ਹਮਸੁਖ਼ਨ

ਬਹੁਤ ਸਾਰੇ ਸੂਰਜ: ਨਕਸ਼ ਨਵੇਰੇ

ਬਹੁਤ ਸਾਰੇ ਸੂਰਜ: ਨਕਸ਼ ਨਵੇਰੇ

ਹਰਿਭਜਨ ਸਿੰਘ

ਲਾਲ ਸਿੰਘ ਦਿਲ ਨੇ ਆਪਣੇ ਨਵੇਂ ਕਾਵਿ-ਸੰਗ੍ਰਹਿ ‘ਬਹੁਤ ਸਾਰੇ ਸੂਰਜ’ ਦੀ ਇਕ ਕਾਪੀ ‘ਮੁਹੱਬਤ ਨਾਲ ਡਾ. ਹਰਿਭਜਨ ਲਈ’ ਭੇਜੀ ਹੈ, ਐਨ ਉਨ੍ਹੀਂ ਦਿਨੀਂ ਜਦੋਂ ਲੋਕ ਇਕ ਦੂਜੇ ਨੂੰ ਨਵੇਂ ਸਾਲ ਦੇ ਵਧਾਈ ਕਾਰਡ ਭੇਜਦੇ ਹਨ। ਨਿਊਜ਼ ਪ੍ਰਿੰਟ ਦੇ ਮੇਲ ਦਾ ਘਸਮੈਲਾ ਜਿਹਾ ਕਾਗ਼ਜ਼, ਕਿਤੇ ਲੋੜੋਂ ਵੱਧ ਗੂੜ੍ਹੀ ਸਿਆਹੀ ਦੇ ਪੂੰਝੇ ਤੇ ਕਿਤੇ ਲੋੜੋਂ ਘੱਟ ਮੱਧਮ ਸਿਆਹੀ ਦੇ ਬੇਮਲੂਮ ਜਿਹੇ ਧੱਬੇ। ਸਰਵਰਕ ਤੋਂ ਪਿਠਵਰਕ ਤਕ ਇਸ ਦਾ ਕੋਈ ਨਕਸ਼ ਐਸਾ ਨਹੀਂ ਜੋ ਵੇਖਣ ਪੜ੍ਹਨ ਵਾਲੇ ਨੂੰ ਆਪਣੇ ਵੱਲ ਸੈਣਤ ਕਰਦਾ ਹੋਵੇ। ਮੇਰਾ ਜੀ ਨਹੀਂ ਸੀ ਕਰਦਾ ਕਿ ਸੱਠ ਕੁ ਸਫ਼ਿਆਂ ਦੀ ਇਸ ਕਿਤਾਬੜੀ ਨੂੰ ਹੁੰਗਾਰਾ ਦੇਵਾਂ। ਤਾਂ ਵੀ ਨਵੇਂ ਸਾਲ ਦੀ ਇਸ ‘ਮੁਹੱਬਤ ਨਾਲ’ ਭੇਜੀ ਹੋਈ ਸੁਗਾਤ ਨੂੰ ਨਾਂਹ ਕਿਵੇਂ ਕਰ ਦਿਆਂ। ਆਪਣੇ ਸੁਭਾਅ ਮੁਤਾਬਿਕ ਮੈਂ ਇਸ ਦਾ ਵਾਕ ਲੈਂਦਾ ਹਾਂ। ਕਿਤਾਬ ਬੋਲਦੀ ਹੈ:

ਪੁਰਾਣੇ ਤੇ ਸਸਤੇ ਕੱਪੜਿਆਂ ਦੀ ਮਹਿਕ

ਸਸਤੇ ਸਾਬਣ ਕਰੀਮ ’ਚ ਮਹਿਕਦੀ

ਇਸ ਤੋਂ ਵੱਡੀ ਖ਼ੁਸ਼ੀ ਕੋਈ ਫਿਰ ਨਹੀਂ ਆਂਵਦੀ

ਇਨ੍ਹਾਂ ਪੰਗਤੀਆਂ ਦੀ ਸਤਹਿ ਵਿਚ ਕੁਝ ਵੀ ਤਾਂ ਐਸਾ ਨਹੀਂ ਜਿਸ ਨੂੰ ਹਸੀਨ ਕਿਹਾ ਜਾ ਸਕੇ, ਤਾਂ ਵੀ ਮੇਰੇ ਹੀ ਧੁਰ ਡੂੰਘ ਵਿਚ ਪੁੜਿਆ ਹੋਇਆ ਕੰਡਾ ਚੁਭਕ ਮਾਰਦਾ ਹੈ। ਇਹ ਸਤਰਾਂ ਕਿਸੇ ਗ਼ਰੀਬ ਕੁੜੀ ਦੇ ਵਿਆਹ ਦੀ ਗੱਲ ਸੁਣਾਉਂਦੀਆਂ ਹਨ। ਉਸ ਦਾ ਵਿਆਹ ਪੁਰਾਣੇ ਸਸਤਿਆਂ ਕੱਪੜਿਆਂ ’ਚ ਹੁੰਦਾ ਹੈ। ਉਹਨੂੰ ਸਜਾਇਆ-ਸ਼ਿੰਗਾਰਿਆ ਵੀ ਸਸਤੇ ਸਾਬਣ ਕਰੀਮ ਨਾਲ ਜਾਂਦਾ ਹੈ। ਉਸ ਦੇ ਵੱਡੇ ਦੁੱਖ-ਸਾਗਰ ਵਿਚ ਬਸ ਏਨਾ ਕੁ ਸੁਖ ਦਾ ਜਜ਼ੀਰਾ ਹੈ। ਇਹ ਪੰਗਤੀਆਂ ਮੈਨੂੰ ਆਪਣੀਆਂ ਹੀ ਅੰਗ ਸਾਕ ਲਗਦੀਆਂ ਹਨ ਜਿਨ੍ਹਾਂ ਤੋਂ, ਪਤਾ ਨਹੀਂ ਕਿਸ ਮਜਬੂਰੀਵਸ ਮੈਂ ਵਿਛੜਿਆ ਹੋਇਆ ਹਾਂ। ਉਸੇ ਅਚੇਤ ਮਜਬੂਰੀ ਦਾ ਪ੍ਰੇਰਿਆ ਮੈਂ ਇਨ੍ਹਾਂ ਤੋਂ ਖਹਿੜਾ ਛੁਡਾਉਣ ਲਈ, ਆਪਣਾ ਮਨ ਕਿਸੇ ਹੋਰ ਪਾਸੇ ਮੋੜਨ ਲਈ, ਇਸ ‘ਕਿਤਾਬੇ ਸਸਤੀ ਮਹਿਕ’ ਦਾ ਅਗਲਾ ਵਰਕਾ ਫੋਲਦਾ ਹਾਂ। ਉਸ ਵਰਕੇ ’ਤੇ ਬਸ ਏਨਾ ਹੀ ਲਿਖਿਆ ਹੈ:

ਇਹ ਗੱਲ ਦੱਸੀ ਜਾਏ

ਜੇ ਦੂਜੇ ਸਤਾਰੇ ਦੇ ਲੋਕਾਂ ਨੂੰ

ਪੱਥਰ ਹੋ ਜਾਵਣ

ਨਾ ਮੁੜ ਉਠਣ

ਪਸ਼ੂਆਂ ਨੂੰ ਇਸ ਦਾ ਜੇ ਅਨੁਭਵ ਹੋ ਜਾਏ

ਜੰਗਲਾਂ ਨੂੰ ਨੱਸ ਜਾਵਣ

ਮਨੁੱਖਤਾ ਤੋਂ ਡਰਦੇ ਚੀਖਦੇ

ਰੂਹ-ਕਲਬੂਤ ਵਿਚੋਂ ਇਕ ਝੁਣਝੁਣੀ ਚੀਰ ਪਾਉਂਦੀ ਲੰਘ ਜਾਂਦੀ ਹੈ। ਸਸਤੇ ਕਾਗ਼ਜ਼ ’ਤੇ ਲਿਖਿਆ ਇਹ ਸੁਨੇਹਾ ਬੜੇ ਮਹਿੰਗੇ ਮੁੱਲ ਦਾ ਹੈ। ਕੌੜੇ ਦੁੱਖ ਵਿਚ ਲਿਖੀਆਂ ਇਹ ਪੰਗਤੀਆਂ ਮੈਂ ਸ਼ਰਮਸਾਰ ਹੋ ਕੇ ਪੜ੍ਹਦਾ ਹਾਂ। ਪਹਿਲੀ ਸ਼ਰਮ ਤਾਂ ਮੈਨੂੰ ਇਸ ਗੱਲ ਦੀ ਆਉਂਦੀ ਹੈ ਕਿ ਮੈਂ ਵਧੀਆ ਕਵਿਤਾ ਲਈ ਅਚੇਤ ਹੀ ਵਧੀਆ ਕਾਗ਼ਜ਼-ਛਪਾਈ ਦੀ ਮੰਗ ਕਿਉਂ ਕਰਨ ਲਗ ਪਿਆ ਹਾਂ। ਮੈਲੀ ਲੁਕਾਈ ਨੂੰ ਪ੍ਰਗਟਾਉਣ ਵਾਲੀ ਲਿਖਤ ਦਾ ਮੁਹਾਂਦਰਾ ਵੀ ਮੈਲਾ ਕਿਉਂ ਨਾ ਹੋਵੇ? ਮੈਨੂੰ ਜਾਪਦਾ ਹੈ ਮੈਂ ਕਿਸੇ ‘ਦੂਜੇ ਸਤਾਰੇ’ ਦਾ ਬੰਦਾ ਹਾਂ ਤੇ ਪੱਥਰ ਹੋ ਚੁੱਕਾ ਹਾਂ। ਆਪਣੇ ਸਤਾਰੇ ਦੇ ਲੋਕਾਂ ਦੇ ਪ੍ਰਮਾਣਿਕ ਦੁੱਖ ਤੋਂ ਦੂਰ। ਮੇਰੇ ਅੰਦਰੋਂ ਉਹ ਹਿੱਸ ਖ਼ਤਮ ਹੋ ਚੁੱਕੀ ਹੈ ਜਿਸ ਕਰਕੇ ਕਿਸੇ ਦੂਜੇ ਦੇ ਦੁੱਖ ਦਾ ਕੰਡਾ ਵੀ ਆਪਣੀ ਅੱਡੀ ਵਿਚ ਪੁੜ ਸਕਦਾ ਹੈ। ਲਾਲ ਸਿੰਘ ਦਿਲ ਦੀਆਂ ਇਹ ਸਿੱਧ ਪੱਧਰੀਆਂ ਸਤਰਾਂ ਆਡੇ ਦਾਅ ਮਾਰ ਕਰਦੀਆਂ ਹਨ। ਇਨ੍ਹਾਂ ਵਿਚ ਬੜਾ ਤਿੱਖਾ ਵਿਅੰਗ ਹੈ ਜੋ ਕਹਿੰਦਾ ਤਾਂ ਹੈ ਕਿ ਮੇਰੀ ਗੱਲ ਸੁਣ ਕੇ ਤੁਸੀਂ ਪੱਥਰ ਹੋ ਜਾਓਗੇ, ਪਰ ਪੜ੍ਹਨ ਵਾਲੇ ਨੂੰ ਜਾਪਦਾ ਹੈ ਕਿ ਪੱਥਰ ਤਾਂ ਮੈਂ ਪਹਿਲਾਂ ਹੀ ਹੋ ਚੁੱਕਾ ਹਾਂ, ਹੁਣ ਮੈਨੂੰ ਆਪਣੀ ਪਥਰਾਈ ਮਨੁੱਖਤਾ ਨੂੰ ਮੁੜ ਬਹਾਲ ਕਰਨਾ ਚਾਹੀਦਾ ਹੈ। ਮੈਂ ਆਪਣੀ ਧਰਤੀ ਦੀ ਪ੍ਰਮਾਣਿਕ ‘ਮਨੁੱਖਤਾ ਤੋਂ ਡਰਦੇ ਚੀਖਦੇ’ ‘ਜੰਗਲ ਨੂੰ ਨੱਸ’ ਆਏ ਪਸ਼ੂਆਂ ਵਿਚੋਂ ਹਾਂ ਤੇ ਮੈਨੂੰ ਮੁੜ ਆਪਣੇ ਪਿੰਡ ਵੱਲ ਮੁੜਨ ਦਾ ਆਹਰ-ਪਾਹਰ ਕਰਨਾ ਚਾਹੀਦਾ ਹੈ, ਆਪਣੇ ਭੌਂਅ ਮੰਡਲ ਦੇ ਦਿਮਾਗ਼ੀ ਜਜ਼ਬਾਤੀ ਪੱਧਰ ਤਕ ਮੁੜ ਅਪੜਣ ਲਈ ਸੁਚੇਤ ਉਪਰਾਲਾ ਕਰਨਾ ਚਾਹੀਦਾ ਹੈ। ਇਸੇ ਲਈ ਤਾਂ ਮੈਨੂੰ ਜਾਪਿਆ ਸੀ ਕਿ ਇਹ ਕਵਿਤਾਵਾਂ ਅਨੰਦ ਨਹੀਂ ਦਿੰਦੀਆ, ਸ਼ਰਮ ਪੈਦਾ ਕਰਦੀਆਂ ਹਨ। ਅਨੰਦ ਦੇਣ ਵਾਲੀਆਂ ਕਵਿਤਾਵਾਂ ਜ਼ਿੰਦਗੀ ਨੂੰ ਆਪਣੀ ਟਿਕੀ ਥਾਂ ’ਤੇ ਸਗੋਂ ਹੋਰ ਟਿਕਾ ਦਿੰਦੀਆਂ ਹਨ। ਸ਼ਰਮਸਾਰ ਕਰਨ ਵਾਲੀਆਂ ਨਜ਼ਮਾਂ ਬੰਦੇ ਨੂੰ ਆਪਣੀ ਥਾਉਂ ਤੋਂ ਪੁੱਟਦੀਆਂ ਹਨ, ਆਪਣੇ ਆਪ ਦੀ ਨਵੀਂ ਉਸਾਰੀ ਲਈ ਵੰਗਾਰਦੀਆਂ ਹਨ।

ਜਿਸ ਮਿੱਟੀ ਨਾਲ ਮਨੁੱਖ ਦੀ ਉਸਾਰੀ ਹੋਣੀ ਹੈ, ਉਸ ਨੂੰ ਲਾਲ ਸਿੰਘ ਦਿਲ ਦੀਆਂ ਅੱਖਾਂ ਥਾਣੀਂ ਵੇਖਣ ਦਾ ਯਤਨ ਕਰਨਾ ਚਾਹੁੰਦਾ ਹਾਂ। ਦੁਨੀਆ ਦੀ ਕਵਿਤਾ ਵਿਚ ਲਗਪਗ ਨੱਬੇ ਫ਼ੀਸਦੀ ਜ਼ਿਕਰ ਔਰਤ ਦਾ ਹੈ। ਹੁਣ ਤਕ ਹਰ ਥਾਂ ਸ਼ਾਇਰ ਔਰਤ ਲਈ ਹੱਸਦਾ, ਔਰਤ ਲਈ ਰੋਂਦਾ, ਉਹਦੇ ਲਈ ਜੀਉਂਦਾ, ਲੜਦਾ ਤੇ ਮਰਦਾ ਰਿਹਾ ਹੈ। ਔਰਤ ਦੇ ਐਸੇ ਸੰਘਣੇ ਜ਼ਿਕਰ ਨੇ ਹੀ ਸਾਡੀ ਕਵਿਤਾ ਨੂੰ ਲਿਜ਼ਲਿਜ਼ਾ ਕਰ ਦਿੱਤਾ ਹੈ। ਔਰਤ ਸੰਸਾਰ ਭਰ ਦੀ ਕਵਿਤਾ ਦੀ ਮੂਲ ਇਕਾਈ, ਪ੍ਰਾਥਮਿਕ ਮਿੱਟੀ ਹੈ। ਲਾਲ ਸਿੰਘ ਨੇ ਵੀ ਔਰਤ ਦਾ ਜ਼ਿਕਰ ਬੜੀ ਭਾਵੁਕਤਾ ਨਾਲ ਕੀਤਾ ਹੈ, ਪਰ ਉਹਦੀ ਭਾਵੁਕਤਾ ਵਿਚ ਲਿਜ਼ਲਿਜ਼ੇਪਨ ਦਾ ਪ੍ਰਵੇਸ਼ ਨਹੀਂ। ਉਹਦੀ ਭਾਵੁਕਤਾ ਪੰਜਾਬੀ ਕਾਵਿ-ਵਿਰਸੇ ਵਿਚੋਂ ਮਿਲੀ ਲਿਜ਼ਲਿਜ਼ੀਅਤ ਤੋਂ ਏਦਾਂ ਹੀ ਮੁਕਤ ਹੈ ਜਿਵੇਂ ਉਹਦਾ ਜ਼ਿਹਨ ਜਿਵੇਂ ਹੈ ਤਿਵੇਂ ਟਿਕਿਆ ਰਹੇ ਦਾ ਅਚੇਤ ਪ੍ਰਚਾਰ ਕਰਨ ਵਾਲੀ ਬ੍ਰਾਹਮਣੀ ਜ਼ਿਹਨੀਅਤ ਤੋਂ ਮੁਕਤ ਹੈ। ਥਾਂ-ਪਰ-ਥਾਂ ਉਹ ਬ੍ਰਾਹਮਣੀ ਮਿੱਥਾਂ ਦੇ ਮੁਕਾਬਲੇ ਨਵੀਆਂ ਪੰਚਾਂਗ (ਚੌਂਹ ਵਰਣਾਂ ਤੋਂ ਪਰ੍ਹਾਂ) ਮਿੱਥਾਂ ਪੇਸ਼ ਕਰਦਾ ਹੈ। ਉਨ੍ਹਾਂ ਵਿਚੋਂ ਇਕ ਇਸ ਤਰ੍ਹਾਂ ਹੈ:

ਲੋਕ ਕਹਿਣ ਕਿ ਬਲਦ ਦਿਆਂ ਸਿੰਙਾਂ ਤੇ ਧਰਤੀ

ਮੈਂ ਮੁਨਕਰ ਹਾਂ

ਪਰ ਮੇਰਾ ਵਿਸ਼ਵਾਸ ਅਟੱਲ ਹੈ

ਕਿ ਆਪਣੇ ਹੱਥ ਉੱਤੇ ਧਰਤੀ

ਔਰਤ ਨੇ ਹੈ ਚੁੱਕੀ ਹੋਈ

ਇਸ ਮਿੱਥ ਦੀ ਉਸ ਨੇ ਇਕੋ ਵੇਲੇ ਕੂਲੀ-ਕੋਮਲ ਅਤੇ ਕਰੜੀ ਕਠੋਰ ਵਿਆਖਿਆ ਕੀਤੀ ਹੈ। ਧਰਤੀ ਦੀ ਮਹਿਕ ਔਰਤ ਦੇ ਬਦਨ ਵਰਗੀ, ਧਰਤੀ ਦੀਆਂ ਫ਼ਸਲਾਂ ਦਾ ਲਹਿਰਾਉ ਔਰਤ ਦੇ ਪੱਲੂ ਵਰਗਾ, ਧਰਤੀ ਦਾ ਪਾਣੀ ਔਰਤ ਦੇ ਤਨ-ਮਨ ਵਾਂਗ ਨਿਰਮਲ ਹੈ। ਇਹ ਪੁਰਾਣੀ ਪੰਜਾਬੀ ਕਵਿਤਾ ਤੋਂ ਪ੍ਰਾਪਤ ਵਿਰਸੇ ਦਾ ਪੱਖ ਹੈ ਜਿਸ ਨੂੰ ਲਾਲ ਸਿੰਘ ਪਛਾਣਦਾ ਹੈ, ਪਰ ਇਸ ਉਪਰ ਉਸ ਦਾ ਬਲ ਨਹੀਂ। ਉਸ ਦਾ ਬਲ ਤਾਂ ਧਰਤ ਅਤੇ ਔਰਤ ਵਿਚਕਾਰ ਕੌੜੀ, ਕਰੜੀ ਤੇ ਕਠੋਰ ਸਾਂਝ ਉਪਰ ਹੈ। ਉਹ ਕਹਿੰਦਾ ਹੈ:

ਧਰਤੀ ਤੇ ਔਰਤ ਦੀ ਪੀੜ ਕਿੰਨੀ ਇਕ ਹੈ।

ਮਿਹਨਤ ਦੇ ਹਿੱਸੇ ਭੁੱਖਾਂ ਹਨ

ਸਿਤਮ ਦੇ ਨੈਣੀਂ ਅੰਗਾਰੇ ਹਨ

ਧਰਤੀ ਦੇ ਨੈਣੀਂ ਹੰਝੂ ਹਨ

ਔਰਤ ਦੇ ਨੈਣੀਂ ਹੰਝੂ ਹਨ

ਇਸੇ ਲਈ ਸਾਗਰ ਖਾਰੇ ਹਨ

ਲਾਲ ਸਿੰਘ ਦਿਲ ਇਸੇ ਕੌੜੇ ਤੇ ਕਰੜੇ ਪੱਖ ਦਾ ਬੁਲਾਰਾ ਹੈ। ਮਾਸੂਮ ਆਦਿਵਾਸਣਾਂ ਤੋਂ ਲੈ ਕੇ ਵੇਸਵਾਵਾਂ ਤਕ, ਭੋਲੀ, ਦੁੱਖ-ਸਹਿਣੀ ਤੇ ਕੁਝ ਨਾ ਕਹਿਣੀ ਲੋਕਾਈ ਤੋਂ ਲੈ ਕੇ ਇਨਕਲਾਬ ਦੀਆਂ ਮਾਵਾਂ, ਭੈਣਾਂ, ਧੀਆਂ, ਯਾਨੀ ਕਿ ਵੇਸਵਾਵਾਂ ਤ੍ਰੀਮਤਾਂ ਤਕ ਉਹਦੀ ਨਜ਼ਰ ਦਾ ਘੇਰਾ ਹੈ। ਇਸ ਘੇਰੇ ਥਾਣੀਂ ਲੰਘਦੇ ਲੰਘਦੇ ਜੋ ਵੇਰਵੇ ਮੇਰੇ ਜ਼ਿਹਨ ਵਿਚ ਟਿਕੇ ਰਹਿ ਗਏ ਹਨ, ਉਹ ਤੁਹਾਨੂੰ ਦੱਸਣ ਨੂੰ ਜੀ ਕਰ ਆਇਆ ਹੈ।

ਧਰਤੀ ਦੇ ਭਾਰ ਹੇਠ ਟਿਕੀ ਔਰਤ ਤਾਂ ‘ਆਦਿ’-ਵਾਸਣ ਹੈ ਜੋ ਏਨੀ ਭੋਲੀ ਹੈ ਕਿ ਉਹ ਅਤਿ ਕਠੋਰ ਵਾਸਤਵਿਕਤਾ ਵਿਚ ਰਹਿੰਦੀ ਹੋਈ ਵੀ ਕੂਲੀਆਂ-ਕੂਲੀਆਂ ਮਿੱਥਾਂ ਵਿਚ ਵਿਸ਼ਵਾਸ ਕਰੀ ਜਾਂਦੀ ਹੈ:

ਅਸੀਂ ਰਾਣੀਆਂ ਸਾਂ

ਜੰਗਲਾਂ ’ਚ ਨੌਕਰ ਵਿਆਹੇ

ਇਹ ਦਾਤੀਆਂ

ਸਾਡੇ ਮਰਦਾਂ ਦੇ ਹੱਥਾਂ ਦੀਆਂ ਦਾਤੀਆਂ

ਲਾਲ ਸਿੰਘ ਆਪਣੇ ‘ਚੁਸਤ’ ਵਿਅੰਗ ਮਾਸੂਮ ਤੇ ‘ਭੋਲੀਆਂ’ ਕੁੜੀਆਂ ਰਾਹੀਂ ਸੰਚਾਰਦਾ ਹੈ। ਭੋਲੀ ਗੱਲ ਵੀ ਕਿੰਨੀ ਚੁਸਤ ਹੋ ਸਕਦੀ, ਇਹ ਜਾਨਣਾ ਚਾਹੋ ਤਾਂ ਲਾਲ ਸਿੰਘ ਦਿਲ ਦੀ ਗੱਲ ਸੁਣੋ। ਮਾਸੂਮ ਕੁੜੀ ਆਪਣੇ ਬਾਬਲ ਦੇ ਖੇਤ ਵਿਚ ਨੱਚਦੀ ਹੈ ਤੇ ਭੁੱਲ ਜਾਂਦੀ ਹੈ ਕਿ ‘ਖੇਤ ਤਾਂ ਸਾਡੇ ਨਹੀਂ।’ ਟੁੱਟੇ ਸਲੀਪਰਾਂ ਵਾਲੀ ਕੁੜੀ ਆਪਣੇ ਉਸ ਖੇਤ ਵਿਚ ਨੱਚਦੀ ਹੈ ਜਿਸ ਵਿਚ ‘ਭੱਖੜਾ ਉਗ ਆਇਆ ਹੈ।’ ਮੁਕੱਦਮੇ ਵਿਚ ਹਾਰੇ, ਪਰਾਏ ਹੋ ਚੁੱਕੇ, ਖੇਤਾਂ ਸਬੰਧੀ ਵੀ ਇਸ ਕੁੜੀ ਨੂੰ ਆਸ ਭਰੀ ਖ਼ੁਸ਼ੀ ਹੈ:

ਬਾਬਲ ਤੇਰੇ ਖੇਤਾਂ ਵਿਚ

ਟਰੈਕਟਰ ਨੱਚਣਗੇ ਕਿਸੇ ਦਿਨ

ਬਾਬਲ ਤੇਰੇ ਖੇਤਾਂ ਵਿਚ

ਆਪਣੇ ਖੇਤਾਂ ਵਿਚ ਪਰਾਏ ਟਰੈਕਟਰਾਂ ਦਾ ਨਾਚ ਸਰਲ ਸੱਚ ਵੀ ਹੈ ਤੇ ਜਟਿਲ ਵਿਅੰਗ ਵੀ। ਦਰਅਸਲ, ‘ਮਾਸੂਮੀਅਤ’ ਦਾ ਹਰ ਨਿਰਛਲ ਬੋਲ ਆਪਮੁਹਾਰੇ ਹੀ ‘ਵਿਅੰਗ’ ਬਣ ਜਾਂਦਾ ਹੈ। ਉਹਦੀ ਖ਼ੁਸ਼ੀ ਦਾ ਇਜ਼ਹਾਰ ਵੀ ਕੰਡੇ ਵਾਂਗ ਚੁਭਦਾ ਹੈ। ਸਾਦਗੀ ਰਾਹੀਂ ਗੁੰਝਲੋਂ-ਗੁੰਝਲ ਜਟਿਲਤਾ ਦੀ ਪੇਸ਼ਕਾਰੀ ਵਿਚ ਲਾਲ ਸਿੰਘ ਦਿਲ ਬੇਜੋੜ ਹੈ। ਇਸ ਤਰ੍ਹਾਂ ਦੀ ਇਕ ਕਵਿਤਾ ਹੈ ‘ਕੁੜੇਲੀ ਪਿੰਡ ਦੀਆਂ ਵਾਸਣਾਂ।’ ‘ਕੁੜੇਲੀ ਇਕ ਸੱਪਣੀ ਦਾ ਨਾਂ ਏ। ਸਭ ਤੋਂ ਵੱਧ ਜ਼ਹਿਰ ਵਾਲੀ ਸੱਪਣੀ। ਫਿਰ ਵੀ ਇਹ ਉਨ੍ਹਾਂ ਦੇ ਪਿੰਡ ਦਾ ਨਾਂ ਏਂ।’ ਆਪਣੇ ਪਿੰਡ ਦਾ ਵਾਸਤਵਿਕ ਨਾਂ ਦੱਸਣ ਵਿਚ ਵੀ ਵਿਅੰਗ ਹੈ। ਅੱਜ ਜੋ ਮਹਿਜ਼ ਨਾਂ ਹੈ, ਕੱਲ੍ਹ ਨੂੰ ਕਾਰਜ ਬਣ ਜਾਵੇਗਾ। ਲਾਲ ਸਿੰਘ ਦਿਲ ਵਿਅੰਗ ਰਚਦਾ ਨਹੀਂ, ਉਹ ਆਪਣੇ ਸਭਿਆਚਾਰ ਦਾ ਨਾਂ ਦੱਸਦਾ ਹੈ ਅਤੇ ਸਾਨੂੰ ਆਪਣੀ ਜ਼ਿੰਦਗੀ ਦੇ ਉਸ ਖੇਤਰ ਦੀ ਸਮਝ ਆਉਂਦੀ ਹੈ ਜਿਸ ਦਾ ਹੋਣਾ ਹੀ ਵਿਅੰਗ ਹੈ। ਕੁੜੇਲੀ ਦੀਆਂ ਵਾਸਣਾਂ ‘ਜਾਣਦੀਆਂ ਹਨ ਕਿ ਰਾਵਣ ਦੇ ਬੰਦੇ ਕਾਲੇ ਕੱਪੜੇ ਪਹਿਨਦੇ ਹਨ। ਫਿਰ ਵੀ ਉਹ ਕਾਲਾ ਪਹਿਨਦੀਆਂ ਹਨ।’ ਇਹ ਕਵਿਤਾ ਸਾਡੀ ਪ੍ਰਚਲਿਤ ਰਹਿਣੀ-ਬਹਿਣੀ ਦੇ ਹੱਕ ਜਾਂ ਵਿਰੋਧ ਵਿਚ ਕੁਝ ਨਹੀਂ ਕਹਿੰਦੀ। ਇਹ ਰਹਿਣੀ-ਬਹਿਣੀ ਤਾਂ ਖ਼ੁਦ ਆਪਣੇ ਪ੍ਰਤੀ ਮਸ਼ਕਰੀ ਹੈ। ਮਜੂਰੀ ਲਈ ਨਿਕਲਦੀਆਂ ਸਾਦ-ਮੁਰਾਦੀਆਂ ਔਰਤਾਂ ਸਸਤੇ ਕਾਲੇ ਕੱਪੜੇ ਪਹਿਨਣ ਲਈ ਮਜਬੂਰ ਹਨ, ਭਾਵੇਂ

ਉਹ ਜਾਣਦੀਆਂ ਹਨ

ਕਿ ਰਾਖ਼ਸ਼ ਕਾਲਾ ਪਹਿਨਦੇ ਹਨ।

ਸਾਡੀ ਰਹਿਣੀ-ਬਹਿਣੀ ਖ਼ੁਦ ਆਪਣੇ ਪ੍ਰਤੀ ਹੀ ਖ਼ਤਰਾ ਹੈ। ਇਹ ਵਿਅੰਗ ਕਿਸੇ ਨਹੀਂ ਕੀਤਾ, ਇਹ ਸਾਡੀ ਰਹਿਣੀ-ਬਹਿਣੀ ਦੇ ਖ਼ਮੀਰ ਦਾ ਅਨਿੱਖੜ ਹਿੱਸਾ ਹੈ। ਇਹੋ ਜਿਹੀਆਂ ਔਰਤਾਂ ਵੀ ਖ਼ੁਸ਼ੀ ਵੇਲੇ ਨੱਚਦੀਆਂ ਹਨ ਤਾਂ ਉਨ੍ਹਾਂ ਦਾ ਨਾਚ ਵੀ ਖ਼ਤਰੇ ਭਰਿਆ ਸੁਨੇਹਾ ਬਣ ਜਾਂਦਾ ਹੈ:

ਓਦੋਂ ਅਸੀਂ ਬਹੁਤ ਛੋਟੇ ਸਾਂ

ਜਦ ਸਾਨੂੰ ਗਿੱਧੇ ਦੇ ਝੁਰਮਟ ’ਚੋਂ

ਤੀਵੀਆਂ ਨੇ ਮਾਰ ਭਜਾਇਆ ਸੀ

ਓਦੋਂ ਨ੍ਹਾਮੇ ਦੀ ਔਰਤ

ਸਭ ਕੱਪੜੇ ਉਤਾਰ ਕੇ ਨੱਚੀ ਸੀ

ਉਹ ਮੂੰਹ ’ਚ ਮੰਜਾ ਉਠਾ ਕੇ

ਜਾਂ ਪਾਣੀ ਭਰਿਆ ਘੜਾ ਲੈ ਕੇ ਨੱਚ ਲੈਂਦੀ ਸੀ

ਨਿਰਪੱਖ ਜਾਪਣ ਵਾਲੀ ਇਹ ਉਕਤੀ ਵੀ ਮਨੁੱਖੀ ਸਮਾਜ ਵਿਚਲੀ ਕਿਸੇ ਧਿਰ ਦਾ ਪੱਖ ਪਾਲਦੀ ਹੈ। ਨ੍ਹਾਮੇ ਦੀ ਔਰਤ ਓਸ ਕੋੜਮੇ ਵਿਚੋਂ ਹੈ ਜੋ ‘ਗਾਂਧੀ ਤੋਂ ਵੱਧ ਨੰਗਾ’ ਹੈ। ਜਦੋਂ ਇਹ ਬਾਲੜੀ ਸੀ ਤਾਂ ਉਨ੍ਹਾਂ ਨਿਰਬਸਤਰ ਕੁੜੀਆਂ ਵਿਚੋਂ ਸੀ ਜੋ:

ਬੇਰ ਚੁਗਦੀਆਂ ਭੋਲੀਆਂ

ਨਿਰਬਸਤਰ ਕੁੜੀਆਂ

ਪਹਾੜੀ ਅੱਕ ਦੇ ਪੱਤੇ

ਠੀਕਰ

ਇਕੱਠੇ ਕਰਕੇ

ਮਿੱਟੀ ਦੀਆਂ ਰੋਟੀਆਂ ਬਣਾ ਕੇ

ਗੁੱਡੀ ਦੇ ਪਟੋਲੇ ਗਿਣਦੀਆਂ

ਜਦੋਂ ਉਹ ਵਿਆਹੁਣਯੋਗ ਹੋਈ ਤਾਂ ਬਾਬਲ ਨੇ ‘ਪੁਰਾਣੇ ਤੇ ਸਸਤੇ ਕੱਪੜਿਆਂ’ ਵਿਚ ਉਹਨੂੰ ਅਗਾਂਹ ਤੋਰ ਦਿੱਤਾ। ਅਗਲੇ ਘਰ ਉਹ ‘ਚੋਰਾਂ’ ਤੇ ‘ਰਾਖ਼ਸ਼ਾਂ’ ਦੇ ਰੰਗ ਵਾਲੇ ‘ਕਾਲੇ ਕੱਪੜੇ’ ਪਹਿਨਦੀ ਹੈ। ਉਸ ਵਿਚ ਚਕ੍ਰਿਤ ਕਰ ਸਕਣ ਵਾਲੇ ਨਾਚ ਦੀ ਅਹਿਲੀਅਤ ਹੈ। ਪਰ ਸਟੇਜ ਉਪਰ ਜਾਣ ਲਈ ਉਹਦੇ ਪਾਸ ਨਰਤਕੀ ਦੀ ‘ਡਰੈੱਸ’ ਨਹੀਂ। ਕੱਪੜਿਆਂ ਵਿਚ ਨੱਚਣ ਦੀ ਬਜਾਏ ਉਹ ਕੁਦਰਤ ਦੇ ਦਿੱਤੇ ਪ੍ਰਾਥਮਿਕ ਕੱਜਣ, ਨਿਰੋਲ ਨੰਗ ਵਿਚ ਨੱਚਦੀ ਹੈ। ਇਸ ਤੋਂ ਛੁੱਟ ਉਹ ਕਰ ਵੀ ਕੀ ਸਕਦੀ ਹੈ। ਉਸ ਦੇ ਇਸ ਅਮਲ ਵਿਚ ਵੀ ਇਕ ਰਮਜ਼ ਹੈ। ਉਹ ਨੰਗੀ ਨੱਚੀ ਹੈ ਕਿਉਂਕਿ ਉਸ ਦੇ ਪੱਲੇ ਸੱਚ ਤੋਂ ਸਿਵਾ ਹੋਰ ਕੁਝ ਨਹੀਂ। ਜ਼ਿੰਦਗੀ ਦੀ ਹਰ ਦੌਲਤ ਤੋਂ ਮਹਿਰੂਮ ਇਹ ਕਲਾਕਾਰ ਨੰਗੀ ਨੱਚਦੀ ਹੈ, ‘ਭਾਂਡੇ ’ਚੋਂ ਲੂਣ ਝਾੜਦੀ/ ਗਾਉਣ ਲੱਗਦੀ/ ਦਿਉਰ ਦਾ ਪਿਆਰ।’ ਪਰ ਗੁਜ਼ਰਾਨ ਇਨ੍ਹਾਂ ਕਲਾ-ਕਾਰਨਾਮਿਆਂ ਨਾਲ ਵੀ ਨਹੀਂ ਹੁੰਦੀ। ਉਹਦੇ ਬੱਚੇ ਜਦੋਂ ਨਿਆਣੇ ਹਨ ਤਾਂ ‘ਔਲਾਦ ਦੀ ਖ਼ੁਸ਼ੀ ਦਰਦਾਂ ਸਿਰ ਪੀੜਾਂ ਸੰਗ ਝੁਲਸੀ ਜਾਂਦੀ’, ਜਦੋਂ ਜਵਾਨ ਹੁੰਦੇ ਹਨ ਤਾਂ ‘ਉਹਦਾ ਪੁੱਤ ਦੋ ਥੱਪੜ ਨਾ ਸਹਿ ਸਕਿਆ/ ਬੇਰੁਜ਼ਗਾਰੀ ਦੇ/ ਪਾਗ਼ਲ ਹੋ ਤੁਰਿਆ...’। ਇਹ ਉਨ੍ਹਾਂ ਕਲਾਕਾਰਾਂ ਵਿਚੋਂ ਹੈ ਜੋ ਮਹਿਰੂਮੀ ਦੇ ਸਤਾਏ ਨਿੱਤ ਦਿਨ ਦੇ ਗੁਜ਼ਾਰੇ ਲਈ ਰੁੱਖਾਂ ਦੇ ਸੱਕ ਲਾਹੁੰਦੀਆਂ ਹਨ ਤੇ ਏਨੀ ਕੁ ਗੁਸਤਾਖ਼ੀ ਲਈ ਵੀ ਅਪਮਾਨਿਤ ਹੁੰਦੀਆਂ ਹਨ। ‘ਟਾਹਲੀਆਂ ਕਿ ਜਿੱਥੋਂ ਡੱਕੇ ਲਾਹੁੰਦੀਆਂ। ਝਿੜਕਾਂ ਦੇ ਕੇ ਮਾਵਾਂ ਲਾਹੀਆਂ ਜਾਂਦੀਆਂ।’ ਧਰਤੀ ਦੀਆਂ ਏਨੀਆਂ ਨਿਗੂਣੀਆਂ ਚੀਜ਼ਾਂ ਤੋਂ ਵਾਂਝੀਆਂ ਇਹ ਕਲਾਕਾਰ ਜਾਂ ਤਾਂ ‘ਤੇਰੀ ਸੱਜਣ ਕੁੜੀ ਗੱਡੀ ਦੇ ਪਹੀਏ ਹੇਠ ਕੁਚਲੀ ਗਈ’ ਵਰਗੀ ਕੋਈ ਸ਼ੈਅ ਬਣ ਜਾਂਦੀਆਂ ਹਨ ਜਾਂ ਆਖ਼ਰ ਆਪਣੇ ਨੰਗੇ ਪਿੰਡੇ ਦੀ ਕਲਾ ਵਿਖਾਉਣ ਵਾਲੀਆਂ ਵੇਸਵਾਵਾਂ। ਨੰਗਾ ਹੋਣਾ ਇਨ੍ਹਾਂ ਦੀ ਹੋਣੀ ਹੈ। ਜੇ ਉਹ ਵੇਸਵਾਵਾਂ ਨਾ ਵੀ ਬਣਨ ਤਾਂ ਵੀ ਉਹ ਨੰਗੀਆਂ ਹਨ। ਮਹਿਰੂਮੀ ਹੱਥੋਂ (‘ਬੇਰ ਚੁਗਦੀਆਂ ਭੋਲੀਆਂ/ ਨਿਰਬਸਤਰ ਕੁੜੀਆਂ’) ਜਾਂ ਜਾਬਰ ਹੱਥੋਂ (‘ਕੋਈ ਕਹੇ/ ਤੇਰੀ ਮਾਂ ਪੁਲੀਸ ਨੇ ਨੰਗੀ ਕਰ ਦਿੱਤੀ’) ਕਿਤੇ ਉਹ ਮਾਵਾਂ ਹਨ, ਨੰਗਾ ਨੱਚਦੀਆਂ ਹਨ ਤੇ ਮਰਦ ਉਨ੍ਹਾਂ ਲਾਗਿਓਂ ਭਜਾ ਦਿੱਤੇ ਜਾਂਦੇ ਸਨ, ਕਿਤੇ ਇਹ ਵੇਸਵਾਵਾਂ ਹਨ, ਨੰਗਾ ਨੱਚਦੀਆਂ ਹਨ ਤੇ ਮਰਦਾਂ ਨੂੰ ਆਪਣੇ ਲਾਗੇ ਬੁਲਾਉਂਦੀਆਂ ਹਨ। ਨਿਰੋਲ ਮਰਦਾਂ ਨੂੰ ਜਿਨ੍ਹਾਂ ਨੂੰ ਨਿਰੋਲ ਮਾਦਾ ਦੀ ਲੋੜ ਹੈ, ਬਸ। ਕੱਲ੍ਹ ਇਹ ਨੰਗੀਆਂ ਬਾਜ਼ਾਰ ਵਿਚ ਆ ਜਾਣਗੀਆਂ ਤੇ ਕਿਸੇ ਇਨਕਲਾਬ ਦੀਆਂ ਮਾਵਾਂ, ਭੈਣਾਂ, ਧੀਆਂ ਬਣ ਜਾਣਗੀਆਂ। ਲਾਲ ਸਿੰਘ ਦਿਲ ਕਹਿੰਦਾ ਹੈ:

ਇਹ ਵੇਸਵਾਵਾਂ, ਤ੍ਰੀਮਤਾਂ ਕੁੜੀਆਂ

ਮੇਰੀਆਂ ਮਾਵਾਂ, ਭੈਣਾਂ ਤੇ ਧੀਆਂ ਹਨ

ਤੇ ਤੁਹਾਡੀਆਂ ਵੀ

ਇਹ ਗਊਆਂ ਪੂਜਣ ਵਾਲੇ ਹਿੰਦੁਸਤਾਨ ਦੀਆਂ

ਮਾਵਾਂ, ਭੈਣਾ ਤੇ ਧੀਆਂ ਹਨ

... ... ...

ਜੇ ਨਹੀਂ

ਤਾਂ ਇਹ ਆਉਣ ਵਾਲੇ ਇਨਕਲਾਬ ਦੀਆਂ

ਮਾਵਾਂ, ਭੈਣਾਂ ਤੇ ਧੀਆਂ ਹਨ

ਲਾਲ ਸਿੰਘ ਦਿਲ ਅਜੋਕੇ ਪੰਜਾਬੀ ਕਵਿਤਾ-ਪਿੜ ਵਿਚ ਅਸਲੋਂ ਨਿਵੇਕਲਾ ਨਕਸ਼ ਹੈ। ਦੂਜੇ ਕਵੀਆਂ ਨਾਲੋਂ ਉਹਦੀ ਵੱਖਰਤਾ ਇਹ ਹੈ ਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਸਮਾਜਕ ਪ੍ਰਸੰਗ ਨਾਲ ਜੋੜੀ ਰੱਖਦਾ ਹੈ। ਉਹ ਖ਼ਲਾਅ ਵਿਚ ਲਟਕੀ ਔਰਤ, ਪ੍ਰੇਮਿਕਾ, ਪਤਨੀ, ਮਾਂ ਜਾਂ ਵੇਸਵਾ ਦੀ ਗੱਲ ਨਹੀਂ ਕਰਦਾ, ਇਨ੍ਹਾਂ ਸਭਨਾਂ ਦੇ ਨਾਲ ਨਾਲ ਤੁਰਦਾ ਹੈ। ਇਨ੍ਹਾਂ ਦੀ ਮਹਿਰੂਮੀ ਦਾ ਚਾਨਣ ਘੇਰਾ, ਇਨ੍ਹਾਂ ਦੇ ਵਿਗੋਚੇ ਦਾ ਹਾਲਾ, ਇਨ੍ਹਾਂ ਦਾ ਪਰਿਵਾਰ। ਮਿਸਾਲ ਵਜੋਂ ਉਹਦੀ ਨਜ਼ਰ ਵਿਚ ਪੰਜਾਬ ‘ਰੁੱਖਾਂ ਵਿਚ ਘਿਰੇ ਪਿੰਡਾਂ’ ਜਾਂ ‘ਘਾਹ ਦੀਆਂ ਪੰਡਾਂ ਹੇਠ’ ਸਿਞਾਣੇ ਨਾ ਜਾਣ ਵਾਲੇ ਬੇਲਿਬਾਸੇ ਬੰਦਿਆਂ ਨਾਲ ਸਬੰਧਤ ਹੈ। ਇਸੇ ਲਈ ਪੰਜਾਬ ਆਪਣੀਆਂ ਭੂਗੋਲਿਕ ਹੱਦਾਂ ਤੋਂ ਪਾਰ ਬੇਹੱਦ ਮਨੁੱਖਤਾ ਤਕ ਫੈਲ ਜਾਂਦਾ ਹੈ:

ਮੈਲਾ ਪਰਨਾ

ਵਧੀ ਦਾੜ੍ਹੀ

ਮੁੜ੍ਹਕੇ ਤੇ ਕੰਡ ਦਾ ਕਾਲਾ ਕੀਤਾ ਝੱਗਾ

ਲੱਤਾਂ ਨੰਗੀਆਂ

ਪੈਰ ਪਾਟੇ

ਕੀ ਬੰਗਾਲ

ਕੀ ਕੇਰਲਾ

ਪਸ਼ੂਆਂ ਪਿੱਛੇ ਜਾਂਦੇ ਛੇੜੂ

ਧੂੜ ਵਿਚ ਹਰ ਪਾਸੇ ਪੰਜਾਬੀ ਲੱਗਦੇ ਹਨ

ਨਿੱਗਰ ਪੰਜਾਬੀਅਤ ਦੀ ਇਹ ਭਾਵਨਾ ਤੇ ਸੰਕਲਪਨਾ ਉਸ ਪੋਲੀ ਲੱਫ਼ਾਜ਼ੀ ਤੋਂ ਵੱਖਰੀ ਹੈ ਜੋ ਬੇਪ੍ਰਸੰਗ ਹਵਾ ਵਿਚ ਟਾਹਣੀਓਂ ਟੁੱਟੇ ਪੱਤਿਆਂ ਵਾਂਗ ਭਟਕਦੀ ਹੈ। ਪੰਜਾਬੀਅਤ ਦੇ ਇਸ ਤਰ੍ਹਾਂ ਦੇ ਦਾਅਵੇ ਕਿਸੇ ਪ੍ਰਤੱਖ ਜਾਂ ਪਰੋਖ ਮਕਸਦੀਅਤ ਨਾਲ ਜੁੜੇ ਹੋਏ ਹਨ। ਇਹ ਲੱਫ਼ਾਜ਼ੀ ਦੇ ਅਚੇਤਨ ਵਿਚ ਨਿੱਜੀ ਸੁਆਰਥ-ਸਿੱਧੀ ਦਾ ਮੁਹਾਂਦਰਾ ਸਾਫ਼ ਪਛਾਣਿਆ ਜਾਂਦਾ ਹੈ। ਇਸ ਤਰ੍ਹਾਂ ਦੀਆਂ ਲਿਖਤਾਂ ਅਖੀਰ ਆਪਣੇ ਦੇਸ਼ ਦੇ ਪਰਬਤਾਂ, ਪਾਣੀਆਂ, ਮੌਸਮਾਂ, ਇਤਿਹਾਸਕ ਵੇਰਵਿਆਂ ਦੀ ਕਸੀਦਾਗੋਈ ਕਰਨ ਲੱਗ ਪੈਂਦੀਆਂ ਹਨ। ਲਾਲ ਸਿੰਘ ਜਾਣਦਾ ਹੈ ਕਿ ਆਪਣੀ ਮਾਂ-ਭੂਮੀ ਦੀਆਂ ਇਹ ਕੁਦਰਤੀ ਦੌਲਤਾਂ ਵੀ ਜਿਨ੍ਹਾਂ ਲਈ ਨਹੀਂ, ਉਹ ਆਪਣੀ ਅਤਿ ਮਹਿਰੂਮੀ ਦੇ ਬਾਵਜੂਦ ਆਪਣੀ ਜੰਮਣ-ਭੌਂ ਨੂੰ ਪਿਆਰ ਕਰਦੇ ਹਨ:

ਤੇਰੇ ਨੀਲੇ ਪਰਬਤਾਂ ਕਰਕੇ ਨਹੀਂ

ਨਾ ਨੀਲੇ ਪਾਣੀਆਂ ਲਈ

ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ

ਗੋਹੜੇ-ਰੰਗੇ ਵੀ ਹੁੰਦੇ

ਤਦ ਵੀ ਮੈਂ ਤੈਨੂੰ ਪਿਆਰ ਕਰਦਾ

ਨਾ ਹੁੰਦੇ ਤਦ ਵੀ

ਮੈਂ ਤੈਨੂੰ ਪਿਆਰ ਕਰਦਾ

ਇਹ ਦੌਲਤਾਂ ਦੇ ਖ਼ਜ਼ਾਨੇ

ਮੇਰੇ ਲਈ ਤਾਂ ਨਹੀਂ

ਭਾਵੇਂ ਨਹੀਂ

ਪਿਆਰ ਦਾ ਕਾਰਨ ਕੋਈ ਨਹੀਂ ਹੁੰਦਾ

ਝੂਠ ਕਦੇ ਬੇਮਕਸਦ ਨਹੀਂ ਹੁੰਦਾ

ਦੇਸ਼-ਪਿਆਰ ਦੀ ਇਸ ਭਾਵਨਾ ਦੇ ਨਾਲੋ-ਨਾਲ ਤੁਰਦਾ ਹੈ ਵਿਗੋਚੇ ਦਾ ਤੇਜ਼ਾਬ-ਤਿੱਖਾ ਅਹਿਸਾਸ। ਇਸ ਕਥਨ ਦੇ ਪਿੱਛੇ ਕਹਿਣ ਵਾਲੇ ਦੀ ਸਮੁੱਚੀ ਸ਼ਖ਼ਸੀਅਤ ਦਾ ਪੂਰਾ ਜ਼ੋਰ ਹੈ, ਉਹਦੇ ਨਾਂਹਮੁਖ ਤੇ ਹਾਂਮੁਖ ਦੋਹਾਂ ਤਰ੍ਹਾਂ ਦੇ ਪਾਸਾਰ ਬੋਲਦੇ ਹਨ। ਜ਼ਿੱਲਤ ਦੇ ਸਿਵਾ ਦੇਸ਼ ਦਾ ਕੋਈ ਵੇਰਵਾ ਵੀ ਆਪਣਾ ਨਾ ਹੋਣ ਕਰਕੇ ਕਹਿਣ ਵਾਲੇ ਨੂੰ ਥਕੇਵੇਂ ਦਾ ਅਹਿਸਾਸ ਹੈ। ਕੁਝ ਵੀ ਆਪਣਾ ਨਹੀਂ, ਕਿਸ ਲਈ ਉੱਦਮ ਕਿਉਂ ਕਰਾਂ? ਤੇ ਫੇਰ ਇਹ ਅਹਿਸਾਸ ਕਿ ਜਿੱਥੇ ਕੁਝ ਵੀ ਮੇਰਾ ਨਹੀਂ, ਉੱਥੇ ਹੂੰਝਾ ਫੇਰ ਕੇ ਕਿਉਂ ਨਾ ਕੁਝ ਆਪਣਾ ਸਿਰਜਾਂ? ਸਮੁੱਚੀ ਸ਼ਖ਼ਸੀਅਤ ਵਿਚੋਂ ਉਪਜਣ ਵਾਲੀ ਆਪਣੇ ਸਿੱਧੇ-ਪੁੱਠੇ ਦੋਵੇਂ ਪਾਸੇ ਇਕੋ ਵਾਰ ਹੰਢਾਉਣ ਵਾਲੀ ਅਜਿਹੀ ਕਵਿਤਾ ਬੜੀ ਦੁਰਲੱਭ ਸ਼ੈਅ ਹੈ:

ਨਾਂਹਮੁਖ:

ਕੁੱਤੇ ਟੌਂਕਰਦੇ ਹਨ:

‘ਮੇਰਾ ਘਰ, ਮੇਰਾ ਘਰ’

ਜਗੀਰਦਾਰ:

‘ਮੇਰਾ ਪਿੰਡ, ਮੇਰੀ ਸਲਤਨਤ’

ਲੀਡਰ:

‘ਮੇਰਾ ਦੇਸ਼, ਮੇਰੀ ਸਲਤਨਤ’

ਲੋਕ ਸਿਰਫ਼ ਕਹਿੰਦੇ ਹਨ:

‘ਮੇਰੀ ਕਿਸਮਤ, ਮੇਰੀ ਕਿਸਮਤ’

ਮੈਂ ਕੀ ਆਖਾਂ?

ਕੁਝ ਵੀ ਕਰਨ ਨੂੰ

ਤੇ ਨਾ ਕਰਨ ਨੂੰ

ਦਿਲ ਨਹੀਂ ਕਰਦਾ

ਮੇਰਾ ਭਰਾ, ਸੱਜਣ, ਕੁੜੀ, ਮਾਂ, ਦੇਸ਼

ਕੁਝ ਵੀ ਨਹੀਂ ਮੇਰਾ

ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ

ਹਾਂਮੁਖ:

ਮੇਰੀਆਂ ਬਾਹਵਾਂ ਦਾ ਬਲ

ਨਾ ਘਟਦਾ ਹੈ ਨਾ ਵਧਦਾ ਹੈ

ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ

ਇਹ ਪਰਬਤ ਉਠਾ ਦੇਵਾਂ

ਕਹੀ ਦੇ ਚੇਪੇ ਵਾਂਗ

ਹੂੰਝ ਦੇਵਾਂ ਇਹ ਭਵਨ ਸੜਕਾਂ ਤੋਂ

ਹਰ ਥਾਂ ਜ਼ਿੰਦਗੀ ਦੀ ਸਿੱਧ-ਪੁੱਠ ਨੂੰ ਇਕੋ ਸਾਹੇ ਉਜਾਗਰ ਕਰਨ ਵਾਲੀ, ਸਰਲ ਬੋਲੀ ਵਿਚ ਜਟਿਲ ਸੱਚ ਨੂੰ ਪੇਸ਼ ਕਰਨ ਵਾਲੀ ਇਸ ਕਵਿਤਾ ਨੂੰ ਮੇਰਾ ਨਮਸਕਾਰ ਹੈ। ਇਹ ਪੰਚਾਂਗ ਕਵਿਤਾ ਦਾ ਮੁਹਾਂਦਰਾ ਅਸਲੋਂ ਨਿਵੇਕਲਾ ਹੈ, ਪੰਜਾਬੀ ਵਿਚ ਇਹ ਪਹਿਲੀ ਵਾਰ ਆਪਣੀ ਅਦੁੱਤੀ ਆਬ-ਤਾਬ ਨਾਲ ਉਜਾਗਰ ਹੋਇਆ ਹੈ। ਇਹ ਕੋਈ ਬੇਜ਼ਮੀਨਾ ‘ਜੱਟ’ ਹੈ ਜਿਸ ਦੇ ਦੰਦ ਫਾਲਿਆਂ ਤੋਂ ਵੀ ਤਿੱਖੇ ਹਨ। ਇਹ ਕੋਈ ‘ਮੁਜਾਰੇ ਦਾ ਪੁੱਤ’ ਹੈ ਜੋ ਜੇਲ੍ਹ ਤੋਂ ਬਾਹਰ ਤੇ ਜੇਲ੍ਹ ਦੇ ਅੰਦਰ ਦੋਵੇਂ ਥਾਂ ਨੰਗਾ ਹੈ। ਜੇਲ੍ਹ ਵਿਚ ਡੱਕਿਆ ਵੀ ਜੋ ਘੋੜੇ ਦੀ ਟਾਪ ਵਾਂਗ ਨੱਚਦਾ ਹੈ। ਇਹ ਕੋਈ ‘ਨਾਮ੍ਹਾ ਭਗਤ’ ਹੈ ਜੋ ਦਾਰੂ ’ਚ ਗੁੱਟ ਹੋ ਕੇ ਚਿਟਕਾਰੀ ਵਜਾਉਂਦਾ ਹੈ। ਇਸ ਦੇ ਬੋਲ ਸੁਣ ਕੇ ਲੋਕ ਭੈਅਭੀਤ ਹੁੰਦੇ ਹਨ। ਹਾਲੇ ਤੱਕ ਲੋਕ ਇਨ੍ਹਾਂ ਬੋਲਾਂ ਨੂੰ ਅੰਨ੍ਹੀ ਸ਼ਰਾਬ ਦੇ ਹਾੜੇ ਨਾਲ ਚੁੱਪ ਕਰਾ ਕੇ ਬਿਠਾ ਦਿੰਦੇ ਰਹੇ ਹਨ:

ਦਾਰੂ ’ਚ ਗੁਟ ਹੋ ਕੇ

ਅੱਖਾਂ ਮੀਟ ਲੈਂਦਾ ਹੈ ਤੇ ਚਿਟਕਾਰੀ ਵਜਾਉਂਦਾ ਹੈ

ਸਾਥੀ ਭੈ-ਭੀਤ ਹੋ ਕੇ ਉਸ ਨੂੰ ਬੈਠਾ ਲੈਂਦੇ ਹਨ

ਹਾੜਾ ਇਕ ਹੋਰ ਦੇਂਦੇ ਨੇ

ਅੰਨ੍ਹੀ ਸ਼ਰਾਬ ਦਾ

ਮੈਂ ਆਪਣੇ ਸ਼ਾਇਰ ਦੋਸਤਾਂ ਨੂੰ ਅਦਬ ਨਾਲ ਸਿਫ਼ਾਰਸ਼ ਕਰਾਂਗਾ ਕਿ ਇਸ ਨਿਕਚੂ ਜਿਹੀ ਕਿਤਾਬ ਨੂੰ ਪੜ੍ਹੋ ਤੇ ਇਸ ਦੇ ਵੱਡਾਕਾਰ ਅਰਥ ਨਾਲ ਇਕਸੁਰ ਹੋਣ ਦਾ ਯਤਨ ਕਰੋ। ਹੁਣ ਤਕ ਤੁਸੀਂ ‘ਨ੍ਹਾਮੇ ਭਗਤ’ ਵਾਂਗ ਕਦੀ-ਕਦੀ ਹੀ ਚਿਟਕਾਰੀ ਵਜਾਉਂਦੇ ਰਹੇ ਹੋ ਤੇ ਹਰ ਕਾਵਿ-ਰਚਨਾ ਬਾਅਦ ਆਪਣੇ ਆਪ ਨੂੰ ਅੰਨ੍ਹੀ ਸ਼ਰਾਬ ਦੇ ਹਾੜੇ ਵਿਚ ਗ਼ਰਕ ਕਰ ਲੈਂਦੇ ਰਹੇ ਹੋ। ਵਰਣ-ਧਰਮ ਵਿਚ ਪ੍ਰਵਾਨ ਕਵਿਤਾ ਬਹੁਤ ਹੋ ਚੁੱਕੀ, ਪੰਚਾਂਗ ਸੁਰਾਂ ਨੂੰ ਆਪਣੇ ਕੋਲ ਉਚਾਰਨ ਦਾ ਮੌਕਾ ਦਿਓ। ਲਾਲ ਸਿੰਘ ਦਿਲ ਦੀ ਕਵਿਤਾ ਨੂੰ ਢੁਕਵਾਂ ਹੁੰਗਾਰਾ ਇਹੋ ਹੈ:
ਛੇੜੋ ਛੇੜੋ ਦਿਲ ਦੀਆਂ ਗੱਲਾਂ
ਕਰੋ ਕਿਤੇ ਕੋਈ ਹੱਲਾ ਗੁੱਲਾ।

ਮਾਏ ਨੀ, ਕਿ ਅੰਬਰਾਂ ’ਚ ਰਹਿਣ ਵਾਲੀਏ

ਸਾਨੂੰ ਚੰਨ ਦੀ ਗਰਾਹੀ ਦੇ ਦੇ

ਮਾਏ ਨੀ, ਕਿ ਅੰਬਰਾਂ ’ਚ ਰਹਿਣ ਵਾਲੀਏ

ਸਾਡੇ ਲਿਖ ਦੇ ਨਸੀਬੀਂ ਤਾਰੇ

ਮਾਏ ਨੀ, ਜੇ ਪੁਤ ਨੂੰ ਜਗਾਇਆ ਨੀਂਦ ਤੋਂ

ਚੰਨ ਖੋਰ ਕੇ ਪਿਆ ਦੇ ਛੰਨਾ ਦੁਧ ਦਾ

ਮਾਏ ਨੀ, ਕਿ ਸੂਈ ’ਚ ਪਰੋ ਕੇ ਚਾਨਣੀ

ਸਾਡੇ ਗੰਢ ਦੇ ਨਸੀਬ ਲੰਗਾਰੇ

ਮਾਏ ਨੀ, ਕਿ ਪੁਤ ਤੇਰਾ ਡੌਰ-ਬੋਰੀਆ

ਚੰਨ ਮੰਗਦਾ ਨ ਕੁਝ ਸ਼ਰਮਾਵੇ।

* * *

ਮੈਂ ਧਰਤੀ ਦੁਖਿਆਰੀ ਵੇ ਬੰਦਿਆ

ਮੈਂਡਾ ਵੀ ਕੁਝ ਖ਼ਿਆਲ ਵੇ

ਇਕ ਕਿਣਕਾ ਜੇ ਅੱਖੀਆਂ ਨੂੰ ਚੁੰਮੇ

ਰੋ ਰੋ ਹੋਏਂ ਬੇਹਾਲ ਵੇ

ਇਕ ਕਿਣਕਾ ਤੈਂਡੀ ਸੇਜ ਵਿਛਾਵਾਂ

ਨੀਂਦ ਨ ਬਣੇ ਭਿਆਲ ਵੇ

ਇਕ ਕਿਣਕਾ ਤੈਂਡੇ ਸ਼ਰਬਤ ਘੋਲਾਂ

ਸਭ ਕੁਝ ਦਏਂ ਉਗਾਲ ਵੇ

ਕੀਕਣ ਜਰਨ ਭਲਾ ਬੁਲ੍ਹ ਮੈਂਡੇ

ਰਤ ਤੈਂਡੀ ਦੇ ਖਾਲ ਵੇ ?

ਮੈਂ ਧਰਤੀ ਦੁਖਿਆਰੀ ਵੇ ਬੰਦਿਆ

ਮੈਂਡਾ ਵੀ ਕੁਝ ਖ਼ਿਆਲ ਵੇ

* * *

ਮੇਰੀ ਤਸਵੀਰ

ਜੋ ਮੇਰੀ ਸਮਝ ਤੂੰ ਮੋੜ ਦਿੱਤੀ ਏ

ਬਹੁਤ ਵਾਰੀਂ ਉਲਟ ਪੁਲਟੀ

ਇਹਦੇ ਵਿਚ ਕੁਝ ਵੀ ਮੈਨੂੰ

ਆਪਣਾ ਨਜ਼ਰੀਂ ਨਹੀਂ ਆਇਆ

ਤੇਰੀ ਮੋੜੀ ਹੋਈ ਤਸਵੀਰ ਦੇ ਸਾਹਵੇਂ

ਮੈਂ ਆਪਣੇ ਆਪ ਤੋਂ

ਮੁੜਿਆ ਹੋਇਆ ਮਹਿਸੂਸ ਕਰਦਾ ਹਾਂ

ਮੈਂ ਪਿੰਜਰੇ ਬੰਦ ਇਕ ਸਿਫ਼ਰਾ

ਖ਼ਲਾਅ ਅੰਦਰ ਭਟਕਦਾ ਹਾਂ

ਮੇਰੀ ਆਪਣੀ ਖ਼ਮੋਸ਼ੀ ਬਿਨ

ਕੋਈ ਸਾਥੀ ਨਹੀਂ ਮੇਰਾ

ਕੋਈ ਰਸਤਾ ਨਹੀਂ

ਕਿ ਤੁਰ ਕੇ ਆਪਣੇ ਕੋਲ ਹੀ ਜਾਵਾਂ

ਕੋਈ ਰਸਤਾ ਨਹੀਂ

ਕਿ ਤੁਰ ਕੇ ਆਪਣੇ ਕੋਲ ਹੀ ਆਵਾਂ

ਮੇਰੀ ਆਵਾਜ਼ ਦੀ ਵੀ ਲੀਕ ਨਹੀਂ

ਜਿਸ ਤੇ ਲਟਕ ਜਾਵਾਂ

ਦਿਸ਼ਾ ਨਿਰਵਾਣ ਵਾਂਗੂੰ

ਬੇਅਰਥ ਮਾਲੂਮ ਹੁੰਦੀ ਏ

ਕੋਈ ਪੂਰਬ ਨਹੀਂ, ਪੱਛਮ ਨਹੀਂ

ਕਿ ਅਸਤ ਉਗ ਜਾਵਾਂ

ਸਮੇਂ ਦੀ ਲੀਕ ਲਚਕੀਲੀ ਕਿਸੇ ਨੇ ਤੋੜ ਦਿੱਤੀ ਏ

ਮੇਰੀ ਤਸਵੀਰ

ਤੂੰ ਮੇਰੀ ਸਮਝ ਕੇ ਮੋੜ ਦਿੱਤੀ ਏ

ਤੇਰੀ ਮੋੜੀ ਹੋਈ ਤਸਵੀਰ ਦੇ ਸਾਹਵੇਂ

ਜੇ ਪਲ ਛਿਣ ਹੋਂਦ ਵਿਚ ਆਵਾਂ

ਮੈਂ ਇਕ ਸਜਰੇ ਗਰਭ ਦੀ ਪੀੜ ਤੋਂ ਵੱਧ

ਕੁਝ ਨਹੀਂ ਹੁੰਦਾ

ਮੈਂ ਆਪਣੀ ਹੋਂਦ ਦਾ ਵਾਅਦਾ

ਤੇ ਉਹਦਾ ਵਾਅਦਾ ਵੀ ਮੇਰੇ ਕੋਲ ਨਹੀਂ ਹੁੰਦਾ

ਮੇਰਾ ਵਾਅਦਾ ਵੀ

ਇਕ ਲੋਚਾ, ਭਰਮ ਹੈ ਯਾ ਕਿ ਭੈ ਹੈ

ਓਸ ਮਾਂ ਦਾ

ਨ ਜਿਸ ਦੀ ਚੋਣ ਮੈਂ ਹਾਂ

ਨ ਮੇਰੀ ਚੋਣ ਜੋ ਹੈ

ਮੈਂ ਅੱਜ ਜਿਊਂਦਾ ਨਹੀਂ ਜੀਵਾਂਗਾ ਕੱਲ੍ਹ

ਜਦੋਂ ਮੇਰੀ ਜਨਣਹਾਰੀ

ਮੈਨੂੰ ਜਾਣੇ-ਪਛਾਣੇ ਵਾਸ਼ਨਾ ਦੇ ਰਾਹ ਤੇ ਤੋਰੇਗੀ

ਮੈਂ ਫਿਰ ਇਕ ਜਨਮ ਨੂੰ

ਤਸਵੀਰ ਵਾਂਗੂੰ ਭੇਟ ਕਰਦਾਂਗਾ

ਕੋਈ ਇਕ ਜਨਮ ਨੂੰ

ਬਿਰਥਾ ਸਮਝ ਕੇ ਫੇਰ ਮੋੜੇਗੀ

ਕਿਸੇ ਨੇ ਜਿਊਣ ਤੋਂ ਪਹਿਲਾਂ

ਕੁਰਾਹੇ ਮਰਨ ਦੀ ਮਜਬੂਰ ਆਦਤ ਜੋੜ ਦਿੱਤੀ ਏ

ਮੇਰੀ ਤਸਵੀਰ

ਤੂੰ ਮੇਰੀ ਸਮਝ ਕੇ ਮੋੜ ਦਿੱਤੀ ਏ

* * *

ਮੇਰਾ ਬਚਪਨ ਅਜੇ ਨਾ ਆਇਆ

ਮੇਰਾ ਬਚਪਨ ਕਦ ਆਵੇਗਾ?

ਜਦ ਉਮਰਾਂ ਦੀ ਝੋਲੀ ਦੇ ਵਿਚ

ਦੋ ਤਿੰਨ ਚਾਰ ਜਾਂ ਪੰਜ ਵਰ੍ਹੇ ਸਨ

ਮਾਂ ਦੇ ਬੁੱਲ੍ਹ ਬਰਾਨਾਂ ਉਤੇ

ਕਦੀ ਨਾ ਉੱਗੀ ਹਰੀ ਕਰੂਮਲ

ਨੈਣ ਓਸ ਦੇ ਭਰੇ ਭਰੇ ਸਨ

ਦਿਨ ਜਿਉਂ ਬੁਝੇ ਬੁਝੇ ਪਰਛਾਵੇਂ,

ਮਾਂ ਮੇਰੀ ਦੀ ਸਗਲ ਮੁਸ਼ੱਕਤ-

ਨੀਵੀਂ ਨਜ਼ਰ, ਸਦਾ ਸ਼ਰਮਾਵੇ

ਰਾਤ ਸੁਲਗ਼ਦਾ ਸੁੰਞਾ ਪਾਲਾ,

ਮੈਂ, ਮੇਰੀ ਮਾਂ, ਦੀਪ-ਵਿਹੂਣੇ,

ਜਿਉਂ ਨ੍ਹੇਰੇ ਦੀ ਝੁੰਬ ਮਾਰ ਕੇ

ਦੋ ਬੂਟੇ ਕੁਮਲਾਏ ਸੁੱਤੇ

ਸਾਡੇ ਵਿਹੜੇ ਮਰੀ ਕਹਾਣੀ

ਇਕ ਸੀ ਰਾਜਾ, ਇਕ ਸੀ ਰਾਣੀ

ਕਦੀ ਕਦੀ ਮੇਰੀ ਮਾਂ ਆਖੇ,

ਵੇ ਮੇਰੇ ਦੁਖ-ਦਰਦ ਦੇ ਹਾਣੀ,

ਮੇਰੀ ਹਿੱਕ ਨੂੰ ਲਗ ਕੇ ਸੌਂ ਜਾ

ਜਿਸ ਥਾਉਂ ਤੇਰਾ ਬਾਪ ਸਿਧਾਇਆ-

ਉਸ ਥਾਵੇਂ ਕੋਈ ਪਾਪ ਨਾ ਆਵੇ

ਮੇਰੇ ਬੂਟੇ, ਗੱਭਰੂ ਹੋ ਜਾ,

ਤੇਰੀ ਛਾਵੇਂ ਮੈਂ ਸੌਂ ਜਾਵਾਂ

ਕਦੇ ਕਦੇ ਬਾਲਾਂ ਦੇ ਕੁੱਛੜ

ਸੌਣ ਨਿਚਿੰਤ, ਨਿਕਰਮਣ ਮਾਵਾਂ,

ਮੈਂ ਆਪਣੀ ਮਾਤਾ ਦਾ ਉਹਲਾ,

ਉਸ ਦੀ ਛਾਂ, ਉਸ ਦਾ ਪਰਛਾਵਾਂ

ਉਂਜ ਤਾਂ ਹਰ ਮਾਂ ਸੁਹਣੀ ਹੁੰਦੀ,

ਪਰ ਮੇਰੀ ਮਾਂ ਵੇਖ ਵੇਖ ਕੇ-

ਹਰ ਅੱਖ ਸੁਲਗੇ ਜਿਵੇਂ ਦੁਪਹਿਰੀ

ਮੈਂ ਉਸ ਦੇ ਸੰਗ ਤੁਰਿਆ ਜਾਵਾਂ

ਚੁੱਪ ਸੰਘਣੀ, ਛਾਉਂ ਇਕਹਿਰੀ

ਨਜ਼ਰ ਨਜ਼ਰ ਮੇਰਾ ਮਕਤਬ ਸੀ,

ਬੋਲ ਬੋਲ ਸੀ ਸੰਥਾ ਮੇਰੀ

ਬਚਪਨ ਆਉਂਦਾ ਤਾਂ ਕਿਸ ਰਾਹੋਂ

ਹਰ ਰਾਹ ਸੂਝ ਸਮਝ ਨੇ ਘੇਰੀ

ਇਕ ਦਿਨ ਮਾਂ ਨੇ ਬਾਤ ਸੁਣਾਈ

ਕਿਵੇਂ ਓਸ ਨੇ ਅਪਣੇ ਹੱਥੀਂ-

ਪਿਤਾ ਮੇਰੇ ਦੀ ਚਿਤਾ ਜਲਾਈ

ਫਿਰ ਕੁਰਲਾਈ

ਨਹੀਂ ਨਹੀਂ ਮੈਂ ਅਪਣੇ ਹਥੀਂ

ਤੇਰਾ ਬਚਪਨ ਆਪ ਜਲਾਇਆ

ਮੇਰਾ ਬਚਪਨ ਉਦੋਂ ਨ ਆਇਆ

ਮੇਰਾ ਬਚਪਨ ਕਦ ਆਵੇਗਾ?

* * *
ਧੰਨਵਾਦ: ਅ.ਚੰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All