ਚਿੱਤਰ ਤੇ ਚਿਤੇਰਾ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਵਾਨ ਗੌਗ ਦਾ ਮਸ਼ਹੂਰ ਚਿੱਤਰ ‘ਆਲੂ ਖਾ ਕੇ ਗੁਜ਼ਾਰਾ ਕਰਨ ਵਾਲੇ’।

ਪ੍ਰੇਮ ਸਿੰਘ

ਪ੍ਰਸਿੱਧ ਚਿੱਤਰਕਾਰ ਵਾਨ ਗੌਗ ਨੇ ਕਿਰਤੀਆਂ ਤੇ ਕਿਸਾਨਾਂ ਦੇ ਚਿੱਤਰ ਬਣਾਏ। ਇਸ ਕਾਰਜ ਲਈ ਉਸ ਨੇ ਇਨ੍ਹਾਂ ਲੋਕਾਂ ਵਿਚਕਾਰ ਅਜਿਹਾ ਹੀ ਜੀਵਨ ਜੀਵਿਆ।

ਉਸ ਦੇ ਚਿੱਤਰ ਆਪਣੇ ਵੇਲੇ ਦੇ ਫਰਾਂਸ ਦੇ ਕਿਸਾਨੀ ਜੀਵਨ ਦੇ ਦੁੱਖ ਤਕਲੀਫ਼ਾਂ ਨੂੰ ਚਿਤਰਣ ਦੀ ਕੋਸ਼ਿਸ਼ ਕਰਦੇ ਹਨ।

ਵਿਨਸੇਂਟ ਵਾਨ ਗੌਗ ਦਾ ਜਨਮ 30 ਮਾਰਚ 1853 ਨੂੰ ਜੁਨਡਰਟ (ਨੀਦਰਲੈਂਡਜ਼) ਵਿਖੇ ਹੋਇਆ। ਇਹ ਉਹ ਸਮਾਂ ਸੀ ਜਦੋਂ ਉਦਯੋਗਿਕ ਕ੍ਰਾਂਤੀ (1760-1840) ਬਰਤਾਨੀਆ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਵਿਚ ਫੈਲ ਚੁੱਕੀ ਸੀ। ਯੂਰੋਪ ਅਤੇ ਅਮਰੀਕਾ ਦਾ ਪੇਂਡੂ ਪ੍ਰਧਾਨ ਸਮਾਜ ਉਦਯੋਗਿਕ ਨਾਗਰਿਕ ਜੀਵਨ ’ਚ ਬਦਲ ਗਿਆ ਸੀ। ਉਹ ਵਸਤਾਂ ਜਿਹੜੀਆਂ ਮਿਹਨਤ ਕਰਕੇ ਹੱਥ ਨਾਲ ਬਣਾਈਆਂ ਜਾਂਦੀਆਂ ਸਨ, ਉਹ ਹੁਣ ਫੈਕਟਰੀਆਂ ਵਿਚ ਮਸ਼ੀਨਾਂ ਦੁਆਰਾ ਵੱਡੀ ਮਾਤਰਾ ਵਿਚ ਬਣਨੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਦੇ ਬਣਨ ਵਿਚ ਘੱਟ ਸਮਾਂ ਅਤੇ ਉਸ ਤੋਂ ਵੀ ਘੱਟ ਮਨੁੱਖੀ ਕਿਰਤ ਲੱਗਦੀ ਸੀ। ਲੋਕਾਂ ਨੇ ਬਹੁਗਿਣਤੀ ਵਿਚ ਦਿਹਾਤੀ ਖੇਤਰਾਂ ਤੋਂ ਸ਼ਹਿਰਾਂ ਵੱਲ ਕੂਚ ਕੀਤਾ। ਤੇਜ਼ੀ ਨਾਲ ਹੋਇਆ ਸ਼ਹਿਰੀਕਰਨ ਆਪਣੇ ਨਾਲ ਮਹੱਤਵਪੂਰਨ ਚੁਣੌਤੀਆਂ ਵੀ ਲਿਆਇਆ। ਸ਼ਹਿਰ ’ਚ ਵਧੀ ਭੀੜ ਕਰਕੇ ਪ੍ਰਦੂਸ਼ਣ, ਨਾਕਾਫ਼ੀ ਸਵੱਛਤਾ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਵਰਗੀਆਂ ਸਮੱਸਿਆਵਾਂ ਪੈਦਾ ਹੋਈਆਂ। ਜਿੱਥੇ ਇਸ ਉਦਯੋਗੀਕਰਨ ਨਾਲ ਮੱਧ ਅਤੇ ਉੱਚ ਮੱਧ ਸ਼੍ਰੇਣੀ ਦੇ ਜੀਵਨ ਵਿਚ ਖੁਸ਼ਹਾਲੀ ਆਈ, ਉੱਥੇ ਗ਼ਰੀਬ ਤੇ ਮਜ਼ਦੂਰ ਜਮਾਤ ਦਾ ਸੰਘਰਸ਼ ਜਾਰੀ ਰਿਹਾ। ਉਦਯੋਗਿਕ ਕ੍ਰਾਂਤੀ ਨਾਲ ਆਏ ਨਾਟਕੀ ਬਦਲਾਵਾਂ ਦਾ ਵਿਰੋਧ ਵੀ ਹੋਇਆ। ਦਿਹਾੜੀ ਘੱਟ, ਕੰਮ ਜ਼ਿਆਦਾ ਅਤੇ ਮਸ਼ੀਨਾਂ ’ਤੇ ਕੰਮ ਕਰਨ ਦਾ ਜਾਨ ਨੂੰ ਖ਼ਤਰਾ ਵੱਖ।

ਇਸ ਸਮੇਂ ਦੌਰਾਨ ਕਲਾਕਾਰਾਂ ਨੇ ਵੀ ਆਪਣਾ ਰੁਖ਼ ਅਤੇ ਰੁਚੀ ਆਧੁਨਿਕ ਜੀਵਨ ਚਿਤਰਣ ਵਿਚ ਵਿਖਾਈ ਜਿਸ ਵਿਚ ਕਿਰਤੀ ਵੀ ਚਿੱਤਰਾਂ ਦਾ ਵਿਸ਼ਾ ਬਣੇ। ਮਸ਼ੀਨੀਕਰਨ ਨੇ ਕਲਾ ਦੇ ਗਠਨ ਬਾਰੇ ਵੀ ਸਵਾਲ ਖੜ੍ਹੇ ਕੀਤੇ। ਰਫ਼ਤਾਰ ਨਾਲ ਰਫ਼ਤਾਰ ਹੋਈ ਜ਼ਿੰਦਗੀ ਹਕੀਕਤ ਬਣ ਗਈ। ਇਸ ਦੇ ਉਲਟ ਕਲਾ ਹੈ ਜੋ ਸੁਭਾਅ ਵਜੋਂ ਵਿਚਾਰਾਤਮਕ ਅਤੇ ਚਾਲ ਵੱਲੋਂ ਧੀਮੀ ਹੈ। ਅਸੀਂ ਇਸ ਵਿਚਾਰਾਤਮਕ ਸੋਚ ਅਤੇ ਚਾਲ ਨੂੰ ਛੇਤੀ ਨਾਲ ਬਦਲਦੀ ਸੋਚ ਨਾਲ ਨਹੀਂ ਬਦਲ ਸਕਦੇ। ਕਲਾ ਦਾ ਮੰਤਵ ਇਹ ਵੀ ਹੈ ਕਿ ਇਸ ਦੀ ਗਤੀ ਨੂੰ ਸੁਭਾਵਿਕ ਅਤੇ ਕੁਦਰਤੀ ਬਣਾਈ ਰੱਖਣਾ। ਕਲਾਕਾਰ ਅਜਿਹੀਆਂ ਸਥਿਤੀਆਂ ਵਿਚ ਇਸ ਤਰ੍ਹਾਂ ਦੀ ਸੋਚ ਦੱਸ ਸਕਦਾ ਹੈ ਜੋ ਕਿ ਗਤੀ ਅਤੇ ਸੋਚ ਵਿਚਕਾਰ ਸੰਤੁਲਨ ਬਣਾਉਣ ਵਿਚ ਸਹਾਈ ਹੋਵੇ। ਕਲਾਕਾਰ ਤੇ ਕਿਸਾਨ ਵਿਚਕਾਰ ਸਾਂਝ ਨੂੰ ਸਮਝਣ ਦੀ ਲੋੜ ਹੈ। ਕਲਾ ਵਾਂਗ ਖੇਤੀਬਾੜੀ ਵਿਚ ਵੀ ਸਮੇਂ ਸਮੇਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਖੇਤੀ ਵੀ ਕਲਾ ਵਾਂਗ ਇਕ ਜਨੂੰਨ ਹੈ। ਇਸ ਵਿਚ ਇਕ ਰੂਹਾਨੀ ਮੌਜੂਦਗੀ ਹੈ। ਵਿਸ਼ਵਾਸ, ਵਚਨਬੱਧਤਾ ਅਤੇ ਇਕਸਾਰਤਾ ਇਸ ਸਫ਼ਰ ਦਾ ਦ੍ਰਿੜੀਕਰਨ ਕਰਦੀ ਹੋਈ ਜ਼ਿੰਦਗੀ ਦੀ ਬੁਨਿਆਦ ਦਾ ਵੀ ਸੱਚ ਉਜਾਗਰ ਕਰਦੀ ਹੈ। ਕਲਾ ਅਤੇ ਕਿਸਾਨੀ ਉਹ ਕਿੱਤਾ ਹੈ ਜਿੱਥੇ ਸਿਰਜੀਆਂ ਮਿਸਾਲਾਂ ਸ਼ਬਦਾਂ ਨਾਲੋਂ ਵੱਧ ਉੱਚੀ ਬੋਲਦੀਆਂ ਹਨ।

1850 ਦੇ ਪੈਰਿਸ ਸੇਲੋਨ ਵਿਚ ਪ੍ਰਦਰਸ਼ਿਤ ਯਥਾਰਥਵਾਦੀ ਸ਼ੈਲੀ ਦੇ ਦੋ ਚਿੱਤਰਾਂ ਨੇ ਇਸ ਨਵੇਂ ਪਏ ਕਲਾਤਮਿਕ ਪ੍ਰਭਾਵ ਨੂੰ ਸਿੱਧੇ ਤੌਰ ’ਤੇ ਸੰਬੋਧਨ ਕੀਤਾ। ਇਕ ਚਿੱਤਰਕਾਰ ਗੁਸਤਵ ਕੁਰਬੇਅ (1819-1877) ਦਾ ਚਿੱਤਰ ‘ਪੱਥਰ ਤੋੜਨ ਵਾਲੇ’ (1849), ਦੂਜਾ ਚਿੱਤਰ ਜੀਨ-ਫਰੈਂਕੋਇਜ਼ ਮੀਏ ਦਾ ‘ਬੀਜਣ ਵਾਲਾ’ (1850) ਦਾ ਸੀ। ਇਨ੍ਹਾਂ ਚਿੱਤਰਾਂ ਵਿਚ ਪ੍ਰਗਟਾਈ ਸਮਾਰਕੀ ਭਾਵਨਾ ਬੇਮਿਸਾਲ ਹੈ। ਕਲਾ ਦੇ ਇਤਿਹਾਸ ਵਿਚ ‘ਕਲਾਸੀਕਲ ਹੀਰੋ’ ਦੀ ਥਾਂ ਕਿਰਤੀ ਵਰਗ ਨੇ ਲੈ ਲਈ। ਉਸ ਸਮੇਂ ਕੁਝ ਵੇਖਣ ਵਾਲਿਆਂ ਨੂੰ ਇਨ੍ਹਾਂ ਚਿੱਤਰਾਂ ਨੇ ਬੇਚੈਨ ਕੀਤਾ। ਕੁਝ ਦੀ ਇਹ ਸੋਚ ਸੀ ਕਿ ਅਜਿਹੇ ਵਿਸ਼ਿਆਂ ਲਈ ਚੁਣਿਆ ਗਿਆ ਪੇਟਿੰਗ ਲਈ ਵੱਡਾ ਫਾਰਮੈਟ ਅਣਉਚਿਤ ਹੈ। ਰੁਮਾਂਸਵਾਦ ਤੋਂ ਹਟ ਕੇ ਮਿੱਟੀ ਦੀ ਮਹਿਕ ਦਾ ਚਿਤਰਣ ਰਵਾਇਤੀ ਅਕਾਦਮਿਕ ਸ਼ੈਲੀ ਦੇ ਉਲਟ ਸੀ। ਕੁਰਬੇਅ ਵਾਂਗ ਮੀਏ (Jean Francois Millet) ਨੇ ਵੀ ‘ਬਿਜਾਈ ਵਾਲਾ’ ਦਾ ਚਿਹਰਾ ਅਪ੍ਰਤੱਖ ਤੇ ਅਣਦਿਸਦਾ ਰੱਖਿਆ ਜਿਸ ਪਿੱਛੇ ਭਾਵ ਸੀ ਕਿ ਜੋ ਉਹ ਕੰਮ ਕਰ ਰਿਹਾ ਹੈ ਉਹ ਵਿਸ਼ੇਸ਼ ਹੈ, ਨਾ ਕਿ ਉਸ ਦਾ ਵਿਅਕਤੀਗਤ ਰੂਪ। ਕਲਾਕਾਰ ਨੇ ਇੱਥੇ ਕੁਰਬੇਅ ਵਾਂਗ ਗ਼ਰੀਬੀ ਨਾ ਦਰਸਾ ਕੇ ਉਸ ਦੇ ਕੰਮ ਪ੍ਰਤੀ ਆਦਰ ਅਤੇ ਸਤਿਕਾਰ ਦੀ ਭਾਵਨਾ ਨੂੰ ਪ੍ਰਗਟਾਇਆ ਹੈ। ਇਸ ਮਗਰੋਂ ਪੇਂਡੂ ਕਿਰਤੀ ਵਰਗ ਨਾਲ ਸਬੰਧਤ ਚਿੱਤਰ ਕਲਾਕਾਰਾਂ ਦਾ ਮਨਭਾਉਂਦਾ ਵਿਸ਼ਾ ਬਣੇ। ਉਦਯੋਗਿਕ ਕ੍ਰਾਂਤੀ ਦੇ ਹੋ ਰਹੇ ਪਸਾਰ ਦੌਰਾਨ ਵਾਨ ਗੌਗ ਦਾ ਕਲਾ ਜਗਤ ਵਿਚ ਪ੍ਰਵੇਸ਼ ਹੋਇਆ। ਹੈਰਾਨਕੁਨ ਹੈ ਕਿ ਮਰਨ ਤੱਕ ਇਹ ਕਲਾਕਾਰ ਅਣਪਛਾਤਾ ਹੀ ਰਿਹਾ। ਅੱਜ ਉਸ ਦਾ ਨਾਂ ਵਿਸ਼ਵ ਦੇ ਮਹਾਨ ਕਲਾਕਾਰਾਂ ਵਿਚ ਸ਼ੁਮਾਰ ਹੈ। ਇਸ ਦੀ ਸ਼ੈਲੀ ਅਤੇ ਸੋਚ ਦਾ ਪ੍ਰਭਾਵ 20ਵੀਂ ਸਦੀ ਦੀ ਅਧੁਨਿਕ ਕਲਾ ’ਤੇ ਸਹਿਜੇ ਹੀ ਵੇਖਿਆ ਜਾ ਸਕਦਾ ਹੈ।

ਮੋਢੇ ਤੰਗਲੀ ਤੇ ਨਾਲ ਸੁਆਣੀ: ਮੀਏ ਦਾ ਇਕ ਚਿੱਤਰ।

ਵਾਨ ਗੌਗ ਉਮਰ ਭਰ ਆਪਣੀ ਮਾਨਸਿਕ ਬਿਮਾਰੀ, ਗ਼ਰੀਬੀ ਅਤੇ ਅਗਿਆਤ ਅਵਸਥਾ ਨਾਲ ਸੰਘਰਸ਼ ਕਰਦਾ ਰਿਹਾ। ਉਸ ਦਾ ਛੋਟਾ ਭਰਾ ਥੀਓ ਪੈਰਿਸ ਵਿਚ ਆਰਟ ਡੀਲਰ ਸੀ। ਵਾਨ ਗੌਗ ਦਾ ਉਹ ਤਹਿ ਦਿਲ ਤੋਂ ਸਤਿਕਾਰ ਕਰਦਾ ਸੀ ਜਿਸ ਲਈ ਉਸ ਨੇ ਉਸ ਦੀ ਹਰ ਲੋੜੀਂਦੀ ਸਹਾਇਤਾ ਕੀਤੀ। ਕਲਾ ਦਾ ਅਧਿਐਨ ਕਰਦਿਆਂ ਉਸ ਦਾ ਇਸ ਵਰਗ ਪ੍ਰਤੀ ਲਗਾਅ ਅਤੇ ਹਮਦਰਦੀ ਪ੍ਰਤੱਖ ਹੈ। ਮਿੱਲਟ ਉਸ ਦੀ ਪ੍ਰੇਰਨਾ ਵੀ ਸੀ ਤੇ ਮਨਪਸੰਦ ਕਲਾਕਾਰ ਵੀ। ਵਾਨ ਗੌਗ ਨੇ ਚਿੱਤਰਕਾਰੀ ਵਿਚ ਇਨ੍ਹਾਂ ਵਿਸ਼ਿਆਂ ਦੇ ਚਿਤਰਣ ਨੂੰ ਨੇਕ ਅਤੇ ਆਧੁਨਿਕ ਕਲਾ ਦੇ ਵਿਕਾਸ ਵਿਚ ਮਹੱਤਵਪੂਰਨ ਦੱਸਿਆ।

ਵਾਨ ਗੌਗ ਨੇ ਆਪਣੇ ਦੇਸ਼ ਨੀਦਰਲੈਂਡਜ਼ ’ਚ ਬਦਲਦੇ ਸਰੋਕਾਰਾਂ ਨੂੰ ਵੇਖਿਆ ਜਿਸ ਨੂੰ ਉਦਯੋਗੀਕਰਨ ਨੇ ਪੇਂਡੂ ਖੇਤਰ ਤੇ ਇਸ ਵਿਚ ਕੰਮ ਕਰਨ ਵਾਲੇ ਗ਼ਰੀਬਾਂ ਦੀ ਰੋਜ਼ੀ-ਰੋਟੀ ਨੂੰ ਇਸ ਤਰ੍ਹਾਂ ਘੇਰਿਆ ਕਿ ਉਨ੍ਹਾਂ ਨੂੰ ਆਪਣੇ ਕਿੱਤੇ ਨੂੰ ਬਦਲਣ ਦਾ ਸਮਾਂ ਉੱਕਾ ਹੀ ਨਹੀਂ ਮਿਲਿਆ। ਵਾਨ ਗੌਗ ਨੇ ਇਨ੍ਹਾਂ ਲੋਕਾਂ ਨਾਲ ਦਿਲੋਂ ਜੁੜ ਕੇ ਇਨ੍ਹਾਂ ਦੇ ਅੰਦਰ ਝਾਕਿਆ। ਨੀਦਰਲੈਂਡਜ਼ ਅਤੇ ਬੈਲਜੀਅਮ ਦੇ ਕਿਸਾਨ, ਬੁਣਕਰ ਅਤੇ ਮਛੇਰਿਆਂ ਦੇ ਜੀਵਨ ਨੂੰ ਬੜੀ ਸ਼ਿੱਦਤ ਅਤੇ ਸਤਿਕਾਰ ਸਹਿਤ ਚਿਤਰਿਆ।

ਵਾਨ ਗੌਗ ਮੀਏ, ਬਰੈਟਨ ਅਤੇ ਹੋਰ ਕਲਾਕਾਰਾਂ ਵੱਲੋਂ ਬਣਾਈਆਂ ਕਲਾਕ੍ਰਿਤਾਂ ਨੂੰ ‘ਕਣਕ ਦੀ ਆਵਾਜ਼’ ਦੱਸਦਾ ਹੈ। ਇਹ 19ਵੀਂ ਸਦੀ ਦੀ ਕਲਾ ਵਿਚ ਇਕ ਅਹਿਮ ਮੋੜ ਸੀ। ਇਸ ਤੋਂ ਪਹਿਲਾਂ ਕਿਸਾਨ ਮਹਿਜ਼ ਇਕ ਖ਼ੂਬਸੂਰਤ ਜਾਂ ਉਦਰੇਵੇਂ ਭਰੀ ਚਿੱਤਰਕਾਰੀ ਦਾ ਮਾਮੂਲੀ ਅੰਸ਼ ਹੁੰਦਾ ਸੀ।

ਵਾਨ ਗੌਗ 19ਵੀਂ ਸਦੀ ਦੇ ਉਦਯੋਗੀਕਰਨ ਦੇ ਅਸਰ ਥੱਲੇ ਬਦਲ ਰਹੇ ਲੈਂਡਸਕੇਪ ਅਤੇ ਲੋਕ-ਜੀਵਨ ਪ੍ਰਤੀ ਚੇਤੰਨ ਸੀ। ਇਸ ਉਦਾਸੀ ਨੂੰ ਉਹ ਅਕਸਰ ਥੀਓ ਨਾਲ ਖ਼ਤਾਂ ਰਾਹੀਂ ਸਾਂਝਾ ਕਰਦਾ ਸੀ। ਕਿਵੇਂ ਨਵਾਂ ਬਣਿਆ ਲਾਲ ਟਾਈਲਾਂ ਦਾ ਸ਼ਰਾਬਖ਼ਾਨਾ, ਜਿੱਥੇ ਕਦੇ ਘਾਹ-ਫੂਸ ਨਾਲ ਬਣੀ ਛੱਤ ਵਾਲੀ ਕੁੱਲੀ ਹੁੰਦੀ ਸੀ, ਦੇਖ ਉਸ ਦਾ ਮਨ ਉਦਾਸ ਹੁੰਦਾ ਹੈ। ਉਸ ਸਮੇਂ ਤੋਂ ਉਸਰ ਰਹੀਆਂ ਚੁਕੰਦਰ ਸੂਗਰ ਫੈਕਟਰੀਆਂ, ਰੇਲਵੇ ਲਾਈਨਾਂ, ਖੇਤੀਬਾੜੀ ਵਿਕਾਸ ਦੇ ਨਾਂ ’ਤੇ ਨਿੱਕੇ ਸੰਘਣੇ ਰੁੱਖਾਂ ਦਾ ਲੋਪ ਹੋਣਾ ਆਦਿ ਉਸ ਅਪਾਰ ਚਿੱਤਰਮਈ ਸੁਹਜ ਤੋਂ ਬੇਹੱਦ ਘੱਟ ਹੈ।

ਵਾਨ ਗੌਗ ਦਾ ਆਪ ਬਣਾਇਆ ਪੋਰਟਰੇਟ।

ਦੂਜਿਆਂ ਦੀ ਸੇਵਾ ਕਰਨਾ ਵਾਨ ਗੌਗ ਦੇ ਸੁਭਾਅ ਵਿਚ ਸੀ ਵਿਸ਼ੇਸ਼ ਕਰਕੇ ਕਿਰਤੀ ਸ਼੍ਰੇਣੀ। ਬੈਲਜੀਅਮ ਵਿਖੇ ਕੋਲੇ ਦੀ ਖਾਣ ਵਿਚ ਉਹ ਮਜ਼ਦੂਰਾਂ ਦੀ ਦੇਖ-ਭਾਲ ’ਚ ਸੀ। ਕਾਮੇ ਤੇ ਉਨ੍ਹਾਂ ਦੇ ਆਪਣੇ ਕੰਮ ਪ੍ਰਤੀ ਸਮਰਪਣ ਦੀ ਉਹ ਕਦਰ ਕਰਦਾ ਸੀ। ਇਸੇ ਭਾਵਨਾ ਨਾਲ ਉਹ ਆਪਣੀ ਚਿੱਤਰਕਲਾ ਕਰਨਾ ਚਾਹੁੰਦਾ ਸੀ। ਸਥਿਰ ਵਿਸ਼ਵਾਸ ਅਤੇ ਵਚਨਬੱਧਤਾ ਹੀ ਮਨੁੱਖ ਨੂੰ ਸੱਚੇ-ਸੁੱਚੇ ਮਨੋ ਪ੍ਰਗਟਾਵੇ ਲਈ ਲੋੜੀਂਦੀ ਸ਼ਕਤੀ ਪ੍ਰਦਾਨ ਕਰਦੀ ਹੈ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਕਿਸਾਨ ਨੂੰ ਖੇਤੀਬਾੜੀ ਲਈ ਮਜ਼ਬੂਤ ਮਨ, ਵੱਡਾ ਦਿਲ ਅਤੇ ਡੂੰਘੇ ਸਬਰ ਦੇ ਨਾਲ ਮੌਸਮਾਂ ਦਾ ਕਹਿਰ, ਸਖ਼ਤ ਸਥਿਤੀਆਂ ਅਤੇ ਅਨਿਸ਼ਚਿਤ ਕੀਮਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸੰਬਰ 1883 ਵਿਚ ਵਾਨ ਗੌਗ ਆਪਣੇ ਮਾਤਾ-ਪਿਤਾ ਕੋਲ ਆ ਗਿਆ। ਘਰ ਦੇ ਪਿਛਲੇ ਹਿੱਸੇ ਵਿਚ ਇਕ ਨਿੱਕੇ ਕਮਰੇ ’ਚ ਸਟੂਡੀਓ ਸਥਾਪਤ ਕਰਕੇ ਚਿੱਤਰਕਾਰੀ ਆਰੰਭੀ। ਮਗਰੋਂ ਉਸ ਨੇ ਪਿੰਡ ਵਿਚ ਹੀ ਸਟੂਡੀਓ ਲਈ ਖੁੱਲ੍ਹੀ ਥਾਂ ਲੈ ਲਈ। ਕਿਸਾਨੀ ਚਿੱਤਰਕਾਰੀ ਮਨ ਵਾਲੇ ਕਲਾਕਾਰ ਲਈ ਇਹ ਯੋਗ ਥਾਂ ਸੀ। ਇੱਥੇ ਵਧੇਰੇ ਕਰਕੇ ਕਿਸਾਨ, ਦਿਹਾਤੀ ਮਜ਼ਦੂਰ ਅਤੇ ਬੁਣਕਰ ਹੀ ਵਸਦੇ ਸਨ। ਹਰ ਮਿਲੇ ਅਵਸਰ ’ਤੇ ਉਹ ਇਸ ਵਰਗ ਨੂੰ ਪੇਂਟ ਅਤੇ ਸਕੈੱਚ ਕਰਦਾ। ਜਿਸ ਢੰਗ ਨਾਲ ਉਹ ਰਹਿੰਦੇ ਸੀ ਵਾਨ ਗੌਗ ਵੀ ਉਸੇ ਤਰ੍ਹਾਂ ਰਿਹਾ। ਅਜਿਹੇ ਕਲਾਕਾਰਾਂ ਦਾ ਕੰਮ ਵੇਖ ਕੇ ਉਹ ਨਿਰਾਸ਼ ਹੁੰਦਾ ਸੀ ਜੋ ਲੋਕਾਂ ਦੇ ਸੁਭਾਅ ਤੋਂ ਹਟ ਕੇ ਤਕਨੀਕ ’ਤੇ ਵਧੇਰੇ ਜ਼ੋਰ ਦਿੰਦੇ ਸਨ। 1882 ਵਿਚ ਉਹ ਲਿਖਦਾ ਹੈ, ‘‘ਫਿਰ ਵੀ, ਇਹ ਸਹੀ ਅਤੇ ਉਚਿਤ ਹੈ ਕਿ ਮੈਨੂੰ ਕਲਾਕਾਰ ਹੋਣ ਨਾਤੇ ਉਸੇ ਮਾਹੌਲ ਵਿਚ ਰਹਿਣਾ ਚਾਹੀਦਾ ਹੈ ਜਿਸ ਪ੍ਰਤੀ ਮੈਂ ਸੰਵੇਦਨਸ਼ੀਲ ਹਾਂ ਅਤੇ ਉਸੇ ਨੂੰ ਪ੍ਰਗਟਾਉਣ ਦਾ ਯਤਨ ਕਰ ਰਿਹਾ ਹਾਂ।’’

ਜਿਸ ਜਨੂੰਨ, ਵਚਨਬੱਧਤਾ ਅਤੇ ਯੋਗਤਾ ਨਾਲ ਵਾਨ ਗੌਗ ਨੇ ਇਨ੍ਹਾਂ ਵਰ੍ਹਿਆਂ ਵਿਚ ਕੰਮ ਕੀਤਾ ਉਹ ਉਸ ਦੇ ਜੀਵਨ ਕਾਲ ਦਾ ਮਹੱਤਵਪੂਰਨ ਅੰਗ ਹੈ। ਸਮੇਂ ਅਤੇ ਸਥਾਨ ਦੇ ਸੰਦਰਭ ਵਿਚ ਇਹ ਹਲਫ਼ਨਾਮਾ ਹੈ। ਅੰਤਰਮੁਖੀ ਤੱਕਣੀ ਅਤੇ ਹਾਵ-ਭਾਵ ਦੇ ਪ੍ਰਗਟਾਅ ਵਿਚ ਸਿਰਜਣਾਤਮਿਕ ਸੋਚ ਦ੍ਰਿਸ਼ਟੀ ਦੀ ਗਹਿਰਾਈ, ਰਚਨਾਤਮਿਕ ਧਾਰਨਾਤਮਿਕ ਦ੍ਰਿੜ੍ਹਤਾ ਅਤੇ ਸੁਹਜਾਤਮਿਕ ਯੋਗਤਾ ਬੇਮਿਸਾਲ ਹੈ। ਸਖ਼ਤ ਮਿਹਨਤ ਕਰਨ ਵਾਲੀਆਂ ਨੇਕ ਅਤੇ ਪਵਿੱਤਰ ਆਤਮਾਵਾਂ ਵਿਚ ਪਈਆਂ ਚੁੱਪਾਂ ਨੂੰ ਫੜਨਾ ਰੂਹਾਨੀ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। 1884 ਦੇ ਮੁੱਢ ’ਚ ਉਸ ਦੇ ਮਨ ਵਿਚ ਆਇਆ ਕਿ ਉਹ ਇਹ ਕੰਮ ਥੀਓ ਵੱਲੋਂ ਕੀਤੀ ਸਹਾਇਤਾ ਦੇ ਬਦਲੇ ਵਿਚ ਉਸ ਨੂੰ ਦੇ ਦੇਵੇਗਾ।

15 ਜਨਵਰੀ 1884 ਨੂੰ ਵਾਨ ਗੌਗ ਥੀਓ ਨੂੰ ਲਿਖਦਾ ਹੈ, ‘‘ਹੁਣ ਮੇਰੇ ਕੋਲ ਭਵਿੱਖ ਨੂੰ ਬਣਾਉਣ ਦਾ ਪ੍ਰਸਤਾਵ ਹੈ। ਮੈਂ ਤੈਨੂੰ ਆਪਣਾ ਕੰਮ ਭੇਜਣ ਦਾ ਮਨ ਬਣਾਇਆ ਹੈ। ਮੈਂ ਜ਼ੋਰ ਦੇ ਕੇ ਇਸ ਨੂੰ ਗੰਭੀਰਤਾ ਨਾਲ ਵਿਚਾਰਿਆ ਹੈ ਕਿ ਮਾਰਚ ਵਿਚ ਜਿਹੜਾ ਪੈਸਾ ਮੈਂ ਤੇਰੇ ਕੋਲੋਂ ਵਸੂਲ ਕਰਾਂਗਾ, ਉਹ ਮੇਰੀ ਕਮਾਈ ਹੋਵੇਗੀ।’’

ਆਸ਼ਾਵਾਦੀ ਹੋਇਆ ਵਾਨ ਗੌਗ ਪੂਰਵ-ਅਨੁਮਾਨ ’ਚ ਮਨੋ-ਮਨੀਂ ਸੋਚਦਾ ਹੈ ਕਿ ਪੈਰਿਸ ਵਿਚ ਰਹਿੰਦਾ ਉਸ ਦਾ ਭਰਾ ਉਸ ਦੇ ਚਿੱਤਰ ਵੇਚੇਗਾ। ਇਹ ਯੋਜਨਾ ਨਾਕਾਮ ਰਹੀ। ਫਰਾਂਸ ਦੇ ਕਲਾਰਸੀਆਂ ਦਾ ਝੁਕਾਅ ਵਧੇਰੇ ਰੰਗਾਂ ਵੱਲ ਹੋ ਗਿਆ। ਵਾਨ ਗੌਗ ਦੇ ਚਿੱਤਰ ਸਿਆਹ ਰੰਗਾਂ ਵਿਚ ਸਨ। ਉਦਾਸ ਮਨ ਨਾਲ ਉਹ ਕਹਿੰਦਾ ਹੈ ਕਿ ਇਹ ਪ੍ਰਵਿਰਤੀ ਬਦਲੇਗੀ ਜ਼ਰੂਰ, ਭਾਵੇਂ ਇੰਨੀ ਛੇਤੀ ਨਹੀਂ। ਉਸ ਦਾ ਵਿਸ਼ਵਾਸ ਸੀ ਕਿ ਅਜਿਹਾ ਸਮਾਂ ਜ਼ਰੂਰ ਆਵੇਗਾ, ਜਦੋਂ ਉਹ ਠੀਕ ਸਾਬਤ ਹੋਵੇਗਾ ਅਤੇ ਕਲਾ ਪ੍ਰੇਮੀ ਉਸ ਦੇ ਚਿੱਤਰਾਂ ਦਾ ਮੁੱਲ ਪਾਉਣਗੇ। ਜ਼ਰਾ ਸੋਚੋ ਇਕ ਪਾਸੇ ਤਾਂ ਵਾਨ ਗੌਗ ਆਪਣੀ ਮਾਨਸਿਕ ਬਿਮਾਰੀ ਅਤੇ ਗ਼ਰੀਬੀ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਮੌਲਿਕ ਸੋਚ, ਅਲੌਕਿਕ ਕਲਪਨਾ ਅਤੇ ਸਿਰਜਣਾਤਮਿਕ ਦ੍ਰਿਸ਼ਟੀ ਨਾਲ ਕੀਤੀ ਕਲਾ ਸਮੇਂ ਦੀ ਪਸੰਦ ਤੋਂ ਕਿਤੇ ਪਰ੍ਹਾਂ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਇਹ ਕਲਾਕਾਰ ਉਸ ਦੀ ਆਪਣੀ ਪੀੜ੍ਹੀ ਦੁਆਰਾ ਗ਼ਲਤ ਅਤੇ ਉਸ ਦੀ ਅਗਲੀ ਪੀੜ੍ਹੀ ਦੁਆਰਾ ਬਿਹਤਰ ਸਮਝਿਆ ਗਿਆ। ਕਲਾ ਜਗਤ ਦੀ ਇਹ ਅਜੀਬ ਵਿਡੰਬਨਾ ਹੈ।

ਮੀਏ ਦਾ ਚਿੱਤਰ ‘ਬੀਜਣ ਵਾਲਾ’।

‘ਆਲੂ ਖਾਣ ਵਾਲੇ’ (ਅਪਰੈਲ 1885) ਇਕ ਤੇਲ ਚਿੱਤਰ ਹੈ ਜਿਹੜਾ ਵਿਨਸੇਂਟ ਵਾਨ ਗੌਗ ਨੇ ਕੁਈਨੇਨ (ਨੀਦਰਲੈਂਡਜ਼) ਵਿਖੇ ਬਣਾਇਆ। ਇਹ ਸ਼ਾਹਕਾਰ ਕਲਾਕ੍ਰਿਤ ਐਮਸਟਰਡਮ ਦੇ ਵਾਨ ਗੌਗ ਮਿਊਜ਼ੀਅਮ ਵਿਚ ਪ੍ਰਦਰਸ਼ਿਤ ਹੈ। ਇਸ ਚਿੱਤਰ ਦੀ ਵਿਉਂਤ ਕੋਈ ਆਸਾਨ ਨਹੀਂ ਸਗੋਂ ਵਾਨ ਗੌਗ ਨੇ ਇਸ ਦੀ ਰਚਨਾ ਇਕ ਚੰਗੇ ਫਿਗੁਰੇਟਿਵ ਪੇਂਟਰ ਦੀ ਚੁਣੌਤੀ ਵਜੋਂ ਕੀਤੀ। ਇਸ ਚਿੱਤਰ ਦੁਆਰਾ ਉਹ ਕਿਸਾਨ ਦੇ ਜੀਵਨ ਦੀ ਨਿਰਦਈ ਹਕੀਕਤ ਦਰਸਾਉਣਾ ਚਾਹੁੰਦਾ ਸੀ। ਇਸੇ ਕਰਕੇ ਉਸ ਨੇ ਇਨ੍ਹਾਂ ਦੇ ਚਿਹਰੇ ਸਾਧਾਰਨ, ਮਾਸ ’ਚੋਂ ਝਾਕਦੀਆਂ ਹੱਡੀਆਂ ਅਤੇ ਮਿਹਨਤੀ ਹੱਥ ਚਿਤਰੇ। ਰਾਤ ਦੇ ਖਾਣੇ ਸਮੇਂ ਲਟਕਦੇ ਲੈਂਪ ਦੀ ਰੌਸ਼ਨੀ ’ਚ ਜਾਗਦੇ ਕਿਸਾਨ ਪਰਿਵਾਰ ਦੇ ਹਾਵ-ਭਾਵ ਦੇ ਨਾਲ-ਨਾਲ ਉਨ੍ਹਾਂ ਦੇ ਨੈਣ-ਨਕਸ਼ ਉਜਾਗਰ ਕਰਦਾ ਹੈ। ਆਧੁਨਿਕ ਸੰਵੇਦਨਸ਼ੀਲਤਾ ਉਪਰੰਤ ਵੇਖਣ ਵਾਲੇ ਨੂੰ ਯਥਾਰਥ ਦੀ ਕਠੋਰਤਾ ਨਾਲ ਜੋੜਦਾ ਹੈ। ਵਾਨ ਗੌਗ ਦੇ ਕਹਿਣ ਅਨੁਸਾਰ ਉਸ ਨੇ ਚਿੱਤਰ ਵਿਚ ਮਿੱਟੀ ਨਾਲ ਮਿੱਟੀ ਹੋਏ ਕਰੜੀ ਮਿਹਨਤ ਤੋਂ ਬਾਅਦ ਹੱਥਾਂ ਨੂੰ ਪਲੇਟ ’ਚੋਂ ਚੁੱਕ ਕੇ ਆਲੂ ਖਾਂਦੇ ਵਿਖਾਇਆ ਹੈ। ਇਸ ਨੂੰ ਚਿਤਰਣ ਲਈ ਕਲਾਕਾਰ ਨੇ ਕੁਈਨੇਨ ਆਦਿ ਥਾਵਾਂ ’ਤੇ ਕੀਤੇ 40 ਸਕੈੱਚਜ਼ ਨੂੰ ਆਪਣਾ ਆਧਾਰ ਬਣਾਇਆ ਹੈ। ਚਿਹਰੇ ਵੇਖਣ ਵਾਲੇ ਲਈ ਅਨੇਕ ਪ੍ਰਸ਼ਨ ਖੜ੍ਹੇ ਕਰਦੇ ਹਨ। ਜੀਵਨ ਦੇ ਸੱਚ ਨੂੰ ਸ਼ਿੱਦਤ ਨਾਲ ਪ੍ਰਗਟਾਉਂਦੇ ਹਨ। ਚਿੱਤਰ ਵੇਖਦੇ ਇਹ ਅਹਿਸਾਸ ਹੁੰਦਾ ਹੈ ਕਿ ਇਹ ਨੇਕ ਅਤੇ ਇਮਾਨਦਾਰੀ ਨਾਲ ਹਾਸਿਲ ਕੀਤੀ ਰੋਜ਼ੀ-ਰੋਟੀ ਹੈ। ਕਲਾ ਸਮੀਖਿਅਕ ਅਲਬਰਟ ਓਰਿਯਰ ਨੇ ਉਸ ਦੀ ਮੌਲਿਕਤਾ ਨੂੰ ਉਜਾਗਰ ਕਰਦਿਆਂ ਕਲਾਤਮਿਕ ਦ੍ਰਿਸ਼ਟੀ ਦੀ ਤੀਬਰਤਾ ਵੀ ਦਰਸਾਈ ਹੈ।

ਵਾਨ ਗੌਗ ਦੀ ਕਿਸਾਨ ਚਿੱਤਰਕਾਰੀ ਵਿਚ ਸਾਨੂੰ ਔਰਤ ਅਤੇ ਮਰਦ ਦਾ ਹਲ ਵਾਹੁਣਾ, ਬੀਜ ਦਾ ਛੱਟਾ ਦੇਣਾ, ਫ਼ਸਲ ਕੱਟਣੀ, ਪਰਾਲੀ ਦੀ ਸਾਂਭ-ਸੰਭਾਲ ਕਰਦੇ ਵੇਖਣ ਨੂੰ ਮਿਲਦੇ ਹਨ। ਬਦਲਦੀਆਂ ਰੁੱਤਾਂ ’ਚ ਸਖ਼ਤ ਮਿਹਨਤ ਤੋਂ ਬਾਅਦ ਖੇਤਾਂ ਵਿਚ ਆਰਾਮ ਕਰਦੇ ਵੀ ਵਿਖਾਇਆ ਹੈ। ਕਿਸਾਨਾਂ ਦੇ ਚਿੱਤਰਕਾਰ ਬਣਨ ਦਾ ਵਾਨ ਗੌਗ ਦਾ ਸੁਪਨਾ ਇਨ੍ਹਾਂ ਚਿੱਤਰਾਂ ਵਿਚ ਸੱਚ ਹੁੰਦਾ ਜਾਪਦਾ ਹੈ।

ਵਾਨ ਗੌਗ ਦਾ ਚਿੱਤਰ ‘ਆਲੂ ਪੁੱਟਣ ਵਾਲਾ’।

ਧਰਤੀ ਦਾ ਇਹ ਰੰਗ-ਪੁੱਤਰ ਕਿਸਾਨੀ ਚਿਤਰਦਾ ਹੋਇਆ 29 ਜੁਲਾਈ 1890 ਨੂੰ ਆਪਣੇ ਛੋਟੇ ਭਰਾ ਥੀਓ ਦੀਆਂ ਬਾਹਾਂ ਵਿਚ ਦਮ ਤੋੜ ਗਿਆ। ਅਜੇ ਕਲਾ ਜਗਤ ਵਾਨ ਗੌਗ ਦੀ ਮੌਤ ਦਾ ਸੋਗ ਮਨਾ ਰਿਹਾ ਸੀ ਕਿ ਕੁਝ ਮਹੀਨਿਆਂ ਬਾਅਦ ਥੀਓ ਇਹ ਸਦਮਾ ਅਤੇ ਆਪਣੀ ਬਿਮਾਰੀ ਝੱਲਦਾ ਹੋਇਆ ਇਸ ਨਛੱਤਰ ਤੋਂ ਸਦਾ ਲਈ ਉੱਠ ਗਿਆ। ਉਸ ਦੀਆਂ ਅੰਤਿਮ ਰਸਮਾਂ ਯੂਟਰੈਚਟ ’ਚ ਕੀਤੀਆਂ ਗਈਆਂ। 1914 ਵਿਚ ਥੀਓ ਦੀ ਪਤਨੀ ਜੋਹਾਨਾ ਨੇ ਉਸ ਦੇ ਵਾਨ ਗੌਗ ਪ੍ਰਤੀ ਸਮਰਪਣ ਨੂੰ ਵੇਖਦਿਆਂ ਉਸ ਨੂੰ ‘ਆਵੇਰਜ਼’ ਦੇ ਕਬਰਸਤਾਨ ’ਚ ਦੁਬਾਰਾ ਉਸ ਦੇ ਨਾਲ ਦਫ਼ਨਾਇਆ।

ਸਾਰਾ ਜੀਵਨ ਅਣਪਛਾਤੇ ਰਹੇ ਵਿਨਸੇਂਟ ਵਾਨ ਗੌਗ ਦੀ ਚਿੱਤਰਕਲਾ ਦੀ ਲੋਅ ਉਸ ਦੀ ਮੌਤ ਤੋਂ ਕੁਝ ਹੀ ਸਮਾਂ ਪਹਿਲਾਂ ਕਲਾ ਜਗਤ ਨੂੰ ਦਿਖਾਈ ਦੇਣ ਲੱਗੀ ਸੀ।

ਵੈਸੇ ਤਾਂ ਖੇਤੀਬਾੜੀ ਨੂੰ ਸਾਰੀਆਂ ਕਲਾਵਾਂ ਦੀ ਮਾਂ ਆਖਿਆ ਜਾਂਦਾ ਹੈ। ਵਿਡੰਬਨਾ ਇਹ ਹੈ ਕਿ ਜਦੋਂ ਦੀ ਖੇਤੀਬਾੜੀ ਹੋਂਦ ਵਿਚ ਆਈ ਹੈ, ਉਦੋਂ ਤੋਂ ਹੁਣ ਤੱਕ ਕਿਸਾਨ ਆਪਣੀ ਹੋਂਦ ਨੂੰ ਬਲਕਾਰੀ ਬਣਾਉਣ ਲਈ ਪੂੰਜੀਵਾਦੀ ਹਕੂਮਤਾਂ ਨਾਲ ਸੰਘਰਸ਼ ਕਰਦਾ ਆਇਆ ਹੈ। ਸਮੇਂ ਸਮੇਂ ਕਲਾਕਾਰ ਨੇ ਕਿਸਾਨ ਦੇ ਜੀਵਨ ਤੇ ਇਸ ਦੇ ਦ੍ਰਿੜੀਕਰਨ ਨੂੰ ਸਨਮਾਨਯੋਗ ਪਛਾਣ ਦਿੱਤੀ ਹੈ। ਵਾਨ ਗੌਗ ਕਲਾ ਦੇ ਇਤਿਹਾਸ ਵਿਚ ਇਕ ਅਦੁੱਤੀ ਮਿਸਾਲ ਹੈ।

ਸੰਪਰਕ: 98110-52271

ਮੀਏ1 (Millet) ਦੇ ਕਿਸਾਨਾਂ ਦੇ ਬਣਾਏ ਚਿੱਤਰਾਂ ਬਾਰੇ ਕਿਹਾ ਜਾਂਦਾ ਹੈ, ‘‘ਉਹਦੇ ਕਿਸਾਨਾਂ ਦੇ ਚਿੱਤਰ ਉਸੇ ਮਿੱਟੀ ਨਾਲ ਪੇਂਟ ਕੀਤੇ ਗਏ ਲੱਗਦੇ ਨੇ ਜਿਸ ਮਿੱਟੀ ਵਿਚ ਕਿਸਾਨ ਬੀਜ ਬੀ ਰਿਹਾ ਹੁੰਦਾ ਹੈ।’’ ਇਹ ਕਿੰਨਾ ਸਹੀ ਤੇ ਸੱਚ ਹੈ। ਸਭ ਤੋਂ ਮਹੱਤਵਪੂਰਨ ਹੈ ਰੰਗਾਂ ਵਾਲੀ ਦਵਾਤ ਵਿਚ ਬਣਾਏ ਜਾਂਦੇ ਉਹ ਰੰਗ ਜਿਨ੍ਹਾਂ ਨੂੰ ਕੋਈ ਨਾਂ ਨਹੀਂ ਦਿੱਤਾ ਜਾ ਸਕਦਾ ਅਤੇ ਏਹੀ (ਭਾਵ ਅਜਿਹੇ ਰੰਗ ਬਣਾਉਣਾ) ਚੰਗੇ ਚਿੱਤਰ ਬਣਾਉਣ ਦੀ ਬੁਨਿਆਦ ਹੁੰਦਾ ਹੈ।

- ਦਿਹਾਤੀ ਜ਼ਿੰਦਗੀ ਦੇ ਚਿੱਤਰ ਬਣਾਉਂਦਿਆਂ ਸਕੂਨ ਮਿਲਦੈ। ਇਹ ਕਰਦਿਆਂ ਬੰਦਾ (ਭਾਵ ਚਿੱਤਰਕਾਰ) ਜ਼ਿੰਦਗੀ ਦੀਆਂ ਸਾਰੀਆਂ ਚਿੰਤਾਵਾਂ ਅਤੇ ਕਲੇਸ਼ ਤੋਂ ਮੁਕਤ ਹੁੰਦੈ… ਮੈਂ ਸਭਿਅਕ ਜ਼ਿੰਦਗੀ ਦੀ ਬੋਰੀਅਤ ਤੋਂ ਥੱਕ ਚੁੱਕਾ ਹਾਂ…ਜੇ ਬੰਦਾ ਪਰਾਲੀ ਤੇ ਸੌਂਵੇ ਤੇ ਕਾਲੀ ਰੋਟੀ ਖਾਵੇ ਤਾਂ ਉਹ ਸਿਹਤਮੰਦ ਰਹਿੰਦਾ ਹੈ।

(ਅਪਰੈਲ 1885 ਵਿਚ ਵਿਨਸੈਂਟ ਵਾਨਗੌਗ ਦੇ ਆਪਣੇ ਭਰਾ ਥੀਓ ਵਾਨਗੌਗ ਨੂੰ ਲਿਖੇ ਖ਼ਤ ਵਿਚੋਂ। ਵਿਨਸੈਂਟ ਦੇ ਥੀਓ ਨੂੰ ਲਿਖੇ ਖ਼ਤ ਅਦੁੱਤੀ ਮਨੁੱਖੀ ਸਾਹਿਤਕ ਦਸਤਾਵੇਜ਼ ਵੀ ਹਨ ਅਤੇ ਵਾਨਗੌਗ ਦੀ ਚਿੱਤਰਕਲਾ ਬਾਰੇ ਸਮਝ ਤੇ ਸਿਧਾਂਤਕਾਰੀ ਬਾਰੇ ਲਿਖਤ ਵੀ।)

ਅੱਜ ਦਾ ਸੂਰਜ ਫਿਰ ਬਹੁਤ ਖ਼ੂਬਸੂਰਤੀ ਨਾਲ ਉਦੈ ਹੋਇਆ, ਮੈਂ ਜਦੋਂ ਮੁੰਡਿਆਂ ਨੂੰ ਉਠਾਉਂਦਾ ਤਾਂ ਇਹ ਨਜ਼ਾਰਾ ਰੋਜ਼ ਵੇਖਦਾਂ। (ਇਕ ਹੋਰ ਖ਼ਤ ’ਚੋਂ)

1. ਮੀਏ, ਕਿਸਾਨਾਂ ਦੇ ਚਿਤਰ ਬਣਾਉਣ ਵਾਲਾ ਫਰਾਂਸੀਸੀ ਚਿੱਤਰਕਾਰ ਯਾਂ ਫਰੋਸਵਾ ਮੀਏ (Jean Francois Millet)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All