ਕਥਾ ਪ੍ਰਵਾਹ

ਤਪਸ਼

ਤਪਸ਼

ਭੁਪਿੰਦਰ ਸਿੰਘ ਮਾਨ

ਮੈਨੂੰ ਹਾੜ੍ਹ ਦੀ ਗਰਮੀ ਦਾ ਤਪਸ਼ ਭਰਿਆ ਦਿਨ ਹਮੇਸ਼ਾਂ ਯਾਦ ਰਹੇਗਾ। ਗਰਮੀ ਦੀਆਂ ਛੁੱਟੀਆਂ ਵਿੱਚ ਰਾਜੇ ਦੀ ਜ਼ਿੱਦ ਮੂਹਰੇ ਮਜਬੂਰ ਹੋ ਕੇ ਅਸੀਂ ਪਿੰਡ ਜਾ ਪਹੁੰਚੇ। ਮਾਂ ਨੂੰ ਜਦੋਂ ਜਾ ਮੱਥਾ ਟੇਕਿਆ ਤਾਂ ਬੇਬੇ ਨੂੰ ਚਾਅ ਚੜ੍ਹ ਗਿਆ। ਉਸ ਨੇ ਧਰਤੀ ਨਮਸਕਾਰੀ, ਸੁੱਖ ਸਾਂਦ ਪੁੱਛਣ ਤੋਂ ਬਾਅਦ ਬੇਬੇ ਨੇ ਦੱਸਿਆ, ‘‘ਤੇਰਾ ਬਾਪੂ ਪਿੰਡ ਵਿੱਚ ਗਿਆ ਹੋਇਆ ਕਿਸੇ ਕੋਲ, ਚਲ ਉਹ ਆਜੂ ਤੁਸੀਂ ਰੋਟੀ ਟੁੱਕ ਖਾਓ।’’

ਬੇਬੇ ਤੇ ਘਰਵਾਲੀ ਰੋਟੀ ਪਾਣੀ ਦੇ ਆਹਰ ਵਿੱਚ ਰੁੱਝ ਗਈਆਂ। ਰਾਜਾ ਟੀ.ਵੀ. ਮੂਹਰੇ ਜਾ ਬੈਠਾ। ਭਾਵੇਂ ਹਾੜ੍ਹ ਦੀ ਗਰਮੀ ਸੀ। ਫੇਰ ਵੀ ਪਿੰਡ ਦੀ ਸ਼ਾਮ ਮੈਨੂੰ ਬੜੀ ਵਧੀਆ ਲੱਗੀ। ਮੈਂ ਪਿਛਲੀਆਂ ਸੋਚਾਂ ਵਿੱਚ ਜਾ ਉਤਰਿਆ। ਬਚਪਨ ਤੋਂ ਜਵਾਨੀ ਤੱਕ ਦਾ ਸਫ਼ਰ ਫਿਲਮ ਵਾਂਗੂੰ ਅੱਖਾਂ ਅੱਗੇ ਦੀ ਲੰਘ ਗਿਆ। ਦੋਸਤਾਂ ਨਾਲ ਸ਼ਰਾਰਤਾਂ, ਪਿਆਰ ਕਿੰਨੀਆਂ ਹੀ ਯਾਦਾਂ ਇਸ ਘਰ ਅਤੇ ਪਿੰਡ ਨਾਲ ਜੁੜੀਆਂ ਹੋਈਆਂ ਸਨ।

ਘੰਟੇ ਕੁ ਬਾਅਦ ਘਰਵਾਲੀ ਨੇ ਰੋਟੀ ਲਿਆ ਫੜਾਈ। ਮੇਰੇ ਰੋਟੀ ਖਾਂਦੇ ਸਮੇਂ ਅਚਾਨਕ ਬਾਹਰਲਾ ਦਰਵਾਜ਼ਾ ਜ਼ੋਰ ਨਾਲ ਖੁੱਲ੍ਹ ਕੇ ਕੰਧ ਨਾਲ ਵੱਜਿਆ ਤੇ ਮੈਂ ਤ੍ਰਬਕ ਕੇ ਸਿਰ ਉੱਪਰ ਚੁੱਕਿਆ। ਮੈਨੂੰ ਸਾਹਮਣੇ ਬਾਪੂ ਤੁਰਿਆ ਆਉਂਦਾ ਦਿਸਿਆ। ਬਾਪੂ ਦੀ ਤੋਰ ਹੀ ਦੱਸਦੀ ਸੀ ਕਿ ਬਾਪੂ ਅੱਜ ਫੇਰ ਤਰਾਰੇ ਵਿੱਚ ਹੈ। ਉਹ ਆ ਕੇ ਮੇਰੇ ਸਾਹਮਣੇ ਮੰਜੇ ’ਤੇ ਬੈਠ ਗਿਆ। ਪੱਗ ਲਾਹ ਕੇ ਸਿਰਹਾਣੇ ਰੱਖੀ ਤੇ ਢਿੱਲੇ ਵਾਲਾਂ ਨੂੰ ਖਿੱਚ ਕੇ ਜੂੜਾ ਕਰਦਿਆਂ ਕਿਹਾ, “ਲੈ ਮਾਸਟਰ ਸਾਹਿਬ ਆਏ ਬੈਠੇ ਨੇ।’’

ਉਸ ਦੀ ਆਵਾਜ਼ ਵਿੱਚ ਨਿੱਘ ਦੀ ਬਜਾਏ ਮੈਨੂੰ ਵਿਅੰਗ ਜ਼ਿਆਦਾ ਲੱਗਿਆ। ਮੈਂ ਸਤਿ ਸ੍ਰੀ ਅਕਾਲ ਆਖੀ ਤਾਂ ਉਹਨੇ ਖ਼ਿਆਲ ਨਾ ਕੀਤਾ। ਘਰਵਾਲੀ ਨੇ ਪੈਰੀਂ ਹੱਥ ਲਾਏ। ਬੇਬੇ ਪਾਣੀ ਦਾ ਗਿਲਾਸ ਫੜਾ ਗਈ। ‘‘ਓਏ ਮੇਰਾ ਰਾਜਾ ਪੁੱਤ ਕਿੱਥੇ ਐ?” ਬਾਪੂ ਨੇ ਮੇਰੀ ਘਰਵਾਲੀ ਨੂੰ ਪੁੱਛਿਆ।

ਮੇਰੇ ਤੇ ਬਾਪੂ ਦੇ ਚੱਕਰ ਤਾਂ ਘੱਟ ਹੀ ਮਿਲਦੇ, ਪਰ ਉਸ ਦਾ ਮੋਹ ਮੇਰੇ ਮੁੰਡੇ ਰਾਜੇ ਨਾਲ ਜ਼ਿਆਦਾ ਹੈ। ਮੇਰੀ ਘਰਵਾਲੀ ਦੇ ਬੋਲਣ ਤੋਂ ਪਹਿਲਾਂ ਹੀ ਬਾਪੂ ਨੇ ਫੇਰ ਹੋਕਰਾ ਮਾਰਿਆ, ‘‘ਕਿੱਥੇ ਐ ਬਈ ਮੇਰਾ ਰਾਜਾ ਪੁੱਤ!’’

ਬੇਬੇ ਨੇ ਹੌਲੀ ਜਿਹੀ ਕਿਹਾ, “ਟੈਲੀਵੀਜਨ ਮੂਹਰੇ ਬੈਠਾ, ਤੁਸੀਂ ਪਹਿਲਾਂ ਰੋਟੀ ਪਾਣੀ ਖਾ ਲਓ ਫੇਰ ਸੱਦ ਲਿਓ ਜਵਾਕ ਨੂੰ।”

ਪਰ ਰਾਜਾ ਬਾਪੂ ਦੀ ਆਵਾਜ਼ ਸੁਣ ਕੇ ਬਾਹਰ ਆਇਆ ਤੇ ਬਾਪੂ ਨਾਲ ਚਿੰਬੜ ਗਿਆ। ਬਾਪੂ ਨੇ ਵੀ ਹਿੱਕ ਨਾਲ ਘੁੱਟਦਿਆਂ ਕਿਹਾ, ‘‘ਆ ਮੇਰੀ ਡੱਡੀ, ਠੰਢ ਪੈ ਗਈ ਕਾਲਜੇ।’’

ਰਾਜੇ ਨੇ ਸ਼ਰਾਬ ਦੀ ਗੰਧ ਤੋਂ ਮੂੰਹ ਪਰ੍ਹਾਂ ਘੁੰਮਾ ਲਿਆ। ‘‘ਓਏ ਮੂੰਹ ਪਰ੍ਹਾਂ ਕਿਉਂ ਕਰਦੈਂ, ਮੈਂ ਤਾਂ ਤੈਨੂੰ ਸੱਚੀਉਂ ਦਾ ਰਾਜਾ ਬਣਾ ਦੇਊਂ ਪੁੱਤ,’’ ਬਾਪੂ ਦੇ ਮੁਖ ਵਿੱਚੋਂ ਨਿਕਲਿਆ।

ਉਹਦੀ ਗੱਲ ਸੁਣ ਕੇ ਮੇਰੇ ਕੰਨ ਖੜ੍ਹੇ ਹੋ ਗਏ। ਬਾਪੂ ਨੇ ਫੇਰ ਕੋਈ ਗ਼ਰੀਬ ਜੱਟ ਫਾਹ ਲਿਆ ਹੋਊ ਤੇ ਉਹਦੀ ਜ਼ਮੀਨ ਬੈਅ ਕਰਵਾਉਣ ਨੂੰ ਫਿਰਦਾ ਹੋਊ। ਬਾਪੂ ਨੂੰ ਸਾਰਾ ਪਿੰਡ ਗਰਦੌਰ ਕਹਿੰਦਾ। ਅੜੇ-ਥੁੜੇ ਜੱਟ ਦੀ ਜ਼ਮੀਨ ਦੀ ਗਰਦੌਰੀ ਆਪਣੇ ਨਾਮ ਕਰਵਾਉਣਾ ਬਾਪੂ ਦਾ ਚੁਟਕੀ ਮਾਰਨ ਜਿੰਨੇ ਸਮੇਂ ਦਾ ਕੰਮ ਸੀ। ਕਾਲਜ ਸਮੇਂ ਤੋਂ ਹੀ ਅਗਾਂਹਵਧੂ ਸਾਹਿਤ ਪੜ੍ਹਨ ਕਰਕੇ ਮੇਰਾ ਝੁਕਾਅ ਇਸ ਜਗੀਰਦਾਰੀ ਸਿਸਟਮ ਦੇ ਉਲਟ ਸੀ। ਇਸ ਕਰਕੇ ਬਾਪੂ ਤੇ ਮੇਰੇ ਸਿੰਙ ਅਕਸਰ ਫਸ ਜਾਂਦੇ ਸੀ। ਜਦੋਂ ਬਾਪੂ ਤੇ ਉਹਦੇ ਯਾਰ ਸੁੱਖੇ ਨੰਬਰਦਾਰ ਨੇ ਪਿੰਡ ਸ਼ਾਮਲਾਟ ’ਤੇ ਕਬਜ਼ਾ ਕਰ ਲਿਆ ਤਾਂ ਪਿੰਡ ਵਿੱਚ ਹੋਈ ਤੋਏ-ਤੋਏ ਨੇ ਮੇਰਾ ਮਰਨ ਕਰ ਦਿੱਤਾ ਸੀ। ਘਰ ਵਿੱਚ ਕਈ ਦਿਨ ਯੁੱਧ ਚਲਦਾ ਰਿਹਾ। ਮੈਂ ਘਰ ਰਹਿਣ ਤੋਂ ਇਨਕਾਰੀ ਹੋ ਗਿਆ ਸੀ। ਮੈਂ ਸ਼ਹਿਰ ਵਿੱਚ ਜਾ ਘਰ ਲਿਆ, ਪਰ ਪਿੰਡ ਦੇ ਮੋਹ ਕਰਕੇ ਕਦੇ ਕਦੇ ਤਾਂ ਗੇੜਾ ਮਾਰਨਾ ਪੈਂਦਾ ਸੀ। ਗਰਮੀ ਦੀਆਂ ਛੁੱਟੀਆਂ ਵਿੱਚ ਕਈ ਕਈ ਦਿਨ ਰਹਿ ਜਾਂਦਾ ਸੀ। ਬੇਬੇ ਦੇ ਬੰਨ੍ਹੇ ਹੱਥ ਮੈਨੂੰ ਬੇਵੱਸ ਕਰ ਦਿੰਦੇ ਤੇ ਮੈਂ ਮਨ ਮਾਰ ਕੇ ਝੁਕ ਜਾਂਦਾ।

ਬਾਪੂ ਦੀ ਗੱਲ ਸੁਣ ਕੇ ਮੇਰੇ ਤੋਂ ਰਿਹਾ ਨਾ ਗਿਆ। ਮੈਂ ਕਿਹਾ, “ਹੁਣ ਕੀਹਦੀ ਜ਼ਮੀਨ ’ਤੇ ਅੱਖ ਰੱਖ ਲਈ?”

ਮੇਰੀ ਗੱਲ ਸੁਣ ਕੇ ਬਾਪੂ ਇਉਂ ਤੜਫ਼ਿਆ ਜਿਵੇਂ ਪੈਰ ’ਤੇ ਠੂੰਹਾਂ ਲੜ ਗਿਆ ਹੋਵੇ, “ਓਏ ਬਾਹਲਿਆ ਪੜ੍ਹਾਕੂਆ, ਤੇਰੀਆਂ ਤਾਂ ਸੋਲਾਂ ਪੜ੍ਹੀਆਂ ਵੀ ਖੂਹ ਵਿੱਚ ਪੈ ਗਈਆਂ,” ਲੰਬਾ ਸਾਹ ਭਰਦਿਆਂ ਫੇਰ ਕੜਕਿਆ, ‘‘ਸਰਦਾਰ ਜੀ, ਮੈਨੂੰ ਕੀ ਲੋੜ ਐ ਕਿਸੇ ਦੀ ਜ਼ਮੀਨ ’ਤੇ ਅੱਖ ਰੱਖਣ ਦੀ? ਆਪੇ ਹਾੜੇ ਕੱਢਦੇ ਫਿਰਦੇ ਨੇ ਬਿਗਾਨੇ ਪੁੱਤ।’’

ਪਿਛਲੇ ਤਜ਼ਰਬੇ ਤੋਂ ਮੈਂ ਸਮਝ ਗਿਆ ਸੀ ਕਿ ਬਾਪੂ ਨੂੰ ਤਰਕ ਨਾਲ ਨਹੀਂ ਜਿੱਤਿਆ ਜਾ ਸਕਦਾ, ਉਹ ਆਪਣੀ ਮਰਜ਼ੀ ਕਰੂ। ਜੇ ਘਰ ਵਾਲੇ ਜ਼ਿਆਦਾ ਬੋਲਦੇ ਤਾਂ ਉਹ ਭੱਜ ਕੇ ਪੰਜ ਪੋਰੀਆਂ ਦੀ ਡਾਂਗ ਚੁੱਕ ਲੈਂਦਾ ਤੇ ਫੇਰ ਘਰ ਜੰਗ ਦਾ ਮੈਦਾਨ ਬਣ ਜਾਂਦਾ। ਰਾਜਾ ਡਰ ਕੇ ਦੁਬਾਰਾ ਟੀ.ਵੀ. ਮੂਹਰੇ ਜਾ ਬੈਠਿਆ। ਬੇਬੇ ਨੇ ਬਾਪੂ ਨੂੰ ਰੋਟੀ ਲਿਆ ਫੜਾਈ। ਪਰ ਉਸ ਦੀ ਬੁੜ ਬੁੜ ਨੇ ਮੇਰਾ ਬੈਠਣਾ ਦੁੱਭਰ ਕਰ ਦਿੱਤਾ। ਮੈਂ ਉੱਠ ਕੇ ਕੋਠੇ ’ਤੇ ਜਾ ਚੜ੍ਹਿਆ। ਸਾਰੇ ਟੱਬਰ ਨੂੰ ਉਸ ਰਾਤ ਚੱਲਦੀ ਠੰਢੀ ਪੁਰੇ ਦੀ ਹਵਾ ਨੇ ਗਰਮੀ ਦਾ ਅਹਿਸਾਸ ਹੀ ਨਾ ਹੋਣ ਦਿੱਤਾ, ਇਉਂ ਲੱਗਿਆ ਜਿਵੇਂ ਸੁਰਗ ਦੇ ਦਰਵਾਜ਼ੇ ’ਤੇ ਸੁੱਤੇ ਹੋਈਏ।

ਸਵੇਰੇ ਮੇਰੇ ਕੋਠੇ ਤੋਂ ਉਤਰਨ ਸਮੇਂ ਬਾਪੂ ਦਾ ਯਾਰ ਸੁੱਖਾ ਨੰਬਰਦਾਰ ਤੇ ਪਰਲੀ ਪੱਤੀ ਵਾਲਾ ਕੈਲੂ ਬਾਪੂ ਕੋਲ ਚਾਹ ਪੀਂਦੇ ਦਿਸੇ। ਮੈਨੂੰ ਦੇਖ ਕੇ ਬਾਪੂ ਨੇ ਕੈਲੂ ਨੂੰ ਕਿਹਾ, “ਚੰਗਾ ਫੇਰ ਤੂੰ ਚੱਲ, ਐਂ ਕਰੀਂ ਚਾਰ ਵਜੇ ਕਚਹਿਰੀ ਪਹੁੰਚ ਜਾਈਂ, ਤਹਿਸੀਲਦਾਰ ਉਸ ਸਮੇਂ ਹੀ ਬੈਠਦਾ।’’

ਮੈਲੇ ਕੱਪੜੇ ਤੇ ਢਿਲਕੀ ਜਿਹੀ ਪੱਗ ਬੰਨ੍ਹੀਂ ਮਣ-ਮਣ ਦੇ ਪੈਰ ਰੱਖਦਾ ਕੈਲੂ ਬਾਹਰ ਨੂੰ ਤੁਰ ਗਿਆ। ਗਰਮੀ ਕਰਕੇ ਉਸ ਦਾ ਕਮੀਜ਼ ਮੁੜ੍ਹਕੇ ਨਾਲ ਭਿੱਜਿਆ ਪਿਆ ਸੀ। ਮੈਂ ਚੁੱਪ ਕਰ ਕੇ ਸਵੇਰ ਦੀ ਸੈਰ ਨੂੰ ਖੇਤ ਜਾਣ ਖ਼ਾਤਰ ਵਿਹੜੇ ਵਿੱਚੋਂ ਲੰਘ ਕੇ ਜਾਣ ਲੱਗਾ ਤਾਂ ਨੰਬਰਦਾਰ ਨੇ ਆਵਾਜ਼ ਮਾਰ ਕੇ ਕਿਹਾ, “ਲੈ ਬਈ ਮਾਸਟਰਾ ਵਧਾਈਆਂ ਹੋਣ।”

ਮੈਂ ਕਿਹਾ, “ਕਾਹਦੀਆਂ ਤਾਇਆ?”

ਉਹ ਹੁੱਬ ਕੇ ਬੋਲਿਆ, “ਲੈ ਪੁੱਛਦਾ ਕਾਹਦੀਆਂ, ਉਹ ਭਾਈ ਦੋ ਕਿੱਲੇ ਹੋਰ ਰਲ ਗਏ ਤੁਹਾਡੀ ਢੇਰੀ ਵਿਚ।”

ਮੈਂ ਚੁੱਪ ਕਰ ਕੇ ਬਾਹਰ ਨੂੰ ਤੁਰ ਪਿਆ। ਮੈਨੂੰ ਹੁੰਗਾਰਾ ਨਾ ਭਰਦੇ ਦੇਖ ਬਾਪੂ ਫੇਰ ਭਖ ਗਿਆ, “ਓਏ ਨੰਬਰਦਾਰਾ, ਇਹਦੇ ਦਿਮਾਗ਼ ਵਿੱਚ ਹੈਨੀ ਅਕਲ ਵਾਲਾ ਖਾਨਾ, ਇਹਨੂੰ ਤਾਂ ਹਰ ਵੇਲੇ ਸਮਾਜ ਸੁਧਾਰ ਦਾ ਭੂਤ ਚੰਬੜਿਆ ਰਹਿੰਦਾ।”

ਮੈਨੂੰ ਉੱਥੇ ਖੜ੍ਹਨਾ ਔਖਾ ਹੋਇਆ ਪਿਆ ਸੀ। ਜਦੋਂ ਮੈਂ ਮੂੰਹ ਭੁਆਇਆ ਤਾਂ ਬਾਪੂ ਦੀ ਸਰਦ ਆਵਾਜ਼ ਮੇਰੇ ਕੰਨਾਂ ਵਿੱਚ ਉਤਰੀ, ‘‘ਚਾਰ ਕੁ ਵਜੇ ਕਚਹਿਰੀ ਆ ਜਾਵੀਂ। ਰਾਜਾ ਛੋਟਾ ਤੇਰੇ ਨਾਂ ਰਜਿਸਟਰੀ ਕਰਾਉਣੀ ਪਊ।”

ਮੇਰਾ ਚਿਤ ਵੀ ਔਖਿਆਈ ਮੰਨ ਗਿਆ।

“ਬਾਪੂ ਤੂੰ ਆਪਣੇ ਨਾਂ ਹੀ ਕਰਵਾ ਲਈਂ, ਮੈਥੋਂ ਨੀ ਆਇਆ ਜਾਣਾ।” ਮੈਂ ਵੀ ਮੋੜਵਾਂ ਉੱਤਰ ਦੇ ਦਿੱਤਾ।

“ਲੈ ਤੂੰ ਦੱਸ ਨੰਬਰਦਾਰਾ, ਵੜਦੀ ਐ ਇਹਦੇ ਦਿਮਾਗ਼ ਵਿੱਚ। ਓਏ ਜੇ ਮੈਂ ਆਪਣੇ ਨਾਂ ਕਰਵਾਉਣੀ ਹੁੰਦੀ ਤਾਂ ਤੈਨੂੰ ਕਹਿੰਦਾ?” ਬਾਪੂ ਨੇ ਔਖੇ ਹੋ ਕਿਹਾ, “ਨਾਲੇ ਮੈਂ ਤਾਂ ਆਪਣੇ ਪੋਤੇ ਲਈ ਬਣਾਉਨਾਂ ਜਾਇਦਾਦ। ਜੇ ਮੇਰੇ ਨਾਮ ਹੋਈ ਤੇ ਕੱਲ੍ਹ ਨੂੰ ਮੈਨੂੰ ਕੁਝ ਹੋ ਗਿਆ, ਤੇਰਾ ਜ੍ਹੈਬਰਾ ਪੈਂਦਾ ਫਿਰੂ ਭੈਣਾਂ ਨਾਲ। ਚੁੱਪ ਕਰ ਕੇ ਆਜੀਂ ਚਾਰ ਵਜੇ, ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ।” ਬਾਪੂ ਅੰਦਰਲਾ ਗਰਦੌਰ ਗਰਜਿਆ।

ਮੈਂ ਖੇਤ ਜਾਂਦਾ ਸੋਚ ਰਿਹਾ ਸੀ ਕਿ ਬਾਪੂ ਇੰਨਾ ਲਾਲਚ ਕਿਉਂ ਕਰਦਾ ਹੈ। ਸਵੇਰ ਦੇ ਖੁਸ਼ਗਵਾਰ ਸਮੇਂ ਵਿੱਚ ਬਾਪੂ ਨਾਲ ਹੋਈ ਤਕਰਾਰ ਨੇ ਮੈਨੂੰ ਅੰਤਾਂ ਦੀ ਗਰਮੀ ਲਿਆ ਦਿੱਤੀ ਸੀ। ਮੈਂ ਤੁਰਦਾ ਤੁਰਦਾ ਹੌਂਕਣ ਲੱਗ ਪਿਆ ਸੀ। ਪਤਾ ਨਹੀਂ ਇਹ ਬਾਹਰ ਦੀ ਗਰਮੀ ਸੀ ਜਾਂ ਮੇਰੇ ਮਨ ਅੰਦਰਲੀ। ਘਰਵਾਲੀ ਤੇ ਮਾਂ ਦੇ ਤਰਲੇ ਮਿੰਨਤਾਂ ਨੇ ਮੈਨੂੰ ਫੇਰ ਝੁਕਾਅ ਦਿੱਤਾ ਤੇ ਮੈਂ ਧੱਕਿਆ ਧਕਾਇਆ ਕਚਹਿਰੀ ਨੂੰ ਚੱਲ ਪਿਆ।

ਬੱਸ ਅੱਡੇ ’ਤੇ ਖੜ੍ਹੇ ਆਪਣੇ ਜਮਾਤੀ ਤੇ ਬਚਪਨ ਦੇ ਮਿੱਤਰ ਨਿਰਮਲ ਨੂੰ ਦੇਖ ਕੇ ਆਪਣੇ ਆਪ ਹੀ ਬਰੇਕ ਲੱਗ ਗਏ। ਉਹ ਵੀ ਸ਼ਹਿਰ ਜਾਣ ਲਈ ਬੱਸ ਉਡੀਕ ਰਿਹਾ ਸੀ। ਮੈਂ ਸੋਚਿਆ, ਚਲੋ ਗੱਲਾਂ ਕਰਦੇ ਜਾਵਾਂਗੇ। ਕਾਲਜ ਵਿੱਚ ਅਸੀਂ ਇਕੱਠੇ ਸਾਹਿਤ ਪੜ੍ਹਦੇ ਤੇ ਸਮਾਜ ਸੁਧਾਰ ਦੇ ਸੁਪਨੇ ਦੇਖਦੇ ਸਾਂ। ਮੈਂ ਤਾਂ ਕਦੋਂ ਦਾ ਆਪਣੇ ਆਪ ਵਿੱਚ ਰੁੱਝ ਗਿਆ ਸੀ, ਸਮਾਜ ਸੁਧਾਰ ਹੁਣ ਮੇਰੇ ਲਈ ਗੱਲਾਂ ਦੀ ਝੱਸ ਪੂਰੀ ਕਰਨ ਦਾ ਹੀ ਸਾਧਨ ਮਾਤਰ ਸੀ, ਪਰ ਉਹ ਹਾਲੇ ਵੀ ਡਟਿਆ ਹੋਇਆ ਸੀ।

‘‘ਕਦੋਂ ਆਇਆ ਸੀ ਤੇ ਹੁਣ ਕਿੱਧਰ ਤਿਆਰੀਆਂ ਨੇ ਜਨਾਬ ਦੀਆਂ?’’ ਉਸ ਨੇ ਬੈਠਦਿਆਂ ਹੀ ਸਵਾਲ ਦਾਗ ਦਿੱਤਾ। ਮੈਂ ਕਚਹਿਰੀਆਂ ਜਾਣ ਦੀ ਗੱਲ ਦੱਸੀ ਤਾਂ ਉਹ ਮੁਸਕਰਾਇਆ ਤੇ ਬੋਲਿਆ, ‘‘ਫੇਰ ਗਰਦੌਰ ਨੇ ਤੈਨੂੰ ਕਰ ਲਿਆ ਸਿੱਧਾ!’’

ਉਸ ਦੀ ਆਵਾਜ਼ ਵਿਚਲੇ ਵਿਅੰਗ ਨੂੰ ਮੈਂ ਭਾਂਪ ਲਿਆ ਸੀ। ਮੈਂ ਚੁੱਪ ਰਿਹਾ ਤਾਂ ਉਸ ਨੇ ਨਾਲ ਹੀ ਗੱਲ ਅੱਗੇ ਤੋਰੀ, ‘‘ਐਤਕੀਂ ਥੋਡੇ ਵਾਲੇ ਗਰਦੌਰ ਨੇ ਸਿਰਾ ਹੀ ਲਾ ਦਿੱਤਾ।’’

ਮੇਰੇ ਕੰਨ ਖੜ੍ਹੇ ਹੋ ਗਏ। ਮੇਰੇ ਮੂੰਹੋਂ ਨਿਕਲਿਆ, ‘‘ਉਹ ਕਿਵੇਂ?’’

ਹੁਣ ਉਸ ਦੇ ਹੈਰਾਨ ਹੋਣ ਦੀ ਵਾਰੀ ਸੀ, ‘‘ਭੋਲਾ ਬਣ ਕੇ ਨਾ ਦਿਖਾ।’’

ਜਦੋਂ ਮੈਂ ਬਿਲਕੁਲ ਅਣਜਾਣਤਾ ਪ੍ਰਗਟਾਈ ਤਾਂ ਉਸ ਨੇ ਦੱਸਿਆ।

‘‘ਕੈਲੂ ਦੇ ਵੱਡੇ ਮੁੰਡੇ ਨੂੰ ਪਹਿਲਾਂ ਤਾਂ ਗਰਦੌਰ ਨੇ ਹੱਥ ’ਤੇ ਚੜ੍ਹਾ ਕੇ ਦਾਰੂ ’ਤੇ ਲਾ ਲਿਆ। ਬਾਕੀ ਅੱਗ ਸਵਾਹ ਉਹ ਖ਼ੁਦ ਹੀ ਖਾਣ ਲੱਗ ਪਿਆ। ਦੋ ਕੁ ਮਹੀਨਿਆਂ ਵਿੱਚ ਮੁੰਡਾ ਨਸ਼ੇ ਪੱਤੇ ਨਾਲ ਟੁੰਨ ਰਹਿਣ ਲੱਗ ਪਿਆ ਸੀ,’’ ਉਸ ਨੇ ਲੰਬਾ ਸਾਹ ਭਰਿਆ ਤੇ ਗੱਲਾਂ ਦੀ ਲੜੀ ਅੱਗੇ ਤੋਰੀ, “ਮੁੰਡੇ ਨੇ ਨਸ਼ੇ ਪੱਤੇ ਦੀ ਲੋਰ ਵਿੱਚ ਗੁਆਂਢੀਆ ਦੇ ਮੁੰਡੇ ਦੇ ਕਿਰਚ ਮਾਰ ਦਿੱਤੀ। ਤੇਰੇ ਪਿਉ ਨੇ ਪੁਲੀਸ ਤੋਂ ਬਚਾਇਆ। ਉੱਥੇ ਖਾਸੇ ਪੈਸੇ ਲੱਗ ਗਏ। ਛੇ ਕੁ ਮਹੀਨੇ ਬਾਅਦ ਮੁੰਡੇ ਦੀ ਦੁਖੀ ਕੀਤੀ ਕੈਲੂ ਦੀ ਨੂੰਹ ਸਪਰੇਅ ਪੀ ਗਈ। ਤੇਰੇ ਪਿਉ ਨੇ ਇਨ੍ਹਾਂ ਨੂੰ ਸਿਵਿਆਂ ਨੂੰ ਤੋਰ ਕੇ ਖ਼ੁਦ ਥਾਣੇ ਫ਼ੋਨ ਕਰ ਦਿੱਤਾ। ਪੁਲੀਸ ਨੇ ਸਾਰਾ ਟੱਬਰ ਵਲ ਲਿਆ। ਤੇਰੇ ਬਾਪੂ ਤੇ ਇਹਦੇ ਆੜ੍ਹਤੀਏ ਨੇ ਥਾਣੇਦਾਰ ਨਾਲ ਮਿਲ ਕੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ। ਤੇਰੇ ਬਾਪੂ ਤੇ ਆੜ੍ਹਤੀਏ ਦੀ ਮਿਲੀਭੁਗਤ ਕਰਕੇ ਕੈਲੂ ਦੀ ਦੋ ਕਿੱਲੇ ਜ਼ਮੀਨ ਇਸ ਵਿੱਚ ਖੁਰਦ ਬੁਰਦ ਹੋ ਗਈ। ਪਿੰਡ ਦਾ ਬੱਚਾ ਬੱਚਾ ਜਾਣਦੈ ਇਸ ਕਾਰਨਾਮੇ ਬਾਰੇ।’‘ ਗੱਲ ਸੁਣ ਕੇ ਮੇਰਾ ਮੂੰਹ ਕੁਸੈਲਾ ਹੋ ਗਿਆ। ਇੱਕ ਵਾਰ ਤਾਂ ਦਿਲ ਕੀਤਾ ਘਰ ਮੁੜ ਜਾਵਾਂ, ਪਰ ਮਾਂ ਦਾ ਚਿਹਰਾ ਤੇ ਉਸ ਦੇ ਜੁੜੇ ਹੱਥ ਸਾਹਮਣੇ ਆ ਗਏ।

ਕਾਰ ਰੋਕ ਕੇ ਕਚਹਿਰੀ ਗਿਆ ਤਾਂ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ। ਸ਼ਾਇਦ ਨਿਰਮਲ ਦੀ ਗੱਲ ਸੁਣ ਕੇ ਮੇਰਾ ਦਿਮਾਗ਼ ਗਰਮ ਹੋ ਰਿਹਾ ਸੀ ਜਾਂ ਕਾਰ ਵਿੱਚ ਚੱਲਦੇ ਏ.ਸੀ. ਤੋਂ ਬਾਹਰ ਨਿਕਲਣਾ ਕਾਰਨ ਹੋ ਸਕਦਾ ਸੀ। ਬੋੜੇ ਵਕੀਲ ਦੇ ਅੱਡੇ ’ਤੇ ਬਾਪੂ, ਸੁੱਖਾ ਨੰਬਰਦਾਰ ਤੇ ਦੋ ਹੋਰ ਬਾਪੂ ਦੀ ਜੁੰਡੀ ਦੇ ਯਾਰ ਬੈਠੇ ਦਿਸੇ। ਬਾਪੂ ਕਾਗਜ਼ ਪੱਤਰ ਤਿਆਰ ਕਰਾਈ ਬੈਠਾ ਸੀ, ਪਰ ਕੈਲੂ ਅਜੇ ਤੱਕ ਨਹੀਂ ਪਹੁੰਚਿਆ ਸੀ। ਬਾਪੂ ਨੂੰ ਅੱਚਵੀ ਲੱਗੀ ਪਈ ਸੀ। “ਕਿੱਥੇ ਰਹਿ ਗਿਆ ਸਾਲਾ ਕੈਲੂ!”

ਬਾਪੂ ਦਾ ਪਾਰਾ ਉੱਪਰ ਚੜ੍ਹ ਹੀ ਰਿਹਾ ਸੀ ਕਿ ਸਾਹਮਣੇ ਕੈਲੂ ਤੇ ਉਹਦਾ ਆੜ੍ਹਤੀਆ ਤੁਰੇ ਆਉਂਦੇ ਦਿਸੇ । ਬਾਪੂ ਨੇ ਆਪਣਾ ਗੁੱਸਾ ਤੇ ਅੱਚਵੀ ਗਿਰਗਿਟ ਵਾਂਗੂੰ ਲੁਕੋਦਿਆਂ ਕਿਹਾ, “ਆ ਬਈ ਕਰਨੈਲ ਸਿੰਘਾ, ਬਾਹਲਾ ਟਾਈਮ ਲਾ ਦਿੱਤਾ।”

“ਮੈਂ ਆੜ੍ਹਤੀਏ ਨਾਲ ਹਿਸਾਬ ਕਰਨ ਲੱਗ ਪਿਆ ਸੀ,” ਕੈਲੂ ਨੇ ਮਰੀਅਲ ਜਿਹੀ ਆਵਾਜ਼ ਵਿੱਚ ਉੱਤਰ ਦਿੱਤਾ।

“ਇੳਂ ਕਰੋ ਮਾਸਟਰ ਜੀ, ਕਰਨੈਲ ਸਿੰਘ ਦਾ ਅੰਗੂਠਾ ਲੁਆ ਕੇ ਅਸ਼ਟਾਮ ਲੈ ਆਉ।” ਵਕੀਲ ਦੇ ਮੁਨਸ਼ੀ ਨੇ ਕਿਹਾ। ਮੈਂ ਕੈਲੂ ਨੂੰ ਨਾਲ ਲੈ ਕੇ ਤੁਰ ਪਿਆ। ਮੈਂ ਸਰਸਰੀ ਗੱਲ ਕਰਨ ਲਈ ਕਿਹਾ, “ਚਾਚਾ, ਸਿਹਤ ਠੀਕ ਰਹਿੰਦੀ ਹੈ?”

ਕੈਲੂ ਜਿਵੇਂ ਫਿੱਸ ਹੀ ਪਿਆ, “ਸ਼ੇਰਾ, ਦਿਨ ਲੰਘੀ ਜਾਂਦੇ ਐ। ਮਾਰ ਲਿਆ ਗੰਦੀ ਔਲਾਦ ਨੇ।’’ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ।

ਅਸ਼ਟਾਮਫਰੋਸ਼ ਤੋਂ ਅਸ਼ਟਾਮ ਲੈ ਕੇ ਵਾਪਸ ਆਏ ਤਾਂ ਕੈਲੂ ਦੀ ਉਦਾਸੀ ਹੋਰ ਗੂੜ੍ਹੀ ਹੋ ਗਈ ਸੀ। ਮੈਂ ਮਹਿਸੂਸ ਕਰ ਰਿਹਾ ਸੀ ਕਿ ਜ਼ਮੀਨ ਦਾ ਮੋਹ ਅਤੇ ਵਿਕਣ ਦਾ ਮਿਹਣਾ ਉਹੀ ਜਾਣਦਾ ਜਿਸ ’ਤੇ ਇਹ ਬੀਤ ਰਹੀ ਹੁੰਦੀ ਹੈ। ਬਾਕੀ ਕਾਰਵਾਈ ਫਟਾਫਟ ਨਿੱਬੜ ਗਈ। ਤਹਿਸੀਲਦਾਰ ਦੇ ਸਾਹਮਣੇ ਬਾਪੂ ਨੇ ਰੁਪਈਆਂ ਵਾਲਾ ਪੈਕਟ ਕੈਲੂ ਨੂੰ ਫੜਾਇਆ। ਕੈਲੂ ਨੇ ਪੈਸੇ ਫੜ ਕੇ ਫੁੱਲਾਂ ਵਾਲੇ ਝੋਲੇ ਵਿੱਚ ਪਾਏ। ਤਸਵੀਰ ਖਿੱਚੀ ਗਈ। ਕੈਲੂ ਦੇ ਕਈ ਥਾਈਂ ਅੰਗੂਠੇ ਲੱਗੇ ਤੇ ਉਹ ਜ਼ਮੀਨ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਸੀ। ਰਿਸ਼ਵਤ ਦੇ ਰੁਪਏ ਜੇਬ੍ਹ ਵਿੱਚ ਪਾਉਂਦਾ ਕਲਰਕ ਬਾਪੂ ਨੂੰ ਵਧਾਈ ਦੇ ਰਿਹਾ ਸੀ, ‘‘ਸਰਦਾਰ ਜੀ, ਵਧਾਈ ਹੋਵੇ ਰਜਿਸਟਰੀ ਹੋ ਗਈ।’’

ਕੈਲੂ ਨੇ ਸਿਆਹੀ ਲੱਗੇ ਅੰਗੂਠੇ ਨੂੰ ਕੰਧ ’ਤੇ ਘਸਾਇਆ ਜਿੱਥੇ ਕਿੰਨੇ ਸਾਰੇ ਅੰਗੂਠਿਆਂ ਦੇ ਨਿਸ਼ਾਨ ਜੱਟ ਤੋਂ ਖੁੱਸੀ ਜ਼ਮੀਨ ਦੀ ਵੇਦਨਾ ਦੱਸਦੇ ਪ੍ਰਤੀਤ ਹੁੰਦੇ ਸਨ। ਕੈਲੂ ਦਾ ਆੜ੍ਹਤੀਆ ਆਪਣੇ ਲੈਣ ਦੇਣ ਨੂੰ ਪੂਰਾ ਕਰਨ ਲਈ ਰੁਪਈਆਂ ਵਾਲਾ ਥੈਲਾ ਫੜ ਕੇ ਆਪਣੀ ਦੁਕਾਨ ਵੱਲ ਤੁਰ ਗਿਆ। ਕੈਲੂ ਖਾਲੀ ਹੱਥ ਕੁੱਬਾ ਹੋਇਆ ਲੱਤਾਂ ਘੜੀਸਦਾ ਬੱਸ ਅੱਡੇ ਨੂੰ ਤੁਰ ਗਿਆ। ਉਸ ਦੀ ਤੋਰ ਦੱਸਦੀ ਸੀ ਜਿਵੇਂ ਉਸ ਦੇ ਸਾਹ-ਸਤ ਮੁੱਕ ਗਏ ਹੋਣ। ਮੈਨੂੰ ਲੱਗਿਆ ਅੱਜ ਆਖ਼ਰਾਂ ਦੀ ਗਰਮੀ ਵਿੱਚ ਸ਼ਾਇਦ ਹੀ ਉਹ ਘਰ ਪਹੁੰਚ ਸਕੇ। ਬਾਪੂ ਆਪਣੇ ਯਾਰਾਂ ਨਾਲ ਹੁੱਬ ਹੁੱਬ ਗੱਲਾਂ ਕਰਦਾ, ਮੈਨੂੰ ਬਿਨਾਂ ਸੁਲਾਹ ਮਾਰੇ ਸਾਹਮਣੇ ਹੋਟਲ ਵਿੱਚ ਜਾ ਵੜਿਆ। ਉਹ ਸਾਰੇ ਏ.ਸੀ. ਵਿੱਚ ਬੈਠ ਕੇ ਠੰਢੀ ਬੀਅਰ ਦਾ ਆਨੰਦ ਲੈਣਾ ਚਾਹੁੰਦੇ ਸਨ। ਮੈਂ ਇਕੱਲਾ ਕਚਹਿਰੀ ਵਿੱਚ ਖੜ੍ਹਾ ਰਹਿ ਗਿਆ। ਸਾਰੇ ਵਰਤਾਰੇ ਨੇ ਮੈਨੂੰ ਝੰਜੋੜ ਦਿੱਤਾ ਸੀ। ਮੈਨੂੰ ਆਖ਼ਰਾਂ ਦੀ ਗਰਮੀ ਲੱਗ ਰਹੀ ਸੀ ਜਿਵੇਂ ਸੂਰਜ ਨੇ ਸਾਰਾ ਤਾਪ ਕਚਹਿਰੀ ਵਿੱਚ ਵਰ੍ਹਾ ਦਿੱਤਾ ਹੋਵੇ। ਮੈਂ ਪਸੀਨੇ ਨਾਲ ਗੜੁੱਚ ਅਤੇ ਡੌਰ ਭੌਰ ਹੋਇਆ ਘਰ ਜਾਣ ਤੋਂ ਮੁਨਕਰ ਸੀ। ਮੈਨੂੰ ਲੱਗ ਰਿਹਾ ਸੀ, ਜਦੋਂ ਮੈਂ ਤੇ ਬਾਪੂ ਘਰੇ ਇਕੱਠੇ ਹੋਵਾਂਗੇ ਤਾਂ ਉਸ ਦੇ ਲਾਲਚ, ਹਉਮੈ ਅਤੇ ਮੇਰੇ ਆਦਰਸ਼ ਦੀ ਤਪਸ਼ ਸਾਰੇ ਰਿਸ਼ਤਿਆਂ ਨੂੰ ਸਾੜ ਨਾ ਦੇਵੇ।
ਸੰਪਰਕ: 94170-81419

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All