ਕਪਾਹ ਤੇ ਖੰਡ ਬਾਰੇ ਯੂ-ਟਰਨ ਤੇ ਅਗਲੀ ਕਹਾਣੀ...

ਕਪਾਹ ਤੇ ਖੰਡ ਬਾਰੇ ਯੂ-ਟਰਨ ਤੇ ਅਗਲੀ ਕਹਾਣੀ...

ਵਾਹਗਿਓਂ ਪਾਰ

ਭਾਰਤ ਤੋਂ ਕਪਾਹ ਤੇ ਖੰਡ ਦਰਾਮਦ ਕਰਨ ਦੇ ਫੈ਼ਸਲੇ ’ਤੇ ਪਾਕਿਸਤਾਨ ਸਰਕਾਰ ਵੱਲੋਂ ਮਹਿਜ਼ 24 ਘੰਟਿਆਂ ਦੇ ਅੰਦਰ ਲਈ ਗਈ ਯੂ-ਟਰਨ, ਪਾਕਿਸਤਾਨੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿੱਥੇ ਅੰਗਰੇਜ਼ੀ ਭਾਸ਼ਾਈ ਮੀਡੀਆ ਨੇ ਇਸ ਕਦਮ ਦੀ ਵਿਆਪਕ ਪੱਧਰ ’ਤੇ ਨੁਕਤਾਚੀਨੀ ਕੀਤੀ ਹੈ, ਉਥੇ ਉਰਦੂ ਮੀਡੀਆ ਦਾ ਰੁਖ਼ ਮੁਕਾਬਲਤਨ ਉਲਟ ਹੈ। ਪ੍ਰਮੁੱਖ ਉਰਦੂ ਅਖ਼ਬਾਰਾਂ ਵਿਚੋਂ ਸਿਰਫ਼ ‘ਦੁਨੀਆ’ ਤੇ ‘ਜੰਗ’ ਨੇ ਹੀ ਕੇਂਦਰੀ ਕੈਬਨਿਟ ਦੇ ਕਦਮ ਨੂੰ ਨਾਂਹ-ਪੱਖੀ ਦੱਸਿਆ ਹੈ, ਬਾਕੀ ਬਹੁਤੇ ਅਖ਼ਬਾਰ ਕੈਬਨਿਟ ਦੀ ਪਹੁੰਚ ਨੂੰ ਦਰੁਸਤ ਦੱਸ ਰਹੇ ਹਨ। ਅੰਗਰੇਜ਼ੀ ਅਖ਼ਬਾਰਾਂ ਵਿਚੋਂ ‘ਐਕਸਪ੍ਰੈਸ ਟ੍ਰਿਬਿਊਨ’ ਤੇ ‘ਦਿ ਨਿਊਜ਼’ ਨੇ ਇਸ ਵਿਸ਼ੇ ’ਤੇ ਸੰਪਾਦਕੀਆਂ ਲਿਖਣ ਤੋਂ ਪਰਹੇਜ਼ ਕੀਤਾ ਹੈ, ਪਰ ‘ਡਾਅਨ’, ‘ਡੇਲੀ ਟਾਈਮਜ਼’ ਤੇ ‘ਫਰੰਟੀਅਰ ਪੋਸਟ’ ਦੀਆਂ ਸੰਪਾਦਕੀਆਂ ਬਹੁਤ ਤਿੱਖੀਆਂ ਹਨ। ‘ਡਾਅਨ’ ਨੇ ਸ਼ਨਿਚਰਵਾਰ ਦੀ ਆਪਣੀ ਸੰਪਾਦਕੀ ਵਿਚ ਲਿਖਿਆ ਕਿ ‘‘ਸਰਕਾਰ ਵੱਲੋਂ ਲਈ ਯੂ-ਟਰਨ ਨੇ ਨਾ ਸਿਰਫ਼ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਲੀਡਰਸ਼ਿਪ ਪ੍ਰਤੀ ਸਵਾਲ ਖੜ੍ਹੇ ਕੀਤੇ ਹਨ, ਬਲਕਿ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦੀ ਸਥਿਤੀ ਨੂੰ ਹਾਸੋਹੀਣਾ ਵੀ ਬਣਾਇਆ ਹੈ। ਸੰਜੀਦਾ ਮੁੱਦਿਆਂ ਉਤੇ ਸੁਹਿਰਦਤਾ ਤੇ ਸੂਝ-ਬੂਝ ਦਿਖਾਏ ਜਾਣ ਦੀ ਲੋੜ ਹੁੰਦੀ ਹੈ, ਬੇਲਗਾਮ ਹੁੱਬਲਵਤਨੀ ਨਹੀਂ। ਨਵੇਂ ਖ਼ਜ਼ਾਨਾ ਮੰਤਰੀ ਹੱਮਾਦ ਅਜ਼ਹਰ ਨੇ ਇਕ ਦਿਨ ਪਹਿਲਾਂ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਦੀ ਮੀਟਿੰਗ ਮਗਰੋਂ ਐਲਾਨ ਕੀਤਾ ਸੀ ਕਿ ਕਮੇਟੀ ਨੇ ਭਾਰਤ ਨਾਲ ਵਪਾਰ ਖੋਲ੍ਹਣ ਅਤੇ ਖੰਡ ਤੇ ਕਪਾਹ ਦਰਾਮਦ ਕਰਨ ਦਾ ਫੈ਼ਸਲਾ ਕੌਮੀ ਆਰਥਿਕ ਲੋੜਾਂ ਤੇ ਹਕੀਕਤਾਂ ਦੇ ਆਧਾਰ ’ਤੇ ਲਿਆ ਹੈ। ...ਅਗਲੇ ਹੀ ਦਿਨ ਵਜ਼ੀਰੇ ਆਜ਼ਮ ਦੀ ਸਦਾਰਤ ਵਿਚ ਹੋਈ ਕੈਬਨਿਟ ਮੀਟਿੰਗ ਨੇ ਇਹ ਫੈ਼ਸਲਾ ਰੱਦ ਕਰ ਦਿੱਤਾ ਅਤੇ ਆਪਣੇ ਨਿਰਣੇ ਨੂੰ ਜੰਮੂ-ਕਸ਼ਮੀਰ ਦੀ ਸਥਿਤੀ ਨਾਲ ਜੋੜਿਆ। ਸਰਕਾਰ ਦਾ ਕਹਿਣਾ ਹੈ ਕਿ ਈ.ਸੀ.ਸੀ. ਦੇ ਫੈ਼ਸਲੇ ਕੈਬਨਿਟ ਵੱਲੋਂ ਉਲਟਾਏ ਜਾ ਸਕਦੇ ਹਨ। ਇਹ ਦਲੀਲ, ਸਿਰਫ਼ ਕਾਗਜ਼ੀ ਤੌਰ ’ਤੇ ਠੀਕ ਹੈ। ਅਸਲੀਅਤ ਇਹ ਹੈ ਕਿ ਈ.ਸੀ.ਸੀ. ਦੇ ਏਜੰਡੇ ਨੂੰ ਪ੍ਰਵਾਨਗੀ ਵੀ ਵਜ਼ੀਰੇ ਆਜ਼ਮ ਨੇ ਹੀ ਦਿੱਤੀ ਸੀ ਅਤੇ ਭਾਰਤ ਨਾਲ ਵਪਾਰ ਖੋਲ੍ਹਣਾ ਇਸ ਏਜੰਡੇ ਦੀ ਮੁੱਖ ਮੱਦ ਸੀ। ਕੀ ਵਜ਼ੀਰੇ ਆਜ਼ਮ ਨੇ ਅੱਖਾਂ ਬੰਦ ਕਰਕੇ ਏਜੰਡੇ ਉਤੇ ਦਸਤਖ਼ਤ ਕੀਤੇ ਸਨ? ਸਰਕਾਰ ਦਾ ਪੱਖ ਪੇਸ਼ ਕਰਨ ਵਾਲੇ ਵਜ਼ੀਰਾਂ ਦਾ ਕਹਿਣਾ ਹੈ ਕਿ ਈ.ਸੀ.ਸੀ. ਦਾ ਕੰਮ, ਤਜਵੀਜ਼ਾਂ ਪੇਸ਼ ਕਰਨ ਤਕ ਮਹਿਦੂਦ ਹੈ, ਫੈ਼ਸਲੇ ਤਾਂ ਕੈਬਨਿਟ ਕਰਦੀ ਹੈ। ਜੇਕਰ ਇਹ ਦਲੀਲ ਠੀਕ ਹੈ ਤਾਂ ਨਵੇਂ ਖਜ਼ਾਨਾ ਮੰਤਰੀ ਹੱਮਾਦ ਅਜ਼ਹਰ ਨੂੰ ਕੌਮਾਂਤਰੀ ਨਾਮਾਨਿਗਾਰਾਂ ਦੀ ਸ਼ਮੂਲੀਅਤ ਵਾਲੀ ਪ੍ਰੈਸ ਕਾਨਫਰੰਸ ਸੱਦ ਕੇ ਇਹ ਐਲਾਨ ਕਰਨ ਦੀ ਕੀ ਲੋੜ ਸੀ ਕਿ ਭਾਰਤ ਤੋਂ ਕਪਾਹ ਤੇ ਖੰਡ ਮੰਗਵਾਏ ਜਾ ਰਹੇ ਹਨ?

ਇਸੇ ਸੰਪਾਦਕੀ ਵਿਚ ਸੰਕੇਤ ਦਿੱਤਾ ਗਿਆ ਹੈ ਕਿ ‘‘ਵਿਦੇਸ਼ ਮੰਤਰੀ ਮਖ਼ਦੂਮ ਸ਼ਾਹ ਮਹਿਮੂਦ ਕੁਰੈਸ਼ੀ ਤੇ ਕੁਝ ਹੋਰ ਵਜ਼ੀਰਾਂ ਨੇ ਈ.ਸੀ.ਸੀ. ਦੇ ਕਦਮ ਦਾ ਇਸ ਆਧਾਰ ’ਤੇ ਵਿਰੋਧ ਕੀਤਾ ਸੀ ਕਿ ਇਸ ਕਦਮ ਤੋਂ ਇਹ ਪ੍ਰਭਾਵ ਬਣੇਗਾ ਕਿ ਪਾਕਿਸਤਾਨ ਨੇ ਕਸ਼ਮੀਰ ਬਾਰੇ ਆਪਣਾ ਸਟੈਂਡ ਬਦਲ ਲਿਆ ਹੈ ਅਤੇ ਉਹ ‘ਛੋਟੀਆਂ ਛੋਟੀਆਂ’ ਗ਼ਰਜ਼ਾਂ ਖ਼ਾਤਿਰ ਸਮਝੌਤਾਵਾਦੀ ਰੁਖ਼ ਅਪਣਾ ਰਿਹਾ ਹੈ। ਕੁਰੈਸ਼ੀ ਦੇ ਰੌਂਅ ਨੇ ਵਜ਼ੀਰੇ ਆਜ਼ਮ ਨੂੰ ਵੀ ਰੁਖ਼ ਬਦਲਣ ਦੇ ਰਾਹ ਪਾ ਦਿੱਤਾ। ਦਰ ਹਕੀਕਤ, ਅਜਿਹੀ ਕੱਚਘਰੜੀ ਨੇ ਪਾਕਿਸਤਾਨੀ ਅਕਸ ਨੂੰ ਭਾਰੀ ਢਾਹ ਲਾਈ ਹੈ ਅਤੇ ਭਾਰਤ ਨਾਲ ਸਬੰਧਾਂ ਵਿਚ ਸੁਧਾਰ ਦੇ ਅਮਲ ਨੂੰ ਫਿਰ ਲੀਹੋਂ ਲਾਹ ਦਿੱਤਾ ਹੈ।’’ ਅਖ਼ਬਾਰ ‘ਦਿ ਨਿਊਜ਼’ ਵਿਚ ਕਾਲਮਨਵੀਸ ਗ਼ਾਜ਼ੀ ਸਲਾਹੂਦੀਨ ਨੇ ਲਿਖਿਆ ‘‘ਜੇਕਰ ਕਿਸੇ ਸਰਕਾਰ ਨੂੰ ਸ਼ਰਮ ਨਾਲ ‘ਪਿਘਲ’ ਜਾਣਾ ਚਾਹੀਦਾ ਹੈ ਤਾਂ ਉਹ ਇਮਰਾਨ ਖ਼ਾਨ ਸਰਕਾਰ ਹੈ। ਪਿਛਲੇ ਡੇਢ ਮਹੀਨਿਆਂ ਦੌਰਾਨ ਉਸ ਨੇ ਜਿੰਨੇ ਵੀ ਫੈਸਲੇ ਲਏ ਹਨ, ਉਹ ਸੂਝ-ਬੂਝ ਤੇ ਦੂਰਅੰਦੇਸ਼ੀ ਦੇ ਤਕਾਜ਼ਿਆਂ ਉਤੇ ਖ਼ਰੇ ਨਹੀਂ ਉਤਰੇ। ਹੁਣ ਤਾਂ ਇਹੋ ਦੁਆ ਕੀਤੀ ਜਾ ਸਕਦੀ ਹੈ ਕਿ ਸਰਕਾਰ ਆਪਣੀਆਂ ਗ਼ਲਤੀਆਂ ਤੋਂ ਕੁਝ ਨਾ ਕੁਝ ਚੰਗਾ ਸਿੱਖੇਗੀ ਅਤੇ ਹੋਰ ਗ਼ਲਤੀਆਂ ਨਹੀਂ ਕਰੇਗੀ।’’

ਕਮੇਟੀ ਦਾ ਪੁਨਰਗਠਨ

ਭਾਰਤ ਤੋਂ ਕਪਾਹ ਤੇ ਖੰਡ ਮੰਗਵਾਉਣ ਦੇ ਫੈ਼ਸਲੇ ਬਾਰੇ ਯੂ-ਟਰਨ ਤੋਂ ਬਾਅਦ ਵਜ਼ੀਰੇ ਆਜ਼ਮ ਨੇ ਆਰਥਿਕ ਮਾਮਲਿਆਂ ਬਾਰੇ ਕੌਂਸਲ (ਈ.ਏ.ਸੀ.) ਦਾ ਪੁਨਰਗਠਨ ਕੀਤਾ ਹੈ। ਨਵੀਂ 25-ਮੈਂਬਰੀ ਕੌਂਸਲ ਦੇ ਮੁਖੀ ਵਜ਼ੀਰੇ ਆਜ਼ਮ ਖੁ਼ਦ ਹੋਣਗੇ। ਪਹਿਲਾਂ ਈ.ਏ.ਸੀ. ਦਾ ਮੁਖੀ ਖ਼ਜ਼ਾਨਾ ਮੰਤਰੀ ਹੁੰਦਾ ਸੀ। ਹੁਣ ਉਸ ਦਾ ਰੁਤਬਾ ਉਪ ਮੁਖੀ ਵਾਲਾ ਹੋਵੇਗਾ। ਕੌਂਸਲ ਮੈਂਬਰਾਂ ਦੀ ਗਿਣਤੀ 25 ਹੋਵੇਗੀ। ਇਨ੍ਹਾਂ ਵਿਚੋਂ 13 ਪ੍ਰਾਈਵੇਟ ਸੈਕਟਰ ਤੋਂ ਨਾਮਜ਼ਦ ਕੀਤੇ ਗਏ ਹਨ ਅਤੇ 12 ਸਰਕਾਰੀ ਮੈਂਬਰ ਹਨ। ਤਿੰਨ ਸਾਬਕਾ ਖਜ਼ਾਨਾ ਮੰਤਰੀਆਂ- ਸ਼ੌਕਤ ਤਾਰੀਨ, ਸ਼ਮਸ਼ਾਦ ਅਖ਼ਤਰ ਤੇ ਡਾ. ਸੁਲੇਮਾਨ ਸ਼ਾਹ ਨੂੰ ਇਸ ਕੌਂਸਲ ਵਿਚ ਥਾਂ ਦਿੱਤੀ ਗਈ ਹੈ। ਵਿਵਾਦਿਤ ਪੱਖ ਇਹ ਹੈ ਕਿ ਸ਼ੌਕਤ ਤਾਰੀਨ, ਜੋ ਖੁ਼ਦ ਕਾਰੋਬਾਰੀ ਹਨ, ਸਾਲ 2019 ਵਾਲੇ ਖੰਡ ਸਕੈਂਡਲ ਵਿਚ ਫਸੇ ਹੋਏ ਹਨ। ਅਖ਼ਬਾਰ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਤਾਰੀਨ ਦੀ ਸ਼ਮੂਲੀਅਤ ‘ਨਜ਼ਰ-ਵੱਟੂ’ ਵਾਂਗ ਹੈ। ਇਸ ਤੋਂ ਪ੍ਰਭਾਵ ਇਹੋ ਬਣਦਾ ਹੈ ਕਿ ਇਮਰਾਨ ਖ਼ਾਨ ਨੇ ਤਾਰੀਨ ਨੂੰ ਉਸ ‘ਗੁਨਾਹ’ ਤੋਂ ਬਖ਼ਸ਼ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਕੇਂਦਰੀ ਵਜ਼ਾਰਤ ਤੋਂ ਮੁਸਤਫ਼ੀ ਹੋਣਾ ਪਿਆ ਸੀ।

ਸੀਮਿੰਟ ਦੀ ਪੈਦਾਵਾਰ ’ਚ ਉਛਾਲਾ

ਮਾਯੂਸਕੁਨ ਖ਼ਬਰਾਂ ਦੇ ਦੌਰ ਵਿਚ ਪਾਕਿਸਤਾਨੀਆਂ ਲਈ ਇਕ ਖ਼ਬਰ ਕੁਝ ਚੰਗਾ ਵਾਪਰਨ ਦਾ ਸੁਨੇਹਾ ਲੈ ਕੇ ਆਈ ਹੈ। ਇਸ ਮਾਰਚ ਮਹੀਨੇ ਦੌਰਾਨ ਪਾਕਿਸਤਾਨੀ ਸੀਮਿੰਟ ਦੀ ਵਿਕਰੀ ਵਿਚ ਪਿਛਲੇ ਮਾਰਚ (2020) ਦੇ ਮੁਕਾਬਲੇ 44.4 ਫ਼ੀਸਦੀ ਇਜ਼ਾਫਾ ਹੋਇਆ। ਇਸ ਮਾਰਚ ਦੌਰਾਨ ਕੌਮੀ ਪੈਦਾਵਾਰ 50.77 ਲੱਖ ਟਨ ਰਹੀ ਜਦੋਂਕਿ ਪਿਛਲੇ ਮਾਰਚ ਵਿਚ ਇਹ 37.22 ਲੱਖ ਟਨ ਸੀ। ਆਲ ਪਾਕਿਸਤਾਨ ਸੀਮਿੰਟ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਮੁਲਕ ਵਿਚ ਮਾਰਚ 2021 ਦੌਰਾਨ 45.63 ਲੱਖ ਟਨ ਸੀਮਿੰਟ ਦੀ ਖ਼ਪਤ ਹੋਈ ਜਦੋਂਕਿ ਬਰਾਮਦਾਂ 60 ਫ਼ੀਸਦ ਵਧ ਕੇ 8.11 ਲੱਖ ਟਨ ’ਤੇ ਜਾ ਪਹੁੰਚੀਆਂ। ਅਖ਼ਬਾਰ ‘ਦਿ ਨੇਸ਼ਨ’ ਮੁਤਾਬਿਕ ‘‘ਲੰਮੇ ਸਮੇਂ ਬਾਅਦ ਪਾਕਿਸਤਾਨ ਨੂੰ ਪੈਦਾਵਾਰੀ ਮੁਹਾਜ਼ ’ਤੇ ਕੁਝ ਚੰਗਾ ਕਰ ਵਿਖਾਉਣ ਦਾ ਮੌਕਾ ਮਿਲਿਆ ਹੈ। ਇਸ ਦਾ ਲਾਭ ਲਿਆ ਜਾਣਾ ਚਾਹੀਦਾ ਹੈ।’’

ਕੋਵਿਡ ਅਤੇ ਲਾਹੌਰ

ਹਿੰਦੁਸਤਾਨ ਵਾਂਗ ਪਾਕਿਸਤਾਨ ਵੀ ਇਸ ਸਮੇਂ ਕੋਵਿਡ-19 ਵਾਇਰਸ ਦੇ ਹਮਲੇ ਦੀ ਗ੍ਰਿਫ਼ਤ ਵਿਚ ਹੈ। ਅਧਿਕਾਰੀਆਂ ਅਨੁਸਾਰ ਕੋਵਿਡ-19 ਦੇ ਹਮਲੇ ਦੀ ਇਹ ਤੀਜੀ ਲਹਿਰ ਹੈ। ਸੂਬਾ ਪੰਜਾਬ ਵਿਚ ਇਸ ਲਹਿਰ ਦਾ ਅਸਰ ਸਭ ਤੋਂ ਵੱਧ ਹੈ। ਲਾਹੌਰ ਵਿਚ ਟੈਸਟ ਕੀਤੇ ਹਰ ਸੌ ਵਿਅਕਤੀਆਂ ਵਿਚੋਂ ਔਸਤ 21 ਕੋਵਿਡ ਪਾਜ਼ੇਟਿਵ ਨਿਕਲ ਰਹੇ ਹਨ। ਇਹ ਦਰ ਬਹੁਤ ਜ਼ਿਆਦਾ ਹੈ। ਸੂਬੇ ਦੇ ਹੋਰਨਾਂ ਪ੍ਰਮੁੱਖ ਜ਼ਿਲ੍ਹਿਆਂ ਵਿਚ ਵੀ ਹਾਲਾਤ ਬਹੁਤ ਬਿਹਤਰ ਨਹੀਂ। ਗੁੱਜਰਾਂਵਾਲਾ, ਗੁਜਰਾਤ, ਰਾਵਲਪਿੰਡੀ, ਸਰਗੋਧਾ, ਫੈ਼ਸਲਾਬਾਦ ਤੇ ਮੁਲਤਾਨ ਵਿਚ ਪਾਜ਼ੇਟੀਵਿਟੀ ਰੇਟ 14% ਤੋਂ ਵੱਧ ਹੈ। ਸੂਬਾ ਪੰਜਾਬ ਦੇ ਵਜ਼ੀਰੇ ਆਲ੍ਹਾ ਸਰਦਾਰ ਉਸਮਾਨ ਬੁਜ਼ਦਾਰ ਨੇ ਲਾਹੌਰ ਵਿਚ ਮੈਟਰੋ ਬੱਸ ਸੇਵਾ ਤੇ ਹੋਰ ਸਰਕਾਰੀ ਟਰਾਂਸਪੋਰਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਮੈਰਿਜ ਹਾਲ ਤੇ ਇਨਡੋਰ ਸਟੇਡੀਅਮ ਵੀ ਬੰਦ ਕਰ ਦਿੱਤੇ ਗਏ ਹਨ। ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ‘‘ਸੂਬਾ ਸਰਕਾਰ ਵੱਲੋਂ ਕੁਝ ਹੋਰ ਬੰਦਸ਼ਾਂ ਇਸੇ ਸਮੇਂ ਦੌਰਾਨ ਐਲਾਨੇ ਜਾਣ ਦੀ ਸੰਭਾਵਨਾ ਹੈ’’

ਸਬਾ ਨੇ ਕੁੜਮਾਈ ਤੋੜੀ

ਮਕਬੂਲ ਤੇ ਮਸ਼ਹੂਰ ਅਦਾਕਾਰਾ ਸਬਾ ਕਮਰ ਨੇ ਬਲੌਗਰ ਤੇ ਕਾਰੋਬਾਰੀ ਅਜ਼ੀਮ ਖ਼ਾਨ ਨਾਲ ਵਿਆਹ ਕਰਨ ਦਾ ਇਰਾਦਾ ਤਿਆਗ ਦਿੱਤਾ ਹੈ। ਉਸ ਨੇ ਇਸ ਦਾ ਇਜ਼ਹਾਰ ਇਕ ਟਵੀਟ ਰਾਹੀਂ ਕੀਤਾ। ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਨਿਰਣਾ ਨਿੱਜੀ ਕਾਰਨਾਂ ਕਰ ਕੇ ਲਿਆ। ਅਜ਼ੀਮ ਨੂੰ ਆਪਣਾ ਮੰਗੇਤਰ ਚੁਣਨ ਦਾ ਐਲਾਨ ਵੀ ਸਬਾ ਨੇ ਛੇ ਹਫ਼ਤੇ ਪਹਿਲਾਂ ਟਵੀਟ ਰਾਹੀਂ ਕੀਤਾ ਸੀ। ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਜ਼ੀਮ ਖ਼ਾਨ ਬਾਰੇ ਕਈ ਕਿੱਸੇ ਉਭਰਨੇ ਸ਼ੁਰੂ ਹੋ ਗਏ। ਇਹ ਸ਼ਿਕਵਾ ਸਾਂਝਾ ਸੀ ਕਿ ਔਰਤਾਂ ਨਾਲ ਉਸ ਦਾ ਸਲੂਕ ਕਦੇ ਸਲੀਕੇਦਾਰ ਤੇ ਸ਼ਰੀਫ਼ਾਨਾ ਨਹੀਂ ਰਿਹਾ। ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਨਾਲ ਇਕ ਇੰਟਰਵਿਊ ਵਿਚ ਸਬਾ ਨੇ ਦਾਅਵਾ ਕੀਤਾ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਰਹਿੰਦੇ ਅਜ਼ੀਮ ਨੂੰ ਉਹ ਕਦੇ ਮਿਲੀ ਨਹੀਂ। ਅਲਬੱਤਾ, ਫੋਨ ਉੱਤੇ ਗੱਲਬਾਤ ਲਗਾਤਾਰ ਹੁੰਦੀ ਰਹੀ ਹੈ। ਹੁਣ ਉਸ ਨੂੰ ਅਹਿਸਾਸ ਹੋਇਆ ਹੈ ਕਿ ਸੋਸ਼ਲ ਮੀਡੀਆ ਉੱਤੇ ਜੋ ਕੁਝ ਆਇਆ ਹੈ, ਉਹ ਗ਼ਲਤ ਨਹੀਂ। ਲਿਹਾਜ਼ਾ, ਉਸ ਨੇ ਵਿਆਹ ਨਾ ਕਰਨਾ ਚੁਣਿਆ ਹੈ। ਸਬਾ ਦੇ ਫੈ਼ਸਲੇ ਨੂੰ ਉਸ ਦੇ ਸਹਿਕਰਮੀਆਂ ਤੋਂ ਹਮਾਇਤ ਮਿਲੀ ਹੈ। ਪਾਕਿਸਤਾਨੀ ਫਿ਼ਲਮ ਬਾਜ਼ਾਰ ’ਚ ਅੱਵਲ ਨੰਬਰ ਮੰਨੀ ਜਾਂਦੀ ਮਾਹਿਰਾ ਖ਼ਾਨ ਸੁਪਰ ਸਟਾਰ ਯਾਸਿਰ ਹੁਸੈਨ, ਯੁਮਨਾ ਜ਼ੈਦੀ ਤੇ ਆਇਸ਼ਾ ਕਮਰ ਨੇ ਸਬਾ ਦੇ ਕਦਮ ਨੂੰ ਦਰੁਸਤ ਦੱਸਿਆ ਹੈ। ਦੂਜੇ ਪਾਸੇ, ਅਜ਼ੀਮ ਖ਼ਾਨ ਨੇ ਕੋਈ ਪ੍ਰਤੀਕਰਮ ਜ਼ਾਹਿਰ ਨਹੀਂ ਕੀਤਾ। ਉਸ ਦੇ ਇਕ ਕਰੀਬੀ ਨੇ ‘ਐਕਸਪ੍ਰੈੱਸ ਟ੍ਰਿਬਿਊਨ’ ਨੂੰ ਦੱਸਿਆ ਕਿ ਅਜ਼ੀਮ ਜਲਦ ਹੀ ਲਾਹੌਰ ਆ ਕੇ ‘‘ਅਸਲ ਤਸਵੀਰ’’ ਮੀਡੀਆ ਅੱਗੇ ਪੇਸ਼ ਕਰੇਗਾ।

-ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All