ਆਜ਼ਾਦੀ ਦੀ ਗਾਥਾ ਤੇ ਅੱਜ ਦਾ ਭਾਰਤ

ਆਜ਼ਾਦੀ ਦੀ ਗਾਥਾ ਤੇ ਅੱਜ ਦਾ ਭਾਰਤ

ਡਾ. ਗੁਰਤੇਜ ਸਿੰਘ

‘ਫਰੀਦਾ ਬਾਰ ਪਰਾਇਐ ਬੈਸਣਾ ਸਾਂਈ...’ ਬਾਬਾ ਫ਼ਰੀਦ ਦੇ ਇਹ ਬੋਲ ਮਨੁੱਖਤਾ ਦੀ ਆਜ਼ਾਦੀ ਨੂੰ ਸਮਰਪਿਤ ਹਨ। ਉਨ੍ਹਾਂ ਨੇ ਗ਼ੁਲਾਮੀ ਨੂੰ ਨਰਕ ਦਾ ਪ੍ਰਤੀਰੂਪ ਮੰਨਿਆ ਹੈ। ਹਰ ਪ੍ਰਕਾਰ ਦੀ ਗ਼ੁਲਾਮੀ ਸਾਰੇ ਜੀਵਾਂ ਲਈ ਘਾਤਕ ਹੋ ਨਿੱਬੜਦੀ ਹੈ। ਇਹ ਸਰੀਰ ਦੇ ਨਾਲ ਨਾਲ ਮਾਨਸਿਕ ਵਿਕਾਸ ਨੂੰ ਵੀ ਝੋਰਾ ਲਗਾ ਦਿੰਦੀ ਹੈ। ਗ਼ੁਲਾਮੀ ਸੁਪਨਿਆਂ ਦੀ ਕਾਤਲ ਅਤੇ ਦੇਹ ਕਤਲਗਾਹ ਦੇ ਸਮਾਨ ਜਾਪਦੀ ਹੈ। ਆਜ਼ਾਦੀ ਦੀ ਸੂਹੀ ਸਵੇਰ ਦਾ ਇੰਤਜ਼ਾਰ ਗ਼ੁਲਾਮਾਂ ਨੂੰ ਬੇਸਬਰੀ ਨਾਲ ਹੁੰਦਾ ਹੈ। ਜਦੋਂ ਇਹ ਉਡੀਕ ਲੰਮੇਰੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਪਣਾ ਜਿਸਮ ਵੀ ਬੋਝਲ ਲੱਗਦਾ ਹੈ। ਇਸ ਗ਼ੁਲਾਮੀ ਭਰੇ ਨਰਕ ਨੂੰ ਖ਼ਤਮ ਕਰਨ ਲਈ ਯੋਧੇ ਮੁੱਢ ਤੋਂ ਹੀ ਤਤਪਰ ਰਹੇ ਹਨ ਅਤੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਹਮੇਸ਼ਾਂ ਤਿਆਰ ਰਹਿਣਗੇ। ਆਜ਼ਾਦ ਤਬੀਅਤ ਹਰ ਜੀਵ ਦਾ ਮੁੱਢਲਾ ਲੱਛਣ ਹੈ ਤੇ ਕੁਦਰਤ ਵੀ ਉਨ੍ਹਾਂ ਦੇ ਇਸ ਹੱਕ ’ਤੇ ਡਾਕਾ ਨਹੀਂ ਮਾਰਦੀ। ਇਹ ਸਿਰਫ਼ ਮਨੁੱਖ ਦੇ ਸ਼ੈਤਾਨੀ ਦਿਮਾਗ਼ ਦੀ ਉਪਜ ਹੈ ਜੋ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹੋਰਾਂ ਨੂੰ ਗ਼ੁਲਾਮ ਬਣਾਉਣਾ ਲੋਚਦਾ ਹੈ।

ਭਾਰਤ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਅਤੇ ਇੱਥੋਂ ਦੇ ਰਾਜਿਆਂ ਦੀ ਆਪਸੀ ਫੁੱਟ ਨੇ ਵਿਦੇਸ਼ੀ ਹਮਲਾਵਰਾਂ ਨੂੰ ਲੁੱਟ ਮਚਾਉਣ ਦਾ ਮੌਕਾ ਦਿੱਤਾ ਸੀ। ਕੁਦਰਤੀ ਨਿਆਮਤਾਂ ਅਤੇ ਸੂਰਬੀਰਤਾ ਭਰਪੂਰ ਯੋਧਿਆਂ ਦੇ ਬਾਵਜੂਦ ਦੇਸ਼, ਵਿਦੇਸ਼ੀ ਲੋਕਾਂ ਦੇ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਗਿਆ ਜਿਸ ਵਿਚ ਕੁਝ ਗੱਦਾਰਾਂ ਦੀ ਗੱਦਾਰੀ ਦਾ ਜ਼ਿਕਰ ਵੀ ਲਾਜ਼ਮੀ ਹੈ। ਨਜ਼ਰਾਨੇ ਦੀ ਪ੍ਰਥਾ ਤੋਂ ਰਿਸ਼ਵਤ ਦਾ ਜਨਮ ਹੋਇਆ ਅਤੇ ਅੰਗਰੇਜ਼ਾਂ ਨੇ ਇਸਦਾ ਖ਼ੂਬ ਲਾਹਾ ਲਿਆ। ਭਾਰਤ ’ਚ ਅੰਗਰੇਜ਼ ਵਾਇਸਰਾਏ ਲਾਰਡ ਕਲਾਈਵ ਨੂੰ ਇਸਦਾ ਜਨਮਦਾਤਾ ਮੰਨਿਆ ਜਾਂਦਾ ਹੈ। ਇਸ ਕੂਟਨੀਤੀ ਦੇ ਜਾਲ ’ਚ ਸਾਰਾ ਦੇਸ਼ ਹੌਲੀ ਹੌਲੀ ਫਸਦਾ ਗਿਆ ਤੇ ਦੋ ਸਦੀਆਂ ਦੀ ਗ਼ੁਲਾਮੀ ਦੀ ਪੰਜਾਲੀ ਗਲੇ ’ਚ ਪੈ ਗਈ ਜਿਸ ਨੂੰ ਗਲੋਂ ਲਾਹੁਣ ਲਈ ਸ਼ਹੀਦਾਂ ਨੇ ਸਮੇਂ ਸਮੇਂ ’ਤੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਦੇਸ਼ ਵਿਚ ਅੰਗਰੇਜ਼ਾਂ ਵਿਰੁੱਧ ਪਹਿਲੀ ਅਸਫਲ ਕ੍ਰਾਂਤੀ 1857 ’ਚ ਹੋਈ ਸੀ। ਉਸ ਤੋਂ ਬਾਅਦ 1915 ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗ਼ਦਰ ਦਾ ਪ੍ਰੋਗਰਾਮ ਬਣਾਇਆ ਸੀ, ਪਰ ਗੱਦਾਰਾਂ ਦੀ ਮਿਹਰਬਾਨੀ ਕਾਰਨ ਇਹ ਕ੍ਰਾਂਤੀ ਵੀ ਅਸਫਲ ਰਹੀ। ਸ਼ਹੀਦ ਭਗਤ ਸਿੰਘ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਵੀ ਆਪਣੇ ਤਰੀਕੇ ਨਾਲ ਹਥਿਆਰਬੰਦ ਕ੍ਰਾਂਤੀ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਸਨ।

ਅੰਗਰੇਜ਼ਾਂ ਦਾ ਵਿਰੋਧ ਚਹੁੰ ਪਾਸਿਉਂ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਹੁਣ ਭਾਰਤੀਆਂ ਨੂੰ ਜ਼ਿਆਦਾ ਸਮਾਂ ਗ਼ੁਲਾਮ ਬਣਾ ਕੇ ਨਹੀਂ ਰੱਖਿਆ ਜਾ ਸਕਦਾ। ਇਸ ਕਰਕੇ ਉਨ੍ਹਾਂ ਦੇਸ਼ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਦੇਸ਼ ਦੀ ਵਾਗਡੋਰ ਕਾਂਗਰਸ ਆਗੂਆਂ ਨੂੰ ਸੌਂਪਣ ਦਾ ਨਿਰਣਾ ਲੈ ਲਿਆ।

ਇੱਥੋਂ ਹੀ ਸ਼ੁਰੂ ਹੋਈ ਲੋਕਾਂ ਦੇ ਦਰਦਾਂ ਦੀ ਕਹਾਣੀ ਜਿਸਦੇ ਜ਼ਖਮ ਅਜੇ ਵੀ ਅੱਲੇ ਹਨ। ਮੁਸਲਿਮ ਲੀਗ ਅਤੇ ਕਾਂਗਰਸ ਨੇਤਾਵਾਂ ਦੀ ਹਉਮੈ ਦੇ ਨਾਲ ਅੰਗਰੇਜ਼ਾਂ ਦੀ ਕੂਟਨੀਤੀ ਨੇ ਸਾਡੇ ਦੇਸ਼ ਦੇ ਦੋ ਟੁਕੜੇ ਕਰਨ ਲਈ ਮਜਬੂਰ ਕਰ ਦਿੱਤਾ ਸੀ। 3 ਜੂਨ 1947 ਨੂੰ ਲਾਰਡ ਮਾਊਂਟਬੈਟਨ ਨੇ ਵੰਡ ਦਾ ਪ੍ਰਸਤਾਵ ਦੋਨਾਂ ਧਿਰਾਂ ਦੇ ਨੇਤਾਵਾਂ ਅੱਗੇ ਰੱਖਿਆ ਸੀ। ਸਾਂਝੀ ਸਰਕਾਰ ਨਾ ਬਣਨ ਕਾਰਨ ਤੇ ਆਪਣੀਆਂ ਕੁਰਸੀਆਂ ਖੁੱਸਦੀਆਂ ਦੇਖ ਨੇਤਾਵਾਂ ਨੇ ਇਸ ਵੰਡ ਨੂੰ ਮਨਜ਼ੂਰ ਕਰ ਲਿਆ ਸੀ। ਆਮ ਲੋਕਾਂ ਤੋਂ ਇਸ ਬਾਬਤ ਕੁਝ ਨਹੀਂ ਪੁੱਛਿਆ ਗਿਆ। ਆਪਣੀ ਚੌਧਰ ਲਈ ਨੇਤਾਵਾਂ ਨੇ ਮੁਲਕ ਦੇ ਲੋਕਾਂ ਨੂੰ ਇਸ ਦੋਰਾਹੇ ’ਤੇ ਲਿਆ ਖੜ੍ਹਾ ਕੀਤਾ ਕਿ ਲੋਕਾਂ ਨੂੰ ਸਮਝ ਹੀ ਨਹੀਂ ਪੈ ਰਹੀ ਸੀ ਕਿ ਉਹ ਆਖਿਰ ਕਿਸ ਰਾਹ ਨੂੰ ਚੁਣਨ। ਫ਼ਿਰਕਾਪ੍ਰਸਤੀ ਦੀ ਅੱਗ ਨੇ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਦਿੱਤਾ ਸੀ ਜਿਸ ’ਚ ਮਨੁੱਖਤਾ ਜਲਣ ਲਈ ਮਜਬੂਰ ਸੀ। ਲੋਕ ਆਪਣੇ ਘਰਾਂ ’ਚ ਹੀ ਆਪਣੇ ਲੋਕਾਂ ਲਈ ਬਿਗਾਨੇ ਹੋ ਗਏ ਸਨ। ਮਾਰਧਾੜ ਦੇ ਨਾਲ ਔਰਤਾਂ ਦੀ ਪੱਤ ਰੋਲੀ ਗਈ। ਆਜ਼ਾਦੀ ਦੇ ਪਰਵਾਨਿਆਂ ਦਾ ਲੰਮਾ ਸੰਘਰਸ਼ ਅਤੇ ਆਜ਼ਾਦੀ ਦੀ ਸੂਹੀ ਸਵੇਰ ਲੋਕਾਂ ਨੂੰ ਬੇਜਾਨ ਜਾਪਦੀ ਸੀ। ਜੋ ਆਜ਼ਾਦੀ ਘੁਲਾਟੀਏ ਆਜ਼ਾਦੀ ਤੋਂ ਬਾਅਦ ਵੀ ਜਿਉਂਦੇ ਰਹੇ, ਉਨ੍ਹਾਂ ਨੇ ਇਹ ਹਾਲਤ ਦੇਖ ਕੇ ਲਹੂ ਦੇ ਹੰਝੂ ਵਹਾਏ।

ਆਜ਼ਾਦੀ ਚਾਹੇ ਸੱਤ ਦਹਾਕਿਆਂ ਤੋਂ ਜ਼ਿਆਦਾ ਦੀ ਹੋਣ ਵਾਲੀ ਹੈ, ਪਰ ਮੁਲਕ ਦੇ ਲੋਕ ਅਜੇ ਵੀ ਬੁਨਿਆਦੀ ਸਮੱਸਿਆਵਾਂ ਦੇ ਗ਼ੁਲਾਮ ਹਨ। ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਅਜੇ ਵੀ ਲੋਕਾਂ ਤੋਂ ਕੋਹਾਂ ਦੂਰ ਹੈ। ਸ਼ਹੀਦਾਂ ਦਾ ਸਮਾਜਵਾਦ ਦੂਰ ਦੂਰ ਤਕ ਨਜ਼ਰ ਨਹੀਂ ਆਉਂਦਾ ਹੈ। ਸ਼ਹੀਦੇ ਆਜ਼ਮ ਸ. ਭਗਤ ਸਿੰਘ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨੀ ਚਾਹੁੰਦੇ ਸਨ ਜਿਸ ਵਿਚ ਮਜ਼ਦੂਰ ਜਮਾਤ ਦੀ ਸਰਦਾਰੀ ਸਰਵ ਪ੍ਰਵਾਨਿਤ ਹੋਵੇ। ਉਹ ਮਨੁੱਖ ਵੱਲੋਂ ਮਨੁੱਖ ਦੀ ਕੀਤੀ ਜਾਂਦੀ ਲੁੱਟ ਦੇ ਬਹੁਤ ਖਿਲਾਫ਼ ਸਨ। ਅਫ਼ਸੋਸ ਦੀ ਗੱਲ ਇਹ ਹੈ ਜਿਸ ਆਜ਼ਾਦੀ ਲਈ ਦੇਸ਼ ਭਗਤ ਤਸੀਹੇ ਸਹਿੰਦੇ ਰਹੇ, ਉਹ ਲੋਕਾਂ ਨੂੰ ਨਸੀਬ ਨਹੀਂ ਹੋ ਰਹੀ। ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਪ੍ਰਬੰਧ ਆਦਿ ਬਹੁਤ ਵੱਡੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਹੱਲ ਕਰਨ ਲਈ ਨੇਤਾਵਾਂ, ਅਫਸ਼ਰਸ਼ਾਹੀ ਦੇ ਦ੍ਰਿੜ ਇਰਾਦੇ ਦੇ ਨਾਲ ਜਨਤਾ ਦੇ ਸਹਿਯੋਗ ਦੀ ਜ਼ਰੂਰਤ ਹੈ।

ਬੇਰੁਜ਼ਗਾਰੀ ਨੇ ਗ਼ਰੀਬੀ ਨੂੰ ਉਪਜਾਇਆ ਹੈ ਤੇ ਭੁੱਖਮਰੀ ਦਾ ਕੋਹੜ ਆਪਣੇ ਆਪ ਚਿੰਬੜ ਜਾਂਦਾ ਹੈ। ਰੋਜ਼ਾਨਾ ਬੇਰੁਜ਼ਗਾਰਾਂ ਵੱਲੋਂ ਰੁਜ਼ਗਾਰ ਪ੍ਰਾਪਤੀ ਲਈ ਕੀਤੇ ਜਾਂਦੇ ਸੰਘਰਸ਼ ਅਖ਼ਬਾਰਾਂ ਦੀ ਜਗ੍ਹਾ ਮੱਲਦੇ ਹਨ। ਅੰਗਰੇਜ਼ਾਂ ਦੀ ਤਰ੍ਹਾਂ ਡੰਡੇ ਦੇ ਬਲ ਨਾਲ ਉਨ੍ਹਾਂ ਦੇ ਸੰਘਰਸ਼ ਨੂੰ ਦਬਾਇਆ ਜਾਂਦਾ ਹੈ। ਨੇਤਾ ਤੇ ਅਫ਼ਸਰ ਸਮਾਗਮਾਂ ਦੌਰਾਨ ਸ਼ਹੀਦਾਂ ਨੂੰ ਯਾਦ ਕਰਦੇ ਹਨ ਤੇ ਲੋਕਾਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਦੇ ਧਾਰਨੀ ਬਣਨ ਲਈ ਪ੍ਰੇਰਦੇ ਹਨ, ਪਰ ਆਪ ਪਾਸਾ ਵੱਟਦੇ ਹਨ। ਇਸ ਦੋਗਲੇਪਣ ਨੇ ਲੋਕਾਂ ਦੀ ਸਥਿਤੀ ਬਦਤਰ ਕਰ ਦਿੱਤੀ ਹੈ। ਆਜ਼ਾਦੀ ਤੋਂ ਪਹਿਲਾਂ ਵੀ ਲੋਕ ਭੁੱਖਮਰੀ ਦੇ ਸ਼ਿਕਾਰ ਸਨ, ਪਰ ਅੱਜ ਹਰੀ ਕ੍ਰਾਂਤੀ ਦੇ ਬਾਵਜੂਦ ਮੁਲਕ ਦੇ 21 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਨੀਲੇ ਅੰਬਰ ਹੇਠ ਪਿਆ ਅਨਾਜ ਸੜ ਰਿਹਾ ਹੈ, ਪਰ ਗ਼ਰੀਬਾਂ ਦੇ ਮੂੰਹ ਦੀ ਬੁਰਕੀ ਨਹੀਂ ਬਣਦਾ।

ਭ੍ਰਿਸ਼ਟਾਚਾਰ ਨੇ ਦੇਸ਼ ਦੀ ਆਰਥਿਕਤਾ ਨੂੰ ਖੂੰਜੇ ਲਗਾਇਆ ਹੋਇਆ ਹੈ ਅਤੇ ਕਾਲੇ ਧਨ ਦੇ ਰੂਪ ’ਚ ਦੇਸ਼ ਦਾ ਅਣਗਿਣਤ ਸਰਮਾਇਆ ਵਿਦੇਸ਼ੀ ਬੈਂਕਾਂ ’ਚ ਜਮਾਂ ਹੋ ਰਿਹਾ ਹੈ। ਵਿਦੇਸ਼ੀਆਂ ਦੀ ਲੁੱਟ ਦੇ ਨਾਲ ਨਾਲ ਦੇਸੀਆਂ ਦੀ ਲੁੱਟ ਨੇ ਮੁਲਕ ਨੂੰ ਕੰਗਾਲੀ ਦੀ ਦਲਦਲ ’ਚ ਧਕੇਲਿਆ ਹੋਇਆ ਹੈ। ਉਂਜ ਦੇਸ਼ ਦੇ ਨੇਤਾ ਕਾਲੇ ਧਨ ਨੂੰ ਚੋਣਾਂ ਵੇਲੇ ਵੱਡੇ ਮੁੱਦੇ ਦੇ ਰੂਪ ’ਚ ਉਭਾਰਦੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਆਜ਼ਾਦੀ ਦਿਵਸ ਮੌਕੇ ਇਸ ਸਮੱਸਿਆ ਦਾ ਹੱਲ ਜਲਦੀ ਕਰਨ ਦਾ ਭਰੋਸਾ ਦਿੰਦੇ ਹਨ, ਪਰ ਹਕੀਕਤ ਉਹੀ ਰਹਿੰਦੀ ਹੈ। ਅਜੋਕੀ ਰਾਜਨੀਤੀ ਵੀ ਸੰਜਮ ਤੋਂ ਦੂਰ ਹੈ ਤੇ ਰਾਜੇ ਦੇ ਸਿੰਘਾਸਨ ਵਾਂਗ ਨੇਤਾ ਇਸ ’ਤੇ ਕਾਬਜ਼ ਰਹਿਣ ਲਈ ਹਰ ਸੰਭਵ ਉਪਰਾਲੇ ਕਰਦੇ ਹਨ। ਆਮ ਲੋਕਾਂ ਦੀ ਸ਼ਮੂਲੀਅਤ ਨਾਂਮਾਤਰ ਹੈ ਜੋ ਲੋਕਤੰਤਰ ਦਾ ਮੂੰਹ ਚਿੜਾਉਂਦਾ ਹੈ। ਫ਼ਿਰਕਾਪ੍ਰਸਤੀ ਦੀ ਵਰਤੋਂ ਸੌੜੇ ਸਿਆਸੀ ਹਿੱਤਾਂ ਲਈ ਕੀਤੀ ਜਾਂਦੀ ਹੈ। ਇਸ ਕਰਕੇ ਕਮਜ਼ੋਰ ਵਰਗਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ।

ਆਮ ਲੋਕਾਂ ਦੇ ਹੱਕ ਜਦੋਂ ਤਕ ਸੁਰੱਖਿਅਤ ਨਹੀਂ ਹੁੰਦੇ, ਉਦੋਂ ਤਕ ਆਜ਼ਾਦੀ ਬੇਮਤਲਬੀ ਹੈ। ਆਮ ਲੋਕਾਂ ਨੂੰ ਜਦੋਂ ਤਕ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਆਜ਼ਾਦੀ ਨਹੀਂ ਮਿਲਦੀ ਤਾਂ ਇਸਦੀ ਸੰਪੂਰਨਤਾ ਅਸੰਭਵ ਹੈ। ਇਸਦੀ ਪਹੁੰਚ ਆਮ ਲੋਕਾਂ ਤਕ ਕਰਨ ਲਈ ਬਹੁਤ ਵੱਡੇ ਸਾਰਥਕ ਯਤਨਾਂ ਦੀ ਲੋੜ ਹੈ। ਇਸ ਲਈ ਸਾਰੇ ਸਮਾਜ ਨੂੰ ਬਿਨਾਂ ਭੇਦਭਾਵ ਇਕਜੁੱਟ ਹੋਣਾ ਪਵੇਗਾ। ਆਪਸੀ ਜਾਤੀਵਾਦ ਦੀ ਫੁੱਟ ਤੋਂ ਉੱਪਰ ਉੱਠਣਾ ਹੋਵੇਗਾ ਜਿਸ ਨਾਲ ਹੀ ਦੇਸ਼ ਤੇ ਸਮਾਜ ਦਾ ਭਲਾ ਹੋ ਸਕਦਾ ਹੈ। ਸਮਾਜ ਚੰਗੇ ਨੂੰ ਨਾਲ ਲੈਕੇ ਚੱਲੇ ਅਤੇ ਬੁਰੇ ਤੋਂ ਕਿਨਾਰਾ ਕਰਦੇ ਹੋਏ ਸੰਗਠਿਤ ਹੋਵੇ, ਫਿਰ ਹੀ ਸੰਪੂਰਨ ਆਜ਼ਾਦੀ ਸੰਭਵ ਹੈ ਨਹੀਂ ਤਾਂ ਸ਼ਾਸਕਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਸਫਲ ਹੁੰਦੀ ਰਹੇਗੀ ਤੇ ਲੋਕਾਈ ਮਰਦੀ ਰਹੇਗੀ। ਆਜ਼ਾਦੀ ਲਈ ਲੜੇ ਸ਼ਹੀਦਾਂ ਨੂੰ ਨਮਨ ਹੈ, ਪਰ ਸਾਨੂੰ ਅਜੇ ਆਜ਼ਾਦੀ ਲਈ ਇਕ ਲੜਾਈ ਹੋਰ ਲੜਨੀ ਪਵੇਗੀ।
ਸੰਪਰਕ-94641-72783

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All