75 ਸਾਲਾਂ ਬਾਅਦ ਹੀਰੋਸ਼ੀਮਾ ਵਿਚ ਜੀਊਂਦੇ ਅਸੀਂ

75 ਸਾਲਾਂ ਬਾਅਦ ਹੀਰੋਸ਼ੀਮਾ ਵਿਚ ਜੀਊਂਦੇ ਅਸੀਂ

ਐੱਸ ਪੀ ਸਿੰਘ*

ਉਹ ਅਮਰੀਕਾ ਦਾ ਉਪ-ਰਾਸ਼ਟਰਪਤੀ ਬਣ ਗਿਆ ਸੀ ਪਰ ਨਾ ਤਿੰਨਾਂ ਵਿੱਚੋਂ ਸੀ, ਨਾ ਤੇਰ੍ਹਾਂ ਵਿੱਚੋਂ। ਰਾਸ਼ਟਰਪਤੀ ਉਹਦਾ ਦਿੱਗਜ - ਅਮਰੀਕਾ ਨੂੰ ਵੱਡੀ ਮੰਦੀ (Great Depression) ਵਿੱਚੋਂ ਕੱਢ ਲਿਆਉਣ ਵਾਲਾ, ਹਿਟਲਰ ਨੂੰ ਹਰਾਉਣ ਵਾਲਾ, ਨੌਰਮੈਂਡੀ-ਬੀਚ ਵਾਲੇ ਡੀ-ਡੇਅ ਦਾ ਜੇਤੂ ਪਰ ਚੁਣੇ ਜਾਣ ਤੋਂ ਬਾਅਦ ਹੈਨਰੀ ਟਰੂਮੈਨ ਦੀ ਫਰੈਂਕਲਿਨ ਰੂਜ਼ਵੈਲਟ ਨਾਲ ਸਿਰਫ਼ ਦੋ ਵਾਰੀ ਮੁਲਾਕਾਤ ਹੋਈ, ਉਹ ਵੀ ਸਰਸਰੀ ਜਿਹੀ।

ਦੂਜੀ ਆਲਮੀ ਜੰਗ ਬਾਰੇ ਫ਼ੈਸਲਾਸਾਜ਼ੀ ’ਚੋਂ ਟਰੂਮੈਨ ਮੂਲੋਂ ਬਾਹਰ ਸੀ ਜਦੋਂ ਰੂਜ਼ਵੈਲਟ ਅਚਾਨਕ ਕੁਰਸੀ ’ਤੇ ਬੈਠਾ-ਬੈਠਾ ਚੱਲ ਵੱਸਿਆ। ਟਰੂਮੈਨ ਨੂੰ ਏਨੀ ਹਫੜਾ-ਦਫੜੀ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਕਿ ਉਹਦੇ ਵਿੱਚ ਵੀ ਗੜਬੜ ਹੋ ਗਈ, ਦੂਜੀ ਵਾਰੀ ਫਿਰ ਚੁਕਾਉਣੀ ਪਈ। ਰੱਖਿਆ ਮੰਤਰੀ ਨੇ ਉਹਦੇ ਕੰਨ ਵਿੱਚ ਮੁਲਕ ਦਾ ਇੱਕ ਵੱਡਾ ਰਾਜ਼ ਦੱਸਿਆ। ਟਰੂਮੈਨ ਨੂੰ ਸ਼ਾਇਦ ਇਹਦੀ ਮਹੱਤਤਾ ਦਾ ਅੰਦਾਜ਼ਾ ਨਹੀਂ ਸੀ। ਦੋ ਹਫ਼ਤੇ ਬੀਤ ਗਏ। ਮੈਨਹਟਨ ਪ੍ਰਾਜੈਕਟ ਦੇ ਮੁਖੀ ਅਮਰੀਕੀ ਜਰਨੈਲ ਲੈਸਲੀ ਗਰੋਵਜ਼ ਨੇ 24 ਸਫ਼ਿਆਂ ਦਾ ਦਸਤਾਵੇਜ਼ ਦਿੱਤਾ ਤਾਂ ਰਾਸ਼ਟਰਪਤੀ ਟਰੂਮੈਨ ਆਖੇ: ਮੈਥੋਂ ਐਨਾ ਨਹੀਂ ਪੜ੍ਹਿਆ ਜਾਂਦਾ। ਜਰਨੈਲ ਅੜ ਗਿਆ। ਕਹਿੰਦਾ, ਸੁਣੋ ਫਿਰ। 45 ਮਿੰਟ ਤੱਕ ਜਰਨੈਲ ਬੋਲਿਆ- ਐਟਮ ਬੰਬ ਕਿੱਥੇ ਬਣ ਰਿਹਾ ਹੈ, ਕੀ ਕਰ ਸਕਦਾ ਹੈ, ਕਿੰਨੀ ਦੇਰ ਵਿੱਚ ਤਿਆਰ ਹੋਵੇਗਾ, ਕਿੱਥੇ ਸੁੱਟਿਆ ਜਾ ਸਕਦਾ ਹੈ।

ਇਸ ਹਫ਼ਤੇ ਜਾਪਾਨ ਦੇ ਘੁੱਗ ਵੱਸਦੇ-ਰਸਦੇ ਸ਼ਹਿਰ ਹੀਰੋਸ਼ੀਮਾ ਉੱਤੇ ਸੁੱਟੇ ਐਟਮ ਬੰਬ ਦੇ 75 ਸਾਲ ਪੂਰੇ ਹੋ ਜਾਣਗੇ। ਜਿਸ ਦਿਨ ਰੂਜ਼ਵੈਲਟ ਗੁਜ਼ਰਿਆ ਅਤੇ ਟਰੂਮੈਨ ਰਾਸ਼ਟਰਪਤੀ ਬਣਿਆ, ਉਸ ਤੋਂ 116 ਦਿਨਾਂ ਬਾਅਦ ਹੀਰੋਸ਼ੀਮਾ ਉੱਤੇ ਐਟਮ ਬੰਬ ਸੁੱਟਿਆ ਗਿਆ। ਅਮਰੀਕਾ ਦੇ ਸਰਕਰਦਾ ਪੱਤਰਕਾਰ, ਕ੍ਰਿਸ ਵਾਲੇਸ ਦੀ ਨਵੀਂ ਆਈ ਕਿਤਾਬ ‘ਕਾਊਂਟਡਾਊਨ 1945’ (Countdown 1945: The Extraordinary Story of the Atomic Bomb and the 116 Days That Changed the World) ਨੇ ਇੱਕ ਵਾਰੀ ਫਿਰ ਇਹ ਬਹਿਸ ਛੇੜੀ ਹੈ ਕਿ ਕੀ ਆਲਮੀ ਜੰਗ ਵਿੱਚ, ਖ਼ਾਸ ਤੌਰ ਉੱਤੇ 6 ਜੂਨ 1944 ਵਾਲੀ ਯੂਰਪੀ ਖ਼ਿੱਤੇ ਵਿੱਚ ਡੀ-ਡੇਅ ਦੀ ਜਿੱਤ ਤੋਂ ਬਾਅਦ, ਹੀਰੋਸ਼ੀਮਾ ਉੱਤੇ ਐਟਮ ਬੰਬ ਸੁੱਟਣ ਦੀ ਕੋਈ ਜ਼ਰੂਰਤ ਰਹਿ ਗਈ ਸੀ?

ਹੀਰੋਸ਼ੀਮਾ-ਨਾਗਾਸਾਕੀ ਸਾਕਿਆਂ ਬਾਰੇ ਲਿਖਤਾਂ ਦੀ ਫਹਿਰਿਸਤ ਵਿੱਚ ਇਸ ਤਾਜ਼ਾ ਸ਼ੁਮਾਰ ਕਿਤਾਬ ਨੂੰ ਪੜ੍ਹਦਿਆਂ ਸੋਚ ਰਿਹਾ ਸਾਂ ਕਿ ਅੱਜ ਡੋਨਲਡ ਟਰੰਪ ਨੂੰ ਰੋਂਦੇ ਹਾਂ ਕਿ ਕੋਈ ਅਸਹਿਮਤੀ ਵਾਲਾ ਵਿਚਾਰ ਨਹੀਂ ਸੁਣਦਾ, ਗੁੰਝਲਦਾਰ ਸਵਾਲਾਂ ਉੱਤੇ ਢੇਰ ਸਾਰਾ ਸਮਾਂ ਲਗਾ ਕੇ ਵੱਖ-ਵੱਖ ਵਿਚਾਰ ਸੁਣ ਫ਼ੈਸਲਾਸਾਜ਼ੀ ਨਹੀਂ ਕਰਦਾ, ਪਰ ਹੈਰੀ ਟਰੂਮੈਨ ਨੇ ਤਾਂ ਬੜਾ ਕੁਝ ਸੁਣਿਆ-ਵਿਚਾਰਿਆ ਸੀ। ਟਰੰਪ ਨੂੰ ਤਾਂ ਐਂਥਨੀ ਫੌਚੀ ਦਾ ਵਾਇਰਸ ਵਿਗਿਆਨ ਸਮਝ ਨਹੀਂ ਆਉਂਦਾ, ਟਰੂਮੈਨ ਤਾਂ ਅਲਬਰਟ ਆਇੰਸਟਾਈਨ, ਰੌਬਰਟ ਔਪਨਹਾਈਮਰ ਅਤੇ ਐਨਰੀਕੋ ਫਰਮੀ ਨੂੰ ਸੁਣ ਰਿਹਾ ਸੀ। ਜੁਲਾਈ 1945 ਤੱਕ ਅਮਰੀਕਾ ਨੂੰ ਸਪੱਸ਼ਟ ਸੀ ਕਿ ਜਾਪਾਨ ਹਥਿਆਰ ਸੁੱਟਣ ਲਈ ਤਿਆਰ ਹੈ ਤੇ ਸਿਰਫ਼ ਸਮਰਾਟ ਹੀਰੋਹੀਤੋ (Emperor Hirohito) ਦੀ ਸਲਾਮਤੀ ਅਤੇ ਅਜ਼ਮਤ ਦੀ ਗਾਰੰਟੀ ਮੰਗ ਰਿਹਾ ਸੀ।

ਛੇ ਅਗਸਤ 1945 ਨੂੰ ਹੀਰੋਸ਼ੀਮਾ ’ਤੇ ਐਟਮ ਬੰਬ ਡਿੱਗਿਆ। ਕੋਈ 80,000 ਥਾਏਂ ਮਰੇ; ਸਾਲ ਖ਼ਤਮ ਹੁੰਦਿਆਂ-ਹੁੰਦਿਆਂ 60,000 ਹੋਰ ਦਮ ਤੋੜ ਗਏ। ਤਿੰਨ ਦਿਨਾਂ ਬਾਅਦ ਨਾਗਾਸਾਕੀ ਉੱਤੇ ਸੁੱਟੇ ਬੰਬ ਨੇ 40,000 ਹੋਰ ਜਾਨਾਂ ਲਈਆਂ। 1949 ਤੱਕ ਸੋਵੀਅਤ ਐਟਮੀ ਬੰਬ ਤਿਆਰ ਸੀ। ਦੋ ਬੰਬਾਂ ਨੇ ਜਿਸ ਸ਼ੀਤ-ਯੁੱਧ ਦੀ ਸ਼ੁਰੂਆਤ ਕੀਤੀ, ਉਸ ਵਿੱਚ ਕਿੰਨੀਆਂ ਮਨੁੱਖੀ ਜਾਨਾਂ, ਸੰਵੇਦਨਾਵਾਂ ਅਤੇ ਪਛਾਣਾਂ ਦੀ ਹਲਾਕਤ ਹੋਈ, ਇਹ ਗਿਣਤੀ-ਮਿਣਤੀ ਅੱਜ ਵੀ ਜਾਰੀ ਹੈ।

ਕ੍ਰਿਸ ਵਾਲੇਸ ਦੀ ਕਿਤਾਬ ਨੇ ਐਟਮੀ ਬੰਬ ਨਾਲ ਜੁੜੇ ਬਹੁਤ ਸਾਰੇ ਨਾਵਾਂ ਪਿੱਛੇ ਦੇ ਇਨਸਾਨਾਂ ਦੇ ਧੁਰ-ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਨੁੱਖ ਅਤੇ ਮਨੁੱਖਤਾ-ਮਾਰੂ ਹਥਿਆਰ ਨਾਲ ਜੁੜੀਆਂ ਮਹਿਲਾ ਵਿਗਿਆਨੀਆਂ ਅਤੇ ਬੰਬ ਸੁੱਟਣ ਵਾਲੇ ਜਹਾਜ਼ ਦੇ ਪਾਇਲਟ ਦੇ ਮਨ ਫਰੋਲਣ ਦਾ ਵੀ ਤਰੱਦਦ ਕੀਤਾ ਹੈ।

ਐਟਮੀ ਪ੍ਰਾਜੈਕਟ ਵਿੱਚ ਸਰਕਰਦਾ ਭੂਮਿਕਾ ਨਿਭਾਉਣ ਵਾਲੇ ਅਮਰੀਕੀ ਭੌਤਿਕ ਵਿਗਿਆਨੀ ਰੌਬਰਟ ਸਰਬਰ ਨੇ ਬੰਬਾਂ ਦੇ ਨਾਮ ਆਪਣੇ ਚਹੇਤੇ ਨਾਵਲਾਂ ਦੇ ਕਿਰਦਾਰਾਂ ਉੱਤੇ ਰੱਖੇ ਸਨ। ਪਲੂਟੋਨੀਅਮ ਵਾਲੇ ਬੰਬ, ਜਿਹੜਾ ਫਿਰ ਵਿਚਾਲੇ ਛੱਡ ਦਿੱਤਾ ਗਿਆ, ਦਾ ਨਾਮ ਡੈਸ਼ਲ ਹੈਮੈੱਟ ਦੇ ਨਾਵਲ ‘ਦਿ ਥਿਨ ਮੈਨ’ ਉੱਤੇ ਸੀ। ਹੀਰੋਸ਼ੀਮਾ ਵਾਲੇ ਬੰਬ ‘ਲਿਟਲ ਬੌਇ’ ਦਾ ਨਾਮ ਵੀ ਇਸੇ ਵਿੱਚੋਂ ਨਿਕਲਿਆ ਸੀ। ਨਾਗਾਸਾਕੀ ਉੱਤੇ ਸੁੱਟੇ ਬੰਬ ‘ਫੈਟ ਮੈਨ’ ਦਾ ਨਾਮ ਹੈਮੈੱਟ ਦੇ ਨਾਵਲ ‘ਦਿ ਮਾਲਟੀਜ਼ ਫਾਲਕਨ’ ਦੇ ਕਿਰਦਾਰ ਕੈਸਪਰ ਗਟਮੈਨ ਦੀ ਛੇੜ ਤੋਂ ਲਿਆ ਗਿਆ ਸੀ। ਨਾਵਲ ਦਾ ਕਿਰਦਾਰ ਸੈਮ ਸਪੇਡ ਹਮੇਸ਼ਾ ਗਟਮੈਨ ਨੂੰ ਫੈਟ ਮੈਨ ਕਹਿ ਕੇ ਸੰਬੋਧਿਤ ਹੁੰਦਾ ਹੈ। ਸਾਹਿਤ ਪ੍ਰੇਮੀ ਗੌਰ ਕਰਨ।

ਮਾਂ ਦੀ ਮਮਤਾ ਦੇ ਸੋਹਲੇ ਗਾਉਣ ਵਾਲਿਆਂ ਦਾ ਦਿਲ ਨਾ ਦੁਖੇ ਪਰ ਇਹ ਸੱਚ ਹੈ ਕਿ ਹੀਰੋਸ਼ੀਮਾ ਉੱਤੇ ਲਿਟਲ ਬੌਇ ਬੰਬ ਸੁੱਟਣ ਵਾਲੇ ਪਾਇਲਟ ਕਰਨਲ ਪੌਲ ਟਿਬੈੱਟਸ ਨੇ ਜਹਾਜ਼ ਦਾ ਨਾਮ ਆਪਣੀ ਮਾਂ ਦੇ ਨਾਮ ’ਤੇ ਇਨੋਲਾ ਗੇ ਰੱਖਿਆ ਸੀ। ਤਬਾਹੀ ਵੇਖ ਵਿਗਿਆਨੀ ਔਪਨਹਾਈਮਰ ਨੇ ਕਿਹਾ ਕਿ ਜਦੋਂ ਬੰਬ ਡਿੱਗਿਆ ਤਾਂ ਉਸ ਨੂੰ ਪਵਿੱਤਰ ਭਗਵਤ ਗੀਤਾ ਦਾ ਸਲੋਕ ਯਾਦ ਆਇਆ - ਜੇ ਹਜ਼ਾਰ ਸੂਰਜ ਇੱਕੋ ਵੇਲੇ ਅਸਮਾਨ ਵਿੱਚ ਚੜ੍ਹਨ ਤਾਂ ਚਾਨਣ ਉਸ ਸਰਬ-ਸ਼ਕਤੀਮਾਨ ਜਿਹਾ ਹੋਵੇਗਾ।

ਨਿੱਕੇ ਹੁੰਦਿਆਂ ਤੋਂ ਇੱਕ ਮੋਟੀ ਸਮਝ ਇਹ ਬਣਦੀ ਆਈ ਕਿ ਸਾਹਿਤ, ਕਲਾ, ਸੁਹਜ, ਸਮਾਜ ਵਿਗਿਆਨ ਇੱਕ ਬਿਹਤਰ ਮਨੁੱਖ ਦੀ ਸਿਰਜਣਾ ਵਿੱਚ ਸਹਾਈ ਹੁੰਦੇ ਹਨ। ਇਨ੍ਹਾਂ ਉਦਾਰ ਕਲਾਵਾਂ (ਲਿਬਰਲ ਆਰਟਸ) ਤੋਂ ਵਾਂਝਾ ਰਹਿ ਗਿਆ ਜ਼ਹਿਨ ਸਵੈ-ਕੇਂਦਰਿਤ, ਤਾਕਤ ਦੇ ਭੁੱਖੇ ਵਿਅਕਤੀ ਦੀ ਸਿਰਜਣਾ ਕਰਦਾ ਹੈ। ਹੁਣ ਇਸ ਸਮਝ ’ਤੇ ਸ਼ੱਕ ਹੋ ਰਿਹਾ ਹੈ। ਅੱਜ ਜਿਸ ਵੇਲੇ ਦੁਨੀਆਂ ਉਸ ਤਬਾਹੀ ਦੇ 75 ਸਾਲ ਦੇ ਮੌਕੇ ’ਤੇ ਅੰਤਰਝਾਤ ਵਿੱਚ ਵਿਲੀਨ ਹੋਣੀ ਚਾਹੀਦੀ ਸੀ, ਉਹਦੀ ਜਗ੍ਹਾ ਵੱਡੀਆਂ ਸ਼ਕਤੀਆਂ ਦਾ ਬੌਧਿਕ ਦੀਵਾਲੀਆਪਣ ਜੱਗ-ਜ਼ਾਹਿਰ ਹੋ ਰਿਹਾ ਹੈ। ਅਮਰੀਕਾ ਉੱਤੇ ਡਿੱਗਿਆ ਡੋਨਲਡ ਟਰੰਪ-ਨਾਮੀ ਬੰਬ 2020 ਵਿੱਚ ਦੁਬਾਰਾ ਫਟਣ ਨੂੰ ਫਿਰਦਾ ਹੈ। ਨੌਮ ਚੌਮਸਕੀ ਨੇ ਹਾਲੀਆ ਇੰਟਰਵਿਊ ਵਿੱਚ ਡਰ ਪ੍ਰਗਟ ਕੀਤਾ ਹੈ ਕਿ ਟਰੰਪ ਸ਼ਾਇਦ ਨਵੰਬਰ ਵਿੱਚ ਚੋਣ-ਸ਼ਿਕਸਤ ਤੋਂ ਬਾਅਦ ਵ੍ਹਾਈਟ ਹਾਊਸ ਛੱਡਣ ਤੋਂ ਨਾਂਹ ਕਰ ਦੇਵੇ ਅਤੇ ਅਮਰੀਕੀ ਫ਼ੌਜੀ ਉਹਨੂੰ ਅੰਦਰੋਂ ਹੱਥਕੜੀ ਲਾ ਗ੍ਰਿਫ਼ਤਾਰ ਕਰਕੇ ਬਾਹਰ ਲਿਆਉਣ।

ਸਾਡੇ ਇੱਥੇ ਜਿਹੜਾ ਬੰਬ ਵਫ਼ਾਕੀ ਸੱਤਾ ਨੇ ਬੀਤੀ 5 ਅਗਸਤ ਨੂੰ ਕਸ਼ਮੀਰ ਉੱਤੇ ਸੁੱਟਿਆ ਸੀ, ਉਹਦੀ ਪਹਿਲੀ ਵਰ੍ਹੇਗੰਢ ’ਤੇ ਸਾਡੀ ਰਾਜਨੀਤੀ ਕੋਲ ਵਾਦੀ ਦਾ ਹਾਲ ਪੁੱਛਣ ਜੋਗੀ ਨੈਤਿਕਤਾ ਵੀ ਨਹੀਂ ਬਚੀ। ਵਬਾ ਦੇ ਡਰਾਏ ਅਸੀਂ ਹੁਣ ਵਬਾ ਤੋਂ ਬਹੁਤ ਪਹਿਲੋਂ ਹੀ ਸੰਗੀਨਾਂ ਅਤੇ ਬੂਟਾਂ ਦੇ ਜ਼ੋਰ ’ਤੇ ਘਰਾਂ ਵਿੱਚ ਬੰਦ ਕਰ ਦਿੱਤੇ ਗਏ ‘ਧਰਤੀ ਉੱਤੇ ਸਵਰਗ’ ਦੇ ਵਾਸੀ ਹਮਸਾਇਆਂ ਲਈ ਹਾਅ ਦੇ ਨਾਅਰੇ ਮਾਰਨ ਤੋਂ ਗੁਰੇਜ਼ ਕਰ ਰਹੇ ਹਾਂ। ਹਤਮੀ ਹਾਰ ਦੇ ਸੁਨੇਹੇ ਨੂੰ ਪੀਢਾ ਕਰਨ ਲਈ ਇੱਕ ਵਿਸ਼ਾਲ ਸਵਰੂਪ ਵਾਲੇ ਮੰਦਿਰ ਦੀ ਨੀਂਹ ਲਈ ਇਸੇ ਦਿਨ ਦੀ ਚੋਣ ਪਿੱਛੇ ਗੰਭੀਰ ਸੋਚ/ਫ਼ੈਸਲਾਸਾਜ਼ੀ ਹੈ। ਹੀਰੋਸ਼ੀਮਾ/ਨਾਗਾਸਾਕੀ ਦਾ ਸੁਨੇਹਾ ਵੀ ਇਹੋ ਸੀ - ਹਾਰ ਕਿਹੋ ਜਿਹੀ ਦਿੱਸਦੀ ਹੈ, ਜਾਪਾਨ ਨੂੰ ਦੱਸਣਾ ਜ਼ਰੂਰੀ ਸੀ; ਕਸ਼ਮੀਰ ਨੂੰ ਵੀ ਸਮਝ ਆਉਣਾ ਚਾਹੀਦਾ ਹੈ।

ਜਿਨ੍ਹਾਂ ਦਿਨਾਂ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਸਾਕਿਆਂ ਨੂੰ ਯਾਦ ਕਰਕੇ ਅਸਾਂ ਨਾਗਰਿਕਾਂ ਨੂੰ ਕਿਸੇ ਇਨਸਾਫ਼ਪਸੰਦ ਮਨੁੱਖ-ਦਰਦੀ ਰਾਮਰਾਜ ਦਾ ਸੁਪਨਾ ਦਿਖਾਉਣਾ ਸੀ, ਉਨ੍ਹਾਂ ਦਿਨਾਂ ਵਿੱਚ ਬੰਬ-ਸੁੱਟ ਰਾਫਾਲ ਜਹਾਜ਼ਾਂ ਲਈ ਕਿਲਕਾਰੀਆਂ ਮਾਰ ਰਹੇ ਹਾਂ, ਅਯੁੱਧਿਆ ਵਿੱਚ ਚਾਂਦੀ ਦੀ ਇੱਟ ਰੱਖ ਰੱਬ ਦਾ ਘਰ ਉਸਾਰ ਰਹੇ ਹਾਂ। ਇਕ ਬਿਹਤਰ ਸਮਾਜ ਦੀ ਰਚਨਾ ਲਈ ਜੂਝਦੇ ਘੁਲਾਟੀਏ ਜੇਲ੍ਹਾਂ ਵਿੱਚ ਸੜ ਰਹੇ ਹਨ। ਪੰਜਾਬ ਵਿੱਚ ਹਨ੍ਹੇਰੇ ਸਮਿਆਂ ਵਾਲੇ ਕਾਲੇ ਕਾਨੂੰਨਾਂ ਥੱਲੇ ਨੌਜਵਾਨਾਂ ਨੂੰ ਘਰੋਂ ਚੁੱਕ ਫਿਰ ਉਹੀ ਰਾਜਨੀਤੀ ਵਰਤਾਅ ਰਹੇ ਹਾਂ ਜਿਸ ਦਾ ਖਮਿਆਜ਼ਾ ਭੁਗਤ ਚੁੱਕੇ ਹਾਂ ਪਰ ਮੁਜਰਮਾਨਾ ਚੁੱਪ ਧਾਰੀ ਬੈਠੇ ਹਾਂ।

ਵਬਾ ਨੇ ਸਾਡੇ ਸਮਾਜ ਵਿਚਲੇ ਆਪ-ਉਸਾਰੇ ਅਸਾਵੇਂਪਣ ਦਾ ਜਲੂਸ ਕੱਢ ਦਿੱਤਾ ਹੈ, ਮੁਲਕ ਭਰ ਵਿੱਚ ਹਜ਼ਾਰਾਂ ਸਿਵੇ ਭਖ ਰਹੇ ਹਨ। ਮਾਫ਼ੀਆ-ਨੁਮਾ ਰਾਜਨੀਤੀ ਅਤੇ ਗੁਰਬਤ ਦੇ ਕੈਂਚੀਆਂ ਵਾਲੇ ਮੋੜ ’ਤੇ ਜ਼ਹਿਰ ਨੂੰ ਸ਼ਰਾਬ ਸਮਝ ਕੇ ਪੀਣ ਵਾਲਿਆਂ ’ਤੇ ਕਹਿਰ ਟੁੱਟ ਪਿਆ ਹੈ ਪਰ ਨੇਤਾਵਾਂ ਉੱਤੇ ਵਕਤੀ ਬਿਆਨਬਾਜ਼ੀ ਤੋਂ ਬਿਨਾਂ ਕੋਈ ਹੋਰ ਚਾਰਾ ਕਰਨ ਦਾ ਮੂਲੋਂ ਹੀ ਕੋਈ ਦਬਾਅ ਨਹੀਂ। ਨਸਲਾਂ ਦਾ ਉਜਾੜਾ ਚਾਰੋਂ ਪਾਸੇ ਤਾਰੀ ਹੈ। ਬੌਧਿਕ ਕੰਗਾਲੀ ਦਾ ਆਲਮ ਇਹ ਹੈ ਕਿ ਦਰਜਨਾਂ ਬੁੱਧੀਜੀਵੀ ਜੇਬ੍ਹਾਂ ਵਿੱਚ ਹੱਲ ਪਾਈ ਕਰੋਨਾਕਾਲ ਵਿੱਚ ਵੈਬੀਨਾਰਾਂ ਉੱਤੇ ਸੰਕਟ ਪਏ ਟੋਲਦੇ ਹਨ ਕਿ ਮਤਾਂ ਕਿਤੇ ਸਾਡੇ ਵਾਲਾ ਹੀ ਫਿੱਟ ਆ ਜਾਵੇ। 75 ਸਾਲ ਬਾਅਦ ਪਤਾ ਨਹੀਂ ਕਿਉਂ ਲੱਗ ਰਿਹਾ ਹੈ ਕਿ ਕਿਸੇ ਨੇ ਸਾਡੇ ਧੁਰ ਅੰਦਰ ਐਟਮ ਬੰਬ ਸੁੱਟ ਦਿੱਤਾ ਹੈ ਤੇ ਹਜ਼ਾਰਾਂ ਸੂਰਜਾਂ ਨੇ ਐਨੀ ਰੌਸ਼ਨੀ ਕਰ ਦਿੱਤੀ ਹੈ ਕਿ ਸਾਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ।
*(ਲੇਖਕ ਸੀਨੀਅਰ ਪੱਤਰਕਾਰ ਹੈ ਤੇ ਲੋਕਾਂ ਦੇ ਕਿਸੇ ਪ੍ਰਭੂ ਵਿੱਚ ਪ੍ਰਚੰਡ ਵਿਸ਼ਵਾਸ ਤੋਂ ਨਾਵਾਕਿਫ਼ ਅਤੇ ਬੰਬਾਰੂ ਜਹਾਜ਼ਾਂ ਦੀ ਮਹੱਤਤਾ ਤੋਂ ਅਣਜਾਣ ਕਿਸੇ ਸੰਭਾਵੀ ਜੰਗ ਵਿੱਚ ਦੁਸ਼ਮਣ ਦੇਸ਼ ਉੱਤੇ ਰੋਟੀਆਂ ਤੇ ਕਿਤਾਬਾਂ ਸੁੱਟਣ ਦੀ ਸਿਰਫ਼ਿਰੀ ਮਨਸੂਬਾਬੰਦੀ ਕਰਨ ਲਈ ਹਾਸੇ-ਠੱਠੇ ਦਾ ਸਾਮਾਨ ਬਣ ਸਕਦਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All