ਰਮਨਦੀਪ ਵਿਰਕ
ਅਲਾਰਮ ਦੀ ਤਿੱਖੀ ਆਵਾਜ਼ ਸੁਣ ਕੇ ਰਿਸ਼ਮ ਇਕਦਮ ਉੱਠ ਖੜ੍ਹੀ ਹੋਈ।
ਉਹ!!!
ਸ਼ਾਇਦ ਉਸ ਨੇ ਕੋਈ ਬੁਰਾ ਸੁਪਨਾ ਦੇਖਿਆ ਸੀ। ਵੱਡੀ ਸਾਰੀ ਅੰਗੜਾਈ ਲਈ ਤੇ ਬੈੱਡ ਉੱਤੋਂ ਖੜ੍ਹੀ ਹੋ ਗਈ। ਖਿੜਕੀ ਦੇ ਪਰਦੇ ਪਰ੍ਹੇ ਕਰਕੇ ਉਹ ਬਾਥਰੂਮ ਗਈ, ਮੂੰਹ ਹੱਥ ਧੋਤਾ ਤੇ ਸ਼ੀਸ਼ੇ ’ਚ ਆਪਣਾ ਆਪ ਨਿਹਾਰਨ ਲੱਗੀ। ਵਾਲਾਂ ਦਾ ਨਵਾਂ ਸਟਾਈਲ ਉਹਨੂੰ ਪਿਆਰਾ ਲੱਗ ਰਿਹਾ ਸੀ। ਆਪਣੇ ਚਿਹਰੇ ਵੱਲ ਦੇਖਦਿਆਂ ਉਸ ਦਾ ਚਿਹਰਾ ਹੋਰ ਵੀ ਮੁਸਕੁਰਾਹਟ ਨਾਲ ਭਰ ਗਿਆ।
“ਨਹੀਂ ਸੁਪਨਾ ਏਨਾ ਵੀ ਬੁਰਾ ਨਹੀਂ ਸੀ ਜਿੰਨਾ…”
ਇਹ ਖਿਆਲ ਉਸ ਵੇਲੇ ਰਿਸ਼ਮ ਦੇ ਦਿਮਾਗ ’ਚ ਆਇਆ, ਪਰ ਫਿਰ ਵੀ ਹੁਣ ਉਹ ਖ਼ੁਸ਼ ਹੈ, ਮੁਸਕੁਰਾ ਰਹੀ ਹੈ, ਜਿਉਂ ਰਹੀ ਹੈ।
ਫਟਾਫਟ ਸਵੇਰ ਦੇ ਕੰਮ ਨਿਪਟਾਉਣ ਲੱਗੀ ਰਿਸ਼ਮ ਨੂੰ ਖ਼ਿਆਲ ਆਇਆ ਕਿ ਅੱਜ ਉਸ ਨੇ ਆਪਣੇ ਇਲਾਕੇ ਦੀ ਮੰਨੀ ਪ੍ਰਮੰਨੀ ਸੋਸ਼ਲ ਵਰਕਰ ਨਾਲ ਇੰਟਰਵਿਊ ਕਰਨੀ ਸੀ। ਉਹਦੇ ਲਈ ਉਹਨੇ ਬਹੁਤ ਸਾਰੇ ਸਵਾਲ ਡਾਇਰੀ ’ਚ ਨੋਟ ਵੀ ਕਰ ਲਏ ਸਨ ਤੇ ਕਈ ਸਵਾਲ ਅਜਿਹੇ ਵੀ ਸਨ ਜਿਹੜੇ ਉਹਦੇ ਦਿਮਾਗ ’ਚ ਲਗਾਤਾਰ ਘੁਸਪੈਠ ਕਰ ਰਹੇ ਸੀ।
ਉਹ ਜਾਨਣਾ ਚਾਹੁੰਦੀ ਸੀ ਕਿ ਕੀ ਆਪਣੀਆਂ ਖ਼ੁਸ਼ੀਆਂ ਲਈ ਔਰਤ ਨੂੰ ਜੰਗ ਕਰਨੀ ਚਾਹੀਦੀ ਹੈ? ਸਮਾਜ ਨਾਲ ,ਪਤੀ ਨਾਲ? ਬੱਚਿਆਂ ਨਾਲ? ਆਪਣੇ ਆਪ ਨਾਲ?
ਜੇ ਹਾਂ ਤਾਂ ਫਿਰ ਸਭ ਤੋਂ ਅਹਿਮ ਕਿਹੜੀ ਜੰਗ ਹੈ ਜੋ ਜਿੱਤ ਲਈ ਸਭ ਤੋਂ ਜ਼ਰੂਰੀ ਹੈ।
ਵਗੈਰਾ ਵਗੈਰਾ… ਇਹ ਸਭ ਸੋਚਦਿਆਂ ਰਿਸ਼ਮ ਨੇ ਸਬਜ਼ੀ ਨੂੰ ਤੜਕਾ ਲਾਇਆ ਤੇ ਦੁਪਹਿਰ ਲਈ ਫੁਲਕੇ ਬਣਾ ਕੇ ਰੱਖ ਦਿੱਤੇ।
ਨਾਸ਼ਤਾ ਜਲਦੀ ਤਿਆਰ ਹੋ ਜਾਂਦਾ। ਸਭ ਨੇ ਆਂਡਾ ਬਰੈੱਡ ਹੀ ਖਾਣਾ ਹੁੰਦਾ, ਸੋ ਉਸ ਲਈ ਜ਼ਿਆਦਾ ਸਮਾਂ ਨਹੀਂ ਲੱਗਦਾ।
ਰਿਸ਼ਮ ਨੇ ਕੰਧ ਘੜ੍ਹੀ ’ਤੇ ਨਿਗਾਹ ਮਾਰੀ। ਉਹਦੇ ਤੁਰਨ ਵਿੱਚ ਅਜੇ ਪੰਜਤਾਲੀ ਮਿੰਟ ਬਾਕੀ ਸਨ।
ਆਪਣੇ ਲਈ ਚਾਹ ਦਾ ਕੱਪ ਬਣਾਇਆ। ਇਹ ਦੂਜੀ ਵਾਰ ਦੀ ਚਾਹ ਸੀ। ਬੱਚੇ ਤੇ ਪੁਸ਼ਪਿੰਦਰ ਅਜੇ ਸੁੱਤੇ ਪਏ ਸਨ।
ਰਿਸ਼ਮ ਨੇ ਇੱਕ ਦੋ ਨੋਟਸ ਹੋਰ ਬਣਾਏ ਤੇ ਅਲਮਾਰੀ ’ਚੋਂ ਆਪਣਾ ਪਸੰਦੀਦਾ ਸੂਟ ਕੱਢ ਕੇ ਨਹਾਉਣ ਚਲੀ ਗਈ।
ਹਫ਼ਤੇ ’ਚ ਚਾਰ ਕੁ ਦਿਨ ਉਹਨੂੰ ਦਫ਼ਤਰ ਜਾਣਾ ਪੈਂਦਾ ਸੀ ਤੇ ਬਾਕੀ ਦਿਨ ਉਹ ਉਨ੍ਹਾਂ ਲੋਕਾਂ ਬਾਰੇ ਸਟੱਡੀ ਕਰਦੀ ਜਿਨ੍ਹਾਂ ਦੀ ਉਸ ਨੇ ਇੰਟਰਵਿਊ ਕਰਨੀ ਹੁੰਦੀ ਸੀ।
ਏਨੀ ਸਾਰੀ ਭੱਜ-ਨੱਠ ’ਚ ਉਹਦੇ ਕੋਲ ਸਮਾਂ ਬਚਦਾ ਹੀ ਕਿੱਥੇ ਸੀ ਕਿ ਆਪਣੇ ਲਈ ਚਿੰਤਾ ਕਰਦੀ।
ਨਾਲੇ ਹੁਣ ਤਾਂ ਉਹ ਆਪਣੇ ਆਪ ਨਾਲ ਵਾਅਦਾ ਕਰ ਚੁੱਕੀ ਸੀ ਕਿ ਕਿਸੇ ਕਿਸਮ ਦੀ ਚਿੰਤਾ ਨੂੰ ਆਪਣੇ ਨੇੜੇ ਨਹੀਂ ਆਉਣ ਦੇਣਾ। …
ਦਫ਼ਤਰ ਪਹੁੰਚਦਿਆਂ ਹੀ ਸਾਰਿਆਂ ਨੂੰ ਮੁਸਕੁਰਾ ਕੇ ਮਿਲਣਾ ਰਿਸ਼ਮ ਦਾ ਸੁਭਾਅ ਬਣ ਚੁੱਕਿਆ ਹੈ। ਪਰਸ ਅਲਮਾਰੀ ’ਚ ਰੱਖਦਿਆਂ ਉਹਨੇ ਮੈਡਮ ਨਿਰੂਪਮਾ ਨੂੰ ਫ਼ੋਨ ਕੀਤਾ। ਇੰਟਰਵਿਊ ਦਾ ਕਨਫਰਮ ਕੀਤਾ ਤੇ ਕੈਬਿਨ ’ਚੋਂ ਬਾਹਰ ਆ ਗਈ।
“ਅੱਜ ਵਾਲੀ ਇੰਟਰਵਿਊ ਬਹੁਤ ਵਧੀਆ ਹੋਣ ਵਾਲੀ ਐ,” ਰਿਸ਼ਮ ਨੇ ਕੋਲ ਬੈਠੇ ਕੈਮਰੇ ਵਾਲੇ ਮੁੰਡੇ ਨੂੰ ਕਿਹਾ।
ਇਹ ਸਾਰੀ ਟੀਮ ਹੁਣ ਇੱਕ ਪਰਿਵਾਰ ਦੀ ਤਰ੍ਹਾਂ ਹੀ ਸੀ। ਰੋਜ਼ ਨਵੇਂ ਨਵੇਂ ਲੋਕਾਂ ਨਾਲ ਇਕੱਠੇ ਇੰਟਰਵਿਊ ਕਰਨ ਜਾਂਦੇ। ਕਦੇ ਬਾਹਰ ਤੇ ਕਦੇ ਦਫ਼ਤਰ ਵਿੱਚ ਹੀ।
“ਹਾਂ ਜੀ ਮੈਮ, ਇਹ ਮੈਮ ਵੀ ਬਹੁਤ ਧੜੱਲੇਦਾਰ ਨੇ,” ਮੁੰਡੇ ਨੇ ਉਸ ਔਰਤ ਬਾਰੇ ਜੋ ਸੁਣਿਆ ਸੀ ਉਹਦੇ ਆਧਾਰ ’ਤੇ ਜੁਆਬ ਦਿੱਤਾ।
“ਚਲੋ ਖ਼ੈਰ ਦੇਖਦੇ ਹਾਂ… ਮੈਂ ਸਵਾਲ ਬੜੇ ਤਿੱਖੇ ਲੈ ਕੇ ਆਈ ਹਾਂ,” ਆਖ ਕੇ ਰਿਸ਼ਮ ਮੁਸਕੁਰਾਈ।
ਸੋਸ਼ਲ ਵਰਕਰ ਔਰਤ ਐਨ ਸਹੀ ਵਕਤ ’ਤੇ ਪਹੁੰਚ ਗਈ। ਆੱਫ ਕੈਮਰਾ ਉਨ੍ਹਾਂ ਕਾਫ਼ੀ ਗੱਲਾਂ ਕੀਤੀਆਂ। ਗੱਲਾਂ ਗੱਲਾਂ ’ਚ ਪਤਾ ਲੱਗਿਆ ਕਿ ਮੈਡਮ ਦਾ ਆਪਣਾ ਇਕਲੌਤਾ ਬੇਟਾ ਵਿਦੇਸ਼ ਵਿੱਚ ਸੈਟਲ ਹੈ ਤੇ ਉਹ ਇੱਧਰ ਆਪਣੇ ਪਤੀ ਨਾਲੋਂ ਵੱਖ ਹੋ ਕੇ ਇਕੱਲੀ ਰਹਿ ਰਹੀ ਹੈ ਤੇ ਆਪਣੇ ਇਸ ਖੇਤਰ ਵਿੱਚ ਬਹੁਤ ਮਸਤ ਤੇ ਵਿਅਸਤ ਹੈ।
ਇੰਟਰਵਿਊ ਬਹੁਤ ਵਧੀਆ ਨਿਭ ਗਈ ਸੀ। ਕਈ ਸਵਾਲ ਨਵੇਂ ਸਨ, ਵੱਖਰੇ ਸਨ, ਪਰ ਸਾਰਿਆਂ ਦਾ ਜੁਆਬ ਮੈਡਮ ਨਿਰੂਪਮਾ ਨੇ ਬਹੁਤ ਹੀ ਸਹਿਜ ਤੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਿੱਤਾ। ਰਿਸ਼ਮ ਨੂੰ ਖ਼ੁਦ ਵੀ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੇ ਆਪਣੇ ਵੀ ਕਈ ਸਵਾਲ ਹੱਲ ਹੋ ਗਏ ਹੋਣ। …
ਵਾਪਸੀ ਵੇਲੇ ਰਿਸ਼ਮ ਨੂੰ ਫਿਰ ਉਹ ਮੁੰਡਾ, ਮੁੰਡਾ ਨਹੀਂ ਰਿਸ਼ਮ ਦੇ ਹਾਣ ਦਾ ਹੀ ਹੋਣਾ, ਤਕਰੀਬਨ ਚਾਲੀ ਕੁ ਸਾਲ ਦਾ, ਮਿਲ ਗਿਆ। ਉਹ ਕਿਸੇ ਸਰਕਾਰੀ ਮਹਿਕਮੇ ਵਿੱਚ ਹੈ ਤੇ ਤਕਰੀਬਨ ਰੋਜ਼ ਹੀ ਰਿਸ਼ਮ ਨੂੰ ਬੱਸ ਸਟੈਂਡ ’ਤੇ ਖੜ੍ਹਾ ਮਿਲ ਜਾਂਦਾ। ਇੱਕੋ ਬੱਸ ’ਚ ਵਾਪਸੀ ਦਾ ਸਫ਼ਰ ਕਰਦੇ ਨੇ ਉਹ। ਪਰ ਗੱਲ ਕਦੇ ਨਹੀਂ ਹੋਈ। ਇੱਕ ਦੋ ਵਾਰ ਉਸ ਨੇ ਰਿਸ਼ਮ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਰਿਸ਼ਮ ਨੇ ਕੋਈ ਬਹੁਤੀ ਦਿਲਚਸਪੀ ਨਹੀਂ ਲਈ।
‘ਮੈਂ ਇੰਨੀ ਸਖ਼ਤ ਕਿਉਂ ਹਾਂ?’ ਕਈ ਵਾਰ ਰਿਸ਼ਮ ਸੋਚਦੀ।
“ਤੁਸੀਂ ਵੀ ਇੱਥੇ ਜੌਬ ਕਰਦੇ ਹੋ?” ਉਸ ਬੰਦੇ ਨੇ ਇਹੀ ਤਾਂ ਇੱਕ ਸਵਾਲ ਪੁੱਛਿਆ ਸੀ ਤੇ ਰਿਸ਼ਮ ਨੂੰ ਬਹੁਤ ਖਿਝ ਆਈ ਸੀ।
“ਹਾਂ ਜੀ,” ਉਸ ਨੇ ਬੱਸ ਇਹੀ ਜੁਆਬ ਦਿੱਤਾ ਤੇ ਈਅਰਫੋਨ ਲਾ ਕੇ ਬੈਠ ਗਈ ਤਾਂ ਕਿ ਅਗਲਾ ਕੋਈ ਹੋਰ ਗੱਲ ਨਾ ਕਰੇ।
ਇਉਂ ਹਰ ਰੋਜ਼ ਹੁੰਦਾ। ਉਹ ਸਮਝ ਚੁੱਕਾ ਸੀ ਕਿ ਰਿਸ਼ਮ ਅਜਿਹੀ ਔਰਤ ਨਹੀਂ ਹੈ, ਕੁਝ ਫ਼ਰਕ ਹੈ ਉਸ ਵਿੱਚ ਆਮ ਔਰਤਾਂ ਨਾਲੋਂ।
ਅੱਜ ਜਦੋਂ ਰਿਸ਼ਮ ਨੇ ਭੱਜ ਕੇ ਬੱਸ ਲਈ ਤਾਂ ਬਹੁਤ ਭੀੜ ਸੀ। ਸੀਟ ਕੋਈ ਖਾਲੀ ਨਹੀਂ ਸੀ। ਉਹਨੂੰ ਦੇਖ ਕੇ ਉਹ ਬੰਦਾ ਆਪਣੀ ਸੀਟ ਤੋਂ ਉੱਠ ਖੜ੍ਹਾ ਹੋਇਆ ਤੇ ਰਿਸ਼ਮ ਨੂੰ ਬੈਠਣ ਲਈ ਕਿਹਾ। ਰਿਸ਼ਮ ਨੇ ਬਹੁਤ ਨਾਂਹ ਕੀਤੀ, ਪਰ ਉਹ ਨਾ ਮੰਨਿਆ ਤਾਂ ਰਿਸ਼ਮ ਨੂੰ ਬੈਠਣਾ ਪਿਆ।
‘ਕੀ ਮੈਂ ਇਸ ਦਾ ਧੰਨਵਾਦ ਕਰਾਂ?’ ਰਿਸ਼ਮ ਨੇ ਮਨ ਹੀ ਮਨ ਸੋਚਿਆ। ‘ਸ਼ਿਸ਼ਟਾਚਾਰ ਤਾਂ ਇਹੋ ਆਖਦਾ,’ ਰਿਸ਼ਮ ਦੇ ਮਨ ਨੇ ਕਿਹਾ।
ਪਰ ਨਹੀਂ। ਰਿਸ਼ਮ ਬਿਨਾਂ ਇੱਕ ਵੀ ਲਫ਼ਜ਼ ਕਹੇ ਬੈਠੀ ਰਹੀ ਤੇ ਚੁੱਪ-ਚਾਪ ਆਪਣੇ ਸਟੌਪ ’ਤੇ ਉਤਰ ਗਈ।
‘ਮੈਨੂੰ ਸ਼ੁਕਰੀਆ ਕਰਨਾ ਚਾਹੀਦਾ ਸੀ, ਪਰ ਜੇ ਮੈਂ ਇਹ ਇੱਕ ਲਫ਼ਜ਼ ਕਹਿ ਦਿੰਦੀ ਤਾਂ ਸੰਵਾਦ ਸ਼ੁਰੂ ਹੋ ਜਾਣਾ ਸੀ। ਫਿਰ ਕੋਈ ਗੱਲ ਤੁਰਦੀ ਤੇ ਇਸ ਤਰ੍ਹਾਂ ਮੈਂ ਜਾਣ ਪਛਾਣ ਨਹੀਂ ਵਧਾਉਣਾ ਚਾਹੁੰਦੀ।’ ਇਹ ਸੋਚਦਿਆਂ ਰਿਸ਼ਮ ਘਰ ਤੱਕ ਦਾ ਪੈਂਡਾ ਤੈਅ ਕਰ ਗਈ।
ਘਰ ਪਹੁੰਚਦਿਆਂ ਰੋਜ਼ ਵਾਂਗ ਬੱਚੇ ਇਕੱਲੇ ਹੀ ਸਨ। ਪੁਸ਼ਪਿੰਦਰ ਸ਼ਾਮ ਨੂੰ ਅਕਸਰ ਘਰ ਨਹੀਂ ਰਹਿੰਦਾ। ਕਦੇ ਕਿਸੇ ਦੋਸਤ ਕੋਲ, ਕਦੇ ਸ਼ਾਮ ਨੂੰ ਪਾਰਕ ਦੀ ਸੈਰ ਤੇ ਕਦੇ…
ਇਸ ਕਦੇ ਬਾਰੇ ਰਿਸ਼ਮ ਬਹੁਤ ਸੋਚਦੀ। ਪਤਾ ਨਹੀਂ ਕਿੱਥੇ ਰੁੱਝਿਆ ਰਹਿੰਦਾ ਉਹ? ਇਹ ਸਵਾਲ ਜੇ ਕਦੇ ਉਹਨੂੰ ਪੁੱਛ ਲੈਂਦੀ ਤਾਂ ਇੱਕੋ ਗੱਲ “ਯਾਰ, ਸੌ ਕੰਮ ਹੁੰਦੇ ਬੰਦੇ ਨੂੰ, ਹੁਣ ਘਰ ਥੋੜ੍ਹਾ ਬੈਠੇ ਰਹਿਣਾ।” ਉਹ ਐਵੇਂ ਹੀ ਖਿਝ ਕੇ ਜੁਆਬ ਦਿੰਦਾ।
ਰਿਸ਼ਮ ਚੁੱਪ ਕਰ ਜਾਂਦੀ।
ਕੁਝ ਸਾਲ ਪਹਿਲਾਂ ਪੁਸ਼ਪਿੰਦਰ ਦੇ ਕਿਸੇ ਹੋਰ ਔਰਤ ਨਾਲ ਬਾਹਰ ਰਿਸ਼ਤਾ ਬਣਾਉਣ ਬਾਰੇ ਜਦੋਂ ਉਹਨੂੰ ਪਤਾ ਲੱਗਿਆ ਸੀ ਤਾਂ ਉਹ ਤੜਫ਼ ਉੱਠੀ ਸੀ। ਫਿਰ ਇੱਕ ਦਿਨ ਉਹ ਹਿੰਮਤ ਜਿਹੀ ਕਰਕੇ ਉਸ ਔਰਤ ਕੋਲ ਪਹੁੰਚ ਗਈ ਸੀ। ਬੜਾ ਰੁੱਖਾ ਤੇ ਗੰਦਾ ਲਹਿਜ਼ਾ ਅਖਤਿਆਰ ਕਰ ਲਿਆ ਸੀ ਰਿਸ਼ਮ ਨੇ ਉਸ ਕੁੜੀ ਨੂੰ ਦੇਖਦਿਆਂ। ਗੱਲੀਂ ਬਾਤੀਂ ਬਹੁਤ ਲਾਹਨਤਾਂ ਪਾਈਆਂ।
“ਬੀਬਾ, ਕਿਸੇ ਭੁਲੇਖੇ ’ਚ ਨਾ ਰਹੀਂ, ਸਾਡੇ ਸਰਦਾਰਾਂ ਦੇ ਕਾਕਿਆਂ ਦੇ ਤਾਂ ਇਹ ਸ਼ੌਕ ਹੁੰਦੇ ਆ ਬਾਹਰ ਜ਼ਨਾਨੀਆਂ ਨਾਲ ਰਿਸ਼ਤੇ ਗੰਢਣੇ। ਜੇ ਅਜਿਹਾ ਨਾ ਕਰਨ ਤਾਂ ਇਹ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਐ। ਭੁੱਲੀ ਫਿਰਦੀ ਹੋਵੇਂਗੀ ਕਿ ਤੈਨੂੰ ਰਾਣੀ ਬਣਾ ਲਊ, ਪਰ ਜੇ ਤੈਨੂੰ ਚਵਲ ਨੂੰ ਕੋਈ ਫ਼ਰਕ ਨਹੀਂ ਪੈਂਦਾ ਤਾਂ ਆਵਦਾ ਪੜ੍ਹਿਆ ਵਿਚਾਰੀਂ।”
ਰਿਸ਼ਮ ਆਪਣੀ ਭੜਾਸ ਕੱਢ ਕੇ ਵਾਪਸ ਪਰਤ ਆਈ ਸੀ, ਪਰ ਇਸ ਗੱਲ ਦਾ ਨਤੀਜਾ ਇਹ ਹੋਇਆ ਕਿ ਉਹ ਕੁੜੀ ਸੱਚਮੁੱਚ ਡਰ ਗਈ ਤੇ ਪੁਸ਼ਪਿੰਦਰ ਕੋਲੋਂ ਕਿਨਾਰਾ ਕਰ ਗਈ।
ਕੁਝ ਚਿਰ ਬਾਅਦ ਰਿਸ਼ਮ ਨੂੰ ਪਤਾ ਲੱਗਿਆ ਕਿ ਉਹ ਵਿਆਹੀ ਗਈ ਤੇ ਇੱਕ ਕੁੜੀ ਦੀ ਮਾਂ ਵੀ ਬਣ ਗਈ।
ਉਹ ਜਾਣਦੀ ਸੀ ਕਿ ਆਦਤਾਂ ਬਦਲਦੀਆਂ ਨਹੀਂ ਹੁੰਦੀਆਂ ਤੇ ਪੁਸ਼ਪਿੰਦਰ ਨੂੰ ਇਹ ਨਾ ਸਹੀ ਕੋਈ ਹੋਰ ਮਿਲ ਜਾਊ।
ਜ਼ਿੰਦਗੀ ਚੱਲਦੀ ਜਾ ਰਹੀ ਸੀ।
ਰਿਸ਼ਮ ਖ਼ੁਸ਼ ਹੁੰਦੀ ਜਾਂ ਉਦਾਸ, ਉਹਦਾ ਰਵੱਈਆ ਹਮੇਸ਼ਾ ਉਹੀ ਰਹਿੰਦਾ। ਬੱਚਿਆਂ ਲਈ ਵੰਨ ਸੁਵੰਨਾ ਖਾਣਾ ਬਣਾਉਂਦੀ, ਪੁਸ਼ਪਿੰਦਰ ਦੇ ਰਿਸ਼ਤੇਦਾਰਾਂ ਦੀ ਹੱਸ ਕੇ ਸੇਵਾ ਕਰਦੀ, ਉਹ ਦੇਰ ਸਵੇਰ ਲੇਟ ਆਉਂਦਾ ਤਾਂ ਉਹਦੀਆਂ ਸ਼ਰਾਬੀ ਹੋਏ ਦੀਆਂ ਗਾਲ਼੍ਹਾਂ ਵੀ ਜਰਦੀ ਰਹਿੰਦੀ।
ਪਰ ਹੁਣ ਉਹਨੇ ਆਪਣੇ ਲਈ ਵੀ ਸੋਚਣਾ ਸ਼ੁਰੂ ਕਰ ਦਿੱਤਾ ਸੀ। ਕੁਝ ਬਦਲਾਅ ਲਿਆਉਣੇ ਜ਼ਰੂਰੀ ਸਨ।
ਫਿਰ ਤੋਂ ਪੜ੍ਹਾਈ ਅਰੰਭੀ। ਪੱਤਰਕਾਰੀ ਦਾ ਕੋਰਸ ਕੀਤਾ ਤੇ ਨੌਕਰੀ ਵੀ ਲੱਭ ਲਈ। ਹੁਣ ਉਹ ਪੂਰੀ ਤਰ੍ਹਾਂ ਆਤਮ-ਨਿਰਭਰ ਸੀ। ਬੱਚੇ ਵੱਡੇ ਹੋ ਰਹੇ ਸਨ। ਇਸ ਲਈ ਉਹ ਪੁਸ਼ਪਿੰਦਰ ਦੀਆਂ ਲਾਪਰਵਾਹੀਆਂ ਨੂੰ ਵੀ ਅਣਡਿੱਠ ਕਰਨ ਲੱਗੀ ਤਾਂ ਜੋ ਬੱਚਿਆਂ ’ਤੇ ਬੁਰਾ ਅਸਰ ਨਾ ਹੋਵੇ।
ਇਸ ਦੌਰਾਨ ਰਿਸ਼ਮ ਦਾ ਆਪਣਾ ਦਾਇਰਾ ਵੱਡਾ ਹੋਇਆ। ਰੁੱਝੀ ਰਹਿਣ ਲੱਗੀ। ਦਫ਼ਤਰ, ਘਰ ਤੇ ਬੱਚੇ। ਇਹੀ ਉਸ ਦੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਬਣ ਗਈਆਂ।
ਪੁਸ਼ਪਿੰਦਰ ਨੂੰ ਰਿਸ਼ਮ ਦੇ ਵਧਦੇ ਦਾਇਰੇ ’ਤੇ ਕੋਈ ਇਤਰਾਜ਼ ਨਹੀਂ ਸੀ ਸਗੋਂ ਉਹ ਆਪ ਵੀ ਕਦੇ ਦਿਲਚਸਪੀ ਨਾਲ ਰਿਸ਼ਮ ਦੇ ਕੰਮ-ਕਾਰ ਬਾਰੇ ਪੁੱਛਦਾ ਰਹਿੰਦਾ। ਉਸ ਨੂੰ ਕਦੇ ਕੋਈ ਮਿਲਣ ਆ ਜਾਂਦਾ ਤਾਂ ਵੀ ਉਹ ਹੱਸ ਕੇ ਸਵਾਗਤ ਕਰਦਾ।
ਇਸ ਸਭ ਦੇ ਦਰਮਿਆਨ ਹੀ ਰਿਸ਼ਮ ਨੂੰ ਪੁਸ਼ਪਿੰਦਰ ਦੇ ਤੌਰ ਤਰੀਕੇ ਜਿਹੇ ਬਦਲਦੇ ਲੱਗੇ।
ਉਹ ਜ਼ਿਆਦਾ ਵਕਤ ਘਰ ਤੋਂ ਬਾਹਰ ਬਿਤਾਉਣ ਲੱਗਾ। ਜੇ ਘਰ ਹੁੰਦਾ ਤਾਂ ਫ਼ੋਨ ’ਤੇ ਰੁੱਝਿਆ ਰਹਿੰਦਾ। ਕਦੇ ਮੈਸੇਜ ਪੜ੍ਹ ਰਿਹਾ ਹੁੰਦਾ ਤੇ ਕਦੇ ਲਿਖ ਰਿਹਾ ਹੁੰਦਾ।
ਰਿਸ਼ਮ ਸਮਝ ਗਈ ਸੀ ਕੁਝ ਤਾਂ ਹੈ ਜਿਸ ਦੀ ਉਸ ਨੂੰ ਸਮਝ ਨਹੀਂ ਲੱਗ ਰਹੀ। ਉਹ ਚੁੱਪ-ਚਾਪ ਦੇਖਦੀ ਰਹਿੰਦੀ। ਕਦੇ ਕੁਝ ਨਾ ਪੁੱਛਦੀ। ਉਹਨੂੰ ਪਤਾ ਸੀ ਕਿ ਪੁੱਛਣ ’ਤੇ ਉਹ ਸੌ ਬਹਾਨੇ ਬਣਾਏਗਾ।
ਇਸ ਤਰ੍ਹਾਂ ਹੀ ਕਈ ਮਹੀਨੇ ਗੁਜ਼ਰ ਗਏ। ਰਿਸ਼ਮ ਨੇ ਇੱਕ ਦਿਨ ਮੌਕਾ ਜਿਹਾ ਦੇਖ ਕੇ ਉਹਦਾ ਫ਼ੋਨ ਚੁੱਕ ਲਿਆ ਤੇ ਵਟਸਐਪ ਸਕੈਨ ਕਰ ਲਿਆ।
ਪੁਸ਼ਪਿੰਦਰ ਦੇ ਸਾਰੇ ਮੈਸੇਜ ਰਿਸ਼ਮ ਦੇ ਫ਼ੋਨ ’ਤੇ ਦਿਸਣ ਲੱਗੇ।
ਉਸ ਦੇ ਅੰਦਰ ਇੱਕ ਤੂਫ਼ਾਨ ਆ ਗਿਆ। ਉਹ ਪਿਛਲੇ ਕਈ ਮਹੀਨਿਆਂ ਤੋਂ ਕਿਸੇ ਔਰਤ ਨਾਲ ਇਸ਼ਕ ਲੜਾ ਰਿਹਾ ਸੀ। ਦੋਵਾਂ ਦੇ ਹਜ਼ਾਰਾਂ ਮੈਸੇਜ ਉਸ ਨੇ ਪੜ੍ਹੇ। ਕਿੰਨੇ ਪਿਆਰ ਤੇ ਕਿੰਨੇ ਮੁਹੱਬਤੀ ਸ਼ਬਦਾਂ ਨਾਲ ਉਹ ਗੱਲਾਂ ਕਰ ਰਿਹਾ ਸੀ ਕਿਸੇ ਹੋਰ ਔਰਤ ਨਾਲ। ਰਿਸ਼ਮ ਦੀ ਸਹਿਣ ਸ਼ਕਤੀ ਖ਼ਤਮ ਹੋ ਰਹੀ ਸੀ।
ਇੱਕ ਦਿਨ ਉਹਨੇ ਉਸ ਔਰਤ ਦਾ ਨੰਬਰ ਮਿਲਾਇਆ ਤੇ ਉਹਦੇ ਨਾਲ ਬਹੁਤ ਕੁੱਤੇ-ਖਾਣੀ ਕੀਤੀ।
ਉਹ ਗ਼ੈਰ ਔਰਤ ਸ਼ਾਦੀਸ਼ੁਦਾ ਸੀ ਤੇ ਇੱਕ ਮੁੰਡੇ ਦੀ ਮਾਂ।
ਰਿਸ਼ਮ ਦੇ ਗੁੱਸੇ ਤੋਂ ਡਰਦਿਆਂ ਉਹ ਅਗਲੇ ਦਿਨ ਹੀ ਉਹਦੇ ਘਰ ਉਹਨੂੰ ਮਿਲਣ ਆ ਗਈ।
ਉਹਦਾ ਪਹਿਰਾਵਾ ਦੇਖ ਕੇ ਰਿਸ਼ਮ ਨੂੰ ਕਚਿਆਣ ਜਿਹੀ ਆਈ। ਫਸੀ ਜਿਹੀ ਜੀਨ ਪਾਈ ਤੇ ਲੰਬੇ ਲੰਬੇ ਨਹੁੰਆਂ ’ਤੇ ਗੂੜ੍ਹੇ ਰੰਗ ਦੀ ਪੌਲਿਸ਼ ਲਾਈ ਉਹ ਔਰਤ ਰਿਸ਼ਮ ਦੇ ਸਾਹਮਣੇ ਸੋਫ਼ੇ ’ਤੇ ਬੈਠੀ ਸੀ।
ਰਿਸ਼ਮ ਨੂੰ ਆਪਣਾ ਖ਼ਿਆਲ ਆਇਆ ਜਿਸ ਬਾਰੇ ਪੁਸ਼ਪਿੰਦਰ ਅਕਸਰ ਆਖਿਆ ਕਰਦਾ ਸੀ ਕਿ ਤੂੰ ਸੋਬਰ ਸਿੰਪਲ ਜਿਹੀ ਹੀ ਬਹੁਤ ਪਿਆਰੀ ਲੱਗਦੀ ਏਂ, ਪਰ ਇਹ ਕੀ ਸੀ ਜਿਸ ਨਾਲ ਪੁਸ਼ਪਿੰਦਰ ਮਣਾਂਮੂੰਹੀਂ ਮੁਹੱਬਤ ਜਤਾ ਰਿਹਾ ਸੀ, ਉਹ ਤਾਂ ਸਾਦਗੀ ਦੇ ਨੇੜੇ ਤੇੜੇ ਵੀ ਨਹੀਂ ਸੀ।
ਖ਼ੈਰ! ਰਿਸ਼ਮ ਨੇ ਭਰੀ ਪੀਤੀ ਨੇ ਦੋਵੇਂ ਆਸ਼ਕ ਆਪਣੇ ਸਾਹਮਣੇ ਬਿਠਾ ਲਏ ਤੇ ਜਿੰਨਾ ਜ਼ਲੀਲ ਕਰ ਸਕਦੀ ਸੀ ਕੀਤਾ।
ਉਹ ਔਰਤ ਸਾਰਾ ਦੋਸ਼ ਪੁਸ਼ਪਿੰਦਰ ਦੇ ਸਿਰ ਮੜ੍ਹ ਰਹੀ ਸੀ ਕਿ ਇਹੀ ਉਹਨੂੰ ਫ਼ੋਨ ਕਰਨ, ਮੈਸੇਜ ਕਰਨ ਲਈ ਉਕਸਾਉਂਦਾ ਹੈ। ਮੇਰਾ ਮੈਸੇਜ ਆਏ ਬਿਨਾਂ ਚਾਹ ਦੀ ਘੁੱਟ ਨਹੀਂ ਪੀਂਦਾ।
ਪੁਸ਼ਪਿੰਦਰ ਸਭ ਸੁਣ ਰਿਹਾ ਸੀ ਚੁੱਪ-ਚਾਪ।
ਅੱਗੋਂ ਕਦੇ ਨਾ ਮਿਲਣ ਦਾ ਕਹਿ ਕੇ ਉਹ ਔਰਤ ਉੱਥੋਂ ਤੁਰਦੀ ਲੱਗੀ ਤਾਂ ਪੁਸ਼ਪਿੰਦਰ ਸਫ਼ਾਈਆਂ ਦੇਣ ਲੱਗਾ।
ਮੁਆਫ਼ੀ ਵੀ ਮੰਗੀ ਤੇ ਇਹ ਵੀ ਕਿਹਾ ਕਿ ਗੱਲ ਓਨੀ ਵੱਡੀ ਨਹੀਂ ਸੀ ਜਿੰਨੀ ਉਹ ਸਮਝ ਰਹੀ ਹੈ।
ਪਰ ਬੰਦਾ ਕਦੇ ਬੀਵੀ ਦਾ ਮਨ ਨਹੀਂ ਪੜ੍ਹ ਸਕਦਾ। ਉਹ ਨਹੀਂ ਸਮਝ ਸਕਦਾ ਕਿ ਔਰਤ ਲਈ ਕਿਹੜੀ ਗੱਲ ਵੱਡੀ ਹੁੰਦੀ ਹੈ।
ਉਸ ਸਮੇਂ ਉਹ ਗੱਲ ਟਲ਼ ਗਈ, ਪਰ ਰਿਸ਼ਮ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਈ। ਉਹਨੂੰ ਲੱਗਿਆ ਕਿ ਉਸ ਦੇ ਇੰਨੇ ਸਾਲਾਂ ਦੀ ਮਿਹਨਤ ਜੋ ਉਸ ਨੇ ਇਸ ਘਰ ਨੂੰ ਵਧੀਆ ਵਸਾਉਣ ਲਈ ਕੀਤੀ, ਦਾ ਕੀ ਸਿਲਾ ਮਿਲਿਆ। ਉਹਦੀ ਵਫ਼ਾਦਾਰੀ, ਇਮਾਨਦਾਰੀ, ਸਮਝਦਾਰੀ ਸਭ ਖੂਹ ’ਚ ਪੈ ਗਈਆਂ।
ਕਈ ਮਹੀਨੇ ਰਿਸ਼ਮ ਫਿਰ ਅੱਪਸੈੱਟ ਰਹੀ। ਉਸ ਨੂੰ ਪੂਰਾ ਯਕੀਨ ਸੀ ਕਿ ਇਹ ਬਾਹਰੀ ਰਿਸ਼ਤਾ ਅਜੇ ਵੀ ਚੱਲ ਰਿਹਾ ਸੀ, ਪਰ ਉਸ ਨੇ ਪੁਸ਼ਪਿੰਦਰ ਨਾਲ ਇਸ ਦਾ ਜ਼ਿਕਰ ਕਰਨਾ ਛੱਡ ਦਿੱਤਾ। ਕਦੇ ਕਦੇ ਉਬਾਲ ਉੱਠਦਾ ਤਾਂ ਉਹ ਉਸ ਔਰਤ ਨੂੰ ਫ਼ੋਨ ਕਰਕੇ ਭੜਾਸ ਜ਼ਰੂਰ ਕੱਢ ਲੈਂਦੀ ਸੀ।
ਆਖਰ ਹੰਭ ਹਾਰ ਕੇ ਉਹਨੇ ਉਹਨੂੰ ਵੀ ਫ਼ੋਨ ਕਰਨਾ ਛੱਡ ਦਿੱਤਾ।
ਉਹ ਹੋਰ ਦੁੱਖ ਨਹੀਂ ਦੇਣਾ ਚਾਹੁੰਦੀ ਸੀ ਆਪਣੇ ਆਪ ਨੂੰ ਤੇ ਨਾ ਹੀ ਆਪਣੀ ਤੜਪ ਉਸ ਗ਼ੈਰ ਔਰਤ ਅੱਗੇ ਜ਼ਾਹਰ ਕਰਨੀ ਚਾਹੁੰਦੀ ਸੀ।
ਵਕਤ ਬੀਤਿਆ ਤਾਂ ਰਿਸ਼ਮ ਨੂੰ ਪਤਾ ਲੱਗਿਆ ਉਸ ਔਰਤ ਨਾਲ ਤਾਂ ਪੁਸ਼ਪਿੰਦਰ ਦਾ ਵਿਆਹ ਤੋਂ ਪਹਿਲਾਂ ਹੀ ਅਫੇਅਰ ਸੀ।
ਇਸ ਗੱਲ ਨਾਲ ਰਿਸ਼ਮ ਨੂੰ ਜ਼ਿਆਦਾ ਝਟਕਾ ਲੱਗਿਆ। ਉਸ ਨੂੰ ਲੱਗਿਆ ਜਿਵੇਂ ਉਹ ਪਿਛਲੇ ਪੰਦਰਾਂ ਸਾਲਾਂ ਤੋਂ ਹੀ ਠੱਗੀ ਜਾ ਰਹੀ ਸੀ।
ਖ਼ੈਰ! ਔਰਤ ਨੇ ਹੌਲੀ ਹੌਲੀ ਖ਼ੁਦ ਨੂੰ ਹੀ ਸਮਝਾਉਣਾ ਹੁੰਦਾ। ਸੋ ਰਿਸ਼ਮ ਵੀ ਸਮਝ ਗਈ, ਸੰਭਲ ਗਈ।
ਹੁਣ ਉਸ ਨੇ ਸਾਰਾ ਧਿਆਨ ਆਪਣੀ ਨੌਕਰੀ ਵੱਲ ਲਾ ਦਿੱਤਾ। ਪੁਸ਼ਪਿੰਦਰ ਨਾਲ ਲੜਨਾ ਝਗੜਨਾ ਤਾਂ ਦੂਰ, ਸਾਧਾਰਨ ਗੱਲਬਾਤ ਵੀ ਬੰਦ ਕਰ ਦਿੱਤੀ। ਇੱਕ ਤਰ੍ਹਾਂ ਨਾਲ ਇਹ ਰਿਸ਼ਤਾ ਮਰਨ ਲੱਗਿਆ।
ਦਿਨ ਚੜ੍ਹਦਾ, ਛਿਪਦਾ ਤੇ ਗੁਜ਼ਰ ਜਾਂਦਾ। ਪੁਸ਼ਪਿੰਦਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਸੀ। ਉਹ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਹੀ ਜੀਅ ਰਿਹਾ ਸੀ। ਉਹ ਰਿਸ਼ਮ ਦੇ ਨਜ਼ਦੀਕ ਆਉਣੋਂ ਵੀ ਹਟ ਗਿਆ ਸੀ। ਘਰ ਦੇਰ ਨਾਲ ਆਉਂਦਾ ਤਾਂ ਚੁੱਪ-ਚਾਪ ਰੋਟੀ ਖਾ ਕੇ ਸੌਂ ਜਾਂਦਾ। ਗਾਲੀ ਗਲੋਚ ਤੇ ਭੰਨ-ਤੋੜ ਵੀ ਨਾ ਕਰਦਾ।
ਕਦੇ ਕਦੇ ਰਿਸ਼ਮ ਆਪਣੇ ਦਫ਼ਤਰ ’ਚ ਨਾਲ ਕੰਮ ਕਰਦੀ ਆਪਣੀ ਸਹੇਲੀ ਨਾਲ ਗੱਲਾਂ ਕਰਦੀ ਤੇ ਆਪਣੇ ਇਸ ਠੰਢੇ ਹੋ ਗਏ ਰਿਸ਼ਤੇ ਬਾਰੇ ਦੱਸਦੀ।
ਉਸ ਦੀ ਸਹੇਲੀ ਨੇ ਇੱਕ ਦਿਨ ਸਲਾਹ ਦਿੱਤੀ ਕਿ ਰਿਸ਼ਤਾ ਬਿਲਕੁਲ ਖ਼ਤਮ ਹੋਣ ਨਾਲੋਂ ਚੰਗਾ ਹੈ ਕਿ ਕੋਸ਼ਿਸ਼ ਕਰਕੇ ਪਤੀ ਦੇ ਨੇੜੇ ਹੋਇਆ ਜਾਵੇ। ਭਾਵੇਂ ਇਹ ਬਹੁਤ ਔਖਾ ਕਿ ਸਾਨੂੰ ਕੋਈ ਅਣਗੌਲਿਆ ਕਰੇ ਤੇ ਅਸੀਂ ਉਸ ਨਾਲ ਨੇੜਤਾ ਦਿਖਾਈਏ, ਪਰ ਔਰਤ ਅਜਿਹਾ ਬਹੁਤ ਕੁਝ ਕਰਦੀ ਹੈ ਆਪਣੇ ਪਤੀ ਨੂੰ ਆਪਣੇ ਨਾਲ ਜੋੜੀ ਰੱਖਣ ਲਈ, ਨਹੀਂ ਤਾਂ ਦੂਰ ਤਾਂ ਉਹ ਜਾ ਹੀ ਰਿਹਾ ਹੁੰਦਾ। …
ਇੱਕ ਸਵੈਮਾਨੀ ਔਰਤ ਹੋਣ ਕਰਕੇ ਰਿਸ਼ਮ ਨੂੰ ਇਹ ਸਭ ਔਖਾ ਤਾਂ ਲੱਗਦਾ ਸੀ, ਪਰ ਇੱਕ ਰਿਸ਼ਤੇ ਦੀ ਹੋਂਦ ਨੂੰ ਬਚਾਈ ਰੱਖਣ ਲਈ ਉਸ ਨੂੰ ਇਹ ਢੰਗ ਸਹੀ ਲੱਗਿਆ।
ਰਾਤ ਨੂੰ ਜਦੋਂ ਪੁਸ਼ਪਿੰਦਰ ਆਪਣੇ ਬੈੱਡ ’ਤੇ ਪਿਆ ਟੀਵੀ ਦੇਖ ਰਿਹਾ ਸੀ ਤਾਂ ਰਿਸ਼ਮ ਉਸ ਦੇ ਕੋਲ ਆ ਕੇ ਬੈਠ ਗਈ। ਉਹਨੂੰ ਟਿਕਟਿਕੀ ਲਾ ਕੇ ਦੇਖਣ ਲੱਗੀ ਤਾਂ ਪੁਸ਼ਪਿੰਦਰ ਦਾ ਧਿਆਨ ਖਿੰਡ ਗਿਆ। ਜਿਉਂ ਹੀ ਉਸ ਨੇ ਰਿਸ਼ਮ ਵੱਲ ਦੇਖਿਆ ਤਾਂ ਰਿਸ਼ਮ ਨੇ ਉਸ ਨੂੰ ਕਲਾਵੇ ’ਚ ਲੈਣਾ ਚਾਹਿਆ। ਥੋੜ੍ਹੀ ਹੋਰ ਕੋਲ ਹੋਈ ਤਾਂ ਪੁਸ਼ਪਿੰਦਰ ਕੋਲ ਸੁੱਤੀ ਪਈ ਧੀ ਦਾ ਬਹਾਨਾ ਜਿਹਾ ਬਣਾ ਕੇ ਉਸ ਤੋਂ ਪਰ੍ਹੇ ਹੋ ਗਿਆ।
ਰਿਸ਼ਮ ਨੂੰ ਹੱਤਕ ਮਹਿਸੂਸ ਹੋਈ, ਪਰ ਉਹ ਚੁੱਪ ਕਰ ਗਈ।
ਰਾਤ ਗੁਜ਼ਰ ਗਈ, ਪਰ ਰਿਸ਼ਮ ਅਜੇ ਵੀ ਬੇਚੈਨ ਸੀ। ਸੋਚ ਸੋਚ ਕੇ ਉਹ ਹੋਰ ਵੀ ਪਰੇਸ਼ਾਨ ਹੋ ਰਹੀ ਸੀ।
ਪੁਸ਼ਪਿੰਦਰ ਤਾਂ ਪਹਿਲਾਂ ਕਦੇ ਅਜਿਹਾ ਇੱਕ ਵੀ ਮੌਕਾ ਨਹੀਂ ਸੀ ਗੁਆਉਂਦਾ ਸਗੋਂ ਉਹ ਤਾਂ ਖ਼ੁਦ ਬਹਾਨੇ ਲੱਭਦਾ ਸੀ ਰਿਸ਼ਮ ਦੇ ਨਜ਼ਦੀਕ ਰਹਿਣ ਦੇ।
ਇਹ ਵਾਕਈ ਵੱਡੀ ਗੱਲ ਸੀ।
ਅਗਲੀ ਰਾਤ ਰਿਸ਼ਮ ਕੰਮ ਧੰਦਾ ਨਬਿੇੜ ਕੇ ਜਦੋਂ ਨਾਈਟ ਸੂਟ ਪਾਉਣ ਲਈ ਵਾਸ਼ਰੂਮ ਗਈ ਤਾਂ ਪੁਸ਼ਪਿੰਦਰ ਝੱਟ ਦੇਣੇ ਲਾਈਟ ਬੰਦ ਕਰ ਕੇ ਲੇਟ ਗਿਆ।
ਰਿਸ਼ਮ ਸਭ ਕੁਝ ਸਮਝਦੀ ਸੀ। ਫਿਰ ਵੀ ਉਸ ਨੇ ਸ਼ਰਾਰਤ ਜਿਹੀ ਨਾਲ ਉਸ ਦੇ ਮੱਥੇ ’ਤੇ ਆਪਣੇ ਹੋਂਠ ਰੱਖ ਦਿੱਤੇ, ਪਰ ਉਹ ਪਾਸਾ ਜਿਹਾ ਲੈ ਕੇ ਮੱਥੇ ’ਤੇ ਆਪਣੀ ਬਾਂਹ ਰੱਖ ਕੇ ਪਿਆ ਰਿਹਾ।
ਰਿਸ਼ਮ ਲਈ ਇਹ ਪਲ ਬਹੁਤ ਔਖਾ ਸੀ। ਇੰਨੀ ਜ਼ਲਾਲਤ ਉਹਨੂੰ ਕਦੇ ਨਹੀਂ ਸੀ ਮਿਲੀ।
ਇਹ ਬਹੁਤ ਵੱਡਾ ਧੱਕਾ ਸੀ ਜੋ ਰਿਸ਼ਮ ਆਪਣੇ ਆਪ ਨਾਲ ਕਰ ਰਹੀ ਸੀ।
ਅਗਲੀ ਸਵੇਰ ਉਹਨੇ ਪੁਸ਼ਪਿੰਦਰ ਨੂੰ ਆਪਣੇ ਸਾਹਮਣੇ ਬਿਠਾ ਕੇ ਕੁਝ ਸਵਾਲ ਕੀਤੇ, ਕੁਝ ਆਪਣੇ ਮਨ ਅੰਦਰ ਪਏ ਸਵਾਲ ਸਾਂਝੇ ਕੀਤੇ, ਪਰ ਪੁਸ਼ਪਿੰਦਰ ਹਰ ਗੱਲ ’ਤੇ ਇਹੀ ਕਹਿ ਰਿਹਾ ਸੀ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਸੋਚ ਰਹੀ ਹੈ, ਅਜਿਹੀ ਕੋਈ ਗੱਲ ਨਹੀਂ।
ਰਿਸ਼ਮ ਨੇ ਆਖ਼ਰੀ ਫ਼ੈਸਲਾ ਸੁਣਾਇਆ ਕਿ ਉਹਨੂੰ ਤਲਾਕ ਚਾਹੀਦਾ ਹੈ। ਉਹ ਆਪਣੀ ਜ਼ਿੰਦਗੀ ਵਧੀਆ ਜੀਅ ਸਕਦੀ ਹੈ। ਬੱਚਿਆਂ ਨਾਲ ਵਧੀਆ ਸਮਾਂ ਬਿਤਾ ਸਕਦੀ ਹੈ।
ਪੁਸ਼ਪਿੰਦਰ ਨੂੰ ਉਸ ਦੇ ਇਸ ਫ਼ੈਸਲੇ ਦਾ ਭੋਰਾ ਭਰ ਵੀ ਅੰਦਾਜ਼ਾ ਨਹੀਂ ਸੀ। ਉਹ ਜਿਵੇਂ ਬੌਖਲਾ ਗਿਆ ਤੇ ਵਾਰ ਵਾਰ ਭਰੋਸਾ ਜਤਾਉਣ ਲੱਗਿਆ।
“ਤੂੰ ਜ਼ਿਆਦਾ ਸੋਚਦੀ ਐਂ, ਅਜਿਹਾ ਕੁਝ ਵੀ ਨਹੀਂ,’’ ਉਸ ਨੇ ਜਿਵੇਂ ਤਰਲੇ ਨਾਲ ਕਿਹਾ।
“ਨਹੀਂ, ਮੈਂ ਤੇਰੇ ’ਤੇ ਯਕੀਨ ਨਹੀਂ ਕਰ ਸਕਦੀ, ਤੂੰ ਹੁਣ ਬਦਲ ਚੁੱਕਾ ਏਂ,” ਰਿਸ਼ਮ ਨੇ ਸਾਫ਼ ਗੱਲ ਕੀਤੀ।
“ਦੇਖ ਮੇਰਾ ਉਸ ਔਰਤ ਨਾਲ ਹੁਣ ਕੋਈ ਰਿਸ਼ਤਾ ਨਹੀਂ ਤੇ ਮੈਂ ਸਹੁੰ ਖਾ ਕੇ ਆਖਦਾਂ ਕਿ ਅੱਜ ਦੀ ਤਰੀਕ ’ਚ ਮੈਂ ਤੇਰੇ ਨਾਲ ਬਿਲਕੁਲ ਇਮਾਨਦਾਰ ਹਾਂ,” ਪੁਸ਼ਪਿੰਦਰ ਇੱਕੋ ਸਾਹੇ ਬੋਲ ਗਿਆ।
ਰਿਸ਼ਮ ਚੁੱਪ ਰਹੀ। ਉਸ ਨੂੰ ਲੱਗਿਆ ਕਿ ਸ਼ਾਇਦ ਉਹ ਸੱਚੀਂ ਜ਼ਿਆਦਾ ਸੋਚਣ ਲੱਗੀ ਸੀ।
ਉਹਦਾ ਫ਼ੈਸਲਾ ਫਿਲਹਾਲ ਟਲ਼ ਗਿਆ ਤੇ ਉਹ ਦੋਵੇਂ ਫਿਰ ਤੋਂ ਨਾਰਮਲ ਹੋਣ ਦੀ ਕੋਸ਼ਿਸ਼ ’ਚ ਲੱਗ ਗਏ। …
ਇਹ ਨਾਰਮਲ ਹੋਣਾ ਸਿਰਫ਼ ਰਿਸ਼ਮ ਦੀ ਕੋਸ਼ਿਸ਼ ਸੀ, ਪਰ ਅੰਦਰੋਂ ਉਹ ਬਹੁਤ ਇਕੱਲਤਾ ਮਹਿਸੂਸ ਕਰਦੀ। ਉਹਨੂੰ ਲੱਗਦਾ ਜਿਵੇਂ ਉਹ ਇੱਕ ਨਿਰੀ ਮਸ਼ੀਨ ਹੈ ਜੋ ਸਵੇਰ ਤੋਂ ਲੈ ਕੇ ਰਾਤ ਤੱਕ ਲਗਾਤਾਰ ਚੱਲਦੀ ਹੈ, ਪਰ ਉਸ ਦੀ ਸਾਂਭ ਸੰਭਾਲ਼ ਲਈ ਕੋਈ ਕੁਝ ਨਹੀਂ ਕਰ ਰਿਹਾ। ਦਫ਼ਤਰ ’ਚ ਏਨੇ ਲੋਕਾਂ ਨਾਲ ਇੰਟਰਵਿਊ ਕਰਦੀ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੀ, ਆਪਣੀ ਜ਼ਿੰਦਗੀ ’ਚ ਜਿਵੇਂ ਉਲਝਦੀ ਜਾ ਰਹੀ ਸੀ।
ਤੇ ਫਿਰ ਇੱਕ ਦਿਨ ਅਚਾਨਕ ਪੁਸ਼ਪਿੰਦਰ ਦੇ ਨਵੇਂ ਬਿਆਨ ਨੇ ਜਿਵੇਂ ਰਿਸ਼ਮ ਨੂੰ ਬਿਲਕੁਲ ਹੀ ਹਤਾਸ਼ ਕਰ ਦਿੱਤਾ।
ਉਹ ਰਿਸ਼ਮ ਨੂੰ ਪੁੱਛਣ ਲੱਗਿਆ, ‘‘ਤੈਨੂੰ ਯਾਦ ਆ ਮੇਰੀ ਇੱਕ ਕੁਲੀਗ ਕਈ ਸਾਲ ਪਹਿਲਾਂ ਇੱਥੋਂ ਟਰਾਂਸਫ਼ਰ ਹੋ ਕੇ ਜਾਣ ਤੋਂ ਪਹਿਲਾਂ ਆਪਣੇ ਘਰ ਆਈ ਸੀ, ਤੈਨੂੰ ਵੀ ਮਿਲੀ ਸੀ?”
“ਹਮਮ” ਰਿਸ਼ਮ ਨੂੰ ਯਾਦ ਸੀ।
“ਕੀ ਹੋਇਆ ਉਸ ਨੂੰ?” ਰਿਸ਼ਮ ਨੇ ਸਵਾਲ ਕੀਤਾ।
“ਨਹੀਂ ਹੋਇਆ ਕੁਝ ਨਹੀਂ, ਅੱਜਕੱਲ੍ਹ ਉਹ ਮੇਰੀ ਬੌਸ ਬਣ ਗਈ ਹੈ, ਤਰੱਕੀ ਹੋ ਗਈ ਉਸ ਦੀ,” ਪੁਸ਼ਪਿੰਦਰ ਨੇ ਦੱਸਿਆ।
‘‘ਅੱਛਾ! ਫਿਰ?’’ ਰਿਸ਼ਮ ਜਾਨਣਾ ਚਾਹੁੰਦੀ ਸੀ ਕਿ ਪੁਸ਼ਪਿੰਦਰ ਨੇ ਗੱਲ ਕਿਉਂ ਸ਼ੁਰੂ ਕੀਤੀ ਉਸ ਦੀ।
“ਉਹ ਮੈਨੂੰ ਕੁਝ ਦਿਨਾਂ ਤੋਂ ਪਹਿਲਾਂ ਮੈਸੇਜ ਕਰਦੀ ਰਹੀ ਤੇ ਹੁਣ ਫ਼ੋਨ ਕਰਦੀ ਹੈ, ਰੋਜ਼ ਗੱਲ ਕਰਦੀ ਹੈ,” ਪੁਸ਼ਪ ਨੇ ਦੱਸਿਆ।
“ਅੱਛਾ! ਕੀ ਗੱਲਾਂ ਕਰਦੀ ਆ?” ਰਿਸ਼ਮ ਨੇ ਹੈਰਾਨ ਹੋ ਕੇ ਪੁੱਛਿਆ।
‘‘ਹਾਂ ਇਹੀ ਦੱਸਣ ਲੱਗਿਆਂ, ਉਹ ਮੈਨੂੰ ਬਾਹਰ ਹੋਟਲ ’ਚ ਮਿਲਣਾ ਚਾਹੁੰਦੀ ਐ, ਕੁਝ ਵਕਤ ਬਿਤਾਉਣਾ ਚਾਹੁੰਦੀ ਐ, ਉਹਨੂੰ ਮੇਰੇ ਵਿੱਚ ਦਿਲਚਸਪੀ ਹੈ,” ਪੁਸ਼ਪਿੰਦਰ ਪਤਾ ਨਹੀਂ ਕੀ ਸੋਚ ਕੇ ਇਹ ਸਭ ਦੱਸ ਰਿਹਾ ਸੀ।
ਸ਼ਾਇਦ ਇਮਾਨਦਾਰ ਹੋਣ ਦੀ ਕੋਸ਼ਿਸ਼ ਸੀ ਇਹ। ਵਾਅਦਾ ਜੋ ਕੀਤਾ ਸੀ ਇਮਾਨਦਾਰੀ ਦਾ।
ਰਿਸ਼ਮ ਇਹ ਸਭ ਸੁਣ ਕੇ ਤੜਪ ਉੱਠੀ।
ਕੋਈ ਕਿਸੇ ’ਤੇ ਕਿਸ ਹੱਦ ਤੱਕ ਯਕੀਨ ਕਰੇ! ਉਸ ਔਰਤ ਦੀ ਉਹਨੇ ਕਿੰਨੀ
ਆਓ ਭਗਤ ਕੀਤੀ ਸੀ, ਇਹ ਸੋਚ ਕੇ ਕਿ ਉਹ ਉਸ ਦੇ ਪਤੀ ਦੀ ਸਹਿਕਰਮੀ ਸੀ, ਪਰ ਇਹ ਕੀ ਨਵੀਂ ਕਹਾਣੀ ਬਣਨ ਜਾ ਰਹੀ ਸੀ।
ਰਿਸ਼ਮ ਇਕਦਮ ਚੁੱਪ ਹੋ ਗਈ। ਕੁਝ ਨਾ ਬੋਲੀ। ਕੋਈ ਪ੍ਰਤਿਕਰਮ ਨਾ ਦਿੱਤਾ।
ਪੁਸ਼ਪਿੰਦਰ ਉਸ ਦੇ ਸੁਆਲ ਦੀ ਉਡੀਕ ਕਰ ਰਿਹਾ ਸੀ।
ਕੁਝ ਦੇਰ ਦੀ ਚੁੱਪ ਮਗਰੋਂ ਬੋਲਿਆ, “ਉਹ ਮੈਨੂੰ ਕਹਿੰਦੀ ਸੀ ਕਿ ਤੇਰੀ ਵਾਈਫ਼ ਸਿਆਣੀ ਤਾਂ ਬਹੁਤ ਐ, ਪਰ ਉਸ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ, ਥੋੜ੍ਹਾ ‘ਅੱਪਡੇਟ’ ਹੋਣ ਦੀ ਲੋੜ ਆ।”
ਇਹ ਸ਼ਬਦ ਸੁਣਦਿਆਂ ਹੀ ਰਿਸ਼ਮ ਦੇ ਅੰਦਰ ਇੱਕ ਤੂਫ਼ਾਨ ਜਿਹਾ ਆਇਆ।
ਉਹ ਉੱਥੋਂ ਉੱਠ ਕੇ ਚਲੀ ਗਈ ਬਿਨਾਂ ਕੁਝ ਕਹੇ।
ਉਹਦੇ ਅੰਦਰ ਵਾਰ ਵਾਰ ਬਦਲਵੇਂ ਖਿਆਲ ਚੱਲਣ ਲੱਗੇ। ਕਦੇ ਉਹਨੂੰ ਨਿਰੂਪਮਾ ਮੈਡਮ ਦਾ ਖ਼ਿਆਲ ਆਉਂਦਾ ਜੋ ਪਤੀ ਨਾਲੋਂ ਵੱਖ ਹੋ ਕੇ ਇਕੱਲੀ ਹੀ ਆਪਣੇ ਦਮ ’ਤੇ ਜੀਅ ਰਹੀ ਸੀ। ਤੇ ਕਦੇ ਉਸ ਅਣਜਾਣ ਹਮਸਫ਼ਰ ਦਾ ਖ਼ਿਆਲ ਆਉਂਦਾ ਜੋ ਪਿਛਲੇ ਇੱਕ ਸਾਲ ਤੋਂ ਜਿਵੇਂ ਉਸ ਦੇ ਜੁਆਬ ਦੀ ਉਡੀਕ ਕਰ ਰਿਹਾ ਸੀ ਦੋਸਤੀ ਦੇ ਸੁਆਲ ਲਈ।
ਹੋਰ ਵੀ ਅਨੇਕਾਂ ਘਟਨਾਵਾਂ ਰਿਸ਼ਮ ਦੇ ਮਨ ਅੰਦਰ ਘੁਸਪੈਠ ਕਰ ਰਹੀਆਂ ਸਨ।
ਸੋਚ ਰਹੀ ਸੀ ਕਿ ਕੀ ਵਾਕਈ ਉਸ ਨੂੰ ਅੱਪਡੇਟ ਹੋਣ ਦੀ ਜ਼ਰੂਰਤ ਹੈ? ਹੈ ਕੋਈ ਜਵਾਬ?
ਈ-ਮੇਲ: Virkramandeep74@icloud.com