DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਸਮੀ ਸਿੱਖਿਆ ਤੋਂ ਪਰ੍ਹੇ: ਸਮਾਜਿਕ ਸਿੱਖਿਆ ਦੀ ਅਸਲ ਲੋੜ

ਕਿਸੇ ਵੀ ਸਮਾਜ ਦੇ ਸਰਬਪੱਖੀ ਵਿਕਾਸ ਲਈ ਵਿਅਕਤੀ ਦਾ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਨੈਤਿਕ ਤੌਰ ’ਤੇ ਪਰਿਪੱਕ ਹੋਣਾ ਬਹੁਤ ਜ਼ਰੂਰੀ ਹੈ। ਇਸ ਪ੍ਰਕਿਰਿਆ ਵਿੱਚ ਸਿੱਖਿਆ ਕੇਂਦਰੀ ਭੂਮਿਕਾ ਨਿਭਾਉਂਦੀ ਹੈ ਪਰ ਇਸ ਲਈ ਸਿਰਫ਼ ਰਸਮੀ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਕਾਫ਼ੀ...

  • fb
  • twitter
  • whatsapp
  • whatsapp
Advertisement

ਕਿਸੇ ਵੀ ਸਮਾਜ ਦੇ ਸਰਬਪੱਖੀ ਵਿਕਾਸ ਲਈ ਵਿਅਕਤੀ ਦਾ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਨੈਤਿਕ ਤੌਰ ’ਤੇ ਪਰਿਪੱਕ ਹੋਣਾ ਬਹੁਤ ਜ਼ਰੂਰੀ ਹੈ। ਇਸ ਪ੍ਰਕਿਰਿਆ ਵਿੱਚ ਸਿੱਖਿਆ ਕੇਂਦਰੀ ਭੂਮਿਕਾ ਨਿਭਾਉਂਦੀ ਹੈ ਪਰ ਇਸ ਲਈ ਸਿਰਫ਼ ਰਸਮੀ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਕਾਫ਼ੀ ਨਹੀਂ ਹੈ। ਸਮਾਜਿਕ ਸਿੱਖਿਆ ਦੀ ਅਣਹੋਂਦ ਇੱਕ ਅਜਿਹਾ ਵੱਡਾ ਖਲਾਅ ਪੈਦਾ ਕਰਦੀ ਹੈ ਜਿਸ ਦੇ ਦੂਰਗਾਮੀ ਅਤੇ ਨਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ।

ਸਾਡੇ ਦੇਸ਼ ਵਿੱਚ ਰਸਮੀ ਸਿੱਖਿਆ ਦਾ ਮੁੱਖ ਕੇਂਦਰ ਬਿੰਦੂ ਡਿਗਰੀਆਂ ਪ੍ਰਾਪਤ ਕਰਨ, ਨੌਕਰੀਆਂ ਹਾਸਲ ਕਰਨ ਅਤੇ ਪੇਸ਼ੇਵਰ ਹੁਨਰ ਸਿੱਖਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਬੇਸ਼ੱਕ ਇਹ ਨਿੱਜੀ ਤਰੱਕੀ ਅਤੇ ਆਰਥਿਕ ਸਥਿਰਤਾ ਲਈ ਲਾਜ਼ਮੀ ਹੈ ਪਰ ਇਹ ਅਕਸਰ ਵਿਅਕਤੀ ਦੇ ਸਮਾਜਿਕ, ਨੈਤਿਕ ਅਤੇ ਭਾਵਨਾਤਮਕ ਪੱਖਾਂ ਨੂੰ ਅੱਖੋਂ-ਪਰੋਖੇ ਕਰ ਦਿੰਦੀ ਹੈ। ਨਤੀਜੇ ਵਜੋਂ ਅਸੀਂ ਅਜਿਹੇ ਪੜ੍ਹੇ-ਲਿਖੇ ਨਾਗਰਿਕ ਤਿਆਰ ਕਰ ਰਹੇ ਹਾਂ ਜੋ ਆਪਣੇ ਕਿੱਤੇ ਵਿੱਚ ਤਾਂ ਮਾਹਿਰ ਹੋ ਸਕਦੇ ਹਨ ਪਰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ, ਅਧਿਕਾਰਾਂ ਅਤੇ ਆਪਸੀ ਸਬੰਧਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਰੁਝਾਨ ਤਾਂ ਇਹ ਬਣ ਗਿਆ ਹੈ ਕਿ ਲੋਕ ਡਿਗਰੀ ਜਾਂ ਨੌਕਰੀ ਮਿਲਣ ਤੋਂ ਬਾਅਦ ਸਿੱਖਣਾ ਬੰਦ ਕਰ ਦਿੰਦੇ ਹਨ, ਜਦੋਂ ਕਿ ਸਿੱਖਿਆ ਤਾਂ ਜੀਵਨ ਭਰ ਚੱਲਣ ਵਾਲੀ ਇੱਕ ਨਿਰੰਤਰ ਪ੍ਰਕਿਰਿਆ ਹੋਣੀ ਚਾਹੀਦੀ ਹੈ।

Advertisement

ਸਮਾਜਿਕ ਸਿੱਖਿਆ ਦਾ ਘੇਰਾ ਸਿਰਫ਼ ਬਾਲਗ ਸਿੱਖਿਆ ਜਾਂ ਸਾਖਰਤਾ ਮੁਹਿੰਮਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਇਸ ਤੋਂ ਕਿਤੇ ਵੱਧ ਵਿਆਪਕ ਹੈ। ਇਹ ਵਿਅਕਤੀ ਨੂੰ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਨੈਤਿਕ ਸਬੰਧਾਂ ਦੀ ਡੂੰਘੀ ਸਮਝ ਪ੍ਰਦਾਨ ਕਰਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਇੱਕ ਚੰਗੇ ਨਾਗਰਿਕ ਵਜੋਂ ਸਾਡੇ ਕੀ ਫ਼ਰਜ਼ ਹਨ, ਸਾਡੇ ਕੀ ਅਧਿਕਾਰ ਹਨ ਅਤੇ ਇੱਕ ਅਰੋਗ ਸਮਾਜ ਦੀ ਸਿਰਜਣਾ ਲਈ ਕੀ ਲਾਹੇਵੰਦ ਹੈ।

Advertisement

ਯੂਨੈਸਕੋ ਦੀ ਪਰਿਭਾਸ਼ਾ ਵੀ ਇਸ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਦੱਸਦੀ ਹੈ ਕਿ ਇਹ ਮਨੁੱਖਤਾ ਨੂੰ ਬੌਧਿਕ, ਨੈਤਿਕ, ਸਰੀਰਕ ਅਤੇ ਭਾਵਨਾਤਮਕ ਤੌਰ ’ਤੇ ਉੱਚਾ ਚੁੱਕਣ ਦਾ ਇੱਕ ਅਹਿਮ ਸਾਧਨ ਹੈ। ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਵੀ ਰਸਮੀ ਸਿੱਖਿਆ ਨੂੰ ਸਮਾਜਿਕ ਲੋੜਾਂ ਦੇ ਅਨੁਕੂਲ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। ਸਮਾਜਿਕ ਸਿੱਖਿਆ ਅਸਲ ਵਿੱਚ ਸਿਧਾਂਤਕ ਗਿਆਨ ਅਤੇ ਵਿਹਾਰਕ ਅਨੁਭਵ ਦਾ ਅਜਿਹਾ ਸੁਮੇਲ ਹੈ, ਜੋ ਵਿਅਕਤੀ ਨੂੰ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਜਿਊਣ ਲਈ ਤਿਆਰ ਕਰਦੀ ਹੈ।

ਸਮਾਜਿਕ ਸਿੱਖਿਆ ਦੀ ਲੋੜ ਦੇ ਮੁੱਖ ਕਾਰਨ

* ਸਰਬਪੱਖੀ ਵਿਕਾਸ: ਇਹ ਵਿਅਕਤੀ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ ਅਤੇ ਸਿੱਖਿਆ ਨੂੰ ਸਿਰਫ਼ ਅਕਾਦਮਿਕ ਜਾਂ ਪੇਸ਼ੇਵਰ ਸੀਮਾਵਾਂ ਤੱਕ ਹੀ ਮਹਿਦੂਦ ਨਹੀਂ ਰਹਿਣ ਦਿੰਦੀ।

* ਜ਼ਿੰਮੇਵਾਰ ਨਾਗਰਿਕਤਾ: ਇਹ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਕਰਤੱਵਾਂ ਪ੍ਰਤੀ ਜਾਗਰੂਕ ਕਰਦੀ ਹੈ ਤਾਂ ਜੋ ਉਹ ਸਮਾਜ ਅਤੇ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।

* ਲੋਕਤੰਤਰ ਦੀ ਮਜ਼ਬੂਤੀ: ਸਮਾਜਿਕ ਸਿੱਖਿਆ ਤੋਂ ਬਿਨਾਂ ਲੋਕਤੰਤਰ ਅਰਥਹੀਣ ਹੋ ਜਾਂਦਾ ਹੈ, ਕਿਉਂਕਿ ਨਾਗਰਿਕਾਂ ਵਿੱਚ ਸਮਾਜਿਕ ਪ੍ਰਣਾਲੀ ਅਤੇ ਆਪਣੇ ਫ਼ਰਜ਼ ਦੀ ਸਮਝ ਹੋਣਾ ਲੋਕਤੰਤਰ ਦੀ ਪਹਿਲੀ ਸ਼ਰਤ ਹੈ।

* ਸਮਾਜਿਕ ਏਕਤਾ: ਇਹ ਲੋਕਾਂ ’ਚ ਆਪਸੀ ਭਾਈਚਾਰਾ, ਸਹਿਣਸ਼ੀਲਤਾ ਅਤੇ ਸਮਝਦਾਰੀ ਪੈਦਾ ਕਰਦੀ ਹੈ, ਜਿਸ ਨਾਲ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੁੰਦਾ ਹੈ।

* ਨਿਰੰਤਰ ਸਿੱਖਣ ਦੀ ਪ੍ਰਕਿਰਿਆ: ਇਹ ਸਿੱਖਿਆ ਨੂੰ ਸਕੂਲ ਜਾਂ ਕਾਲਜ ਤੱਕ ਸੀਮਤ ਰੱਖਣ ਦੀ ਬਜਾਏ ਜੀਵਨ ਭਰ ਚੱਲਣ ਵਾਲੇ ਅਭਿਆਸ ਵਜੋਂ ਸਥਾਪਿਤ ਕਰਦੀ ਹੈ, ਜਿੱਥੇ ਮਨੁੱਖ ਸਮਾਜ ’ਚ ਰਹਿੰਦਿਆਂ ਲਗਾਤਾਰ ਸਿੱਖਦਾ ਹੈ।

ਸਿੱਖਿਆ ਪ੍ਰਣਾਲੀ ਵਿੱਚ ਸਮਾਜਿਕ ਸਿੱਖਿਆ ਦੇ ਪਹਿਲੂ ਨੂੰ ਹੋਰ ਮਜ਼ਬੂਤ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ:

* ਪਾਠਕ੍ਰਮ ਵਿੱਚ ਵਿਹਾਰਕ ਸ਼ਮੂਲੀਅਤ: ਸਮਾਜਿਕ ਅਧਿਐਨ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਸਕੂਲੀ ਪਾਠਕ੍ਰਮ ਵਿੱਚ ਵਿਹਾਰਕ ਅਤੇ ਅਨੁਭਵੀ ਗਤੀਵਿਧੀਆਂ (ਜਿਵੇਂ ਕਿ ਸਮਾਜ ਸੇਵਾ, ਭਾਈਚਾਰਕ ਪ੍ਰੋਜੈਕਟ ਅਤੇ ਆਪਸੀ ਸੰਵਾਦ) ਨਾਲ ਜੋੜਿਆ ਜਾਵੇ।

* ਵਿਹਾਰਕ ਅਨੁਭਵ: ਵਿਦਿਆਰਥੀਆਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਮਿਲ ਕੇ ਕੰਮ ਕਰਨ, ਸਮਾਜਿਕ ਮੁੱਦਿਆਂ ਨੂੰ ਨੇੜਿਓਂ ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਪ੍ਰੇਰਿਤ ਕੀਤਾ ਜਾਵੇ।

* ਅਧਿਆਪਕ ਸਿਖਲਾਈ: ਅਧਿਆਪਕਾਂ ਨੂੰ ਸਮਾਜਿਕ ਸਿੱਖਿਆ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ।

* ਜਾਗਰੂਕਤਾ ਮੁਹਿੰਮਾਂ: ਸਰਕਾਰ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਸਮਾਜਿਕ ਸਿੱਖਿਆ ਦੇ ਮਹੱਤਵ ਬਾਰੇ ਵਿਆਪਕ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ।

* ਨਿਰੰਤਰ ਸਿੱਖਿਆ ਦੇ ਮੌਕੇ: ਬਾਲਗਾਂ ਲਈ ਵੀ ਅਜਿਹੇ ਸਮਾਜਿਕ ਸਿੱਖਿਆ ਪ੍ਰੋਗਰਾਮ ਉਲੀਕੇ ਜਾਣ, ਜਿੱਥੇ ਉਹ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤਬਦੀਲੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾ ਸਕਣ।

ਇੱਕ ਆਦਰਸ਼ ਸਮਾਜ ਸਿਰਫ਼ ਰਸਮੀ ਸਿੱਖਿਆ ਦੇ ਸਿਰ ’ਤੇ ਨਹੀਂ ਸਿਰਜਿਆ ਜਾ ਸਕਦਾ। ਸਮਾਜਿਕ ਸਿੱਖਿਆ ਉਹ ਬੁਨਿਆਦੀ ਥੰਮ੍ਹ ਹੈ ਜਿਸ ’ਤੇ ਇੱਕ ਮਜ਼ਬੂਤ, ਜ਼ਿੰਮੇਵਾਰ ਤੇ ਮਨੁੱਖੀ ਸਮਾਜ ਦੀ ਉਸਾਰੀ ਸੰਭਵ ਹੈ। ਜਦੋਂ ਤੱਕ ਅਸੀਂ ਇਸ ਪੱਖ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਸਾਡੇ ਸਮਾਜ ਦਾ ਸਰਬਪੱਖੀ ਵਿਕਾਸ ਇੱਕ ਅਧੂਰਾ ਸੁਪਨਾ ਹੀ ਰਹੇਗਾ।

ਸੰਪਰਕ: 94637-28153

Advertisement
×