DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲਾੜੀ ਖੋਜ ਖੇਤਰ ’ਚ ਭਾਰਤ ਦਾ ਨਾਂ ਰੁਸ਼ਨਾਉਣ ਵਾਲਾ ਵਿਕਰਮ ਸਾਰਾਭਾਈ

ਡਾਕਟਰ ਵਿਕਰਮ ਅੰਬਾਲਾਲ ਸਾਰਾਭਾਈ ਦਾ ਨਾਮ ਭਾਰਤ ਦੇ ਪ੍ਰਸਿੱਧ ਵਿਗਿਆਨੀਆਂ ਦੀ ਸੂਚੀ ਵਿੱਚ ਸ਼ੁਮਾਰ ਹੈ। ਉਨ੍ਹਾਂ ਨੇ ਵਿਗਿਆਨ ਦੇ 86 ਖੋਜ ਪੱਤਰ ਲਿਖੇ ਅਤੇ 40 ਸੰਸਥਾਵਾਂ ਖੋਲ੍ਹੀਆਂ। ਆਪਣੇ ਵੱਲੋਂ ਨਿਭਾਈਆਂ ਵਿਲੱਖਣ ਸੇਵਾਵਾਂ ਸਦਕਾ ਵਿਕਰਮ ਸਾਰਾਭਾਈ ਦਾ ਨਾਮ ਭਾਰਤੀ ਪੁਲਾੜ ਪ੍ਰੋਗਰਾਮ...

  • fb
  • twitter
  • whatsapp
  • whatsapp
Advertisement

ਡਾਕਟਰ ਵਿਕਰਮ ਅੰਬਾਲਾਲ ਸਾਰਾਭਾਈ ਦਾ ਨਾਮ ਭਾਰਤ ਦੇ ਪ੍ਰਸਿੱਧ ਵਿਗਿਆਨੀਆਂ ਦੀ ਸੂਚੀ ਵਿੱਚ ਸ਼ੁਮਾਰ ਹੈ। ਉਨ੍ਹਾਂ ਨੇ ਵਿਗਿਆਨ ਦੇ 86 ਖੋਜ ਪੱਤਰ ਲਿਖੇ ਅਤੇ 40 ਸੰਸਥਾਵਾਂ ਖੋਲ੍ਹੀਆਂ। ਆਪਣੇ ਵੱਲੋਂ ਨਿਭਾਈਆਂ ਵਿਲੱਖਣ ਸੇਵਾਵਾਂ ਸਦਕਾ ਵਿਕਰਮ ਸਾਰਾਭਾਈ ਦਾ ਨਾਮ ਭਾਰਤੀ ਪੁਲਾੜ ਪ੍ਰੋਗਰਾਮ ਤੋਂ ਕਦੇ ਵੱਖ ਨਹੀਂ ਕੀਤਾ ਜਾ ਸਕਦਾ। ਡਾ. ਸਾਰਾਭਾਈ ਨੇ ਪੁਲਾੜ ਖੋਜ ਦੇ ਨਾਲ-ਨਾਲ ਕੱਪੜੇ, ਹਾਰ-ਸ਼ਿੰਗਾਰ ਦੇ ਸਾਮਾਨ, ਪਰਮਾਣੂ ਊਰਜਾ, ਇਲੈਕਟ੍ਰਾਨਿਕਸ ਖੋਜ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।

ਭੌਤਿਕ ਵਿਗਿਆਨੀ ਵਿਕਰਮ ਸਾਰਾਭਾਈ ਦਾ ਜਨਮ 12 ਅਗਸਤ 1919 ਨੂੰ ਅਹਿਮਦਾਬਾਦ (ਗੁਜਰਾਤ) ਵਿੱਚ ਮਾਤਾ ਸ੍ਰੀਮਤੀ ਸਰਲਾ ਦੇਵੀ ਦੀ ਕੁੱਖੋਂ ਪਿਤਾ ਸ੍ਰੀ ਅੰਬਾਲਾਲ ਸਾਰਾਭਾਈ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਇੱਕ ਪ੍ਰਸਿੱਧ ਉਦਯੋਗਪਤੀ ਸਨ। ਇਸ ਪਰਿਵਾਰ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਲਹਿਰ ਵਿੱਚ ਵੀ ਯੋਗਦਾਨ ਪਾਇਆ। ਵਿਕਰਮ ਸਾਰਾਭਾਈ ਅੱਠ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦਸਵੀਂ ਦੀ ਪ੍ਰੀਖਿਆ ਗੁਜਰਾਤ ਕਾਲਜ, ਅਹਿਮਦਾਬਾਦ ਤੋਂ ਪਾਸ ਕੀਤੀ ਅਤੇ ਇਸ ਮਗਰੋਂ ਇੰਗਲੈਂਡ ਚਲੇ ਗਏ ਤੇ ਉੱਥੇ ਸੇਂਟ ਜਾਨ ਕਾਲਜ, ਕੈਂਬਰਿਜ ਯੂਨੀਵਰਸਿਟੀ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਦਾਖਲਾ ਲਿਆ। ਦੂਜੀ ਆਲਮੀ ਜੰਗ ਛਿੜਨ ਮਗਰੋਂ ਵਿਕਰਮ ਸਾਰਾਭਾਈ ਵਾਪਸ ਭਾਰਤ ਆ ਗਏ ਅਤੇ ਭਾਰਤੀ ਵਿਗਿਆਨ ਸੰਸਥਾ ਅਹਿਮਦਾਬਾਦ ਵਿੱਚ ਨੋਬੇਲ ਪੁਰਸਕਾਰ ਜੇਤੂ ਸਰ ਸੀ ਵੀ ਰਮਨ ਦੀ ਅਗਵਾਈ ਹੇਠ ਕੌਸਮਿਕ ਰੇਅਜ਼ ’ਤੇ ਖੋਜ ਦਾ ਕੰਮ ਸ਼ੁਰੂ ਕਰ ਦਿੱਤਾ। ਸਤੰਬਰ 1942 ’ਚ ਉਨ੍ਹਾਂ ਦਾ ਵਿਆਹ ਕਲਾਸੀਕਲ ਨਰਤਕੀ ਮ੍ਰਿਣਾਲਿਨੀ ਸਾਰਾਭਾਈ ਨਾਲ ਹੋਇਆ। ਇਸ ਵਿਆਹ ’ਚ ਵਿਕਰਮ ਸਾਰਾਭਾਈ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸ਼ਾਮਲ ਨਾ ਹੋ ਸਕਿਆ ਕਿਉਂਕਿ ਪੂਰਾ ਪਰਿਵਾਰ ਉਸ ਵੇਲੇ ‘ਭਾਰਤ ਛੱਡੋ ਅੰਦੋਲਨ’ ਵਿੱਚ ਸ਼ਾਮਲ ਸੀ। ਉਨ੍ਹਾਂ ਦੀ ਧੀ ਮਲਿਕਾ ਸਾਰਾਭਾਈ ਇੱਕ ਪ੍ਰਸਿੱਧ ਅਦਾਕਾਰਾ, ਨਰਤਕੀ ਅਤੇ ਕਾਰਕੁਨ ਸੀ ਤੇ ਪੁੱਤਰ ਕਾਰਤਿਕੇ ਸਾਰਾਭਾਈ ਨੇ ਵਿਗਿਆਨ ਦੇ ਖੇਤਰ ਵਿੱਚ ਅਹਿਮ ਸੇਵਾਵਾਂ ਨਿਭਾਈਆਂ।

Advertisement

ਦੂਜੀ ਆਲਮੀ ਜੰਗ ਸਮਾਪਤ ਹੋਣ ਮਗਰੋਂ 1945 ਵਿੱਚ ਵਿਕਰਮ ਸਾਰਾਭਾਈ ਇੰਗਲੈਂਡ ਦੀ ਯੂਨੀਵਰਸਿਟੀ ਆਫ ਕੈਂਬਰਿਜ ਵਾਪਸ ਚਲੇ ਗਏ, ਜਿੱਥੇ 1947 ’ਚ ਵਿਕਰਮ ਸਾਰਾਭਾਈ ਨੂੰ ‘ਕੌਸਮਿਕ ਰੇਅ ਇਨਵੈਸਟੀਗੇਸ਼ਨ ਇਨ ਟਰੌਪੀਕਲ ਲੈਟੀਟਿਊਡਸ’ ਥੀਸਸ ਲਈ ਪੀ ਐੱਚਡੀ ਨਾਲ ਸਨਮਾਨਿਆ ਗਿਆ। ਵਿਕਰਮ ਸਾਰਾਭਾਈ 1947 ਵਿੱਚ ਭਾਰਤ ਪਰਤ ਆਏ ਤੇ ਦੇਸ਼ ਦੀਆਂ ਲੋੜਾਂ ਦੇ ਮੱਦੇਨਜ਼ਰ ਇੱਕ ਟਰੱਸਟ ਬਣਾਇਆ। ਉਨ੍ਹਾਂ ਸਿਰਫ਼ 28 ਸਾਲ ਦੀ ਉਮਰ ਵਿੱਚ ਕਰਮਸਤਰ ਵਿੱਦਿਅਕ ਫਾਊਂਡੇਸ਼ਨ ਅਤੇ ਅਹਿਮਦਾਬਾਦ ਸਿੱਖਿਆ ਸੁਸਾਇਟੀ ਦੀ ਸਹਾਇਤਾ ਨਾਲ 11 ਨਵੰਬਰ 1947 ਨੂੰ ਐੱਮ ਜੀ ਸਾਇੰਸ ਇਸਟੀਚਿਊਟ, ਅਹਿਮਦਾਬਾਦ ਵਿੱਚ ਫਿਜ਼ੀਕਲ ਰਿਸਰਚ ਲੈਬੋਰੇਟਰੀ ਦੀ ਸਥਾਪਨਾ ਕੀਤੀ। ਇਸ ਲੈਬੋਰੇਟਰੀ ਤੋਂ ਸ਼ੁਰੂਆਤ ਕਰਕੇ ਉਨ੍ਹਾਂ ਨੇ ਬ੍ਰਹਿਮੰਡੀ ਕਿਰਨਾਂ ਦੀ ਖੋਜ ਵਿੱਚ ਉੱਘਾ ਯੋਗਦਾਨ ਪਾਇਆ।

Advertisement

ਇੰਡੀਅਨ ਸਪੇਸ ਰਿਸਰਚ ਔਰਗੇਨਾਈਜ਼ੇਸ਼ਨ (ਇਸਰੋ) ਸ਼ੁਰੂ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਉਪਲੱਬਧੀ ਸੀ। ਉਨ੍ਹਾਂ ਨੇ ਸਰਕਾਰ ਨੂੰ ਇਸ ਗੱਲ ਦਾ ਸਫ਼ਲਤਾਪੂਰਵਕ ਅਹਿਸਾਸ ਕਰਵਾਇਆ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਪੁਲਾੜੀ ਖੋਜ ਪ੍ਰੋਗਰਾਮ ਦੀ ਬਹੁਤ ਮਹੱਤਤਾ ਹੈ। ਭਾਰਤੀ ਨਿਊਕਲੀਅਰ ਸਪੇਸ ਪ੍ਰੋਗਰਾਮ ਦੇ ਪਿਤਾਮਾ ਡਾ. ਹੋਮੀ ਜਹਾਂਗੀਰ ਭਾਬਾ ਨੇ ਡਾ. ਵਿਕਰਮ ਸਾਰਾਭਾਈ ਨੂੰ ਭਾਰਤ ’ਚ ਪਹਿਲਾ ਰਾਕੇਟ ਲਾਂਚ ਸਟੇਸ਼ਨ ਬਣਾਉਣ ’ਚ ਬਹੁਤ ਸਹਿਯੋਗ ਦਿੱਤਾ। ਇਹ ਸਟੇਸ਼ਨ ਤਿਰੂਵਨੰਤਪੁਰਮ ਨੇੜੇ ਅਰਬ ਸਾਗਰ ਦੇ ਸਮੁੰਦਰ ਤੱਟ ’ਤੇ ਬਣਾਇਆ ਗਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ 1975 ’ਚ ਭਾਰਤ, ਰੂਸੀ ਰਾਕੇਟ ਲਾਂਚ ਸਟੇਸ਼ਨ ਤੋਂ ਆਪਣਾ ਪਹਿਲਾ ਉਪਗ੍ਰਹਿ ‘ਆਰੀਆਭੱਟ’ ਭੇਜਣ ਵਿੱਚ ਸਫ਼ਲ ਹੋਇਆ ਸੀ। ਇਸਰੋ ਦੀ ਬਦੌਲਤ ਹੀ ਭਾਰਤ ਚੰਦਰਯਾਨ-3 ਨੂੰ ਚੰਦਰਮਾ ’ਤੇ ਸਫਲਤਾਪੂਰਵਕ ਭੇਜ ਸਕਿਆ ਹੈ। ਇਸ ਲਈ ਇਸ ਸਫ਼ਲਤਾ ਦਾ ਸਿਹਰਾ ਇਸਰੋ ਦੇ ਬਾਨੀ ਡਾ. ਵਿਕਰਮ ਸਾਰਾਭਾਈ ਸਿਰ ਵੀ ਜਾਂਦਾ ਹੈ।

ਡਾ. ਸਾਰਾਭਾਈ ਨੂੰ ਕਈ ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹ 1962 ’ਚ ਇੰਡੀਅਨ ਸਾਇੰਸ ਕਾਂਗਰਸ ਦੇ ਭੌਤਿਕ ਵਿਗਿਆਨ ਸੈਕਸ਼ਨ ਦੇ ਪ੍ਰਧਾਨ ਬਣੇ। 1970 ’ਚ ਉਨ੍ਹਾਂ ਨੂੰ ਵੀਏਨਾ ਦੀ ਆਈ ਏ ਈ ਏ ਕਾਨਫਰੰਸ ਦੀ ਪ੍ਰਧਾਨਗੀ ਕਰਨ ਦਾ ਮਾਣ ਪ੍ਰਾਪਤ ਹੋਇਆ। ਉਹ 1966 ਤੋਂ 1971 ਤੱਕ ਭਾਰਤ ਦੇ ਅਟੌਮਿਕ ਐਨਰਜੀ ਕਮਿਸ਼ਨ ਦੇ ਚੇਅਰਮੈਨ ਤੇ 1971 ’ਚ ਯੂ ਐੱਨ ਦੀ ਚੌਥੀ ਕਾਨਫਰੰਸ ‘ਪੀਸਫੁਲ ਯੂਸੇਜ ਆਫ ਅਟੌਮਿਕ ਐਨਰਜੀ’ ਦੇ ਉਪ ਪ੍ਰਧਾਨ ਰਹੇ। ਉਹ ਸਪੇਸ ਐਪਲੀਕੇਸ਼ਨਜ਼ ਸੈਂਟਰ ਦੇ ਸੰਸਥਾਪਕ ਸਨ ਅਤੇ ਉਹ ਇਸ ਸੰਸਥਾ ਦੇ ਚੇਅਰਮੈਨ ਵੀ ਰਹੇ।

ਡਾ. ਵਿਕਰਮ ਸਾਰਾਭਾਈ ਦੀ ਵਿਗਿਆਨਕ ਸਿੱਖਿਆ ’ਚ ਬਹੁਤ ਰੁਚੀ ਸੀ। 1966 ’ਚ ਉਨ੍ਹਾਂ ਨੇ ਅਹਿਮਦਾਬਾਦ ਵਿੱਚ ਸਇੰਸ ਸੈਂਟਰ ਬਣਾਇਆ, ਜਿਸ ਨੂੰ ਅੱਜਕੱਲ੍ਹ ‘ਵਿਕਰਮ ਸਾਰਾਭਾਈ ਕਮਿਊਨਟੀ ਸਾਇੰਸ ਸੈਂਟਰ’ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਵਿਗਿਆਨ ਦੇ ਨਾਲ ਖੇਡਾਂ ਅਤੇ ਅੰਕੜਾ ਵਿਗਿਆਨ ਦਾ ਵੀ ਸ਼ੌਕ ਸੀ। ਉਨ੍ਹਾਂ ਨੇ ਅਪਰੇਸ਼ਨਜ਼ ਰਿਸਰਚ ਗਰੁੱਪ ਦੀ ਸਥਾਪਨਾ ਕੀਤੀ ਜੋ ਭਾਰਤ ’ਚ ਪਹਿਲੀ ਬਾਜ਼ਾਰ ਖੋਜ ਸੰਸਥਾ ਸੀ। ਉਨ੍ਹਾਂ ਕੌਮਾਂਤਰੀ ਪੱਧਰ ਦੀਆਂ ਵੱਕਾਰੀ ਸੰਸਥਾਵਾਂ ਬਣਾਈਆਂ ਜਿਨ੍ਹਾਂ ’ਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਫਿਜ਼ੀਕਲ ਰਿਸਰਚ ਲੈਬੋਰੇਟਰੀ, ਅਹਿਮਦਾਬਾਦ ਟੈਕਸਟਾਈਲਜ਼ ਇੰਡਸਟਰੀਅਲ ਰਿਸਰਚ ਐਸੋਸੀਏਸ਼ਨ, ਸੈਂਟਰ ਫਾਰ ਐਨਵਾਇਰਨਮੈਂਟਲ ਪਲੈਨਿੰਗ ਐਂਡ ਟੈਕਨੋਲੋਜੀ ਆਦਿ ਦੇ ਨਾਂ ਵਰਣਨਯੋਗ ਹਨ। ਉਹ ਦਿਵਿਆਂਗ ਲੋਕਾਂ ਪ੍ਰਤੀ ਵਿਸ਼ੇਸ਼ ਹਮਦਰਦੀ ਰੱਖਦੇ ਸਨ। ਉਨ੍ਹਾਂ ਨੇ ਦੇਖਣ ਤੋਂ ਅਸਮੱਰਥ ਲੋਕਾਂ ਦੀ ਭਲਾਈ ਲਈ ਬਲਾਈਂਡ ਮੈੱਨ ਐਸੋਸੀਏਸ਼ਨ ਵੀ ਬਣਾਈ।

1962 ’ਚ ਡਾ. ਵਿਕਰਮ ਸਾਰਾਭਾਈ ਨੂੰ ਸ਼ਾਂਤੀਸਰੂਪ ਭਟਨਾਗਰ ਐਵਾਰਡ ਮਿਲਿਆ। ਉਨ੍ਹਾਂ ਵੱਲੋਂ ਦੇਸ਼ ਪ੍ਰਤੀ ਨਿਭਾਈਆਂ ਵਿਲੱਖਣ ਸੇਵਾਵਾਂ ਬਦਲੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1966 ’ਚ ਪਦਮ ਭੂਸ਼ਣ ਤੇ 1972 ਨੂੰ ਦੇਹਾਂਤ ਤੋਂ ਬਾਅਦ ਭਾਰਤ ਦੇ ਦੂਜੇ ਸਭ ਤੋਂ ਵੱਡੇ ਐਵਾਰਡ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। 30 ਦਸੰਬਰ 1971 ਨੂੰ ਤ੍ਰਿਵੇਂਦਰਮ ਦੇ ਕੋਵਲਾਮ ਸਥਾਨ ’ਤੇ ਸਿਹਤ ਖਰਾਬ ਹੋਣ ਕਾਰਨ ਡਾ. ਵਿਕਰਮ ਸਾਰਾਭਾਈ ਦੀ ਮੌਤ ਹੋ ਗਈ।

ਕੇਰਲਾ ਪ੍ਰਾਂਤ ਦੀ ਰਾਜਧਾਨੀ ਤਿਰੂਵਨੰਤਪੁਰਮ (ਤ੍ਰਿਵੇਂਦਰਮ) ਵਿੱਚ ਪੁਲਾੜ ਵਾਹਨਾਂ ਦੇ ਵਿਕਾਸ ਲਈ ਖੋਜ ਕਰਨ ਲਈ ਬਣੀ ਸੰਸਥਾ ਦਾ ਨਾਮ ਉਨ੍ਹਾਂ ਦੀ ਯਾਦ ਵਿੱਚ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਰੱਖਿਆ ਗਿਆ ਹੈ। ਇਸੇ ਤਰ੍ਹਾਂ 1972 ਵਿੱਚ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਸਰਕਾਰ ਨੇ ਡਾ. ਸਾਰਾਭਾਈ ਦੀ ਯਾਦ ਵਿੱਚ ਡਾਕ ਟਿਕਟ ਵੀ ਜਾਰੀ ਕੀਤੀ ਸੀ। ਡਾ. ਵਿਕਰਮ ਸਾਰਾਭਾਈ ਦੀ ਕੌਮਾਂਤਰੀ ਪ੍ਰਸਿੱਧੀ ਦੇ ਮੱਦੇਨਜ਼ਰ ਸਾਲ 1974 ਵਿੱਚ ਸਿਡਨੀ ਵਿੱਚ ਕੌਮਾਂਤਰੀ ਖਗੋਲ-ਵਿਗਿਆਨ ਯੂਨੀਅਨ ਨੇ ਫ਼ੈਸਲਾ ਲਿਆ ਸੀ ਕਿ ਸਮੁੰਦਰ ਵਿੱਚ ਇੱਕ ਮੂਨ ਕ੍ਰੇਟਰ ਵੈਸਲ ਨੂੰ ਡਾ. ਸਾਰਾਭਾਈ ਕ੍ਰੇਟਰ ਦੀ ਪਛਾਣ ਦਿੱਤੀ ਜਾਵੇਗੀ। ਉਨ੍ਹਾਂ ਦੇ 100ਵੇਂ ਜਨਮ ਮੌਕੇ 12 ਅਗਸਤ 2019 ਨੂੰ ਗੂਗਲ ਦੇ ਡੂਡਲ ਨੇ ਡਾ. ਵਿਕਰਮ ਸਾਰਾਭਾਈ ਨੂੰ ਸਨਮਾਨ ਦਿੱਤਾ। ਇਸੇ ਦਿਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਵਿਗਿਆਨ, ਕਾਰਜਾਂ ਅਤੇ ਖੋਜਾਂ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ ਨੂੰ ਡਾ. ਵਿਕਰਮ ਸਾਰਾਭਾਈ ਦੇ ਨਾਮ ’ਤੇ ਪੁਰਸਕਾਰ ਦੇਣ ਦਾ ਵੀ ਐਲਾਨ ਕੀਤਾ ਸੀ। 20 ਸਤੰਬਰ 2019 ਨੂੰ ਚੰਦ ਦੇ ਦੱਖਣੀ ਧਰੁਵ ਕੋਲ ਉਤਰਨ ਵਾਲੇ ਚੰਦਰਯਾਨ-2 ਦਾ ਨਾਮ ਸਨਮਾਨ ਵਜੋਂ ਡਾ. ਵਿਕਰਮ ਸਾਰਾਭਾਈ ਰੱਖਿਆ ਗਿਆ। 30 ਸਤੰਬਰ 2020 ਨੂੰ ਏ ਸੀ ਕੇ ਮੀਡੀਆ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਰਲ ਕੇ ‘ਵਿਕਰਮ ਸਾਰਾਭਾਈ: ਪਾਇਨੀਅਰਿੰਗ ਇੰਡੀਆ’ਜ਼ ਸਪੇਸ ਪ੍ਰੋਗਰਾਮ’ ਨਾਮ ਦੀ ਪੁਸਤਕ ਰਿਲੀਜ਼ ਕੀਤੀ। ਅੱਜ ਸਮੁੱਚਾ ਦੇਸ਼ ਇਸ ਵਿਲੱਖਣ ਸ਼ਖ਼ਸੀਅਤ ਨੂੰ ਨਮਨ ਕਰਦਾ ਹੈ।

ਸੰਪਰਕ: 94631-62825

Advertisement
×