ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ‘ਘੂੁਸਖੋਰ ਪੰਡਿਤ’ ਦਾ ਟਾਈਟਲ ਵਾਪਸ ਲਿਆ
ਫਿਲਮਕਾਰ ਨੀਰਜ ਪਾਂਡੇ ਨੇ ਆਪਣੀ ਆਉਣ ਵਾਲੀ ਫਿਲਮ ‘ਘੂਸਖੋਰ ਪੰਡਿਤ’ ਦਾ ਟਾਈਟਲ ਰੱਦ ਕਰਦਿਆਂ ਇਸ ਦੇ ਟਰੇਲਰ ਅਤੇ ਹੋਰ ਪ੍ਰਚਾਰ ਸਮੱਗਰੀ ਨੂੰ ਵਾਪਸ ਲੈ ਲਿਆ ਹੈ। ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੀਰਜ ਪਾਂਡੇ ਨੇ ਇਹ ਫ਼ੈਸਲਾ ਸੁਪਰੀਮ ਕੋਰਟ ਦੇ...
ਫਿਲਮਕਾਰ ਨੀਰਜ ਪਾਂਡੇ ਨੇ ਆਪਣੀ ਆਉਣ ਵਾਲੀ ਫਿਲਮ ‘ਘੂਸਖੋਰ ਪੰਡਿਤ’ ਦਾ ਟਾਈਟਲ ਰੱਦ ਕਰਦਿਆਂ ਇਸ ਦੇ ਟਰੇਲਰ ਅਤੇ ਹੋਰ ਪ੍ਰਚਾਰ ਸਮੱਗਰੀ ਨੂੰ ਵਾਪਸ ਲੈ ਲਿਆ ਹੈ। ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੀਰਜ ਪਾਂਡੇ ਨੇ ਇਹ ਫ਼ੈਸਲਾ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਲਿਆ ਹੈ। ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੇ ਹਲਫ਼ਨਾਮੇ ਵਿੱਚ ਨੀਰਜ ਨੇ ਕਿਹਾ ਕਿ ਇਸ ਫਿਲਮ ਦਾ ਨਵਾਂ ਟਾਈਟਲ ਹਾਲੇ ਤਕ ਤੈਅ ਨਹੀਂ ਕੀਤਾ ਹੈ। ਉਸ ਨੇ ਕਿਹਾ ਕਿ ਫਿਲਮ ਦਾ ਨਵਾਂ ਟਾਈਟਲ ਪਹਿਲਾਂ ਵਾਲੇ ਨਾਲ ਮਿਲਦਾ-ਜੁਲਦਾ ਨਹੀਂ ਹੋਵੇਗਾ। ਉਸ ਨੇ ਕਿਹਾ ਕਿ ਫਿਲਮ ਦਾ ਪੁਰਾਣਾ ਟਾਈਟਲ ਵਾਪਸ ਲੈ ਲਿਆ ਗਿਆ ਹੈ। ਫਿਲਮ ਲਈ ਭਵਿੱਖ ਵਿੱਚ ਇਸ ਦੀ ਕਿਸੇ ਵੀ ਤਰ੍ਹਾਂ ਵਰਤੋਂ ਨਹੀਂ ਕੀਤੀ ਜਾਵੇਗੀ। ਉਸ ਨੇ ਇਹ ਵੀ ਕਿਹਾ ਕਿ ਪੁਰਾਣੇ ਟਾਈਟਲ ਨਾਲ ਸਬੰਧਤ ਸਾਰੇ ਪੋਸਟਰ, ਟਰੇਲਰ ਅਤੇ ਹੋਰ ਪ੍ਰਚਾਰ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ। ਫਿਲਮ ਨਿਰਮਾਤਾ ਨੀਰਜ ਪਾਂਡੇ ਵੱਲੋਂ ਫਿਲਮ ਦਾ ਟਾਈਟਲ ਅਤੇ ਹੋਰ ਸਮੱਗਰੀ ਨੂੰ ਵਾਪਸ ਲੈਣ ਤੋਂ ਬਾਅਦ ਅਦਾਲਤ ਨੇ ਫਿਲਮ ਦੇ ਖ਼ਿਲਾਫ਼ ਦਾਖ਼ਲ ਕੀਤੀ ਅਪੀਲ ਦਾ ਨਿਬੇੜਾ ਕਰ ਦਿੱਤਾ ਹੈ। ਜਸਟਿਸ ਬੀ ਵੀ ਨਾਗਰਤਨਾ ਅਤੇ ਜਸਟਿਸ ਉਜਵਲ ਭੂਈਆਂ ਦੇ ਬੈਂਚ ਨੇ ਉਮੀਦ ਜ਼ਾਹਿਰ ਕੀਤੀ ਕਿ ਇਸ ਤੋਂ ਬਾਅਦ ਇਹ ਵਿਵਾਦ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਇਸ ਫਿਲਮ ਵਿੱਚ ਮਨੋਜ ਵਾਜਪਾਈ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ ਦੇ ਟਾਈਟਲ ਖ਼ਿਲਾਫ਼ ‘ਬ੍ਰਾਹਮਣ ਸਮਾਜ ਆਫ ਇੰਡੀਆ’ ਨੇ ਸੁਪਰੀਮ ਕੋਰਟ ’ਚ ਅਪੀਲ ਦਾਖ਼ਲ ਕਰਦਿਆਂ ਫਿਲਮ ਦੇ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਫਿਲਮ ਦੇ ਨਿਰਮਾਤਾ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਹ ਫਿਲਮ ਕਲਪਨਾ ’ਤੇ ਆਧਾਰਿਤ ਸੁਧਾਰਵਾਦੀ ਪੁਲੀਸ ਡਰਾਮਾ ਹੈ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਹੁਣ ਇਸ ਦੀ ਐਡੀਟਿੰਗ ਚੱਲ ਰਹੀ ਹੈ ਪਰ ਫਿਲਮ ਹਾਲੇ ਰਿਲੀਜ਼ ਨਹੀਂ ਹੋਈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਫਿਲਮ ਦੇ ਟਾਈਟਲ ਵਿੱਚ ਸ਼ਬਦ ਪੰਡਿਤ ਤੋਂ ਕੋਈ ਇਤਰਾਜ਼ ਨਹੀਂ ਹੈ ਬਲਕਿ ਇਸ ਨਾਲ ਲਾਏ ਸ਼ਬਦ ‘ਘੂਸਖੋਰ’ ’ਤੇ ਇਤਰਾਜ਼ ਹੈ। ਪਾਂਡੇ ਨੇ ਦਾਅਵਾ ਕੀਤਾ ਕਿ ਇਸ ਟਾਈਟਲ ਨਾਲ ਉਸ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਇਸ ਫਿਲਮ ਦੀ 12 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਬੋਲਣ ਦੀ ਆਜ਼ਾਦੀ ਦੇ ਨਾਮ ’ਤੇ ਸਮਾਜ ਦੇ ਕਿਸੇ ਵਰਗ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ।

