DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਰਸਾਤ ਦੀ ਉਡੀਕ: ਚਿਹਰਿਆਂ ’ਤੇ ਖ਼ੁਸ਼ੀ, ਮਨ ’ਚ ਡਰ

ਪੁਰਾਤਨ ਸਮਿਆਂ ਤੋਂ ਲੋਕ ਬਰਸਾਤ ਦੇ ਮੌਸਮ ਨੂੰ ਚਾਅ ਨਾਲ ਉਡੀਕਦੇ ਹਨ ਕਿਉਂਕਿ ਜੇਠ ਤੇ ਹਾੜ੍ਹ ਦੀ ਗਰਮੀ ਤੋਂ ਰਾਹਤ ਮੀਂਹ ਪੈਣ ਨਾਲ ਹੀ ਮਿਲਦੀ ਹੈ। ਪਹਿਲਾਂ ਖੇਤੀ ਦਾ ਪੂਰਾ ਢਾਂਚਾ ਮੌਨਸੂਨ ਨਾਲ ਜੁੜਿਆ ਹੋਇਆ ਸੀ। ਕਿਸਾਨ ਮੀਂਹ ਦੀ ਬੇਸਬਰੀ...

  • fb
  • twitter
  • whatsapp
  • whatsapp
Advertisement

ਪੁਰਾਤਨ ਸਮਿਆਂ ਤੋਂ ਲੋਕ ਬਰਸਾਤ ਦੇ ਮੌਸਮ ਨੂੰ ਚਾਅ ਨਾਲ ਉਡੀਕਦੇ ਹਨ ਕਿਉਂਕਿ ਜੇਠ ਤੇ ਹਾੜ੍ਹ ਦੀ ਗਰਮੀ ਤੋਂ ਰਾਹਤ ਮੀਂਹ ਪੈਣ ਨਾਲ ਹੀ ਮਿਲਦੀ ਹੈ। ਪਹਿਲਾਂ ਖੇਤੀ ਦਾ ਪੂਰਾ ਢਾਂਚਾ ਮੌਨਸੂਨ ਨਾਲ ਜੁੜਿਆ ਹੋਇਆ ਸੀ। ਕਿਸਾਨ ਮੀਂਹ ਦੀ ਬੇਸਬਰੀ ਨਾਲ ਉਡੀਕ ਕਰਦੇ, ਮੀਂਹ ਪੈਣ ਨਾਲ ਪਸ਼ੂਆਂ ਲਈ ਹਰਾ ਚਾਰਾ ਤਿਆਰ ਹੋ ਜਾਂਦਾ ਜਿਸ ਨਾਲ ਲੋਕ ਪਸ਼ੂਆਂ ਨੂੰ ਚਰਨ ਲਈ ਖੁੱਲ੍ਹੇ ਛੱਡ ਦਿੰਦੇ, ਫ਼ਸਲ ਦੀ ਬਿਜਾਈ ਵੀ ਮੀਂਹ ਪੈਣ ਤੋਂ ਬਾਅਦ ਹੀ ਹੁੰਦੀ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਫ਼ਸਲੀ ਚੱਕਰ ਵਿੱਚ ਬਹੁਤ ਵੱਡੀ ਤਬਦੀਲੀ ਆਈ। ਹਰੀ ਕ੍ਰਾਂਤੀ ਨੇ ਸਾਡੇ ਵੰਨ-ਸੁਵੰਨੇ ਫ਼ਸਲੀ ਚੱਕਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਸਾਉਣੀ ਦੀਆਂ ਸਾਰੀਆਂ ਫ਼ਸਲਾਂ ਨੂੰ ਝੋਨੇ ਨੇ ਆਪਣੀ ਲਪੇਟ ਵਿੱਚ ਲੈ ਲਿਆ। ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ’ਤੇ ਨਿਰਭਰ ਹੈ ਅਤੇ ਸਭ ਤੋਂ ਵੱਧ ਪਾਣੀ ਦੀ ਲਾਗਤ ਵੀ ਝੋਨੇ ਦੀ ਫ਼ਸਲ ’ਤੇ ਹੁੰਦੀ ਹੈ। ਹੁਣ ਭਾਵੇਂ ਥਾਂ-ਥਾਂ ’ਤੇ ਟਿਊਬਵੈੱਲ ਹਨ ਪਰ ਬਰਸਾਤ ਤੋਂ ਬਗ਼ੈਰ ਝੋਨੇ ਦੀ ਫ਼ਸਲ ਹੋਣੀ ਅਸੰਭਵ ਹੈ। ਲੋਕ ਝੋਨੇ ਦੀ ਫ਼ਸਲ ਬੀਜਣ ਤੋਂ ਪਹਿਲਾਂ ਮੀਂਹ ਦੀ ਉਡੀਕ ਕਰਦੇ ਹਨ। ਧਾਰਮਿਕ ਵਿਸ਼ਵਾਸ ਤਹਿਤ ਇੰਦਰ ਦੇਵਤਾ ਨੂੰ ਖ਼ੁਸ਼ ਕਰਨ ਲਈ ਜੱਗ ਕੀਤੇ ਜਾਂਦੇ ਹਨ। ਤਪਦੀ ਗਰਮੀ ਵਿੱਚ ਪਾਣੀ ਦੀਆਂ ਛਬੀਲਾਂ, ਮਿੱਠੇ ਚੌਲ, ਪ੍ਰਸਾਦ, ਖੀਰ ਪੂੜਿਆਂ ਦੇ ਲੰਗਰ ਲਾਏ ਜਾਂਦੇ ਹਨ।

ਪਿਛਲੇ ਸਮੇਂ ਵਿੱਚ ਹੋਈਆਂ ਮੌਸਮੀ ਤਬਦੀਲੀਆਂ ਕਾਰਨ ਬਾਰਿਸ਼ ਦੇ ਦੋ ਰੂਪ ਦੇਖਣ ਨੂੰ ਮਿਲ ਰਹੇ ਹਨ। ਜਾਂ ਤਾਂ ਬਿਲਕੁਲ ਬਾਰਿਸ਼ ਨਹੀਂ ਹੁੰਦੀ, ਜਿਸ ਕਾਰਨ ਝੋਨੇ ਦੀ ਫ਼ਸਲ ਸੋਕੇ ਨਾਲ ਮਰ ਜਾਂਦੀ ਹੈ ਜਾਂ ਹੜ੍ਹ ਆਉਂਦੇ ਹਨ। ਪਿਛਲੇ ਸਾਲ ਭਾਰੀ ਬਰਸਾਤ ਹੋਣ ਕਾਰਨ ਝੋਨੇ ਦੀ ਫ਼ਸਲ ਵੱਡੇ ਪੱਧਰ ’ਤੇ ਹੜ੍ਹਾਂ ਕਾਰਨ ਤਬਾਹ ਹੋ ਗਈ ਸੀ। ਤਬਾਹੀ ਦਾ ਮੰਜ਼ਰ ਇੰਨਾ ਭਿਆਨਕ ਸੀ, ਸੋਚ ਕੇ ਅੱਜ ਵੀ ਡਰ ਲੱਗਦਾ ਹੈ। ਪੂਰਾ ਮਾਝਾ ਅਤੇ ਦੋਆਬਾ ਖੇਤਰ ਤਬਾਹ ਹੋ ਗਿਆ ਸੀ। ਖੇਤਾਂ ਵਿੱਚ ਰੇਤ ਦੇ ਟਿੱਬੇ ਲੱਗ ਗਏ, ਜਿਸ ਕਾਰਨ ਵਾਹੀਯੋਗ ਜ਼ਮੀਨਾਂ ਫ਼ਸਲ ਬੀਜਣ ਦੇ ਯੋਗ ਨਹੀਂ ਰਹੀਆਂ। ਅੱਜ ਤੱਕ ਲੋਕ ਆਪਣੀਆਂ ਜ਼ਮੀਨਾਂ ਨੂੰ ਦੁਬਾਰਾ ਵਾਹੀਯੋਗ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਦਾਨੀ ਸੱਜਣਾਂ ਨੇ ਕਿਸਾਨੀ ਦੀ ਬਹੁਤ ਮਦਦ ਕੀਤੀ ਜਿਸ ਤਹਿਤ ਪੰਜਾਬੀ ਫਿਲਮੀ ਸਿਤਾਰਿਆਂ ਅਤੇ ਗਾਇਕਾਂ ਨੇ ਕਾਫ਼ੀ ਯੋਗਦਾਨ ਪਾਇਆ, ਪਰ ਰੱਬ ਦੀ ਮਾਰ ਹੀ ਬਹੁਤ ਵੱਡੀ ਸੀ। ਲੋਕ ਬੇਘਰ ਹੋ ਗਏ, ਰੋਟੀ ਦੇ ਲਾਲੇ ਪੈ ਗਏ ਪਰ ਪ੍ਰਸ਼ਾਸਨ ਨੇ ਅਹਿਮ ਭੂਮਿਕਾ ਨਿਭਾਈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਿਨ ਰਾਤ ਸੇਵਾ ਨਿਭਾਈ। ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਦਰਿਆਵਾਂ ਵਿੱਚੋਂ ਖੇਤਾਂ ’ਚ ਆਈ ਰੇਤ ਵੇਚਣ ਦੀ ਖੁੱਲ੍ਹ ਦਿੱਤੀ, ਪਰ ਖੇਤਾਂ ਵਿੱਚ ਆਈ ਰੇਤ ਦਰਿਆਵਾਂ ਦੀ ਗਾਰ ਹੈ, ਨਾ ਕਿ ਬਰੇਤੀ। ਇਸ ਲਈ ਕੋਈ ਵੀ ਅਜਿਹੀ ਰੇਤ ਨੂੰ ਖਰੀਦਣ ਲਈ ਤਿਆਰ ਨਹੀਂ ਹੈ। ਪੰਜਾਬੀ ਦੀ ਅਖਾਣ ਹੈ, ‘ਦੁੱਧ ਦਾ ਸੜਿਆ, ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ।’ ਪੰਜਾਬ ਦੇ ਲੋਕ, ਗੁਰੂਆਂ ਪੀਰਾਂ ਦੀ ਧਰਤੀ ਹੋਣ ਕਾਰਨ, ਸਬਰ ਸੰਤੋਖ ਵਾਲੇ ਹਨ। ਉਦੋਂ ਬਜ਼ੁਰਗ ਗੱਲਾਂ ਕਰਦੇ, ਇੱਕ-ਦੂਜੇ ਨੂੰ ਦਿਲਾਸਾ ਦਿੰਦੇ, ‘ਭਾਈ ਜੀਆਂ ਦੀ ਸੁੱਖ ਚਾਹੀਦੀ ਹੈ, ਫ਼ਸਲਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ।’ ਹਾੜ੍ਹ ਮਹੀਨਾ ਚੱਲ ਰਿਹਾ ਹੈ। ਪਹਾੜਾਂ ਵਿੱਚ ਵੱਧ ਬਰਸਾਤ ਹੋਣ ਕਾਰਨ ਦਰਿਆ ਪਾਣੀ ਨਾਲ ਭਰ ਗਏ ਹਨ। ਗੋਬਿੰਦ ਸਾਗਰ ਝੀਲ ਵਿੱਚ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਕਾਰਨ, ਪ੍ਰਸ਼ਾਸਨ ਨੇ ਸਤਲੁਜ ਦੇ ਕੰਢੇ ਬੈਠੇ ਲੋਕਾਂ ਨੂੰ ਦਰਿਆ ਵੱਲ ਜਾਣ ਤੋਂ ਵਰਜਿਆ ਹੈ। ਲੋਕਾਂ ਨੂੰ ਪਿਛਲਾ ਸਮਾਂ ਚੇਤੇ ਆ ਰਿਹਾ ਹੈ। ਕੁਦਰਤ ਦੀ ਮਾਰ ਸਾਹਮਣੇ ਮਨੁੱਖਤਾ ਵੱਲੋਂ ਸਿਰਜੇ ਸਾਧਨ ਛੋਟੇ ਪੈ ਜਾਂਦੇ ਹਨ। ਹੜ੍ਹਾਂ ਦੀ ਮਾਰ ਲਈ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਛੇੜ-ਛਾੜ ਵੀ ਵੱਡੀ ਜ਼ਿੰਮੇਵਾਰ ਹੈ। ਦਰਿਆਵਾਂ ਦੇ ਕੰਢਿਆਂ ਉੱਤੇ ਹੁੰਦੇ ਨਾਜਾਇਜ਼ ਖਣਨ ਕਾਰਨ ਦਰਿਆਵਾਂ ਵਿੱਚ ਪਾੜ ਪੈ ਜਾਂਦੇ ਹਨ। ਪਿਛਲੇ ਸਾਲ ਧੁੱਸੀ ਬੰਨ੍ਹ ਟੁੱਟਣ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਧੁੱਸੀ ਬੰਨ੍ਹ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ, ਜਿਸ ਕਾਰਨ ਨੇੜਲੇ ਪਿੰਡਾਂ ’ਚ ਸਹਿਮ ਦਾ ਮਾਹੌਲ ਹੈ। ਪਿਛਲੇ ਸਮਿਆਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੇ ਬਰਸਾਤੀ ਨਾਲਿਆਂ ਵਿੱਚ ਸੀਵਰੇਜ ਦਾ ਪਾਣੀ ਪਾ ਦਿੱਤਾ, ਜਿਸ ਕਾਰਨ ਇਨ੍ਹਾਂ ਨਾਲਿਆਂ ਵਿੱਚ ਗਾਰ ਭਰ ਗਈ ਅਤੇ ਵੱਡੇ ਪੱਧਰ ’ਤੇ ਬੂਟੀ ਹੋ ਗਈ। ਦੂਜਾ, ਇਨ੍ਹਾਂ ਨਾਲਿਆਂ ਦੀ ਸਫ਼ਾਈ ਪੂਰੀ ਤਰ੍ਹਾਂ ਨਹੀਂ ਹੋ ਰਹੀ, ਜੋ ਹੜ੍ਹਾਂ ਦਾ ਮੁੱਖ ਕਾਰਨ ਬਣਦੀ ਹੈ। ਪਿਛਲੇ ਸਾਲ ਮਾਲਵੇ ਦੇ ਬਰਸਾਤੀ ਨਾਲੇ ਵੀ ਹੜ੍ਹਾਂ ਦਾ ਮੁੱਖ ਕਾਰਨ ਬਣੇ। ਜਿਉਂ-ਜਿਉਂ ਬਰਸਾਤ ਦਾ ਮੌਸਮ ਨੇੜੇ ਆ ਰਿਹਾ ਹੈ, ਹੜ੍ਹ ਪੀੜਤ ਲੋਕਾਂ ’ਚ ਸਹਿਮ ਵਧ ਰਿਹਾ ਹੈ। ਪਟਿਆਲਾ ਦਾ ਅਰਬਨ ਐਸਟੇਟ ਸਭ ਤੋਂ ਮਹਿਫੂਜ਼ ਖੇਤਰ ਮੰਨਿਆ ਜਾਂਦਾ ਸੀ ਪਰ ਪਿਛਲੇ ਸਮੇਂ ਪਟਿਆਲਾ ਦੀ ਨਦੀ ਵਿੱਚ ਪਏ ਪਾੜ ਕਾਰਨ ਅਰਬਨ ਐਸਟੇਟ ਪੂਰੀ ਤਰ੍ਹਾਂ ਡੁੱਬ ਗਿਆ ਸੀ। ਵੱਡੀਆਂ-ਵੱਡੀਆਂ ਕੋਠੀਆਂ ਨੁਕਸਾਨੀਆਂ ਗਈਆਂ, ਨੀਹਾਂ ਵਿੱਚ ਪਾਣੀ ਪੈਣ ਕਾਰਨ ਮਕਾਨਾਂ ਦੀ ਮਿਆਦ ਅੱਧੀ ਰਹਿ ਗਈ। ਖ਼ੈਰ, ਅੱਗ ਤੇ ਪਾਣੀ ਅਜਿਹੇ ਕੁਦਰਤੀ ਸੋਮੇ ਹਨ, ਜਿਨ੍ਹਾਂ ਤੋਂ ਬਿਨਾਂ ਜੀਵਨ ਅਸੰਭਵ ਹੈ। ਜੇਕਰ ਇਹ ਕੰਟਰੋਲ ਤੋਂ ਬਾਹਰ ਹੋ ਜਾਣ ਤਾਂ ਵੀ ਮਨੁੱਖਤਾ ਲਈ ਤਬਾਹੀ ਲਿਆ ਦਿੰਦੇ ਹਨ। ਮਨੁੱਖ ਜਦੋਂ ਕੁਦਰਤੀ ਸੋਮਿਆਂ ਨੂੰ ਪਲੀਤ ਕਰਦਾ ਹੈ ਤਾਂ ਫਿਰ ਕੁਦਰਤ ਵੀ ਆਪਣਾ ਰੰਗ ਦਿਖਾਉਂਦੀ ਹੈ। ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਮਨੁੱਖ ਨੇ ਬਹੁਤ ਸਾਰਾ ਧਨ ਖਰਚ ਕੀਤਾ ਹੈ, ਪਰ ਕੁਦਰਤ ਅਨੁਸਾਰ ਜੀਵਨ ਜਿਊਣ ਤੋਂ ਖੁਦ ਨੂੰ ਕੋਹਾਂ ਦੂਰ ਕਰ ਲਿਆ ਹੈ, ਜਿਸ ਦੇ ਸਿੱਟੇ ਅੱਜ ਸਾਡੇ ਸਾਹਮਣੇ ਹਨ। ਅਸੀਂ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਹਾਂ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਲਈ ਕਿੰਨੇ ਯਤਨਸ਼ੀਲ ਹਨ, ਪਰ ਅਸੀਂ ਕੁਦਰਤੀ ਸੰਪਤੀ ਦਾ ਸੱਤਿਆਨਾਸ ਕਰਨ ਲਈ ਦਿਨ ਰਾਤ ਲੱਗੇ ਹੋਏ ਹਾਂ। ਅੱਜ ਲੋੜ ਹੈ ਕਿ ਅਸੀਂ ਕੁਦਰਤ ਅਨੁਸਾਰ ਜੀਵਨ ਜੀਵੀਏ ਤਾਂ ਹੀ ਕੁਦਰਤੀ ਆਫ਼ਤਾਂ ਤੋਂ ਬਚ ਸਕਦੇ ਹਾਂ।

Advertisement

ਸੰਪਰਕ: 98781-97000

Advertisement

Advertisement
×