
ਡਾ. ਮਨੀਸ਼ਾ ਬਤਰਾ
ਸ੍ਰਿਸ਼ਟੀ ਦੀ ਰਚਨਾ ਦੌਰਾਨ ਪ੍ਰਕਿਰਤੀ ਨੇ ਹਰ ਵਸਤੂ ਨੂੰ ਉਸ ਦੀ ਹੋਂਦ ਮੁਤਾਬਕ ਜਿਊਣ ਦਾ ਮਾਣ ਦਿੱਤਾ ਹੈ। ਮਨੁੱਖ ਨੂੰ ਮਰਦ ਅਤੇ ਔਰਤ ਦੇ ਰੂਪ ਵਿਚ ਸਭ ਤੋਂ ਸ੍ਰੇਸ਼ਟ ਸਥਾਨ ’ਤੇ ਰੱਖਿਆ ਗਿਆ ਹੈ। ਸੰਰਚਨਾ ਪੱਖੋਂ ਔਰਤ ਨੂੰ ਉੱਚ ਸਥਾਨ, ਅਰਥਾਤ ਜਨਨੀ ਹੋਣ ਦਾ ਸਨਮਾਨ ਪ੍ਰਾਪਤ ਹੈ। ਪ੍ਰਕਿਰਤੀ ਨੇ ਔਰਤ ਨੂੰ ਆਪਣੇ ਸਰੂਪ ਦੇ ਪ੍ਰਤੀ-ਉਤਰ ਵਜੋਂ ਸਿਰਜਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਰਾਹੀਂ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਨਾਲ ਮਨੁੱਖਤਾ ਸਾਹਮਣੇ ਇਹ ਤੱਥ ਉਭਰਿਆ ਕਿ ਜਿਸ ਔਰਤ ਨੇ ਵੱਡੇ ਵੱਡੇ ਰਾਜਿਆਂ, ਪਾਤਸ਼ਾਹਾਂ ਨੂੰ ਜਨਮ ਦਿੱਤਾ, ਉਸ ਨੂੰ ਮੰਦਾ ਕਿਉਂ ਕਿਹਾ ਜਾਏ। ਜੇ ਔਰਤ ਨੂੰ ਮੰਦਾ ਆਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਔਰਤ ਬਾਰੇ ਮੰਦਾ ਸੋਚਣਾ ਅਤੇ ਉਸ ਉਪਰ ਹਿੰਸਾ ਕਰਨਾ ਕਿੰਨਾ ਵੱਡਾ ਗੁਨਾਹ ਹੋ ਸਕਦਾ ਹੈ! ਜੇ ਪ੍ਰਕਿਰਤੀ, ਸਾਡੇ ਗੁਰੂ-ਪੀਰ ਔਰਤ ਨੂੰ ਇੰਨਾ ਮਾਣ ਦਿੰਦੇ ਹਨ ਤਾਂ ਫਿਰ ਸਾਡੇ ਸਮਾਜ ਵਿਚ ਉਸ ਦਾ ਅਪਮਾਨ ਜਾਂ ਉਸ ਨੂੰ ਹਿੰਸਾ ਦਾ ਪਾਤਰ ਕਿਉਂ ਬਣਾਇਆ ਜਾਂਦਾ ਰਿਹਾ ਹੈ?
ਇਹ ਵਿਸ਼ਾ ਆਪਣੇ ਆਪ ਵਿਚ ਕਈ ਪ੍ਰਸ਼ਨ ਉਭਾਰਦਾ ਹੈ ਜਿਨ੍ਹਾਂ ਵਿਚੋਂ ਸਭ ਤੋਂ ਮੁੱਖ ਹੈ ਕਿ ਸਾਨੂੰ ਔਰਤਾਂ ਉੱਪਰ ਹਿੰਸਾ ਦੀ ਰੋਕਥਾਮ ਦੀ ਲੋੜ ਕਿਉਂ ਮਹਿਸੂਸ ਹੋਈ? ਇਸ ਤੋਂ ਜਿ਼ਆਦਾ ਵਿਚਾਰਨ ਵਾਲਾ ਪ੍ਰਸ਼ਨ ਇਹ ਹੈ ਕਿ ਔਰਤਾਂ ਨਾਲ ਹਿੰਸਾ ਹੁੰਦੀ ਕਿਉਂ ਹੈ? ਉਹ ਲੋਕ ਕੌਣ ਹਨ ਜੋ ਔਰਤਾਂ ਉੱਤੇ ਅੱਤਿਆਚਾਰ ਕਰਦੇ ਹਨ? ਅੱਜ ਸਮਾਜ ਵਿਚ ਔਰਾਤ ਦਾ ਸਥਾਨ ਦੁਜੈਲਾ ਬਣਾ ਦਿੱਤਾ ਗਿਆ ਹੈ। ਉਸ ਨੂੰ ਆਪਣੇ ਘਰ ਦੀਆਂ ਕੰਧਾਂ ਅੰਦਰ, ਉਸ ਦੇ ਆਪਣਿਆਂ ਰਾਹੀਂ ਹੀ ਭਾਵਨਾਤਮਿਕ, ਮਾਨਸਿਕ ਤੇ ਸਰੀਰਕ ਤੌਰ ’ਤੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਉਸ ਦੀ ਆਵਾਜ਼ ਉਸ ਦੇ ਘਰ ਦੇ ਦਰਵਾਜ਼ਿਆਂ ਅੰਦਰ ਸਿਮਟ ਕੇ ਰਹਿ ਜਾਂਦੀ ਹੈ। ਜਦੋਂ ਕਦੀ ਉਸ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਮਿਲਿਆ ਤਾਂ ਉਸ ਦੀ ਆਵਾਜ਼ ਨੇ ਚੀਕਾਂ ਦਾ ਰੂਪ ਲੈ ਲਿਆ। ਹਾਲਾਤ ਦੀ ਵਿਡੰਬਨਾ ਇਹ ਰਹੀ ਕਿ ਉਸ ਦੀਆਂ ਇਨ੍ਹਾਂ ਚੀਕਾਂ ਨੂੰ ਸਮਾਜ ਦੇ ਲੋਕਾਂ ਨੇ ਆਪਣੇ ਹਿੰਸਾ ਵਾਲੇ ਵਿਹਾਰ ਨਾਲ ਹੋਰ ਤੀਬਰ ਕਰ ਦਿੱਤਾ। ਨਤੀਜੇ ਵਜੋਂ ਔਰਤ ਦੀਆਂ ਚੀਕਾਂ ਉਸ ਦਾ ਦਰਦ ਬਣ ਗਈਆਂ ਜਿਸ ਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਜੇ ਉਹ ਸਮਾਜ ਵਿਚ ਕਿਸੇ ਕੋਲੋਂ ਮਦਦ ਮੰਗਦੀ ਤਾਂ ਉਸ ਨੂੰ ਬਹੁਤ ਵਾਰ ਦੁੱਖਾਂ ਦੀ ਸ਼ਿਕਾਰ ਹੋਣਾ ਪੈਂਦਾ ਹੈ। ਉਸ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ, ਉਸ ਉੱਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਉਸ ਨੂੰ ਬੁੱਧੀਹੀਣ ਕਹਿੰਦਿਆਂ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਕਈ ਵਾਰੀ ਤਾਂ ਉਸ ਨੂੰ ਚਰਿਤਰਹੀਣ ਕਹਿ ਕੇ ਸਮਾਜ ਵਿਚ ਬਦਨਾਮ ਕੀਤਾ ਜਾਂਦਾ ਹੈ। ਆਬਰੂ ਲੁੱਟੀ ਜਾਂਦੀ ਹੈ, ਫਿਰ ਚੁੱਪ ਕਰਾਉਣ ਖ਼ਾਤਿਰ ਉਨ੍ਹਾਂ ਦੀ ਜਾਨ ਤੱਕ ਲੈ ਲਈ ਜਾਂਦੀ ਹੈ। ਅਜਿਹੇ ਹਾਲਾਤ ਵਿਚੋਂ ਗੁਜ਼ਰਦਿਆਂ ਔਰਤਾਂ ਨੂੰ ਵਾਰ ਵਾਰ ਹਿੰਸਾ ਦੀ ਸ਼ਿਕਾਰ ਹੋਣਾ ਪੈਂਦਾ ਹੈ।
ਇਸ ਸਭ ਦੇ ਬਾਵਜੂਦ ਅਸੀਂ ਹਿੰਸਾ ਦੀਆਂ ਕਈ ਹਾਲਤਾਂ ਤੋਂ ਅਣਜਾਣ ਹਾਂ ਕਿਉਂਕਿ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਇਸ ਬਾਰੇ ਚਰਚਾ ਕਰਨ ਤੋਂ ਵੀ ਡਰਦੀਆਂ ਜਾਂ ਝਿਜਕਦੀਆਂ ਹਨ। ਨਤੀਜੇ ਵਜੋਂ ਔਰਤਾਂ ਨੂੰ ਮਦਦ ਮੁਹੱਈਆ ਕਰਨ ਵਾਲੇ ਲੋਕ ਜਾਂ ਕਾਨੂੰਨੀ ਮਦਦ ਦੇਣ ਵਾਲੇ ਉਨ੍ਹਾਂ ਨਾਲ ਹੋ ਰਹੀ ਹਿੰਸਾ ਨੂੰ ਪੂਰੀ ਤਰ੍ਹਾਂ ਸਮਝਣ ਵਿਚ ਅਸਫ਼ਲ ਰਹਿੰਦੇ ਹਨ। ਨੈਸ਼ਨਲ ਫੈਮਿਲੀ ਹੈਲਥ ਸਰਵੇ ਦੁਆਰਾ 2015-16 ਵਿਚ ਕਰਵਾਏ ਸਰਵੇਖਣ ਅਨੁਸਾਰ, ਭਾਰਤ ਵਿਚ 15-49 ਉਮਰ ਵਰਗ ਦੀਆਂ 30 ਫੀਸਦੀ ਔਰਤਾਂ ਨੇ 15 ਸਾਲ ਦੀ ਉਮਰ ਤੋਂ ਸਰੀਰਕ ਹਿੰਸਾ ਦਾ ਸਾਹਮਣਾ ਕੀਤਾ ਹੈ। 2020-2021 ਤੱਕ ਪੁੱਜਦਿਆਂ ਇਨ੍ਹਾਂ ਅੰਕੜਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਔਰਤਾਂ ਖਿ਼ਲਾਫ਼ ਹਿੰਸਕ ਰਵੱਈਏ ਦੀ ਰੋਕਥਾਮ ਲਈ ਕਠੋਰ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਨੂੰ ਸਮਾਜ ਵਿਚ ਸਨਮਾਨਿਤ ਦਰਜਾ ਪ੍ਰਾਪਤ ਹੋ ਸਕੇ। ਇਸ ਬੁਰਾਈ ਨੂੰ ਮਿਟਾਉਣ ਲਈ ਔਰਤਾਂ ਨਾਲ ਹੋਣ ਵਾਲੀ ਹਿੰਸਾ ਨੂੰ ਵਿਆਪਕ ਸੂਚਨਾ-ਸਿੱਖਿਆ-ਸੰਚਾਰ ਨਾਲ ਜੋੜਨ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਪ੍ਰਸੰਗ ਵਿਚ ਮੌਜੂਦਾ ਕਾਨੂੰਨੀ ਵਿਵਸਥਾਵਾਂ ਜਿਨ੍ਹਾਂ ਵਿਚ ਘਰੇਲੂ ਹਿੰਸਾ ਤੋਂ ਮਹਿਲਾ ਸੁਰੱਖਿਆ ਕਾਨੂੰਨ-2005, ਕੰਮ ਦੇ ਸਥਾਨ ’ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਖਿ਼ਲਾਫ਼ ਕਾਨੂੰਨ-2013 ਅਤੇ ਭਾਰਤੀ ਦੰਡਾਵਲੀ ਦੀ ਧਾਰਾ 354ਏ, ਬੀ, ਸੀ ਤੇ ਡੀ ਸ਼ਾਮਿਲ ਹਨ, ਦੀ ਇਮਦਾਦ ਲਈ ਜਾ ਸਕਦੀ ਹੈ। ਇਹ ਸਾਰੇ ਕਾਨੂੰਨ ਜਿਨਸੀ ਸ਼ੋਸ਼ਣ, ਦੁਰਵਿਹਾਰ ਅਤੇ ਪਿੱਛਾ ਕਰਨ ਨਾਲ ਸਬੰਧਿਤ ਹਨ। ਉਂਝ, ਇਹ ਕਾਨੂੰਨ ਤਾਂ ਹੀ ਅਸਰਦਾਰ ਹੋ ਸਕਦੇ ਹਨ ਜੇ ਔਰਤਾਂ ਖ਼ੁਦ ਅੱਗੇ ਆ ਕੇ ਦੋਸ਼ੀਆਂ ਖਿ਼ਲਾਫ਼ ਸ਼ਿਕਾਇਤ ਦਰਜ ਕਰਵਾਉਣ।
ਜਿਨਸੀ ਸ਼ੋਸ਼ਣ ਔਰਤਾਂ ਦੇ ਬਰਾਬਰੀ ਅਤੇ ਸਤਿਕਾਰ ਦੇ ਅਧਿਕਾਰ ਦੀ ਘੋਰ ਉਲੰਘਣਾ ਹੈ। ਇਸ ਲਈ ਅਕਾਦਮਿਕ ਸੰਸਥਾਵਾਂ ਅੰਦਰ ਵੀ ਜਿਨਸੀ ਸ਼ੋਸ਼ਣ ਦੀ ਕਿਸੇ ਵੀ ਪ੍ਰਕਾਰ ਦੀ ਘਟਨਾ ਬਾਰੇ ‘ਜ਼ੀਰੋ ਸ਼ਹਿਣਸ਼ੀਲਤਾ’ ਵਾਲੀ ਨੀਤੀ ਲਾਗੂ ਕੀਤੀ ਗਈ ਹੈ। ਇਸ ਆਧਾਰ ’ਤੇ ਯੂਜੀਸੀ ਦੁਆਰਾ ‘ਔਰਤਾਂ ਦਾ ਜਿਨਸੀ ਸ਼ੋਸ਼ਣ ਰੋਕਥਾਮ ਸੈੱਲ’ (ਪੀਡਬਲਿਊਐੱਚਸੀ) ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਹਿੰਸਾ ਬਾਰੇ ਸ਼ਿਕਾਇਤ ਦਰਜ ਕਰਾਉਣ ਲਈ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ ਤਾਂ ਜੋ ਔਰਤਾਂ ਬਿਨਾ ਕਿਸੇ ਡਰ ਤੋਂ ਸ਼ਿਕਾਇਤ ਕਰ ਸਕਣ।
ਅਪਰਾਧਿਕ ਗਤੀਵਿਧੀਆਂ ਦੀ ਰੋਕਥਾਮ ਲਈ ਬਣਾਏ ਕਾਨੂੰਨੀ ਪ੍ਰਬੰਧ ਆਮ ਤੌਰ ’ਤੇ ਅਪਰਾਧ ਤੋਂ ਬਾਅਦ ਪੀੜਤ ਦੇ ਸਦਮੇ ਨੂੰ ਦੂਰ ਕਰਨ ਦੇ ਉਪਾਵਾਂ ਵਜੋਂ ਵਰਤੇ ਜਾਂਦੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕਈ ਗੈਰ-ਸਰਕਾਰੀ ਸੰਗਠਨਾਂ ਨਾਲ ਮਿਲ ਕੇ ਅਜਿਹੀਆਂ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪੁਲੀਸ ਰਾਹੀਂ ਲੋਕਾਂ (ਮਰਦਾਂ) ਨੂੰ ਚਿਤਾਵਨੀ ਜਾਂਦੀ ਹੈ ਕਿ ਅਗਰ ਉਹ ਔਰਤਾਂ ਪ੍ਰਤੀ ਕਿਸੇ ਵੀ ਹਿੰਸਾ ਵਿਚ ਸ਼ਾਮਿਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਉਸ ਦਾ ਅੰਜਾਮ ਭੁਗਤਣਾ ਪੈ ਸਕਦਾ ਹੈ।
ਭਾਰਤ ਹਿੰਸਕ ਵਿਹਾਰ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਦਾ ਅਧਿਐਨ ਕਰਨ ਦੇ ਪੱਖ ਤੋਂ ਕੋਈ ਖਾਸ ਪ੍ਰਾਪਤੀ ਹਾਸਿਲ ਨਹੀਂ ਕਰ ਸਕਿਆ। ਸਾਡੇ ਮਨੋਵਿਗਿਆਨੀ ਹੁਣ ਤੱਕ ਉਨ੍ਹਾਂ ਠੋਸ ਨੁਕਤਿਆਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਮਨੋਸਥਿਤੀਆਂ ਵਿਚ ਮਰਦ ਔਰਤ ਨਾਲ ਦੁਰਵਿਹਾਰ ਕਰਦਾ ਹੈ। ਕੁਝ ਮਨੋਵਿਗਿਆਨਕ ਪਹਿਲੂਆਂ ਅਨੁਸਾਰ ਔਰਤਾਂ ਨਾਲ ਹੋਣ ਵਾਲੀ ਹਿੰਸਾ ਅਤੇ ਵਿਤਕਰੇ ਨੂੰ ਖਤਮ ਕਰਨ ਲਈ ਮਰਦਾਂ ਨੂੰ ਸਮੱਸਿਆ ਦੇ ਕਾਰਨ ਵਜੋਂ ਦੇਖਣ ਦੀ ਬਜਾਇ ਉਨ੍ਹਾਂ ਨੂੰ ਹੱਲ ਲੱਭਣ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਔਰਤਾਂ ਵਿਰੁੱਧ ਹੋਣ ਵਾਲੇ ਜ਼ੁਲਮਾਂ ਪਿੱਛੇ ਇੱਕ ਹੀ ਦਾਸਤਾਨ ਕਾਰਜਸ਼ੀਲ ਹੈ ਕਿ ਉਨ੍ਹਾਂ ਦਾ ਜਨਮ ਅਜਿਹੇ ਸਮਾਜ ਵਿਚ ਹੋਇਆ ਹੈ ਜਿਸ ਵਿਚ ਉਨ੍ਹਾਂ ਨੂੰ ਦਰਜਾਬੰਦੀ ਦੀਆਂ ਹੱਦਾਂ ਅੰਦਰ ਰੱਖ ਕੇ ਦੇਖਿਆ ਜਾਂਦਾ ਹੈ। ਜੇ ਅਸੀਂ ਔਰਤਾਂ ਦੀ ਜ਼ਿੰਦਗੀ ਵਿਚ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਤਾਂ ਸਮਾਜ ਨੂੰ ਇਸ ਪ੍ਰਤੀ ਆਪਣੀ ਖਾਸ ਹਿੱਸੇਦਾਰੀ ਨਿਭਾਉਣੀ ਹੋਵੇਗੀ ਕਿਉਂ ਜੋ ਹਿੰਸਾ ਕਰਨ ਵਾਲਾ ਜਨਮ ਤੋਂ ਹੀ ਮਾੜਾ ਵਿਹਾਰ ਕਰਨ ਦਾ ਆਦੀ ਨਹੀਂ ਹੁੰਦਾ ਬਲਕਿ ਉਸ ਦਾ ਮਾੜਾ ਪਰਿਵਾਰਕ ਤੇ ਸਮਾਜਿਕ ਮਾਹੌਲ ਉਸ ਨੂੰ ਅਪਰਾਧਿਕ ਗਤੀਵਿਧੀਆਂ ਵੱਲ ਧੱਕਦਾ ਹੈ। ਸਾਡੇ ਦੇਸ਼ ਵਿਚ ਛੋਟੀ ਉਮਰ ਦੇ ਮੁੰਡਿਆਂ ਨੂੰ ਅਜਿਹੀ ਸਮਾਜਿਕ ਵਿਵਸਥਾ ਦਾ ਹਿੱਸਾ ਬਣਾਇਆ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਇਹ ਵਿਸ਼ਵਾਸ ਕਰਵਾਇਆ ਜਾਂਦਾ ਹੈ ਕਿ ਕੁੜੀਆਂ ਜਾਂ ਔਰਤਾਂ ਪ੍ਰਤੀ ਦਬਦਬਾ ਬਣਾਉਣਾ ਹੀ ਉਨ੍ਹਾਂ ਦੀ ਮਰਦਾਨਗੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਉਹ ਸਮਾਜਿਕ, ਸਰੀਰਕ, ਆਰਥਿਕ ਤੇ ਭਾਵਨਾਤਮਿਕ ਪੱਖੋਂ ਔਰਤ ਤੋਂ ਨਿਪੁਨ ਹਨ। ਅਸਲ ਵਿਚ ਇਹ ਬੇ-ਬੁਨਿਆਦ ਰੂੜ੍ਹੀਆਂ ਹੀ ਔਰਤ ਅਤੇ ਮਰਦ ਦੇ ਰਿਸ਼ਤੇ ਵਿਚ ਵਿੱਥ ਦਾ ਨਿਰਮਾਣ ਕਰਦੀਆਂ ਹਨ ਜਿਸ ਕਾਰਨ ਦੋਹਾਂ ਧਿਰਾਂ ਵਿਚ ਆਪਸੀ ਸਤਿਕਾਰ ਸਥਾਪਤ ਕਰਨ ਅਤੇ ਰਿਸ਼ਤੇ ਵਿਚਲੀਆਂ ਸੰਭਾਵਨਾਵਾਂ ਬੇਅਰਥ ਹੋ ਜਾਂਦੀਆਂ ਹਨ।
ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਘੱਟੋ-ਘੱਟ ਮਰਦਾਨਗੀ ਦੇ ਸਹੀ ਅਰਥਾਂ ਤੋਂ ਜਾਣੂ ਕਰਵਾਈਏ। ਇਸ ਨੂੰ ਦੱਸੀਏ ਕਿ ਅਸਲ ਮਰਦਾਨਗੀ ਔਰਤ ਦੇ ਸਤਿਕਾਰ ਤੇ ਸਨਮਾਨ ਨਾਲ ਜੁੜੀ ਹੋਈ ਹੈ ਨਾ ਕਿ ਉਨ੍ਹਾਂ ਪ੍ਰਤੀ ਹਿੰਸਾ ਦਾ ਵਿਹਾਰ ਕਰ ਕੇ। ਔਰਤਾਂ ਵਿਰੁੱਧ ਹੋਣ ਵਾਲੀ ਹਿੰਸਾ ਰੋਕਣ ਲਈ ਮਨੁੱਖੀ ਵਿਹਾਰ ਵਿਚ ਸੰਵੇਦਨਸ਼ੀਲਤਾ ਲਿਆਉਣੀ ਜ਼ਰੂਰੀ ਹੈ। ਇਹ ਸਾਡੀ ਨੈਤਿਕ ਜਿ਼ੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ, ਖਾਸ ਤੌਰ ’ਤੇ ਮੁੰਡਿਆਂ ਨੂੰ ਰਿਸ਼ਤਿਆਂ ਵਿਚਲੀ ਸੰਜੀਦਗੀ ਤੋਂ ਜਾਣੂ ਕਰਵਾਈਏ ਤਾਂ ਜੋ ਉਹ ਕੁੜੀਆਂ ਜਾਂ ਔਰਤਾਂ ਨਾਲ ਬਣੇ ਰਿਸ਼ਤਿਆਂ ਬਾਰੇ ਬਚਪਨ ਤੋਂ ਸੁਚੇਤ ਰਹਿਣ। ਕਾਨੂੰਨ ਵਿਵਸਥਾ ਭਾਵੇਂ ਜਿੰਨੀ ਵੀ ਕਠੋਰ ਹੋਵੇ, ਉਹ ਵਿਅਕਤੀ ਅੰਦਰ ਸੰਵੇਦਨਾ ਪੈਦਾ ਨਹੀਂ ਕਰ ਸਕਦੀ। ਇਸ ਲਈ ਪਰਿਵਾਰ ਦੇ ਲੋਕਾਂ ਦੀ ਇਹ ਮੁੱਢਲੀ ਜਿ਼ੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗਾ ਸਮਾਜਿਕ ਪ੍ਰਾਣੀ ਬਣਨ ਲਈ ਉਤਸ਼ਾਹਿਤ ਕਰਨ।
ਆਧੁਨਿਕਤਾ ਦੇ ਇਸ ਯੁੱਗ ਵਿਚ ਸਕੂਲੀ ਅਤੇ ਕਾਲਜ ਪੱਧਰ ’ਤੇ ਦਿੱਤੀ ਜਾਣ ਵਾਲੀ ਸਿੱਖਿਆ ਪ੍ਰਣਾਲੀ ਰਾਹੀਂ ਵੀ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੁੜੀਆਂ ਜਾਂ ਔਰਤਾਂ ਨਾਲ ਕੀਤੇ ਜਾਣ ਵਾਲੇ ਵਿਹਾਰ ਬਾਰੇ ਸੁਚੇਤ ਕਰ ਸਕਦੇ ਹਾਂ। ਸਿੱਖਿਆ ਹੀ ਮਨੁੱਖ ਨੂੰ ਚੰਗਾ ਸਮਾਜਿਕ ਪ੍ਰਾਣੀ ਬਣਨ ਅਤੇ ਨੈਤਿਕ ਵਿਹਾਰ ਅਪਣਾਉਣ ਦਾ ਆਧਾਰ ਮੁਹੱਈਆ ਕਰਦੀ ਹੈ।
ਸੰਪਰਕ: drmanisha.batra@gmail.com
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ