ਕਰਨੈਲ ਸਿੰਘ ਈਸੜੂ ਦੇ ਸ਼ਹੀਦੀ-ਸਥਾਨ ਦੀ ਯਾਤਰਾ : The Tribune India

ਮਹਾਨ ਸ਼ਹੀਦ

ਕਰਨੈਲ ਸਿੰਘ ਈਸੜੂ ਦੇ ਸ਼ਹੀਦੀ-ਸਥਾਨ ਦੀ ਯਾਤਰਾ

ਕਰਨੈਲ ਸਿੰਘ ਈਸੜੂ ਦੇ ਸ਼ਹੀਦੀ-ਸਥਾਨ ਦੀ ਯਾਤਰਾ

ਕਰਨੈਲ ਸਿੰਘ ਈਸੜੂ ਦੇ ਬੁੱਤ ਨਾਲ ਲੇਖਕ। ਫ਼ੋਟੋਆਂ: ਲੇਖਕ

ਗੁਰਬਚਨ ਸਿੰਘ ਭੁੱਲਰ

ਹਿੰਦੋਸਤਾਨ ਵਿਚੋਂ ਗੋਆ ਸਭ ਤੋਂ ਵਧੇਰੇ ਸਮਾਂ 451 ਸਾਲ ਤੱਕ ਗ਼ੁਲਾਮ ਰਿਹਾ। ਗੋਆ ਦਾ ਆਜ਼ਾਦੀ ਸੰਘਰਸ਼ ਬਹੁਤ ਲੰਮੇ ਸਮੇਂ ਤੱਕ ਚੱਲਿਆ। ਇਸ ਲਈ ਗੋਆ ਦੇ ਬਾਹਰੋਂ ਵੀ ਯਤਨ ਹੋਏ ਜਿਨ੍ਹਾਂ ਵਿਚ ਪਰਜਾ ਸੋਸ਼ਲਿਸਟ ਪਾਰਟੀ, ਸੀ.ਪੀ.ਆਈ., ਫਾਰਵਰਡ ਬਲਾਕ, ਜਨਸੰਘ ਆਦਿ ਪਾਰਟੀਆਂ ਵੱਲੋਂ ਚਲਾਈਆਂ ਗਈਆਂ ਮੁਹਿੰਮਾਂ ਸ਼ਾਮਿਲ ਸਨ। ਪੰਦਰਾਂ ਅਗਸਤ 1955 ਨੂੰ ਵੱਖ ਵੱਖ ਥਾਵਾਂ ਤੋਂ ਜਥੇ ਦਾਖ਼ਲ ਹੋਏ। ਪਤਰਾਦੇਵੀ - ਬਾਂਦਾ ਸਥਾਨ ਤੋਂ ਦਾਖ਼ਲ ਹੋਏ ਜਥੇ ਵਿਚ ਕਰਨੈਲ ਸਿੰਘ ਈਸੜੂ ਅਤੇ ਹੋਰ ਆਗੂ ਸ਼ਾਮਲ ਸਨ। ਪੁਰਤਗੀਜ਼ ਪੁਲੀਸ ਨੇ ਗੋਲੀ ਚਲਾ ਦਿੱਤੀ ਜਿਸ ਵਿਚ ਕਰਨੈਲ ਸਿੰਘ ਈਸੜੂ ਸ਼ਹੀਦ ਹੋ ਗਏ।

ਪਿਛਲੇ ਦਿਨੀਂ ਗੋਆ ਦੀ ਆਜ਼ਾਦੀ ਦਾ ਪੰਜਾਬੀ ਨਾਇਕ ਕਰਨੈਲ ਸਿੰਘ ਈਸੜੂ ਅਚਾਨਕ ਚਰਚਾ ਵਿਚ ਆ ਗਿਆ। ਉਹਦੀ ਮੱਠੀ ਪਈ ਯਾਦ ਦਾ ਇਉਂ ਸੁਰਜੀਤ ਹੋਣਾ ਬਹੁਤ ਚੰਗਾ ਲਗਿਆ। ਗੋਆ ਦੇ ਮੁੱਖ-ਮੰਤਰੀ ਪ੍ਰਮੋਦ ਸਾਵੰਤ ਨੇ 28 ਸਤੰਬਰ ਨੂੰ ਅੰਬਾਲਾ ਨੇੜੇ ਸ਼ਹੀਦ ਦੀ ਪਤਨੀ, ਬੀਬੀ ਚਰਨਜੀਤ ਕੌਰ ਦੇ ਪੇਕੇ ਪਿੰਡ ਬੜੋਲਾ ਪਹੁੰਚ ਕੇ ਦਸ ਲੱਖ ਰੁਪਏ ਤੇ ਮਾਣ-ਪੱਤਰ ਨਾਲ ਉਹਦਾ ਸਨਮਾਨ ਕੀਤਾ। ਪਤਾ ਲਗਿਆ ਕਿ ਗੋਆ ਸਰਕਾਰ ਦੇ ਸੱਦੇ ਦੇ ਹੁੰਗਾਰੇ ਵਜੋਂ ਬੀਬੀ ਦੇ ਭਰਾ-ਭਰਜਾਈ ਨੇ ਉਥੇ ਜਾ ਕੇ ਸਿਹਤ ਕਾਰਨ ਉਹਦੀ ਪਹੁੰਚਣ ਦੀ ਅਸਮਰੱਥਾ ਦੱਸੀ ਸੀ ਅਤੇ ਮੁੱਖ ਮੰਤਰੀ ਨੂੰ ਪਿੰਡ ਆਉਣ ਦਾ ਸੱਦਾ ਦਿੱਤਾ ਸੀ ਜੋ ਉਹਨੇ ਪਰਵਾਨ ਕਰ ਲਿਆ ਸੀ।

ਇਸ ਖ਼ਬਰ ਨਾਲ ਮੈਨੂੰ ਉਚੇਚੀ ਖ਼ੁਸ਼ੀ ਹੋਣ ਦਾ ਕਾਰਨ ਸੀ। ਤਿੰਨ ਸਾਲ ਪਹਿਲਾਂ ਆਪਣੀ ਪੁਸਤਕ ‘ਸੂਹਾ ਸਫ਼ਰ’ ਵਿਚ ਸ਼ਾਮਲ ਕਰਨ ਲਈ ਮੈਂ ਕਰਨੈਲ ਸਿੰਘ ਬਾਰੇ ਕਾਫ਼ੀ ਖੋਜ ਕਰ ਕੇ ਤੱਥ-ਆਧਾਰਿਤ ਲੰਮਾ ਲੇਖ ਲਿਖਿਆ ਸੀ। ਉਪਰੋਕਤ ਘਟਨਾ ਨਾਲ ਉਸ ਲੇਖ ਵਿਚਲੀਆਂ ਦੋ ਗੱਲਾਂ ਮੈਨੂੰ ਖਾਸ ਕਰ ਕੇ ਯਾਦ ਆਈਆਂ। ਇਕ ਤਾਂ ਮੈਂ ਲਿਖਿਆ ਸੀ, ‘‘ਕਈ ਥਾਂ ਕਰਨੈਲ ਸਿੰਘ ਨੂੰ ਠੀਕ ਹੀ ‘ਅਣਗੌਲਿਆ ਨਾਇਕ’ ਲਿਖਿਆ ਜਾਂਦਾ ਹੈ। ਜਿੰਨੀ ਵੱਡੀ ਉਹਦੀ ਕੁਰਬਾਨੀ ਸੀ, ਉਸ ਪੱਧਰ ਉੱਤੇ ਉਹਦੀਆਂ ਯਾਦਗਾਰਾਂ ਨਹੀਂ ਬਣੀਆਂ। ਜਿਸ ਗੋਆ ਦੀ ਆਜ਼ਾਦੀ ਲਈ ਉਹਨੇ ਡੇਢ ਹਜ਼ਾਰ ਮੀਲ ਦੂਰੋਂ ਜਾ ਕੇ ਜਾਨ ਵਾਰ ਦਿੱਤੀ, ਉਥੋਂ ਦੀ ਸਰਕਾਰ ਨੇ ਉਹਨੂੰ ਕਦੀ ਯਾਦ ਤੱਕ ਨਹੀਂ ਕੀਤਾ, ਭਾਰਤ ਸਰਕਾਰ ਨੇ ਤਾਂ ਕਰਨਾ ਹੀ ਕੀ ਹੋਇਆ।’’ ਦੂਜੇ, ਮੈਂ ਉਹਦੀ ਵਿਧਵਾ ਬਾਰੇ ਲਿਖਿਆ ਸੀ, ‘‘ਕਿਤੇ 1950 ਦੇ ਗੇੜ ਵਿਚ ਹੋਏ ਵਿਆਹ ਦਾ ਮੁਕਲਾਵਾ ਵੀ ਅਜੇ ਲਿਆਂਦਾ ਨਹੀਂ ਸੀ ਕਿ ਕਰਨੈਲ ਸਿੰਘ ਸ਼ਹੀਦੀ ਪਾ ਗਿਆ। ਪਰ ਧੰਨ ਹੈ ਬੀਬੀ ਚਰਨਜੀਤ ਕੌਰ ਜਿਸ ਨੇ ਸਦੀਆਂ ਵਰਗੀ ਲੰਮੀ ਉਮਰ ਕਰਨੈਲ ਸਿੰਘ ਦੇ ਨਾਂ ਨਾਲ ਜੁੜ ਕੇ ਲੰਘਾ ਲਈ! ਉਹ ਪੇਕੇ ਪਿੰਡ ਬੜੋਲਾ... ਰਹਿੰਦੀ ਹੈ। ਹੈਰਾਨੀ ਹੈ, ਉਹਦੀ ਕੁਰਬਾਨੀ ਦੀ ਕੋਈ ਚਰਚਾ ਨਹੀਂ। ਕਰਨੈਲ ਸਿੰਘ ‘ਪੰਜਾਬ ਨੂੰ ਮਾਣ ਸ਼ਹੀਦਾਂ ਤੇ’ ਗਾ ਕੇ ਜੋ ਦਾਅਵਾ ਕਰਦਾ ਸੀ, ਪੰਜਾਬ ਨੂੰ ਚਾਹੀਦਾ ਹੈ ਆਪਣੇ ਬਾਰੇ ਇਸ ਦਾਅਵੇ ਨੂੰ ਸੱਚਾ ਸਿੱਧ ਕਰੇ ਅਤੇ ਬੀਬੀ ਚਰਨਜੀਤ ਕੌਰ ਦਾ ਅਜੇ ਵੀ, ਉਹਦੀ ਬਿਰਧ ਅਵਸਥਾ ਵਿਚ ਜੋਗ ਸਤਿਕਾਰ ਕਰ ਕੇ ਰਿਣ ਉਤਾਰੇ। ਇਸ ਗੱਲ ਦਾ ਮਹੱਤਵ ਬਹੁਤ ਵੱਡਾ ਹੈ ਕਿ ਕਰਨੈਲ ਸਿੰਘ ਨੇ ਤਾਂ 15 ਅਗਸਤ 1955 ਦੇ ਦਿਨ ਹੀ ਸੰਪੂਰਨ ਸ਼ਹੀਦੀ ਪਾ ਲਈ ਸੀ ਪਰ ਬੀਬੀ ਚਰਨਜੀਤ ਕੌਰ ਦੀ ਸ਼ਹੀਦੀ ਪਿਛਲੇ 64 ਸਾਲਾਂ ਤੋਂ ਚੱਲ ਰਹੀ ਹੈ!’’

ਮੈਨੂੰ ਲਗਿਆ ਜਿਵੇਂ ਗੋਆ ਦੇ ਮੁੱਖ-ਮੰਤਰੀ ਨੇ ਬੀਬੀ ਦੇ ਇਸ ਸਨਮਾਨ ਨਾਲ ਮੇਰੀਆਂ ਦੋਵੇਂ ਸ਼ਿਕਾਇਤਾਂ ਦੂਰ ਕਰ ਦਿੱਤੀਆਂ ਹੋਣ! ਉਸ ਪਿੱਛੋਂ ਉਥੋਂ ਦੀ ਸਰਕਾਰ ਦੇ ਸੱਦੇ ਸਦਕਾ ਈਸੜੂ ਦਾ ਸਰਪੰਚ ਗੁਰਬਿੰਦਰ ਸਿੰਘ ਅਤੇ ਦੋ ਹੋਰ ਪਿੰਡ-ਵਾਸੀ ਗੋਆ ਪਹੁੰਚੇ। ਉਹਨਾਂ ਨੇ ਬੀਬੀ ਚਰਨਜੀਤ ਕੌਰ ਦਾ ਸਨਮਾਨ ਕਰਨ ਲਈ ਮੁੱਖ-ਮੰਤਰੀ ਦਾ ਧੰਨਵਾਦ ਕੀਤਾ। ਮੁੱਖ-ਮੰਤਰੀ ਨੇ ਮੋਪਾ ਹਵਾਈ ਅੱਡੇ ਤੋਂ ਪਤਰਾਦੇਵੀ ਤੱਕ ਬਣ ਰਹੀ ਸੜਕ ਦਾ ਨਾਂ ਕਰਨੈਲ ਸਿੰਘ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਉਹਨੇ ਗੋਆ ਆਉਣ ਵਾਲੇ ਹਰ ਈਸੜੂ-ਵਾਸੀ ਨੂੰ ਸਰਕਾਰੀ ਮਹਿਮਾਨ ਮੰਨੇ ਜਾਣ ਦੀ ਵੀ ਗੱਲ ਕੀਤੀ। ਗਵਰਨਰ ਨੇ ਗੋਆ ਯੂਨੀਵਰਸਿਟੀ ਵਿਚ ਸ਼ਹੀਦ ਕਰਨੈਲ ਸਿੰਘ ਚੇਅਰ ਸਥਾਪਤ ਕਰਨ ਦਾ ਭਰੋਸਾ ਦਿੱਤਾ।

ਇਹਨੀਂ ਹੀ ਦਿਨੀਂ ਅਚਾਨਕ ਮੇਰਾ ਕਰਨੈਲ ਸਿੰਘ ਦੇ ਸ਼ਹੀਦੀ ਸਥਾਨ ਪੁੱਜ ਕੇ ਉਹਨੂੰ ਮੋਹ ਤੇ ਸ਼ਰਧਾ ਭੇਟ ਕਰਨ ਦਾ ਸਬੱਬ ਬਣ ਗਿਆ। ਹਰ ਸਾਲ ਦੀਵਾਲੀ ਦੇ ਨੇੜੇ ਬੇਟੇ ਤੇ ਦੋਵਾਂ ਬੇਟੀਆਂ ਦੇ ਪੂਰੇ ਪਰਿਵਾਰਾਂ ਨਾਲ ਅਸੀਂ ਕੁਛ ਦਿਨ ਕਿਸੇ ਨਵੇਕਲੀ ਇਕਾਂਤੀ ਥਾਂ ਰਹਿ ਕੇ ਆਉਂਦੇ ਸੀ। ਪਹਿਲਾਂ ਮੇਰੀ ਸਾਥਣ ਦੇ ਜਾਣੇ ਤੇ ਫੇਰ ਕਰੋਨਾ ਕਾਰਨ ਚਾਰ ਸਾਲ ਦਾ ਵਿਘਣ ਪੈ ਗਿਆ। ਇਸ ਵਾਰ ਗੱਲ ਚੱਲੀ ਤਾਂ ਮੇਰੀ ਇੱਛਾ ਘਰ ਰਹਿਣ ਦੀ ਸੀ। ਪਰ ਮੇਰੀ ਇੱਛਾ ਨੂੰ ਅਪਰਵਾਨ ਕਰਦਿਆਂ ਬੱਚਿਆਂ ਨੇ ਕਿਹਾ, ਇਹ ਸਲਾਹ ਦਿਉ, ਚੱਲੀਏ ਕਿਥੇ! ਮੈਨੂੰ ਇਕਦਮ ਕਰਨੈਲ ਸਿੰਘ ਯਾਦ ਆਇਆ ਤੇ ਸਾਡਾ ਗੋਆ ਜਾਣਾ ਪੱਕਾ ਹੋ ਗਿਆ। ਮੈਨੂੰ ਹੁਣ ਇਹ ਜਾਣਕਾਰੀ ਹੈ ਸੀ ਕਿ ਪਤਰਾਦੇਵੀ ਨਾਂ ਦੇ ਪਿੰਡ ਦੇ ਸਕੂਲ ਵਿਚ ਉਹਦੀ ਯਾਦਗਾਰ ਬਣੀ ਹੋਈ ਹੈ। ਭਾਰਤੀ ਮਹਾਂਰਾਸ਼ਟਰ ਤੇ ਪੁਰਤਗਾਲੀ ਗੋਆ ਵਿਚਕਾਰਲੀ ਕੌਮਾਂਤਰੀ ਸਰਹੱਦ ਦੇ ਬਿਲਕੁਲ ਨਾਲ ਵਸਿਆ ਹੋਣ ਕਾਰਨ ਉਸ ਸਮੇਂ ਪਤਰਾਦੇਵੀ ਪਿੰਡ ਦੀ ਜੂਹ ਵਿਚ ਹੀ ਗੋਆ ਦੀ ਸੁਰਖਿਆ ਚੌਕੀ ਸੀ ਜਿਥੇ ਕਰਨੈਲ ਸਿੰਘ ਸ਼ਹੀਦ ਹੋਇਆ ਸੀ। ਗੂਗਲ ਨੇ ਇਹ ਵੀ ਦੱਸ ਦਿੱਤਾ ਕਿ ਜਿਥੇ ਸਮੁੰਦਰ ਕਿਨਾਰੇ ਅਸੀਂ ਠਹਿਰਨਾ ਸੀ, ਪਤਰਾਦੇਵੀ ਉਥੋਂ ਸੌ ਕਿਲੋਮੀਟਰ ਤੋਂ ਕੁਛ ਵੱਧ ਦੂਰ ਸੀ।

ਗੋਆ ਵਿਚ ਕਰਨੈਲ ਸਿੰਘ ਦੀ ਸ਼ਹੀਦੀ ਦੀ ਯਾਦ ਤੇ ਮਹੱਤਤਾ ਨੂੰ ਪਿਛਲੇ ਕੁਛ ਸਾਲਾਂ ਵਿਚ ਸੁਰਜੀਤ ਕਰਨ ਦੀ ਸਮੁੱਚੀ ਵਡਿਆਈ ਦਾ ਹੱਕਦਾਰ ਧੇਂਪੇ ਕਾਲਜ, ਮਿਰਾਮਿਰ ਦੇ ਇਤਿਹਾਸ ਵਿਭਾਗ ਦਾ ਮੁਖੀ ਪ੍ਰੋ. ਪ੍ਰਾਜਲ ਸ਼ਖ਼ਰਡੰਡੇ ਹੈ। ਉਹ ਸਰਗਰਮ ਸਮਾਜ-ਸੇਵਕ ਵੀ ਹੈ। ਕੁਛ ਸਾਥੀਆਂ ਨਾਲ ਮਿਲ ਕੇ ਉਹਨੇ 2000 ਵਿਚ ‘ਗੋਆ ਹੈਰੀਟੇਜ ਐਕਸ਼ਨ ਗਰੁੱਪ’ ਨਾਂ ਦੀ ਸੰਸਥਾ ਬਣਾਈ ਤੇ ਵਿਰਸੇ ਨਾਲ ਸੰਬੰਧਿਤ ਲਗਭਗ ਸਭਨਾਂ ਖੇਤਰਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗੋਆ ਦੀ ਆਜ਼ਾਦੀ ਦੇ ਇਤਿਹਾਸ ਦੇ ਵੇਰਵੇ ਸੰਭਾਲਣ ਦੇ ਜਤਨਾਂ ਸਮੇਂ ਉਹਨੂੰ ਕਰਨੈਲ ਸਿੰਘ ਬਾਰੇ ਜਾਣਕਾਰੀ ਮਿਲੀ। ਉਹ ਹੈਰਾਨ ਹੋਇਆ ਕਿ ਇਕ ਆਦਮੀ ਡੇਢ ਹਜ਼ਾਰ ਮੀਲ ਦੂਰੋਂ ਪੰਜਾਬ ਦੀ ਆਪਣੀ ਆਜ਼ਾਦ ਧਰਤੀ ਤੋਂ ਅਣਦੇਖੇ-ਅਣਜਾਣੇ ਗੋਆ ਨੂੰ ਆਜ਼ਾਦ ਕਰਵਾਉਣ ਆਉਂਦਾ ਹੈ! ਉਹਦੀ ਦੂਜੀ ਹੈਰਾਨੀ ਕਰਨੈਲ ਸਿੰਘ ਦਾ ਸੋਚ-ਸਮਝ ਕੇ ਬੇਮਿਸਾਲ ਦਲੇਰੀ ਨਾਲ ਜਾਨ ਵਾਰਨ ਦਾ ਕਾਰਨਾਮਾ ਸੀ। ਕਰਨੈਲ ਸਿੰਘ ਜ਼ਖ਼ਮੀ ਅੰਦੋਲਨਕਾਰ ਸਹੋਦਰਾ ਸਾਗਰ ਦੇ ਹੱਥੋਂ ਝੰਡਾ ਡੋਲਦਾ-ਡਿਗਦਾ ਦੇਖ ਪਾਰਲੀਮੈਂਟ ਦੇ ਮੈਂਬਰ ਸ਼੍ਰੀ ਲੰਕਾਸੁੰਦਰਮ ਦੇ ਰੋਕਦਿਆਂ-ਰੋਕਦਿਆਂ ਪਿਛਲੀ ਕਤਾਰ ਵਿਚੋਂ ਭੱਜ ਕੇ ਅੱਗੇ ਪਹੁੰਚਿਆ ਅਤੇ ਉਹਨੇ ਗੋਆ ਦੇ ਪੁਲਸੀਆਂ ਨੂੰ ਔਰਤਾਂ ’ਤੇ ਗੋਲ਼ੀ ਚਲਾਉਣ ਬਦਲੇ ਲਾਅਨਤਾਂ ਪਾਉਂਦਿਆਂ ਆਪਣਾ ਕਮੀਜ਼ ਪਾੜ ਕੇ ਹਿੱਕ ਨੰਗੀ ਕੀਤੀ ਤੇ ਗੋਲ਼ੀ ਮਾਰਨ ਲਈ ਵੰਗਾਰਿਆ। ਉਸੇ ਪਲ ਗੋਲ਼ੀ ਸਿੱਧੀ ਉਹਦੀ ਹਿੱਕ ਵਿਚ ਆ ਲੱਗੀ ਤੇ ਉਹ ਮੌਕੇ ਉੱਤੇ ਹੀ ਸ਼ਹੀਦ ਹੋ ਗਿਆ।

ਗੋਆ ਦੀ ਸਰਹੱਦ ਤੋਂ ਇਕ ਮੀਲ ਦੂਰ ਮਹਾਂਰਾਸ਼ਟਰ ਦੇ ਨਗਰ ਬਾਂਦਾ ਵਿਚ 14 ਅਗਸਤ 1955 ਦੀ ਰਾਤ ਲੰਘਾਉਣ ਬਾਅਦ 15 ਅਗਸਤ ਨੂੰ ਸਵੇਰੇ ਕੌਮੀ ਝੰਡੇ ਨੂੰ ਸਲਾਮੀ ਦੇ ਕੇ ਜਥਾ ਨਾਅਰੇ ਲਾਉਂਦਾ ਅੱਗੇ ਵਧਿਆ। ਜਥੇ ਦੀ ਪਹਿਲੀ ਕਤਾਰ ਨੇ ਸਰਹੱਦ ਉੱਤੇ ਪੈਰ ਰੱਖਿਆ ਹੀ ਸੀ ਕਿ ਪੁਰਤਗਾਲੀ ਪੁਲਿਸ ਨੇ ਕੋਈ ਚਿਤਾਵਣੀ ਦਿੱਤੇ ਬਿਨਾਂ ਗੋਲ਼ੀ ਚਲਾ ਦਿੱਤੀ। ਕਈ ਸੱਤਿਆਗ੍ਰਿਹੀਆਂ ਸਮੇਤ ਜਥੇ ਦੇ ਮੁਖੀ ਸਾਥੀ ਚਿਤਲੇ ਨੂੰ ਗੋਲ਼ੀਆਂ ਲੱਗੀਆਂ ਤਾਂ ਕੌਮੀ ਝੰਡਾ ਡਿਗਦਾ ਦੇਖ ਸ਼੍ਰੀਮਤੀ ਸਹੋਦਰਾ ਸਾਗਰ ਨੇ ਉਹ ਭੱਜ ਕੇ ਜਾ ਚੁੱਕਿਆ। ਉਸੇ ਸਮੇਂ ਉਹਦੇ ਲੱਗੀਆਂ ਦੋ ਗੋਲ਼ੀਆਂ ਵਿਚੋਂ ਇਕ ਨੇ ਉਹਦਾ ਝੰਡੇ ਵਾਲਾ ਹੱਥ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਦੇਖ ਕਰਨੈਲ ਸਿੰਘ ਅੱਗੇ ਹੋਇਆ।

ਕੁਦਰਤੀ ਸੀ ਕਿ ਪਤਰਾਦੇਵੀ ਦੇ ਸ਼ਹੀਦੀ ਸਥਾਨ ਦੀ ਯਾਤਰਾ ਤੋਂ ਇਲਾਵਾ ਦੂਜੀ ਤੀਬਰ ਇੱਛਾ ਪ੍ਰੋ. ਸ਼ਖ਼ਰਡੰਡੇ ਨੂੰ ਮਿਲਣ ਦੀ ਸੀ। ਗੂਗਲ ਤੋਂ ਉਹਦੇ ਫੋਨ ਜਾਂ ਈਮੇਲ ਦੀ ਕੋਈ ਜਾਣਕਾਰੀ ਨਾ ਮਿਲਣ ਕਰਕੇ ਸੋਚਿਆ, ਪਤਰਾਦੇਵੀ ਸਕੂਲ ਵਿਚੋਂ ਉਹਦਾ ਥਹੁ-ਪਤਾ ਵੀ ਜ਼ਰੂਰ ਮਿਲ ਜਾਵੇਗਾ। ਕਈ ਸਾਲ ਪਹਿਲਾਂ ਉਹਨੇ ‘ਮਿਸ਼ਨ ਕਰਨੈਲ’ ਨਾਂ ਰੱਖ ਕੇ ਮੁਹਿੰਮ ਸ਼ੁਰੂ ਕੀਤੀ ਸੀ। ਉਹਨੂੰ ਪਹਿਲੀ ਸਫਲਤਾ ਓਦੋਂ ਮਿਲੀ ਜਦੋਂ ਸਕੂਲ ਦਾ ਨਾਂ ‘ਸ਼ਹੀਦ ਕਰਨੈਲ ਸਿੰਘ ਬੇਨੀਪਾਲ ਸਰਕਾਰੀ ਪ੍ਰਾਥਮਿਕ ਵਿਦਿਆਲਾ ਪਤਰਾਦੇਵੀ’ ਕਰ ਦਿੱਤਾ ਗਿਆ ਅਤੇ ਸਕੂਲ ਦੇ ਅਗਲੇ ਵਿਹੜੇ ਵਿਚ ਉਹਦਾ ਬੁੱਤ ਲੱਗ ਗਿਆ। ਉਸ ਪਿੱਛੋਂ ਪ੍ਰੋ. ਸ਼ਖ਼ਰਡੰਡੇ ਨੇ ਕਰਨੈਲ ਸਿੰਘ ਦੀ ਜੀਵਨੀ ਪਾਠ-ਪੁਸਤਕਾਂ ਵਿਚ ਸ਼ਾਮਲ ਕਰਵਾਉਣ ਦੀ ਮੁਹਿੰਮ ਚਲਾਈ ਹੋਈ ਹੈ।

ਅਸੀਂ ਦੀਵਾਲ਼ੀ ਲੰਘਾ ਕੇ ਅਗਲੇ ਦਿਨ ਪਤਰਾਦੇਵੀ ਲਈ ਚੱਲ ਪਏ। ਹੁਣ ਪਤਰਾਦੇਵੀ ਵਿਚੋਂ ਲੰਘਦੇ 1955 ਦੇ ਉਸ ਕੱਚੇ-ਪੱਕੇ ਰਾਹ ਨੂੰ ‘ਗੋਆ-ਮੁੰਬਈ ਜਰਨੈਲੀ ਸੜਕ 66’ ਬਣਾ ਦਿੱਤਾ ਗਿਆ ਹੈ। ਸਾਨੂੰ ਕੁਛ-ਕੁਛ ਡਰ ਛੁੱਟੀਆਂ ਦਾ ਸੀ ਤੇ ਇਹ ਡਰ ਸੱਚਾ ਸਿੱਧ ਹੋਇਆ। ਵੱਡੀ ਸੜਕ ਤੋਂ ਪਤਰਾਦੇਵੀ ਵਿਚ ਉੱਤਰਦਿਆਂ ਹੀ ਖੱਬੇ ਹੱਥ ਸਕੂਲ ਦਾ ਬੋਰਡ ਦੇਖ ਕੇ ਹੇਠ ਨਜ਼ਰ ਮਾਰੀ ਤਾਂ ਸਾਹਮਣੇ ਕਰਨੈਲ ਦਾ ਬੁੱਤ ਸੀ! ਸਕੂਲ ਬੰਦ ਸੀ ਪਰ ਫਾਟਕ ਨੂੰ ਤਾਲਾ ਨਹੀਂ ਸੀ ਲਗਿਆ ਹੋਇਆ। ਭਾਵੇਂ ਸਾਡੀ ਸਿੱਧੀ ਜਾਣ-ਪਛਾਣ ਨਹੀਂ ਸੀ ਪਰ 1950ਵਿਆਂ ਵਿਚ ਪੰਜਾਬ ਵਿਚ ਟੀਚਰਜ਼ ਯੂਨੀਅਨ ਜਥੇਬੰਦ ਕੀਤੇ ਜਾਣ ਸਮੇਂ ਉਹ ਜ਼ਿਲ੍ਹਾ ਲੁਧਿਆਣਾ ਵਿਚ ਸਰਗਰਮ ਸੀ ਅਤੇ ਅਸੀਂ ਕੁਛ ਅਧਿਆਪਕ ਜ਼ਿਲ੍ਹਾ ਬਠਿੰਡਾ ਵਿਚ ਕੰਮ ਕਰ ਰਹੇ ਸੀ। ਹਰ ਜ਼ਿਲ੍ਹੇ ਦੇ ਮੋਹਰੀ ਅਧਿਆਪਕ ਆਗੂਆਂ ਦਾ ਇਕ ਦੂਜੇ ਦੇ ਨਾਂਵਾਂ ਤੋਂ ਜਾਣੂ ਹੋਣਾ ਕੁਦਰਤੀ ਸੀ। ਇਸੇ ਸਾਂਝ ਸਦਕਾ ਉਹਦੀ ਸ਼ਹੀਦੀ ਤੋਂ ਤੁਰਤ ਮਗਰੋਂ ਪਹਿਲਾ ਲੇਖ ਵੀ ਮੇਰਾ ਹੀ ਛਪਿਆ ਸੀ। ਉਹਦੀ ਯਾਦਗਾਰ ਕੋਲ ਮੇਰਾ ਜਜ਼ਬਾਤੀ ਹੋਣਾ ਸੁਭਾਵਿਕ ਸੀ। ਮੈਂ ਬੁੱਤ ਨੂੰ ਪਿਆਰ ਨਾਲ ਪਲੋਸਿਆ ਅਤੇ ਇਕ ਹਾਰ ਆਪਣੇ ਵੱਲੋਂ ਤੇ ਪੰਜਾਬ ਦੇ ਅਧਿਆਪਕਾਂ ਵਲੋਂ ਭੇਟ ਕੀਤਾ ਅਤੇ ਦੂਜਾ ਹਾਰ, ਉਹਦੇ ਸਰਗਰਮ ਕਮਿਊਨਿਸਟ ਹੋਣ ਸਦਕਾ, ਕਮਿਊਨਿਸਟ ਪਾਰਟੀ ਤੇ ਪੰਜਾਬ ਦੀ ਜਨਤਾ ਵਲੋਂ ਭੇਟ ਕੀਤਾ। ਬੁੱਤ ਹੇਠ ਲੱਗੇ ਪੱਥਰ ਉੱਤੇ ਕਰਨੈਲ ਸਿੰਘ ਦੀ ਸ਼ਹੀਦੀ ਦੇ ਜ਼ਿਕਰ ਨਾਲ ਦੱਸਿਆ ਹੋਇਆ ਹੈ ਕਿ ਇਹ ਬੁੱਤ ‘ਗੋਆ ਹੈਰੀਟੇਜ ਐਕਸ਼ਨ ਗਰੁੱਪ’ ਅਤੇ ‘ਗੋਅਨਜ਼ ਫ਼ਾਰ ਐਜੂਕੇਸ਼ਨ’ ਦੀ ਸ਼ਰਧਾਂਜਲੀ ਦੇ ਰੂਪ ਵਿਚ ਸ਼ਿਲਪਕਾਰ ਸਚਿਨ ਮਦਗੇ ਨੇ ਸਿਰਜਿਆ ਤੇ ਦਾਨ ਕੀਤਾ ਹੋਇਆ ਹੈ।

ਸਕੂਲ ਦੀ ਥਾਂ ਤਾਂ ਖੁੱਲ੍ਹੀ ਤੇ ਸਾਫ਼-ਸੁਥਰੀ ਸੀ ਪਰ ਕਮਰਾ ਇਕੋ ਸੀ ਜੋ ਬਾਹਰੋਂ ਵੀ ਤੇ ਖਿੜਕੀ ਵਿਚੋਂ ਦਿਸਦੇ ਅਨੁਸਾਰ ਅੰਦਰੋਂ ਵੀ ਬਹੁਤ ਸੁਚੱਜਤਾ ਨਾਲ ਸੰਵਾਰਿਆ-ਸਜਾਇਆ ਹੋਇਆ ਸੀ। ਗੁਸਲਖਾਨੇ ਵਿਚ ਵੀ ਮੁਕੰਮਲ ਸਫ਼ਾਈ ਸੀ। ਬੂਟਿਆਂ-ਵੇਲਾਂ ਦੀ ਛੋਟੀ ਜਿਹੀ ਬਗੀਚੀ ਸੀ ਜਿਸ ਵਿਚ ਤੁਲਸੀ ਦੇ ਬੂਟੇ ਲਹਿੰਬਰੇ ਹੋਏ ਸਨ। ਅਸੀਂ ਕਰਨੈਲ ਸਿੰਘ ਦੀ ਯਾਦਗਾਰ ਦੇ ਪ੍ਰਸਾਦਿ ਵਜੋਂ ਤੁਲਸੀ ਦੇ ਪੱਤੇ ਮੂੰਹਾਂ ਵਿਚ ਪਾ ਲਏ। ਅਸਲ ਵਿਚ ਮਹਾਂਰਾਸ਼ਟਰ ਦੇ ਨਾਲ ਲਗਦਾ ਇਲਾਕਾ ਹੋਣ ਕਰਕੇ ਇਹ ਮਰਾਠੀ ਮਾਧਿਅਮ ਵਾਲਾ ਸਕੂਲ ਹੈ। ਸ਼ਾਇਦ ਗੋਆ ਦੀ ਸਰਕਾਰੀ ਭਾਸ਼ਾ ਕੋਂਕਨੀ ਇਹਦਾ ਮਾਧਿਅਮ ਨਾ ਹੋਣ ਕਾਰਨ ਹੀ ਸਰਕਾਰੀ ਸਕੂਲ ਹੋਣ ਦੇ ਬਾਵਜੂਦ ਇਕੋ ਅਧਿਆਪਕ ਸੀ ਤੇ ਇਮਾਰਤ ਦੇ ਨਾਂ ਨੂੰ ਇਕੋ ਕਮਰਾ ਸੀ। ਪਰ ਸਕੂਲ ਦੇ ਸਮੁੱਚੇ ਮਾਹੌਲ ਤੋਂ ਸਪੱਸ਼ਟ ਸੀ ਕਿ ਅਧਿਆਪਕ ਸਾਰੀਆਂ ਜਮਾਤਾਂ ਸਾਂਭਣ-ਪੜ੍ਹਾਉਣ ਦਾ ਫ਼ਰਜ਼ ਪੂਰਾ ਕਰਨ ਤੋਂ ਇਲਾਵਾ ਬਹੁਤ ਵੱਧ ਕੁਝ ਬੜੇ ਉਤਸਾਹ ਨਾਲ ਕਰ ਰਿਹਾ ਸੀ।

ਬਰਾਂਡੇ ਵਿਚ ਚਾਕ ਦੇ ਲਿਖੇ ਖ਼ੂਬਸੂਰਤ ਮਰਾਠੀ ਬੋਰਡਾਂ ਤੋਂ ਸਕੂਲ ਬਾਰੇ ਪੂਰੀ ਜਾਣਕਾਰੀ ਮਿਲ ਗਈ। ਇਕ ਬੋਰਡ ਉੱਤੇ ਕੇਜੀ ਤੋਂ ਲੈ ਕੇ ਚੌਥੀ ਤੱਕ ਸਾਰੀਆਂ ਜਮਾਤਾਂ ਦੇ ਲੜਕੇ-ਲੜਕੀਆਂ ਦਾ ਵੇਰਵਾ ਸੀ ਜਿਸ ਅਨੁਸਾਰ 15 ਲੜਕੇ ਤੇ 11 ਲੜਕੀਆਂ ਮਿਲ ਕੇ ਸਕੂਲ ਦੇ ਕੁੱਲ ਵਿਦਿਆਰਥੀ 26 ਸਨ। ਉਸੇ ਬੋਰਡ ਉੱਤੇ ਸੂਚਨਾ ਸੀ ਕਿ ਦੀਵਾਲੀ ਦੀਆਂ ਛੁੱਟੀਆਂ ਕਾਰਨ ਸਕੂਲ ਬੁੱਧਵਾਰ, 19 ਅਕਤੂਬਰ ਤੋਂ ਸਨਿੱਚਰਵਾਰ, 5 ਨਵੰਬਰ ਤੱਕ ਬੰਦ ਰਹੇਗਾ। ਇਕ ਹੋਰ ਬੋਰਡ ਉੱਤੇ ਸਕੂਲ ਵਿਚ ਸਰਬ-ਸਿੱਖਿਆ ਅਭਿਆਨ ਦੇ ਕੰਮ ਦਾ ਵੇਰਵਾ ਸੀ। ਛੁੱਟੀਆਂ ਤੋਂ ਪਹਿਲੇ ਦਿਨ ਲਿਖੇ ਤੀਜੇ, ਦਿਲਚਸਪ, ਬੋਰਡ ਉੱਤੇ ਦਿਨ, ਅੰਗਰੇਜ਼ੀ ਤਾਰੀਖ਼, ਮਰਾਠੀ ਮਹੀਨਾ, ਪੱਖ, ਤਿਥੀ, ਨਛੱਤਰ, ਸੂਰਜ ਉਦੈ ਤੇ ਅਸਤ ਦੇ ਸਮੇਂ ਦਾ ਵੇਰਵਾ ਦਿੱਤਾ ਹੋਇਆ ਸੀ। ਹੇਠ ‘ਸੁਵਿਚਾਰ’ ਸੀ, ‘‘ਪੁਸਤਕ ਵਰਗਾ ਦੂਸਰਾ ਖਰਾ ਮਿੱਤਰ ਕੋਈ ਨਹੀਂ!’’ ਅੰਤ ਵਿਚ ਦੋ ਜਗਦੇ ਦੀਵੇ ਬਣਾ ਕੇ ‘‘ਸ਼ੁਭ ਦੀਪਾਵਲੀ’’ ਲਿਖਿਆ ਹੋਇਆ ਸੀ।

ਸਾਨੂੰ ਦੇਖ ਕੇ ਇਕ ਆਦਮੀ ਸਾਈਕਲ ਰੋਕ ਕੇ ਖਲੋ ਗਿਆ। ਉਹਤੋਂ ਪਤਾ ਲਗਿਆ, ਅਧਿਆਪਕ ਦੀ ਰਿਹਾਇਸ਼ ਕਿਸੇ ਹੋਰ ਪਿੰਡ ਵਿਚ ਸੀ। ਇਉਂ ਪ੍ਰੋ. ਸ਼ਖ਼ਰਡੰਡੇ ਦਾ ਫੋਨ ਮਿਲਣ ਦੀ ਸੰਭਾਵਨਾ ਖ਼ਤਮ ਹੋ ਗਈ। ਛੁੱਟੀਆਂ ਦੇ ਦਿਨੀਂ ਏਨੀ ਦੂਰ ਕਾਲਜ ਜਾਣ ਦਾ ਕੋਈ ਅਰਥ ਨਹੀਂ ਸੀ ਬਣਦਾ। ਉਸ ਆਦਮੀ ਨੇ ਹੀ ਦੱਸਿਆ ਕਿ ਇਸੇ ਸੜਕ ਉੱਤੇ ਅੱਗੇ ਬਿਲਕੁਲ ਹੀ ਨੇੜੇ ਗੋਆ ਦੀ ਆਜ਼ਾਦੀ ਦੇ ਸ਼ਹੀਦਾਂ ਦੀ ਸਾਂਝੀ ਪੁਰਾਣੀ ਯਾਦਗਾਰ ਹੈ ਤੇ ਹੁਣ ਸਰਕਾਰ ਵੱਡੀ ਸੜਕ ਉਤੇ ਘਟਨਾ ਵਾਲੀ ਥਾਂ ਵੱਡੀ ਯਾਦਗਾਰ ਬਣਾ ਰਹੀ ਹੈ। ਪੁਰਾਣੀ ਯਾਦਗਾਰ ਸੀ ਤਾਂ ਇਸ ਅੰਦਰਲੀ ਸੜਕ ਦੇ ਸੱਜੇ ਕਿਨਾਰੇ, ਕਿਸੇ ਚਾਰ-ਦੀਵਾਰੀ ਵਗ਼ੈਰਾ ਤੋਂ ਬਿਨਾਂ, ਖੁੱਲ੍ਹੇ ਥਾਂ ਹੀ ਪਰ ਵਧੀਆ ਸੰਭਾਲੀ ਹੋਈ ਸਾਫ਼-ਸੁਥਰੀ ਹਾਲਤ ਵਿਚ ਸੀ। ਇਹ ਗੱਲ ਬੜੀ ਅਜੀਬ ਲੱਗੀ ਕਿ ਨਾ ਉਸ ਉੱਤੇ ਕਿਤੇ ਕੁਛ ਉੱਕਰਿਆ ਹੋਇਆ ਸੀ ਤੇ ਨਾ ਹੀ ਉਥੇ ਸੂਚਨਾ ਦੇਣ ਵਾਲਾ ਕੋਈ ਫੱਟਾ ਲਗਿਆ ਹੋਇਆ ਸੀ। ਸੜਕ ਦੇ ਦੂਜੇ ਪਾਸੇ ਪੰਜ-ਸੱਤ ਬੰਦੇ ਬੈਠੇ-ਖੜ੍ਹੇ ਹੋਏ ਸਨ। ਉਹਨਾਂ ਨੂੰ ਪੁੱਛਿਆ ਤਾਂ ਉੱਤਰ ਮਿਲਿਆ, ‘‘ਇਹਦੇ ਬਣਨ ਦਾ ਤਾਂ ਸਾਨੂੰ ਪਤਾ ਨਹੀਂ। ਅਸੀਂ ਤਾਂ ਇਉਂ ਹੀ ਦੇਖਦੇ ਆਏ ਹਾਂ!’’ ਅਗਲੀਆਂ ਪੀੜ੍ਹੀਆਂ ਦੇ ਉਹਨਾਂ ਲੋਕਾਂ ਦੀ ਅਨਜਾਣਤਾ ਸਮਝ ਪੈਂਦੀ ਸੀ। ਗੋਆ 1961 ਵਿਚ ਆਜ਼ਾਦ ਕਰਵਾਇਆ ਗਿਆ ਸੀ। ਇਉਂ ਇਹ ਯਾਦਗਾਰ ਕਿਸੇ ਸੰਸਥਾ ਨੇ 1961 ਤੋਂ ਛੇਤੀ ਹੀ ਮਗਰੋਂ ਬਣਵਾਈ ਹੋਵੇਗੀ।

ਅਸੀਂ ਜਰਨੈਲੀ ਸੜਕ ਉੱਤੇ ਘਟਨਾ ਵਾਲੀ ਥਾਂ ਪਹੁੰਚੇ ਅਤੇ ਉਸ ਥਾਂ ਸ਼ਰਧਾ ਭੇਟ ਕੀਤੀ ਜਿਥੇ ਜਥੇ ਨੇ ਗੋਆ ਦੀ ਧਰਤੀ ਉੱਤੇ ਪੈਰ ਧਰੇ ਸਨ। ਇਹ ਸਾਰਾ ਇਲਾਕਾ ਨੀਵੀਂਆਂ ਹਰਿਆਲੀਆਂ ਪਹਾੜੀਆਂ ਦਾ ਹੈ। ਸਾਹਮਣੇ ਨਾਲ ਹੀ ਉਹ ਥਾਂ ਸੀ ਜਿਥੇ ਗੋਆ ਦੀ ਪੁਲਿਸ ਨੇ ਬੰਦੂਕਾਂ ਬੀੜੀਆਂ ਹੋਈਆਂ ਸਨ। ਜਰਨੈਲੀ ਸੜਕ ਦੇ ਕਿਨਾਰੇ ਇਕ ਉੱਚੇ ਟੀਲੇ ਉੱਤੇ ਗੋਆ ਦੀ ਆਜ਼ਾਦੀ ਦੇ ਸ਼ਹੀਦਾਂ ਨਮਿੱਤ ਯਾਦਗਾਰ ਬਣ ਰਹੀ ਹੈ। ਮੁੱਖ ਯਾਦਗਾਰ ਵਾਲਾ ਹਿੱਸਾ ਤਾਂ ਲਗਭਗ ਮੁਕੰਮਲ ਹੋ ਚੁੱਕਿਆ ਹੈ, ਪਰ ਉਥੋਂ ਲੈ ਕੇ ਹੇਠਾਂ ਸੜਕ ਤੱਕ ਸਾਰੀ ਥਾਂ ਅਜੇ ਇੱਟਾਂ, ਪੱਥਰਾਂ, ਸੀਮਿੰਟ ਤੇ ਬਰੇਤੇ ਦੇ ਖਿਲਾਰੇ ਨਾਲ ਭਰੀ ਪਈ ਸੀ। ਉਮੀਦ ਹੈ, ਕੰਮ ਠੀਕ ਚੱਲ ਰਿਹਾ ਹੋਣ ਕਾਰਨ ਯਾਦਗਾਰ ਦਾ ਪੂਰਾ ਪਸਾਰਾ ਵੀ ਛੇਤੀ ਹੀ ਮੁਕੰਮਲ ਹੋ ਜਾਵੇਗਾ। ਇਹ ਆਸ ਕਰਨੀ ਵੀ ਗ਼ਲਤ ਨਹੀਂ ਹੋਵੇਗੀ ਕਿ ਇਥੇ ਦਰਸ਼ਕ ਨੂੰ ਕਰਨੈਲ ਸਿੰਘ ਤੇ ਉਹਦੇ ਸਾਥੀ ਸ਼ਹੀਦਾਂ ਬਾਰੇ ਲੋੜੀਂਦੀ ਜਾਣਕਾਰੀ ਵੀ ਮਿਲ ਸਕੇਗੀ।

ਸੰਪਰਕ: 80763-63058

2500 ਸਾਲ ਪਹਿਲਾਂ ਗੋਆ ਸਮਰਾਟ ਅਸ਼ੋਕ ਅਧੀਨ ਮੌਰੀਆ ਰਾਜ ਦਾ ਹਿੱਸਾ ਸੀ ਅਤੇ ਉਸ ਸਮੇਂ ਇੱਥੇ ਬੁੱਧ ਧਰਮ ਦੀਆਂ ਜੜ੍ਹਾਂ ਲੱਗੀਆਂ। ਬਾਅਦ ਵਿਚ ਇੱਥੇ ਭੋਜ, ਸਤਵਾਨ, ਯਾਦਵ, ਚੌਲਿਕਿਆ, ਰਾਸ਼ਟਕੂਤ ਅਤੇ ਕਦੰਬ ਖਾਨਦਾਨਾਂ ਦੇ ਰਾਜਿਆਂ ਨੇ ਰਾਜ ਕੀਤਾ। ਕਦੰਬ ਰਾਜਿਆਂ ਨੇ ਜੈਨ ਧਰਮ ਦੀ ਸਰਪ੍ਰਸਤੀ ਕੀਤੀ। 1312 ਵਿਚ ਇਹ ਦਿੱਲੀ ਸਲਤਨਤ ਦਾ ਹਿੱਸਾ ਬਣਿਆ ਪਰ 1370 ਵਿਚ ਦੱਖਣ ਦੇ ਵਿਸ਼ਾਲ ਵਿਜੈਨਗਰ ਸਾਮਰਾਜ ਦੇ ਰਾਜੇ ਹਰੀਹਰ ਨੇ ਇਸ ’ਤੇ ਕਬਜ਼ਾ ਕਰ ਲਿਆ। 1469 ਵਿਚ ਇਹ ਗੁਲਬਰਗਾ (ਕਰਨਾਟਕ) ਦੀ ਬਾਹਮਣੀ ਸਲਤਨਤ ਦਾ ਹਿੱਸਾ ਬਣਿਆ ਅਤੇ ਬਾਅਦ ਵਿਚ ਬੀਜਾਪੁਰ ਦੀ ਆਦਿਲ ਸ਼ਾਹੀ ਸਲਤਨਤ ਦਾ। 1510 ਵਿਚ ਪੁਰਤਗਾਲੀਆਂ ਨੇ ਬੀਜਾਪੁਰ ਦੇ ਸੁਲਤਾਨ ਯੂਸਫ਼ ਆਦਿਲ ਸ਼ਾਹ ਨੂੰ ਹਰਾ ਕੇ ਇਸ ’ਤੇ ਕਬਜ਼ਾ ਕਰ ਲਿਆ। 451 ਸਾਲ ਗ਼ੁਲਾਮੀ ਭੋਗਣ ਤੋਂ ਬਾਅਦ ਗੋਆ 1961 ਵਿਚ ਆਜ਼ਾਦ ਹੋਇਆ।

ਗੋਆ ਵਿਚ ਆਜ਼ਾਦੀ ਦਾ ਸੰਘਰਸ਼ ਬਹੁਤ ਦੇਰ ਤਕ ਚੱਲਿਆ। 18 ਜੂਨ 1946 ਨੂੰ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਨੇ ਪਣਜੀ (Panaji) ਵਿਚ ਗੋਆ ਨੂੰ ਆਜ਼ਾਦ ਕਰਾਉਣ ਲਈ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ। ਅੰਗਰੇਜ਼ਾਂ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਜਿੱਥੇ ਗੋਆ ਵਿਚ ਪਹਿਲਾਂ ਤੋਂ ਚੱਲ ਰਿਹਾ ਆਜ਼ਾਦੀ ਸੰਘਰਸ਼ ਤੇਜ਼ ਹੋਇਆ, ਉੱਥੇ ਦੇਸ਼ ਦੇ ਹੋਰ ਸੂਬਿਆਂ ਵਿਚ ਵੀ ਗੋਆ ਨੂੰ ਆਜ਼ਾਦ ਕਰਵਾਉਣ ਲਈ ਮੁਹਿੰਮਾਂ ਚਲਾਈਆਂ ਗਈਆਂ। 1947 ਵਿਚ ਜਨਸੰਘ ਅਤੇ ਆਰਐੱਸਐੱਸ ਦੇ ਵਲੰਟੀਅਰ ਵੱਡੀ ਗਿਣਤੀ ਵਿਚ ਗੋਆ ਵਿਚ ਦਾਖ਼ਲ ਹੋਏ। ਇਕ ਵੱਡੀ ਮੁਹਿੰਮ 1954-55 ਵਿਚ ਚੱਲੀ ਜਿਸ ਵਿਚ ਪਰਜਾ ਸੋਸ਼ਲਿਸਟ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ, ਜਨਸੰਘ, ਹਿੰਦੂ ਸਭਾ ਆਦਿ, ਸਭ ਨੇ ਹਿੱਸਾ ਲਿਆ। 

ਕਰਨੈਲ ਸਿੰਘ ਈਸੜੂ ਦੀ ਯਾਦਗਾਰ।

1954 ਵਿਚ ਸਾਰੀਆਂ ਪਾਰਟੀਆਂ ਨੇ ਰਲ ਕੇ ਗੋਆ ਵਿਮੋਚਨ ਸਹਾਇਕ ਸਮਿਤੀ ਬਣਾਈ। ਪਰਜਾ ਸੋਸ਼ਲਿਸਟ ਪਾਰਟੀ ਨੇ 1954-55 ਵਿਚ ਵੱਡੇ ਸਤਿਆਗ੍ਰਹਿ ਕੀਤੇ। ਕਮਿਊਨਿਸਟ ਪਾਰਟੀ ਆਫ ਇੰਡੀਆ ਜਿਸ ਦੇ ਆਗੂਆਂ ਵਿਚੋਂ ਪ੍ਰਮੁੱਖ ਐਨ ਏ ਡਾਂਗੇ, ਏਕੇ ਗੋਪਾਲਨ, ਵੀ.ਡੀ. ਚਿਤਲੇ, ਗੋਵਿੰਦ ਪਨਸਾਰੇ, ਐਨਜੀ ਸਰਦੇਸਾਈ ਅਤੇ ਨਾਨਾ ਪਾਟਿਲ ਆਦਿ ਸਨ, ਨੇ ਸੱਤਿਆਗ੍ਰਹਿ ਦੀ ਰੂਪ ਰੇਖਾ ਉਲੀਕੀ ਤੇ 1954 ਵਿਚ ਪੁਰਤਗਾਲੀਆਂ ਨੂੰ ਦਾਦਰਾ ਵਿਚੋਂ ਨਿਕਲਣ ਲਈ ਮਜਬੂਰ ਕੀਤਾ। ਆਰਐੱਸਐੱਸ ਨੇ ਵੀ 1954 ਵਿਚ ਨਗਰ ਹਵੇਲੀ ਵਿਚ ਅਜਿਹੀ ਕਾਰਵਾਈ ਕੀਤੀ। 18 ਜੂਨ 1955 ਨੂੰ ਪਣਜੀ ਵਿਚ ਤਿਰੰਗਾ ਲਹਿਰਾਇਆ ਗਿਆ ਅਤੇ ਵੱਖ ਵੱਖ ਸੂਬਿਆਂ ਨੂੰ 15 ਅਗਸਤ ਨੂੰ ਜਥੇ ਭੇਜਣ ਦਾ ਸੱਦਾ ਦਿੱਤਾ ਗਿਆ। ਕਾਮਰੇਡ ਕਰਨੈਲ ਸਿੰਘ ਈਸੜੂ ਬੰਦੂਕਧਾਰੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। 15 ਅਗਸਤ ਦੇ ਕਾਸਲ ਰੌਕ (Castle Rock) ਸੱਤਿਆਗ੍ਰਹਿ ਵਿਚ ਕਲਿਆਣ ਸ਼ਰਮਾ, ਮਧੂਕਰ ਚੌਧਰੀ, ਜਗਨ ਮੋਹਨ ਰਾਓ, ਪ੍ਰੇਮ ਚੰਦ ਜੈਨ, ਐੱਸ ਕੇ ਮੁਖਰਜੀ, ਬ੍ਰਿਜ ਨੰਦਨ ਸ਼ਰਮਾ ਤੇ ਹੋਰ ਕਈ ਦੇਸ਼ ਭਗਤ ਸ਼ਹੀਦ ਹੋ ਗਏ। ਸ਼ਹੀਦ ਹੋਣ ਵਾਲਿਆਂ ਦੀ ਗਿਣਤੀ 21 ਤੋਂ 30 ਦੇ ਵਿਚਕਾਰ ਦੱਸੀ ਜਾਂਦੀ ਹੈ।

ਇਹ ਮੁਹਿੰਮਾਂ 1956 ਤੋਂ ਬਾਅਦ ਵੀ ਚੱਲਦੀਆਂ ਰਹੀਆਂ। 1961 ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਫ਼ੌਜ ਨੂੰ ਗੋਆ ’ਤੇ ਕਬਜ਼ਾ ਕਰਨ ਦਾ ਹੁਕਮ ਦਿੱਤਾ। ਇਹ ਕਾਰਵਾਈ ਤਿੰਨ ਦਿਨਾਂ ਵਿਚ ਮੁਕੰਮਲ ਕੀਤੀ ਗਈ।

ਕਰਨੈਲ ਸਿੰਘ ਈਸੜੂ ਦੀ ਜਵਾਨੀ ਦਾ ਵੇਲਾ

ਚਾਚਾ ਜੀ ਕਾ. ਜਵਾਹਰ ਸਿੰਘ ਵਾਂਗ ਹੀ ਉਹਨਾਂ ਦੇ ਬੇਟੇ, ਬੀਬੀ ਸਵੈਚ ਦੇ ਬਾਪੂ ਜੀ, ਕਾ. ਜਗਤਾਰ ਸਿੰਘ ਵੀ ਕਮਿਊਨਿਸਟ ਪਾਰਟੀ ਨਾਲ ਜੁੜ ਗਏ। ਲੋਕ-ਹਿਤੈਸ਼ੀ ਸੇਧ ਵਿਚ ਅਡੋਲਤਾ ਨਾਲ ਤੁਰਨ ਲਈ ਕਰਨੈਲ ਸਿੰਘ ਵੀ ਉਸ ਸਮੇਂ ਦੀ ਇਕਮੁੱਠ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਲਾਲਾ ਲਾਜਪਤ ਰਾਇ ਉਹਦੇ ਆਦਰਸ਼ ਸਨ। ਉਹਨੂੰ ਲਿਖਣ ਦਾ ਵੀ ਸ਼ੌਕ ਸੀ ਅਤੇ ਆਪ ਗਾਉਣ ਦਾ ਤੇ ਵਿਦਿਆਰਥੀਆਂ ਵਿਚ ਇਹ ਕਲਾ ਜਗਾਉਣ ਦਾ ਵੀ ਸ਼ੌਕ ਸੀ। ਇਹ ਗੀਤ ਤਾਂ ਉਹਨੂੰ ਖਾਸ ਕਰ ਕੇ ਪਿਆਰਾ ਸੀ:

ਅਮਰੀਕਾ ਨੂੰ ਮਾਣ ਹੈ ਐਟਮ ‘ਤੇ,

ਯੂਨਾਨ ਨੂੰ ਮਾਣ ਤਬੀਬਾਂ ‘ਤੇ।

ਕਸ਼ਮੀਰ ਨੂੰ ਮਾਣ ਸੁੰਦਰਤਾ ‘ਤੇ,

ਪੰਜਾਬ ਨੂੰ ਮਾਣ ਸ਼ਹੀਦਾਂ ‘ਤੇ!

(ਗੁਰਬਚਨ ਸਿੰਘ ਭੁੱਲਰ ਦੇ ਲੇਖ ’ਚੋਂ)

* * *

14 ਅਗਸਤ 1955 ਨੂੰ ਸਾਵੰਤਵਾੜੀ ਤੋਂ ਲਿਖਿਆ ਕਰਨੈਲ ਸਿੰਘ ਈਸੜੂ ਦਾ ਆਖ਼ਰੀ ਖ਼ਤ

‘‘ਮੇਰੇ ਸਾਥੀਓ, ਅੱਜ ਦੀ ਰਾਤ ਇਥੇ ਰਹਾਂਗੇ ਅਤੇ ਸਵੇਰੇ ਗੋਆ ਦੀ ਹੱਦ ਪਾਰ ਕਰਾਂਗੇ। ਅੱਗੇ ਕੀ ਹੋਵੇਗਾ, ਜੇ ਕੋਈ ਪ੍ਰਮਾਤਮਾ ਹੈ ਤਾਂ ਉਹ ਜਾਣਦਾ ਹੈ। ਪਰ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਕੀ ਹੋਵੇਗਾ ਤੇ ਕੀ ਨਹੀਂ ਹੋਵੇਗਾ। ਅਸੀਂ ਆਪਣਾ ਫ਼ਰਜ਼ ਪੂਰਾ ਕਰ ਰਹੇ ਹਾਂ। ਸਾਡਾ ਉਹੀ ਫ਼ਰਜ਼ ਹੈ ਜਿਹੜਾ ਗ਼ੁਲਾਮ ਕੌਮ ਦਾ ਆਜ਼ਾਦ ਹੋਣ ਦਾ ਹੁੰਦਾ ਹੈ ਜਾਂ ਭਾਈਆਂ ਨੂੰ ਆਜ਼ਾਦ ਕਰਾਉਣ ਦਾ ਹੁੰਦਾ ਹੈ। ‘ਟਰੱਸਟ ਇਨ ਗਾਡ ਐਂਡ ਡੂ ਦਿ ਰਾਈਟ!’ ਇਥੇ ਅਸੀਂ ਲਗਭਗ ਦੋ ਹਜ਼ਾਰ ਸਤਿਆਗ੍ਰਿਹੀ ਹਾਂ ਜਿਹੜੇ ਕੱਲ੍ਹ ਨੂੰ ਮਾਰਚ ਕਰ ਰਹੇ ਹਾਂ। ਇਹਨਾਂ ਵਿਚ ਕਿੰਨੇ ਲੋਕ ਹੋਣਗੇ ਜਿਹੜੇ ਸ਼ਾਇਦ ਕਦੀ ਆਪਣੇ ਵਤਨ ਵਾਪਸ ਨਹੀਂ ਜਾਣਗੇ। ਉਹ ਪਰ ਫੇਰ ਵੀ ਅੱਗੇ ਵਧ ਰਹੇ ਹਨ ਕਿਉਂਕਿ ਜ਼ਿੰਦਗੀ ਨੇ ਮੌਤ ਉੱਤੇ ਫ਼ਤਿਹ ਪਾਉਣੀ ਹੈ! ਚਾਹੇ ਮੈਂ ਭਗਤ ਸਿੰਘ ਦੇ ਪੈਰਾਂ ਦੀ ਧੂੜ ਵੀ ਨਹੀਂ, ਤਾਂ ਵੀ ਭਗਤ ਸਿੰਘ ਦੀ ਕੁਰਬਾਨੀ ਮੇਰੇ ਲਈ ਇਕ ਬਹੁਤ ਵੱਡਾ ਸਹਾਰਾ ਹੈ। ਭਗਤ ਸਿੰਘ ਦਾ ਨਾਂ ਲੈ ਕੇ ਅਸੀਂ ਹਰ ਕੁਰਬਾਨੀ ਕਰ ਸਕਦੇ ਹਾਂ।’’

* * *

ਕਰਨੈਲ ਸਿੰਘ ਈਸੜੂ ਵਾਲੇ ਜਥੇ ਦਾ ਆਖ਼ਰੀ ਦਿਨ

ਇਕ ਹੋਰ ਲੇਖ ਵਿਚ ਗੁਰਬਚਨ ਸਿੰਘ ਭੁੱਲਰ ਲਿਖਦੇ ਹਨ: ਗੋਆ ਦੀ ਹੱਦ ਤੋਂ ਇਕ ਮੀਲ ਦੂਰ ਬਾਂਦਾ ਵਿਚ 14 ਅਗਸਤ ਦੀ ਰਾਤ ਲੰਘਾਉਣ ਬਾਅਦ 15 ਅਗਸਤ ਨੂੰ ਸਵੇਰੇ ਹੀ ਕੌਮੀ ਝੰਡਾ ਝੁਲਾ ਕੇ ਸਲਾਮੀ ਦਿੱਤੀ ਗਈ। ਹਿੰਦੁਸਤਾਨੀ ਧਰਤੀ ਤੋਂ ਗੋਆ ਦੀ ਸਰਹੱਦ ਵੱਲ ਮਾਰਚ ਕਰਨ ਸਮੇਂ ਜਦੋਂ ਜਥੇ ਦੇ ਆਗੂ ਸ਼੍ਰੀ ਚਿਤਲੇ ਨੇ ਆਖ਼ਰੀ  ਹਦਾਇਤਾਂ ਦਿੱਤੀਆਂ ਅਤੇ ਜਥਾ ਉਹਨਾਂ ਦੀ ਅਗਵਾਈ ਵਿਚ ਅੱਗੇ ਵਧਿਆ, ਸਤਿਆਗ੍ਰਿਹੀਆਂ ਦੇ ਦੇਸ-ਪਿਆਰ ਤੇ ਜੋਸ਼ ਨੂੰ ਅਤੇ ਅੱਗੇ ਖੜ੍ਹੀ ਮੌਤ ਨੂੰ ਦੇਖ ਕੇ ਇਕ ਬਦੇਸੀ ਰਿਪੋਰਟਰ ਤਾਂ ਆਪਣਾ ਕੈਮਰਾ ਸੁੱਟ ਕੇ ‘‘ਸੱਚ ਬਰੇਵਰੀ!’’ (ਏਨੀ ਬਹਾਦਰੀ!) ਕਹਿੰਦਿਆਂ ਰੋ ਪਿਆ! ਸਭ ਤੋਂ ਅੱਗੇ ਪੰਜਾਬ ਤੇ ਦਿੱਲੀ ਦੇ ਜਥੇ ਸਨ। ਇਸ ਮੌਕੇ ਦਾ ਤੇ ਇਸ ਤੋਂ ਅਗਲਾ ਅੱਖੀਂ ਦੇਖਿਆ ਹਾਲ ਉਸੇ ਜਥੇ ਵਿਚ ਸ਼ਾਮਲ ਰਹੇ ਸ਼੍ਰੀ ਮਹਾਂਬੀਰ ਪ੍ਰਸ਼ਾਦ ਨੇ ਮਗਰੋਂ ਇਹਨਾਂ ਸ਼ਬਦਾਂ ਵਿਚ ਦੱਸਿਆ:

‘‘ਅਸੀਂ 13 ਅਗਸਤ ਨੂੰ ਬਲਗਾਮ ਪੁੱਜੇ। ਗੋਆ ਵਿਮੋਚਨ ਸਹਾਇਕ ਸੰਮਤੀ ਦੀਆਂ ਹਦਾਇਤਾਂ ਅਨੁਸਾਰ ਅਸੀਂ ਸ਼੍ਰੀ ਬਸੰਤ ਰਾਓ ਓਕ ਦੇ ਜਥੇ ਵਿਚ ਸ਼ਾਮਲ ਹੋ ਗਏ। 14 ਅਗਸਤ ਨੂੰ ਬਲਗਾਮ ਤੋਂ ਬਾਂਦਾ ਵੱਲ ਚੱਲ ਪਏ। ਉਸੇ ਸ਼ਾਮ ਨੂੰ 73 ਮੀਲ ਦਾ ਪੈਂਡਾ ਮੁਕਾ ਕੇ ਬਾਂਦਾ ਪੁੱਜ ਗਏ। ਰਾਤ ਤੱਕ ਦੇਸ ਦੇ ਕੋਨੇ ਕੋਨੇ ਵਿਚੋਂ 900 ਸਤਿਆਗ੍ਰਿਹੀ ਹੋਰ ਇਕੱਠੇ ਹੋ ਗਏ। ਰਾਤ ਨੂੰ ਵਿਠਲ ਮੰਦਰ ਵਿਚ ਠਹਿਰੇ।

‘‘15 ਅਗਸਤ ਨੂੰ ਉਥੇ ਸਵੇਰੇ ਦਸ ਵਜੇ ਕੌਮੀ ਝੰਡਾ ਲਹਿਰਾਇਆ। ਉਥੋਂ ਗੋਆ ਦੀ ਸਰਹੱਦ ਡੇਢ ਮੀਲ ਸੀ। ਝੰਡੇ ਦੀ ਸਲਾਮੀ ਪਿੱਛੋਂ ਪੰਜਾਬ ਅਤੇ ਦਿੱਲੀ ਦੇ ਸਤਿਆਗ੍ਰਿਹੀਆਂ ਨੇ ਕਰਨੈਲ ਸਿੰਘ ਦੀ ਅਗਵਾਈ ਵਿਚ ਭੰਗੜਾ ਪਾਇਆ। ਅਮਰੀਕਨ ਅਖ਼ਬਾਰੀ ਫੋਟੋਗ੍ਰਾਫਰ ਭੰਗੜੇ ਦੀਆਂ ਤਸਵੀਰਾਂ ਲੈਂਦੇ ਰਹੇ। ਇਸ ਗੱਲੋਂ ਨਿਸਚਿੰਤ ਕਿ ਕੁਝ ਹੀ ਘੰਟਿਆਂ ਵਿਚ ਪੁਰਤਗਾਲੀ ਗੋਲੀਆਂ ਉਹਨਾਂ ਦੇ ਕਾਲਜੇ ਛਾਨਣੀ ਕਰ ਦੇਣਗੀਆਂ, ਪੰਜਾਬੀ ਸਤਿਆਗ੍ਰਿਹੀ ਖਿੜੇ-ਮੱਥੇ ਪੰਜਾਬ ਤੋਂ 1,500 ਮੀਲ ਦੂਰ ਭੰਗੜਾ ਪਾ ਰਹੇ ਸਨ। ਭੰਗੜੇ ਦੇ ਨਾਲ ਨਾਲ ਵੀਹ-ਸਾਲਾ ਗੱਭਰੂ ਕਰਨੈਲ ਸਿੰਘ ਸਭ ਦੇ ਅੱਗੇ ਬੋਲਦਾ ਸੀ:

ਬੋਲ ਪੰਜਾਬੀ ਹੱਲਾ ਬੋਲ!

ਬੋਲ ਜਵਾਨਾ ਹੱਲਾ ਬੋਲ!

ਗੋਆ ਉੱਤੇ ਹੱਲਾ ਬੋਲ!

ਬੋਲ ਭਾਰਤੀ ਹੱਲਾ ਬੋਲ!

‘‘ਇਸ ਜੋਸ਼ਮਈ ਗਾਣੇ ਤੋਂ ਪਿੱਛੋਂ ਮਾਰਚ ਸ਼ੁਰੂ ਹੋ ਗਿਆ। ਅੱਗੇ ਅੱਗੇ ਸਨ ਸ਼੍ਰੀ ਓਕ ਤੇ ਸ਼੍ਰੀ ਵਿਸ਼ਨੂੰ ਪੰਤ ਚਿਤਲੇ। ਉਹਨਾਂ ਪਿੱਛੇ ਚਾਰ ਚਾਰ ਦੀਆਂ ਕਤਾਰਾਂ ਵਿਚ 910 ਦੇ ਲਗਭਗ ਸਤਿਆਗ੍ਰਿਹੀ ਸਨ। ਗਿਆਰਾਂ ਵਜੇ ਸਤਿਆਗ੍ਰਿਹੀ ਸਰਹੱਦ ਉੱਤੇ ਬਣੀ ਚੌਕੀ ਚਿਤਰਾ ਪਹੁੰਚ ਗਏ। ਇਥੇ ਬਾਂਦਾ ਦੀ ਜਨਤਾ ਤੇ ਗੋਆ ਵਿਮੋਚਨ ਸਹਾਇਕ ਸੰਮਤੀ ਦੇ ਅਹੁਦੇਦਾਰ ਅਤੇ ਹਿੰਦੁਸਤਾਨੀ ਤੇ ਬਦੇਸੀ ਅਖ਼ਬਾਰਾਂ ਦੇ ਰਿਪੋਰਟਰ ਹਾਜ਼ਰ ਸਨ। 

‘‘ਜਥੇ ਨੇ ਗੋਆ ਦੀ ਸਰਹੱਦ ਉੱਤੇ ਪੈਰ ਰੱਖਿਆ ਹੀ ਸੀ ਕਿ ਪੁਰਤਗਾਲੀ ਪੁਲਿਸ ਨੇ ਬਿਨਾਂ ਚਿਤਾਵਣੀ ਗੋਲ਼ੀ ਚਲਾ ਦਿੱਤੀ। ਸਾਥੀ ਚਿਤਲੇ, ਸ਼੍ਰੀ ਓਕ ਤੇ ਸ਼੍ਰੀ ਤਿਵਾੜੀ ਨੂੰ ਗੋਲ਼ੀਆਂ ਆ ਲੱਗੀਆਂ। ਸ਼੍ਰੀ ਮਧੂਕਰ ਚੌਧਰੀ ਅੱਗੇ ਵਧੇ ਤੇ ਉਹ ਵੀ ਸ਼ਹੀਦ ਹੋ ਗਏ। ਸ਼੍ਰੀਮਤੀ ਸਹੋਦਰਾ ਸਾਗਰ ਪਿੱਛੋਂ ਦੌੜ ਕੇ ਆਈ ਅਤੇ ਉਹਨੇ ਕੌਮੀ ਝੰਡਾ ਚੁੱਕ ਲਿਆ। ਉਹਨੇ ਹੱਥ ਉੱਚਾ ਕਰ ਕੇ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਇਆ ਤਾਂ ਗੋਲ਼ੀ ਆ ਕੇ ਉਹਦੇ ਹੱਥ ’ਤੇ ਲੱਗੀ। ਸ਼੍ਰੀਮਤੀ ਸਾਗਰ ਨੂੰ ਡਿਗਦਿਆਂ ਦੇਖ ਪੰਜਾਬ ਦਾ ਬਹਾਦਰ ਸਪੂਤ ਕਾਮਰੇਡ ਕਰਨੈਲ ਸਿੰਘ ਪਾਰਲੀਮੈਂਟ ਦੇ ਮੈਂਬਰ ਸ਼੍ਰੀ ਲੰਕਾਸੁੰਦਰਮ ਦੇ ਰੋਕਦਿਆਂ ਰੋਕਦਿਆਂ ਅੱਗੇ ਵਧਿਆ ਤੇ ਸ਼ਹੀਦ ਹੋ ਗਿਆ!’’

- ਮਹਾਂਬੀਰ ਪ੍ਰਸ਼ਾਦ (ਜਥੇ ਵਿਚ ਸ਼ਾਮਲ ਸਨ)

* * *

ਗੋਲੀਆਂ ਲੱਗਣ ਸਮੇਂ ਦਾ ਹਾਲ

‘‘ਜਦੋਂ ਮਧੂਕਰ ਚੌਧਰੀ ਦੇ ਲੱਗੀਆਂ ਸੱਤ ਗੋਲ਼ੀਆਂ ਕਾਰਨ ਉਸ ਦਾ ਸਰੀਰ ਲੜਖੜਾਉਣ ਲਗਿਆ ਤਾਂ ਸ਼੍ਰੀਮਤੀ ਸੁਭਦਰਾ ਸਾਗਰ ਅੱਗੇ ਵਧੀ ਪਰ ਦੋ ਗੋਲ਼ੀਆਂ ਨੇ ਉਸ ਨੂੰ ਵੀ ਘਾਇਲ ਕਰ ਦਿੱਤਾ। ਕਰਨੈਲ ਸਿੰਘ ਬਾਰਾਂ ਟੋਲੀਆਂ ਪਿੱਛੇ ਛਡਦਾ ਹੋਇਆ ਛਾਲਾਂ ਮਾਰਦਾ ਅੱਗੇ ਵਧਿਆ। ਜਥੇ ਦੇ ਲੀਡਰ ਸ਼੍ਰੀ ਚਿਤਲੇ ਵੀ ਅੱਗੇ ਜ਼ਖ਼ਮੀ ਹੋ ਚੁੱਕੇ ਸਨ। ਸ਼੍ਰੀ ਲੰਕਾਸੁੰਦਰਮ ਮੈਂਬਰ ਪਾਰਲੀਮੈਂਟ ਨੇ ਕਰਨੈਲ ਸਿੰਘ ਨੂੰ ਰੋਕਿਆ ਪਰ ਉਹ ਤਾਂ ਸ਼੍ਰੀ ਚਿਤਲੇ ਤੱਕ ਅੱਗੇ ਪਹੁੰਚ ਗਿਆ ਸੀ। ਇਕ ਗੋਲ਼ੀ ਜੋ ਸ਼੍ਰੀ ਚਿਤਲੇ ਵੱਲ ਸਿੱਧੀ ਆ ਰਹੀ ਸੀ, ਉਹ ਕਰਨੈਲ ਸਿੰਘ ਦੀ ਛਾਤੀ ਵਿਚ ਲੱਗੀ ਤੇ ਉਹ ਸ਼ਹੀਦ ਹੋ ਗਿਆ।’’

- ਪੰਡਿਤ ਕਿਸ਼ੋਰੀ ਲਾਲ (ਭਗਤ ਸਿੰਘ ਦੇ ਸਾਥੀ, ਪੰਜਾਬ ਦੇ ਜਥੇ ਦੇ ਮੋਹਰੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All