DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਝਰੇ ਉੱਠੋ ਅਤੇ ਮੋਟਾਪਾ, ਸ਼ੂਗਰ, ਤਣਾਅ ਤੋਂ ਮੁਕਤੀ ਪਾਓ

ਸਵੇਰ ਦਾ ਇੱਕ ਘੰਟਾ ਦਿਨ ਦੇ ਦੋ ਘੰਟਿਆਂ ਦੇ ਬਰਾਬਰ ਹੁੰਦਾ ਹੈ। ਇਹ ਸਿਰਫ਼ ਕਹਾਵਤ ਨਹੀਂ ਸਗੋਂ ਜੀਵਨ ਦੀ ਅਟੱਲ ਸਚਾਈ ਹੈ। ਸਾਡੀ ਲੋਕ ਬੋਲੀ ਵਿੱਚ ਇੱਕ ਹੋਰ ਪ੍ਰਸਿੱਧ ਕਹਾਵਤ ਹੈ ‘ਜਿਹੜਾ ਸਵੇਰੇ ਜਲਦੀ ਉੱਠ ਨਹਾ ਲਿਆ, ਉਹਨੇ ਆਪਣਾ ਅੱਧਾ...

  • fb
  • twitter
  • whatsapp
  • whatsapp
Advertisement

ਸਵੇਰ ਦਾ ਇੱਕ ਘੰਟਾ ਦਿਨ ਦੇ ਦੋ ਘੰਟਿਆਂ ਦੇ ਬਰਾਬਰ ਹੁੰਦਾ ਹੈ। ਇਹ ਸਿਰਫ਼ ਕਹਾਵਤ ਨਹੀਂ ਸਗੋਂ ਜੀਵਨ ਦੀ ਅਟੱਲ ਸਚਾਈ ਹੈ। ਸਾਡੀ ਲੋਕ ਬੋਲੀ ਵਿੱਚ ਇੱਕ ਹੋਰ ਪ੍ਰਸਿੱਧ ਕਹਾਵਤ ਹੈ ‘ਜਿਹੜਾ ਸਵੇਰੇ ਜਲਦੀ ਉੱਠ ਨਹਾ ਲਿਆ, ਉਹਨੇ ਆਪਣਾ ਅੱਧਾ ਕੰਮ ਮੁਕਾ ਲਿਆ’। ਇਸ ਇੱਕ ਵਾਕ ਵਿੱਚ ਜੀਵਨ ਦੀ ਸਫ਼ਲਤਾ, ਅਨੁਸ਼ਾਸਨ, ਮਿਹਨਤ ਅਤੇ ਸਮੇਂ ਦੀ ਕਦਰ ਦਾ ਪੂਰਾ ਦਰਸ਼ਨ ਸਮਾਇਆ ਹੈ। ਜਿਸ ਮਨੁੱਖ ਨੇ ਸਵੇਰ ਦੇ ਕੀਮਤੀ ਪਲਾਂ ਨੂੰ ਆਪਣਾ ਬਣਾ ਲਿਆ, ਉਹ ਆਪਣੀ ਜ਼ਿੰਦਗੀ ਨੂੰ ਵੀ ਸਹੀ ਦਿਸ਼ਾ ਦੇ ਸਕਦਾ ਹੈ। ਅੱਜ ਦਾ ਮਨੁੱਖ ਹਰ ਕੰਮ ਲਈ ਸਮੇਂ ਦੀ ਕਮੀ ਦਾ ਰੋਣਾ ਰੋਂਦਾ ਹੈ। ਕੋਈ ਕਹਿੰਦਾ ਹੈ ਕਿ ਪੜ੍ਹਨ ਲਈ ਸਮਾਂ ਨਹੀਂ, ਕੋਈ ਕਹਿੰਦਾ ਹੈ ਕਿ ਸਿਹਤ ਦਾ ਧਿਆਨ ਰੱਖਣ ਦਾ ਸਮਾਂ ਨਹੀਂ, ਕੋਈ ਪਰਿਵਾਰ ਲਈ ਸਮਾਂ ਨਾ ਹੋਣ ਦੀ ਗੱਲ ਕਰਦਾ ਹੈ। ਜਦੋਂ ਅਸੀਂ ਇਸ ਸਮੱਸਿਆ ਦੀ ਜੜ੍ਹ ਤੱਕ ਜਾਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਮੇਂ ਦੀ ਕਮੀ ਨਹੀਂ ਸਗੋਂ ਸਮੇਂ ਦੀ ਗ਼ਲਤ ਵਰਤੋਂ ਸਾਡੀ ਅਸਲੀ ਸਮੱਸਿਆ ਹੈ। ਜੇਕਰ ਅਸੀਂ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਤੋਂ ਪਹਿਲਾਂ ਕਰੀਏ ਤਾਂ ਉਹੀ ਚੌਵੀ ਘੰਟੇ ਸਾਨੂੰ ਬਹੁਤ ਵੱਡੇ ਲੱਗਣ ਲੱਗਦੇ ਹਨ।

ਸਿੱਖ ਧਰਮ ਵਿੱਚ ਅੰਮ੍ਰਿਤ ਵੇਲੇ ਦੀ ਮਹਾਨਤਾ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

Advertisement

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।

Advertisement

ਇਹ ਸਿਰਫ਼ ਧਾਰਮਿਕ ਉਪਦੇਸ਼ ਨਹੀਂ ਸਗੋਂ ਮਨੁੱਖ ਦੇ ਸਮੁੱਚੇ ਜੀਵਨ ਨੂੰ ਸੁਚੱਜਾ ਬਣਾਉਣ ਦਾ ਮਾਰਗ ਹੈ। ਅੰਮ੍ਰਿਤ ਵੇਲਾ ਉਹ ਸਮਾਂ ਹੈ ਜਦੋਂ ਕੁਦਰਤ ਸ਼ਾਂਤ ਹੁੰਦੀ ਹੈ, ਮਨ ਨੂੰ ਭਟਕਣਾ ਨਹੀਂ ਹੁੰਦੀ ਅਤੇ ਆਤਮਾ ਪ੍ਰਭੂ ਨਾਲ ਜੁੜਨ ਲਈ ਸਭ ਤੋਂ ਵੱਧ ਤਿਆਰ ਹੁੰਦੀ ਹੈ। ਇਸ ਸਮੇਂ ਕੀਤਾ ਗਿਆ ਸਿਮਰਨ, ਪਾਠ, ਧਿਆਨ ਜਾਂ ਚਿੰਤਨ ਮਨੁੱਖ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਜਦੋਂ ਪੂਰੀ ਦੁਨੀਆ ਨੀਂਦ ’ਚ ਹੁੰਦੀ ਹੈ, ਉਸ ਵੇਲੇ ਜਾਗਣ ਵਾਲਾ ਵਿਅਕਤੀ ਆਪਣੇ ਸੁਪਨਿਆਂ ਨੂੰ ਜਗਾਉਂਦਾ ਹੈ। ਉਹ ਦਿਨ ਦੀ ਯੋਜਨਾ ਬਣਾਉਂਦਾ, ਆਪਣੀਆਂ ਕਮੀਆਂ ’ਤੇ ਵਿਚਾਰ ਕਰਦਾ ਅਤੇ ਨਵੇਂ ਟੀਚਿਆਂ ਵੱਲ ਕਦਮ ਵਧਾਉਂਦਾ ਹੈ। ਇਹੀ ਕਾਰਨ ਹੈ ਕਿ ਜ਼ਿੰਦਗੀ ਵਿੱਚ ਵੱਡੀਆਂ ਮੰਜ਼ਿਲਾਂ ਸਰ ਕਰਨ ਵਾਲੇ ਲੋਕਾਂ ਦੀਆਂ ਆਦਤਾਂ ਵਿੱਚ ਸਵੇਰੇ ਜਲਦੀ ਉੱਠਣਾ ਲਾਜ਼ਮੀ ਤੌਰ ’ਤੇ ਸ਼ਾਮਿਲ ਹੁੰਦਾ ਹੈ। ਸਵੇਰ ਦਾ ਸਮਾਂ ਕੁਦਰਤ ਦਾ ਸਭ ਤੋਂ ਸੁੰਦਰ ਰੂਪ ਹੁੰਦਾ ਹੈ। ਠੰਢੀ ਹਵਾ, ਪੰਛੀਆਂ ਦੀ ਮਿੱਠੀ ਚਹਿਕ, ਰੁੱਖਾਂ ਦੀ ਹਰਿਆਵਲ ਅਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਮਨੁੱਖ ਦੇ ਮਨ ਨੂੰ ਨਵੀਂ ਊਰਜਾ ਨਾਲ ਭਰ ਦਿੰਦੀਆਂ ਹਨ। ਇਸ ਸਮੇਂ ਮਨ ਵਿੱਚ ਨਾਂਹ-ਪੱਖੀ ਵਿਚਾਰ ਘੱਟ ਹੁੰਦੇ ਹਨ ਅਤੇ ਹਾਂ-ਪੱਖੀ ਸੋਚ ਵਧਦੀ ਹੈ। ਇਸ ਲਈ ਸਵੇਰੇ ਪੜ੍ਹਿਆ ਹੋਇਆ ਪਾਠ ਜ਼ਿਆਦਾ ਯਾਦ ਰਹਿੰਦਾ ਹੈ ਅਤੇ ਕੀਤਾ ਗਿਆ ਕੰਮ ਵਧੇਰੇ ਸਫ਼ਲ ਹੁੰਦਾ ਹੈ। ਵਿਦਿਆਰਥੀਆਂ ਲਈ ਸਵੇਰੇ ਉੱਠਣਾ ਕਿਸੇ ਵਰਦਾਨ ਤੋਂ ਘੱਟ ਨਹੀਂ। ਅੰਮ੍ਰਿਤ ਵੇਲੇ ਕੀਤਾ ਗਿਆ ਅਧਿਐਨ ਦਿਮਾਗ਼ ’ਤੇ ਡੂੰਘਾ ਪ੍ਰਭਾਵ ਛੱਡਦਾ ਹੈ। ਇਸ ਵੇਲੇ ਯਾਦ ਕਰਨ ਦੀ ਸ਼ਕਤੀ ਵੀ ਵਧੀਆ ਹੁੰਦੀ ਹੈ। ਜਿਹੜੇ ਵਿਦਿਆਰਥੀ ਸਵੇਰੇ ਉੱਠ ਕੇ ਪੜ੍ਹਨ ਦੀ ਆਦਤ ਪਾ ਲੈਂਦੇ ਹਨ, ਉਹ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਦੇ ਹਨ ਅਤੇ ਜੀਵਨ ਵਿੱਚ ਵੀ ਅਨੁਸ਼ਾਸਿਤ ਬਣਦੇ ਹਨ। ਸਵੇਰੇ ਜਲਦੀ ਉੱਠਣ ਨਾਲ ਸਿਰਫ਼ ਪੜ੍ਹਾਈ ਜਾਂ ਕੰਮ ਹੀ ਨਹੀਂ ਸੁਧਰਦਾ ਸਗੋਂ ਸਿਹਤ ਵੀ ਚੰਗੀ ਰਹਿੰਦੀ ਹੈ। ਸਵੇਰ ਦੀ ਸੈਰ, ਕਸਰਤ ਅਤੇ ਯੋਗ ਸਰੀਰ ਨੂੰ ਤੰਦਰੁਸਤ ਬਣਾਉਂਦੇ ਹਨ। ਡਾਕਟਰ ਵੀ ਮੰਨਦੇ ਹਨ ਕਿ ਜਿਹੜੇ ਲੋਕ ਸਵੇਰੇ ਜਲਦੀ ਉੱਠਦੇ ਹਨ, ਉਨ੍ਹਾਂ ਵਿੱਚ ਮੋਟਾਪਾ, ਸ਼ੂਗਰ, ਤਣਾਅ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਵੱਸਦਾ ਹੈ ਅਤੇ ਸਿਹਤਮੰਦ ਮਨ ਹੀ ਵੱਡੀਆਂ ਕਾਮਯਾਬੀਆਂ ਦੀ ਨੀਂਹ ਰੱਖਦਾ ਹੈ। ਸਾਡੇ ਬਜ਼ੁਰਗਾਂ ਦਾ ਜੀਵਨ ਸਾਡੇ ਲਈ ਇੱਕ ਸਬਕ ਹੈ। ਉਹ ਬਿਨਾਂ ਅਲਾਰਮ ਦੇ ਹੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਸਨ। ਇਸ਼ਨਾਨ ਕਰਦੇ, ਪਰਮਾਤਮਾ ਦਾ ਸਿਮਰਨ ਕਰਦੇ ਅਤੇ ਆਪਣੇ ਕੰਮਾਂ ਵਿੱਚ ਜੁਟ ਜਾਂਦੇ ਸਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਸੀ। ਇਸੇ ਲਈ ਉਹ ਸਰੀਰਕ ਤੌਰ ’ਤੇ ਮਜ਼ਬੂਤ ਅਤੇ ਮਾਨਸਿਕ ਤੌਰ ’ਤੇ ਸੰਤੁਸ਼ਟ ਸਨ। ਉਹ ਅਕਸਰ ਕਹਿੰਦੇ ਸਨ ਕਿ ‘ਜਾਗਦਾ ਕਿਸਮਤ ਜਗਾਉਂਦਾ ਹੈ, ਸੁੱਤਾ ਮੌਕੇ ਗੁਆਉਂਦਾ ਹੈ’।

ਅੱਜ ਦੀ ਪੀੜ੍ਹੀ ਦੀ ਸਭ ਤੋਂ ਵੱਡੀ ਸਮੱਸਿਆ ਦੇਰ ਰਾਤ ਤੱਕ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਹੈ। ਲੋਕ ਰਾਤ ਦੇਰ ਤੱਕ ਸਕਰੀਨ ਸਾਹਮਣੇ ਬੈਠੇ ਰਹਿੰਦੇ ਹਨ ਅਤੇ ਸਵੇਰੇ ਦੇਰ ਨਾਲ ਉੱਠਦੇ ਹਨ। ਇਸ ਕਾਰਨ ਨਾ ਸਿਰਫ਼ ਸਿਹਤ ਪ੍ਰਭਾਵਿਤ ਹੁੰਦੀ ਹੈ ਸਗੋਂ ਕੰਮ ਕਰਨ ਦੀ ਸਮਰੱਥਾ ਵੀ ਘਟਦੀ ਹੈ। ਜੇਕਰ ਅਸੀਂ ਸਿਰਫ਼ ਇੱਕ ਆਦਤ ਅਪਣਾ ਲਈਏ ਕਿ ਰਾਤ ਨੂੰ ਸਮੇਂ ਸਿਰ ਸੌਣਾ ਅਤੇ ਸਵੇਰੇ ਜਲਦੀ ਉੱਠਣਾ ਹੈ ਤਾਂ ਸਾਡੀ ਜ਼ਿੰਦਗੀ ਵਿੱਚ ਅਦਭੁੱਤ ਤਬਦੀਲੀ ਆ ਸਕਦੀ ਹੈ। ਸਮਾਂ ਦੁਨੀਆ ਦੀ ਸਭ ਤੋਂ ਵੱਡੀ ਪੂੰਜੀ ਹੈ। ਪੈਸਾ ਗੁਆਚ ਜਾਵੇ ਤਾਂ ਮੁੜ ਕਮਾਇਆ ਜਾ ਸਕਦਾ ਹੈ, ਪਰ ਇੱਕ ਵਾਰ ਹੱਥੋਂ ਨਿਕਲਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਇਸ ਲਈ ਹਰ ਸਵੇਰ ਸਾਡੇ ਲਈ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਮੌਕੇ ਨੂੰ ਨੀਂਦ ਵਿੱਚ ਗੁਆ ਦੇਈਏ ਜਾਂ ਮਿਹਨਤ ਨਾਲ ਸਫ਼ਲਤਾ ’ਚ ਬਦਲ ਦੇਈਏ। ਅੱਜ ਦੇ ਨੌਜਵਾਨਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਫ਼ਲਤਾ ਕਿਸੇ ਜਾਦੂ ਦਾ ਨਤੀਜਾ ਨਹੀਂ ਹੁੰਦੀ। ਇਹ ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਦਾ ਨਤੀਜਾ ਹੁੰਦੀ ਹੈ। ਸਮੇਂ ਸਿਰ ਸੌਣਾ, ਸਵੇਰੇ ਜਲਦੀ ਉੱਠਣਾ, ਸਰੀਰ ਨੂੰ ਤੰਦਰੁਸਤ ਰੱਖਣਾ, ਮਨ ਨੂੰ ਸ਼ਾਂਤ ਰੱਖਣਾ ਅਤੇ ਦਿਨ ਦੀ ਸ਼ੁਰੂਆਤ ਉਦੇਸ਼ ਨਾਲ ਕਰਨਾ ਹੀ ਸਫ਼ਲਤਾ ਦੀਆਂ ਅਸਲ ਪੌੜੀਆਂ ਹਨ। ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਆਦਤ ਛੋਟੀ ਉਮਰ ਤੋਂ ਹੀ ਪਾਉਣੀ ਚਾਹੀਦੀ ਹੈ। ਜੇਕਰ ਬਚਪਨ ਤੋਂ ਹੀ ਉਹ ਅੰਮ੍ਰਿਤ ਵੇਲੇ ਉੱਠਣ, ਇਸ਼ਨਾਨ ਕਰਨ, ਪਾਠ ਕਰਨ ਅਤੇ ਸਮੇਂ ਦੀ ਕਦਰ ਕਰਨ ਦੀ ਆਦਤ ਪਾ ਲੈਣ ਤਾਂ ਉਹ ਭਵਿੱਖ ਵਿੱਚ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਨਗੇ। ਅੰਤ ਵਿੱਚ ਇਹੀ ਕਹਿ ਸਕਦੇ ਹਾਂ ਕਿ ਸਵੇਰੇ ਜਲਦੀ ਉੱਠਣਾ ਜੀਵਨ ਦੀ ਕਾਮਯਾਬੀ ਦਾ ਮੂਲ ਮੰਤਰ ਹੈ। ਜੇ ਅਸੀਂ ਹਰ ਸਵੇਰ ਨੂੰ ਇੱਕ ਨਵੇਂ ਮੌਕੇ ਵਜੋਂ ਸਵੀਕਾਰ ਕਰੀਏ, ਪਰਮਾਤਮਾ ਦਾ ਸ਼ੁਕਰਾਨਾ ਕਰੀਏ, ਮਿਹਨਤ ਨੂੰ ਆਪਣਾ ਧਰਮ ਬਣਾਈਏ ਅਤੇ ਸਮੇਂ ਦੀ ਕਦਰ ਕਰੀਏ ਤਾਂ ਕੋਈ ਵੀ ਮੰਜ਼ਿਲ ਸਾਡੇ ਲਈ ਦੂਰ ਨਹੀਂ ਰਹੇਗੀ। ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ: ‘ਜੋ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦਾ ਹੈ, ਉਹ ਸਿਰਫ਼ ਦਿਨ ਨਹੀਂ, ਆਪਣੀ ਕਿਸਮਤ ਵੀ ਜਗਾਉਂਦਾ ਹੈ।’

ਸੰਪਰਕ: 98157-88001

Advertisement
×