ਗਿਆਨ ਸੈਦਪੁਰੀ
ਅਸੀਂ ਅਕਤੂਬਰ ਵਿੱਚ ਇੱਕ ਕਾਨਫਰੰਸ ਲਈ ਵਿਜੇਵਾੜਾ(ਆਂਧਰਾ ਪ੍ਰਦੇਸ਼) ਗਏ। ਪੰਜਾਬ ਦੇ ਬਹੁਤੇ ਡੈਲੀਗੇਟਾਂ ਦੀ ਵਾਪਸੀ 18 ਅਕਤੂਬਰ ਦੀ ਰਾਤ ਜਾਂ 19 ਦੀ ਸਵੇਰ ਨੂੰ ਸੀ। ਅਸੀਂ ਛੇ ਜਣਿਆਂ ਨੇ 19 ਅਕਤੂਬਰ ਨੂੰ ਵਾਪਸੀ ਕਰਨੀ ਸੀ। ਇਸ ਸਦਕਾ ਸਾਡੇ ਕੋਲ ਪੂਰੇ ਦਿਨ ਦੀ ਵਿਹਲ ਸੀ। ਅਸੀਂ ਜਾਣਦੇ ਸਾਂ ਕਿ ਵਿਜੇਵਾੜਾ ਕ੍ਰਿਸ਼ਨਾ ਨਦੀ ਦੇ ਕਿਨਾਰੇ ਵਸਿਆ ਖ਼ੂਬਸੂਰਤ ਸ਼ਹਿਰ ਹੈ। ਇਸ ਸ਼ਹਿਰ ਦੇ ਭੂਗੋਲਿਕ ਦ੍ਰਿਸ਼ਾਂ ਨੂੰ ਤੱਕਣ ਦੀ ਹਰੇਕ ਦੀ ਤਾਂਘ ਸੀ। ਇਸ ਤਾਂਘ ਨੂੰ ਪੂਰਾ ਕਰਨ ਲਈ ਗੱਡੀ ਕਿਰਾਏ ‘ਤੇ ਲੈ ਲਈ। ਸਵੇਰੇ ਅੱਠ ਵਜੇ ਕਾਰ ਸਾਡੀ ਠਾਹਰ ‘ਤੇ ਪਹੁੰਚ ਗਈ। ਕੀ ਅਤੇ ਪਹਿਲਾਂ ਕੀ ਵੇਖਿਆ ਜਾਵੇ, ਇਹ ਫ਼ੈਸਲਾ ਅਸੀਂ ਡਰਾਈਵਰ ‘ਤੇ ਸੁੱਟ ਦਿੱਤਾ। ਆਂਧਰਾ ਦੇ ਸਾਥੀਆਂ ਨੇ ਦੱਸ ਦਿੱਤਾ ਸੀ ਕਿ ਡਰਾਈਵਰ ਸਿਆਣਾ ਬੰਦਾ ਹੈ ਤੇ ਸਾਡੀ ਸਹੂਲਤ ਦਾ ਖ਼ਿਆਲ ਰੱਖੇਗਾ। ਫ਼ੈਸਲਾ ਇਹ ਹੋਇਆ ਕਿ ਪਹਿਲਾਂ ਇੱਥੋਂ 17 ਕਿਲੋਮੀਟਰ ਦੂਰ ਕੌਂਡਾਪੱਲੀ ਕਿਲ੍ਹਾ ਦੇਖਿਆ ਜਾਵੇ। ਅਸੀਂ ਕੌਂਡਾਪੱਲੀ ਲਈ ਰਵਾਨਾ ਹੋ ਗਏ। ਸ਼ਹਿਰ ਤੋਂ ਦੋ-ਢਾਈ ਕਿਲੋਮੀਟਰ ਬਾਹਰ ਗਏ ਸਾਂ ਕਿ ਕ੍ਰਿਸ਼ਨਾ ਨਦੀ ਦਾ ਵੱਡਾ ਪੁਲ ਆ ਗਿਆ। ਸੱਜੇ ਪਾਸੇ ਪਹਾੜੀ ‘ਤੇ ਦੁਰਗਾ ਮੰਦਰ ਹੈ। ਅਸੀਂ ਵਿਜੇਵਾੜਾ ਦੀ ਖ਼ੂਬਸੂਰਤੀ ਦੀਆਂ ਗੱਲਾਂ ਕਰਦੇ ਅੱਗੇ ਜਾ ਰਹੇ ਸਾਂ ਕਿ ਛੇਤੀ ਹੀ ਇਬਰਾਹੀਮ ਪੱਟੀਨਮ ਪਹੁੰਚ ਗਏ। ਦੇਖਦੇ ਹਾਂ ਕਿ ਸ਼ਹਿਰ ਨੂੰ ਵੱਖ ਵੱਖ ਬੈਨਰਾਂ ਅਤੇ ਲਾਲ ਝੰਡਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਇਹ ਸ਼ਹਿਰ ਵਿਜੇਵਾੜਾ ਵਿੱਚ ਨੇਪਰੇ ਚੜ੍ਹੀ ਸੀ.ਪੀ.ਆਈ. ਦੀ ਪਾਰਟੀ ਕਾਂਗਰਸ ਦੇ ਸੰਬੰਧ ਵਿੱਚ ਸ਼ਿੰਗਾਰਿਆ ਗਿਆ ਸੀ। ਸ਼ਹਿਰ ਦੀ ਸਫ਼ਾਈ ਦੀਆਂ ਸਿਫ਼ਤਾਂ ਕਰਦਿਆਂ ਅਸੀਂ ਪਹਾੜੀ ਖੇਤਰ ਵਿੱਚ ਦਾਖ਼ਲ ਹੋਏ ਤਾਂ ਸ਼ਹਿਰ ਦੇ ਗੰਦ ਨੇ ਨੱਕ ਢੱਕਣ ਲਈ ਮਜਬੂਰ ਕਰ ਦਿੱਤਾ। ਥੋੜ੍ਹਾ ਅੱਗੇ ਗਏ ਤਾਂ ਖਣਨ ਵਾਲੇ ਟਰੱਕਾਂ ਦੀ ਵਧੇਰੇ ਆਵਾਜਾਈ ਕਾਰਨ ਥਾਂ ਥਾਂ ਤੋਂ ਟੁੱਟੀ ਸੜਕ ਵੇਖ ਕੇ ਵਿਜੇਵਾੜਾ ਦਾ ਸਫ਼ਾਈ ਪੱਖੋਂ ਬਣਿਆ ਅਕਸ ਧੁੰਦਲਾ ਪੈਣ ਲੱਗਾ।
ਖ਼ੈਰ! ਡਿੱਕ-ਡੋਲੇ ਖਾਂਦੇ ਅਸੀਂ ਕਿਲ੍ਹੇ ਅੱਗੇ ਜਾ ਰੁਕੇ। ਉੱਥੇ ਬੇਰੌਣਕੀ ਦਾ ਆਲਮ ਸੀ। ਉਂਜ ਕਿਲ੍ਹੇ ਦੇ ਆਲੇ-ਦੁਆਲੇ ਦੇ ਪਹਾੜੀ ਦ੍ਰਿਸ਼ ਤੇ ਹਰਿਆਵਲ ਇਸ ਦਾ ਅਸਰ ਘਟਾਉਣ ਵਿੱਚ ਕਾਮਯਾਬ ਰਹੇ। ਅਸੀਂ ਟਿਕਟਾਂ ਲੈ ਕੇ ਦਰਗਾਹੀ ਦਰਵਾਜ਼ੇ ਰਾਹੀਂ ਕਿਲ੍ਹੇ ਅੰਦਰ ਦਾਖ਼ਲ ਹੋ ਗਏ। ਕਿਲ੍ਹੇ ਦੇ ਹਾਲ ਵਿੱਚ ਇੱਥੇ ਰਾਜ ਕਰਦੇ ਰਹੇ ਜਾਂ ਇਸ ਦੇ ਮਾਲਕ ਰਹੇ ਵੱਖ ਵੱਖ ਰਾਜਿਆਂ-ਮਹਾਰਾਜਿਆਂ ਦੀਆਂ ਤਸਵੀਰਾਂ ਕੰਧਾਂ ‘ਤੇ ਲੱਗੀਆਂ ਹਨ। ਤਸਵੀਰਾਂ ਹੇਠਾਂ ਉਨ੍ਹਾਂ ਦੇ ਰਾਜ ਕਾਲ ਦਾ ਜ਼ਿਕਰ ਹੈ। ਪਹਿਲੀ ਤਸਵੀਰ ਸੁਲਤਾਨ ਕੌਲੀ ਕੁਤਬ-ਉਲ-ਮਲਕ (1518-1543) ਦੀ ਹੈ। ਤਸਵੀਰਾਂ ਦਾ ਇਹ ਸਿਲਸਿਲਾ ਇਬਰਾਹੀਮ ਕੌਲੀ ਕੁਤਬ ਸ਼ਾਹ (1558-1580) ਤੋਂ ਹੁੰਦਾ ਹੋਇਆ ਸੁਲਤਾਨ ਮੁਹੰਮਦ ਕੁਤਬ ਸ਼ਾਹ (1626-1672) ਜਾਰੀ ਰਹਿੰਦਾ ਹੈ। ਇਸੇ ਹਾਲ ਵਿੱਚ ਮੂਰਤੀਆਂ ਦੀ ਗੈਲਰੀ ਵੀ ਇੱਥੋਂ ਦਾ ਇਤਿਹਾਸ ਬਿਆਨ ਕਰਦੀ ਹੈ। ਕਿਲ੍ਹੇ ਅੰਦਰ ਘੁੰਮਦਿਆਂ ਸਾਨੂੰ ਇੱਕ ਲੜਕੀ ਬਾਰੀਕਬੀਨੀ ਨਾਲ ਕੁਝ ਲੱਭਦੀ ਨਜ਼ਰ ਆਈ। ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਹ ਵਿਸ਼ਾਖਾਪਟਨਮ ਤੋਂ ਆਈ ਹੈ ਤੇ ਉਹ ਆਂਧਰਾ ਪ੍ਰਦੇਸ਼ ਵਿੱਚ ਸਥਿਤ ਵੱਖ ਵੱਖ ਕਿਲ੍ਹਿਆਂ ਬਾਰੇ ਖੋਜ ਕਰ ਰਹੀ ਹੈ। ਕੋਈ ਗਾਈਡ ਨਾ ਹੋਣ ਕਰਕੇ ਕਿਲ੍ਹੇ ਦੇ ਇਤਿਹਾਸ ਬਾਰੇ ਬਹੁਤਾ ਕੁਝ ਨਾ ਜਾਣ ਸਕੇ। ਇੱਥੋਂ ਤੁਰਦਿਆਂ ਸਾਨੂੰ ਸਵਾ ਗਿਆਰਾਂ ਵੱਜ ਗਏ।
ਸਾਡਾ ਅਗਲਾ ਪੜਾ ਕੌਂਡਾਪੱਲੀ ਪਿੰਡ ਸੀ। ਅਸੀਂ ਪੜ੍ਹ ਸੁਣ ਰੱਖਿਆ ਸੀ ਕਿ ਇੱਥੇ ਲੱਕੜੀ ਦੇ ਵਿਸ਼ੇਸ਼ ਖਿਡੌਣੇ ਬਣਦੇ ਹਨ ਜੋ ਪੂਰੇ ਦੇਸ਼ ਵਿੱਚ ਮਸ਼ਹੂਰ ਹਨ। ਇੱਥੇ ਪਹੁੰਚ ਕੇ ਅਸੀਂ ਦੇਖਿਆ ਕਿ ਹਰ ਘਰ ਵਿੱਚ ਮਰਦ ਅਤੇ ਸੁਆਣੀਆਂ ਲੱਕੜੀ ਦੇ ਖਿਡੌਣੇ ਬਣਾਉਣ ਵਿੱਚ ਮਸ਼ਰੂਫ਼ ਹਨ। ਅਸੀਂ ਦੋ-ਦੋ ਜਣਿਆਂ ਦੀ ਟੋਲੀ ਬਣਾ ਕੇ ਪਿੰਡ ਦੇ ਬਾਜ਼ਾਰ ਵਿੱਚ ‘ਖੋਜ’ ਕਰਨ ਲੱਗੇ। ਇਸ ਪਿੰਡ ਦੀਆਂ ਲੱਕੜੀ ਦੇ ਖਿਡੌਣਿਆਂ ਵਾਲੀਆਂ ਦੁਕਾਨਾਂ ਦੇ ਮਾਲਕ ਆਮ ਤੌਰ ‘ਤੇ ਹਿੰਦੂ ਭਾਈਚਾਰੇ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਦੇ ਘਰਾਂ ਜਾਂ ਦੁਕਾਨਾਂ ‘ਤੇ ਕੰਮ ਕਰਨ ਵਾਲੇ ਜ਼ਿਆਦਾਤਰ ਕਾਰੀਗਰ ਮੁਸਲਮਾਨ ਹਨ। ਇਹ ਵਰਤਾਰਾ ਭਾਈਚਾਰਕ ਸੱਭਿਆਚਾਰ ਦੀ ਉਤਸ਼ਾਹਮਈ ਵਿਆਖਿਆ ਹੈ। ਅਸੀਂ ਸਾਰਿਆਂ ਨੇ ਆਪੋ-ਆਪਣੀ ਚੋਣ ਮੁਤਾਬਿਕ ਲੱਕੜੀ ਦੀਆਂ ਬਣੀਆਂ ਚੀਜ਼ਾਂ ਖਰੀਦੀਆਂ।
ਦੁਪਹਿਰ ਦਾ ਵੇਲਾ ਹੋ ਚੁੱਕਾ ਸੀ। ਡਰਾਈਵਰ ਨੇ ਕਿਹਾ ਕਿ ਪਹਿਲਾਂ ਗੋਦਾਵਾਰੀ ਤੇ ਕ੍ਰਿਸ਼ਨਾ ਨਦੀ ਦਾ ਨਜ਼ਾਰਾ ਦਿਖਾ ਕੇ ਇੱਕ ਪੰਜਾਬੀ ਢਾਬੇ ‘ਤੇ ਰੋਟੀ ਖਵਾਏਗਾ। ਇਹ ਨਦੀ ਕਈ ਨਾਵਾਂ ਨਾਲ ਜਾਣੀ ਜਾਂਦੀ ਹੈ। ਆਂਧਰਾ ‘ਚ ਇਸ ਨਦੀ ਨੂੰ ਕ੍ਰਿਸ਼ਨਾਵੈਨੀ ਵੀ ਕਹਿੰਦੇ ਹਨ ਤੇ ਸੱਤ ਸੂਬਿਆਂ ‘ਚੋਂ ਲੰਘਣ ਵਾਲੀ ਇਸ ਨਦੀ ਨੂੰ ਤਾਮਿਲਨਾਡੂ ਵਿੱਚ ਕਾਵੇਰੀ ਕਿਹਾ ਜਾਂਦਾ ਹੈ। ਖ਼ੈਰ! ਅਸੀਂ ਕੁਝ ਮਿੰਟਾਂ ਵਿੱਚ ਹੀ ਕ੍ਰਿਸ਼ਨਾ ਨਦੀ ‘ਤੇ ਬਣੇ ਫੇਰੀ ਘਾਟ ‘ਤੇ ਪਹੁੰਚ ਗਏ। ਵਿਸ਼ਾਲ ਨਦੀ ਦਾ ਸਾਫ਼ ਪਾਣੀ ਦੇਖ ਕੇ ਪੰਜਾਬ ਦੇ ਸੁੱਕਦੇ ਜਾਂਦੇ ਦਰਿਆਵਾਂ ਦਾ ਹੇਰਵਾ ਇੱਥੇ ਚੜ੍ਹੇ ਚਾਅ ਨੂੰ ਮੱਠਾ ਪਾਉਣ ਲੱਗਿਆ। ਕੁਝ ਸਮਾਂ ਇੱਥੇ ਰੁਕ ਕੇ ਦੁਪਹਿਰ ਦੀ ਰੋਟੀ ਲਈ ਚੱਲ ਪਏ। ਵਿਜੇਵਾੜਾ ਤੋਂ ਦਸ ਕੁ ਕਿਲੋਮੀਟਰ ਦੂਰ ਪੰਜਾਬੀ ਸ਼ਰਮਾ ਢਾਬੇ ‘ਤੇ ਰੁਕੇ। ਕਈ ਦਿਨਾਂ ਤੋਂ ਦੱਖਣੀ ਖਾਣੇ ਖਾਣ ਤੋਂ ਬਾਅਦ ਪੰਜਾਬੀ ਢਾਬੇ ਤੋਂ ਖਾਣਾ ਖਾ ਕੇ ਭੁੱਖਾਂ ਲੱਥ ਗਈਆਂ। ਢਾਬੇ ਦੇ ਦੂਜੇ ਪਾਸੇ ਵਿਸ਼ੇਸ਼ ਢੰਗ ਨਾਲ ਤਿਆਰ ਕੀਤੀ ਜਾਂਦੀ ਚਾਹ ਪੀ ਕੇ ਵਿਜੇਵਾੜਾ ਦੀਆਂ ਗੁਫ਼ਾਵਾਂ ਦੇਖਣ ਲਈ ਚਾਲੇ ਪਾ ਦਿੱਤੇ।
ਵਿਜੇਵਾੜਾ ਦੀਆਂ ਗੁਫ਼ਾਵਾਂ ਵੇਖਣ ਦਾ ਵੱਖਰਾ ਜਿਹਾ ਚਾਅ ਸੀ। ਸਕੂਲੀ ਪੜ੍ਹਾਈ ਤੋਂ ਲੈ ਕੇ ਕਾਲਜ ਤੱਕ ਅਜੰਤਾ ਐਲੋਰਾ ਦੀਆਂ ਗੁਫ਼ਾਵਾਂ ਬਾਰੇ ਪੜ੍ਹਦੇ ਸੁਣਦੇ ਆਏ ਹਾਂ, ਪਰ ਇਹ ਗੁਫ਼ਾਵਾਂ ਵੇਖਣ ਦਾ ਕਦੇ ਮੌਕਾ ਹੀ ਨਹੀਂ ਬਣਿਆ। ਇਸ ਕਰਕੇ ਵਿਜੇਵਾੜਾ ਦੀਆਂ ਗੁਫ਼ਾਵਾਂ ਦੇਖਣ ਲਈ ਸਾਡੀ ਸਾਰੀ ਟੋਲੀ ਉਤਸ਼ਾਹ ਵਿੱਚ ਸੀ। ਰਾਹ ਵਿੱਚ ਆਉਂਦਿਆਂ ਗੁਫ਼ਾਵਾਂ ਬਾਰੇ ਲੇਖਕ ਜੱਸ ਮੰਡ ਵੱਲੋਂ ਇੱਕ ਕਿਤਾਬ ਵਿੱਚ ਗੁਫ਼ਾਵਾਂ ਬਾਰੇ ਦਿੱਤੀ ਜਾਣਕਾਰੀ ਨੇ ਜ਼ਿਹਨ ਮੱਲ ਲਿਆ।
‘… ਪ੍ਰਾਚੀਨ ਸਮੇਂ ਤੋਂ ਭਾਰਤ ਵਿੱਚ ਗੁਫ਼ਾਵਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਪਹਿਲਾਂ ਪਹਿਲ ਸ਼ਰਨ ਅਤੇ ਭਗਤੀ-ਮੁਕਾਮ ਦੇ ਮਕਸਦ ਲਈ ਭਿਕਸ਼ੂ ਕੁਦਰਤੀ ਗੁਫ਼ਾਵਾਂ ਨੂੰ ਹੀ ਵਰਤਦੇ ਸਨ। ਫੇਰ ਉਨ੍ਹਾਂ ਨੇ ਕਟਾਈ ਕਰਕੇ ਉਨ੍ਹਾਂ ਗੁਫ਼ਾਵਾਂ ਨੂੰ ਚੌੜਾ ਕਰਨਾ ਅਤੇ ਸ਼ਿੰਗਾਰਨਾ ਸ਼ੁਰੂ ਕੀਤਾ। ਬਾਅਦ ਵਿੱਚ ਕੁਝ ਚੱਟਾਨਾਂ ਨੂੰ ਮੁੱਢੋਂ-ਸੁੱਢੋਂ ਘੜ ਕੇ ਗੁਫ਼ਾਵਾਂ ਬਣਾਉਣੀਆਂ ਸ਼ੁਰੂ ਕੀਤੀਆਂ। ਬਾਰਿਸ਼ ਤੋਂ ਬਚਾਅ ਅਤੇ ਪੂਜਾ ਸਥਾਨ ਦੇ ਮਕਸਦ ਤੋਂ ਇਲਾਵਾ ਹੌਲੀ ਹੌਲੀ ਇਨ੍ਹਾਂ ਗੁਫ਼ਾਵਾਂ ਨੂੰ ਭਿਕਸ਼ੂਆ ਵੱਲੋਂ ਧਰਮ ਪ੍ਰਚਾਰ ਅਤੇ ਧਾਰਮਿਕ ਵਿੱਦਿਆ ਦੇ ਕੇਂਦਰਾਂ ਵਜੋਂ ਵੀ ਵਰਤਿਆ ਜਾਣ ਲੱਗਾ। ਭਾਰਤ ਵਿੱਚ ਅਜਿਹੀਆਂ 1500 ਦੇ ਕਰੀਬ ਗੁਫ਼ਾਵਾਂ ਹਨ। ਇਨ੍ਹਾਂ ਵਿੱਚ ਸਭ ਤੋਂ ਪੁਰਾਣੀ ਗੁਫ਼ਾ ਬਿਹਾਰ ਵਿੱਚ ਸਥਿਤ ਤੀਜੀ ਸਦੀ ਈਸਾ ਪੂਰਵ ਦੀ ‘ਬਰਾਬਰ’ ਗੁਫ਼ਾ ਹੈ। ਬੋਧੀ ਭਿਕਸ਼ੂਆਂ ਨੇ ਵਪਾਰੀਆਂ ਨੂੰ ਆਪਣੇ ਵੱਲ ਖਿੱਚਣ ਲਈ ਜ਼ਿਆਦਾਤਰ ਗੁਫ਼ਾਵਾਂ ਰੇਸ਼ਮ ਤੇ ਮਸਾਲਿਆਂ ਵਾਲੇ ਵਪਾਰ ਰਾਹਾਂ ਉੱਤੇ ਬਣਾਈਆਂ। ਤਕਰੀਬਨ ਹਰ ਤੀਹ ਕਿਲੋਮੀਟਰ ਦੇ ਫ਼ਾਸਲੇ ਉੱਤੇ ਭਿਕਸ਼ੂਆਂ ਨੇ ਅਜਿਹੀਆਂ ਗੁਫ਼ਾਵਾਂ ਦਾ ਨਿਰਮਾਣ ਕੀਤਾ। ਸਮਝਿਆ ਜਾਂਦਾ ਹੈ ਕਿ ਪੁਰਾਣੇ ਵੇਲਿਆਂ ਵਿੱਚ ਪੈਦਲ ਯਾਤਰੂ ਇੱਕ ਦਿਨ ਵਿੱਚ ਏਨਾ ਕੁ ਪੈਂਡਾ ਤੈਅ ਕਰਕੇ ਰੈਣ ਬਸੇਰਾ ਲੋੜਦਾ ਸੀ।’
ਤੇ ਹੋਰ ‘…ਪੰਜਵੀਂ ਤੋਂ ਅੱਠਵੀਂ ਸਦੀ ਦੇ ਵਿਚਕਾਰ ਬਣੀਆਂ ਬੋਧੀ ਗੁਫ਼ਾਵਾਂ ਸਭ ਤੋਂ ਪੁਰਾਣੀਆਂ ਹਨ। ਹਿੰਦੂ ਗੁਫ਼ਾਵਾਂ ਛੇਵੀਂ ਤੋਂ ਨੌਵੀਂ ਸਦੀ ਵਿਚਕਾਰ ਬਣੀਆਂ ਅਤੇ ਜੈਨ ਗੁਫ਼ਾਵਾਂ ਨੌਵੀਂ ਤੋਂ ਗਿਆਰਵੀਂ ਸਦੀ ਵਿਚਕਾਰ। ਬਾਰ੍ਹਵੀਂ ਸਦੀ ਵਿੱਚ ਇਹ ਗੁਫ਼ਾਵਾਂ ਉੱਜੜ ਗਈਆਂ। ਛੇ ਸਦੀਆਂ ਉਪਰੰਤ ਜਦੋਂ ਇਹ ਗੁਫ਼ਾਵਾਂ ਮੁੜ ਲੱਭੀਆਂ ਗਈਆਂ ਤਾਂ ਇਨ੍ਹਾਂ ਵਿੱਚ ਝਾੜ-ਬੂਟ ਉੱਗੇ ਹੋਏ ਸਨ, ਕਈਆਂ ਵਿੱਚ ਜੰਗਲੀ ਜਾਨਵਰਾਂ ਦਾ ਵਾਸਾ ਸੀ ਤੇ ਕਈਆਂ ਨੂੰ ਪਿੰਡ ਦੇ ਲੋਕ ਆਪਣੇ ਪੱਤੀਆਂ ਦੇ ਢਾਰਿਆਂ ਵਾਂਗ ਵਰਤ ਰਹੇ ਸਨ।’
ਗੁਫ਼ਾਵਾਂ ਬਾਰੇ ਪੜ੍ਹੀ ਹੋਈ ਜਾਣਕਾਰੀ ਦੀ ਫ਼ਿਰਕੀ ਮਨ ਮਸਤਕ ਵਿੱਚ ਅਜੇ ਘੁੰਮ ਹੀ ਰਹੀ ਸੀ ਕਿ ਸਾਡੀ ਕਾਰ ਮਿਥੀ ਹੋਈ ਥਾਂ ‘ਤੇ ਆਣ ਰੁਕੀ। ਇਹ ਥਾਂ ਬੜੀ ਰਮਣੀਕ ਹੈ। ਅਸੀਂ ਟਿਕਟ ਖਿੜਕੀ ਤੋਂ ਟਿਕਟਾਂ ਲੈ ਕੇ ਕਿਸੇ ਗਾਈਡ ਦੀ ਭਾਲ ਵਿੱਚ ਸਾਂ ਪਰ ਕੌਂਡਾਪੱਲੀ ਕਿਲ੍ਹਾ ਵੇਖਣ ਵਾਂਗ ਇੱਥੇ ਵੀ ਗਾਈਡ ਨਹੀਂ ਸੀ। ਗੁਫ਼ਾਵਾਂ ਵਾਲੇ ਪਾਸੇ ਜਾਣ ਤੋਂ ਪਹਿਲਾਂ ਖ਼ੂਬਸੂਰਤ ਘਾਹ ਦਾ ਮੈਦਾਨ ਹੈ। ਇੱਥੇ ਲੱਗੇ ਬੋਰਡ ‘ਤੇ ਗੁਫ਼ਾਵਾਂ ਬਾਰੇ ਸੀਮਿਤ ਜਿਹੀ ਜਾਣਕਾਰੀ ਹੈ। ਇਹ ਗੁਫ਼ਾਵਾਂ ਸੱਤਵੀਂ ਸਦੀ ਵਿੱਚ ਲੱਭੀਆਂ ਸਨ। ਪਹਿਲਾਂ ਇਹ ਜੈਨ ਗੁਫ਼ਾਵਾਂ ਸਨ ਜੋ ਬਾਅਦ ਵਿੱਚ ਹਿੰਦੂ ਮੰਦਿਰ ਵਿੱਚ ਬਦਲ ਗਈਆਂ। ਚਾਰ ਮੰਜ਼ਿਲੀ ਗੁਫ਼ਾਵਾਂ ਦੇ ਅੰਦਰ ਜ਼ਮੀਨੀ ਮੰਜ਼ਿਲ ‘ਤੇ ਭਗਵਾਨ ਸ਼ਿਵ ਦੀ ਵੱਡ-ਆਕਾਰੀ ਮੂਰਤੀ ਲੇਟਵੇਂ ਦਾਅ ਸੁਸ਼ੋਭਿਤ ਹੈ। ਮੂਰਤੀ ਨੂੰ ਨਿਹਾਰਦਿਆਂ ਹੋਰ ਗੁਫ਼ਾਵਾਂ ਅੰਦਰ ਦਾਖ਼ਲ ਹੋਣ ‘ਤੇ ਦੇਖਿਆ, ਕਿਤੇ ਸ੍ਰੀ ਗਣੇਸ਼ ਦੀ ਤੇ ਕਿਤੇ ਹੋਰਨਾਂ ਰਿਸ਼ੀਆਂ ਮੁਨੀਆਂ ਦੀਆਂ ਮੂਰਤੀਆਂ ਸਥਾਪਤ ਹਨ। ਸਫ਼ਾਈ ਵੱਲੋਂ ਮੰਦਾ ਹਾਲ ਹੈ। ਸਾਡੀ ਟੋਲੀ ਨੇ ਤੀਸਰੀ ਮੰਜ਼ਿਲ ‘ਤੇ ਜਾ ਕੇ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਹਰ ਰੋਜ਼ ਵਾਂਗ ਬੱਦਲਵਾਈ ਹੋ ਗਈ ਤੇ ਸਮਾਂ ਰੇਲਵੇ ਸਟੇਸ਼ਨ ਪਹੁੰਚਣ ਵੱਲ ਇਸ਼ਾਰਾ ਕਰ ਰਿਹਾ ਸੀ। ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖਦੇ ਆ ਰਹੇ ਸਾਂ ਕਿ ਇਸ ਖੇਤਰ ਵਿੱਚ ਲਗਭਗ ਹਰ ਰੋਜ਼ ਕਿਣਮਿਣ ਹੋ ਜਾਂਦੀ। ਕ੍ਰਿਸ਼ਨਾ ਨਦੀ ਉੱਪਰ ਉਸਾਰੇ ਗਏ ਪੁਲ ਨੂੰ ਪ੍ਰਕਾਸ਼ਮ ਬੈਰਜ ਕਹਿੰਦੇ ਹਨ। ਇਹ ਵੀ ਇੱਕ ਕਿਸਮ ਦਾ ਅਜੂਬਾ ਹੀ ਹੈ ਜੋ 1223.5 ਮੀਟਰ ਲੰਬਾ ਹੈ। ਅਸੀਂ ਇਸੇ ਤੋਂ ਲੰਘ ਕੇ ਰੇਲਵੇ ਸਟੇਸ਼ਨ ਵੱਲ ਚਲੇ ਗਏ।
ਸੰਪਰਕ: 98725-40447