ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਸਰਹਿੰਦ ਸਥਿਤ ਖਸਤਾਹਾਲ ਜਹਾਜ਼ ਹਵੇਲੀ।

ਅਮਰਬੀਰ ਸਿੰਘ ਚੀਮਾ

ਫ਼ਤਹਿਗੜ੍ਹ ਸਾਹਿਬ ਦੇ ਆਲੇ ਦੁਆਲੇ, ਖਾਸ ਕਰ ਕੇ ਸਰਹਿੰਦ ਨੇੜੇ ਮੁਗਲਾਂ ਦੇ ਸਮੇਂ ਦੇ ਕਈ ਵਿਰਾਸਤੀ ਸਮਾਰਕ ਬਣੇ ਹੋਏ ਹਨ। ਵਿਲੱਖਣਤਾ ਤੇ ਕਾਰੀਗਰੀ ਲਈ ਮਸ਼ਹੂਰ ਇਹ ਮਕਬਰੇ ਦਿਨੋਂ-ਦਿਨ ਖੰਡਰਾਂ ਦਾ ਰੂਪ ਧਾਰਨ ਕਰ ਰਹੇ ਹਨ। ਕਰੀਬ ਚਾਰ-ਪੰਜ ਸੌ ਸਾਲ ਪਹਿਲਾਂ ਬਣੀਆਂ ਇਹ ਇਤਿਹਾਸਕ ਇਮਾਰਤਾਂ ਸਾਂਭਣ ਤੇ ਦੇਖਣਯੋਗ ਹਨ:

ਭਗਤ ਸਦਨੇ ਦੀ ਮਸੀਤ: ਭਾਰਤ ਦੀਆਂ ਪੁਰਾਣੀਆਂ ਮਸੀਤਾਂ ’ਚੋਂ ਇੱਕ ਸਦਨੇ ਕਸਾਈ ਦੀ ਮਸੀਤ ਸਰਹਿੰਦ-ਰੋਪੜ ਰੇਲਵੇਅ ਲਾਈਨ ਦੇ ਨਜ਼ਦੀਕ ਸਰਹਿੰਦ ਸ਼ਹਿਰ ਤੋਂ ਡੇਰਾ ਮੀਰਾਂ ਮੀਰ ਵਾਲੇ ਫਾਟਕ ਕੋਲ ਸੜਕ ਦੇ ਖੱਬੇ ਪਾਸੇ ਸਥਿਤ ਹੈ, ਜੋ ਕਿ ਪੁਰਾਤਣ ਵਿਭਾਗ ਦੇ ਅਧੀਨ ਹੈ। ਇਸ ਮਸੀਤ ਦਾ ਸਬੰਧ ਸਦਨੇ ਭਗਤ ਨਾਲ ਹੈ। ਸਦਨਾ ਭਗਤ ਆਪਣੇ ਸਮੇਂ ਦਾ ਇੱਕ ਮਸ਼ਹੂਰ ਮੁਸਲਿਮ ਕਵੀ ਅਤੇ ਸੂਫੀ-ਸੰਤ ਸੀ। ਇਸ ਮਸੀਤ ਦੀ ਇਮਾਰਤ ਸਰਹਿੰਦੀ ਇੱਟਾਂ ਨਾਲ ਬਣੀ ਹੋਈ ਹੈ, ਜਿਹੜੀ ਕਿ ਮੁਗਲਾਂ ਦੇ ਸਮੇਂ ਦਾ ਬਿਹਤਰੀਨ ਇਮਾਰਤਸਾਜ਼ੀ ਦਾ ਨਮੂਨਾ ਹੈ।

ਜਹਾਜ਼ ਹਵੇਲੀ: ਸਦਨੇ ਕਸਾਈ ਦੀ ਮਸੀਤ ਤੋਂ ਅੱਗੇ ਫਾਟਕ ਟੱਪ ਕੇ ਨਾਲ ਹੀ ਸੱਜੇ ਹੱਥ ਮੁੜਨ ਮਗਰੋਂ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਦੇ ਸੇਵਕ ਦੀਵਾਨ ਟੋਡਰ ਮੱਲ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਜਗ੍ਹਾ ਖਰੀਦੀ ਅਤੇ ਇਸ ਹਵੇਲੀ ਤੋਂ ਖੁਰਜ਼ੀਆਂ ਭਰਵਾ ਕੇ ਖੱਚਰਾਂ ’ਤੇ ਲੱਦ ਕੇ ਰਵਾਨਾ ਹੋਏ। ਇਸ ਇਤਿਹਾਸਕ ਹਵੇਲੀ ਦੀ ਸੇਵਾ ਸੰਭਾਲ ਦਾ ਕੰਮ ਕਈ ਵਾਰੀ ਸ਼ੁਰੂ ਵੀ ਹੋਇਆ ਪਰ ਕਿਸੇ ਨਾ ਕਿਸੇ ਅੜਿੱਕੇ ਕਾਰਨ ਕੰਮ ਸਿਰੇ ਨਹੀਂ ਚੜ੍ਹ ਸਕਿਆ।

ਉਸਤਾਦ ਅਤੇ ਸ਼ਾਗਿਰਦ ਦੇ ਮਕਬਰੇ: ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਅਤੇ ਸਰਹਿੰਦ ’ਚ ਮਕਬਰੇ ਬਣੇ ਹੋਏ ਹਨ, ਜਿਹੜੇ ਕਿ ਇਥੋਂ ਦੀ ਧਰਤੀ ਦੇ ਇਤਿਹਾਸਕ ਹੋਣ ਦੀ ਗਵਾਹੀ ਭਰਦੇ ਹਨ। ਉਸਤਾਦ ਅਤੇ ਸ਼ਾਗਿਰਦ ਦੇ ਨਾਂ ਨਾਲ ਮਸ਼ਹੂਰ ਇਨ੍ਹਾਂ ਮਕਬਰਿਆਂ ਨੂੰ ਮੁਗਲਾਂ ਸਮੇਂ ਦੇ ਬਿਹਤਰੀਨ ਇਮਾਰਤਸਾਜ਼ ਉਸਤਾਦ ਸਈਅਦ ਖਾਨ ਅਤੇ ਉਨ੍ਹਾਂ ਦੇ ਸ਼ਾਗਿਰਦ ਖਵਾਜਾ ਖਾਨ ਨੇ ਕਰੀਬ 450 ਸਾਲ ਪਹਿਲਾਂ ਬਣਾਇਆ ਸੀ। ਇਨ੍ਹਾਂ ਮਕਬਰਿਆਂ ਦੀ ਖਾਸੀਅਤ ਇਹ ਹੈ ਕਿ ਇਹ ਉਸਤਾਦ ਅਤੇ ਸ਼ਾਗਿਰਦ ਵਿਚਾਲੇ ਲੱਗੀ ਸ਼ਰਤ ਕਾਰਨ ਇੱਕੋ ਰਾਤ ’ਚ ਬਣਾਏ ਗਏ ਸਨ। ਕਹਿੰਦੇ ਹਨ ਕਿ ਸ਼ਾਗਿਰਦ ਖਵਾਜਾ ਖਾਨ ਨੂੰ ਆਪਣੇ ਉਸਤਾਦ ਸਈਅਦ ਖਾਨ ਤੋਂ ਕੰਮ ਸਿੱਖਣ ਮਗਰੋਂ ਹੰਕਾਰ ਹੋ ਗਿਆ ਅਤੇ ਉਹ ਆਪਣੇ ਆਪ ਨੂੰ ਆਪਣੇ ਉਸਤਾਦ ਤੋਂ ਵੀ ਵੱਡਾ ਕਾਰੀਗਰ ਸਮਝਣ ਲੱਗਿਆ। ਇਸੇ ਹੰਕਾਰ ਨੂੰ ਤੋੜਨ ਲਈ ਉਨ੍ਹਾਂ ਦੋਵਾਂ ਵਿਚਾਲੇ ਸ਼ਰਤ ਲੱਗ ਗਈ ਕਿ ਦੋਵੇਂ ਜਣੇ ਇੱਕੋ ਦਿਨ ਇੱਕ-ਇੱਕ ਵੱਖ-ਵੱਖ ਮਕਬਰਾ ਬਣਾਉਣਗੇ ਤੇ ਬਾਅਦ ’ਚ ਮਕਬਰਾ ਬਣਾਉਣ ਵਾਲੇ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਮਿੱਥੇ ਸਮੇਂ ਤੱਕ ਉਸਤਾਦ ਨੇ ਤਾਂ ਆਪਣਾ ਮਕਬਰਾ ਪੂਰਾ ਕਰ ਲਿਆ ਪਰ ਸ਼ਾਗਿਰਦ ਵਾਲੇ ਮਕਬਰੇ ਦੀ ਸਿਖਰਲੀ ਬੋਦੀ (ਗੁੰਬਦ) ਬਣਨ ਤੋਂ ਰਹਿ ਗਈ, ਜਿਸ ਕਾਰਨ ਉਹ ਸ਼ਰਤ ਹਾਰ ਗਿਆ। ਸ਼ਰਤ ਹਾਰਨ ਮਗਰੋਂ ਖਵਾਜਾ ਖਾਨ ਆਪਣਾ ਸਿਰ ਪੇਸ਼ ਕਰਨ ਲਈ ਆਪਣੇ ਉਸਤਾਦ ਕੋਲ ਗਿਆ, ਪਰ ਉਸਤਾਦ ਨੇ ਕਿਹਾ ਕਿ ਤੇਰਾ ਨਹੀਂ, ਬਲਕਿ ਤੇਰੇ ਅੰਦਰ ਆਏ ਹੰਕਾਰ ਦਾ ਸਿਰ ਕਲਮ ਕਰਨਾ ਹੈ। ਇਨ੍ਹਾਂ ਮਕਬਰਿਆਂ ’ਤੇ ਪ੍ਰਾਚੀਨ ਤੇ ਇਤਿਹਾਸਕ ਵਿਭਾਗ ਵੱਲੋਂ ਇਮਾਰਤਾਂ ਨੂੰ ਨੁਕਸਾਨ ਨਾ ਪਹੁੰਚਾਉਣ ਸਬੰਧੀ ਤਾਂ ਬੋਰਡ ਲਗਾਇਆ ਗਿਆ ਹੈ ਪਰ ਸਮਾਰਕ ਦੀ ਜਾਣਕਾਰੀ ਜਾਂ ਇਤਿਹਾਸ ਸਬੰਧੀ ਕੋਈ ਬੋਰਡ ਨਹੀਂ ਲੱਗਿਆ।

ਆਮ-ਖਾਸ ਬਾਗ: ਉੱਤਰੀ ਭਾਰਤ ਦੇ ਸਭ ਤੋਂ ਅਲੰਕਾਰ ਬਾਗਾਂ ’ਚੋਂ ਇੱਕ ਆਮ-ਖਾਸ ਬਾਗ ਮੁਗਲ ਸਮਰਾਟ ਅਕਬਰ ਦੇ ਰਾਜਕਾਲ ਦੌਰਾਨ ਸਰਹਿੰਦ ਦੇ ਕੁਲੈਕਟਰ ਵੱਲੋਂ ਬਣਾਇਆ ਗਿਆ ਸੀ। ਉਸ ਮਗਰੋਂ ਬਾਬਰ, ਜਹਾਂਗੀਰ ਤੇ ਸ਼ਾਹਜਹਾਂ ਵੱਲੋਂ ਵੀ ਇਸ ਦੀ ਮੁੜ ਉਸਾਰੀ ਕਰਵਾਈ ਗਈ। ਆਮ ਖਾਸ ਬਾਗ ਨੂੰ ਮੁਗਲ ਸਮਰਾਟਾਂ ਵੱਲੋਂ ਲਾਹੌਰ ਤੋਂ ਆਉਂਦੇ-ਜਾਂਦੇ ਸਮੇਂ ਠਹਿਰਾਅ ਲਈ ਬਣਾਇਆ ਗਿਆ ਸੀ। ਇਸ ਨੂੰ 2 ਹਿੱਸਿਆਂ ’ਚ ਵੰਡਿਆ ਗਿਆ ਸੀ; ਇੱਕ ਆਮ ਲੋਕਾਂ ਲਈ ਤੇ ਦੂਜਾ ਰਾਜਿਆਂ ਲਈ ਰਾਖਵਾਂ ਸੀ।

ਅੱਜ ਸਾਂਭ-ਸੰਭਾਲ ਦੀ ਘਾਟ ਕਾਰਨ ਇਥੇ ਬਣੀਆਂ ਜ਼ਿਆਦਾਤਰ ਸਮਾਰਕਾਂ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਸਰਕਾਰ ਦੇ ਪੁਰਾਤਨ ਤੇ ਸੈਰ ਸਪਾਟਾ ਵਿਭਾਗ ਨੂੰ ਇਨ੍ਹਾਂ ਇਮਾਰਤਾਂ ਨੂੰ ਸਾਂਭਣ ਲਈ ਯੋਗ ਉਪਰਾਲੇ ਕਰਨ ਦੀ ਜ਼ਰੂਰਤ ਹੈ।

ਸੰਪਰਕ: 98889-40211

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All