ਸੰਤੋਖ ਸਿੰਘ ਧੀਰ ਸਾਹਿਤ ਜਗਤ ਦੀ ਪ੍ਰਗਤੀਵਾਦੀ ਬਗੀਚੀ ਦਾ ਅਜਿਹਾ ਗੁਲਾਬ ਹੈ ਜਿਸ ਦਾ ਆਪਣਾ ਨਿਆਰਾ ਤੇ ਨਿਵੇਕਲਾ ਦਾ ਰੰਗ ਅਤੇ ਖ਼ੁਸ਼ਬੋ ਹੈ। ਉਨ੍ਹਾਂ ਅਦਬ ਦੀ ਤਕਰੀਬਨ ਹਰ ਵਿਧਾ ’ਤੇ ਕਲਮ ਵਾਹੀ- ਕਵਿਤਾ, ਕਹਾਣੀ, ਨਾਵਲ, ਨਸਰ ਆਦਿ। ਉਨ੍ਹਾਂ ਦੀਆਂ ਕਹਾਣੀਆਂ ਪੜ੍ਹਦਿਆਂ ਪਾਠਕ ਉਸ ਮਾਹੌਲ ਦੇ ਰੂ-ਬ-ਰੂ ਹੁੰਦਾ ਹੈ ਜਿਹੜਾ ਉਨ੍ਹਾਂ ਵਕਤਾਂ ਦੇ ਸਮਾਜ ਦਾ ਧੜਕਦਾ ਹਿੱਸਾ ਹੈ। ‘ਸਵੇਰ ਹੋਣ ਤੱਕ’ ਉਨ੍ਹਾਂ ਦੀ ਸ਼ਾਹਕਾਰ ਕਹਾਣੀ ਹੈ ਜਿਹੜੀ 1950ਵਿਆਂ ਦੌਰਾਨ ਲਿਖੀ ਗਈ। ਇਸ ਕਹਾਣੀ ਅੰਦਰ ਕਿਸਾਨ ਦੀ ਵਿਥਿਆ ਬਿਆਨ ਕੀਤੀ ਗਈ ਹੈ। ਅੱਜ ਜਦੋਂ ਕਿਸਾਨ, ਖ਼ਾਸਕਰ ਪੰਜਾਬ ਦਾ ਕਿਸਾਨ ਆਪਣੀ ਹੋਣੀ ਖ਼ਾਤਿਰ ਸੜਕਾਂ ਉੱਤੇ ਉੱਤਰਿਆ ਹੋਇਆ ਹੈ ਤਾਂ ਸੰਤੋਖ ਸਿੰਘ ਧੀਰ ਦੀ ਇਹ ਕਹਾਣੀ ਚੇਤਿਆਂ ਵਿਚ ਉੱਭਰ ਆਉਂਦੀ ਹੈ। ਇਸ ਕਹਾਣੀ ਦਾ ਵਕਤ ਹਰੇ ਇਨਕਲਾਬ ਤੋਂ ਪਹਿਲਾਂ ਦਾ ਹੈ, ਪਰ ਇਸ ਇਨਕਲਾਬ ਦੀ ‘ਹਰਿਆਲੀ’ ਵੀ ਕਿਸਾਨ ਦਾ ਕੁਝ ਸੰਵਾਰ ਨਹੀਂ ਸਕੀ ਸਗੋਂ ਕਾਣੇ-ਮੀਣੇ ਵਿਕਾਸ ਮਾਡਲ ਵਾਲੇ ਇਸ ਇਨਕਲਾਬ ਨੇ ਕਿਸਾਨ ਨੂੰ ਅਜਿਹੀ ਹਨੇਰੀ ਗੁਫਾ ਵੱਲ ਧੱਕ ਦਿੱਤਾ ਜਿਸ ਵਿਚੋਂ ਬਾਹਰ ਨਿੱਕਲਣ ਲਈ ਇਸ ਨੂੰ ਅਜੇ ਕੋਈ ਲੜ-ਸਿਰਾ ਨਹੀਂ ਲੱਭ ਰਿਹਾ। ਇਹ ਕਹਾਣੀ ਕਿਸਾਨ ਦੇ ਤ੍ਰਾਸਦਿਕ ਹਾਲਾਤ ਨੂੰ ਬੜੀ ਬਾਰੀਕੀ ਨਾਲ ਪੇਸ਼ ਕਰਦੀ ਹੈ। ਜਾਪਦਾ ਹੈ ਜਿਵੇਂ ਕਹਾਣੀ ਕੱਲ੍ਹ ਹੀ ਲਿਖੀ ਗਈ ਹੋਵੇ। ਅੱਜ ਵੀ ਚੰਨਣ ਅਤੇ ਚੀਨਿਆਂ ਦੇ ਚੁਬਾਰੇ ਵਿਚਲਾ ਪਾੜਾ ਮੁੱਕਿਆ ਨਹੀਂ।
– ਜਸਵੀਰ ਸਮਰ
ਡੂੰਘੀ ਰਾਤ ਗਿਆਂ, ਚੰਨਣ ਜੱਟ, ਪੱਕੇ ਖੂਹ ਦੀਆਂ ਪੈਲੀਆਂ ਵਾਹ ਕੇ, ਥਕੇਵੇਂ ਦਾ ਝੰਭਿਆ, ਘਰ ਮੁੜਿਆ। ਹਾੜ੍ਹ ਦੇ ਪਹਿਲੇ ਮੀਂਹ ਨੇ ਸਾਉਣੀ ਦੀਆਂ ਬਿਜਾਈਆਂ ਲਈ ਜ਼ੋਰ ਪਾ ਦਿੱਤਾ ਸੀ। ਹੁਣ ਵੱਤ ਆਈ ਹੋਈ ਸੀ, ਫੇਰ ਪਤਾ ਨਹੀਂ ਝੜੀ ਲਗ ਜਾਵੇ, ਜਾਂ ਏਨੀ ਲੰਮੀ ਔੜ ਪਵੇ ਕਿ ਫ਼ਸਲਾਂ ਪਛੇਤੀਆਂ ਹੋ ਜਾਣ।
ਬਲਦਾਂ ਨੂੰ ਪੱਠੇ ਪਾ ਕੇ ਉਹਨੇ ਹੱਥ ਪੈਰ ਧੋਤੇ, ਕੋਠੇ ਉੱਤੇ ਰੋਟੀ ਖਾਧੀ ਤੇ ਅੱਖ ਦੱਬਣ ਲਈ ਮੰਜੇ ਉਤੇ ਟੇਢਾ ਹੋ ਗਿਆ। ਸਵੇਰੇ, ਵੱਡੇ ਤੜਕਿਓਂ ਜਾ ਕੇ ਮਾਰੂਆਂ ਦੀ ਟੁਕੜੀ ਵਿਚ ਜੁਆਰ ਦਾ ਛੱਟਾ ਖਿਲਾਰਨਾ ਤੇ ਫਿਰ ਆਥਣ ਜੋਤੇ ਪੱਕੇ ਖੂਹ ਦੀ ਦੋਹਰ ਕਰਕੇ ਮੱਕੀ ਬੀਜਣੀ ਸੀ।
ਸੁਖ ਵਿਚ ਲੱਤਾਂ ਲਮਿਆਰ ਕੇ ਉਹ ਖਿੜੇ ਹੋਏ ਤਾਰਿਆਂ ਵੱਲ ਤੱਕਦਾ ਨੀਂਦ ਦੇ ਲੋਰ ਵਿਚ ਅੱਖ ਲਾਉਣ ਹੀ ਲੱਗਿਆ ਸੀ ਕਿ ਨਾਲ ਦੇ ਕੋਠੇ ਉੱਤੋਂ ਮੰਜਾ ਡਾਹੁੰਦਿਆਂ ਘੁੱਦਾ ਬੋਲਿਆ, ‘‘ਜਾਣੀਦਾ ਪੱਕੇ ਕੀ ਸਾਰੀ ਖੱਤੀ ਵਾਹ ਆਇਆਂ ਚੰਨਣਾ, ਮਖਾਂ ਬੋਲਦਾ ਨ੍ਹੀਂ, ਥੱਕਿਆ ਹੋਇੰਗਾ?’’
ਚੰਨਣ ਮੰਜੇ ਉੱਤੇ ਪਿਆ ਪਿਆ ਬੋਲਿਆ, ‘‘ਓ ਮਖਾਂ ਹੁਣ ਕਾਹਨੂੰ ਰੜਕ ਰੱਖਣੀ ਐਂ- ਜੋਤਾ ਹੋਰ ਕਸ ਕੇ ਲਾ ਲਈਏ- ਇਕ ਤਾਂ ਬੌਲਦ ਨ੍ਹੀਂ ਤੁਰਦਾ ਸਾਲਾ, ਜਮਾ ਈ ਰਹਿ ਖੜਿਆ।’’
‘‘ਕਿਹੜਾ, ਮੀਣਾ?’’
‘‘ਨਹੀਂ, ਦੂਆ ਲਾਖਾ, ਡਿੰਗ ਈ ਨ੍ਹੀ ਪੱਟਦਾ ਬਰਾਬਰ, ਤਾਹੀਂ ਤਾਂ ਆਹ ਵੇਲਾ ਆ ਗਿਆ।’’
‘‘ਭਾਈ ਖਰਾਕ ਦੀ ਗੱਲ ਐ ਸਾਰੀ…!’’ ਘੁੱਦੇ ਨੇ ਰੱਬ ਲਗਦੀ ਆਖੀ।
‘‘ਖਰਾਕ ਹੁਣ ਪਾਈ ਤਾਂ ਜਾਨੇ ਆਂ… ਜਿੰਨੀ ਪਰੋਕੋਂ ਐ…।’’ ਚੰਨਣ ਦੀ ਵਾਜ ਵਿਚ ਬੇਵਸੀ ਸੀ।
‘‘ਆ…ਹੋ…।’’ ਘੁੱਦਾ ਮੰਜੇ ਉੱਤੇ ਟੇਢਾ ਹੋ ਗਿਆ।
ਤਾਰਿਆਂ ਭਰੀ ਨੀਲੀ ਛੱਤ ਵੱਲ ਤੱਕਦੇ ਚੰਨਣ ਦੀਆਂ ਅੱਖਾਂ ਵਿਚ ਊਂਘ ਆਉਣ ਲੱਗੀ। ਇਕ ਲੋਰ ਵਿਚ ਨੀਂਦ ਦਾ ਟੂਣਾ ਹੋ ਰਿਹਾ ਸੀ। ਤਾਰੇ ਉਹਦੀਆਂ ਅੱਖਾਂ ਵਿਚ ਧੂੜ ਦੇ ਕਿਣਕੇ ਕੇਰ ਗਏ ਤੇ ਪੱਕੇ ਖੂਹ ਦੇ ਲਹਿਰੀਏ ਸਿਆੜ ਉਹਦੇ ਸੁਫ਼ਨਿਆਂ ਵਿਚ ਫੈਲਣ ਲੱਗੇ। ਪਰਲੇ ਵਾਸ, ਟਿਕੀ ਰਾਤ ਵਿਚ ਟੌਂਕਰਦਾ ਕੁੱਤਾ ਨ੍ਹਿਮਾ ਹੁੰਦਾ ਉਹਦੀ ਸੁਰਤ ’ਚੋਂ ਵਿੱਸਰ ਗਿਆ।
ਛੰਨੇ ਵਿਚ ਦੁੱਧ ਲੈ ਕੇ, ਬਚਨੋ, ਚੰਨਣ ਦੇ ਮੰਜੇ ਕੋਲ ਆਈ, ‘‘ਲੈ ਫੜ, ਦੁੱਧ ਦੀ ਬੁਕ ਪੀ ਲੈ!’’
ਚੰਨਣ ਦਾ ਠੌਂਕਾ ਲੱਗ ਰਿਹਾ ਸੀ।
‘‘ਮਖਾਂ ਸੌਂ ਵੀ ਗਿਆ ਸੀਬੋ ਦਾ ਬਾਪੂ…?’’ ਉਹਨੇ ਚੰਨਣ ਦਾ ਮੋਢਾ ਝੂਣਿਆ।
‘‘ਹਾਂ ਹਾਂ…’’ ਚੰਨਣ ਅੱਭੜ ਕੇ ਬੋਲਿਆ।
‘‘ਲੈ ਫੜ, ਦੁੱਧ ਪੀ ਲੈ ਉੱਠ ਕੇ ਕੋਸਾ ਕੋਸਾ।’’
ਚੰਨਣ ਉੱਠ ਕੇ ਮੰਜੇ ਉਤੇ ਬਹਿ ਗਿਆ, ਤੇ ਦੁੱਧ ਦਾ ਛੰਨਾ ਫੜਕੇ ਊਂਘਦਾ ਊਂਘਦਾ ਪੀਣ ਲਗਾ। ਆਲੇ ਦੁਆਲੇ ਕੋਠਿਆਂ ਉੱਤੇ ਲੋਕ ਚੁੱਪਚਾਪ ਪਏ ਸਨ। ਘੁੱਦੇ ਦੀ ਵੀ ਅੱਖ ਲੱਗੀ ਜਾਪਦੀ ਸੀ। ਬਚਨੋਂ ਪੈਂਦ ਵੱਲ ਮੰਜੇ ਦੀ ਬਾਹੀ ਉੱਤੇ ਬਹਿ ਗਈ। ਲੋਹੜੇ ਦਾ ਵੱਟ ਹੋ ਰਿਹਾ ਸੀ। ਉਦੋਂ ਹੀ ਇਕ ਪਾਣੀ ਦਾ ਭਿੱਜਿਆ ਬੁੱਲਾ ਆਇਆ। ਦੂਰ, ਪਹਾੜ ਦੀ ਕੁੱਖ ਵਿਚ ਕਾਲੀ ਘਟਾ ਘਿਰੀ ਹੋਈ ਸੀ, ਜਿਸ ਵਿਚੋਂ ਕਦੇ ਕਦੇ ਬਿਜਲੀ ਅੱਖ ਮਾਰ ਜਾਂਦੀ। ਬਚਨੋ ਨੇ ਹੌਲੀ ਜੇਹੀ ਆਖਿਆ, ‘‘ਬੱਦਲ ਅੱਜ ਫੇਰ ਖੌਰੇ ਮੰਜੇ ਹੇਠਾਂ ਲੁਹਾ ਕੇ ਹਟੇ?’’
ਖ਼ਾਲੀ ਛੰਨਾ ਬਚਨੋ ਵੱਲ ਕਰਦਿਆਂ ਉਹਨੇ ਹੁੰਗਾਰਾ ਦਿੱਤਾ, ‘‘ਸੌਣਾ ਕਿਹੜਾ ਮਿਲਦੈ ਸਹੁਰਾ ਨੀਂਦ ਭਰ ਕੇ- ਦੋ ਰਾਤਾਂ ਹੋ ਗੀਆਂ ਇਸੇ ਤਰ੍ਹਾਂ…।’’
ਨੀਂਦ ਵਿਚ ਕੀਲਿਆ ਚੰਨਣ ਫੇਰ ਮੰਜੇ ਉੱਤੇ ਢੇਰੀ ਹੋ ਗਿਆ। ਪੈਂਦ ਪਈ ਖੇਸੀ ਉਹਨੇ ਟੰਗਾਂ ਉੱਤੇ ਖਿੱਚ ਲਈ। ਬਚਨੋ ਦੇ ਮੰਜੇ ਉੱਤੋਂ ਨਿੱਕੀ ਕੁੜੀ ਵਿਲਕ ਉੱਠੀ। ਉਹ ਉੱਠ ਕੇ ਉਹਦੇ ਨਾਲ ਜਾ ਪਈ। ਵੱਟ ਫੇਰ ਹੋ ਗਿਆ ਸੀ। ਅਧ-ਪਹਿਰ ਵੀ ਨਹੀਂ ਬੀਤਿਆ ਹੋਣਾ ਕਿ ਚੰਨਣ ਦੇ ਪਿੰਡੇ ਉੱਤੇ ਸੂਈ ਜੇਹੀ ਆ ਚੁਭੀ। ਉਹਨੇ ਪਾਸਾ ਪਰਤਿਆ। ਉਸੇ ਤਰ੍ਹਾਂ ਇਕ ਹੋਰ ਤੇ ਉਹਦੀ ਨੀਂਦ ਭੰਗ ਹੋਣ ਲੱਗੀ।
‘‘ਕਣੀ ਲੱਗ ਪਈ ਡਿੱਗਣ ਕੋਈ ਕੋਈ…!’’ ਉਹਦੇ ਕੰਨ-ਵਲੇਲ ਪਈ, ਜਿਵੇਂ ਘੁੱਦਾ ਆਪਣੇ ਮੰਜੇ ਤੋਂ ਬਿਰਕਿਆ ਹੋਵੇ।
‘‘ਮਖਾਂ ਸੀਬੋ ਦਾ ਬਾਪੂ…!’’ ਬਚਨੋਂ ਨੇ ਲਲਕਾਰ ਕੇ ਆਖਿਆ, ‘‘ਮੰਜੇ ਤਾਂ ਲਾਹੁਣੇ ਈ ਪੈਣਗੇ ਠਾਹਾਂ!’’
‘‘ਨੀ ਮਖਾਂ ਪਏ ਰਹੋ- ਕਿਤੇ ਨ੍ਹੀਂ ਪਰਲੋਂ ਆਉਂਦੀ!’’ ਚੰਨਣ ਨੇ ਖੇਸੀ ਹੋਰ ਉੱਤੇ ਖਿੱਚ ਕੇ ਸੁਆਰ ਲਈ।
‘‘ਫੇਰ ਹਬੜ ਦਬੜ ਪੈ ਜਾਣੀ ਐਂ…!’’ ਬਚਨੋ ਫ਼ਿਕਰ ਨਾਲ ਘਾਬਰਦੀ ਸੀ।
‘‘ਕਿਤੇ ਨ੍ਹੀਂ ਪੈਂਦੀ- ਤੂੰ ਪਈ ਰਹੁ।’’
ਗੱਲ ਅਜੇ ਚੰਨਣ ਦੇ ਮੂੰਹ ਵਿਚ ਹੀ ਸੀ ਕਿ ਮੋਟੇ ਮੋਟੇ ਕਣਿਆਂ ਨੇ ਇਕਦਮ ਹੱਲਾ ਬੋਲ ਦਿੱਤਾ। ਆਲੇ-ਦੁਆਲੇ ਸਾਰੇ ਕੋਠਿਆਂ ਉੱਤੇ ਹਫੜਾ ਦਫੜੀ ਮਚ ਗਈ। ਮੰਜੀਆਂ, ਪੰਘੂੜਿਆਂ ਉੱਤੇ ਜੁੱਲੀਆਂ, ਪਰੋਲਿਆਂ ਵਿਚ ਪਏ ਘੂਕ ਨਿਆਣੇ ਡੌਰ ਭੌਰ ਹੋ ਉੱਠੇ। ਚੰਨਣ ਬੌਂਦਲ ਕੇ ਮੰਜੇ ਉੱਤੇ ਦਰੀ ਦੀ ਪੂਣੀ ਕਰਨ ਲੱਗਾ। ਬਚਨੋ ਨੇ ਤਿੱਖੀ ਹੋ ਕੇ ਆਖਿਆ, ‘‘ਤੂੰ ਐਥੇ ਗਿਣਤੀਆਂ ਕੀ ਗਿਣੀ ਜਾਨੈ, ਉਤਰ ਕੇ ਮੰਜੇ ਫੜ, ਮੈਂ ਉਤੋਂ ਲਮਕਾਉਨੀ ਆਂ!’’
ਵਾਛੜ ਦੇ ਕਣਤਾਏ ਕੱਚ ਨੀਂਦਰੇ ਨਿਆਣੇ ਰੋਣ ਲੱਗੇ।
ਗਲੀ ਵਿਚ ਖਲੋ ਕੇ ਚੰਨਣ ਬਨੇਰੇ ਉੱਤੋਂ ਮੰਜੇ ਬਿਸਤਰੇ ਫੜਨ ਲੱਗਾ। ਬਚਨੋਂ ਮੀਂਹ ਵਿਚ ਬੌਂਦਲੀ ਛੇਤੀ ਛੇਤੀ ਲਮਕਾਈ ਜਾਂਦੀ ਸੀ। ਪਤਾ ਨਹੀਂ ਸੁੱਕੇ ਅੰਬਰ ਕਿੱਥੋਂ ਕਟਕ ਚੜ੍ਹ ਕੇ ਆ ਗਿਆ। ਦੇਖਦੇ ਹੀ ਦੇਖਦੇ ਪਣਤਾਲੇ ਚੱਲਣ ਲੱਗ ਪਏ।
ਦੀਵਾ ਬਾਲ ਕੇ ਮੀਂਹ ਵਿਚ ਭਿੱਜੇ ਸਿਜੇ ਨਿਆਣਿਆਂ ਨੂੰ ਚੰਨਣ ਨੇ ਮੰਜਿਆਂ ਉੱਤੇ ਸੁੱਟ ਦਿੱਤਾ। ਦਲਾਨ ਅਤੇ ਕੋਠੜੀਆਂ ਦੇ ਮੋਘੇ ਢਕ ਕੇ ਪਾਣੀ ਨਾਲ ਨੁੱਚੜਦੀ ਬਚਨੋ ਥੱਲੇ ਆ ਗਈ ਤੇ ਕੁੜਤੀ ਦਾ ਪੱਲਾ ਨਚੋੜਦੀ ਖਿੱਝ ਨਾਲ ਕੁੜ੍ਹ ਕੇ ਬੋਲੀ, ‘‘ਜੋਤੇ ਦੀ ਕਹਿਨੀਆਂ, ਬੱਦਲ ਸਿਰ ’ਤੇ ਖੜ੍ਹੈ, ਜੱਦੇ ਨੇ ਸਿਰ ਈ ਨ੍ਹੀਂ ਚੱਕਿਆ।’’
ਸਾਰੇ ਜਣੇ ਦਲਾਨ ਵਿਚ ਮੰਜੀਆਂ ਜੁੱਲੀਆਂ ਉੱਤੇ ਕਿਤੇ ਨਾ ਕਿਤੇ ਡਿੱਗ ਪਏ। ਛਾਛੜੇ ਦਾ ਮੀਂਹ ਜਿਵੇਂ ਆਇਆ ਸੀ, ਉਵੇਂ ਇਕਦਮ ਚਲਾ ਗਿਆ। ਪਣਤਾਲੇ ਹੌਲੀ ਹੌਲੀ ਹੁੰਦੇ ਤਤੀਰੀਆਂ ਵਿਚ ਰਹਿ ਗਏ। ਅੰਦਰ ਲੋਹੜੇ ਦਾ ਹੁੰਮ ਸੀ। ਹੌਲੀ ਹੌਲੀ ਹਵਾ ਬਿਲਕੁਲ ਬੰਦ ਹੋ ਗਈ। ਦੀਵੇ ਦੀ ਲਾਟ ਸਿੱਧੀ ਸਤੋਰ ਖੜ੍ਹੀ ਸੀ। ਤੋੜ ਤੋੜ ਖਾਂਦਾ ਮੱਛਰ ਕੰਨਾਂ ਕੋਲ ਬੀਨ ਵਜਾਉਂਦਾ ਸੀ। ਸੁੱਤੇ ਪਏ ਨਿਆਣੇ ਤ੍ਰੇਲੀਆਂ ਵਿਚ ਗੱਚ ਹੋ ਗਏ। ਤੱਤੀ ਹਵਾੜ ਨਾਲ ਘਰ ਭੱਠੇ ਵਾਂਗ ਤਪ ਰਿਹਾ ਸੀ। ਅੱਕਲਕਾਣ ਹੋਇਆ ਚੰਨਣ ਲੜਨ ਵਾਂਗ ਬੋਲਿਆ, ‘‘ਮੋਘਾ ਤਾਂ ਖੁੱਲ੍ਹਾ ਰਹਿਣ ਦਿੰਦੀ।’’
‘‘ਮੀਂਹ ਤਾਂ ਘਟ ਬੰਨ੍ਹ ਕੇ ਆ ਗਿਆ- ਫੇਰ ਕੌਣ ਜਾਂਦਾ ਉੱਪਰ?’’
‘‘ਅੰਦਰ ਤਾਂ ਅੱਗ ਲੱਗੀ ਜਾਂਦੀ ਐ- ਮੱਛਰ ਊਂ ਤੋੜ ਤੋੜ ਖਾਂਦੈ।’’ ਚੰਨਣ ਨੇ ਪਿੰਡਾ ਖੁਰਕਦਿਆਂ ਕਿਹਾ।
ਪਸੀਨੇ ਵਿਚ ਪਿਚਕੀ ਹੋਈ ਕੈਲੋ ਪੰਘੂੜੀ ਉੱਤੇ ਠਿਸ ਠਿਸ ਕਰਨ ਲੱਗੀ। ਵਿਲਕਦੀ ਛੋਟੀ ਕੁੜੀ ਬਚਨੋ ਤੋਂ ਨਾਲ ਨਹੀਂ ਸੀ ਲਾਈ ਜਾਂਦੀ। ਉਹਨੇ ਪੱਖੀ ਝਲ ਕੇ ਨਿਆਣੀ ਨੂੰ ਚੁੱਪ ਕਰਾਉਣਾ ਚਾਹਿਆ। ਵੱਡੀ ਕੁੜੀ, ਸੀਬੋ, ਪਾਣੀ ਪਾਣੀ ਹੋਈ ਆਪਣੇ ਪੰਘੂੜੇ ਉੱਤੇ ਉੱਠ ਬੈਠੀ, ‘‘ਬਾਬਾ ਨੀਂਦ ਕਿਹੜਾ ਆਉਂਦੀ ਐ…!’’
‘‘ਨੀ ਬੇਬੇ, ਆਪਾਂ ਦੀਵੇ ਈ ਬੁਝਾ ਦੋ…!’’ ਸੀਬੋ ਤੋਂ ਛੋਟਾ ਭਿੰਦਰ ਬੋਲਿਆ। ਉਹਨੂੰ ਦੀਵੇ ਦੇ ਚਾਨਣ ਤੋਂ ਵੀ ਸੇਕ ਆਉਂਦਾ ਜਾਪਦਾ ਸੀ।
ਚੰਨਣ ਉੱਠ ਕੇ ਬਾਹਰ ਗਲੀ ਵਿਚ ਆਇਆ, ‘‘ਕਣੀਆਂ ਤਾਂ ਬੰਦ ਨੇ- ਬੱਦਲ ਤਾਂ ਦੀਂਹਦਾ ਨ੍ਹੀ ਕਿਤੇ ਹੁਣ!’’
‘‘ਜੈ ਖਾਣਾ ਐਵੇਂ ਭਾਜੜ ਪਾ ਦਿੰਦੈ ਅੱਜਕੱਲ੍ਹ ਦਾ ਮੀਂਹ!’’ ਬਚਨੋ ਪਈ ਪਈ ਅੰਦਰੋਂ ਬੋਲੀ।
‘‘ਨੀ ਬੇਬੇ, ਗਲੀ ’ਚ ਕੱਢ ਲੋ ਮੰਜੇ…’’ ਸੀਬੋ ਨੇ ਕਾਹਲੀ ਪੈ ਕੇ ਆਖਿਆ।
‘‘ਆਹੋ ਮੁੰਨੀ, ਗਲੀ ਵਿਚੀ ਡਾਹ ਲੈਨੇ ਆਂ।’’ ਚੰਨਣ ਅੰਦਰ ਆ ਕੇ, ਬਾਹਰ ਕੱਢਣ ਲਈ, ਮੰਜਾ ਚੁੱਕਣ ਲੱਗਾ।
ਬਚਨੋ ਉੱਠ ਕੇ ਬੂਹੇ ਵਿਚ ਆਏ ਤੇ ਉੱਪਰ ਵੱਲ ਤੱਕਣ ਲੱਗੀ, ‘‘ਹੁਣ ਤਾਂ ਦੀਂਹਦਾ ਨ੍ਹੀਂ ਕਿਸੇ ਪਾਸੇ- ਐਨ ਸਾਫ਼ ਐ ਅੰਬਰ।’’
ਗੁਆਂਢੋਂ ਕੇਸਰੀ ਤਖਾਣੀ ਨੇ ਹੁੰਗਾਰਾ ਦਿੱਤਾ, ‘‘ਨੀ ਭਮਾਂ ਕੱਲਾ ਕੱਲਾ ਤਾਰਾ ਗਿਣ ਲੈ-ਜਦ ਔਂਦੈ, ਪਟਮੇਲੀ ਚੱਕ ਦਿੰਦੈ ਚੰਦਰਾ!’’
‘‘ਬਾਬਾ, ਮਾਲਕ ਨੂੰ ਕੌਣ ਕਹੇ…’’ ਉੱਤੇ ਚੜ੍ਹਾਉਣ ਲਈ, ਆਪਣੇ ਨੀਵੇਂ ਬਨੇਰੇ ਉੱਤੇ ਮੰਜੇ ਦੇ ਪਾਵੇ ਅੜਾਉਂਦਾ, ਘੁੱਦਾ ਬੋਲਿਆ।
‘‘ਮਖਾਂ ਹੁਣ ਉੱਤੇ ਈ ਚੜ੍ਹਾ ਮੰਜੇ- ਗਲੀ ’ਚ ਨ੍ਹੀਂ ਸੂਤ ਰਹਿਣੇ!’’ ਬਚਨੋ ਨੇ ਗਲੀ ਵਿਚ ਮੰਜਾ ਡਾਹੁੰਦੇ ਚੰਨਣ ਨੂੰ ਆਖਿਆ।
‘‘ਨੀ ਹੁਣ ਦੋ ਘੰਟੇ ਪਿੱਛੇ ਕਿੱਥੇ ਧੂਹ ਘੜੀਸ ਕਰੀਏ- ਰਾਤ ਅੱਧੀ ਟੁਟ ਚੱਲੀ- ਦੇਖ ਤਾਂ ਖਿੱਤੀਆਂ ਕਿੱਥੇ ਸਰਕ ਆਈਆਂ!’’
‘‘ਗਲੀ ’ਚ ਕੀਹਦਾ ਕੀਹਦਾ ਡਾਹੇਂਗਾ? ਨਾਲੇ ਸੌ ਡੰਗਰ, ਪਸ਼ੂ। ਤੂੰ ਚੱਲ ਉੱਤੇ, ਮੈਂ ਫੜਾਉਨੀ ਆਂ ਮੰਜੇ, ਘੜੀ ਰਾਮ ਨਾਲ ਤਾਂ ਲੰਘੇ।’’
‘‘ਚੰਗਾ ਫੇਰ, ਫੜਾ, ਸੀਬੇ ਚੱਕ ਤਾਂ ਭਾਈ ਨਿਆਣਿਆਂ ਨੂੰ, ਭਿੰਦਰ ਉੱਠ ਓਏ, ਮੰਜੇ ਕਢਾ ਬਾਹਰ!’’ ਕਹਿੰਦਿਆਂ ਚੰਨਣ ਪੌੜੀ ਦੇ ਡੰਡੇ ਚੜ੍ਹਦਾ ਬਨੇਰੇ ਉੱਤੇ ਜਾ ਬੈਠਿਆ।
ਬਚਨੋ ਨੇ ਬਾਹਾਂ ਉੱਤੇ ਸਹਾਰ ਕੇ ਮੰਜੇ ਤੇ ਬਿਸਤਰੇ ਫੜਾਏ। ਚੰਨਣ ਨੇ ਮੁੜ ਥਾਓਂ ਥਾਈਂ ਨਿਆਣਿਆਂ ਨੂੰ ਪਾਇਆ। ਬਚਨੋ ਨੇ ਦੀਵਾ ਬੁਝਾ ਕੇ ਜਿੰਦਾ ਲਾਇਆ ਤੇ ਪੌੜੀ ਦੇ ਸਿਖਰਲੇ ਡੰਡੇ ਚੜ੍ਹਦੀ ਬੋਲੀ, ‘‘ਹੇ ਬ੍ਹਾਗਰੂ- ਹੇਠਾਂ ਨਾਲੋਂ ਸਾਹ ਤਾਂ ਔਂਦੈ!’’
ਨਿਆਣਿਆਂ ਨੂੰ ਮੰਜੀਆਂ ਉੱਤੇ ਲਿਟਾ ਸੁਆਰ ਕੇ ਬਚਨੋ ਮੋਘਾ ਖੋਲ੍ਹਣ ਗਈ ਤਾਂ ਕੋਠੜੀ ਉੱਤੇ ਉਹਦੀ ਅੱਡੀ ਧਸ ਗਈ, ਤੇ ਫਿਰ ਮੁੜ ਕੇ ਆਉਂਦੀ ਦਾ ਬਨੇਰੇ ਉੱਤੇ ਪੈਰ ਤਿਲ੍ਹਕ ਗਿਆ। ਮਸੀਂ ਡਿੱਗਣ ਤੋਂ ਬਚਦੀ ਉਹ ਖਿਝ ਕੇ ਬੁੜਬੁੜਾਉਣ ਲੱਗੀ, ‘‘ਕੈ ਗੇਲ ਕਿਹੈ ਦੋਜਕੀ ਨੂੰ, ਰੋਹੀ ਆਲੀ ਕਿੱਕਰ ਵਢ ਕੇ ਦੋ ਖਣ ਉੱਤੇ ਛੱਤ ਲੈਨੇ ਆਂ- ਨਾਲੇ ਕੋਠੜੀ ਦੀਆਂ ਕੜੀਆਂ ਝਾੜਲਾਂਗੇ- ਜੱਟ ਨੇ ਇਕ ਨ੍ਹੀਂ ਸੁਣੀ- ਲੋਕੀਂ ਐਸ਼ਾਂ ਲੁੱਟਦੀ ਐ- ਐਥੇ ਜੂਨ ਕੱਟਣੀ…!’’ ‘‘ਨੀ ਹੁਣ ਤਿਹਾਸਮਾਂ ਛੱਤਣ ਬੈਠਾ ਮੈਂ ਕੁ!’’ ਉਹ ਕੋਠੇ ਜੇਡੀ ਧੀ ਦੇ ਕਾਰਜ ਬਾਰੇ ਆਖਣ ਲੱਗਾ ਸੀ ਕਿ ਉਹਨੂੰ ਕੋਲ ਪਈ ਮੁਟਿਆਰ ਧੀ ਦੀ ਲਿਹਾਜ ਮਾਰ ਗਈ।
‘‘ਓ ਤੈਂ ਕੀ ਲੱਲਰ ਲਾਉਣੈ…’’ ਲੜੂੰ ਲੜੂੰ ਕਰਦੀ ਉਹ ਮੰਜੇ ਕੋਲ ਆ ਗਈ।
‘‘ਚੰਗਾ ਪੈ ਜਾਹ ਹੁਣ ਰਾਮ ਨਾਲ- ਟੈੜ ਟੈੜ ਲਾਈ ਐ ਵਾਧੂ- ਆਪ ਤੋਂ ਨੀਮੇ ਅਲ ਦੇਖ ਕੇ ਡੰਗ ਨਿਕਲਦੈ!’’
‘‘ਆਹੋ ਭਾਈ ਆਹੋ, ਆਹ ਤਾਂ ਗੱਲ ਸੱਚ ਐ ਚੰਨਣ ਦੀ।’’ ਨਾਲ ਦੇ ਘਰ ਦੀ ਨੀਵੀਂ ਛੱਤ ਤੋਂ ਕਰਮ ਸਿਹੁੰ ਦੀ ਅੰਮਾਂ ਨੇ ਹਾਂ ਵਿਚ ਹਾਂ ਮਿਲਾਈ।
ਵੱਟ ਨਾਲ ਫੇਰ ਸਾਹ ਬੰਦ ਹੋਣ ਲੱਗਾ ਸੀ, ਜਿਵੇਂ ਮੀਂਹ ਕਦੇ ਵਰ੍ਹਿਆ ਹੀ ਨਹੀਂ ਹੁੰਦਾ। ਬੋਬੀ ਅਤਰੀ ਦੇ ਵਿਹੜੇ ਵਿਚ ਉੱਗੀ ਕਿੱਕਰ ਚੁੱਪਚਾਪ ਖਲੋਤੀ ਸੀ। ਗਰਮੀ ਨਾਲ ਜਿੱਚ ਹੋ ਕੇ ਚੰਨਣ ਕੁਦਰਤ ਦੇ ਪ੍ਰਬੰਧ ਵਿਰੁੱਧ ਬੋਲਿਆ, ‘‘ਕੋਈ ਚੰਦਰਾ ਪਾਪੀ ਬੈਠੈ ਪਹਿਰੇ ਉੱਤੇ ਅੱਜ ਤਾਂ- ਪੱਤਾ ਨ੍ਹੀਂ ਹਿਲਦਾ।’’
‘‘ਮਾੜੇ ਦਾ ਦੁੱਖ ਦੁੱਖ…!’’ ਹੇਠੋਂ, ਡੰਗਰਾਂ ਵਾਲੇ ਘਰ ਅੱਗੇ, ਗਲੀ ਵਿਚ ਮੰਜਾ ਡਾਹੀਂ ਪਿਆ ਮੈਂਗਲ ਵਿਹੜੇ ਆਲਾ ਬੋਲਿਆ। ਆਪਣੀ ਥਾਂ ਉਹ ਆਪ ਤਰਲੋਮੱਛੀ ਹੋ ਰਿਹਾ ਸੀ।
‘‘ਨੀ ਬੇਬੇ, ਮੱਛਰ ਲੜੀ ਜਾਂਦੈ!’’ ਭਿੰਦਰ ਮੰਜੇ ਦੀ ਦੌੜ ਉੱਤੇ ਗਿੱਟੇ ਰਗੜਦਾ ਬੋਲਿਆ।
ਬੋਬੀ ਅਤਰੀ ਦੀ ਕਿੱਕਰ ਦੀਆਂ ਟਹਿਣੀਆਂ ਥੋੜ੍ਹਾ ਥੋੜ੍ਹਾ ਹਿੱਲਣ ਲੱਗੀਆਂ। ਨਿੱਕੀ ਨਿੱਕੀ ਹਵਾ ਰੁਮਕ ਪਈ ਜਿਸ ਵਿਚ ਗਿੱਲੇ ਕੋਠਿਆਂ ਦੀ ਹਮਕ ਰਲੀ ਹੋਈ ਸੀ। ਘੁੱਦੇ ਨੇ ਸੁੱਖ ਦਾ ਸਾਹ ਲੈਂਦਿਆਂ ਆਪਣੇ ਮੰਜੇ ਤੋਂ ਕਿਹਾ, ‘‘ਲੈ ਬਈ ਚੰਨਣਾ, ਬਦਲ ਗਿਆ ਪਹਿਰਾ, ਆ ਬੈਠਾ ਕੋਈ ਧਰਮੀ ਪੁਰਸ਼।’’
‘‘ਆਹੋ ਪੁੱਤ…’’ ਦੂਰੋਂ ਕਰਮ ਸਿਹੁੰ ਦੀ ਅੰਮਾਂ ਬੋਲੀ, ‘‘ਧਰਮੀਆਂ ਦੀ ਕਿਹੜਾ ਤੋਟ ਐ ਜਗ ’ਚ।’’
‘‘ਅ੍ਹਾ ਤਾਂ ਕੋਈ ਧਰੂੰ ਐਂ ਧਰੂੰ ਅੰਮਾਂ!’’ ਘੁੱਦਾ ਰੁਮਕਦੀ ਪੌਣ ਦੇ ਬੁੱਲ੍ਹੇ ਲੁੱਟਦਾ ਬੋਲਿਆ।
ਚੰਨਣ ਦੀ ਅੱਖ ਲੱਗ ਰਹੀ ਸੀ। ਉਹਨੂੰ ਚੁੱਪ ਪਿਆ ਦੇਖ ਘੁੱਦੇ ਨੇ ਉੱਚੀ ਬੋਲ ਕੇ ਆਖਿਆ, ‘‘ਚੰਨਣਾ, ਓ ਚੰਨਣਾ!’’
‘‘ਹੋ…’’ ਚੰਨਣ ਸੁੱਤ-ਉਨੀਂਦਾ ਸੀ।
‘‘ਨੀਂਦ ਔਂਦੀ ਐ?’’
‘‘ਆਹੋ…’’
‘‘ਚੰਗਾ ਫੇਰ, ਸੌਂ ਜਾ!’’ ਘੁੱਦੇ ਨੇ ਆਪ ਵੀ ਪਾਸਾ ਪਰਤ ਲਿਆ।
ਨਿੱਕੀ ਨਿੱਕੀ ਪੌਣ ਨੇ ਜਿਵੇਂ ਸਭੋ ਦੁਖ ਧੋ ਦਿੱਤੇ। ਪੋਲੇ ਪੋਲੇ ਹੱਥੀਂ ਪਿਆਰ ਨਾਲ ਝਸਦੀ ਕੁਦਰਤ ਲੋਰੀਆਂ ਦੇ ਰਹੀ ਸੀ। ਹੌਲੀ ਹੌਲੀ ਸਾਰੇ ਸੌਂ ਗਏ। ਚੰਨਣ ਸਰ੍ਹਾਣੇ ਬਾਂਹ ਦੇ ਕੇ, ਪਾਸੇ ਭਾਰ, ਨੀਂਦ ਵਿਚ ਗੜੂੰਦ ਹੋ ਗਿਆ।
ਅਚਨਚੇਤ ਭੁੱਖੇ ਸ਼ੇਰ ਵਾਂਗ ਪਿੰਡ ਉੱਤੇ ਬੱਦਲ ਘੋਰਿਆ। ਅੱਭੜ ਕੇ ਚੰਨਣ ਦੀ ਅੱਖ ਖੁੱਲ੍ਹ ਗਈ। ਮੋਟੇ ਮੋਟੇ ਭੂਰੇ ਬੱਦਲ, ਚੰਨ ਨੂੰ ਝੱਫ ਕੇ ਅਸਮਾਨ ਉੱਤੇ ਫੈਲ ਰਹੇ ਸਨ। ਪਤਲਾ ਜਿਹਾ ਘਸਮੈਲਾ ਹਨੇਰਾ ਛਾਇਆ ਹੋਇਆ ਸੀ। ਚੰਨਣ ਉੱਠ ਕੇ ਮੰਜੇ ਉੱਤੇ ਬਹਿ ਗਿਆ ਤੇ ਪੈਰਾਂ ਨਾਲ ਜੁੱਤੀ ਟੋਹਣ ਲੱਗਾ।
ਚਿੱਟੇ ਚਾਨਣ ਦੀ ਇਕ ਤਾਰ ਜਿਹੀ ਤੇਜ਼ੀ ਨਾਲ ਚੀਨੀਆਂ ਦੇ ਚੁਬਾਰੇ ਉੱਤੇ ਲਰਜ਼ੀ ਤੇ ਅਗਲੇ ਛਿਣ ਜ਼ੋਰ ਨਾਲ ਬਿਜਲੀ ਡਿੱਗਣ ਦੀ ਵਾਜ ਆਈ। ਡਰ ਨਾਲ ਨਿਆਣੇ ਰੋਣ ਤੇ ਕੁੱਤੇ ਭੌਂਕਣ ਲੱਗੇ। ਰਾਮ ਰਾਮ ਹੋਣ ਲੱਗੀ। ਚੰਨਣ ਦੀਆਂ ਚੁੰਧਿਆਈਆਂ ਅੱਖਾਂ ਅੱਗੇ, ਹਨੇਰੇ ਵਿਚ, ਕੋਈ ਪੀਲੀ, ਹਰੀ ਤੇ ਲਾਲ ਤਾਰ ਅਜੇ ਤੱਕ ਲਰਜ਼ ਰਹੀ ਸੀ। ਹਵਾ ਦਾ ਇਕ ਤਿੱਖਾ ਬੁਲ੍ਹਾ ਕਿੱਕਰ ਦੀਆਂ ਟਹਿਣੀਆਂ ਵਿਚ ਉਲਝ ਰਿਹਾ ਸੀ।
‘‘ਘੇਸੂ ਫਿਰ ਜਾਇ ਇਹਨੂੰ…!’’ ਬਚਨੋ ਠਠੰਬਰ ਕੇ ਨਿੱਕੀ ਕੁੜੀ ਨੂੰ ਹਿੱਕ ਨਾਲ ਸਾਂਭਦੀ ਉੱਠੀ, ‘‘ਚੰਦਰਾ ਬਾਦ ਈ ਪੈ ਗਿਆ ਅੱਜ- ਖਬਰ ਨ੍ਹੀਂ ਕਿਧਰੋਂ ਆ ਗਿਆ ਚੜ੍ਹ ਕੇ!’’ ਤੇ ਉਹ ਚੰਨਣ ਨੂੰ ਫ਼ਿਕਰ ਨਾਲ ਉੱਚੀ ਬੋਲੀ, ‘‘ਹੁਣ ਤੂੰ ਬੈਠਾ ਕੀ ਸੋਚਦੈਂ, ਮੰਜੇ ਤਾਂ ਥੱਲੇ ਲਾਹੁਣੇ ਪੈਣਗੇ ਫੇਰ…!’’
‘‘ਥੱਲੇ ਕਿੱਥੇ ਲਾਹਾਂਗੇ ਹੁਣ…।’’ ਚੰਨਣ ਦੇ ਹੱਡ ਦੁਖ ਰਹੇ ਸਨ।
‘‘ਹੋਰ ਕੀ ਕਰੇਂਗਾ? ਦੇਖਦਾ ਨ੍ਹੀਂ, ਬੱਦਲ ਤਾਂ ਢਕੋ ਢਕੀ ਖੜ੍ਹੈ, ਉੱਠ, ਝਟ ਕਰ!’’
‘‘ਅਜਾਂ ਹੁਣ ਕਿਤੇ ਦੇਖਣ ਨੂੰ ਬੱਦਲ ਨ੍ਹੀਂ ਸੀ- ਘੰਟਾ ਪਹਿਲਾਂ।’’ ਘੁੱਦਾ ਆਪਣੇ ਮੰਜੇ ’ਤੇ ਉੱਠ ਕੇ ਬਹਿੰਦਾ ਬੋਲਿਆ।
ਹਵਾ ਥੰਮ ਗਈ। ਬੱਦਲ ਘੁਲਦਾ ਜਾਂਦਾ ਸੀ। ਚੀਨੀਏਂ, ਲੰਬੜ ਤੇ ਹੋਰ ਚੁਬਾਰਿਆਂ ਵਾਲੇ ਬੂਹੇ ਬਾਰੀਆਂ ਖੋਲ੍ਹੀ ਆਰਾਮ ਨਾਲ ਚੁਬਾਰਿਆਂ ਵਿਚ ਪਏ ਸਨ। ਚੰਨਣ ਨੇ ਇਕ ਪਲ ਸੋਚ ਕੇ ਆਖਿਆ, ‘‘ਨਿਆਣਿਆਂ ਦੀਆਂ ਮੰਜੀਆਂ ਝਲਿਆਨੀ ਹੇਠ ਕਰ ਦਿੰਨੇ ਆਂ, ਤੂੰ ਸੀਬੋ ਨਾਲ ਹੇਠ ਚਲੀ ਜਾਹ, ਮੈਂ ਹਾਲੇ ਇੱਥੇ ਈ…।’’
ਕੋਈ ਕੋਈ ਕਣੀ ਝਰਨ ਲੱਗ ਪਈ।
ਬਚਨੋ ਫ਼ਿਕਰ ਨਾਲ ਤੜਫ਼ ਕੇ ਬੋਲੀ, ‘‘ਓ ਤੇਰੀ ਤਾਂ ਮੱਤ ਮਾਰੀ ਗਈ, ਕੀ ਹਾਲ ਕਰਦੈ, ਝਲਿਆਨੀ ਹੇਠ ਕੀਹਨੂੰ ਕੀਹਨੂੰ ਪਾਇੰਗਾ? ਤੂੰ ਹੇਠ ਫੜਾ ਮੰਜੇ!’’
‘‘ਨੀ ਚੰਗਾ…!’’ ਉਹ ਅੱਕ ਕੇ ਭਾਰੇ ਸੰਘ ਨਾਲ ਉੱਚੀ ਚੀਕਿਆ।
ਬਚਨੋ ਤੇ ਸੀਬੋ ਛੇਤੀ ਛੇਤੀ ਕੱਪੜੇ ਵਲ੍ਹੇਟ ਤੇ ਨਿੱਕੇ ਨਿਆਣਿਆਂ ਨੂੰ ਸਾਂਭ ਕੇ ਥੱਲੇ ਚਲੀਆਂ ਗਈਆਂ। ਕੈਲੋ ਤੇ ਭਿੰਦੀ ਜਾਗੋ ਮੀਟੇ ਵਿਚ ਪੌੜੀ ਦੇ ਡੰਡੇ ਟੋਹ ਟੋਹ ਉਤਰਨ ਲੱਗੇ। ਉਹ ਆਪ ਉੱਤੇ ਹੀ ਪੈਂਦ ਵਲ ਦਰੀ ਇਕੱਠੀ ਕਰਕੇ ਘਰੋੜੇ ਟੇਡਾ ਹੋ ਗਿਆ।
ਕਣੀਆਂ ਡਿੱਗੀ ਜਾਂਦੀਆਂ ਸਨ।
‘‘ਅੱਜ ਨ੍ਹੀਂ ਬਈ ਸੌਣ ਦਿੰਦਾ ਚੰਨਣਾ!’’ ਕਣੀਆਂ ਤੋਂ ਕਾਣਤ ਕੇ ਘੁੱਦਾ ਬੋਲਿਆ।
‘‘ਓ ਸਾਡੀ ਤਾਂ ਜੂਨ ਈ ਮਾੜੀ ਐ- ਨਾ ਦਿਨ ਨੂੰ ਚੈਨ, ਨਾ ਰਾਤ ਨੂੰ ਨੀਂਦ।’’ ਚੰਨਣ ਦੀਆਂ ਅੱਖਾਂ ਵਿਚ ਰੋੜ ਰੜਕ ਰਹੇ ਸਨ।
‘‘ਮੌਜਾਂ ਤਾਂ ਚਬਾਰਿਆਂ ਆਲੇ ਲੁਟਦੇ ਨੇ…’’ ਚੀਨੀਆਂ ਦੇ ਚੁਬਾਰੇ ਵਿਚ ਦੀਵੇ ਦੀ ਲੋਅ ਦੇਖ ਕੇ ਘੁੱਦੇ ਨੇ ਈਰਖਾ ਨਾਲ ਕਿਹਾ।
‘‘ਕੁਦਰਤ ਐ ਭਾਈ ਮਾਲਕ ਦੀ!’’ ਚੰਨਣ ਨੇ ਹਾਉਕਾ ਲਿਆ, ‘‘ਘਰਦੀ ਤੰਗੀ ਬੁਰੀ। ਰਾਤ ਕਿੰਨੀ ਕੁ ਰਹਿੰਦੀ ਹੋਣੀ ਐਂ ਘੁੱਦਿਆ ਅਜੇ?’’
‘‘ਬਥੇਰੀ ਪਈ ਐ ਹਾਲੇ…’’
‘‘ਕਿਤੇ ਬੱਦਲਾਂ ਕਰਕੇ ਈ ਨ੍ਹੇਰਾ ਤਾਂ ਨ੍ਹੀਂ?’’
‘‘ਕਾਹਨੂੰ- ਅੱਧੀ ਰਾਤ ਲੰਘੀ ਐ ਮਸੀਂ, ਹਾਲੇ ਤਾਰਾ ਵੀ ਨ੍ਹੀਂ ਚੜ੍ਹਿਆ ਹੋਣਾ, ਬੱਦਲਾਂ ਕਰਕੇ ਦਿਖਦਾ ਨ੍ਹੀਂ ਇਕ ਤਾਂ ਅੱਜ- ਤੈਂ ਚਰਾਂਦੀਂ ਜਾਣਾ ਹੋਣੈ?’’
‘‘ਆਹੋ…’’
‘‘ਫੇਰ ਪਿਆ ਰਹੁ ਹਾਲੇ- ਬਥੇਰੀ ਡੇਰ ਐ ਘੜੀ ਅਰਾਮ ਵੀ ਚਾਹੀਦੈ ਬੰਦੇ ਨੂੰ।’’ ‘‘ਓਏ ਜੱਟ ਨੂੰ ’ਰਾਮ ਕਿੱਥੇ!’’
‘‘ਉਹ ਤਾਂ ਤੇਰੀ ਗੱਲ ਠੀਕ ਐ।’’ ਘੁੱਦਾ ਹੁੰਗਾਰਾ ਦੇ ਕੇ ਚੁੱਪ ਕਰ ਗਿਆ।
ਨਿੱਕਾ ਨਿੱਕਾ ਝਰਦੀਆਂ ਕਣੀਆਂ ਹੌਲੀ ਹੌਲੀ ਹੋਰ ਛਿੱਦੀਆਂ ਹੋ ਗਈਆਂ। ਘੁਲੇ ਹੋਏ ਬੱਦਲਾਂ ਥੱਲੇ ਅੜ ਖਲੋਏ ਹੁੰਮਸ ਨੂੰ ਹਵਾ ਦੇ ਆਪਹੁਦਰੇ ਬੁਲ੍ਹਿਆਂ ਨੇ ਲੀਰ ਲੀਰ ਕਰ ਦਿੱਤਾ ਤੇ ਘੁੱਦੇ ਅਤੇ ਚੰਨਣ ਦੀਆਂ ਆਪੋ ਵਿਚ ਦੀਆਂ ਗੱਲਾਂ ਮਿੱਠੇ ਮਿੱਠੇ ਲੋਰ ਵਿਚ ਮੁੱਕ ਗਈਆਂ। ਚੰਨਣ ਦੀਆਂ ਅੱਖਾਂ ਭਾਵੇਂ ਮਿਚੀਆਂ ਹੋਈਆਂ ਸਨ, ਪਰ ਹੁਣ ਉਹਦੇ ਮਨ ਵਿਚ ਨਵੀਂ ਧੁਖਧੁਖੀ ਸੀ: ‘ਕਿਤੇ ਪਿਆਂ ਹੀ ਦਿਨ ਨਾ ਚੜ੍ਹ ਜਾਵੇ…!’ ਉਹਨੇ ਸੁੱਤੇ ਸੁੱਤਿਆਂ ਆਪਣਾ ਕੰਨ ਗਲੀ ਦੀ ਵਿੜਕ ਉੱਤੇ ਲਾ ਛੱਡਿਆ ਸੀ।
ਕਣੀਆਂ ਦੀ ਕਾਣਤ, ਹੱਡਾਂ ਦਾ ਥਕੇਵਾਂ ਤੇ ਘੁੱਦੇ ਦੀਆਂ ਗੱਲਾਂ ਤੋਂ ਵਿਸਰ ਕੇ ਉਹ ਮਾਰੂਆਂ ਦੀ ਖੱਤੀ ਵੱਲ ਚਲਾ ਗਿਆ: ਪਹੁ ਫੁਟ ਰਹੀ ਸੀ। ਆਲੇ-ਦੁਆਲੇ ਲੋਕਾਂ ਦੀਆਂ ਚਰ੍ਹੀਆਂ ਪੁੰਗਰ ਕੇ ਨਰਮ ਨਰਮ ਹਵਾ ਵਿਚ ਕੰਬ ਰਹੀਆਂ ਸਨ। ਮੋਠਾਂ, ਮਾਹਾਂ, ਗੁਆਰੇ ਤੇ ਮੂੰਗੀਆਂ ਨੇ ਕੰਨ ਚੁੱਕ ਲਏ ਸਨ। ਪਰ੍ਹੇ, ਟਿੱਬੀ ਉੱਤੇ ਜੀਤੇ ਲੰਬੜ ਦਾ ਹਲ ਵਗਦਾ ਸੀ। ਟੱਲੀਆਂ ਦੀ ਨ੍ਹਿਮੀ ਨ੍ਹਿਮੀ ਵਾਜ ਉੱਤੇ ਮਿਰਜ਼ੇ ਦੀ ਕਲੀ ਉੱਚੀ ਉੱਠ ਰਹੀ ਸੀ…
ਉਹ ਹੜਬੜਾ ਕੇ ਉੱਠਿਆ। ਬਨੇਰੇ ਉੱਤੇ, ਮੂੰਹ-ਹਨੇਰੇ ਵਿਚ, ਕੁੱਕੜ ਬਾਂਗਾਂ ਦੇ ਰਿਹਾ ਸੀ। ਗਲੀ ਵਿਚੋਂ ਲੰਘਦੇ ਬਦਲਾਂ ਦੀਆਂ ਟੱਲੀਆਂ ਟਣਕ ਰਹੀਆਂ ਸਨ ਤੇ ਪਹੁ ਦੀ ਲੋਅ, ਬੱਦਲਾਂ ਪਿੱਛੋਂ ਫੁੱਟਣ ਹੀ ਵਾਲੀ ਸੀ।
ਵਿਹੜੇ ’ਚੋਂ ਬਲਦਾਂ ਨੂੰ ਖੋਲ੍ਹ ਕੇ ਟਿੱਬੀ ਵੱਲ ਤੁਰਦਾ ਚੰਨਣ ਬੋਲਿਆ, ‘‘ਹਾਜ਼ਰੀ ਦੇ ਕੇ ਸੀਬੋ ਨੂੰ ਛੇਤੀ ਘੱਲ ਦਈਂ ਬਚਨ ਕੁਰੇ, ਚਾਹ ਰਤੀ ਕੈੜੀ ਰੱਖੀਂ…’’ ਉਹਦਾ ਬੋਲ ਪਾਟੇ ਹੋਏ ਬਾਂਸ ਵਰਗਾ ਸੀ।