DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਮਜ਼ੋਰ ਕਾਂਗਰਸ ਅਤੇ ਦੇਸ਼ ਦਾ ਹਿੱਤ

ਇੱਕ ਚੰਗੇ ਅਤੇ ਸੱਚੇ ਲੋਕਤੰਤਰ ਦੀ ਪਛਾਣ ਉਸ ਦੇਸ਼ ਦੇ ਰਾਜਨੀਤਕ ਦਲ ਅਤੇ ਉਨ੍ਹਾਂ ਦੇ ਵਰਕਰ ਹੁੰਦੇ ਹਨ। ਜਿਵੇਂ ਹੀ ਲੋਕਤੰਤਰ ਵਿੱਚ ਕੇਵਲ ਇੱਕ ਪਾਰਟੀ ਦਾ ਦਬਦਬਾ ਰਹਿ ਜਾਂਦਾ ਹੈ ਤਾਂ ਉਹ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ। ਕਾਂਗਰਸ ਪਾਰਟੀ...

  • fb
  • twitter
  • whatsapp
  • whatsapp
Advertisement

ਇੱਕ ਚੰਗੇ ਅਤੇ ਸੱਚੇ ਲੋਕਤੰਤਰ ਦੀ ਪਛਾਣ ਉਸ ਦੇਸ਼ ਦੇ ਰਾਜਨੀਤਕ ਦਲ ਅਤੇ ਉਨ੍ਹਾਂ ਦੇ ਵਰਕਰ ਹੁੰਦੇ ਹਨ। ਜਿਵੇਂ ਹੀ ਲੋਕਤੰਤਰ ਵਿੱਚ ਕੇਵਲ ਇੱਕ ਪਾਰਟੀ ਦਾ ਦਬਦਬਾ ਰਹਿ ਜਾਂਦਾ ਹੈ ਤਾਂ ਉਹ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ। ਕਾਂਗਰਸ ਪਾਰਟੀ ਦਾ ਗ੍ਰਾਫ ਜਿਵੇਂ ਜਿਵੇਂ ਥੱਲੇ ਜਾ ਰਿਹਾ ਹੈ ਤਾਂ ਬੁੱਧੀਜੀਵੀਆਂ ਦਾ ਚਿੰਤਤ ਹੋਣਾ ਲਾਜ਼ਮੀ ਹੈ। ਕਦੇ ਇੱਕ ਸਮਾਂ ਸੀ ਜਦੋਂ ਭਾਰਤ ਦੇ ਪਿੰਡਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਸੀ। ਕਾਂਗਰਸ ਆਪ ਹੀ ਪਛਾਣ ਸੀ। ਦਿੱਲੀ ਦੀ ਅਕਬਰ ਰੋਡ ਤੋਂ ਲੈ ਕੇ ਸਭ ਤੋਂ ਦੂਰ ਦੁਰਾਡੇ ਸਥਿਤ ਪਿੰਡ ਜਿੱਥੇ ਕਦੇ ਆਵਾਜਾਈ ਦਾ ਸਾਧਨ ਵੀ ਨਹੀਂ ਸੀ ਪਹੁੰਚਿਆ, ਉੱਥੇ ਕਾਂਗਰਸ ਪਾਰਟੀ ਦੀ ਬੈਲਗੱਡੀ ਅਤੇ ਗਾਂ-ਵੱਛੜਾ ਜ਼ਰੂਰ ਪਹੁੰਚ ਗਿਆ ਸੀ।

ਦੂਜੇ ਬੰਨੇ ਜਿੱਥੇ ਹਰੇ ਭਰੇ ਸੁਹਾਵਣੇ ਵਾਤਾਵਰਨ ਵਿੱਚ ਭਾਰਤੀ ਜਨਤਾ ਪਾਰਟੀ ਦਾ ਫੁੱਲ ਨਹੀਂ ਸੀ ਪਹੁੰਚਿਆ, ਉੱਥੇ ਹੁਣ ਮਾਨਸਾ ਵਰਗੇ ਰੇਤਲੇ ਇਲਾਕੇ ਵਿੱਚ ਉਹ ਫੁੱਲ ਟਹਿਕ ਰਿਹਾ ਹੈ। ਕਿਹਾ ਜਾਂਦਾ ਸੀ ਕਿ ਦੂਰ ਦੇ ਪਿੰਡਾਂ ਵਿੱਚ ਕਾਂਗਰਸ ਦੀ ਬੈਲ ਗੱਡੀ ਦੇ ਬਲਦ ਉਹ ਵਰਕਰ ਸਨ ਜੋ ਸੰਗਠਾਨਾਤਮਕ ਤੌਰ ’ਤੇ ਮਜ਼ਬੂਤ ਸਨ। ਇਹ ਵਰਕਰ ਸਿਰਫ਼ ਦਰਸ਼ਕ ਨਹੀਂ ਸਨ, ਇਹ ਰਾਜਨੀਤੀ ਦੇ ਸਿਪਾਹੀ, ਸੁਨੇਹੇ ਲੈ ਜਾਣ ਵਾਲੇ, ਪ੍ਰਬੰਧਕ ਅਤੇ ਕਈ ਵਾਰ ਪਾਰਟੀ ਦੀ ਆਤਮਾ ਹੁੰਦੇ ਸਨ, ਪਰ ਅੱਜ ਉਹੀ ਵੱਡਾ ਨੈੱਟਵਰਕ ਘਟਦਾ-ਘਟਦਾ ਇਸ ਹਾਲਤ ਵਿੱਚ ਪਹੁੰਚ ਗਿਆ ਹੈ ਕਿ ਕਾਂਗਰਸੀ ਵਰਕਰ ਇੱਕ ‘ਦੁਰਲੱਭ ਪ੍ਰਜਾਤੀ’ ਬਣ ਗਿਆ ਹੈ। ਇਸ ਵਰਕਰ ਦਾ ਜ਼ਿਕਰ ਤਾਂ ਹੁੰਦਾ ਹੈ, ਪਰ ਅਸਲ ਵਿੱਚ ਇਹ ਵੇਖਣ ਨੂੰ ਨਹੀਂ ਮਿਲਦਾ।

Advertisement

ਕਾਂਗਰਸ ਸਿਰਫ਼ ਇਸ ਲਈ ਲੋਕਾਂ ਦੀ ਪਾਰਟੀ ਨਹੀਂ ਸੀ ਕਿ ਉਹ ਲੋਕਾਂ ਦੀ ਗੱਲ ਕਰਦੀ ਸੀ। ਉਹ ਇਸ ਲਈ ਲੋਕਾਂ ਦੀ ਪਾਰਟੀ ਸੀ ਕਿ ਉਹ ਲੋਕਾਂ ਵਿੱਚ ਰਹਿੰਦੀ ਸੀ। ਕਸ਼ਮੀਰ ਵਿੱਚ ਬੈਠਾ ਕਾਂਗਰਸੀ ਵਰਕਰ ਆਪਣੇ ਆਪ ਨੂੰ ਕੇਰਲਾ ਕਾਂਗਰਸ ਦਾ ਵੀ ਹਿੱਸਾ ਮੰਂਨਦਾ ਸੀ। ਉਸ ਦਾ ਸੰਗਠਨ ਪਿੰਡ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਸੀ। ਹਰ ਪੱਧਰ ’ਤੇ ਵਰਕਰ ਮੌਜੂਦ ਸਨ ਜੋ ਸਥਾਨਕ ਮਸਲੇ, ਜਾਤੀ ਸਮੀਕਰਨ, ਜ਼ਮੀਨੀ ਝਗੜੇ ਅਤੇ ਲੋਕਾਂ ਦੀ ਮਨੋਸਥਿਤੀ ਨੂੰ ਸਮਝਦੇ ਸਨ।

Advertisement

ਉਸ ਸਮੇਂ ਕਾਂਗਰਸ ਦਾ ਅਸਲ ਬਲ ਉਸ ਦੇ ਵੱਡੇ ਨੇਤਾ ਨਹੀਂ, ਸਗੋਂ ਆਮ ਵਰਕਰ ਹੁੰਦੇ ਸਨ। ਯੂਥ ਕਾਂਗਰਸ, ਸੇਵਾ ਦਲ, ਰਾਸ਼ਟਰੀ ਵਿਦਿਆਰਥੀ ਸੰਗਠਨ ਇਹ ਸਿਰਫ਼ ਨਾਂ ਹੀ ਨਹੀਂ ਸਨ, ਸਗੋਂ ਲੀਡਰਸ਼ਿਪ ਦੇ ਸਕੂਲ ਸਨ। ਯੂਥ ਕਾਂਗਰਸ ਵਿੱਚ ਸ਼ਾਮਿਲ ਹੋਣਾ ਮਾਣ ਦੀ ਗੱਲ ਹੁੰਦੀ ਸੀ। ਸੇਵਾ ਦਲ ਸੰਗਠਨ ਅਨੁਸ਼ਾਸਨ ਦਾ ਪ੍ਰਤੀਕ ਸੀ। ਰਾਸ਼ਟਰੀ ਵਿਦਿਆਰਥੀ ਸੰਗਠਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪ੍ਰਭਾਵਸ਼ਾਲੀ ਸੀ, ਪਰ ਰਾਜੀਵ ਗਾਂਧੀ ਤੋਂ ਬਾਅਦ ਪਾਰਟੀ ਵਿੱਚ ਵੱਡਾ ਬਦਲਾਅ ਆਇਆ। ਰਾਜਨੀਤੀ ‘ਲੀਡਰ-ਕੇਂਦਰਿਤ’ ਹੋ ਗਈ, ਜ਼ਮੀਨੀ ਕੰਮ ਦੀ ਮਹੱਤਤਾ ਘਟ ਗਈ ਅਤੇ ਵਰਕਰ ਦੀ ਜਗ੍ਹਾ ਪਾਰਟੀ ਫੰਡਾਂ ਨੇ ਲੈ ਲਈ ਜਿਸ ਦਾ ਨਤੀਜਾ ਇਹ ਹੋਇਆ ਕਿ ਵਰਕਰ ਪਾਸੇ ਕਰ ਦਿੱਤਾ ਗਿਆ।

ਜਿੱਥੇ ਕਾਂਗਰਸ ਆਪਣੀ ਵਿਰਾਸਤ ’ਤੇ ਟਿਕੀ ਰਹੀ, ਉੱਥੇ ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਨੇ ਸੰਗਠਨ ’ਤੇ ਕੰਮ ਕੀਤਾ। ਉਸ ਨੇ ਭਾਰਤੀ ਸੰਸਕ੍ਰਿਤੀ ਦੀ ਗੱਲ ਕੀਤੀ, ਧਰਮ ਦੀ ਗੱਲ ਕੀਤੀ। ਆਰਐੱਸਐੱਸ ਦੀਆਂ ਰੋਜ਼ਾਨਾ ਸ਼ਾਖਾਵਾਂ, ਯੋਗ ਅਤੇ ਧਿਆਨ ਨਾਲ ਲੋਕਾਂ ਦਾ ਧਿਆਨ ਭਾਰਤੀ ਜਨਤਾ ਪਾਰਟੀ ਵੱਲ ਗਿਆ। ਸ਼ਾਖਾਵਾਂ ਵਿੱਚ ਸੰਸਕਾਰਾਂ ਅਤੇ ਨੈਤਿਕਤਾ ਦੀ ਸਿਖਲਾਈ ਦੇ ਨਾਲ ਬੂਥ ਪੱਧਰ ਦੇ ਪ੍ਰਬੰਧਕੀ ਢਾਂਚੇ ਦੀ ਗੱਲ ਵੀ ਹੋਣ ਲੱਗੀ। ਆਰਐੱਸਐੱਸ ਮਜ਼ਬੂਤ ਹੋਈ, ਸੇਵਾ ਦਲ ਕਮਜ਼ੋਰ ਹੋਇਆ। ਭਾਰਤੀ ਜਨਤਾ ਪਾਰਟੀ ਦੀ ਪਹੁੰਚ ਆਸਾਨ ਹੋ ਗਈ ਜਦਕਿ ਕਾਂਗਰਸ ਦਾ ਨੈੱਟਵਰਕ ਕਮਜ਼ੋਰ ਹੋ ਗਿਆ।

ਜਦੋਂ ਵਰਕਰ ਨੂੰ ਮਹੱਤਤਾ ਨਹੀਂ ਮਿਲਦੀ ਤਾਂ ਉਸ ਦੀ ਪ੍ਰੇਰਣਾ ਖ਼ਤਮ ਹੋ ਜਾਂਦੀ ਹੈ। ਟਿਕਟ ਉੱਪਰੋਂ ਵੰਡੇ ਜਾਂਦੇ ਹਨ, ਜਿਸ ਲਈ ਹੇਠਲੇ ਪੱਧਰ ਤੋਂ ਸਲਾਹ ਵੀ ਨਹੀਂ ਲਈ ਜਾਂਦੀ। ਹਾਰ ਦਾ ਦੋਸ਼ ਵਰਕਰਾਂ ਵੱਲੋਂ ਮਿਹਨਤ ਨਾ ਕਰਨ ’ਤੇ ਮੜ੍ਹ ਦਿੱਤਾ ਜਾਂਦਾ ਹੈ। ਇਸ ਨਾਲ ਪਾਰਟੀ ਦਾ ਸੰਗਠਨਾਤਮਕ ਢਾਂਚਾ ਕੇਵਲ ਨੇਤਾਵਾਂ ਨਾਲ ਭਰਿਆ ਹੋਇਆ ਹੈ, ਇਸ ਵਿੱਚ ਵਰਕਰ ਕਿਤੇ ਦਿਖਾਈ ਨਹੀ ਦਿੰਦੇ। ਮੇਰੇ ਆਪਣੇ ਆਸਪਾਸ ਅਜਿਹੇ ਹਜ਼ਾਰਾਂ ਲੋਕ ਹਨ ਜੋ ਵਰਕਰ ਹਨ, ਪਰ ਜਦੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾਂਦੀ ਤਾਂ ਉਹ ਫਿਰ ਵਰਕਰ ਤਾਂ ਰਹਿੰਦੇ ਹਨ, ਪਰ ਕਿਸੇ ਹੋਰ ਪਾਰਟੀ ਨਾਲ।

ਹੁਣ ਸਵਾਲ ਉੱਠਦਾ ਹੈ ਕਿ ਕੀ ਕਾਂਗਰਸ ਮੁੜ ਉੱਠ ਸਕਦੀ ਹੈ? ਕੀ ਇਸ ਦੇ ਮੁੜ ਉੱਠਣ ਦਾ ਸਮਾਜ ਨੂੰ ਤੇ ਦੇਸ਼ ਨੂੰ ਕੋਈ ਲਾਭ ਹੈ। ਇਸ ਦਾ ਉੱਤਰ ਬਿਨਾਂ ਕਿੰਤੂ-ਪ੍ਰੰਤੂ ਹਾਂ ਵਿੱਚ ਹੋਵੇਗਾ। ਲੋਕਤੰਤਰ ਹਮੇਸ਼ਾਂ ਬਹੁਪਾਰਟੀ ਸਿਸਟਮ ਜਾਂ ਦੋ ਤਾਕਤਵਾਰ ਪਾਰਟੀਆਂ ਨਾਲ ਹੀ ਕਾਇਮ ਰਹਿ ਸਕਦਾ ਹੈ। ਵਿਰੋਧੀ ਦਲ ਤੋਂ ਬਿਨਾਂ ਇੱਕ ਪਾਰਟੀ ਦਾ ਕੰਮ ਹਮੇਸ਼ਾਂ ਇਕਤਰਫ਼ਾ ਲੱਗਦਾ ਹੈ ਜਿਸ ਕਾਰਨ ਉਹ ਹਮੇਸ਼ਾਂ ਥੋਪਿਆ ਗਿਆ ਕੰਮ ਲੱਗਦਾ ਹੈ।

ਅੱਜ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨਾ ਪਵੇਗਾ। ਅੰਦਰੂਨੀ ਚੋਣਾਂ ਕਰਵਾਉਣਾ ਅਤੇ ਵਰਕਰਾਂ ਨੂੰ ਸਨਮਾਨ ਦੇਣਾ ਪਵੇਗਾ, ਸਨਮਾਨ ਤੋਂ ਭਾਵ ਮੋਮੈਂਟੋਂ ਜਾਂ ਟਰਾਫੀ ਨਹੀਂ ਬਲਕਿ ਬਰਾਬਰ ਦੀ ਭਾਗੀਦਾਰੀ ਹੈ। ਇਸ ਲਈ ਸਿਰਫ਼ ਸੋਸ਼ਲ ਮੀਡੀਆ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਕੋਈ ਵੀ ਵਰਕਰਾਂ ਦੀ ਫੌਜ ਦੀ ਜਗ੍ਹਾ ਨਹੀਂ ਲੈ ਸਕਦਾ।

ਕਾਂਗਰਸ ਪਹਿਲਾਂ ਵਰਕਰ ਪੈਦਾ ਕਰਦੀ ਸੀ ਜੋ ਬਾਅਦ ਵਿੱਚ ਨੇਤਾ ਬਣਦੇ ਸਨ। ਅੱਜ ਨੇਤਾ ਬਣਾਏ ਜਾਂਦੇ ਹਨ ਅਤੇ ਫਿਰ ਵਰਕਰ ਲੱਭੇ ਜਾਂਦੇ ਹਨ। ਜੇ ਇਹ ਸਮੀਕਰਨ ਨਹੀਂ ਬਦਲਿਆ ਤਾਂ ਕਾਂਗਰਸ ਇੱਕ ‘ਇਤਿਹਾਸ’ ਬਣ ਕੇ ਰਹਿ ਜਾਵੇਗੀ। ਜਦੋਂ ਪਾਰਟੀ ਆਪਣੀਆਂ ਜੜਾਂ ਭੁੱਲ ਜਾਵੇ ਤਾਂ ਇਤਿਹਾਸ ਵੀ ਉਸ ਨੂੰ ਬਚਾ ਨਹੀਂ ਸਕਦਾ।

ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਕਾਂਗਰਸ ਪਾਰਟੀ ਇੱਕ ਅਜਿਹਾ ਨਾਮ ਹੈ ਜੋ ਸਿਰਫ਼ ਇੱਕ ਰਾਜਨੀਤਕ ਸੰਗਠਨ ਨਹੀਂ, ਸਗੋਂ ਇੱਕ ਅੰਦੋਲਨ, ਇੱਕ ਵਿਚਾਰਧਾਰਾ ਅਤੇ ਇੱਕ ਸਮਾਜਿਕ ਕ੍ਰਾਂਤੀ ਦਾ ਪ੍ਰਤੀਕ ਰਹੀ ਹੈ, ਪਰ ਅੱਜ ਇੱਕ ਵੱਡਾ ਪ੍ਰਸ਼ਨ ਖੜ੍ਹਾ ਹੁੰਦਾ ਹੈ-ਕੀ ਕਾਂਗਰਸ ਆਪਣੀ ਆਤਮਾ ਤੋਂ ਖਾਲੀ ਹੋ ਰਹੀ ਹੈ? ਕੀ ਉਹ ਜੜਾਂ ਜਿਨ੍ਹਾਂ ਨੇ ਇਸ ਪਾਰਟੀ ਨੂੰ ਮਜ਼ਬੂਤ ਬਣਾਇਆ ਸੀ, ਹੁਣ ਸੁੱਕ ਰਹੀਆਂ ਹਨ? ਇਹ ਇੱਕ ਅਜਿਹੀ ਹਕੀਕਤ ਹੈ ਜਿਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਹੁੰਦੀ ਉਹ ਹੈ, ‘ਕਾਂਗਰਸੀ ਵਰਕਰਾਂ ਦੀ ਘਟਦੀ ਹੋਈ ਮੌਜੂਦਗੀ।’ ਕਦੇ ਇੱਕ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਨੂੰ ਪਿੰਡਾਂ ਵਿੱਚ ਪਛਾਣ ਦੀ ਲੋੜ ਨਹੀਂ ਸੀ। ਵਰਕਰ ਹੀ ਪਛਾਣ ਸਨ। ਪਿੰਡਾਂ ਦੇ ਚੌਪਾਲ ਤੋਂ ਲੈ ਕੇ ਸ਼ਹਿਰਾਂ ਦੇ ਮੁਹੱਲਿਆਂ ਤੱਕ, ਹਰ ਜਗ੍ਹਾ ਕਾਂਗਰਸ ਦਾ ਇੱਕ ਮਜ਼ਬੂਤ ਨੈੱਟਵਰਕ ਮੌਜੂਦ ਹੁੰਦਾ ਸੀ।

ਇਹ ਵਰਕਰ ਸਿਰਫ਼ ਪੋਸਟਰ ਲਗਾਉਣ ਜਾਂ ਰੈਲੀ ਵਿੱਚ ਭੀੜ ਇਕੱਠੀ ਕਰਨ ਵਾਲੇ ਨਹੀਂ ਹੁੰਦੇ ਸਨ। ਉਹ ਲੋਕਾਂ ਦੇ ਦੁੱਖ-ਸੁੱਖ ਦੇ ਸਾਥੀ ਹੁੰਦੇ ਸਨ। ਉਹ ਸਥਾਨਕ ਮਸਲਿਆਂ ਨੂੰ ਸਮਝਦੇ ਸਨ, ਲੋਕਾਂ ਦੀ ਆਵਾਜ਼ ਨੂੰ ਪਾਰਟੀ ਤੱਕ ਲੈ ਕੇ ਜਾਂਦੇ ਸਨ ਅਤੇ ਪਾਰਟੀ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਂਦੇ ਸਨ। ਕਾਂਗਰਸ ਦੀ ਅਸਲੀ ਤਾਕਤ ਨਾ ਸਿਰਫ਼ ਉਸ ਦੇ ਵੱਡੇ ਨੇਤਾ ਸਨ, ਸਗੋਂ ਉਹ ਲੱਖਾਂ ਵਰਕਰ ਵੀ ਸਨ ਜੋ ਪਾਰਟੀ ਦੀ ਰੀੜ੍ਹ ਦੀ ਹੱਡੀ ਸਨ। ਗੱਲ ਅੱਜ ਵੀ ਵਰਕਰ ਦੀ ਹੁੰਦੀ ਹੈ, ਪਰ ਸਟੇਜ ਨੇਤਾਵਾਂ ਨਾਲ ਭਰੀ ਹੁੰਦੀ ਹੈ।

ਸੰਪਰਕ: 98151-39576

Advertisement
×