DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਲੱਖਣ ਹਸਤੀ ਲੇਖਕ ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ ਬੋਹੜ ਹੇਠ ਉੱਗਿਆ ਉਹ ਪਿੱਪਲ ਹੈ, ਜਿਸ ਦੀਆਂ ਟਾਹਣੀਆਂ ਬੋਹੜ ਦੀ ਸੰਘਣੀ ਛਾਂ ਵਿੱਚੋਂ ਹੋ ਕੇ ਲੰਘਦਿਆਂ ਉੱਪਰ ਤੇ ਹੋਰ ਉੱਪਰ ਵੱਲ ਵਧਦੀਆਂ ਗਈਆਂ ਤੇ ਇੱਕ ਦਿਨ ਇਸ ਪਿੱਪਲ ਨੇ ਸੂਰਜ ਸਾਹਮਣੇ ਆਪਣੀ ਇੱਕ ਵੱਖਰੀ ਹੋਂਦ ਨੂੰ...

  • fb
  • twitter
  • whatsapp
  • whatsapp
Advertisement

ਰਿਪੁਦਮਨ ਸਿੰਘ ਰੂਪ ਬੋਹੜ ਹੇਠ ਉੱਗਿਆ ਉਹ ਪਿੱਪਲ ਹੈ, ਜਿਸ ਦੀਆਂ ਟਾਹਣੀਆਂ ਬੋਹੜ ਦੀ ਸੰਘਣੀ ਛਾਂ ਵਿੱਚੋਂ ਹੋ ਕੇ ਲੰਘਦਿਆਂ ਉੱਪਰ ਤੇ ਹੋਰ ਉੱਪਰ ਵੱਲ ਵਧਦੀਆਂ ਗਈਆਂ ਤੇ ਇੱਕ ਦਿਨ ਇਸ ਪਿੱਪਲ ਨੇ ਸੂਰਜ ਸਾਹਮਣੇ ਆਪਣੀ ਇੱਕ ਵੱਖਰੀ ਹੋਂਦ ਨੂੰ ਮਜ਼ਬੂਤੀ ਨਾਲ ਸਾਬਿਤ ਕੀਤਾ। ਵੱਡੇ ਭਰਾ ਸੰਤੋਖ ਸਿੰਘ ਧੀਰ, ਜੋ ਇੱਕ ਉੱਘਾ ਲੇਖਕ ਸੀ, ਦੀ ਨਿੱਘੀ ਛਾਂ ਹੇਠ ਰੂਪ ਨੇ ਉਸ ਦੀ ਸੋਚ ਦਾ ਅਸਰ ਤਾਂ ਕਬੂਲਿਆ ਪਰ ਆਪਣੀ ਸਿਰਜਣਾ ਵਿੱਚ ਮੌਲਿਕਤਾ ਵੀ ਲਿਆਂਦੀ ਤੇ ਇਸ ਨਿਵੇਕਲੇ ਰੂਪ ਨੂੰ ਕਾਇਮ ਰੱਖਦਿਆਂ ਕਾਮਯਾਬੀ ਵੀ ਹਾਸਲ ਕੀਤੀ।

ਕੱਦ-ਕਾਠ ਮਜ਼ਬੂਤ ਅਤੇ ਸੋਚ ਵੀ ਚੰਗੀ ਉਸਾਰੂ। ਭਾਸ਼ਾ, ਵਿਚਾਰਾਂ ਅਤੇ ਪੇਸ਼ਕਾਰੀ ਨਾਲ ਅਜਿਹਾ ਵਿਚਰਦਾ ਕਿ ਸਾਹਮਣੇ ਬੈਠੇ ਸਰੋਤੇ ਕਾਇਲ ਹੋ ਜਾਂਦੇ। ਪਲ ਪਲ ਦੀ ਖ਼ਬਰ ਰੱਖਦਾ ਸੀ ਰੂਪ ਅਤੇ ਆਪਣੀ ਲੰਘਦੀ ਜਾ ਰਹੀ ਉਮਰ ਤੋਂ ਬੇਖ਼ਬਰ ਰਹਿੰਦਿਆਂ ਉਸ ਨੇ ਹਮੇਸ਼ਾ ਹੀ ਲਿਖਣ ਵਾਲੇ ਰਹਿ ਗਏ ਕੰਮ ਨੂੰ ਸ਼ਬਦਾਂ ਵਿੱਚ ਸਮੇਟਣ ਦੀ ਕਾਹਲ ਕੀਤੀ। ਉਹ ਆਪਣੇ ਆਲੇ-ਦੁਆਲੇ ਵਿਚਰਦੇ ਪਾਤਰਾਂ ਦੀਆਂ ਕਹਾਣੀਆਂ ਨੂੰ ਵੀ ਇਸ ਤਰ੍ਹਾਂ ਪੇਸ਼ ਕਰਦਾ ਸੀ ਕਿ ਕਈ ਵਾਰ ਉਨ੍ਹਾਂ ਨੂੰ ਵੀ ਇਸ ਦਾ ਇਲਮ ਨਾ ਹੁੰਦਾ। ਰੂਪ ਦੀ ਇਸ ਕਲਾਕਾਰੀ ਬਾਰੇ ਉਸ ਦੇ ਬਹੁਤ ਨੇੜਲਿਆਂ ਨੂੰ ਹੀ ਪਤਾ ਸੀ।

Advertisement

ਰੂਪ ਨੇ ਕਵਿਤਾ, ਕਹਾਣੀ, ਨਾਵਲ, ਲੇਖ, ਸੰਪਾਦਨਾ ਅਤੇ ਸਫ਼ਰਨਾਮੇ ਦੇ ਖੇਤਰ ਵਿੱਚ ਆਪਣਾ ਪਰਚਮ ਲਹਿਰਾਇਆ। ਆਪਣੀ ਸੋਚ ਨਾਲ ਨਵੇਂ ਸੰਸਾਰ ਵਸਾਏ, ਜਿਨ੍ਹਾਂ ਵਿੱਚ ਵਿਚਰਨ ਵਾਲਿਆਂ ਨੂੰ ਪ੍ਰੇਰਨਾ ਵੀ ਮਿਲਦੀ ਹੈ ਤੇ ਉਤਸ਼ਾਹ ਵੀ। ਲਿਖਤਾਂ ਵਿੱਚ ਜੋਸ਼ ਦੇ ਨਾਲ ਹੋਸ਼ ਨੂੰ ਕਾਇਮ ਰੱਖਣ ਦਾ ਗੂੜ੍ਹਾ ਸੁਨੇਹਾ ਵੀ ਉਸ ਨੇ ਜ਼ੋਰਦਾਰ ਤੇ ਪ੍ਰਭਾਵੀ ਸ਼ਬਦਾਂ ’ਚ ਉਲੀਕਿਆ।

Advertisement

ਰੂਪ ਇੱਕ ਨਾਮਵਰ ਲੇਖਕ, ਮਾਹਿਰ ਵਕੀਲ, ਪੰਛੀ-ਝਾਤ ਮਾਰਦਾ ਸੈਲਾਨੀ, ਸੰਘਰਸ਼ਾਂ ਦਾ ਮੋਹਰੀ ਜੁਝਾਰੂ, ਪ੍ਰਭਾਵਸ਼ਾਲੀ ਬੁਲਾਰਾ ਅਤੇ ਸਫ਼ਲ ਕਬੀਲਦਾਰ ਸੀ, ਜਿਸ ਨੇ ਆਪਣੇ ਅੰਤਲੇ ਸਾਹਾਂ ਤੱਕ ਆਪਣੀ ਲਿਖਤ ਅਤੇ ਪਰਿਵਾਰ, ਦੋਵਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਡੀਲ-ਡੌਲ ਤੋਂ ੳਹ ਬੇਸ਼ੱਕ ਕਈਆਂ ਨੂੰ ਭਲਵਾਨ ਹੋਣ ਦਾ ਭੁਲੇਖਾ ਪਾਉਂਦਾ, ਪਰ ਅੰਦਰੋਂ ਉਹ ਬਹੁਤ ਨਰਮ ਸੁਭਾਅ ਦਾ ਮਾਲਕ ਸੀ। ਜਦ ਕਦੇ ਕਿਤੇ ਗ਼ਲਤ ਹੁੰਦਾ ਦੇਖਦਾ ਤਾਂ ਜਵਾਲਾਮੁਖੀ ਦਾ ਰੂਪ ਵੀ ਧਾਰ ਲੈਂਦਾ, ਪਰ ਸੱਚ ਦਾ ਪੱਲਾ ਛੱਡਣ ਲਈ ਤਿਆਰ ਨਾ ਹੁੰਦਾ। ਅਜਿਹੇ ਪਲਾਂ ’ਚ ਉਹ ਜ਼ਿੰਦਗੀ ਦੇ ਕਿਸੇ ਵੀ ਮੈਦਾਨ ਵਿੱਚ ਭਲਵਾਨੀ ਕਰਨ ਤੋਂ ਗੁਰੇਜ਼ ਨਾ ਕਰਦਾ।

ਰਿਪੁਦਮਨ ਨੇ ਅਧਿਆਪਕ ਯੂਨੀਅਨ ਅਤੇ ਹੋਰ ਸਮਾਜਿਕ ਮੋਰਚਿਆਂ ਵਿੱਚ ਜੋਸ਼ ਅਤੇ ਹੋਸ਼ ਨਾਲ ਕੰਮ ਕੀਤਾ। ਮੋਰਚੇ ’ਤੇ ਕੰਮ ਕਰਦਿਆਂ ਉਹ ਹਮੇਸ਼ਾ ਪੂਰੇ ਤੱਥਾਂ ਤੇ ਤਰਕਾਂ ਨਾਲ ਹੀ ਅਗਲੇ ਨੂੰ ਮੁਖਾਤਿਬ ਹੁੰਦਾ। ਉਸ ਦੀ ਇਹ ਆਦਤ ਅਕਸਰ ਹੀ ਸਾਹਮਣੇ ਵਾਲੀ ਧਿਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਦਿੰਦੀ।

ਸਰਕਾਰੀ ਅਧਿਆਪਕ ਦੀ ਨੌਕਰੀ ਤੋਂ ਸੇਵਾਮੁਕਤ ਹੋਣ ਮਗਰੋਂ ਉਸ ਨੇ ਵਕਾਲਤ ਸ਼ੁਰੂ ਕਰ ਲਈ। ਆਪਣੇ ਛੋਟੇ ਪੁੱਤਰ ਰੰਜੀਵਨ ਸਿੰਘ ਨਾਲ ਰਲ ਕੇ ਇਸ ਨਿਵੇਕਲੇ ਕੰਮ ਨੂੰ ਲੋਕ ਭਲਾਈ ਹਿੱਤ ਲਗਨ ਨਾਲ ਅਪਣਾ ਲਿਆ। ਭਾਵੇਂ ਉਹ ਇਹ ਕੰਮ ਆਪਣੇ ਆਪ ਕਰ ਰਿਹਾ ਸੀ, ਪਰ ਜਦ ਰੰਜੀਵਨ ਸਿੰਘ ਦੀ ਵਕਾਲਤ ਦਾ ਅਨੁਭਵ ਅੱਗੇ ਵਧਿਆ ਤਾਂ ਰੂਪ ਨੇ ਆਪਣੇ ਪੁੱਤਰ ਦੀ ਅਗਵਾਈ ਹੇਠ ਵੀ ਅਹਿਮ ਭੂਮਿਕਾ ਨਿਭਾਈ। ਵੱਡੇ ਪੁੱਤਰ ਸੰਜੀਵਨ ਸਿੰਘ ਨੂੰ ਸਦਾ ਹੱਲਾਸ਼ੇਰੀ ਦਿੱਤੀ, ਜਿਸ ਨੇ ਸਰਘੀ ਕਲਾ ਕੇਂਦਰ ਦੇ ਨਾਂ ਹੇਠ ਆਪਣੀ ਪੂਰੀ ਨਾਟ ਮੰਡਲੀ ਤਿਆਰ ਕੀਤੀ ਅਤੇ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਿਆ। ਰਿਪੁਦਮਨ ਦੇ ਪਰਿਵਾਰ ਵਿੱਚ ਤੀਜੀ ਪੀੜ੍ਹੀ ਨੂੰ ਵੀ ਕਲਮ ਦਾ ਜਾਗ ਲੱਗਿਆ ਤੇ ਉਹ ਵੀ ਇਸ ਖੇਤਰ ਵਿੱਚ ਸਰਗਰਮ ਹਨ।

ਰਿਪੁਦਮਨ ਸਿੰਘ ਰੂਪ ਪਿੰਡ ਡਡਹੇੜੀ (ਜ਼ਿਲਾ ਫਤਿਹਗੜ੍ਹ ਸਾਹਿਬ) ’ਚ 24 ਫਰਵਰੀ 1936 ਨੂੰ ਗਿਆਨੀ ਈਸ਼ਰ ਸਿੰਘ ਦਰਦ ਅਤੇ ਮਾਤਾ ਜਮਨਾ ਦੇਵੀ ਦੇ ਘਰ ਪੈਦਾ ਹੋਇਆ। ਉਸ ਨੇ ਐੱਮ ਏ ਪੰਜਾਬੀ, ਐੱਮ ਐੱਡ, ਐੱਲ ਐੱਲ ਬੀ ਦੀਆਂ ਡਿਗਰੀਆਂ ਹਾਸਲ ਕੀਤੀਆਂ। ਗਿਆਨੀ ਈਸ਼ਰ ਸਿੰਘ ਦਰਦ ਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀ ਸਨ ਤੇ ਸ਼ਾਇਰ ਵੀ।

ਰਿਪੁਦਮਨ ਸਿੰਘ ਰੂਪ ਦੇ ਕਾਵਿ ਸੰਗ੍ਰਹਿ ਹਨ: ‘ਰਾਣੀ ਰੁੱਤ’, ‘ਲਾਲ ਗੜ੍ਹ’, ਕਹਾਣੀ ਸੰਗ੍ਰਹਿ ‘ਦਿਲ ਦੀ ਅੱਗ’, ‘ਬਹਾਨੇ ਬਹਾਨੇ’, ‘ਓਪਰੀ ਹਵਾ’, ‘ਪਹੁ ਫੁਟਾਲੇ ਤੱਕ’। ਮਿਨੀ ਕਹਾਣੀ ਸੰਗ੍ਰਹਿ ‘ਬਦਮਾਸ਼’ ਅਤੇ ‘ਖੁਰਪਾ’। ਲੇਖ ‘ਬੰਨੇ ਚੰਨੇ’। ਨਾਵਲ ‘ਝੱਖੜਾਂ ਵਿੱਚ ਝੂਲਦਾ ਰੁੱਖ’, ‘ਪ੍ਰੀਤੀ’, ‘ਤੀਲ੍ਹਾ’। ਸੰਪਾਦਨਾ: ਕਾਵਿ ਸੰਗ੍ਰਹਿ ‘ਧੂੜ ਹੇਠਲੀ ਕਵਿਤਾ, ਗਿਆਨੀ ਈਸ਼ਰ ਸਿੰਘ ਦਰਦ’। ਯਾਤਰਾਵਾਂ ‘ਪੰਛੀ-ਝਾਤ’। ਰਿਪੁਦਮਨ ਨੇ 1979 ਵਿੱਚ ਲਿਖਣਾ ਸ਼ੁਰੂ ਕੀਤਾ ਸੀ ਤੇ 25 ਮਈ 2026 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਵੀ ਉਹ ਦੋ-ਤਿੰਨ ਪੁਸਤਕਾਂ ਹੋਰ ਤਿਆਰ ਕਰ ਗਏ।

ਰਿਪੁਦਮਨ ਨੇ ਪੰਜਾਬੀ ਲੇਖਕ ਸਭਾ ਰਾਮਪੁਰ ਦਾ ਮੀਤ ਪ੍ਰਧਾਨ, ਸਾਹਿਤ ਸਭਾ ਮੰਡੀਗੋਬਿੰਦ ਗੜ੍ਹ ਦਾ ਪਹਿਲਾ ਜਨਰਲ ਸਕੱਤਰ, ਸਾਹਿਤਕ ਸਭਾ ਮੁਹਾਲੀ ਦਾ ਪ੍ਰਧਾਨ ਅਤੇ 2014-15 ਵਿੱਚ ਸਲਾਹਕਾਰ ਰਹਿ ਕੇ ਸਾਹਿਤ ਦੀ ਸੇਵਾ ਕੀਤੀ। ਇਸੇ ਤਰ੍ਹਾਂ ਮੁਲਾਜ਼ਮ ਸੰਘਰਸ਼ਾਂ ਵਿੱਚ ਕੋਠਾਰੀ ਕਮਿਸ਼ਨ ਦੇ ਘੋਲ ਦੌਰਾਨ 1967 ਵਿੱਚ 20 ਦਿਨ ਅੰਬਾਲਾ ਜੇਲ੍ਹ ਵਿੱਚ ਕੈਦ ਕੱਟੀ, 1967 ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ, 1972 ਵਿੱਚ ਪੰਜਾਬ ਸਕੱਤਰੇਤ ਚੰਡੀਗੜ੍ਹ ਵਿੱਚ ਅੱਠ ਦਿਨਾਂ ਦੀ ਭੁੱਖ ਹੜਤਾਲ ਕੀਤੀ। 1978 ਵਿੱਚ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਜੇਲ੍ਹ ਭਰੋ ਅੰਦੋਲਨ ਦੇ ਸੱਦੇ ਉੱਤੇ 20 ਦਿਨ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਕੱਟੇ। 1981 ਵਿੱਚ ਅਧਿਆਪਕ ਸੰਘਰਸ਼ ਦੌਰਾਨ 81 ਦਿਨ ਫੇਰ ਬੁੜੈਲ ਜੇਲ੍ਹ ਵਿੱਚ ਕੱਟੇ ਅਤੇ ਮੁਹਾਲੀ ਦੀਆਂ ਸ਼ਹਿਰੀ ਵੈੱਲਫੇਅਰ ਕੌਸਲਾਂ ਵਿੱਚ ਤਾਉਮਰ ਮੋਹਰੀ ਰੋਲ ਅਦਾ ਕੀਤਾ।

ਰਿਪੁਦਮਨ ਸਿੰਘ ਰੂਪ 25 ਮਈ 2026 ਨੂੰ ਸਭ ਨੂੰ ਅਲਵਿਦਾ ਆਖ ਗਿਆ। 23 ਮਈ ਦੀ ਰਾਤ ਨੂੰ ਜ਼ਿੰਦਾਦਿਲੀ ਦੀਆਂ ਗੱਲਾਂ ਕਰਦਿਆਂ ਸਾਨੂੰ ਕੋਲ ਬੈਠਿਆਂ ਨੂੰ ਲੱਗਦਾ ਹੀ ਨਹੀਂ ਸੀ ਕਿ ਏਨੀ ਛੇਤੀ ਉਸ ਦਾ ਸਾਥ ਛੁੱਟ ਜਾਵੇਗਾ। ਰੂਪ ਨੇ ਆਪਣੇ ਪੁੱਤਰਾਂ ਨੂੰ ਹਦਾਇਤ ਕੀਤੀ ਹੋਈ ਸੀ ਕਿ ਉਸ ਦੀ ਮ੍ਰਿਤਕ ਦੇਹ ਪੀ ਜੀ ਆਈ ਨੂੰ ਸੌਂਪ ਦਿੱਤੀ ਜਾਵੇ ਅਤੇ ਉਸ ਦੀ ਯਾਦ ਵਿੱਚ ਨਾ ਤਾਂ ਕੋਈ ਧਾਰਮਿਕ ਰਹੁ-ਰੀਤ ਕੀਤੀ ਜਾਵੇ ਤੇ ਨਾ ਹੀ ਕੋਈ ਯਾਦ ਸਮਾਗਮ ਕੀਤਾ ਜਾਵੇ। ਸੰਜੀਵਨ ਸਿੰਘ, ਰੰਜੀਵਨ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ 26 ਮਈ ਨੂੰ ਮਾਤਮੀ ਜਲੂਸ ਦੀ ਅਗਵਾਈ ਕਰਦਿਆਂ ਰਿਪੁਦਮਨ ਦੀ ਦੇਹ ਪੀ ਜੀ ਆਈ ਦੇ ਅਨੌਟਮੀ ਵਿਭਾਗ ਨੂੰ ਸੌਂਪ ਦਿੱਤੀ। ਰਿਪੁਦਮਨ ਸਿੰਘ ਰੂਪ ਨੂੰ ਸਿਜਦਾ ਕਰਨ ਲਈ ‘ਰਿਪੁਦਮਨ ਸਿੰਘ ਰੂਪ ਸਿਮਰਤੀ ਸਮਾਗਮ’ ਅੱਜ 5 ਜੂਨ 2026 ਨੂੰ ਸਵੇਰੇ 11.00 ਵਜੇ ਕਿਸਾਨ ਭਵਨ, ਸੈਕਟਰ 35, ਚੰਡੀਗੜ੍ਹ ਵਿੱਚ ਕੀਤਾ ਜਾ ਰਿਹਾ ਹੈ।

ਸੰਪਰਕ: 98141-13338

Advertisement
×