ਸਮੇਂ ਦੀ ਵੀਣੀ ’ਤੇ ਲਾਲ ਧਾਗਾ

ਮੌਤ ਦੀ ਸਰਦਲ ’ਤੇ ਗੀਤ ਗਾਉਣ ਵਾਲਾ ਵਿਕਟਰ ਜਾਰਾ

ਮੌਤ ਦੀ ਸਰਦਲ ’ਤੇ ਗੀਤ ਗਾਉਣ ਵਾਲਾ ਵਿਕਟਰ ਜਾਰਾ

ਵਿਕਟਰ ਜਾਰਾ 1969 ਵਿਚ ਹੇਲਿੰਸਕੀ ਵਿਖੇ ਪੇਸ਼ਕਾਰੀ ਸਮੇਂ।

ਮਨਦੀਪ

ਮਨਦੀਪ

ਸੋਲ੍ਹਾਂ ਸਤੰਬਰ 1973 ਨੂੰ ਚਿੱਲੀ ਦੀ ਰਾਜਧਾਨੀ ਸਾਂਤਿਆਗੋ ਦੇ ਬਾਕਸਿੰਗ ਸਟੇਡੀਅਮ ’ਚ ਪੰਜ ਹਜ਼ਾਰ ਲੋਕ ਸਿਆਸੀ ਕਾਰਨਾਂ ਕਰਕੇ ਕੈਦ ਕੀਤੇ ਹੋਏ ਸਨ। ਇਕ ਪਾਸੇ ਤਾਨਾਸ਼ਾਹ ਪਿਨੋਸ਼ੇ ਦੇ ਫ਼ੌਜੀ ਅਤੇ ਦੂਜੇ ਪਾਸੇ ਸਲਵਾਦੋਰ ਅਲੈਂਦੇ ਸਰਕਾਰ ਦੇ ਪੰਜ ਹਜ਼ਾਰ ਸਮਰਥਕ। ਸਾਮਰਾਜੀ ਸ਼ਹਿ ਪ੍ਰਾਪਤ ਚਿੱਲੀ ਦੇ ਸੱਜ ਪਿਛਾਖੜੀ ਤਾਨਾਸ਼ਾਹ ਨੇ ਇੱਥੇ ਸਲਵਾਦੋਰ ਅਲੈਂਦੇ ਦੀ ‘ਸਮਾਜਵਾਦੀ’ ਸਰਕਾਰ ਦੇ ਸਮਰੱਥਕਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਇਨ੍ਹਾਂ ਬੰਦੀਆਂ ਵਿੱਚ ਚਿੱਲੀ ਦਾ ਮਸ਼ਹੂਰ ਲੋਕ ਗਾਇਕ ਅਤੇ ‘ਸਮਾਜਵਾਦੀ’ ਸਰਕਾਰ ਦਾ ਸਮਰਥਕ ਵਿਕਟਰ ਜਾਰਾ ਵੀ ਸੀ। ਚਿੱਲੀ ਦੇ ਖੱਬੇਪੱਖੀ ਰਾਸ਼ਟਰਪਤੀ ਸਲਵਾਦੋਰ ਅਲੈਂਦੇ ਨੂੰ ਕਤਲ ਕੀਤਾ ਜਾ ਚੁੱਕਾ ਸੀ ਅਤੇ ਪਾਬਲੋ ਨੈਰੂਦਾ ਦੀ ਵੀ ਭੇਤਭਰੀ ਹਾਲਤ ਵਿਚ ਹੱਤਿਆ ਕਰ ਦਿੱਤੀ ਗਈ ਸੀ। ਚਿੱਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਤਸੀਹਾ ਕੇਂਦਰ ਸਥਾਪਤ ਕਰ ਕੇ ਖੱਬੇਪੱਖੀ ਸਮਰਥਕਾਂ ਅਤੇ ਬਾਗ਼ੀਆਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾ ਰਿਹਾ ਸੀ। ਪਿੰਡਾਂ ਸ਼ਹਿਰਾਂ ਦੀਆਂ ਗਲੀਆਂ-ਸੜਕਾਂ ਉੱਤੇ ਤਾਨਾਸ਼ਾਹ ਹਕੂਮਤ ਦੇ ਫ਼ੌਜੀ ਅਤੇ ਟੈਂਕ ਦਨਦਨਾਉਂਦੇ ਫਿਰਦੇ ਸਨ। ਵਿਕਟਰ ਖੇਡ ਮੈਦਾਨ ਵਿਚ ਬੰਦ ਲੋਕਾਂ ਦੀ ਹੋਣੀ ਜਾਣ ਚੁੱਕਾ ਸੀ। ਉਸ ਨੇ ਕੈਦੀਆਂ ’ਚ ਜੋਸ਼ ਭਰਨ ਅਤੇ ਤਾਨਾਸ਼ਾਹ ਹਕੂਮਤ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਆਪਣੀ ਕਲਾ ਨੂੰ ਹਥਿਆਰ ਬਣਾਇਆ। ਵਿਕਟਰ ਆਪਣੀ ਗਿਟਾਰ ਨਾਲ ‘ਅਵਾਮੀ ਏਕਤਾ’ ਦੇ ਗੀਤ ਸੁਣਾਉਂਦਾ। ਜਦੋਂ ਵਿਕਟਰ ਗੀਤ ਗਾਉਂਦਾ ਤਾਂ ਸੰਗੀਨਾਂ ਦੇ ਸਾਏ ਹੇਠ ਸਹਿਮੇ ਲੋਕਾਂ ਦੇ ਪੈਰ ਥਿਰਕਣ ਲਾ ਦਿੰਦਾ।

ਇੱਕ ਦਿਨ ਵਿਕਟਰ ਗਿਟਾਰ ’ਤੇ ਇਨਕਲਾਬੀ ਗੀਤ ਗਾਉਣ ਕਰਕੇ ਕੈਂਪ ਕਮਾਂਡਰ ਦੀ ਨਿਗ੍ਹਾ ਵਿੱਚ ਆ ਗਿਆ। ਸਾਂਤਿਆਗੋ ਦਾ ਇਹ ਖੇਡ ਮੈਦਾਨ ਉਸ ਸਮੇਂ ਚਿੱਲੀ ਵਿਚ ਬਣਾਏ ਗਏ 60 ਤਸੀਹਾ ਕੇਂਦਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਅਗਲੇ ਦਿਨ ਕੈਂਪ ਕਮਾਂਡਰ ਨੇ ਵਿਕਟਰ ਨੂੰ ਭੀੜ ’ਚੋਂ ਛਾਂਟ ਕੇ ਖੇਡ ਮੈਦਾਨ ਦੇ ਐਨ ਕੇਂਦਰ ਵਿੱਚ ਖੜ੍ਹਾ ਦਿੱਤਾ। ਬੰਦੀ ਅਤੇ ਨਿਹੱਥੇ ਲੋਕਾਂ ਵੱਲ ਮਸ਼ੀਨਗੰਨਾਂ ਬੀੜੀ ਖੜ੍ਹੇ ਫ਼ੌਜੀਆਂ ਦੀ ਭੀੜ ਵਿਚਕਾਰ ਵਿਕਟਰ ਨੂੰ ਗਾਉਣ ਅਤੇ ਗਿਟਾਰ ਵਜਾਉਣ ਲਈ ਕਿਹਾ ਗਿਆ। ਉਸ ਨੇ ਜਿਉਂ ਹੀ ਬੇਖ਼ੌਫ਼ ਹੋ ਕੇ ਗਾਉਣਾ ਅਤੇ ਗਿਟਾਰ ਵਜਾਉਣੀ ਸ਼ੁਰੂ ਕੀਤੀ ਤਾਂ ਦੁਸ਼ਮਣ ਫ਼ੌਜੀ ਉਸ ਨੂੰ ਧੂਹ ਕੇ ਇਕ ਮੇਜ਼ ਕੋਲ ਲੈ ਗਏ। ਉਸ ਦੇ ਦੋਵੇਂ ਹੱਥ ਮੇਜ਼ ਉੱਤੇ ਰੱਖ ਕੇ ਹਥੌੜੇ ਅਤੇ ਬੰਦੂਕਾਂ ਦੇ ਬੱਟਾਂ ਨਾਲ ਭੰਨ ਦਿੱਤੇ ਗਏ। ਵਿਕਟਰ ਦੀਆਂ ਭੰਨੀਆਂ ਅਤੇ ਟੁੱਟੀਆਂ ਲਹੂ ਨਾਲ ਲੱਥ-ਪੱਥ ਉਂਗਲਾਂ ਧਰਤੀ ’ਤੇ ਜਾ ਡਿੱਗੀਆਂ। ਕੈਂਪ ਕਮਾਂਡਰ ਗੁੱਸੇ ’ਚ ਉੱਚੀ-ਉੱਚੀ ਗਾਲ੍ਹਾਂ ਕੱਢਦਿਆਂ ਆਖਣ ਲੱਗਿਆ: ‘‘ਗਾ, ਹੁਣ ਗਾ, ... ... , ਗਾ ਹੁਣ...।’’ ਖ਼ੂਨ ਨਾਲ ਲੱਥ-ਪੱਥ ਅਤੇ ਜ਼ਖ਼ਮਾਂ ਦੇ ਦਰਦ ਨਾਲ ਬੇਹਾਲ ਵਿਕਟਰ ਧਰਤੀ ਉੱਤੇ ਡਿੱਗ ਪਿਆ। ਖੇਡ ਮੈਦਾਨ ਵਿਚ ਹਾਜ਼ਰ ਲੋਕਾਂ ਵਿਚ ਖ਼ੌਫ਼, ਦੁੱਖ ਅਤੇ ਗੁੱਸੇ ਦੇ ਰਲਵੇਂ-ਮਿਲਵੇਂ ਭਾਵ ਨਾਲ ਸੰਨਾਟਾ ਛਾ ਗਿਆ। ਅਚਾਨਕ! ਜ਼ਖ਼ਮੀ ਵਿਕਟਰ ਸਾਰੀ ਤਾਕਤ ਇਕੱਠੀ ਕਰ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਇਆ। ਉਹ ਹੌਲੀ-ਹੌਲੀ ਸਰਕ ਕੇ ਨੇੜਲੇ ਮੇਜ਼ ਉੱਤੇ ਬੈਠ ਗਿਆ। ਆਪਣਾ ਤਾਣ ਇਕੱਠਾ ਕਰ ਕੇ ਉਸ ਨੇ ਕਿਹਾ, ‘‘ਠੀਕ ਐ ਸਾਥੀ, ਚਲੋ ਕਮਾਂਡਰ ਦੀ ਅਧੂਰੀ ਇੱਛਾ ਹੀ ਪੂਰੀ ਕਰ ਦੇਈਏ।’’ ਉਸ ਨੇ ਜ਼ਖ਼ਮਾਂ ਦੀ ਡੂੰਘੀ ਪੀੜ ਸਹਿੰਦਿਆਂ ਆਪਣੇ ਵੱਲ ਤਣੀਆਂ ਅਣਗਿਣਤ ਸੰਗੀਨਾਂ ਦੀਆਂ ਨੋਕਾਂ ਮੂਹਰੇ ਗਾਉਣਾ ਸ਼ੁਰੂ ਕਰ ਦਿੱਤਾ। ਉਸ ਦਿਨ ਵਿਕਟਰ ਨੇ ‘ਅਵਾਮੀ ਏਕਤਾ’ ਦਾ ਗੀਤ ਗਾਇਆ। ਭੁੱਖੇ ਅਤੇ ਉਨੀਂਦਰੇ, ਮੌਤ ਦੇ ਡਰ ਨਾਲ ਸਹਿਮੇ ਅਤੇ ਤਸ਼ੱਦਦ ਦੇ ਭੰਨੇ ਕੈਦੀਆਂ ਦੇ ਜ਼ਖ਼ਮੀਂ ਅੰਗ ਵਿਕਟਰ ਦੇ ਬੋਲਾਂ ਨਾਲ ਥਿਰਕਣ ਲੱਗ ਗਏ। ਗਰਮ ਲਹੂ ਦੀ ਸਰਗਮ ਨੇ ਵਿਕਟਰ ਦੀ ਜ਼ਖ਼ਮੀ ਸੁਰ ਨੂੰ ਹੋਰ ਉੱਚਾ ਚੁੱਕਿਆ। ਮੌਤ ਦੇ ਸਾਏ ਹੇਠ ਘਿਰਿਆ ਪੂਰਾ ਖੇਡ ਮੈਦਾਨ ਪਲਾਂ-ਛਿਣਾਂ ਵਿੱਚ ਹੀ ਮੁਕਤੀ ਦੇ ਗੀਤ ਨਾਲ ਗੂੰਜਣ ਲੱਗ ਪਿਆ। ਸੰਨਾਟਾ ਹੇਕ ਬਣ ਕੇ ਅੰਬਰਾਂ ਨੂੰ ਚੀਰ ਗਿਆ। ਪਲਾਂ-ਛਿਣਾਂ ’ਚ ਵਿਕਟਰ ਨੇ ਪੂਰੀ ਖੇਡ ਹੀ ਪਲਟ ਦਿੱਤੀ। ਗੀਤ ਆਪਣੇ ਸਿਖ਼ਰ ’ਤੇ ਜਾ ਕੇ ਖ਼ਤਮ ਹੋਇਆ। ਵਿਕਟਰ ਇਹ ਇਤਿਹਾਸਕ ਮੈਚ ਜਿੱਤ ਗਿਆ। ਇਨਾਮ ਵਜੋਂ ਲਗਾਤਾਰ ਚੱਲਣ ਵਾਲੀਆਂ ਅੱਗ ਵਰ੍ਹਾਉਂਦੀਆਂ ਚੁਤਾਲੀ ਬਾਰੂਦੀ ਗੋਲੀਆਂ ਦਾ ਤਮਗ਼ਾ ਉਸ ਦੇ ਸੀਨੇ ਉੱਤੇ ਸਜਾ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸਟੇਡੀਅਮ ਦੇ ਮੁੱਖ ਦਰਵਾਜ਼ੇ ਅੱਗੇ ਟੰਗ ਦਿੱਤਾ ਗਿਆ।

ਵਿਕਟਰ ਜਾਰਾ ਦੀ ਪਤਨੀ ਜੌਨ ਜਾਰਾ।

ਅਠਾਈ ਸਤੰਬਰ 1932 ਨੂੰ ਵਿਕਟਰ ਜਾਰਾ ਦਾ ਜਨਮ ਚਿੱਲੀ ਦੀ ਰਾਜਧਾਨੀ ਸਾਂਤਿਆਗੋ ਵਿਚ ਗ਼ਰੀਬ ਪਰਿਵਾਰ ’ਚ ਹੋਇਆ। ਉਸ ਦੀ ਮਾਂ ਅਮਾਂਦਾ ਨੇ ਆਪਣਾ ਸਾਰਾ ਧਿਆਨ ਬੱਚਿਆਂ ਦੀ ਚੰਗੀ ਦੇਖ-ਭਾਲ ਵੱਲ ਲਾਇਆ। ਉਸ ਦੀ ਮਾਤਾ ਦਾ ਸੰਗੀਤ ਨਾਲ ਨਾਤਾ ਸੀ। ਇਸ ਲਈ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਸੰਗੀਤ ਕਲਾ ਦਾ ਗਿਆਨ ਦੇਣ ਦੇ ਯਤਨ ਕੀਤੇ। ਵਿਕਟਰ ਦੀ ਮਾਤਾ ਪਿਆਨੋ ਅਤੇ ਗਿਟਾਰ ਵਾਦਕ ਸਨ। ਉਨ੍ਹਾਂ ਨੇ ਹੀ ਵਿਕਟਰ ਨੂੰ ਗਿਟਾਰ, ਪਿਆਨੋ ਵਜਾਉਣ ਅਤੇ ਲੋਕ ਗੀਤ ਗਾਉਣ ਅਤੇ ਸੰਗੀਤ ਦਾ ਮੁੱਢਲਾ ਗਿਆਨ ਦਿੱਤਾ। ਅਕਾਊਂਟੈਂਟ, ਪਾਦਰੀ ਅਤੇ ਫ਼ੌਜ ਦੇ ਕੰਮ ਤੋਂ ਉਚਾਟ ਹੋ ਕੇ ਵਿਕਟਰ ਥੀਏਟਰ ਅਤੇ ਸੰਗੀਤ ਦੀ ਦੁਨੀਆਂ ਵੱਲ ਚਲਾ ਗਿਆ। 1950 ਵਿਚ ਉਹ ‘ਚਿੱਲੀ ਦਾ ਨਵਾਂ ਗੀਤ’ ਨਾਮੀ ਸੰਗੀਤ ਮੰਡਲੀ ਵਿਚ ਸ਼ਾਮਲ ਹੋ ਗਿਆ। ਇਹ ਸੰਗੀਤ ਮੰਡਲੀ ਚਿੱਲੀ ਦੀ ਖੱਬੇ ਪੱਖੀ ਸਿਆਸਤ ਦੇ ਸੱਭਿਆਚਾਰਕ ਮੁਹਾਜ਼ ’ਤੇ ਮੁਸ਼ਤੈਦ ਸੀ। ਉਸ ਨੇ ਮੈਕਸਿਮ ਗੋਰਕੀ ਦੀਆਂ ਕਈ ਕਹਾਣੀਆਂ ਦਾ ਸਪੇਨੀ ਭਾਸ਼ਾ ਵਿਚ ਨਾਟਕੀ ਰੂਪਾਂਤਰਣ ਕੀਤਾ। ਇਸ ਦੇ ਨਾਲ ਹੀ ਪਾਬਲੋ ਨੈਰੂਦਾ ਦੀਆਂ ਅਨੇਕਾਂ ਕਵਿਤਾਵਾਂ ਨੂੰ ਸੰਗੀਤਬੱਧ ਕੀਤਾ। ਵਿਕਟਰ ਨੇ ਚੀ ਗੁਵੇਰਾ ਦੀ ਯਾਦ ਵਿਚ ਕਾਰਲੋਸ ਪੋਇਬਲਾ ਦਾ ਲਿਖਿਆ ਸੰਸਾਰ ਪ੍ਰਸਿੱਧ ਗੀਤ ‘ਸਦਾ ਲਈ ਕਮਾਂਡਰ’ ਆਪਣੀ ਅਵਾਜ਼ ਵਿਚ ਰਿਕਾਰਡ ਕੀਤਾ। ਉਹ ਇਨਕਲਾਬੀ ਗੀਤਕਾਰ ਸੀ। 1960ਵਿਆਂ ਦੇ ਆਸ-ਪਾਸ ਵਿਕਟਰ ਨੇ ਕਿਊਬਾ ਅਤੇ ਸੋਵੀਅਤ ਯੂਨੀਅਨ ਦੀ ਯਾਤਰਾ ਕੀਤੀ। ਇਸ ਯਾਤਰਾ ਤੋਂ ਕੁਝ ਸਮੇਂ ਬਾਅਦ ਉਹ ਚਿੱਲੀ ਦੀ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰ ਕੇ ਪਾਰਟੀ ਦੇ ਸੱਭਿਆਚਾਰਕ ਮੁਹਾਜ਼ ਉੱਤੇ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ।

ਉਸ ਸਮੇਂ ਚਿੱਲੀ ਵਿਚ ਬਾਕੀ ਲਾਤੀਨੀ ਮੁਲਕਾਂ ਵਾਂਗ ਕਿਊਬਾ ਦੇ ਇਨਕਲਾਬ (1959) ਦਾ ਪ੍ਰਭਾਵ ਸੀ। ਦੂਸਰਾ 1964 ਦੀਆਂ ਦੇਸ਼ਵਿਆਪੀ ਚੋਣਾਂ ਵਿਚ ਏਦੂਆਰਦੋ ਫਰਈ ਦੀ ਅਗਵਾਈ ਵਾਲੀ ਕ੍ਰਿਸਚੀਅਨ ਡੈਮੋਕਰੇਟ ਪਾਰਟੀ ਸੱਤਾ ਵਿਚ ਆ ਚੁੱਕੀ ਸੀ। ਏਦੂਆਰਦੋ ਦੀ ਅਗਵਾਈ ਵਾਲੀ ਸਰਕਾਰ ਅਮਰੀਕੀ ਸਾਮਰਾਜ ਦੀ ਹੱਥਠੋਕਾ ਅਤੇ ਦਮਨਕਾਰੀ ਸਰਕਾਰ ਸੀ। ਇਸ ਨੇ ਚਿੱਲੀ ਦੇ ਖਾਣ ਮਜ਼ਦੂਰਾਂ ਅਤੇ ਕਿਸਾਨਾਂ ਉੱਤੇ ਬੇਇੰਤਹਾ ਜਬਰ ਢਾਹਿਆ। ਚਿੱਲੀ ਦੇ ਲੋਕਾਂ ਵਿਚ ਏਦੂਆਰਦੋ ਦੀ ਸਰਕਾਰ ਖਿਲਾਫ਼ ਵਿਆਪਕ ਜਨਤਕ ਰੋਹ ਸੀ। ਇਸ ਜਨਤਕ ਬੇਚੈਨੀ ਨੂੰ ਖੱਬੇਪੱਖੀ ਆਗੂ ਸਲਵਾਦੋਰ ਅਲੈਂਦੇ ਨੇ ਸੱਤਾ ਪਰਿਵਰਤਨ ਦੇ ਸੰਘਰਸ਼ ਵਿਚ ਬਦਲਣ ਦੇ ਯਤਨ ਕੀਤੇ। ਉਸ ਨੇ 1970 ਦੀਆਂ ਰਾਸ਼ਟਰਪਤੀ ਚੋਣਾਂ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਸਮੇਂ ਵਿਕਟਰ ਜਾਰਾ ਕਮਿਊਨਿਸਟ ਪਾਰਟੀ ਦੇ ਸੱਭਿਆਚਾਰਕ ਮੁਹਾਜ਼ ਉੱਤੇ ਦਿਨ-ਰਾਤ ਇਕ ਕਰ ਕੇ ਲੋਕ ਲਾਮਬੰਦੀ ਦੀ ਮੁਹਿੰਮ ਚਲਾ ਰਿਹਾ ਸੀ। ਉਸ ਦੀ ਆਵਾਜ਼ ਚਿੱਲੀ ਦੇ ਕਿਸਾਨਾਂ-ਮਜ਼ਦੂਰਾਂ ਦੀ ਅਵਾਜ਼ ਬਣ ਚੁੱਕੀ ਸੀ। 1970ਵਿਆਂ ਦੇ ਇਸ ਦੌਰ ਵਿਚ ਇਕ ਪਾਸੇ ਚਿੱਲੀ ਵਿਚ ਪੱਛਮੀ ਪ੍ਰਭਾਵ ਵਾਲਾ ਰੌਕ ਸੰਗੀਤ ਨਵੀਂ ਪੀੜ੍ਹੀ ਨੂੰ ਆਪਣੇ ਕਲਾਵੇ ਵਿਚ ਲੈ ਰਿਹਾ ਸੀ ਅਤੇ ਦੂਜੇ ਪਾਸੇ ਲਾਤੀਨੀ ਰੈਡੀਕਲ ਸੰਗੀਤ ਅਤੇ ਰੰਗਮੰਚ ਦਿਨੋਂ-ਦਿਨ ਕਿਰਤੀ ਲੋਕਾਂ ਵਿਚ ਹਰਮਨ ਪਿਆਰਾ ਹੋ ਰਿਹਾ ਸੀ। ਫਾਸ਼ੀਵਾਦੀ ਹਕੂਮਤ ਖਿਲਾਫ਼ ਵਿਸ਼ਾਲ ਲੋਕ ਸੱਭਿਆਚਾਰਕ ਲਹਿਰ ਲਾਮਬੰਦ ਕੀਤੀ ਗਈ ਜਿਸ ਨੇ ਚਿੱਲੀ ਹੀ ਨਹੀਂ ਸਗੋਂ ਪੂਰੇ ਲਾਤੀਨੀ ਅਮਰੀਕੀ ਮੁਲਕਾਂ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਚਿੱਲੀ ਦੀ ‘ਸਮਾਜਵਾਦੀ’ ਸਰਕਾਰ ਨੇ ਜਨਤਕ ਲਾਮਬੰਦੀ ਕਰ ਕੇ ਅਤੇ ਚੋਣਾਂ ਰਾਹੀਂ ਤਬਦੀਲੀ ਦੇ ਰਾਹ ਚੱਲਦਿਆਂ 1970 ਦੀਆਂ ਚੋਣਾਂ ਵਿਚ ਜਿੱਤ ਹਾਸਲ ਕੀਤੀ। ਇਸ ਜਿੱਤ ਤੋਂ ਬਾਅਦ ਅਲੈਂਦੇ ਸਰਕਾਰ ਨੇ ਤਾਂਬੇ ਦੀਆਂ ਖਾਣਾਂ ਦਾ ਕੌਮੀਕਰਨ ਕਰਨ ਅਤੇ ਸਿਹਤ, ਸਿੱਖਿਆ ਅਤੇ ਖੇਤੀਬਾੜੀ ਤੇ ਉਦਯੋਗਿਕ ਖੇਤਰ ਵਿੱਚ ਕਈ ਇਨਕਲਾਬੀ ਸੁਧਾਰ ਕੀਤੇ। ਤਾਂਬੇ ਦੀਆਂ ਖਾਣਾਂ ਜਿਨ੍ਹਾਂ ਉੱਤੇ ਅਮਰੀਕੀ ਕਾਰਪੋਰੇਸ਼ਨਾਂ ਦੀ ਇਜ਼ਾਰੇਦਾਰੀ ਸੀ, ਦੇ ਕੌਮੀਕਰਨ ਦੇ ਫ਼ੈਸਲੇ ਤੋਂ ਅਮਰੀਕਾ ਦੀ ਨਿਕਸਨ ਸਰਕਾਰ ਖ਼ਫ਼ਾ ਸੀ। ਇਸ ਤੋਂ ਇਲਾਵਾ ਬਰਤਾਨੀਆ ਦੀਆਂ ਲੇਅਲੈਂਡ, ਯੂਨੀਲੀਵਰ, ਅੰਤੋਫਗਾਸਤਾ ਆਦਿ ਵੱਡੀਆਂ ਕਾਰਪੋਰੇਸ਼ਨਾਂ ਦਾ ਵੀ ਚਿੱਲੀ ਵਿਚ ਵੱਡਾ ਨਿਵੇਸ਼ ਸੀ। ਨਵੀਂ ਸਰਕਾਰ ਇਨ੍ਹਾਂ ਕਾਰਪੋਰੇਸ਼ਨਾਂ ਦੀ ਚਿੱਲੀ ਦੀ ਮੰਡੀ ਉੱਤੇ ਬਣੀ ਇਜ਼ਾਰੇਦਾਰੀ ਲਈ ਨਿੱਤ ਨਵੇਂ ਖ਼ਤਰੇ ਖੜ੍ਹੇ ਕਰ ਰਹੀ ਸੀ। ਇਨ੍ਹਾਂ ਤਾਕਤਾਂ ਨੇ ਚਿੱਲੀ ਦੀਆਂ ਰਵਾਇਤੀ ਸਰਮਾਏਦਾਰ ਤਾਕਤਾਂ ਦੀ ਮਦਦ ਨਾਲ ਅਗਸਤੋ ਪਿਨੋਸ਼ੇ ਨੂੰ ਮੋਹਰਾ ਬਣਾ ਕੇ ਚਿੱਲੀ ਵਿਚ ਫ਼ੌਜੀ ਰਾਜਪਲਟਾ ਕਰਵਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਇਸ ਰਾਜਪਲਟੇ ਵਿਚ ਅਮਰੀਕਾ ਦਾ ਸਿੱਧਾ ਹੱਥ ਸੀ ਅਤੇ ਬਰਤਾਨੀਆ ਨੇ ਐਮ ਜੀ-1300 ਜਹਾਜ਼ ਪਿਨੋਸ਼ੇ ਦੀ ਮਦਦ ਲਈ ਭੇਜ ਕੇ ਇਹ ਸਾਬਤ ਕਰ ਦਿੱਤਾ ਕਿ ਸਾਮਰਾਜੀ ਤਾਕਤਾਂ ਬਹੁਕੌਮੀ ਕਾਰਪੋਰੇਸ਼ਨਾਂ ਦੇ ਮੁਨਾਫ਼ੇ ਲਈ ਕਿਸੇ ਵੀ ਦੇਸ਼ ਦੇ ਲੋਕਾਂ ਦੀ ਜਾਨ-ਮਾਲ ਦੀ ਆਹੂਤੀ ਦੇਣ ਤੋਂ ਗੁਰੇਜ਼ ਨਹੀਂ ਕਰਦੀਆਂ। ਸਾਮਰਾਜੀ ਕਠਪੁਤਲੀ ਪਿਨੋਸ਼ੇ ਵੱਲੋਂ 11 ਸਤੰਬਰ ਨੂੰ ਰਾਸ਼ਟਰਪਤੀ ਸਲਵਾਦੋਰ ਅਲੈਂਦੇ ਦੀ ਰਿਹਾਇਸ਼ ਉੱਤੇ ਬੰਬਾਰੀ ਕਰਵਾ ਕੇ ਉਸ ਦਾ ਭੇਤਭਰੀ ਹਾਲਤ ਵਿਚ ਕਤਲ ਕਰ ਦਿੱਤਾ ਗਿਆ। ਹਜ਼ਾਰਾਂ ਔਰਤਾਂ ਨਾਲ ਤਾਨਾਸ਼ਾਹ ਹਕੂਮਤ ਦੇ ਫ਼ੌਜੀਆਂ ਨੇ ਬਲਾਤਕਾਰ ਕੀਤੇ। ਮਨੁੱਖੀ ਅਧਿਕਾਰਾਂ ਨੂੰ ਸਰੇ-ਬਾਜ਼ਾਰ ਫ਼ੌਜੀ ਬੂਟਾਂ ਹੇਠ ਕੁਚਲਿਆ ਗਿਆ। ਸਮਾਜ ਵਿਗਿਆਨ ਅਤੇ ਵਿਗਿਆਨ ਦੀਆਂ ਕਿਤਾਬਾਂ ਦੀ ਗਲੀਆਂ-ਸੜਕਾਂ ਉੱਤੇ ਹੋਲੀ ਜਲਾਈ ਗਈ। ਇਸ ਦੀ ਥਾਂ ਪਾਠਕ੍ਰਮਾਂ ਵਿਚ ‘ਨੈਤਿਕਤਾ’ ਅਤੇ ‘ਰਾਸ਼ਟਰੀ ਸੁਰੱਖਿਆ’ ਦੇ ਅਖੌਤੀ ਪਾਠਕ੍ਰਮ ਸ਼ਾਮਲ ਕੀਤੇ ਗਏ।

ਗਿਆਰਾਂ ਸਤੰਬਰ ਸਵੇਰ ਨੂੰ ਵਿਕਟਰ ਜਾਰਾ ਘਰੋਂ ਯੂਨੀਵਰਸਿਟੀ ਲਈ ਰਵਾਨਾ ਹੋਇਆ। ਉਸ ਦਿਨ ‘ਯੂਨੀਵਰਸਿਟੀ ਆੱਫ ਸਾਂਤਿਆਗੋ’ ਵਿਚ ਫਾਸ਼ੀਵਾਦੀ ਵਿਰੋਧੀ ਕਲਾ ਪ੍ਰਦਰਸ਼ਨੀ ਦੀ ਤਿਆਰੀ ਚੱਲ ਰਹੀ ਸੀ। ਇਸ ਸਮਾਗਮ ਵਿਚ ਸਲਵਾਦੋਰ ਅਲੈਂਦੇ ਨੇ ਵੀ ਪਹੁੰਚਣਾ ਸੀ। ਪਰ ਉਸੇ ਦਿਨ ਸਲਵਾਦੋਰ ਅਲੈਂਦੇ ਦੇ ਘਰ ਉੱਤੇ ਹੋਏ ਹਮਲੇ ਕਾਰਨ ਵਿਕਟਰ ਦੀ ਪਤਨੀ ਜੋਨ ਜਾਰਾ ਨੇ ਫੋਨ ’ਤੇ ਉਸ ਨੂੰ ਯੂਨੀਵਰਸਿਟੀ ਰੁਕਣ ਲਈ ਕਿਹਾ ਕਿਉਂਕਿ ਜਾਰਾ ਜੋੜੇ ਦਾ ਘਰ ਰਾਸ਼ਟਰਪਤੀ ਹਾਊਸ ਦੇ ਗੁਆਂਢ ਵਿਚ ਸੀ ਅਤੇ ਇਹ ਇਲਾਕਾ ਪੂਰੀ ਤਰ੍ਹਾਂ ਦੁਸ਼ਮਣ ਫ਼ੌਜ ਦੇ ਕਬਜ਼ੇ ਹੇਠ ਸੀ। ਗਿਆਰਾਂ ਸਤੰਬਰ ਤੋਂ ਬਾਅਦ ਵਿਕਟਰ ਦੀ ਕੋਈ ਉੱਘ-ਸੁੱਘ ਨਹੀਂ ਮਿਲੀ। ਉਸ ਤੋਂ ਬਾਅਦ ਉਸ ਦੀ ਲਾਸ਼ ਦੀ ਸ਼ਨਾਖਤ ਕਰਨ ਵਾਲੇ ਦਿਨ ਹੀ ਉਸ ਦੀ ਪਤਨੀ ਨੂੰ ਪਤਾ ਲੱਗਿਆ ਕਿ ਵਿਕਟਰ ਨੂੰ ਕਤਲ ਕਰ ਦਿੱਤਾ ਗਿਆ ਹੈ।

ਜਿਸ ਦਰਵਾਜ਼ੇ ਉੱਤੇ ਵਿਕਟਰ ਦੀ ਲਾਸ਼ ਟੰਗੀ ਗਈ ਸੀ ਉਸ ਦਰਵਾਜ਼ੇ ਉੱਤੇ ਅੱਜ ਉਸ ਦਾ ਨਾਮ ਉੱਕਰਿਆ ਹੋਇਆ ਹੈ। 2004 ਵਿਚ ਇਸ ਸਟੇਡੀਅਮ ਦਾ ਨਾਮ ਉਸ ਦੇ ਨਾਮ ਉੱਤੇ ਰੱਖਿਆ ਗਿਆ। ਉਸ ਦੀ ਪਤਨੀ ਜੌਨ ਜਾਰਾ ‘ਵਿਕਟਰ ਜਾਰਾ’ ਨਾਂ ਦੀ ਫਾਊਂਡੇਸ਼ਨ ਚਲਾ ਰਹੀ ਹੈ। ਜੌਨ ਨੇ 2013 ’ਚ ਪਿਨੋਸ਼ੇ ਹਕੂਮਤ ਵੇਲੇ ਰਹੇ ਉੱਚ ਫ਼ੌਜੀ ਅਧਿਕਾਰੀ ਪੇਦਰੋ ਪਾਬਲੋ ਬਾਰੀਐਂਤੋ (ਅਮਰੀਕਾ ਦੇ ਫਲੋਰਿਡਾ ’ਚ ਅਮਰੀਕੀ ਨਾਗਰਿਕਤਾ ਲੈ ਕੇ ਰਹਿ ਰਿਹਾ ਚਿੱਲੀ ਦਾ ਸਾਬਕਾ ਫ਼ੌਜੀ ਅਫ਼ਸਰ) ਅਤੇ ਛੇ ਹੋਰ ਫ਼ੌਜੀ ਅਧਿਕਾਰੀਆਂ ਖਿਲਾਫ਼ ਉਸ ਦੇ ਪਤੀ ਨੂੰ ਅਗਵਾ ਕਰਨ, ਤਸੀਹੇ ਦੇਣ ਅਤੇ ਕਤਲ ਕਰਨ ਦੇ ਦੋਸ਼ਾਂ ਖਿਲਾਫ਼ ਅਮਰੀਕਾ ਦੇ ਫਲੋਰਿਡਾ ਦੀ ਅਦਾਲਤ ਵਿਚ ਕੇਸ ਦਰਜ ਕੀਤਾ। 2018 ਵਿਚ ਫਲੋਰਿਡਾ ਸੈਸ਼ਨ ਕੋਰਟ ਨੇ ਵਿਕਟਰ ਜਾਰਾ ਦੇ ਕਤਲ ਦੇ ਦੋਸ਼ੀ ਅੱਠ ਫ਼ੌਜੀ ਅਫ਼ਸਰਾਂ ਵਿਚੋਂ ਸੱਤ ਨੂੰ 18 ਸਾਲ (15 ਸਾਲ ਕਤਲ ਕੇਸ ਅਤੇ 3 ਸਾਲ ਅਗਵਾ ਕੇਸ ਵਿਚ) ਦੀ ਕੈਦ ਦੀ ਸਜ਼ਾ ਸੁਣਾਈ। ਇਨ੍ਹਾਂ ਵਿਚੋਂ ਇੱਕ ਅਫ਼ਸਰ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤੀ ਹੁਕਮਾਂ ਤਹਿਤ ਵਿਕਟਰ ਦੀ ਪਤਨੀ ਅਤੇ ਦੋ ਬੱਚਿਆਂ ਨੂੰ 28 ਲੱਖ ਅਮਰੀਕੀ ਡਾਲਰ ਦੀ ਰਾਸ਼ੀ ਵੀ ਦਿੱਤੀ ਗਈ।

ਲਾਤੀਨੀ ਮਹਾਂਦੀਪ ਦੇ ਸੰਦਰਭ ਵਿਚ ਅਮਰੀਕੀ ਸਾਮਰਾਜ ਅਤੇ ਉਸ ਦੀਆਂ ਕਠਪੁਤਲੀ ਤਾਨਸ਼ਾਹ ਹਕੂਮਤਾਂ ਖਿਲਾਫ਼ ਚੀ ਗੁਵੇਰਾ ਅਤੇ ਚਿੱਲੀ ਦੇ ਨੌਜਵਾਨ ਸ਼ਹੀਦ ਕਲਾਕਾਰ ਵਿਕਟਰ ਜਾਰਾ ਦੀ ਅਦੁੱਤੀ ਅਤੇ ਪ੍ਰੇਰਨਾਮਈ ਸ਼ਹਾਦਤ ਆਪਣੇ ਮੁਲਕ ਦੀ ਹੀ ਨਹੀਂ ਸਗੋਂ ਸੰਸਾਰ ਫਾਸ਼ੀਵਾਦੀ ਪ੍ਰਬੰਧ ਖਿਲਾਫ਼ ਇਨਕਲਾਬੀ ਸੰਘਰਸ਼ ਦੀ ਪ੍ਰਤੀਕ ਹੈ।

ਸੰਪਰਕ: +438-924-2052 (ਵੱਟਸਐਪ)

ਸਪੇਨੀ ਭਾਸ਼ਾ ਵਿਚ ਉਚਾਰਨ ਵਿਕਤੋਰ ਹਾਰਾ ਹੈ। ‘ਹ’ ਅੱਖਰ ਦਾ ਉਚਾਰਨ ਵੀ ‘ਹ’ ਤੇ ‘ਖ’ ਦੇ ਵਿਚਕਾਰ ਹੈ। ਇੱਥੇ ਅੰਗਰੇਜ਼ੀ ਉਚਾਰਨ ਵਰਤਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All