Bobby Deol ਦੀ Crime-Thriller ਫ਼ਿਲਮ ‘Bandar’ ਦਾ Trailer ਰਿਲੀਜ਼
ਫਿਲਮ 5 ਜੂਨ ਨੂੰ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼
ਬੌਬੀ ਦਿਓਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਬੰਦਰ’ ਦਾ ਟਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ ਜੋ ਅਨੁਰਾਗ ਕਸ਼ਯਪ ਦੇ ਨਿਰਦੇਸ਼ਨ ਹੇਠ ਬਣੀ ਕ੍ਰਾਈਮ-ਥ੍ਰਿਲਰ ਫ਼ਿਲਮ ਹੈ। ਇਹ ਫ਼ਿਲਮ 5 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਟਰੇਲਰ ਵਿੱਚ ਬੌਬੀ ਦਿਓਲ ਨੇ ‘ਸਮਰ ਮਹਿਰਾ’ ਦੀ ਭੂਮਿਕਾ ਨਿਭਾਈ ਹੈ ਜੋ ਮਸ਼ਹੂਰ ਟੈਲੀਵਿਜ਼ਨ ਸੁਪਰਸਟਾਰ ਹੈ ਪਰ ਆਪਣੀ ਮਸ਼ਹੂਰੀ, ਇਕੱਲੇਪਣ ਅਤੇ ਆਸ਼ਿਕ ਮਿਜ਼ਾਜ ਵਾਲੇ ਅਕਸ ਨਾਲ ਜੂਝ ਰਿਹਾ ਹੈ। ਕਹਾਣੀ ਉਦੋਂ ਦਿਲਚਸਪ ਮੋੜ ਲੈਂਦੀ ਹੈ ਜਦੋਂ ਸਮਰ ਡੇਟਿੰਗ ਐਪ ਰਾਹੀਂ ਇੱਕ ਔਰਤ ਨਾਲ ਜੁੜਦਾ ਹੈ ਜਿਸ ਦਾ ਕਿਰਦਾਰ ਸਪਨਾ ਪੱਬੀ ਨੇ ਨਿਭਾਇਆ ਹੈ। ਉਹ ਔਰਤ ਬਾਅਦ ਵਿੱਚ ਉਸ ’ਤੇ ਜਬਰ ਜਨਾਹ ਤੇ ਬਲੈਕਮੇਲ ਦੇ ਦੋਸ਼ ਲਾਉਂਦੀ ਹੈ। ਟਰੇਲਰ ਵਿੱਚ ਸਮਰ ਨੂੰ ਬਹੁਤ ਹੀ ਭ੍ਰਿਸ਼ਟ ਸਿਸਟਮ ਖ਼ਿਲਾਫ਼ ਕਾਨੂੰਨੀ ਲੜਾਈ ਵਿੱਚ ਫਸਦੇ ਹੋਏ ਦਿਖਾਇਆ ਗਿਆ ਹੈ। ਬੌਬੀ ਦਿਓਲ ਅਤੇ ਸਪਨਾ ਪੱਬੀ ਤੋਂ ਇਲਾਵਾ ‘ਬੰਦਰ’ ਵਿੱਚ ਸਾਨੀਆ ਮਲਹੋਤਰਾ, ਸਬਾ ਆਜ਼ਾਦ, ਰਾਜ ਬੀ ਸ਼ੈੱਟੀ, ਜਿਤੇਂਦਰ ਜੋਸ਼ੀ, ਰਿਧੀ ਸੇਨ, ਇੰਦਰਜੀਤ ਸੁਕੁਮਾਰਨ ਅਤੇ ਨਾਗੇਸ਼ ਭੌਂਸਲੇ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦੀ ਪਟਕਥਾ ਸੁਦੀਪ ਸ਼ਰਮਾ ਅਤੇ ਅਭਿਸ਼ੇਕ ਬੈਨਰਜੀ ਨੇ ਲਿਖੀ ਹੈ, ਜੋ ‘ਪਾਤਾਲ ਲੋਕ’, ‘ਕੋਹਰਾ’ ਅਤੇ ‘ਉੜਤਾ ਪੰਜਾਬ’ ਵਰਗੀਆਂ ਫ਼ਿਲਮਾਂ ਤੇ ਸੀਰੀਜ਼ਾਂ ਲਈ ਜਾਣੇ ਜਾਂਦੇ ਹਨ। ਇਹ ਫ਼ਿਲਮ ਨਿਖਿਲ ਦਿਵੇਦੀ ਦੇ ‘ਸੈੱਫਰਨ ਮੈਜਿਕਵਰਕਸ’ ਦੇ ਨਿਰਮਾਣ ਹੇਠ ਬਣੀ ਹੈ ਅਤੇ ਇਸ ਨੂੰ ‘ਜ਼ੀ ਸਟੂਡੀਓਜ਼’ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।

