ਯਸ਼ ਪਾਲ
ਸਮਾਂ ਸਵੇਰੇ 8.55, ਤਾਰੀਖ਼ 8 ਨਵੰਬਰ 1975: ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਤੋਂ ਮੁਲਕ ਭਰ ਅੰਦਰ ਐਮਰਜੈਂਸੀ ਲਾਈ ਐਮਰਜੈਂਸੀ ਦਾ ਦੌਰ। ਸਥਾਨ ਜ਼ਿਲ੍ਹਾ ਫ਼ਰੀਦਕੋਟ ਦੇ ਉੱਘੇ ਪਿੰਡ ਬਰਗਾੜੀ ਦਾ ਕੋਟਕਪੂਰਾ-ਬਠਿੰਡਾ ਸੜਕ ਉੱਪਰਲਾ ਬੱਸ ਅੱਡਾ ਅਤੇ ਬੱਸ ਅੱਡੇ ਦੇ ਨਾਲ ਹੀ ਸੜਕ ’ਤੇ 100 ਗਜ਼ ਦੂਰ ਸਰਕਾਰੀ ਹਾਈ ਸਕੂਲ ਬਰਗਾੜੀ ਦਾ ਮੁੱਖ ਗੇਟ, ਜਿੱਥੇ ਮੈਂ ਉਸ ਸਮੇਂ ਲਗਭਗ ਡੇਢ ਸਾਲ ਤੋਂ ਬਤੌਰ ਸਾਇੰਸ ਮਾਸਟਰ ਸੇਵਾ ਨਿਭਾਅ ਰਿਹਾ ਸੀ। ਬਰਗਾੜੀ ਸਕੂਲ ਵਿੱਚ ਮੇਰੀ ਬਦਲੀ ਟਰੇਡ ਯੂਨੀਅਨ ਸਰਗਰਮੀਆਂ ਕਾਰਨ ਸਰਕਾਰੀ ਸਕੂਲ ਫੂਲ, ਜ਼ਿਲ੍ਹਾ ਬਠਿੰਡਾ ਤੋਂ ਮਈ 1974 ’ਚ ਕੀਤੀ ਗਈ ਸੀ।
ਉਸ ਦਿਨ ਮੈਂ ਬਰਗਾੜੀ ਪਿੰਡ ਅੰਦਰਲੀ ਆਪਣੀ ਰਿਹਾਇਸ਼ਗਾਹ, ਪੰਡਤਾਂ ਦੇ ਮੁਹੱਲੇ ਵਿਚਲੇ ਚੁਬਾਰੇ ’ਚੋਂ ਨਿਕਲ ਕੇ ਰਵਾਂ ਰਵੀਂ ਸਕੂਲ ਨੂੰ ਜਾਂਦਾ ਹੋਇਆ ਅਜੇ ਬੱਸ ਅੱਡੇ ’ਤੇ ਪਹੁੰਚਿਆ ਹੀ ਸੀ ਕਿ ਅੱਡੇ ਨੂੰ ਘੇਰਾ ਪਾਈ ਖੜ੍ਹੀ ਪੁਲੀਸ ਦੀ ਟੁਕੜੀ ਨੇ ਆ ਦਬੋਚਿਆ ਅਤੇ ਦਬਾਦਬ ਬਾਹੋਂ ਫੜ ਕੇ ਉਸੇ ਸਮੇਂ ਹੀ ਕੋਟਕਪੂਰੇ ਵੱਲੋਂ ਆਈ ਬੱਸ ’ਚ ਜ਼ਬਰਦਸਤੀ ਚੜ੍ਹਾ ਲਿਆ। ਜਦ ਬੱਸ 100 ਕੁ ਗਜ਼ ਅੱਗੇ ਸਕੂਲ ਦੇ ਗੇਟ ਅੱਗੋਂ ਲੰਘੀ ਤਾਂ ਦੇਖਿਆ ਕਿ ਮੇਰੇ ਸਕੂਲ ਦੇ ਸਭ ਵਿਦਿਆਰਥੀ, ਜੋ ਉਸ ਸਮੇਂ ਸਕੂਲ ਦੀ ਸਵੇਰ ਦੀ ਸਭਾ ਲਈ ਜੁੜੇ ਹੋਏ ਸਨ, ਮੂਹਰਲੀ ਛੋਟੀ ਜਿਹੀ ਕੰਧ ਟੱਪ ਕੇ ਬੱਸ ਰੋਕਣ ਲਈ ਵਾਹੋਦਾਹੀ ਭੱਜੇ ਆ ਰਹੇ ਸਨ। ਬੱਸ ਦੇ ਡਰਾਈਵਰ ਨੇ ਪੁਲੀਸ ਦੇ ਮਾਰੇ ਦਬਕੇ ਤੋਂ ਡਰਦਿਆਂ ਬੱਸ ਤੇਜ਼ੀ ਨਾਲ ਭਜਾ ਕੇ ਲੰਘਾ ਲਈ ਤੇ ਮੈਨੂੰ ਥਾਣਾ ਫੂਲ (ਬਠਿੰਡਾ) ਲਿਜਾ ਕੇ ਬੰਦ ਕਰ ਦਿੱਤਾ ਗਿਆ। ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਇਹ ਪੁਲੀਸ ਫੂਲ ਥਾਣੇ ਦੀ ਹੈ ਜਿੱਥੇ ਮੇਰੇ ਖ਼ਿਲਾਫ਼ ਐਮਰਜੈਂਸੀ ਦਾ ਵਿਰੋਧ ਕਰਨ ਅਤੇ ਸਰਕਾਰ ਵਿਰੋਧੀ ਸਰਗਰਮੀ ਕਰਨ ਦੇ ਦੋਸ਼ ਲਾਕੇ ਡੀ.ਆਈ.ਆਰ. ਅਧੀਨ ਕੇਸ ਦਰਜ਼ ਕੀਤਾ ਹੋਇਆ ਸੀ ਜਿਸ ਕਾਰਨ ਮੈਂ ਲਗਾਤਾਰ ਪੰਜ ਮਹੀਨਿਆਂ ਤੋਂ ਇਕ ਤਰੀਕੇ ਗੁਪਤਵਾਸ ਰਹਿ ਕੇ ਬਚਦਾ ਆ ਰਿਹਾ ਸੀ। ਇਸੇ ਲਈ ਸਕੂਲ ਵੀ ਮੈਂ ਗਾਹੇ ਬਗਾਹੇ ਅੱਗੋਂ ਪਿੱਛੋਂ ਆਉਂਦਾ ਸੀ।
ਪਿਛਲੇ ਪੰਜ ਮਹੀਨਿਆਂ ਤੋਂ ਮੇਰੇ ਗ੍ਰਿਫ਼ਤਾਰੀ ਵਰੰਟ ਨਿਕਲੇ ਹੋਣ ਬਾਰੇ ਜਾਣ ਕੇ ਮੇਰੇ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਲਗਾਤਾਰ ਪੁਲੀਸ ਦੀ ਮੌਜੂਦਗੀ ਅਤੇ ਨਿਗਰਾਨੀ ਬਾਰੇ ਮੈਨੂੰ ਸੂਚਿਤ ਕਰਦੇ ਰਹਿੰਦੇ ਸਨ। ਉਸ ਸੂਚਨਾ ਦੇ ਆਧਾਰ ’ਤੇ ਮੈਂ ਸਕੂਲ ਆਉਣ ਸਮੇਂ ਚੌਕਸੀ ਵਰਤ ਲੈਂਦਾ ਸੀ। ਬਾਅਦ ’ਚ ਮੈਨੂੰ ਪਤਾ ਲੱਗਿਆ ਕਿ ਉਸ ਦਿਨ ਵੀ ਮੇਰੇ ਸਕੂਲ ਦੇ ਅਧਿਆਪਕਾਂ ਨੇ ਬੱਸ ਅੱਡੇ ਉੱਪਰ ਪੁਲੀਸ ਦੀ ਮੌਜੂਦਗੀ ਦੇਖ ਕੇ ਖ਼ਤਰੇ ਨੂੰ ਭਾਂਪਦਿਆਂ ਮੈਨੂੰ ਸੂਚਿਤ ਅਤੇ ਚੌਕਸ ਕਰਨ ਲਈ ਦੋ ਵਿਦਿਆਰਥੀਆਂ ਨੂੰ ਮੇਰੇ ਚੁਬਾਰੇ ਤੱਕ ਭੇਜਿਆ ਸੀ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਚੁਬਾਰੇ ਤੋਂ ਸਕੂਲ ਨੂੰ ਨਿਕਲ ਚੁੱਕਾ ਸੀ ਅਤੇ ਵਿਦਿਆਰਥੀ ਮੇਰੇ ਮਗਰ ਮਗਰ ਆ ਰਹੇ ਸਨ। ਉਹ ਦੌੜ ਕੇ ਆ ਕੇ ਮੇਰੇ ਅੱਡੇ ’ਤੇ ਪਹੁੰਚਣ ਤੋਂ ਪਹਿਲਾਂ ਮੈਨੂੰ ਸੂਚਿਤ ਨਾ ਕਰ ਸਕੇ। ਜਦੋਂ ਪੁਲੀਸ ਨੇ ਘੇਰਾ ਪਾ ਕੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਉਨ੍ਹਾਂ ਨੇ ਹੀ ਭੱਜ ਕੇ ਸਕੂਲ ਵਿੱਚ ਜਾ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੈਨੂੰ ਗ੍ਰਿਫ਼ਤਾਰ ਕਰ ਕੇ ਬੱਸ ਵਿੱਚ ਚੜ੍ਹਾਉਣ ਬਾਰੇ ਦੱਸਿਆ। ਇਸ ਬਾਰੇ ਸੁਣਦੇ ਸਾਰ ਸਕੂਲ ਦੇ ਸਾਰੇ ਵਿਦਿਆਰਥੀ ਸਵੇਰ ਦੀ ਸਭਾ ਛੱਡ ਕੇ ਸਕੂਲੋਂ ਬਾਹਰ ਆ ਕੇ ਬੱਸ ਰੋਕਣ ਲਈ ਭੱਜੇ।
ਫਿਰ ਦਸ ਦਿਨ ਥਾਣਾ ਫੂਲ (ਬਠਿੰਡਾ) ਵਿੱਚ ਪੁਲੀਸ ਦੀ ‘ਪੁੱਛ ਪੜਤਾਲ’ ਉਪਰੰਤ 17 ਨਵੰਬਰ 1975 ਨੂੰ ਬਠਿੰਡਾ-ਸੰਗਰੂਰ ਜੇਲ੍ਹ ਯਾਤਰਾ ਸ਼ੁਰੂ ਹੋਈ ਜੋ ਲਗਭਗ ਅੱਠ ਮਹੀਨੇ ਚੱਲੀ।
ਬਰਗਾੜੀ ਸਕੂਲ ਦੀ ਇਸ ਘਟਨਾ ਅਤੇ ਇਸੇ ਸਕੂਲ ਅੰਦਰ ਇਸ ਤੋਂ ਕੁਝ ਮਹੀਨੇ ਪਹਿਲਾਂ ਵਾਪਰੀ ਇੱਕ ਹੋਰ ਘਟਨਾ ਨੇ ਮੈਨੂੰ ਇਹ ਡੂੰਘਾ ਅਹਿਸਾਸ ਕਰਵਾਇਆ ਕਿ ਜੇ ਕੋਈ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਮੋਹ ਪਿਆਰ ਦਾ ਨੇੜਲਾ ਰਿਸ਼ਤਾ ਗੰਢ ਕੇ ਸਮਰਪਿਤ ਹੋ ਕੇ ਤਨ-ਮਨ ਲਾ ਕੇ ਸਿਰੜ ਨਾਲ ਉਨ੍ਹਾਂ ਨੂੰ ਸਿੱਖਿਆ ਦਿੰਦਾ ਅਤੇ ਉਨ੍ਹਾਂ ਦਾ ਭਰੋਸਾ ਜਿੱਤ ਲੈਂਦਾ ਹੈ ਤਾਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਅਧਿਆਪਕ ਉੱਪਰ ਪਈ ਭੀੜ ਸਮੇਂ ਉਸ ਦੇ ਸਤਿਕਾਰ ਵਜੋਂ ਮਦਦ ਲਈ ਬਹੁੜਦੇ ਹਨ। ‘ਅੱਜਕੱਲ੍ਹ ਅਧਿਆਪਕ ਦਾ ਸਤਿਕਾਰ ਨਹੀਂ ਰਿਹਾ’ – ਇਹ ਪ੍ਰਚੱਲਤ ਧਾਰਨਾ ਇਸ ਗੱਲੋਂ ਸਹੀ ਨਹੀਂ ਜਾਪਦੀ।
ਖ਼ੈਰ! ਉਹ ਦੂਜੀ ਘਟਨਾ ਕੀ ਸੀ?
ਗੱਲ ਇਹ ਸੀ ਕਿ ਮਈ 1974 ਵਿੱਚ ਟਰੇਡ ਯੂਨੀਅਨ ਸਰਗਰਮੀਆਂ ਕਾਰਨ ਮੇਰੀ ਬਦਲੀ ਬਰਗਾੜੀ ਸਕੂਲ ਵਿਖੇ ਕੀਤੀ ਗਈ ਤਾਂ ਉਦੋਂ ਹਾਜ਼ਰ ਹੋ ਕੇ ਅਜੇ ਮਸਾਂ ਛੇ ਕੁ ਮਹੀਨੇ ਹੀ ਵਿਦਿਆਰਥੀਆਂ ਨੂੰ ਸਮਰਪਿਤ ਹੋ ਕੇ ਪੜ੍ਹਾਇਆ ਸੀ। ਆਪਣੇ ਕੁਦਰਤੀ ਸੁਭਾਅ ਤੇ ਨਿਸ਼ਚਿਤ ਸਮਝ ਅਨੁਸਾਰ ਉਨ੍ਹਾਂ ਨਾਲ ਨੇੜਤਾ ਵਾਲਾ ਰਿਸ਼ਤਾ ਬਣਾ, ਉਨ੍ਹਾਂ ਉੱਪਰ ਭਰੋਸਾ ਕਰ, ਉਨ੍ਹਾਂ ਅੰਦਰ ਵਿਗਿਆਨ ਵਿਸ਼ੇ ਪ੍ਰਤੀ ਰੁਚੀ ਜਗਾ, ਆਲੇ-ਦੁਆਲੇ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਮਝਣ ਦੀ ਜਾਗ ਲਾ ਕੇ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਅੰਦਰ ਲੁਕੀ ਪ੍ਰਤਿਭਾ ਤੇ ਸਮਰੱਥਾ ਜਗਾ ਕੇ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਭਾਗ ਲੈਣ ਲਈ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਸੀ। ਇੰਨੇ ਨੂੰ ਮੇਰੀ ਬਦਲੀ ਜਨਵਰੀ 1975 ’ਚ ਗੁਰਦਾਸਪੁਰ ਜ਼ਿਲ੍ਹੇ ਦੇ ਜੰਮੂ ਹਿਮਾਚਲ ਬਾਰਡਰ ਕੋਲ ਸਥਿਤ ਸਰਕਾਰੀ ਮਿਡਲ ਸਕੂਲ ਲਹਿਰੂਣ (ਧਾਰ ਬਲਾਕ) ਵਿਖੇ ਕਰ ਦਿੱਤੀ ਗਈ ਜਿਸ ਦਾ ਮੇਰੇ ਵਿਦਿਆਰਥੀਆਂ ਨੂੰ ਵੀ ਪਤਾ ਲੱਗ ਗਿਆ।
ਮੇਰੀ ਇਸ ਦੂਜੀ ਬਦਲੀ ਵਿੱਚ ਤਕਨੀਕੀ ਖਾਮੀ ਇਹ ਸੀ ਕਿ ਇਹ ਮੇਰੇ ਖ਼ਿਲਾਫ਼ ਚੱਲਦੀ ਪਹਿਲੀ ਫਾਈਲ ਦੇ ਆਧਾਰ ’ਤੇ ਹੀ ਮੇਰੇ ਪਿਛਲੇ ਸਕੂਲ (ਹਾਈ ਸਕੂਲ, ਫੂਲ, ਬਠਿੰਡਾ) ਤੋਂ ਕਰ ਦਿੱਤੀ ਗਈ ਸੀ। ਬਦਲੀ ਦੇ ਹੁਕਮਾਂ ਵਿੱਚ ਬਰਗਾੜੀ ਸਕੂਲ ਦਾ ਕਿਤੇ ਜ਼ਿਕਰ ਨਹੀਂ ਸੀ ਜਿਸ ਕਰਕੇ ਮੈਨੂੰ ਤਕਨੀਕੀ ਤੌਰ ’ਤੇ ਬਰਗਾੜੀ ਸਕੂਲ ਤੋਂ ਫਾਰਗ ਨਹੀਂ ਸੀ ਕੀਤਾ ਜਾ ਸਕਦਾ। ਡੀ.ਪੀ.ਆਈ. ਦੇ ਦਫ਼ਤਰੋਂ ਲਗਾਤਾਰ ਟੈਲੀਫੋਨ ਉੱਪਰ ਮੈਨੂੰ ਫਾਰਗ ਕਰਨ ਦੇ ਆ ਰਹੇ ਹੁਕਮਾਂ ਦੇ ਬਾਵਜੂਦ ਬਰਗਾੜੀ ਸਕੂਲ ਦੇ ਮੁੱਖ ਅਧਿਆਪਕ ਜੋਗਿੰਦਰ ਸਿੰਘ (ਜੋ ਨਿਹਾਇਤ ਨੇਕ ਤੇ ਸ਼ਰੀਫ਼ ਇਨਸਾਨ ਸਨ) ਨੇ ਫਾਰਗ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਲਿਖਤੀ ਰੂਪ ਵਿੱਚ ਕਿਹਾ: ‘‘ਕਿਉਂਕਿ ਬਰਗਾੜੀ ਸਕੂਲ ਤੋਂ ਕਿਸੇ ਯਸ਼ਪਾਲ ਦੀ ਬਦਲੀ ਦੇ ਹੁਕਮ ਨਹੀਂ ਹੋਏ, ਇਸ ਲਈ ਯਸ਼ਪਾਲ ਨੂੰ ਫਾਰਗ ਨਹੀਂ ਕੀਤਾ ਜਾ ਸਕਦਾ।’’
ਕਿਸੇ ਮੁੱਖ ਅਧਿਆਪਕ ਵੱਲੋਂ ਇਉਂ ਲਿਖ ਕੇ ਉੱਚ ਅਧਿਕਾਰੀ ਨੂੰ ਭੇਜਣਾ ਵੀ ਬਹੁਤ ਵੱਡੀ ਹਿੰਮਤ ਵਾਲੀ ਗੱਲ ਸੀ। ਇਸ ਦੇ ਨਾਲ ਹੀ ਵੱਡੀ ਅਤੇ ਮਹੱਤਵਪੂਰਨ ਗੱਲ ਮੇਰੇ ਵਿਦਿਆਰਥੀਆਂ ਅਤੇ ਮੇਰੇ ਸਹਿਯੋਗੀ ਅਧਿਆਪਕਾਂ (ਜਿਨ੍ਹਾਂ ਨਾਲ ਮੈਂ ਅਜੇ ਛੇ-ਸੱਤ ਮਹੀਨੇ ਹੀ ਵਿਚਰਿਆ ਸੀ) ਵੱਲੋਂ ਦਿਖਾਇਆ ਪ੍ਰਤੀਕਰਮ ਸੀ। ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦੇ ਮੇਰੇ ਵਿਦਿਆਰਥੀਆਂ ਨੇ ਮੇਰੀ ਬਦਲੀ ਰੱਦ ਕਰਵਾਉਣ ਲਈ ਸਕੂਲ ਅੰਦਰ ਹੜਤਾਲ ਕੀਤੀ ਅਤੇ ਪਿੰਡ ਬਰਗਾੜੀ ਵਿੱਚ ਭਾਰੀ ਮੁਜ਼ਾਹਰਾ ਵੀ ਕੀਤਾ। ਮੇਰੀ ਯਾਦਦਾਸ਼ਤ ਅਨੁਸਾਰ ਇਸ ਕਾਰਜ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਵਿੱਚ ਗਮਦੂਰ ਸਿੰਘ, ਪਿਰਥਾ ਸਿੰਘ (ਰਣ ਸਿੰਘ ਵਾਲਾ), ਜਲੰਧਰ ਸਿੰਘ, ਅਮਰਜੀਤ ਸਿੰਘ, ਰੁਪਿੰਦਰ ਸਿੰਘ (ਗੋਂਦਾਰਾ), ਸੁਰਿੰਦਰ ਸਿੰਘ, ਹਰਿੰਦਰ ਸਿੰਘ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ (ਬਰਗਾੜੀ) ਆਦਿ ਸਨ ਜਿਨ੍ਹਾਂ ਵਿੱਚੋਂ ਇਸ ਸਮੇਂ ਕਈ ਅਧਿਆਪਕ, ਡਾਕਟਰ ਅਤੇ ਹੋਰ ਅਹੁਦਿਆਂ ਉੱਤੇ ਲੱਗੇ ਹੋਏ ਹਨ। ਸਕੂਲ ਦੇ ਅਧਿਆਪਕਾਂ ਦਾ ਸਹਿਯੋਗ ਅਤੇ ਹਮਦਰਦੀ ਉਨ੍ਹਾਂ ਦੇ ਨਾਲ ਸੀ।
ਇਨ੍ਹਾਂ ਵਿਦਿਆਰਥੀਆਂ ਨੇ ਮੂਹਰੇ ਲੱਗ ਕੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਬਰਗਾੜੀ ਸਕੂਲ ਨੂੰ ਪੈਂਦੇ 15 ਪਿੰਡਾਂ ਦੀਆਂ ਪੰਚਾਇਤਾਂ ਤੱਕ ਪਹੁੰਚ ਕਰ ਕੇ ਬਦਲੀ ਰੱਦ ਕਰਨ ਸਬੰਧੀ ਪੰਚਾਇਤੀ ਮਤੇ ਪੁਆ ਕੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੂੰ ਰਜਿਸਟਰੀ ਕਰਵਾ ਕੇ ਭੇਜੇ ਅਤੇ ਅਖ਼ਬਾਰਾਂ ’ਚ ਇਸ ਬਾਰੇ ਖ਼ਬਰਾਂ ਲਗਵਾਈਆਂ। ਉਸ ਸਮੇਂ ਅਖ਼ਬਾਰਾਂ/ਮੀਡੀਆ ਦਾ ਦਾਇਰਾ ਬੜਾ ਸੀਮਤ ਹੀ ਸੀ।
ਇਹ ਸਿਲਸਿਲਾ ਦੋ ਤਿੰਨ ਮਹੀਨੇ ਚੱਲਦਾ ਰਿਹਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਤਕਨੀਕੀ ਤੌਰ ’ਤੇ ਮੈਨੂੰ ਓਨਾ ਚਿਰ ਫਾਰਗ ਨਹੀਂ ਸੀ ਕੀਤਾ ਜਾ ਸਕਦਾ ਜਿੰਨਾ ਚਿਰ ਬਦਲੀ ਦੇ ਹੁਕਮਾਂ ਵਿੱਚ ਸੋਧ ਨਾ ਕੀਤੀ ਜਾਂਦੀ। ਇਸ ਦੇ ਨਾਲ ਹੀ ਉਨ੍ਹਾਂ ਪੰਚਾਇਤੀ ਮਤਿਆਂ ਅਤੇ ਵਿਦਿਆਰਥੀਆਂ ਦੇ ਵਿਰੋਧ ਦੀ ਆਵਾਜ਼ ਸਦਕਾ ਮੇਰੀ ਬਦਲੀ ਲਾਗੂ ਨਹੀਂ ਹੋ ਸਕੀ। ਉਨ੍ਹਾਂ ਹੁਕਮਾਂ ’ਚ ਸੋਧ ਨਹੀਂ ਹੋਈ ਤੇ ਬਦਲੀ ਦਾ ਮਸਲਾ ਉੱਥੇ ਹੀ ਠੱਪ ਹੋ ਗਿਆ।
ਮਾਰਚ ਵਿੱਚ ਬੋਰਡ ਦੇ ਇਮਤਿਹਾਨ ਆ ਗਏ। ਜਦ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅਇਆ ਤਾਂ ਮੇਰੀਆਂ ਜਮਾਤਾਂ ਦਾ ਨਤੀਜਾ ਲਗਭਗ 100 ਫ਼ੀਸਦੀ ਸੀ ਜੋ ਸਕੂਲ ਦਾ ਸਾਇੰਸ ਵਿਸ਼ੇ ਦਾ ਕਾਫ਼ੀ ਲੰਮੇ ਸਮੇਂ ਬਾਅਦ ਆਇਆ ਚੰਗਾ ਨਤੀਜਾ ਸੀ। ਇਸ ਨਾਲ ਮੇਰੇ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਤਿਕਾਰ ਤੇ ਹਮਦਰਦੀ ’ਚ ਹੋਰ ਵਾਧਾ ਹੋਇਆ।
ਫਿਰ ਜੂਨ 1975 ’ਚ ਐਮਰਜੈਂਸੀ ਲੱਗ ਗਈ ਅਤੇ ਮੇਰੀ ਗ੍ਰਿਫ਼ਤਾਰੀ ਵਾਲੀ ਘਟਨਾ ਵਾਪਰ ਗਈ। ਲਗਭਗ ਅੱਠ ਮਹੀਨੇ ਬਠਿੰਡਾ ਜੇਲ੍ਹ ਅਤੇ ਸੰਗਰੂਰ ਜੇਲ੍ਹ ’ਚ ਬਿਤਾਏ। ਮੇਰੇ ਅਤੇ ਸਕੂਲ ਮੁਖੀ ਵੱਲੋਂ ਸੂਚਿਤ ਕਰਨ ਦੇ ਬਾਵਜੂਦ ਵਿਭਾਗ ਵੱਲੋਂ ਮੈਨੂੰ ਮੁਅੱਤਲ ਵੀ ਨਾ ਕੀਤਾ ਗਿਆ। ਜੂਨ 1976 ਦੇ ਅੰਤ ਵਿੱਚ ਮੈਂ ਜ਼ਮਾਨਤ ਉੱਤੇ ਬਾਹਰ ਆਇਆ। ਆ ਕੇ ਖ਼ੁਦ ਮੁਅੱਤਲੀ ਦੇ ਕੇਸ ਦੀ ਪੈਰਵਾਈ ਕਰ ਕੇ ਗ੍ਰਿਫ਼ਤਾਰੀ ਤੋਂ ਲਗਭਗ ਇਕ ਸਾਲ ਬਾਅਦ ਜਾ ਕੇ ਮੁਅੱਤਲੀ ਕਰਵਾਈ। ਕੁੱਲ ਦੋ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਐਮਰਜੈਂਸੀ ਹਟਣ ਉਪਰੰਤ ਡੀ.ਆਈ.ਆਰ. ਦੇ ਕੇਸ ਵਾਪਸ ਹੋਣ ’ਤੇ ਮੈਂ ਬਹਾਲ ਹੋਇਆ।
ਐਮਰਜੈਂਸੀ ਹਟਣ ਮਗਰੋਂ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਹਾਰ ਗਈ। ਪੰਜਾਬ ਵਿੱਚ ਅਕਾਲੀ ਸਰਕਾਰ ਬਣ ਗਈ। ਐਮਰਜੈਂਸੀ ਤੋਂ ਪਹਿਲਾਂ ਅਤੇ ਐਮਰਜੈਂਸੀ ਦੌਰਾਨ ਪੰਜਾਬ ਪੱਧਰ ’ਤੇ ਹੋਈਆਂ ਅਧਿਆਪਕਾਂ ਦੀਆਂ ਬਦਲੀਆਂ ਦਾ ਮਸਲਾ ਉਸ ਸਮੇਂ ਦੀ ਸਾਂਝੀ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਸਰਕਾਰ ਕੋਲ ਉਠਾਉਣ ਉੱਤੇ ਸਾਡੀਆਂ ਬਦਲੀਆਂ ਰੱਦ ਹੋ ਗਈਆਂ ਅਤੇ ਮੈਂ ਬਰਗਾੜੀ ਸਕੂਲ ਤੋਂ ਫਾਰਗ ਹੋ ਕੇ 25 ਅਗਸਤ 1977 ਨੂੰ ਮੁੜ ਆਪਣੇ ਪਹਿਲੇ ਸਕੂਲ ਸਰਕਾਰੀ ਹਾਈ ਸਕੂਲ, ਫੂਲ (ਬਠਿੰਡਾ) ਵਿਖੇ ਹਾਜ਼ਰ ਹੋ ਗਿਆ। ਇਉਂ ਬਰਗਾੜੀ ਸਕੂਲ ਦੇ ਮੇਰੇ ਕੁੱਲ ਸਵਾ ਤਿੰਨ ਸਾਲ ਦੇ ਅਰਸੇ ਦੌਰਾਨ ਮੈਂ ਉੱਥੋਂ ਦੇ ਵਿਦਿਆਰਥੀਆਂ ਨੂੰ ਡੇਢ ਸਾਲ ਹੀ ਪੜ੍ਹਾ ਸਕਿਆ।
ਬਰਗਾੜੀ ਸਕੂਲ ਵਿੱਚ ਮੇਰੇ ਬਿਤਾਏ ਸਾਰੇ ਅਰਸੇ ਦੌਰਾਨ ਵਿਦਿਆਰਥੀਆਂ ਵੱਲੋਂ ਦਿਖਾਏ ਸਤਿਕਾਰ ਤੇ ਪਾਲੀ ਗਈ ਵਫ਼ਾ ਤੋਂ ਮੈਨੂੰ ਬੜੀ ਸ਼ਿੱਦਤ ਨਾਲ ਇਹ ਅਹਿਸਾਸ ਹੋਇਆ ਹੈ ਕਿ ਜੇ ਕੋਈ ਅਧਿਆਪਕ ਵਿਦਿਆਰਥੀਆਂ ਦੇ ਸੁਪਨ-ਸੰਸਾਰ ਨੂੰ ਸਮਝ ਕੇ ਉਨ੍ਹਾਂ ਦੇ ਜਜ਼ਬਾਤ ਤੇ ਵਲਵਲਿਆਂ ਨੂੰ ਟੁੰਬਣ ਵਾਲੀ ਧੁਨ ਛੇੜਦਾ ਹੈ, ਉਨ੍ਹਾਂ ਨੂੰ ਪਾਠਕ੍ਰਮ ਆਧਾਰਿਤ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਸਮਾਜਿਕ ਰਾਜਸੀ ਸੱਭਿਆਚਾਰਕ ਜ਼ਿੰਦਗੀ ਦੇ ਗਿਆਨ ਦਾ ਚਾਨਣ ਵੀ ਵੰਡਦਾ ਰਹਿੰਦਾ ਹੈ ਤਾਂ ਕੋਈ ਕਾਰਨ ਨਹੀਂ ਕਿ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਉਸ ਦਾ ਸਤਿਕਾਰ ਨਾ ਕਰਨ।
ਬਰਗਾੜੀ ਸਕੂਲ ’ਚ ਗੁਜ਼ਾਰੇ ਸਮੇਂ ਦੌਰਾਨ ਵਿਦਿਆਰਥੀਆਂ ਦੇ ਨਾਲ ਨਾਲ ਉਸ ਸਮੇਂ ਦੇ ਮੇਰੇ ਸਹਿਕਰਮੀ ਅਧਿਆਪਕ ਵੀ ਜ਼ਿਹਨ ’ਚ ਘੁੰਮ ਰਹੇ ਹਨ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਉਸ ਨਾਜ਼ੁਕ ਦੌਰ ਵਿੱਚ ਮੇਰੇ ਵੱਲ ਹਰ ਪਲ ਸਹਿਯੋਗ ਦਾ ਹੱਥ ਵਧਾਇਆ। ਇਉਂ ਬਰਗਾੜੀ ਸਕੂਲ ਮੇਰੀਆਂ ਅਤੀਤ ਦੀਆਂ ਯਾਦਾਂ ਵਿੱਚ ਇੱਕ ਅਮਿੱਟ ਛਾਪ ਛੱਡ ਗਿਆ।