ਵੀਰ (ਸੰਤੋਖ ਸਿੰਘ ਧੀਰ) ਤੋਂ ਬਿਨਾਂ ਦਾ ਇਹ ਸੰਸਾਰ ਇਉਂ ਲੱਗਦਾ ਸੀ ਜਿਵੇਂ ਹੁਣ ਇਹ ਮੇਰੇ ਜੀਊਣ ਜੋਗਾ ਨਾ ਰਿਹਾ ਹੋਵੇ। ਹੁਣ ਮੈਂ ਇਸ ਸੰਸਾਰ ਵਿਚ ਕੀ ਕਰਨਾ ਹੈ? ਵੀਰ ਦੇ ਹੁੰਦਿਆਂ ਲੱਗਦਾ ਸੀ ਜਿਵੇਂ ਸਾਡੇ ਵਿਚੋਂ ਕਦੇ ਕੋਈ ਨਹੀਂ ਵਿਛੜੇਗਾ।
31 ਮਈ 2009 ਨੂੰ ਜਦੋਂ ਮੈਨੂੰ ਵੀਰ ਦੇ ਚੱਕਰ ਖਾ ਕੇ ਡਿੱਗਣ ਬਾਰੇ ਪਤਾ ਲੱਗਿਆ ਤਾਂ ਮੈਂ ਵੀਰ ਨੂੰ ਮਿਲਣ ਗਿਆ। ਐਨੀਆਂ ਸੱਟਾਂ ਵੀਰ ਦੇ ਲੱਗੀਆਂ ਮੈਂ ਕਦੇ ਨਹੀਂ ਸਨ ਦੇਖੀਆਂ। ਮੁਹਾਲੀ ਦੇ ਉੱਚ ਕੋਟੀ ਦੇ ਨਿਊਰੋਲੋਜਿਸਟ ਡਾ. ਜਗਬੀਰ ਸਿੰਘ ਸਸ਼ੀ ਕੋਲੋਂ ਇਲਾਜ ਸ਼ੁਰੂ ਕੀਤਾ। ਡਾਕਟਰ ਸਸ਼ੀ ਵੀਰ ਹੋਰਾਂ ਦਾ ਬੜੇ ਸਤਿਕਾਰ ਅਤੇ ਮੋਹ ਨਾਲ ਇਲਾਜ ਕਰਦੇ ਸਨ। ਫ਼ੀਸ ਤਾਂ ਕੀ ਲੈਣੀ ਸੀ, ਕਈ ਵਾਰ ਦਵਾਈਆਂ ਵੀ ਕੋਲੋਂ ਦੇ ਦਿੰਦੇ ਸਨ। ਛੇਤੀ ਹੀ ਵੀਰ ਹੋਰੀਂ ਮੁੜ ਸਿਹਤਯਾਬ ਹੋ ਕੇ ਆਪਣੀ ਮੇਜ਼ ਉੱਤੇ ਕੰਮ ਕਰਨ ਲੱਗੇ। ਹੁਣ ਅਸੀਂ ਸਾਰੇ ਬੇਫ਼ਿਕਰ ਸਾਂ। ਸਾਲ 2009 ਦੀਆਂ ਗਰਮੀਆਂ ਚੰਗੀਆਂ ਲੰਘ ਗਈਆਂ। ਉਨ੍ਹਾਂ ਦੇ ਕਮਰੇ ਵਿਚ ਉਚੇਚਾ ਏ.ਸੀ. ਲਗਵਾਇਆ ਗਿਆ। ਵੀਰ ਬੜੇ ਖ਼ੁਸ਼ ਸਨ। ਲਿਖਣ ਪੜ੍ਹਣ ਵਿਚ ਗਲਤਾਨ। ਉਸੇ ਸਾਲ ਦਸੰਬਰ ਵਿਚ ਉਨ੍ਹਾਂ ਦਾ ਕਾਵਿ ਸੰਗ੍ਰਹਿ ‘ਕੋਧਰੇ ਦਾ ਮਹਾਂਗੀਤ’ ਛਪਿਆ।
* * *
ਇਹ ਨਹੀਂ ਕਿ ਵੀਰ ਅਤੇ ਮੈਂ ਕਦੇ ਲੜੇ ਝਗੜੇ ਨਹੀਂ। ਪਰ ਸਾਡਾ ਝਗੜਾ ਵਿਚਾਰਾਂ ਦਾ ਹੁੰਦਾ ਸੀ ਜਾਂ ਰਾਵਾਂ ਦੇ ਫ਼ਰਕਾਂ ਦਾ। ਮੇਰੀ ਤਕਰਾਰ ਵੀਰ ਨਾਲ ਇਕ ਦਫ਼ਾ ਉਦੋਂ ਹੋਈ ਜਦ ਵੀਰ 1995 ਵਿਚ ਕੇਂਦਰੀ ਲੇਖਕ ਸਭਾ ਦੀ ਪ੍ਰਧਾਨਗੀ ਦੀ ਚੋਣ ਭਾ’ਜੀ ਗੁਰਸ਼ਰਨ ਸਿੰਘ ਦੇ ਖ਼ਿਲਾਫ਼ ਲੜਨ ਲਈ ਮੰਨ ਗਏ। ਮੈਂ ਵੀਰ ਨੂੰ ਕਿਹਾ, ‘‘ਵੀਰ, 75 ਸਾਲਾਂ ਦੀ ਉਮਰ ਵਿਚ ਤੁਸੀਂ ਚੋਣ ਲੜਦੇ ਸਜਦੇ ਹੋ…? ਫਿਰ ਗੁਰਸ਼ਰਨ ਸਿੰਘ ਦੇ ਮੁਕਾਬਲੇ? ਦੋ ਦਿਓ ਕੱਦ ਵਿਅਕਤੀਆਂ ਨੂੰ ਆਪੋ-ਵਿੱਚੀ ਚੋਣ ਨਹੀਂ ਲੜਨੀ ਚਾਹੀਦੀ…। ਤੁਹਾਡੀ ਸ਼ਖ਼ਸੀਅਤ ਹੁਣ ਅਜਿਹੀਆਂ ਚੋਣਾਂ ਲੜਨ ਤੋਂ ਉੱਤੇ ਹੈ.. ਪਾਰਟੀ ਲੀਡਰਾਂ ਨੇ ਤਾਂ ਆਪਣਾ ਇੱਕ ਫਰੰਟ ਸਫ਼ਲ ਕਰਕੇ ਦਿਖਾਉਣਾ ਹੈ… ਤੁਹਾਡੀ ਸ਼ਖ਼ਸੀਅਤ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ…।’’ ਖ਼ੈਰ! ਵੀਰ ਜੀ ਚੋਣ ਲੜੇ ਅਤੇ ਗੁਰਸ਼ਰਨ ਸਿੰਘ ਨੂੰ ਕਾਫ਼ੀ ਵੱਧ ਵੋਟਾਂ ਨਾਲ ਹਰਾਇਆ। ਮੈਂ ਕਿਸੇ ਕਾਰਨ ਲੁਧਿਆਣੇ ਵੋਟ ਪਾਉਣ ਨਾ ਜਾ ਸਕਿਆ। ਚੋਣ ਤੋਂ ਸਿੱਧੇ ਵੀਰ ਹੋਰੀਂ ਅਤੇ ਕਾਮਰੇਡ ਤੁਲਸੀ ਰਾਮ ਮੇਰੇ ਘਰ ਆ ਗਏ। ਵੀਰ ਹੋਰੀਂ ਜਿੱਤਣ ਸਬੰਧੀ ਹੌਲੀ ਹੌਲੀ ਗੱਲਾਂ ਕਰ ਰਹੇ ਸਨ। ਵੋਟਾਂ ਦੀ ਗਿਣਤੀ ਦੱਸੀ। ਵੱਡਾ ਫ਼ਰਕ ਸੀ। ਪਰ ਮੈਂ ਅਜੇ ਵੀ ਖ਼ੁਸ਼ ਨਹੀਂ ਸਾਂ। ਮੈਂ ਕਿਹਾ, ‘‘ਵੀਰ ਜਿੰਨੀਆਂ ਵੋਟਾਂ ਗੁਰਸ਼ਰਨ ਸਿੰਘ ਨੂੰ ਪਈਆਂ ਹਨ, ਉਹ ਵੀ ਤੁਹਾਡੀਆਂ ਹੀ ਸਨ। ਸਾਰੀਆਂ ਖੱਬੀਆਂ ਪਾਰਟੀਆਂ, ਨਕਸਲਵਾਦੀ, ਮਾਰਕਸੀ ਅਤੇ ਹੋਰ ਫੁੱਟ ਮਗਰੋਂ ਬਣੀਆਂ ਖੱਬੀਆਂ ਪਾਰਟੀਆਂ ਦੇ ਲੇਖਕ ਤੁਹਾਡਾ ਉਵੇਂ ਹੀ ਸਤਿਕਾਰ ਕਰਦੇ ਸਨ… ਪਰ ਹੁਣ ਇਹ ਲੇਖਕ ਜਿਹੜੇ ਗੁਰਸ਼ਰਨ ਹੋਰਾਂ ਨੂੰ ਭੁਗਤੇ ਹਨ, ਤੁਹਾਡੇ ਖ਼ਿਲਾਫ਼ ਕਿਉਂ ਹੋ ਗਏ?’’ ਮਗਰੋਂ ਵਿੱਚੇ ਵਿੱਚ ਪਤਾ ਨਹੀਂ ਵੀਰ ਹੋਰਾਂ ਦੇ ਦਿਲ ਵਿਚ ਕੀ ਸੰਘਰਸ਼ ਹੁੰਦਾ ਰਿਹਾ। ਉਨ੍ਹਾਂ ਇੱਕ ਲੇਖ ਲਿਖਿਆ ‘ਜਿੱਤ ਨਹੀਂ, ਹਾਰ’ ਜਿਹੜਾ ਉਨ੍ਹਾਂ ਦੀ ਪੁਸਤਕ ‘ਚਾਰ ਵਰ੍ਹੇ’ ਵਿਚ ਸ਼ਾਮਿਲ ਹੈ। ਵੀਰ ਹੋਰਾਂ ਦਾਂ ਇਹ ਲੇਖ ਲਿਖਣਾ, ਇੱਕ ਵਡੱਪਣ ਸੀ। ਲੇਖ ਲਿਖਣ ਮਗਰੋਂ ਵੀਰ ਹੋਰਾਂ ਮੈਨੂੰ ਕਿਹਾ, ‘‘ਰੀਪੇ ਹੁਣ ਤਾਂ ਠੀਕ ਐ… ਹੁਣ ਤੂੰ ਖ਼ੁਸ਼ ਐਂ… ਤੇਰੀ ਗੱਲ ਠੀਕ ਸੀ… ਮੈਨੂੰ ਚੋਣ ਨਹੀਂ ਲੜਨੀ ਚਾਹੀਦੀ ਸੀ।’’
* * *
ਘਰੋਗੀ ਗ਼ਰੀਬੀ ਅਤੇ ਸਮਾਜਿਕ ਨਾਬਰਾਬਰੀ ਕਾਰਨ ਵੀਰ ਸਦਾ ਹੀ ਅਪ੍ਰਤੱਖ ਮਾਨਸਿਕ ਦਬਾਅ ਹੇਠ ਵਿਚਰਦੇ ਰਹੇ। ਮਾਰਚ 1962 ਵਿਚ ਵੀਰ ਨੇ ਕਿਹਾ, ‘‘ਰੀਪੇ ਮੈਂ ਬਿਮਾਰ ਹੋ ਗਿਆਂ… ਬਿਮਾਰੀ ਮੈਨੂੰ ਸਮਝ ਨਹੀਂ ਸੀ ਆ ਰਹੀ। ਇਕ ਦਿਨ ਗੁਰਚਰਨ ਰਾਮਪੁਰੀ ਆਇਆ ਸੀ, ਉਹਨੇ ਦੱਸਿਆ ਕਿ ਮੈਂ ਸਾਈਕਾਟਰੀ ਹੋ ਗਿਆ ਹਾਂ…। ਦਿਮਾਗ਼ੀ ਬਿਮਾਰੀ ਦੱਸਦਾ ਸੀ ਉਹ। ਉਸਨੇ ਦੱਸਿਆ ਕਿ ਅੰਮ੍ਰਿਤਸਰ ਇੱਕ ਡਾਕਟਰ ਜਸਵੰਤ ਸਿੰਘ ਨੇਕੀ ਹੈ। ਬੜਾ ਵੱਡਾ ਡਾਕਟਰ ਹੈ… ਉਹ ਕਵੀ ਵੀ ਹੈ… ਤੇਰਾ ਬਹੁਤ ਠੀਕ ਢੰਗ ਤੇ ਅਪਣੱਤ ਨਾਲ ਇਲਾਜ ਕਰੇਗਾ… ਉਹਦੀ ਭੈਣ ਅੰਮ੍ਰਿਤ ਕੌਰ ਸੁਰਜਨ ਜ਼ੀਰਵੀ ਨੂੰ ਵਿਆਹੀ ਹੋਈ ਹੈ… ਮੈਂ ਹੁਣ ਰੀਪੇ ਉੱਥੇ ਜਾਵਾਂਗਾ… ਇਲਾਜ ਕਰਵਾਉਣ… ਡਾਕਟਰ ਨੇਕੀ ਕੋਲ…।’’
ਵੀਰ ਅੰਮ੍ਰਿਤਸਰ, ਵਿਜੈ ਹਸਪਤਾਲ ਦਾਖ਼ਲ ਹੋ ਗਿਆ। ਇਸ ਹਸਪਤਾਲ ਨੂੰ ਆਮ ਕਰਕੇ ਪਾਗਲਾਂ ਦਾ ਹਸਪਤਾਲ ਕਿਹਾ ਜਾਂਦਾ ਸੀ। ਮੈਂ ਅਤੇ ਜੀਜਾ ਕੁਲਵੰਤ ਉਸ ਨੂੰ ਮਿਲਣ ਗਏ। ਡਾਕਟਰ ਨੇਕੀ ਨੇ ਕਿਹਾ, ‘‘ਚੰਗਾ ਕੀਤਾ ਰੂਪ ਤੂੰ ਆ ਗਿਆ… ਹੁਣ ਧੀਰ ਦੀ ਬਿਮਾਰੀ ਦਵਾਈਆਂ ਤੇ ਟੀਕਿਆਂ ਨਾਲ ਐਥੇ ਪਹੁੰਚ ਗਈ ਸੀ ਜਿੱਥੇ ਮਰੀਜ਼ ਵਿਚ ਉਤੇਜਨਾ ਆ ਜਾਂਦੀ ਹੈ। ਬਿਮਾਰੀ ਇਕ ਵਾਰ ਭੜਕਦੀ ਹੈ… ਜੇ ਤੁਸੀਂ ਰਾਤ ਨਾ ਆਉਂਦੇ ਤਾਂ ਧੀਰ ਨੇ ਬਿਨਾਂ ਦੱਸੇ ਹਸਪਤਾਲ ਵਿਚੋਂ ਚਲੇ ਜਾਣਾ ਸੀ …ਹੋ ਸਕਦਾ ਸੀ ਕਿ ਰਸਤੇ ਵਿਚ ਪੈਂਦੇ ਦਰਿਆ ਬਿਆਸ ਜਾਂ ਸਤਲੁਜ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਂਦਾ… ਪਰ ਫ਼ਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ… ਧੀਰ ਰਾਜ਼ੀ ਹੋ ਕੇ ਜਾਵੇਗਾ…।’’ ਹੁਣ ਵੀਰ ਕੋਲ ਮੈਂ ਰਹਿੰਦਾ ਜਾਂ ਮੇਰਾ ਦੋਸਤ ਨਾਗਰ ਜਿਹੜਾ ਵੀਰ ਨੂੰ ਮੇਰੇ ਵਾਂਗ ਹੀ ਆਪਣਾ ਵੱਡਾ ਵੀਰ ਸਮਝਦਾ ਸੀ। ਵੀਰ ਰਾਜ਼ੀ ਹੋ ਕੇ ਆ ਗਿਆ। ਫਿਰ ਆਪਣੇ ਕੰਮ ਕਰਨ ਲੱਗਾ। ਡਾਕਟਰ ਨੇਕੀ ਰੋਹਤਕ ਬਦਲ ਕੇ ਆ ਗਏ। ਮੈਂ ਅਤੇ ਨਾਗਰ ਹੁਣ ਉਨ੍ਹਾਂ ਕੋਲ ਵਾਰੀ ਵਾਰੀ ਰੋਹਤਕ ਰਹਿੰਦੇ ਸਾਂ। ਛੁੱਟੀਆਂ ਲੈ ਕੇ।
ਅਸਲ ਵਿਚ ਵੀਰ ਦੀ ਇਸ ਬਿਮਾਰੀ ਦੀ ਜੜ੍ਹ 1957 ਵਿਚ ਲੱਗ ਚੁੱਕੀ ਸੀ। ਜਦੋਂ ਵੀਰ ਦੇ ਸ਼ਾਨਦਾਰ ਨਾਵਲ ‘ਯਾਦਗਾਰ’ ਦੀ ਨਾਇਕਾ ਕੰਵਲ 19 ਮਈ 1957 ਨੂੰ ਸਵਰਗਵਾਸ ਹੋਈ। ਫਿਰ ਇਲਾਜ ਹੋਣ ਮਗਰੋਂ ਅਤੇ ਮੇਰਾ ਵੀਰ ਨਾਲ ਹਰ ਦੁੱਖ ਸੁੱਖ ਵਿਚ ਖੜ੍ਹ ਜਾਣ ਨੇ ਉਸ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ। ਮੇਰੀ ਪਤਨੀ ਸਤਿਪਾਲ ਕੌਰ ਮੇਰਾ ਪੂਰਾ ਸਾਥ ਦਿੰਦੀ ਸੀ।
* * *
ਪਿੰਡ ਡਡਹੇੜੀ ਤੋਂ ਅਸੀਂ ਮੁਹਾਲੀ ਆਏ। ਵੀਰ ਨੇ ਪਹਿਲਾਂ ਸਾਡੀਆਂ ਦੋਵੇਂ ਪਤੀ ਪਤਨੀ ਦੀਆਂ ਮੁਹਾਲੀ ਬਦਲੀਆਂ ਕਰਵਾਈਆਂ 1977 ਵਿਚ। ਫਿਰ ਵੀਰ ਹੋਰੀਂ ਆਪ ਸਾਮਾਨ ਚੁੱਕ 5 ਮਈ 1981 ਮਾਰਕਸ ਦੇ ਜਨਮ ਦਿਨ ਵਾਲੇ ਦਿਨ ਮੁਹਾਲੀ ਆ ਗਏ।
ਵੱਡੇ ਜੁਆਈ ਬਲਜੀਤ ਪੰਨੂੰ ਦੀ 1980 ਵਿਚ ਸੜਕ ਹਾਦਸੇ ਵਿਚ ਮੌਤ ਹੋਈ। ਉਸ ਤੋਂ ਬਾਅਦ ਦੂਜਾ ਜੁਆਈ ਬੰਤ ਸਿੰਘ ਰਾਏਪੁਰੀ ਜੱਗਬਾਣੀ ਵਿਚ ਲੱਗਾ ਹੋਣ ਕਾਰਨ ਅਤਿਵਾਦੀਆਂ ਹੱਥੋਂ 4 ਮਈ 1988 ਨੂੰ ਕਤਲ ਹੋ ਗਿਆ। ਪਰ ਕਠਿਨਾਈਆਂ ਭਰਪੂਰ ਜ਼ਿੰਦਗੀ ਵਿਚ ਵੀਰ ਹੋਰੀਂ ਕਦੇ ਨਾ ਡੋਲੇ ਤੇ ਨਾ ਹੀ ਅਣਖ ਅਤੇ ਸੱਚ ਦਾ ਪੱਲਾ ਛੱਡਿਆ।
* * *
‘ਕੋਈ ਇਕ ਸਵਾਰ’ ਕਹਾਣੀ ਵੀਰ ਨੇ ਮੇਰੇ ਸਾਹਮਣੇ ਮੰਡੀ ਗੋਬਿੰਦਗੜ੍ਹ ਬੈਠ ਕੇ ਲਿਖੀ ਜਿੱਥੇ ਉਹ ਗਿਆਨੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਪਰ ਨਾ ਵੀਰ ਨੂੰ ਪਤਾ ਸੀ ਅਤੇ ਨਾ ਹੀ ਮੈਨੂੰ ਕਿ ਇਸ ਕਹਾਣੀ ਕਰਕੇ ਵੀਰ ਸੰਸਾਰ ਵਿਚ ਜਾਣਿਆ ਜਾਵੇਗਾ।
‘ਕੁਆਰੀ ਪ੍ਰੀਤ’ ਵੀਰ ਦੀ ਪਹਿਲੀ ਕਹਾਣੀ ਸੀ ਜਿਹੜੀ ਉਨ੍ਹਾਂ ਜੱਲ੍ਹੇ ਲਿਖੀ ਸੀ, ਜਿੱਥੇ ਉਹ ਅਫ਼ੀਮ ਦੇ ਠੇਕੇ ਉੱਤੇ ਬੈਠਿਆ ਕਰਦੇ ਸਨ। ਇਸ ਤੋਂ ਬਿਨਾਂ ‘ਮੇਰਾ ਉਜੜਿਆ ਗੁਆਂਢੀ’, ‘ਡੈਣ’, ‘ਸਵੇਰ ਹੋਣ ਤੱਕ’, ‘ਸਾਂਝੀ ਕੰਧ’, ‘ਮੰਗੋ’, ‘ਭੇਤ ਵਾਲੀ ਗੱਲ’, ‘ਲਾਲ ਕਿਤਾਬ’, ‘ਅਸਲੀ ਫਲਾਂ ਦੀ ਟੋਕਰੀ’, ‘ਪੱਖੀ’, ‘ਪੱਕਾ ਰਾਗ’ ਆਦਿ ਵੀ ਉਨ੍ਹਾਂ ਦੀਆਂ ਪ੍ਰਸਿੱਧ ਕਹਾਣੀਆਂ ਹਨ। ‘ਕੰਨ ਕੰਧਾਂ ਦੇ’, ‘ਨਿੱਕੀ ਸਲੇਟੀ ਸੜਕ ਦਾ ਟੋਟਾ’, ‘ਖੋ ਗਈ ਕਿਧਰੇ ਦਿਲ ਦੀ ਟੁਕੜੀ’, ‘ਹੁਣ ਇੱਕ ਭੇਜ ਕਟਾਰ’, ‘ਇਨਾਮ’, ‘ਹਾਜ਼ਰਾ ਬੇਗਮ’, ‘ਭਗਤ ਸਿੰਘ’, ‘ਟੀਟੂ’, ‘ਕਲਾ ਦਾ ਸੁਨੇਹਾ’, ‘ਕੂ ਕੂ’, ‘ਕਿੰਨਾ ਬਦਮਾਸ਼ ਹੈ ਔਰੰਗਜ਼ੇਬ’, ‘ਜਦੋਂ ਅਸੀਂ ਆਵਾਂਗੇ’, ‘ਮੈਂ ਮੁਖ਼ਬਰ ਨਹੀਂ ਹਾਂ’, ‘ਨਹੀਂ, ਮੈਂ ਰੋਵਾਂਗਾ ਨਹੀਂ’, ‘ਪੈਰ’, ‘ਮੈਂ ਹਾਂ ਬਾਰੂ ਤਾਂਗੇ ਵਾਲਾ’, ‘ਵਿਸ਼ਵੀਕਰਨ’ ਆਦਿ ਵੀਰ ਦੀਆਂ ਪ੍ਰਸਿੱਧ ਕਵਿਤਾਵਾਂ ਹਨ। ਨਾਵਲਾਂ ਵਿਚ ‘ਯਾਦਗਾਰ’, ‘ਨਵਾਂ ਜਨਮ’ ਨੇ ਆਪਣਾ ਸਥਾਨ ਬਣਾਇਆ ਹੈ। ‘ਹਿੰਦੋਸਤਾਨ ਹਮਾਰਾ’ ਵਿਚ ਨਿਆਂ ਪ੍ਰਬੰਧ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ‘ਨਵਾਂ ਜਨਮ’ ਮਨੋਵਿਗਿਆਨਕ ਮੱਸ ਵਾਲਾ ਅਹਿਮ ਪੰਜਾਬੀ ਨਾਵਲ ਹੈ।
ਹਾਲਾਂਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਵੀਰ ਨੂੰ ਸਿਰਮੌਰ ਸਾਹਿਤਕ ਸਨਮਾਨਾਂ ਨਾਲ ਨਿਵਾਜਿਆ, ਪਰ ਵੀਰ ਦਾ ਕਹਿਣਾ ਸੀ ਕਿ ਪਾਠਕਾਂ ਦੀ ਪ੍ਰਵਾਨਗੀ ਸਭ ਤੋਂ ਉਪਰ ਹੈ।
* * *
ਫਰਵਰੀ 2010 ਵਿਚ ਮੈਂ ਵੀਰ ਨੂੰ ਪੀ.ਜੀ.ਆਈ. ਵਿਚ ਵੈਂਟੀਲੇਟਰ ਉੱਤੇ ਔਖੇ ਔਖੇ ਸਾਹ ਲੈਂਦਿਆਂ ਮਸ਼ੀਨਾਂ ਵਿਚ ਜਕੜਿਆ ਦੇਖਿਆ। 8 ਫਰਵਰੀ 2010 ਨੂੰ ਸ਼ਾਮ ਸਵਾ ਪੰਜ ਵਜੇ ਵੀਰ ਨੂੰ ਮ੍ਰਿਤਕ ਐਲਾਨਿਆ ਗਿਆ ਤਾਂ ਮੈਂ ਬਿੰਦ ਦੀ ਬਿੰਦ ਭੁਚੱਕਾ ਰਹਿ ਗਿਆ। ਬਾਹਰ ਆ ਕੇ ਮੈਂ ਪੌੜੀਆਂ ਉੱਤੇ ਬੈਠ ਕੇ ਧਾਹੀਂ ਰੋ ਰਿਹਾ ਸੀ ਕਿ ਹੁਣ ਮੇਰਾ ਵੀਰ ਨਹੀਂ ਰਿਹਾ। ਮੈਂ ਹੁਣ ਵੀਰ ਵਿਹੂਣਾ ਹੋ ਗਿਆ ਹਾਂ। ਮੇਰਾ ਰੋਣ ਥੰਮਿਆ ਨਹੀਂ ਸੀ ਜਾਂਦਾ।
ਸਾਰੇ ਪਰਿਵਾਰ ਦੀ ਸਹਿਮਤੀ ਨਾਲ ਵੀਰ ਦੀ ਦੇਹ ਪੀ.ਜੀ.ਆਈ. ਨੂੰ ਖੋਜ ਕਾਰਜਾਂ ਹਿਤ ਦਾਨ ਕੀਤੀ ਗਈ। ਡਾਕਟਰਾਂ ਵੱਲੋਂ ਖ਼ਬਰਾਂ ਆਈਆਂ ਕਿ ਪ੍ਰਸਿੱਧ ਮਾਰਕਸੀ ਨੇਤਾ ਅਤੇ ਬੰਗਾਲ ਦੇ ਲੰਮਾ ਸਮਾਂ ਰਹੇ ਮੁੱਖ ਮੰਤਰੀ ਜਯੋਤੀ ਬਾਸੂ ਅਤੇ ਪੰਜਾਬੀ ਦੇ ਪ੍ਰਸਿੱਧ ਲੇਖਕ ਸੰਤੋਖ ਸਿੰਘ ਧੀਰ ਦੇ ਦਿਮਾਗ਼ ਦੀ ਖੋਜ ਅੰਤਰਰਾਸ਼ਟਰੀ ਪੱਧਰ ਦੇ ਡਾਕਟਰ ਚੀਨ ਵਿਚ ਕਰਨਗੇ।
14 ਫਰਵਰੀ 2010 ਨੂੰ ਬੜੇ ਵੱਡੇ ਪੰਡਾਲ ਵਿਚ ਵੀਰ ਹੋਰਾਂ ਦਾ ‘ਸਿਮਰਤੀ ਸਮਾਰੋਹ’ ਕੀਤਾ ਗਿਆ। ਲੇਖਕ, ਬੁੱਧੀਜੀਵੀ, ਪ੍ਰੋਫ਼ੈਸਰ, ਵਕੀਲ, ਸਿਆਸੀ ਪਾਰਟੀਆਂ ਦੇ ਆਗੂ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਕਿਸਾਨਾਂ ਮਜ਼ਦੂਰਾਂ, ਸਾਰੀਆਂ ਕਮਿਊਨਿਸਟ ਪਾਰਟੀਆਂ ਦੇ ਆਗੂ ਵਰਕਰ ਹੁੰਮਹੁੰਮਾ ਕੇ ਪਹੁੰਚੇ। ਧਾਰਮਿਕ ਜਥੇਬੰੰਦੀਆਂ ਨੇ ਸਮਾਗਮ ਵਿਚ ਆਪਣਾ ਯੋਗਦਾਨ ਪਾਇਆ। ਜਨਤਕ ਜਥੇਬੰਦੀਆਂ ਦੇ ਕਾਰਕੁਨ ਵਿਸ਼ੇਸ਼ ਤੌਰ ਉੱਤੇ ਲੋਕਾਂ ਦੇ ਇਨਕਲਾਬੀ ਲੇਖਕ ਸੰਤੋਖ ਸਿੰਘ ਧੀਰ ਦੇ ‘ਸਿਮਰਤੀ ਸਮਾਰੋਹ’ ਵਿਚ ਹੱਥਾਂ ਵਿਚ ਝੰਡੇ ਫੜਕੇ ਅਤੇ ‘‘ਸੰਤੋਖ ਸਿੰਘ ਧੀਰ ਅਮਰ ਰਹੇ’’ ਦੇ ਨਾਅਰੇ ਮਾਰਦੇ ਸ਼ਾਮਿਲ ਹੋਏ। ਪਹਿਲੀ ਮਈ ਨੂੰ ਪਲਸ ਮੰਚ ਵੱਲੋਂ ਭਾ’ਜੀ ਗੁਰਸ਼ਰਨ ਸਿੰਘ, ਜਸਪਾਲ ਜੱਸੀ, ਅਮਲੋਕ ਸਿੰਘ ਦੀ ਅਗਵਾਈ ਹੇਠ ਵੀਰ ਹੋਰਾਂ ਨੂੰ ਸਮਰਪਤ ਮਈ ਦਿਵਸ ਮਨਾਇਆ। ਉਨ੍ਹਾਂ ਦੀਆਂ ਕਵਿਤਾਵਾਂ ਦੇ ਨਾਟਕੀ ਰੁਪਾਂਤਰ ਪੇਸ਼ ਕੀਤੇ ਗਏ। ਕਵੀ ਦਰਬਾਰ ਕੀਤਾ। ਉਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ ‘ਬੋਲ ਰਿਹਾ ਪੈਗੰਬਰ’ ਨੂੰ ਹਜ਼ਾਰਾਂ ਲੋਕਾਂ ਦੀਆਂ ਤਾੜੀਆਂ ਦਰਮਿਆਨ ਰਿਲੀਜ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਦੇ ਵੀਰ ਜ਼ਿੰਦਗੀ ਭਰ ਲਈ ਫੈਲੋ ਸਨ, ਵੱਲੋਂ ‘ਸੰਤੋਖ ਸਿੰਘ ਧੀਰ ਸਿਮਰਤੀ ਗ੍ਰੰਥ’ ਪ੍ਰਕਾਸ਼ਿਤ ਕਰਕੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਦੀ ਸ਼ਿੱਦਤ ਨਾਲ ਪ੍ਰੋੜ੍ਹਤਾ ਕੀਤੀ ਗਈ।
ਵੀਰ ਤਾਂ ਇਸ ਸੰਸਾਰ ਤੋਂ ਚਲਾ ਗਿਆ। ਪਹਿਲੋਂ ਪਹਿਲ ਤਾਂ ਮੈਂ ਵੀਰ ਦੀਆਂ ਅੰਤਿਮ ਰਸਮਾਂ
ਵਿਚ ਰੁੱਝਿਆ ਰਿਹਾ, ਪਰ ਜਦੋਂ ਸਾਰੇ ਕੰਮਕਾਜ
ਤੋਂ ਵਿਹਲਾ ਹੋ ਕੇ ਘਰ ਬੈਠ ਗਿਆ ਤਾਂ ਜਿਵੇਂ ਚੌਵੀ ਘੰਟੇ ਵੀਰ ਮੇਰੇ ਨਾਲ ਵਿਚਰਦਾ ਹੋਵੇ। ਬੈਠਿਆਂ ਉੱਠਿਆਂ, ਸੌਂਦਿਆਂ, ਸੁਪਨਿਆਂ ਵਿਚ ਮੈਂ ਬਹੁਤ
ਬੇਚੈਨ ਹੋ ਗਿਆ। 28 ਮਾਰਚ 2010 ਨੂੰ ਮੈਂ ਇਕ ਕਵਿਤਾ ਲਿਖੀ। ‘ਫਿਕਰ ਨਾ ਕਰੀਂ ਵੀਰ’ ਜਿਸ
ਦੀਆਂ ਮੁੱਢਲੀਆਂ ਟੂਕਾਂ ਇੰਝ ਹਨ:
ਵੀਰ ਤੇਰੇ ਮਗਰੋਂ
ਤੇਰੀ ਉਂਗਲ ਖੜ੍ਹੀ ਰਹੇਗੀ
ਛਾਤੀ ਤਣੀ ਰਹੇਗੀ
ਉਵੇਂ, ਜਿਵੇਂ
ਛੱਖੜਾਂ ਝਾਂਜਿਆਂ ਵਿਚ
ਉਤਰਾਵਾਂ ਚੜ੍ਹਾਵਾਂ ਵਿਚ
ਦੁੱਖਾਂ ਤਕਲੀਫ਼ਾਂ ਵਿਚ
ਵਿਵਸਥਾ ਨਾਲ ਲੜਦਿਆਂ ਝਗੜਦਿਆਂ
ਤੇਰੀ ਛਾਤੀ ਤਣੀ ਰਹੀ ਸੀ
ਉਂਗਲ ਖੜ੍ਹੀ ਰਹੀ ਸੀ।
ਇਹ ਕਵਿਤਾ ਲਿਖਣ ਨਾਲ ਮੈਂ ਜਿਵੇਂ ਮੁੜ ਜੀਵਨ ਵਿਚ ਆ ਗਿਆ ਹੋਵਾਂ। ਮੈਨੂੰ ਲੱਗਣ ਲੱਗਿਆ ਕਿ ਮੈਂ ਹੁਣ ਵੀਰ ਦੇ ਕੰਮਾਂ ਨੂੰ ਅੱਗੇ ਤੋਰਨ ਜੋਗਾ ਹੋ ਜਾਵਾਂਗਾ। ਇਸ ਵਰ੍ਹੇ ਜੁਲਾਈ ਵਿਚ ਵੀਰ ਹੋਰਾਂ ਦੀਆਂ ਮੈਨੂੰ 1975 ਵਿਚ ਇੰਗਲੈਂਡ ਤੋਂ ਲਿਖੀਆਂ ਚਿੱਠੀਆਂ ਦਾ ਸੰਗ੍ਰਹਿ ‘ਜਿਵੇਂ ਰਾਮ ਨੂੰ ਲਛਮਣ ਸੀ’ ਲੋਕ ਅਰਪਣ ਕਰਕੇ ਮੈਂ ਵੀਰ ਨੂੰ ਸਾਹਿਤ ਜਗਤ ਵਿਚ ਸੁਰਜੀਤ ਹੋਇਆ ਮਹਿਸੂਸ ਕੀਤਾ।
ਸੰਪਰਕ: 98767-68960