ਹੀਰ-ਰਾਂਝੇ ਨੂੰ ਅਮਰ ਕਰਨ ਵਾਲਾ ਵਾਰਿਸ ਸ਼ਾਹ

ਹੀਰ-ਰਾਂਝੇ ਨੂੰ ਅਮਰ ਕਰਨ ਵਾਲਾ ਵਾਰਿਸ ਸ਼ਾਹ

ਦਰਸ਼ਨ ਸਿੰਘ ਪ੍ਰੀਤੀਮਾਨ

ਕਿਸੇ ਨੂੰ ਅਮਰ ਕਰਨ ਦੀ ਸਮਰੱਥਾ ਰੱਖਣ ਵਾਲਾ ਮਨੁੱਖ ਆਪ ਵੀ ਅਮਰ ਹੋ ਜਾਂਦਾ ਹੈ। ਅਥਾਹ ਗਿਆਨ ਹੋਣਾ, ਸ਼ਬਦਾਂ ਦਾ ਭੰਡਾਰ ਹੋਣਾ, ਬੋਲੀ ਵਿੱਚ ਮਿਠਾਸ ਹੋਣਾ, ਯਾਦਾਸ਼ਤ ਪੂਰੀ ਕਾਇਮ ਹੋਣੀ, ਲਗਨ ਹੋਣੀ, ਮਿਹਨਤ ਕਰਨ ਤੋਂ ਨਾ ਅੱਕਣਾ ਨਾ ਥੱਕਣਾ, ਆਸ਼ਾਵਾਦੀ ਹੋਣਾ ਅਤੇ ਹੌਂਸਲਾ ਰੱਖਣ ਵਾਲਾ ਇਨਸਾਨ ਪ੍ਰਸਿੱਧੀ ਵੀ ਖੱਟਦਾ ਹੈ, ਆਪਣੀ ਮੰਜ਼ਿਲ ਵੀ ਪਾਉਂਦਾ ਹੈ ਅਤੇ ਲੋਕਾਂ ਲਈ ਚਾਨਣ ਦਾ ਵਣਜਾਰਾ ਵੀ ਬਣਦਾ ਹੈ। ਲੋਕ ਉਸ ਨੂੰ ਆਪਣਾ ਬਣਾ ਲੈਂਦੇ ਹਨ ਤੇ ਉਹ ਸਦਾ ਲਈ ਲੋਕਾਂ ਦਾ ਹੋ ਜਾਂਦਾ ਹੈ। ਉਹ ਸਮਾਜ ਲਈ ਰਾਹ ਦਸੇਰਾ ਬਣ ਜਾਂਦਾ ਹੈ, ਹੱਟੀ, ਭੱਠੀ, ਸੱਥੀ ਉਸ ਦੀਆਂ ਗੱਲਾਂ ਤੁਰਦੀਆਂ ਹਨ। ਲੋਕ ਉਸ ਦੀ ਜ਼ੁਬਾਨੋਂ ਨਿਕਲੇ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਂਦੇ ਹਨ। ਉਸ ਦੇ ਕਹੇ ਤੇ ਲਿਖੇ ਵਾਕ ਲੋਕਾਂ ਦੀ ਜ਼ੁਬਾਨ ’ਤੇ ਆਪ ਮੁਹਾਰੇ ਆ ਚੜ੍ਹਦੇ ਹਨ। ਇੱਕ ਅਜਿਹਾ ਹੀ ਸ਼ਖਸ ਹੋਇਆ ਹੈ, ਜੋ ਕਿੱਸਾ ਹੀਰ-ਰਾਂਝੇ ਨੂੰ ਅਮਰ ਕਰਦਾ-ਕਰਦਾ ਆਪ ਵੀ ਅਮਰ ਹੋ ਗਿਆ। ਉਹ ਹੈ ਸੱਯਦ ਵਾਰਿਸ਼ ਸ਼ਾਹ।

ਸੱਯਦ ਵਾਰਿਸ਼ ਸ਼ਾਹ ਦਾ ਜਨਮ 1722 ਈ: ਵਿੱਚ ਗੁਲਸੇਰ ਖਾਂ ਦੇ ਘਰ ਪਿੰਡ ਜੰਡਿਆਲਾ ਸ਼ੇਰ ਖਾਂ, ਜ਼ਿਲ੍ਹਾ ਸ਼ੇਖੂਪੁਰ (ਪਾਕਿਸਤਾਨ) ’ਚ ਹੋਇਆ। ਉਸ ਨੇ ਕਸੂਰ ਅਤੇ ਪਾਕ ਪਟਨ ਤੋਂ ਵਿੱਦਿਆ ਹਾਸਲ ਕੀਤੀ। ਉਹ ਮੁੰਢ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਸੀ, ਹੌਲੀ-ਹੌਲੀ ਲਿਖਣ ਦੀ ਚੇਟਕ ਵੀ ਲੱਗ ਗਈ ਅਤੇ ਗਾਉਣ ਵੀ ਲੱਗ ਪਿਆ। ਲੋਕ ਉਸ ਦੀ ਲਿਖਤ ਦੀ ਤਰੀਫ਼ ਕਰਦੇ ਅਤੇ ਬੜੇ ਧਿਆਨ ਨਾਲ ਸੁਣਦੇ। ਇਸੇ ਤਰ੍ਹਾਂ ਜਦ ਲੇਖਕ ਦੇ ਪਾਠਕ ਤੇ ਗਾਇਕ ਦੇ ਸਰੋਤੇ ਹੌਂਸਲਾ ਦੇਣ ਲੱਗ ਪੈਣ ਤਾਂ ਲੇਖਕ, ਕਲਾਕਾਰ ਅਗਾਂਹ ਵੱਧਦਾ ਹੈ। ਇਵੇਂ ਹੀ ਇਹ ਕਿੱਸਾਕਾਰ ਅੱਗੇ ਵਧਿਆ।

ਵਾਰਿਸ਼ ਸ਼ਾਹ ਨੇ ਕਿੱਸਾ ਹੀਰ ਨੂੰ ਨਿਵੇਕਲੇ ਢੰਗ ਨਾਲ ਲਿਖਿਆ ਜੋ ਪੰਜਾਬੀ ਸਾਹਿਤ ਦੀ ਉਤਮ ਰਚਨਾ ਅਖਵਾਈ। ਅਹਿਮਦ ਤੇ ਮਕਬੂਲ ਦਾ ਪ੍ਰਭਾਵ ਕਬੂਲਣ ਵਾਲੇ ਨੇ ਅਹਿਮਾਯਾਰ ਤੇ ਬਖਸ਼ ਜਿਹਲਮੀ ਦੇ ਮੁੱਖੋਂ  ਇਹ ਕਿੱਸਾ ਲਾਸਾਨੀ ਕ੍ਰਿਤ ਅਖਵਾਇਆ। ਕਿੱਸਾ ਹੀਰ ਵਿੱਚ ਕਵੀ ਨੇ ਸੱਭਿਆਚਾਰ ਦੇ ਪਿਛੋਕੜ ਦਾ ਚਿੱਤਰ ਪੇਸ਼ ਕਰ ਵਿਖਾਇਆ ਹੈ। ਆਪਣੇ ਲੋਕਾਂ ਨਾਲ ਕਿੱਸਾਕਾਰ ਦੀ ਗੂੜੀ ਸਾਂਝ ਹੋਣ ਕਰਕੇ ਜਨ-ਜੀਵਨ ਦੇ ਦਰਸ਼ਨ ਕਰਵਾਏ ਹਨ। ਉਸ ਸਮੇਂ ਦੇ ਲੋਕਾਂ ਦੀ ਰਹਿਣੀ-ਬਹਿਣੀ, ਰਸਮ-ਰਿਵਾਜ ਖੁਸ਼ੀਆਂ-ਗਮੀਆਂ ਸਭ ਲਿਖ ਧਰੀਆਂ ਹਨ।

ਵਾਰਿਸ਼ ਸ਼ਾਹ ਨੇ ਕਿੱਸਾ ‘ਹੀਰ’ ਨੂੰ ਬੈਂਤ ਛੰਦਾਂ ’ਚ ਪਰੋਇਆ ਹੈ। ਸਾਰੀ ਬੋਲੀ ਮੁਹਾਵਰੇਦਾਰ ਅਪਣਾਈ ਹੈ। ਇਤਿਹਾਸਿਕ ਪੱਖ ਮੁਗਲ ਸਾਮਰਾਜ ਦਾ ਪੂਰਨ ਸੀਨ ਖਿੱਚ ਵਿਖਾਇਆ ਹੈ। ਕਵੀ ਕਿੱਸੇ ਵਿੱਚ ਗੱਲ ਨੂੰ ਇੱਕ-ਦੋ ਵਾਕਾਂ ’ਚ ਆਖ ਕੇ ਸੰਤੁਸ਼ਟ ਨਹੀਂ ਹੁੰਦਾ ਸਗੋਂ ਉਸ ਦਾ ਅੱਗਾ, ਪਿੱਛਾ ਖੋਜ ਧਰਦਾ ਹੈ। ਲੋਕਾਂ ਦੇ ਨਿੱਜੀ ਅਤੇ ਸ਼੍ਰੇਣੀ ਧਰਮ ਦਾ ਵਿਸਥਾਰ ਲੰਬਾ ਹੀ ਲੰਬਾ ਲੈ ਕੇ ਗਿਆ।

ਕਵੀ ਨੇ ਅਜਿਹੇ ਕਈ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੋ ਅਜੋਕੀ ਪੰਜਾਬੀ ਵਿੱਚ ਨਹੀਂ ਮਿਲਦੇ। ਹਰ ਗੱਲ ਸਪੱਸ਼ਟ ਆਖਣ ਵਾਲੇ ਦੀ ਬੋਲੀ ਢੁਕਵੀਂ-ਫੱਬਣੀ, ਸੋਹਣੀ ਤੇ ਬੌਧਿਕ ਗੁਣਾ ਨਾਲ ਭਰਭੂਰ  ਹੈ। ਸੱਯਦ ਦੂਰ ਤੱਕ ਵੇਖਣ, ਪਰਖਣ ਦੀ ਸੋਝੀ ਰੱਖਦਾ ਹੈ। ਉਹ ਫਕੀਰੀ ਦਾ ਮਰਤਬਾ ਗਾਉਂਦਾ, ਪੰਜਾਂ ਪੀਰਾਂ ਦੀ ਗੱਲ ਕਰਦਾ ਹੈ ਅਤੇ ਕੁਦਰਤੀ ਸੁੰਦਰਤਾ ਤੋਂ ਮਨੁੱਖੀ ਸੁੰਦਰਤਾ ਦੇ ਵਧੀਆ ਤੋਂ ਵਧੀਆ ਨਮੂਨੇ ਪੇਸ਼ ਕਰਕੇ ਸਾਹਮਣੇ ਲਿਆ ਧਰਦਾ ਹੈ।

ਵਾਰਿਸ਼ ਸ਼ਾਹ ਨੇ ਕਿੱਸਾ ਹੀਰ ਬਹੁਤ ਮਿਹਨਤ ਨਾਲ ਤਿਆਰ ਕੀਤਾ, ਤਾਹੀਓਂ ਲੋਕ ਦਿਲਾਂ ਨੂੰ ਬਹੁਤ ਭਾਇਆ ਹੈ। ਕਵੀ ਨੇ ਹੀਰ-ਰਾਂਝੇ ਨੂੰ ਅਮਰ ਕੀਤਾ, ਤਾਹੀਓਂ ਆਪ ਵੀ ਅਮਰ ਹੋ ਗਿਆ। ਉਸ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ, ਇਸ ਲਈ ਸਮਾਜ ਵੀ ਉਸ ਨੂੰ ਕਦੇ ਨਹੀਂ ਭੁਲਾਉਂਦਾ। ਕੁਦਰਤ ਨੇ ਕਵੀ ਨੂੰ ਐਸੇ ਦਿਮਾਗ ਦੀ ਬਖਸ਼ਿਸ਼ ਕੀਤੀ ਸੀ, ਜਿਸ ਨੇ ਇੰਨਾ ਲਾਸਾਨੀ ਮਹਾ-ਕਾਵਿ ਕਿੱਸਾ ਤਿਆਰ ਕਰ ਦਿੱਤਾ। ਵਾਰਿਸ ਨੇ ਪੰਜਾਬੀ ਸਾਹਿਤ ਵਿੱਚ ਅਜਿਹੀਆਂ ਵਿਲੱਖਣ ਪੈੜਾਂ ਪਾਈਆਂ ਕਿ ਅੱਜ ਕਵੀ ਦਾ ਨਾਂ ਸੰਸਾਰ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ। ਵਾਰਸ ਸ਼ਾਹ ਨੇ ਖੋਜਕਾਰਾਂ ਲਈ ਇੱਕ ਨਵੇਕਲੀ ਕਲਾ ਰਾਹੀਂ ਹੀਰ ਲਿਖ ਕੇ ਆਪਣੀ ਈਨ ਮਨਾਈ, ਉਸ ਨੇ ਸਮਾਜ ਦੀਆਂ ਅਜਿਹੀਆਂ ਅਟੱਲ ਸੱਚਾਈਆਂ ਨੂੰ ਕਿੱਸੇ ਰਾਹੀਂ ਪੇਸ਼ ਕੀਤਾ, ਜੋ ਅੱਜ ਵੀ ਅਟੱਲ ਹਨ, ਜਿਵੇਂ; ਵਾਰਿਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ, ਵਾਰਿਸ ਸ਼ਾਹ ਨੇ ਇਸ ਕਿੱਸੇ ਵਿੱਚ ਉਹ ਰੱਬੀ ਰੁਹਾਨੀ ਪਿਆਰ ਭਰਿਆ ਜੋ ਅੱਜ ਤੱਕ ਕੋਈ ਕਿੱਸਾਕਾਰ ਨਹੀਂ ਭਰ ਸਕਿਆ।

ਸੱਯਦ ਵਾਰਿਸ਼ ਸ਼ਾਹ 1798 ਈ: ਵਿੱਚ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਕਵੀਆਂ ਦੇ ਬੋਹੜ ਬਾਬੇ ਦੀ ਯਾਦ ਹਮੇਸ਼ਾਂ ਤਾਜ਼ਾ ਰਹੇਗੀ। ਭਾਵੇਂ ਸਰੀਰਕ ਤੌਰ ’ਤੇ ਉਹ ਸਾਡੇ ਵਿਚਕਾਰ ਨਹੀਂ ਪਰ ਉਸ ਦਾ ਕਿੱਸਾ ‘ਹੀਰ’ ਉਸ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਰੱਖੇਗਾ। ਮਾਂ ਬੋਲੀ ਪੰਜਾਬੀ ਦੇ ਲਾਡਲੇ ਲਾਲ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ। ਉਨ੍ਹਾਂ ਦੀ ਵਿਲੱਖਣ ਲਿਖਤ ਨੂੰ ਬੜੇ ਮਾਣ ਆਦਰ ਨਾਲ ਪੜ੍ਹਿਆ ਜਾਂਦਾ ਰਹੇਗਾ।

ਵਾਰਿਸ ਸ਼ਾਹ ਬਾਰੇ ਉੱਘੇ ਕਵੀਆਂ ਦੇ ਵਿਚਾਰ

ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ, ਨਿੰਦੇ ਕੌਣ ਉਨ੍ਹਾਂ ਨੂੰ
ਹਰਫ਼ ਉਹਦੇ ਤੇ ਉਂਗਲ ਧਰਨੀ, ਨਾਹੀਂ ਕਦਰ ਅਸਾਂ ਨੂੰ। 
ਜਿਹੜੀ ਓਸਿ ਚੋਪੜ ਪਈ ਆਖੀ, ਜੇ ਸਮਝੇ ਕੋਈ ਸਾਰੀ
ਹਿਕ ਹਿਕ ਸੁਖ਼ਨ ਅੰਦਰ ਖ਼ੁਸ਼ਬੋਈਂ, ਵਾਂਙ ਫੁਲਾਂ ਦੀ ਖਾਰੀ।
-ਮੀਆਂ ਮੁਹੰਮਦ ਬਖਸ਼

ਮਿੱਠੀ ਬੋਲੀ ਦੇ ਵਾਰਸਾ ! ਸੱਚ ਮੰਨੀਂ,
ਮੰਨਾਂ ਮੈਂ ਪੰਜਾਬੀ ਦਾ ਪੀਰ ਤੈਨੂੰ ।
ਪੰਜਾਂ ਪਾਣੀਆਂ ਵਿੱਚ ਤੂੰ ਲਏਂ ਲਹਿਰਾਂ,
ਆਸ਼ਕ ਸਮਝਦੇ ਅੱਖ ਦਾ ਨੀਰ ਤੈਨੂੰ ।
ਕਲਮ ਨਹੀ', ਇਹ ਛਾਤੀਆਂ ਵਿੰਨ੍ਹਣੇ ਨੂੰ,
ਵਾਹ ਵਾਹ ਦਿੱਤਾ 'ਵਿਧਾਤਾ' ਨੇ 'ਤੀਰ' ਤੈਨੂੰ ।
ਦਿੱਤੀ ਜਿੰਦ ਤੂੰ 'ਹੀਰ ਸਲੇਟੜੀ' ਨੂੰ,
ਦੇ ਗਈ ਸਦਾ ਦੀ ਜ਼ਿੰਦਗੀ ਹੀਰ ਤੈਨੂੰ।
-ਵਿਧਾਤਾ ਸਿੰਘ ਤੀਰ

ਕਿੱਸਾ ‘ਹੀਰ’ ਦੇ ਕੁੱਝ ਬੈਂਤ
ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ, ਪੜ੍ਹ ਸੈਫ਼ੀਆਂ ਜ਼ੁਹਦ ਕਮਾਵਨੇ ਹਾਂ।
ਮਕਰ ਫ਼ਨ ਨੂੰ ਭੰਨ ਕੇ ਸਾਫ਼ ਕਰਦੇ, ਜਿਨ ਭੂਤ ਨੂੰ ਸਾੜ ਵਿਖਾਵਨੇ ਹਾਂ ।
ਨਕਸ਼ ਲਿਖ ਕੇ ਫੂਕ ਯਾਸੀਨ ਦੇਈਏ, ਸਾਏ ਸੂਲ ਦੀ ਜ਼ਾਤ ਗਵਾਵਨੇ ਹਾਂ।
ਦੁਖ ਦਰਦ ਬਲਾਇ ਤੇ ਜਾਏ ਤੰਗੀ, ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ।
ਸਣੇ ਤਸਮੀਆਂ ਪੜ੍ਹਾਂ ਇਖ਼ਲਾਸ ਸੂਰਾ, ਜੜ੍ਹਾਂ ਵੈਰ ਦੀਆਂ ਪੁੱਟ ਵਗਾਹਵਨੇ ਹਾਂ।
ਦਿਲੋਂ ਹੁੱਬ ਦੇ ਚਾਇ ਤਾਵੀਜ਼ ਲਿਖੀਏ, ਅਸੀਂ ਰੁਠੜੇ ਯਾਰ ਮਿਲਾਵਨੇ ਹਾਂ ।
ਸੰਪਰਕ: 98796-06963

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

ਅਰਜਨਟੀਨਾ ਦੀ ਟੀਮ ਨੇ 2-1 ਨਾਲ ਹਰਾਇਆ; ਕਾਂਸੀ ਦੇ ਤਗਮੇ ਲਈ ਭਾਰਤੀ ਖਿਡ...

ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ

ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ

ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਕੀਤਾ ਦਾਅਵਾ

ਓਲੰਪਿਕ ਕੁਸ਼ਤੀ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ਵਿੱਚ

ਓਲੰਪਿਕ ਕੁਸ਼ਤੀ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ਵਿੱਚ

ਚਾਂਦੀ ਦਾ ਤਗਮਾ ਪੱਕਾ ਕੀਤਾ, ਸੈਮੀ-ਫਾਈਨਲ ਵਿੱਚ ਕਜ਼ਾਖਸਤਾਨ ਦੇ ਸਾਨਾਯੇ...

ਚੰਡੀਗੜ੍ਹ ਲਈ ਪ੍ਰਸ਼ਾਸਕ ਨਿਯੁਕਤ ਕਰਨ ਦੀ ਤਜਵੀਜ਼ ਦਾ ਅਕਾਲੀ ਦਲ ਵੱਲੋਂ ਵਿਰੋਧ

ਚੰਡੀਗੜ੍ਹ ਲਈ ਪ੍ਰਸ਼ਾਸਕ ਨਿਯੁਕਤ ਕਰਨ ਦੀ ਤਜਵੀਜ਼ ਦਾ ਅਕਾਲੀ ਦਲ ਵੱਲੋਂ ਵਿਰੋਧ

ਚੰਡੀਗੜ੍ਹ ਤੁਰੰਤ ਪੰਜਾਬ ਨੂੰ ਦਿੱਤਾ ਜਾਵੇ: ਸੁਖਬੀਰ

ਸ਼ਹਿਰ

View All