ਸਿਹਤ ਤੇ ਸਿਆਸਤ

ਦੋ ਸੌ ਸਾਲ ਪੁਰਾਣੀ ਕਹਾਣੀ: ਵੈਕਸੀਨ ਲਗਾਈਏ ਜਾਂ ਨਾ ?

ਦੋ ਸੌ ਸਾਲ ਪੁਰਾਣੀ ਕਹਾਣੀ: ਵੈਕਸੀਨ ਲਗਾਈਏ ਜਾਂ ਨਾ ?

ਜੇਮਜ਼ ਗਿਲਰੇਅ ਦਾ 1803 ਵਿਚ ਬਣਾਇਆ ਵਿਅੰਗ ਚਿੱਤਰ: ‘ਨਵੇਂ ਟੀਕਾਕਰਨ ਦੇ ਚਮਤਕਾਰੀ ਪ੍ਰਭਾਵ’।

ਬੀ.ਐਨ. ਗੋਸਵਾਮੀ

ਬੀ.ਐਨ. ਗੋਸਵਾਮੀ

ਜੇ ਵੈਕਸੀਨ ਮਿਲਣ ਦੇ ਬਾਵਜੂਦ ਨਹੀਂ ਲਗਵਾਈ ਜਾਂਦੀ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਅੰਦਰ ਇਸ ਬਾਰੇ ਜੱਕੋਤੱਕੀ ਬਣੀ ਹੋਈ ਹੈ। ਵੈਕਸੀਨ ਬਾਰੇ ਝਿਜਕ ਇਕ ਜਟਿਲ ਵਰਤਾਰਾ ਤਾਂ ਹੈ ਹੀ, ਇਹ ਸਮੇਂ, ਸਥਾਨ ਅਤੇ ਵੈਕਸੀਨ ਦੇ ਖ਼ਾਸ ਸੰਦਰਭ ਨਾਲ ਵੀ ਜੁੜੀ ਹੁੰਦੀ ਹੈ।

- ਵਿਸ਼ਵ ਸਿਹਤ ਸੰਗਠਨ

ਵਿਗਿਆਨ ਵਿਚ ਸਿਹਰਾ ਉਸ ਆਦਮੀ ਦੇ ਸਿਰ ਬੱਝਦਾ ਹੈ ਜੋ ਦੁਨੀਆ ਨੂੰ ਕਾਇਲ ਕਰਦਾ ਹੈ, ਨਾ ਕਿ ਉਸ ਆਦਮੀ ਦੇ ਸਿਰ ਜਿਸ ਨੂੰ ਸਭ ਤੋਂ ਪਹਿਲਾਂ ਉਹ ਖ਼ਿਆਲ ਆਇਆ ਹੁੰਦਾ ਹੈ। - ਫ੍ਰਾਂਸਿਸ ਗੈਲਟਨ

ਗੱਲ ਇਹ ਨਹੀਂ ਹੈ ਕਿ ਮੈਂ ਇਸ ਬਾਰੇ ਬਹੁਤਾ ਕੁਝ ਜਾਣਦਾ ਹਾਂ ਜਾਂ ਨਹੀਂ। ਪਰ ‘2019 ਐਨ ਕੋਵ’ ਨਾਂ ਦੇ ਵਾਇਰਸ ਨੇ ਜਿਵੇਂ ਸਾਡੀ ਦੁਨੀਆ ਅੰਦਰ ਤਬਾਹੀ ਮਚਾਈ ਹੈ ਤੇ ਹਾਲੇ ਵੀ ਇਹ ਕਾਇਮ-ਦਾਇਮ ਹੈ, ਉਸ ਦੇ ਮੱਦੇਨਜ਼ਰ ਮੈਂ ਇਹ ਲਿਖਣ ਲਈ ਮਜਬੂਰ ਹੋਇਆ ਹਾਂ। ਉਂਜ, ਇਹ ਲੇਖ ਕਿਸੇ ਹੋਰ ਵਾਇਰਸ ਬਾਰੇ ਹੈ ਜਿਸ ਨੇ ਕੁਝ ਸਦੀਆਂ ਪਹਿਲਾਂ ਕਹਿਰ ਵਰਤਾਇਆ ਸੀ, ਜਿਸ ਕਾਰਨ ਹਰ ਸਾਲਾਂ ਲੱਖਾਂ ਮੌਤਾਂ ਹੋ ਜਾਂਦੀਆਂ ਸਨ ਜਾਂ ਲੋਕਾਂ ਦਾ ਤ੍ਰਾਹ ਨਿਕਲਦਾ ਸੀ; ਜਿਸ ਨੂੰ ਅਸੀਂ ਸਮਾਲ ਪੌਕਸ ਜਾਂ ਚੇਚਕ ਵਜੋਂ ਜਾਣਦੇ ਸਾਂ। ਚੰਗੇ ਭਾਗੀਂ ਵੈਕਸੀਨ ਸਦਕਾ ਉਸ ਵਾਇਰਸ ਦਾ ਦੁਨੀਆ ਭਰ ’ਚੋਂ ਨਾਂ ਨਿਸ਼ਾਨ ਮਿਟ ਗਿਆ ਹੈ ਅਤੇ ਇਸ ਦੇ ਕੁਝ ਬਚੇ ਖੁਚੇ ਨਮੂਨੇ ਸਾਇਬੇਰੀਆ ਅਤੇ ਅਮਰੀਕਾ ਦੀਆਂ ਦੋ ਲੈਬਾਰਟਰੀਆਂ ਵਿਚ ਪਏ ਹਨ। ਇਹ ਨਮੂਨੇ ਉਚੇਚੇ ਤੌਰ ’ਤੇ ਖੋਜ ਲਈ ਵਰਤੇ ਜਾਂਦੇ ਹਨ ਅਤੇ ਇਹ ਉਂਜ ਹੀ ਸੁਰੱਖਿਅਤ ਰੱਖੇ ਗਏ ਹਨ ਜਿਵੇਂ ਕੋਈ ‘ਪਰਮਾਣੂੰ ਬੰਬ’ ਰੱਖਿਆ ਜਾਂਦਾ ਹੈ।

ਪੈਰਿਸ ਦੇ ਇਕ ਅਖ਼ਬਾਰ ’ਚ ਛਪਿਆ ਕਾਰਟੂਨ।

ਸਾਡੀ ਦੁਨੀਆ ਅੰਦਰ ਜਦੋਂ ਇੰਨਾ ਕੁਝ ਵਾਪਰ ਰਿਹਾ ਹੈ ਅਤੇ ਕੋਵਿਡ-19 ਕਾਰਨ ਮੌਤ ਦਾ ਜਾਲ ਅਜੇ ਵੀ ਹਰ ਪਿੰਡ ਤੇ ਕਸਬੇ ਤੱਕ ਫੈਲਿਆ ਹੋਇਆ ਹੈ ਤਾਂ ਅਜਿਹੇ ਵਕਤ ਚੇਚਕ ਦੀ ਵੈਕਸੀਨ ਦੀ ਕਹਾਣੀ ਪਾਉਣੀ ਲਾਹੇਵੰਦ ਸਾਬਿਤ ਹੋ ਸਕਦੀ ਹੈ। ਇਸ ਕਰਕੇ ਵੀ ਕਿ ਇਹ ਵੈਕਸੀਨ ਦੀ ਈਜਾਦ ਦੀ ਕਹਾਣੀ ਹੀ ਨਹੀਂ ਹੈ ਸਗੋਂ ਇਸ ਨੂੰ ਪ੍ਰਵਾਨ ਕਰਨ ਵਿਚ ਬਣੀ ਝਿਜਕ ਨਾਲ ਵੀ ਜੁੜੀ ਹੋਈ ਹੈ। ਪਹਿਲ ਪਲੇਠੀ ਵੈਕਸੀਨ ਦੀ ਕਹਾਣੀ ਪਹਿਲਾਂ ਵੀ ਕਈ ਵਾਰ ਪਾਈ ਜਾ ਚੁੱਕੀ ਹੈ ਤੇ ਹੁਣ ਇਹ ਦੰਦ ਕਥਾ ਦਾ ਰੂਪ ਲੈ ਚੁੱਕੀ ਹੈ ਹਾਲਾਂਕਿ ਇਸ ਦੇ ਬਹੁਤ ਸਾਰੇ ਵੇਰਵਿਆਂ ’ਤੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਪਰ ਇਸ ਦਾ ਸਾਰ ਸੱਚ ਹੈ। ਇਹ 1796 ਦੀ ਗੱਲ ਹੈ ਜਦੋਂ ਇੰਗਲੈਂਡ ਦੇ ਗਲੋਸੈਸਟਰਸ਼ਾਇਰ ਦੇ ਬਰਕਲੇ ਇਲਾਕੇ ਵਿਚ ਡਾਕਟਰੀ ਕਰਨ ਵਾਲੇ ਐਡਵਰਡ ਜੈਨਰ ਤੋਂ ਇਕ ਗੁਆਲਣ ਮੁਟਿਆਰ ਸਾਰ੍ਹਾ ਨੈਲਮਜ਼ ਆਪਣੇ ਹੱਥ ’ਤੇ ਹੁੰਦੀ ਖਾਰਸ਼ ਦਾ ਇਲਾਜ ਕਰਵਾਉਣ ਆਈ। ਡਾਕਟਰ ਨੇ ਦੇਖਿਆ ਕਿ ਉਸ ਦੇ ਆਸ-ਪਾਸ ਦਿਹਾਤੀ ਖੇਤਰ ਵਿਚ ਦੁੱਧ ਦਾ ਕੰਮ ਕਰਨ ਵਾਲੀਆਂ ਔਰਤਾਂ ਦਾ ਰੰਗ ਨਿਛੋਹ ਹੈ ਤੇ ਉਨ੍ਹਾਂ ਦੇ ਸਰੀਰ ’ਤੇ ਖ਼ੌਫ਼ਨਾਕ ਬਿਮਾਰੀ ਚੇਚਕ ਦੇ ਦਾਣੇ ਨਿਕਲਣ ਵਰਗੀ ਕਦੇ ਕੋਈ ਅਲਾਮਤ ਨਹੀਂ ਹੋਈ ਸੀ। ਜੈਨਰ ਨੇ ਮਰੀਜ਼ ਦੇਖ ਪਰਖ ਕੇ ਸਿੱਟਾ ਕੱਢਿਆ ਕਿ ਇਨ੍ਹਾਂ ’ਚੋਂ ਕੁਝ ਔਰਤਾਂ ਨੂੰ ਕਿਸੇ ਨਾ ਕਿਸੇ ਸਮੇਂ ਇਸ ਦੀ ਜਾਂ ਫਿਰ ਕੋਈ ਹੋਰ ‘ਕਾਓ ਪੌਕਸ’ (ਗਊਆਂ ਦੇ ਜ਼ਿਆਦਾ ਸਮਾਂ ਲਾਗੇ ਰਹਿਣ ਕਰਕੇ ਹੋਣ ਵਾਲੇ ਫੋੜੇ ਜਾਂ ਖਾਰਸ਼ ਜਾਂ ਜਿਸ ਨੂੰ ਗਊ ਦੇ ਥਣਾਂ ਦੀ ਚੇਚਕ ਵੀ ਕਿਹਾ ਜਾਂਦਾ ਹੈ) ਦੀ ਲਾਗ ਲੱਗੀ ਹੋ ਸਕਦੀ ਹੈ ਅਤੇ ਇਸ ਹਲਕੀ ਜਿਹੀ ਅਲਾਮਤ ਕਰਕੇ ਇਹ ਕੁੜੀਆਂ ਚੇਚਕ ਦੀ ਲਾਗ ਤੋਂ ਬਚੀਆਂ ਰਹੀਆਂ ਸਨ ਤੇ ਜਿਸ ਨੇ ਉਨ੍ਹਾਂ ਅੰਦਰ ਰੋਗ ਪ੍ਰਤੀਰੋਧਕ ਸਮੱਰਥਾ ਪੈਦਾ ਕਰ ਦਿੱਤੀ ਸੀ। ਜੈਨਰ ਨੇ ਸਾਰ੍ਹਾ ਤੋਂ ਹੋਰ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਇਕ ਗਾਂ ‘ਬਲੌਸਮ’ ਨੂੰ ਹਾਲ ਹੀ ਵਿਚ ‘ਕਾਓ ਪੌਕਸ’ ਹੋਈ ਸੀ। ਇਸ ਅਹਿਸਾਸ ਨਾਲ ਡਾਕਟਰ ਨੇ ‘ਕਾਓ ਪੌਕਸ’ ਦੇ ਹਿਫ਼ਾਜ਼ਤੀ ਗੁਣਾਂ ਦੀ ਅਜ਼ਮਾਇਸ਼ ਕਰਨ ਦਾ ਫ਼ੈਸਲਾ ਕਰ ਲਿਆ। 1798 ਵਿਚ ਉਸ ਨੇ ਤਜਰਬੇ ਦੇ ਤੌਰ ’ਤੇ ਸਾਰ੍ਹਾ ਦੇ ਹੱਥ ’ਤੇ ਬਣੇ ਇਕ ਫੋੜੇ ’ਚ ਛੇਕ ਕਰ ਕੇ ਉਸ ’ਚੋਂ ਨਿਕਲਣ ਵਾਲੇ ਤਰਲ ਮਾਦੇ ਦਾ ਟੀਕਾ ਇਕ ਹੋਰ ਨੌਜਵਾਨ ਦੀ ਬਾਂਹ ’ਤੇ ਲਗਾਇਆ। ਉਸ ਮੁੰਡੇ ਵਿਚ ‘ਕਾਓ ਪੌਕਸ’ ਦੇ ਹਲਕੇ ਜਿਹੇ ਲੱਛਣ ਆ ਗਏ ਪਰ ਇਹ ਜਲਦੀ ਹੀ ਠੀਕ ਹੋ ਗਏ ਅਤੇ ਕੁਝ ਦੇਰ ਬਾਅਦ ਜਦੋਂ ਉਸ ਨੂੰ ਚੇਚਕ ਦੀ ਲਾਗ ਦਿੱਤੀ ਗਈ ਤਾਂ ਇਸ ਖ਼ਤਰਨਾਕ ਬਿਮਾਰੀ ਦੇ ਲੱਛਣ ਉਸ ਨੌਜਵਾਨ ਵਿਚ ਪੈਦਾ ਨਹੀਂ ਹੋ ਸਕੇ। ਜੈਨਰ ਨੂੰ ਪਤਾ ਚੱਲ ਗਿਆ ਕਿ ਉਸ ਦਾ ਸਿਧਾਂਤ ਠੀਕ ਹੈ ਤੇ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਵੈਕਸੀਨ ਤਿਆਰ ਹੋਈ। (ਮੈਨੂੰ ਪੂਰੀ ਤਰ੍ਹਾਂ ਤਾਂ ਨਹੀਂ ਪਤਾ ਪਰ ਇਹ ਸ਼ਬਦ ਵੈਕਾ ਤੋਂ ਲਿਆ ਗਿਆ ਹੈ ਜੋ ਲਾਤੀਨੀ ਭਾਸ਼ਾ ਵਿਚ ਗਾਂ ਲਈ ਵਰਤਿਆ ਜਾਂਦਾ ਹੈ)।

ਮੈਂ ਇਸ ਨਿਰਖ-ਪਰਖ (ਚੇਚਕ ਤੋਂ ਰੋਕਥਾਮ ਅਤੇ ਇਲਾਜ ਬਾਰੇ) ਦੀ ਹੋਰ ਘੋਖ ਕਰਾਂਗਾ, ਇਕ ਅਜਿਹੀ ਘੋਖ ਜੋ ਮੇਰੀ ਨਜ਼ਰ ਵਿਚ ਮਹਿਜ਼ ਕਿਆਸ ’ਤੇ ਆਧਾਰਤ ਨਾ ਹੋਵੇ ਸਗੋਂ ਇਕ ਅਜਿਹਾ ਪਲ ਸਾਬਿਤ ਹੋਵੇ ਜੋ ਮਾਨਵਤਾ ਲਈ ਲਾਜ਼ਮੀ ਤੌਰ ’ਤੇ ਲਾਹੇਵੰਦ ਬਣਨ ਦੀ ਸੁਖਾਵੀਂ ਆਸ ਦੀ ਪ੍ਰੇਰਨਾ ਦਿੰਦਾ ਹੋਵੇ। - ਐਡਵਰਡ ਜੈਨਰ

ਸਮਾਂ ਬੀਤਦਾ ਗਿਆ ਤੇ ਜੈਨਰ ਨੇ ਆਪਣੇ ਮਰੀਜ਼ਾਂ ਤੇ ਆਮ ਲੋਕਾਂ ਵਿਚ ਇਸ ਬਾਰੇ ਗੱਲ ਛੇੜੀ, ਪਰ ਉਸ ਦਾ ਲਹਿਜਾ ਕਾਇਲ ਕਰਨ ਵਾਲਾ ਸੀ ਜਿਸ ਸਦਕਾ ਉਸ ਦੀ ਖੋਜ ਦੀ ਮਾਨਤਾ ਵਧਣ ਲੱਗ ਪਈ। ਉਸ ਨੂੰ ‘ਮਾਨਵਤਾ ਲਈ ਮਸੀਹਾ’ ਕਿਹਾ ਜਾਣ ਲੱਗ ਪਿਆ ਅਤੇ ਉਹ ਖ਼ੁਦ ਵੀ ਆਪਣੇ ਆਪ ਨੂੰ ‘ਦੁਨੀਆ ਦਾ ਵੈਕਸੀਨ ਸੇਵਕ’ ਕਹਿੰਦਾ ਸੀ ਅਤੇ ਚਾਰੇ ਪਾਸੇ ਉਸ ਦਾ ਮਾਣ-ਤਾਣ ਹੋਣ ਲੱਗ ਪਿਆ। ਇਕ ਸਾਲ ਦੇ ਅੰਦਰ-ਅੰਦਰ ਆਮ ਲੋਕਾਂ ਵਿਚ ਚੇਚਕ ਦੀ ਵੈਕਸੀਨ ਦੇ ਪਹਿਲੇ ਪ੍ਰੀਖਣ (ਟ੍ਰਾਇਲ) ਸ਼ੁਰੂ ਹੋ ਗਏ, ਪਰ ਇਸ ਤੋਂ ਅਗਲਾ ਪੜਾਅ ਸੌਖਾ ਨਹੀਂ ਸੀ। ਅਚਾਨਕ ਹੀ ਜੈਨਰ ਦੀ ਵਿਧੀ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਅਤੇ ਇਕ ਸ਼ੋਰੀਲੀ ਤੇ ਭੜਕਾਊ ਵੈਕਸੀਨ ਵਿਰੋਧੀ ਲਹਿਰ ਖੜ੍ਹੀ ਹੋ ਗਈ। ਚੇਚਕ ਵਿਰੋਧੀ ਉਸ ਦੀ ਵੈਕਸੀਨ ਬਾਰੇ - ਬਲਦ ਦੇ ਸਿੰਗਾਂ ਵਾਲੇ ਬੱਚਿਆਂ ਦੇ ਜਨਮ, ਬੁੱਢੀਆਂ ਔਰਤਾਂ ਦੇ ਸਿੰਗ ਨਿਕਲ ਆਏ ਹਨ ਤੇ ਦੋ-ਫਾਂਗਾ ਦਿਮਾਗ਼ ਹੋਣ ਜਿਹੀਆਂ ਅਫ਼ਵਾਹਾਂ ਫੈਲਣ ਲੱਗ ਪਈਆਂ ਜੋ ਵੈਕਸੀਨ ਦੇ ਗਾਂ ਨਾਲ ਸਬੰਧ ਹੋਣ ਕਰ ਕੇ ਜੋੜੀਆਂ ਗਈਆਂ ਸਨ। ਜੈਨਰ ਦੀ ਖੋਜ ਖਿਲਾਫ਼ ਮੁਹਿੰਮ ਦੀ ਅਗਵਾਈ ਕਰਨ ਵਾਲਾ ਇਕ ਡਾਕਟਰ ਵਿਲੀਅਮ ਰਾਓਲੀ ਸੀ ਜਿਸ ਨੇ ਜੈਨਰ ’ਤੇ ਸ਼ੈਤਾਨੀ ਦਾ ਦੋਸ਼ ਮੜ੍ਹਿਆ ਅਤੇ ਚੇਚਕ ਦੀ ਵੈਕਸੀਨ ਦੇ ਅਸਰ ਦਾ ਮਜ਼ਾਕ ਉਡਾਉਣ ਵਾਲੇ ਕਈ ਕਾਰਟੂਨ ਛਪਵਾਏ ਸਨ। ਆਪਣੇ ਇਕ ਪਰਚੇ ਵਿਚ ਉਸ ਨੇ ਲਿਖਿਆ ਸੀ: ‘‘ ਇਹ ਮਵੇਸ਼ੀਆਂ ਦੀਆਂ ਬਿਮਾਰੀਆ ਹਨ, ਜੋ ਆਪਣੇ ਸੁਭਾਅ ਤੋਂ ਹੀ ਗੰਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਚਿਹਰੇ ਮੋਹਰੇ, ਅੱਖਾਂ, ਕੰਨਾਂ ਦੀ ਸ਼ਕਤੀ ਜਵਾਬ ਦੇ ਜਾਂਦੀ ਹੈ ਅਤੇ ਸਾਰੇ ਸਰੀਰ ’ਤੇ ਇਸ ਦਾ ਅਸਰ ਫੈਲ ਜਾਂਦਾ ਹੈ।’’ ਜੈਨਰ ਦੀ ਈਜਾਦ ਦਾ ਇਕ ਹੋਰ ਕੱਟੜ ਵਿਰੋਧੀ ਬੈਂਜਾਮਿਨ ਮੋਸਲੇ ਸੀ ਜਿਸ ਨੇ ‘ਕਾਓ ਪੌਕਸ’ ਤੋਂ ਬਣਾਈ ਗਈ ਵੈਕਸੀਨ ਖਿਲਾਫ਼ ਮੁਹਾਜ਼ ਵਿੱਢਿਆ ਹੋਇਆ ਸੀ। ਉਸ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਦੇ ਅਸਰ ਨਾ ਕੇਵਲ ਸਰੀਰ ’ਤੇ ਸਗੋਂ ਦਿਮਾਗ਼ ’ਤੇ ਵੀ ਜ਼ਾਹਰ ਹੁੰਦੇ ਹਨ।

ਬੱਚੇ ਨੂੰ ਟੀਕਾ ਲਾਉਂਦਿਆਂ ਐਡਵਰਡ ਜੈਨਰ।

ਦੂਜੇ ਬੰਨੇ, ਜੈਨਰ ਕੋਲ ਵੀ ਹਮਾਇਤੀਆਂ ਦੀ ਘਾਟ ਨਹੀਂ ਸੀ। ਦੋਵੇਂ ਖੇਮਿਆਂ ਵਿਚਕਾਰ ‘ਅਖ਼ਬਾਰਾਂ, ਕਲਾਕ੍ਰਿਤਾਂ ਦੀ ਸਪੇਸ ’ਤੇ ਟਕਰਾਅ ਤੇਜ਼ ਹੋ ਗਿਆ ਤੇ ਬਰਤਾਨੀਆ ਦੀਆਂ ਗਲੀਆਂ ਵਿਚ ਇਹ ਟਕਰਾਅ ਨਜ਼ਰ  ਆਉਣ ਲੱਗ ਪਿਆ’। ਇਸ ਦੌਰਾਨ ਕਾਰਟੂਨਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਜੇਮਸ ਗਿਲਰੇਅ ਨੇ 1803 ਵਿਚ ਇਕ ਕਾਰਟੂਨ ਛਾਪਿਆ ਜਿਸ ਵਿਚ ਜੈਨਰ ਨੂੰ ਸੀਟ ’ਤੇ ਬੈਠੀ ਇਕ ਔਰਤ ਦੀ ਬਾਂਹ ’ਤੇ ਟੀਕਾ ਲਾਉਂਦੇ ਹੋਏ ਦਰਸਾਇਆ ਗਿਆ ਹੈ ਜਿਸ ਦੇ ਆਲੇ-ਦੁਆਲੇ ਔਰਤਾਂ ਤੇ ਮਰਦਾਂ ਦਾ ਜਮਘਟਾ ਲੱਗਿਆ ਹੋਇਆ ਜਿਨ੍ਹਾਂ ਦੇ ਅੰਗਾਂ ’ਚੋਂ ਵੱਛੜਿਆਂ ਦੇ ਨਿਸ਼ਾਨ ਨਿਕਲਦੇ ਦਿਖਾਈ ਦੇ ਰਹੇ ਹਨ ਤੇ ਉਹ ਕਾਓ ਪੌਕਸ ਨਾਲ ਭਰੇ ਬਰਤਨਾਂ ਤੋਂ ਤ੍ਰਭਕੇ ਹੋਏ ਹਨ। ਪੈਰਿਸ ਦੇ ਅਖ਼ਬਾਰਾਂ ਵਿਚ ਕਾਰਟੂਨ ਛਪੇ ਸਨ। 1800 ਵਿਚ ਇਕ ਅਖ਼ਬਾਰ ਵਿਚ ਛਪੇ ਸਕੈੱਚ ਵਿਚ ਇਕ ਗੁਆਲਣ ਨੂੰ ਆਪਣਾ ਹੱਥ ਜਾਂਚ ਪਰਖ ਲਈ ਐਡਵਰਡ ਜੈਨਰ ਦੇ ਹੱਥ ਵਿਚ ਦਿੰਦਿਆਂ ਦਰਸਾਇਆ ਗਿਆ ਹੈ ਜਿਸ ਦਾ ਇਕ ਹਿੱਸਾ ਇਕ ਵੱਡੀ ਸਾਰੀ ਗਾਂ ਨੇ ਲੁਕੋ ਰੱਖਿਆ ਹੈ ਜਦੋਂਕਿ ਡਾਕਟਰ ਵੈਕਸੀਨ ਲਾਉਣ ਲਈ ਹੇਠਾਂ ਝੁਕਿਆ ਹੋਇਆ ਹੈ। ਇਸ ਦੇ ਹੁੰਦੇ ਸੁੰਦੇ, ਵੈਕਸੀਨ ਦੇ ਹਮਾਇਤੀ ਆਪਣਾ ਇਹ ਨੁਕਤਾ ਸਮਝਾਉਣ ਵਿਚ ਕਾਮਯਾਬ ਰਹੇ ਕਿ ਇਸ ਵਿਰੋਧ ਪਿੱਛੇ ਸਵਾਰਥੀ ਅਨਸਰ ਕੰਮ ਕਰ ਰਹੇ ਹਨ ਤੇ ਕੁਝ ਲੋਕਾਂ ਦਾ ਹਿੱਤ ਜੈਨਰ ਦੀ ਈਜਾਦ ਨੂੰ ਸਿਰੇ ਚੜ੍ਹਨ ਤੋਂ ਰੋਕਣ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਬਿਮਾਰੀ ਦੇ ਇਲਾਜ ਦੇ ਪੁਰਾਣੇ ਪਰ ਮੁਨਾਫ਼ੇ ਵਾਲੇ ਤੌਰ ਤਰੀਕਿਆਂ ਨੂੰ ਸੱਟ ਵੱਜ ਸਕਦੀ ਹੈ।

ਇਸ ਗੱਲ ਨੂੰ ਲੰਮਾ ਅਰਸਾ ਬੀਤ ਚੁੱਕਿਆ ਹੈ, ਪਰ ਝਿਜਕ ਦੇ ਨਾਂ ਨਿਸ਼ਾਨ ਅਜੇ ਵੀ ਬਾਕੀ ਹਨ ਜੋ ਹੁਣ ਕੋਵਿਡ ਵੈਕਸੀਨ ਦੇ ਮਾਮਲੇ ਵਿਚ ਵੀ ਤਾਜ਼ਾ ਹੋ ਰਹੇ ਹਨ। ਹਾਲਾਂਕਿ ਪ੍ਰਤੱਖ ਤੌਰ ’ਤੇ ਵੈਕਸੀਨ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ, ਪਰ ਅੰਦਰਖਾਤੇ ਬਹੁਤ ਕੁਝ ਕਿਹਾ ਜਾ ਰਿਹਾ ਹੈ। ਕੀ ਅਸੀਂ ਉਸ ਨੂੰ ਦੇਖ ਨਹੀਂ ਸਕਦੇ? ਅਗਿਆਨ ਅਤੇ ਬਦਇੰਤਜ਼ਾਮੀ ਦੀ ਗੱਲ ਇਕ ਪਾਸੇ ਰਹੀ, ਪਰ ਦੌਲਤ ਦਾ ਦੇਵਤਾ ਮੈਮਨ ਤਾਂ ਕੰਮ ਕਰ ਹੀ ਰਿਹਾ ਹੈ, ਹਰ ਪਾਸੇ ਈਰਖਾ ਦਾ ਦੌਰ ਚੱਲ ਰਿਹਾ ਹੈ ਅਤੇ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਅੰਦਰ ਧਾਰਮਿਕ ਰੂੜ੍ਹੀਆਂ ਦੇ ਰੂਪ ਵਿਚ ਪੁਰਾਣੇ ਹਥਿਆਰ ਅਤੇ ਅਣਜਾਣ ਖ਼ੌਫ਼ ਕਿਵੇਂ ਡੇਰਾ ਜਮਾਈ ਬੈਠੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All