ਬੇਲੋੜੀਆਂ ਸਰਜਰੀਆਂ ਅਤੇ ਅਨੈਤਿਕ ਡਾਕਟਰੀ ਗਤੀਵਿਧੀਆਂ
ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਲੰਮੇ ਸਮੇਂ ਤੋਂ ਅਨੈਤਿਕ ਡਾਕਟਰੀ ਗਤੀਵਿਧੀਆਂ ਦੇ ਘੇਰੇ ਵਿੱਚ ਘੁੰਮ ਰਹੀ ਹੈ, ਜਿਸ ਵਿੱਚ ਬੇਲੋੜੀਆਂ ਸਰਜਰੀਆਂ, ਫਰਜ਼ੀ ਬਿਲਿੰਗ ਅਤੇ ਸਿਹਤ ਬੀਮਾ ਯੋਜਨਾਵਾਂ ਦੀ ਦੁਰਵਰਤੋਂ ਸ਼ਾਮਲ ਹੈ। ਇਹ ਮੁੱਦੇ ਇਕੱਲੇ-ਦੁਕੱਲੇ ਨਹੀਂ ਸਗੋਂ ਪੂਰੀ ਪ੍ਰਣਾਲੀ ਦਾ ਹਿੱਸਾ...
ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਲੰਮੇ ਸਮੇਂ ਤੋਂ ਅਨੈਤਿਕ ਡਾਕਟਰੀ ਗਤੀਵਿਧੀਆਂ ਦੇ ਘੇਰੇ ਵਿੱਚ ਘੁੰਮ ਰਹੀ ਹੈ, ਜਿਸ ਵਿੱਚ ਬੇਲੋੜੀਆਂ ਸਰਜਰੀਆਂ, ਫਰਜ਼ੀ ਬਿਲਿੰਗ ਅਤੇ ਸਿਹਤ ਬੀਮਾ ਯੋਜਨਾਵਾਂ ਦੀ ਦੁਰਵਰਤੋਂ ਸ਼ਾਮਲ ਹੈ। ਇਹ ਮੁੱਦੇ ਇਕੱਲੇ-ਦੁਕੱਲੇ ਨਹੀਂ ਸਗੋਂ ਪੂਰੀ ਪ੍ਰਣਾਲੀ ਦਾ ਹਿੱਸਾ ਹਨ, ਜੋ ਸਿਹਤ ਖੇਤਰ ਦੇ ਵਪਾਰੀਕਰਨ ਅਤੇ ਮੁਨਾਫ਼ੇ ਦੇ ਲਾਲਚ ਕਾਰਨ ਪੈਦਾ ਹੋਏ ਹਨ। ਬੇਲੋੜੇ ਡਾਕਟਰੀ ਦਖ਼ਲ ਮਰੀਜ਼ਾਂ ਨੂੰ ਸਰੀਰਕ ਨੁਕਸਾਨ, ਪਰਿਵਾਰਾਂ ਨੂੰ ਆਰਥਿਕ ਕੰਗਾਲੀ ਅਤੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਭਰੋਸੇ ਦੀ ਕਮੀ ਵੱਲ ਲੈ ਜਾਂਦੇ ਹਨ।
ਬੇਲੋੜੀਆਂ ਅਤੇ ਫਰਜ਼ੀ ਸਰਜਰੀਆਂ ਹੋ ਰਹੀਆਂ ਹਨ। ਸਰਕਾਰੀ ਸਿਹਤ ਯੋਜਨਾਵਾਂ ਦੀ ਦੁਰਵਰਤੋਂ ਹੋ ਰਹੀ ਹੈ। ਆਯੂਸ਼ਮਾਨ ਭਾਰਤ - PMJAY ਸਰਕਾਰੀ ਬੀਮਾ ਯੋਜਨਾ ਤਹਿਤ ਸਿਹਤ ਮੰਤਰਾਲੇ ਨੇ ਧੋਖਾਧੜੀ ਦੇ ਲਗਭਗ 3.42 ਲੱਖ ਮਾਮਲੇ ਦਰਜ ਕੀਤੇ ਹਨ। ਕਈ ਹਸਪਤਾਲਾਂ ਨੂੰ ਫਰਜ਼ੀ ਬਿੱਲ ਜਮ੍ਹਾਂ ਕਰਨ ਜਾਂ ਗ਼ੈਰ-ਮੌਜੂਦ ਇਲਾਜਾਂ ਦੇ ਦਾਅਵੇ ਕਰਨ ਕਰ ਕੇ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਜਾਂ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਬਾਵਜੂਦ ਬੇਲੋੜੀਆਂ ਦਿਲ ਦੀਆਂ ਸਰਜਰੀਆਂ ਅਤੇ ਹੋਰ ਵੱਡੇ ਆਪਰੇਸ਼ਨ ਧੜੱਲੇ ਨਾਲ ਕੀਤੇ ਜਾਂਦੇ ਹਨ।
ਇੱਕ ਤਫ਼ਤੀਸ਼ੀ ਰਿਪੋਰਟ ਤੋਂ ਬਾਅਦ ਗੁਜਰਾਤ ਦੇ ਜਾਮਨਗਰ ਵਿੱਚ ਇੱਕ ਸੰਸਥਾ ਵਿੱਚ 100 ਤੋਂ ਵੱਧ ਬੇਲੋੜੀਆਂ ਦਿਲ ਦੀਆਂ ਸਰਜਰੀਆਂ ਦਾ ਪਰਦਾਫਾਸ਼ ਹੋਇਆ, ਜਿਸ ਤੋਂ ਬਾਅਦ ਸਬੰਧਿਤ ਸਰਜਨ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ।
ਕਈ ਰਾਜਾਂ (ਜਿਵੇਂ ਰਾਜਸਥਾਨ, ਆਂਧਰਾ ਪ੍ਰਦੇਸ਼, ਬਿਹਾਰ) ਵਿੱਚ ਬਿਨਾਂ ਕਿਸੇ ਠੋਸ ਡਾਕਟਰੀ ਕਾਰਨ ਦੇ ਬੱਚੇਦਾਨੀ ਕੱਢਣ ਦੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ, ਖ਼ਾਸ ਕਰਕੇ ਗੰਨਾ ਕੱਟਣ ਵਾਲੀਆਂ ਮਜ਼ਦੂਰ ਔਰਤਾਂ ਵਿੱਚ ਬੇਲੋੜੀਆਂ ਸਰਜਰੀਆਂ ਨੂੰ ਰੋਕਣ ਲਈ ਵਿਸ਼ੇਸ਼ ਸੈੱਲ ਬਣਾਏ ਗਏ ਹਨ।
ਖੋਜ ਰਿਪੋਰਟਾਂ ਅਨੁਸਾਰ ਜ਼ਿਆਦਾਤਰ ਬੇਲੋੜੇ ਇਲਾਜ ਦੇ ਆਮ ਰੁਝਾਨ ਦਿਲ ਦੇ ਇਲਾਜਾਂ ਤੋਂ ਲੈ ਕੇ ਗੋਡੇ ਬਦਲਣ ਅਤੇ ਕੈਂਸਰ ਦੇ ਆਪਰੇਸ਼ਨਾਂ ਤੱਕ ਮਿਲਦੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਸਰਜਰੀਆਂ ਸਿਰਫ਼ ਵਿੱਤੀ ਲਾਭ ਲਈ ਕੀਤੀਆਂ ਜਾਂਦੀਆਂ ਹਨ ਜੋ ਕਿ ਟਾਲੀਆਂ ਜਾ ਸਕਦੀਆਂ ਸਨ।
ਹੋਰ ਵੀ ਅਨੈਤਿਕ ਡਾਕਟਰੀ ਗਤੀਵਿਧੀਆਂ ਹੋ ਰਹੀਆਂ ਹਨ, ਜਿਵੇਂ ਫਰਜ਼ੀ ਬਿਲਿੰਗ ਅਤੇ ਬੀਮਾ ਦੁਰਵਰਤੋਂ ਹੋ ਰਹੀ ਹੈ।
ਹਸਪਤਾਲ ਉਨ੍ਹਾਂ ਟੈਸਟਾਂ ਜਾਂ ਇਲਾਜਾਂ ਦੇ ਪੈਸੇ ਵਸੂਲਦੇ ਹਨ ਜੋ ਕਦੇ ਕੀਤੇ ਹੀ ਨਹੀਂ ਗਏ।
ਰਿਪੋਰਟਾਂ ਅਤੇ ਜਾਂਚ ਵਿੱਚ ਹੇਰਾਫੇਰੀ ਦੇ ਕਿੱਸੇ ਸਾਹਮਣੇ ਆ ਰਹੇ ਹਨ।
ਕਈ ਵਾਰ ਫਰਜ਼ੀ ਕੈਂਸਰ ਰਿਪੋਰਟਾਂ ਤਿਆਰ ਕਰਕੇ ਬੇਲੋੜੀਆਂ ਸਰਜਰੀਆਂ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ।
ਇਨ੍ਹਾਂ ਘਟਨਾਵਾਂ ਪਿੱਛੇ ਡਾਕਟਰਾਂ ’ਤੇ ਵਪਾਰਕ ਦਬਾਅ ਵੀ ਬਹੁਤ ਵੱਡੀ ਵਜ੍ਹਾ ਹੈ। ਕਾਰਪੋਰੇਟ ਹਸਪਤਾਲ ਅਕਸਰ ਡਾਕਟਰਾਂ ਨੂੰ ਆਮਦਨ ਦੇ ਟੀਚੇ (Targets) ਦਿੰਦੇ ਹਨ, ਜੋ ਉਨ੍ਹਾਂ ਨੂੰ ਜ਼ਿਆਦਾ ਟੈਸਟ ਅਤੇ ਸਰਜਰੀਆਂ ਲਿਖਣ ਲਈ ਮਜਬੂਰ ਕਰਦੇ ਹਨ।
ਮਰੀਜ਼ਾਂ ਨੂੰ ਡਰਾਉਣਾ ਇੱਕ ਆਮ ਵਰਤਾਰਾ ਬਣ ਗਿਆ ਹੈ। ਮਰੀਜ਼ਾਂ ਨੂੰ ਪੂਰੀ ਜਾਣਕਾਰੀ ਦਿੱਤੇ ਬਿਨਾਂ ਜਾਂ ਡਰਾ ਕੇ ਸਹਿਮਤੀ ਲਈ ਜਾਂਦੀ ਹੈ।
ਲਾਪਰਵਾਹੀ ਦੇ ਮਾਮਲੇ ਨਿੱਤ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਦੇ ਹਨ।
ਅਪਰੇਸ਼ਨ ਦੌਰਾਨ ਸਰੀਰ ਅੰਦਰ ਕੈਂਚੀ ਜਾਂ ਹੋਰ ਸੰਦ ਛੱਡ ਦੇਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਢਾਂਚਾਗਤ ਕਮੀਆਂ ਦਾ ਮੁੱਖ ਕਾਰਨ ਸਿਹਤ ਸੰਭਾਲ ਵਿੱਚ ਮੁਨਾਫ਼ਾਖੋਰੀ ਦੀ ਦੌੜ ਹੈ, ਜਿਸ ਕਰਕੇ ਪ੍ਰਾਈਵੇਟ ਹਸਪਤਾਲ ਮਰੀਜ਼ ਦੀ ਭਲਾਈ ਨਾਲੋਂ ਵੱਧ ਤਰਜੀਹ ਪੈਸੇ ਕਮਾਉਣ ਨੂੰ ਦਿੰਦੇ ਹਨ।
ਛੋਟੇ ਨਿੱਜੀ ਹਸਪਤਾਲਾਂ ’ਤੇ ਸਰਕਾਰੀ ਨਿਗਰਾਨੀ ਦੀ ਘਾਟ ਕਾਰਨ ਅਜਿਹੀਆਂ ਗਤੀਵਿਧੀਆਂ ਵਧਦੀਆਂ ਹਨ।ਮਰੀਜ਼ਾਂ ਵਿੱਚ ਜਾਗਰੂਕਤਾ ਦੀ ਕਮੀ ਵੀ ਇਸ ਦਾ ਕਾਰਨ ਬਣਦੀ ਹੈ।
ਡਾਕਟਰੀ ਜਾਣਕਾਰੀ ਦੀ ਘਾਟ ਕਾਰਨ ਮਰੀਜ਼ ਆਸਾਨੀ ਨਾਲ ਗੁੰਮਰਾਹ ਹੋ ਜਾਂਦੇ ਹਨ। ਡਾਕਟਰੀ ਨੈਤਿਕਤਾ ਛਿੱਕੇ ਟੰਗ ਦਿੱਤੀ ਜਾਂਦੀ ਹੈ। ਭਾਰਤੀ ਡਾਕਟਰੀ ਨਿਯਮਾਂ ਅਨੁਸਾਰ ਹਰ ਸਰਜਰੀ ਦਾ ਡਾਕਟਰੀ ਆਧਾਰ ਹੋਣਾ ਚਾਹੀਦਾ ਹੈ ਅਤੇ ਮਰੀਜ਼ ਦੀ ਪੂਰੀ ਸਹਿਮਤੀ ਜ਼ਰੂਰੀ ਹੈ।
ਕਾਨੂੰਨ ਅਤੇ ਸਜ਼ਾ ਦੇ ਪ੍ਰਾਵਧਾਨ ਹੋਣ ਦੇ ਬਾਵਜੂਦ ਇਹ ਸਭ ਕੁਝ ਹੋ ਰਿਹਾ ਹੈ। ਧੋਖਾਧੜੀ ਨਾਲ ਬੇਲੋੜੀ ਸਰਜਰੀ ਕਰਨਾ ਭਾਰਤੀ ਦੰਡਾਵਲੀ (IPC) ਤਹਿਤ ਅਪਰਾਧ ਹੈ। ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਿਲ ਡਾਕਟਰ ਦਾ ਲਾਇਸੈਂਸ ਰੱਦ ਹੋ ਸਕਦਾ ਹੈ ਅਤੇ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ।
ਮਰੀਜ਼ਾਂ ਨੂੰ ਖ਼ੁਦ ਜਾਗਰੂਕ ਹੋਣ ਦੀ ਵੀ ਲੋੜ ਹੈ। ਉਪਭੋਗਤਾ ਸੁਰੱਖਿਆ ਲਈ ਬਹੁਤ ਸਾਰੇ ਕਾਨੂੰਨ ਬਣਾਏ ਗਏ ਹਨ। ਮਰੀਜ਼ ਡਾਕਟਰੀ ਲਾਪਰਵਾਹੀ ਲਈ ਮੁਆਵਜ਼ੇ ਦੀ ਮੰਗ ਕਰ ਸਕਦੇ ਹਨ।
ਇਸ ਵਿਗੜਦੇ ਇਲਾਜ ਢਾਂਚੇ ਦਾ ਮਰੀਜ਼ਾਂ ਅਤੇ ਸਮਾਜ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਸਰੀਰਕ ਨੁਕਸਾਨ ਹੋ ਰਿਹਾ ਹੈ ਕਿਉਂਕਿ ਬੇਲੋੜੀਆਂ ਸਰਜਰੀਆਂ ਨਾਲ ਉਮਰ ਭਰ ਦੀਆਂ ਬਿਮਾਰੀਆਂ ਜਾਂ ਮੌਤ ਦਾ ਖ਼ਤਰਾ ਵਧਦਾ ਹੈ। ਆਰਥਿਕ ਬੋਝ ਨਾਲ ਪਰਿਵਾਰ ਤਬਾਹ ਹੋ ਰਹੇ ਹਨ ਕਿਉਂਕਿ ਮਹਿੰਗੇ ਇਲਾਜ ਅਤੇ ਫਰਜ਼ੀ ਬਿੱਲ ਪਰਿਵਾਰਾਂ ਨੂੰ ਕਰਜ਼ੇ ਹੇਠ ਦੱਬ ਦਿੰਦੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਡਾਕਟਰਾਂ ਅਤੇ ਹਸਪਤਾਲਾਂ ਪ੍ਰਤੀ ਜਨਤਾ ਦਾ ਵਿਸ਼ਵਾਸ ਘਟਦਾ ਹੈ। ਰੱਬ ਕਹੇ ਜਾਣ ਵਾਲੇ ਡਾਕਟਰਾਂ ਦਾ ਅਕਸ ਹੈਵਾਨੀਅਤ ਵਾਲਾ ਬਣਦਾ ਜਾ ਰਿਹਾ ਹੈ।
ਇਸ ਸਭ ਕਾਸੇ ਲਈ ਕੁਝ ਸੁਝਾਅ ਅਤੇ ਸਿਫ਼ਾਰਿਸ਼ਾਂ ਹਨ। ਸਰਕਾਰ ਅਤੇ ਰੈਗੂਲੇਟਰਾਂ ਲਈ ਇਹ ਲਾਜ਼ਮੀ ਹੋਵੇ ਕਿ ਸਾਰੇ ਹਸਪਤਾਲਾਂ ਦੀ ਨਿਯਮਿਤ ਆਡਿਟ ਅਤੇ ਜਾਂਚ ਸਖ਼ਤ ਕੀਤੀ ਜਾਵੇ। ਧੋਖਾਧੜੀ ਕਰਨ ਵਾਲੇ ਹਸਪਤਾਲਾਂ ਲਈ ਸਖ਼ਤ ਸਜ਼ਾਵਾਂ ਹੋਣ।
ਡਾਕਟਰਾਂ ਲਈ ਜ਼ਰੂਰੀ ਹੈ ਕਿ ਨੈਤਿਕ ਮਿਆਰਾਂ ਅਤੇ ਮਰੀਜ਼ਾਂ ਦੀ ਭਲਾਈ ਨੂੰ ਪਹਿਲ ਦਿੱਤੀ ਜਾਵੇ। ਸਹੀ ਜਾਣਕਾਰੀ ਅਤੇ ਸਬੂਤਾਂ ਦੇ ਆਧਾਰ ’ਤੇ ਫ਼ੈਸਲੇ ਲੈਣ ਦੀ ਸਿਖਲਾਈ ਦਿੱਤੀ ਜਾਵੇ।
ਮਰੀਜ਼ਾਂ ਅਤੇ ਜਨਤਾ ਲਈ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਵੀ ਵੱਡੀ ਸਰਜਰੀ ਤੋਂ ਪਹਿਲਾਂ ਦੂਜੇ ਡਾਕਟਰ ਦੀ ਸਲਾਹ (Second Opinion) ਜ਼ਰੂਰ ਲੈਣ। ਇਲਾਜ ਅਤੇ ਖ਼ਤਰਿਆਂ ਬਾਰੇ ਲਿਖਤੀ ਜਾਣਕਾਰੀ ਦੀ ਮੰਗ ਕਰਨ ਅਤੇ ਅਨੈਤਿਕ ਗਤੀਵਿਧੀਆਂ ਦੀ ਰਿਪੋਰਟ ਮੈਡੀਕਲ ਬੋਰਡਾਂ ਨੂੰ ਜ਼ਰੂਰ ਕਰਨ।
ਅਖੀਰ ਸਿੱਟਾ ਇਹ ਨਿਕਲਦਾ ਹੈ ਕਿ ਭਾਰਤ ਵਿੱਚ ਬੇਲੋੜੀਆਂ ਸਰਜਰੀਆਂ ਇੱਕ ਗੰਭੀਰ ਮੁੱਦਾ ਹੈ, ਜੋ ਮੁਨਾਫ਼ੇ ਦੇ ਲਾਲਚ ਅਤੇ ਕਮਜ਼ੋਰ ਨਿਗਰਾਨੀ ਕਾਰਨ ਪੈਦਾ ਹੋਇਆ ਹੈ। ਹਾਲਾਂਕਿ ਕਾਨੂੰਨ ਮੌਜੂਦ ਹਨ, ਪਰ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਮਰੀਜ਼ਾਂ ਦੀ ਸੁਰੱਖਿਆ ਹੀ ਸਿਹਤ ਨੀਤੀ ਦਾ ਮੁੱਖ ਧੁਰਾ ਹੋਣੀ ਚਾਹੀਦੀ ਹੈ।
ਸੰਪਰਕ: 98149-77249

