DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ

ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਦਾ ਸਭ ਤੋਂ ਮਜ਼ਬੂਤ ਆਧਾਰ ਹੁੰਦੀ ਹੈ। ਜਿਹੜਾ ਸਮਾਜ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਚੰਗੀ, ਗੁਣਵੱਤਾ ਭਰਪੂਰ ਅਤੇ ਮੁੱਲ-ਆਧਾਰਿਤ ਸਿੱਖਿਆ ਦਿੰਦਾ ਹੈ, ਉਹ ਸਮਾਜ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਵਧੇਰੇ ਮਜ਼ਬੂਤੀ ਨਾਲ ਕਰ ਸਕਦਾ...

  • fb
  • twitter
  • whatsapp
  • whatsapp
Advertisement

ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਦਾ ਸਭ ਤੋਂ ਮਜ਼ਬੂਤ ਆਧਾਰ ਹੁੰਦੀ ਹੈ। ਜਿਹੜਾ ਸਮਾਜ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਚੰਗੀ, ਗੁਣਵੱਤਾ ਭਰਪੂਰ ਅਤੇ ਮੁੱਲ-ਆਧਾਰਿਤ ਸਿੱਖਿਆ ਦਿੰਦਾ ਹੈ, ਉਹ ਸਮਾਜ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਵਧੇਰੇ ਮਜ਼ਬੂਤੀ ਨਾਲ ਕਰ ਸਕਦਾ ਹੈ। ਭਾਰਤ ਵਰਗੇ ਵਿਸ਼ਾਲ ਅਤੇ ਵੰਨ-ਸੁਵੰਨਤਾ ਵਾਲੇ ਦੇਸ਼ ਵਿੱਚ ਸਰਕਾਰੀ ਸਕੂਲਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਇਨ੍ਹਾਂ ਸਕੂਲਾਂ ਨੇ ਦਹਾਕਿਆਂ ਤੋਂ ਲੱਖਾਂ ਬੱਚਿਆਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦਿੱਤੀ ਹੈ। ਸਮੇਂ ਦੇ ਬਦਲਾਅ ਨਾਲ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ, ਸਹੂਲਤਾਂ, ਪੜ੍ਹਾਉਣ ਦੇ ਢੰਗ ਅਤੇ ਸਿੱਖਿਆ ਪ੍ਰਤੀ ਸੋਚ ਵਿੱਚ ਵੀ ਵੱਡੀਆਂ ਤਬਦੀਲੀਆਂ ਆਈਆਂ ਹਨ।

ਕਿਸੇ ਵੀ ਸਕੂਲ ਦੀ ਪਹਿਲੀ ਪਛਾਣ ਉਸ ਦਾ ਮਾਹੌਲ ਹੈ। ਇੱਕ ਸੁੰਦਰ, ਸਾਫ਼-ਸੁਥਰਾ ਅਤੇ ਸੁਰੱਖਿਅਤ ਸਕੂਲ ਬੱਚੇ ਦੇ ਮਨ ’ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ। ਅੱਜ ਕਈ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵਿੱਚ ਸਿੱਖਿਆਤਮਕ ਚਿੱਤਰਕਾਰੀ, ਬਾਗ਼ਬਾਨੀ, ਸਾਫ਼-ਸੁਥਰੇ ਪਖਾਨੇ, ਪੀਣ ਵਾਲੇ ਪਾਣੀ ਅਤੇ ਬੈਠਣ ਦੀਆਂ ਬਿਹਤਰ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸਕੂਲ ਦੀਆਂ ਕੰਧਾਂ ’ਤੇ ਬਣੇ ਗਣਿਤ ਦੇ ਫਾਰਮੂਲੇ, ਵਿਗਿਆਨ ਨਾਲ ਸਬੰਧਿਤ ਜਾਣਕਾਰੀ ਅਤੇ ਪੰਜਾਬੀ ਸਾਹਿਤ ਤੇ ਇਤਿਹਾਸ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਚਿੱਤਰ ਬੱਚਿਆਂ ਲਈ ਸਿੱਖਣ ਦਾ ਸਾਧਨ ਬਣ ਰਹੇ ਹਨ। ਇਸ ਤਰ੍ਹਾਂ ਸਕੂਲ ਦਾ ਹਰ ਕੋਨਾ ਬੱਚੇ ਲਈ ਇੱਕ ਛੋਟੀ ਜਿਹੀ ਪਾਠਸ਼ਾਲਾ ਬਣਦਾ ਹੈ, ਪਰ ਸੁੰਦਰ ਇਮਾਰਤ ਆਪਣੇ ਆਪ ਵਿੱਚ ਸਿੱਖਿਆ ਦੀ ਗੁਣਵੱਤਾ ਦੀ ਗਾਰੰਟੀ ਨਹੀਂ ਹੈ। ਅਸਲ ਚੁਣੌਤੀ ਇਹ ਹੈ ਕਿ ਇਨ੍ਹਾਂ ਸਹੂਲਤਾਂ ਨੂੰ ਬੱਚਿਆਂ ਦੀ ਸਿੱਖਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਿਆ ਜਾਵੇ।

Advertisement

ਡਿਜੀਟਲ ਯੁੱਗ ਨੇ ਸਿੱਖਿਆ ਦੇ ਤਰੀਕੇ ਨੂੰ ਬਹੁਤ ਬਦਲ ਦਿੱਤਾ ਹੈ। ਪਹਿਲਾਂ ਵਿਦਿਆਰਥੀ ਕਿਸੇ ਵਿਸ਼ੇ ਬਾਰੇ ਸਿਰਫ਼ ਕਿਤਾਬ ਅਤੇ ਅਧਿਆਪਕ ਦੀ ਵਿਆਖਿਆ ’ਤੇ ਨਿਰਭਰ ਸਨ। ਅੱਜ ਤਸਵੀਰਾਂ, ਵੀਡੀਓ, ਐਨੀਮੇਸ਼ਨ, ਡਿਜੀਟਲ ਪੇਸ਼ਕਾਰੀਆਂ ਅਤੇ ਹੋਰ ਤਕਨੀਕੀ ਸਾਧਨਾਂ ਰਾਹੀਂ ਔਖੇ ਵਿਸ਼ਿਆਂ ਨੂੰ ਵੀ ਸੁਖਾਲੇ ਅਤੇ ਦਿਲਚਸਪ ਢੰਗ ਨਾਲ ਸਮਝਾਇਆ ਜਾ ਸਕਦਾ ਹੈ। ਖ਼ਾਸ ਕਰਕੇ ਵਿਗਿਆਨ, ਗਣਿਤ, ਭੂਗੋਲ ਅਤੇ ਇਤਿਹਾਸ ਵਰਗੇ ਵਿਸ਼ਿਆਂ ਵਿੱਚ ਤਕਨਾਲੋਜੀ ਬੱਚਿਆਂ ਦੀ ਸਮਝ ਨੂੰ ਹੋਰ ਡੂੰਘਾ ਕਰ ਸਕਦੀ ਹੈ। ਧਿਆਨ ਰਹੇ ਕਿ ਤਕਨਾਲੋਜੀ ਦੀ ਵਰਤੋਂ ਇੱਕ ਸਾਧਨ ਵਜੋਂ ਹੋਣੀ ਚਾਹੀਦੀ ਹੈ, ਅਧਿਆਪਕ ਦੇ ਬਦਲ ਵਜੋਂ ਨਹੀਂ। ਬੱਚੇ ਨੂੰ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਸੋਚਣ, ਸਵਾਲ ਪੁੱਛਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਵੀ ਮਿਲਣੀ ਚਾਹੀਦੀ ਹੈ।

Advertisement

ਅਧਿਆਪਕ ਦੀ ਬਦਲਦੀ ਭੂਮਿਕਾ: ਅਧਿਆਪਕ ਕਿਸੇ ਵੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਅੱਜ ਅਧਿਆਪਕ ਦੀ ਭੂਮਿਕਾ ਸਿਰਫ਼ ਕਿਤਾਬ ਦਾ ਪਾਠ ਪੜ੍ਹਾਉਣ ਤੱਕ ਸੀਮਿਤ ਨਹੀਂ ਰਹੀ। ਆਧੁਨਿਕ ਸਮਾਜ ਦਾ ਅਧਿਆਪਕ ਬੱਚਿਆਂ ਦੀਆਂ ਵੱਖ-ਵੱਖ ਯੋਗਤਾਵਾਂ ਅਤੇ ਰੁਚੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਕਲਾਸ ਵਿੱਚ ਚਰਚਾ, ਸਮੂਹ ਗਤੀਵਿਧੀਆਂ, ਪ੍ਰੋਜੈਕਟ, ਪ੍ਰਯੋਗ, ਕੁਇਜ਼, ਭਾਸ਼ਣ, ਕਹਾਣੀ-ਕਥਨ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਸਿੱਖਣ ਦੇ ਵਧੇਰੇ ਮੌਕੇ ਮਿਲਦੇ ਹਨ। ਇੱਕ ਚੰਗਾ ਅਧਿਆਪਕ ਇਹ ਵੀ ਜਾਣਦਾ ਹੈ ਕਿ ਹਰ ਬੱਚਾ ਇੱਕੋ ਤਰੀਕੇ ਨਾਲ ਨਹੀਂ ਸਿੱਖਦਾ, ਕਿਸੇ ਬੱਚੇ ਦੀ ਭਾਸ਼ਾ ਵਿੱਚ ਦਿਲਚਸਪੀ ਹੋ ਸਕਦੀ ਹੈ, ਕਿਸੇ ਦੀ ਗਣਿਤ ਵਿੱਚ, ਕਿਸੇ ਦੀ ਖੇਡਾਂ ਵਿੱਚ ਅਤੇ ਕਿਸੇ ਦੀ ਕਲਾ ਵਿੱਚ। ਸਿੱਖਿਆ ਦਾ ਮਕਸਦ ਹਰ ਬੱਚੇ ਦੀ ਅੰਦਰੂਨੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਵਿਕਸਿਤ ਕਰਨਾ ਵੀ ਹੈ।

ਲੰਮੇ ਸਮੇਂ ਤੱਕ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਪ੍ਰੀਖਿਆ ਅਤੇ ਅੰਕਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਇਸ ਕਾਰਨ ਕਈ ਵਿਦਿਆਰਥੀ ਵਿਸ਼ੇ ਨੂੰ ਸਮਝਣ ਦੀ ਬਜਾਏ ਸਿਰਫ਼ ਯਾਦ ਕਰਨ ਨੂੰ ਤਰਜੀਹ ਦਿੰਦੇ ਸਨ। ਅੱਜ ਸਿੱਖਿਆ ਦੇ ਖੇਤਰ ਵਿੱਚ ਇਹ ਸੋਚ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ। ਹੁਣ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਬੱਚਾ ਜੋ ਪੜ੍ਹੇ, ਉਸ ਨੂੰ ਸਮਝੇ ਵੀ। ਉਹ ਸਵਾਲ ਪੁੱਛੇ, ਤਰਕ ਕਰੇ ਅਤੇ ਆਪਣੀ ਸਮਝ ਨੂੰ ਅਸਲ ਜੀਵਨ ਨਾਲ ਜੋੜ ਸਕੇ। ਅੱਜ ਦੇ ਡਿਜੀਟਲ ਯੁੱਗ ਵਿੱਚ ਕਿਤਾਬ ਦੀ ਮਹੱਤਤਾ ਘੱਟ ਨਹੀਂ ਹੋਈ। ਦਰਅਸਲ, ਬੱਚਿਆਂ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਕਰਨਾ ਅੱਜ ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੈ। ਮੋਬਾਈਲ ਅਤੇ ਸੋਸ਼ਲ ਮੀਡੀਆ ਨੇ ਬੱਚਿਆਂ ਦਾ ਧਿਆਨ ਬਹੁਤ ਤੇਜ਼ੀ ਨਾਲ ਭਟਕਾਇਆ ਹੈ। ਇਸ ਲਈ ਸਕੂਲਾਂ ਵਿੱਚ ਲਾਇਬ੍ਰੇਰੀ ਨੂੰ ਸਿਰਫ਼ ਕਿਤਾਬਾਂ ਰੱਖਣ ਵਾਲਾ ਕਮਰਾ ਨਹੀਂ ਸਗੋਂ ਪੜ੍ਹਨ ਅਤੇ ਵਿਚਾਰ ਕਰਨ ਦਾ ਕੇਂਦਰ ਬਣਾਉਣ ਦੀ ਲੋੜ ਹੈ। ਜੇਕਰ ਸਕੂਲ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਚੰਗੀਆਂ ਕਿਤਾਬਾਂ, ਜੀਵਨੀਆਂ, ਵਿਗਿਆਨਕ ਸਾਹਿਤ, ਬਾਲ ਸਾਹਿਤ ਅਤੇ ਆਮ ਗਿਆਨ ਦੀਆਂ ਪੁਸਤਕਾਂ ਉਪਲਬਧ ਹੋਣ ਅਤੇ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਉਨ੍ਹਾਂ ਦੀ ਭਾਸ਼ਾ, ਕਲਪਨਾ ਅਤੇ ਸੋਚਣ ਦੀ ਸਮਰੱਥਾ ਵਿੱਚ ਚੰਗਾ ਵਿਕਾਸ ਹੋ ਸਕਦਾ ਹੈ। ਪੰਜਾਬ ਦੇ ਸੰਦਰਭ ਵਿੱਚ ਸਰਕਾਰੀ ਸਕੂਲਾਂ ਦੀ ਇੱਕ ਹੋਰ ਮਹੱਤਵਪੂਰਨ ਜ਼ਿੰਮੇਵਾਰੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਨਾ ਹੈ। ਮਾਂ-ਬੋਲੀ ਬੱਚੇ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਭ ਤੋਂ ਕੁਦਰਤੀ ਮਾਧਿਅਮ ਹੁੰਦੀ ਹੈ। ਇਸ ਲਈ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਿੱਖਿਆ ਵਿੱਚ ਬਣਦਾ ਸਥਾਨ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦਾ ਗਿਆਨ ਵੀ ਸਮੇਂ ਦੀ ਲੋੜ ਹੈ। ਅੱਜ ਦੇ ਬੱਚੇ ਨੂੰ ਆਪਣੀ ਮਾਂ-ਬੋਲੀ ਨਾਲ ਮਜ਼ਬੂਤੀ ਨਾਲ ਜੁੜੇ ਹੋਣ ਦੇ ਨਾਲ-ਨਾਲ ਦੁਨੀਆ ਨਾਲ ਸੰਚਾਰ ਕਰਨ ਦੀ ਸਮਰੱਥਾ ਵੀ ਹਾਸਿਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਬਹੁ-ਭਾਸ਼ੀ ਸਿੱਖਿਆ ਬੱਚੇ ਲਈ ਵਧੇਰੇ ਮੌਕੇ ਪੈਦਾ ਕਰ ਸਕਦੀ ਹੈ। ਸਿੱਖਿਆ ਦਾ ਮਤਲਬ ਸਿਰਫ਼ ਕਲਾਸਰੂਮ ਵਿੱਚ ਬੈਠ ਕੇ ਪੜ੍ਹਨਾ ਨਹੀਂ ਹੈ। ਖੇਡਾਂ, ਸੰਗੀਤ, ਨਾਟਕ, ਕਲਾ, ਭਾਸ਼ਣ, ਲੇਖ ਲਿਖਣਾ, ਕਵਿਤਾ, ਬਹਿਸ ਅਤੇ ਹੋਰ ਗਤੀਵਿਧੀਆਂ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਸਹਿਯੋਗ ਅਤੇ ਹਾਰ-ਜਿੱਤ ਨੂੰ ਸਵੀਕਾਰ ਕਰਨ ਦੀ ਸਮਰੱਥਾ ਪੈਦਾ ਕਰਦੀਆਂ ਹਨ। ਇਸੇ ਤਰ੍ਹਾਂ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਬੱਚਿਆਂ ਵਿੱਚ ਰਚਨਾਤਮਕਤਾ ਅਤੇ ਆਤਮ-ਵਿਸ਼ਵਾਸ ਵਧਾਉਂਦੀਆਂ ਹਨ। ਅੱਜ ਕਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਖੇਡਾਂ, ਸੱਭਿਆਚਾਰਕ ਮੁਕਾਬਲਿਆਂ ਅਤੇ ਵੱਖ-ਵੱਖ ਅਕਾਦਮਿਕ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦਾ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

ਮਾਪਿਆਂ ਦੀ ਬਦਲਦੀ ਸੋਚ: ਸਰਕਾਰੀ ਸਕੂਲਾਂ ਦੀ ਤਸਵੀਰ ਬਦਲਣ ਵਿੱਚ ਮਾਪਿਆਂ ਦੀ ਸੋਚ ਵੀ ਮਹੱਤਵਪੂਰਨ ਹੈ। ਅੱਜ ਬਹੁਤ ਸਾਰੇ ਮਾਪੇ ਸਕੂਲ ਦੀ ਇਮਾਰਤ ਜਾਂ ਵਰਦੀ ਨਾਲੋਂ ਸਿੱਖਿਆ ਦੀ ਗੁਣਵੱਤਾ ਨੂੰ ਵਧੇਰੇ ਮਹੱਤਵ ਦੇਣ ਲੱਗੇ ਹਨ। ਜਿੱਥੇ ਮਾਪਿਆਂ ਨੂੰ ਸਕੂਲ ਦੀ ਕਾਰਗੁਜ਼ਾਰੀ ’ਤੇ ਭਰੋਸਾ ਹੁੰਦਾ ਹੈ ਅਤੇ ਅਧਿਆਪਕਾਂ ਨਾਲ ਨਿਰੰਤਰ ਸੰਪਰਕ ਰਹਿੰਦਾ ਹੈ, ਉੱਥੇ ਬੱਚੇ ਦੀ ਪੜ੍ਹਾਈ ਵਿੱਚ ਵੀ ਬਿਹਤਰ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਮਾਪਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਬੱਚੇ ਦੀ ਸਿੱਖਿਆ ਦੀ ਜ਼ਿੰਮੇਵਾਰੀ ਸਿਰਫ਼ ਸਕੂਲ ਦੀ ਨਹੀਂ ਹੈ, ਘਰ ਦਾ ਮਾਹੌਲ ਵੀ ਓਨਾ ਹੀ ਜ਼ਰੂਰੀ ਹੈ। ਜੇਕਰ ਘਰ ਵਿੱਚ ਕਿਤਾਬ ਪੜ੍ਹਨ, ਸਮੇਂ ਦੀ ਪਾਬੰਦੀ, ਮਿਹਨਤ ਅਤੇ ਸਵਾਲ ਪੁੱਛਣ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਬੱਚੇ ਦੀ ਸਿੱਖਣ ਦੀ ਪ੍ਰਕਿਰਿਆ ਹੋਰ ਮਜ਼ਬੂਤ ਹੁੰਦੀ ਹੈ।

ਚੁਣੌਤੀਆਂ, ਅਸਲ ਟੀਚਾ ਅਤੇ ਸਮਾਜ ਦੀ ਭੂਮਿਕਾ: ਸਰਕਾਰੀ ਸਕੂਲਾਂ ਸਾਹਮਣੇ ਅਜੇ ਵੀ ਅਧਿਆਪਕਾਂ ਦੀ ਘਾਟ, ਆਰਥਿਕ ਤੇ ਤਕਨੀਕੀ ਅੰਤਰ ਅਤੇ ਵਿਦਿਆਰਥੀਆਂ ਦੀ ਘਟਦੀ ਗਿਣਤੀ ਵਰਗੀਆਂ ਚੁਣੌਤੀਆਂ ਮੌਜੂਦ ਹਨ। ਸਿੱਖਿਆ ਦਾ ਮਕਸਦ ਸਿਰਫ਼ ਨੰਬਰ ਹਾਸਿਲ ਕਰਨਾ ਨਹੀਂ ਸਗੋਂ ਬੱਚੇ ਨੂੰ ਗਿਆਨਵਾਨ, ਸੰਵੇਦਨਸ਼ੀਲ ਅਤੇ ਜੀਵਨ ਜਿਊਣ ਦੇ ਯੋਗ ਨਾਗਰਿਕ ਬਣਾਉਣਾ ਹੈ। ਸਕੂਲਾਂ ਨੂੰ ਬਿਹਤਰ ਬਣਾਉਣਾ ਸਿਰਫ਼ ਸਰਕਾਰ ਦਾ ਕੰਮ ਨਹੀਂ ਹੈ ਸਗੋਂ ਸਾਬਕਾ ਵਿਦਿਆਰਥੀਆਂ ਅਤੇ ਸਮਾਜ ਨੂੰ ਵੀ ਆਪਣੇ ਤਜਰਬੇ ਤੇ ਸਮਰੱਥਾ ਅਨੁਸਾਰ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ ਉਮੀਦ ਪੈਦਾ ਕਰਦੀ ਹੈ, ਜਿਸ ਲਈ ਸੁੰਦਰ ਇਮਾਰਤਾਂ ਅਤੇ ਸਮਾਰਟ ਸਾਧਨਾਂ ਦੇ ਨਾਲ-ਨਾਲ ਚੰਗੇ ਅਧਿਆਪਕਾਂ ਅਤੇ ਸਕਾਰਾਤਮਕ ਸੋਚ ਦੀ ਲੋੜ ਹੈ। ਜੇਕਰ ਸਰਕਾਰ, ਅਧਿਆਪਕ, ਮਾਪੇ ਅਤੇ ਸਮਾਜ ਰਲ ਕੇ ਯਤਨ ਕਰਨ ਤਾਂ ਇਹ ਸਕੂਲ ਨਵੇਂ ਭਾਰਤ ਦੀ ਮਜ਼ਬੂਤ ਨੀਂਹ ਬਣ ਸਕਦੇ ਹਨ ਕਿਉਂਕਿ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨਾ ਅਸਲ ਵਿੱਚ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਕਰਨਾ ਹੈ।

ਸੰਪਰਕ: 98558-67771

Advertisement
×