇਤਿਹਾਸ ਤੋਂ ਇਹ ਸਬਕ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਦੋ-ਢਾਈ ਹਜ਼ਾਰ ਸਾਲ ਬਗੈਰ ਰਾਜ ਆਪਣੇ ਆਪ ਨੂੰ ਬਚਾਏ ਹੀ ਨਹੀਂ ਰੱਖਿਆ, ਸਗੋਂ ਪ੍ਰਫੁੱਲਤ ਵੀ ਕੀਤਾ| ਜਿਸ ਦੇ ਨਤੀਜੇ ਵਜੋਂ ਅਸੀਂ ਅੱਜ ਦੇਖ ਰਹੇ ਹਾਂ ਕਿ ਯਹੂਦੀ ਸਾਰੇ ਸੰਸਾਰ ਵਿਚ ਛਾਏ ਹੋਏ ਹਨ|
ਅਕਾਲੀ ਦਲ ਦੀ ਅਜੋਕੀ ਲੀਡਰਸ਼ਿਪ ਨੇ ਬਹੁਤ ਕੁਰਬਾਨੀਆਂ ਤੋਂ ਬਾਅਦ ਲਗਭਗ ਸੌ ਸਾਲ ਪੁਰਾਣੀ ਪਾਰਟੀ ਦੇ ਸਿਧਾਂਤਾਂ ਨੂੰ ਤਾਰ-ਤਾਰ ਕਰਕੇ ਇਸ ਦੀ ਹੋਂਦ ਨੂੰ ਬਹੁਤ ਵੱਡੀ ਢਾਹ ਲਗਾਈ ਹੈ, ਜਿਸ ਨੇ ਇਸ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ| ਕੀ ਅਕਾਲੀ ਦਲ ਦੀ ਅਜੋਕੀ ਲੀਡਰਸ਼ਿਪ ਸਿੱਖ ਮਾਨਸਿਕਤਾ ਵਿਰੁੱਧ ਭਾਜਪਾ ਨਾਲ ਕੀਤੇ ਹੋਏ ਬੇਅਸੂਲੇ ਗੱਠਜੋੜ ’ਤੇ ਪੁਨਰ ਵਿਚਾਰ ਕਰੇਗੀ?
ਸੰਪਰਕ: 98140-95308