ਵਿਸਰਨ-ਵਿਸਾਰਨ ਯੋਗ ਨਹੀਂ ਇਹ ਪੰਜਾਬੀ ਵਿਗਿਆਨੀ

ਵਿਸਰਨ-ਵਿਸਾਰਨ ਯੋਗ ਨਹੀਂ ਇਹ ਪੰਜਾਬੀ ਵਿਗਿਆਨੀ

ਡਾ. ਕੁਲਦੀਪ ਸਿੰਘ ਧੀਰ

ਅਦੁੱਤੀ ਸ਼ਖ਼ਸੀਅਤ

ਵਿਸਰਣ-ਵਿਸਾਰਣ ਯੋਗ ਤਾਂ ਬਿਲਕੁਲ ਨਹੀਂ ਸੀ ਉਹ ਕਿਸੇ ਵੱਲੋਂ ਵੀ। ਨਾ ਭਾਰਤ ਮਹਾਨ ਮੰਨਣ ਵਾਲਿਆਂ ਵੱਲੋਂ ਤੇ ਨਾ ਪੰਜਾਬੀਆਂ ਵੱਲੋਂ। ਉਂਜ ਦੋਵਾਂ ਨੇ ਉਸ ਨੂੰ ਲਗਪਗ ਭੁੱਲ-ਭੁਲਾਅ ਛੱਡਿਆ ਹੈ। ਦੋ ਕੁ ਸਾਲ ਪਹਿਲਾਂ ਲੁਧਿਆਣੇ ਉਸ ਦੇ ਨਾਂ ਵਾਲੇ ਸਤੀਸ਼ ਧਵਨ ਗੌਰਮੈਂਟ ਕਾਲਜ ਵਿਚ ਇਕ ਸਮਾਗਮ ਵਿਚ ਜਾਣ ਦਾ ਮੌਕਾ ਬਣਿਆ। ਯੂਥ ਫੈਸਟੀਵਲ ਕਾਰਨ ਖ਼ੂਬ ਸਜ-ਧਜ ਸੀ। ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤੇ ਇਲਾਕੇ ਦਾ ਵਿਧਾਇਕ ਵੀ ਹਾਜ਼ਰ ਸਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕਾਲਜ ਬੜੇ ਵੱਡੇ ਵਿਗਿਆਨੀ ਦੇ ਨਾਮ ਉੱਤੇ ਹੈ, ਕੀ ਤੁਸੀਂ ਦੱਸ ਸਦਕੇ ਹੋ ਕਿ ਸਤੀਸ਼ ਧਵਨ ਇਸ ਕਾਲਜ ਵਿਚ ਕਿਹੜੇ ਸਾਲ ਪੜ੍ਹਿਆ? ਕਿਸੇ ਕੋਲ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਸੀ। ਨਾ ਪ੍ਰਿੰਸੀਪਲ ਪਾਸ, ਨਾ ਅਲੂਮਨੀ ਐਸੋਸੀਏਸ਼ਨ ਦੇ ਇੰਚਾਰਜ ਪ੍ਰੋਫ਼ੈਸਰ ਪਾਸ ਤੇ ਨਾ ਕਾਲਜ ਦੇ ਪ੍ਰਬੰਧਕੀ ਅਮਲੇ ਪਾਸ। ਉਂਜ, ਸਮਾਰੋਹ ਵਿਚ ਭਾਸ਼ਣ ਕਰਨ ਵੇਲੇ ਸਾਰੇ ਕਹਿ ਰਹੇ ਸਨ ਕਿ ਇਸ ਕਾਲਜ ਵਿਚ ਸਤੀਸ਼ ਧਵਨ ਤੇ ਸਾਹਿਰ ਲੁਧਿਆਣਵੀ ਦੋਵੇਂ ਪੜ੍ਹਦੇ ਰਹੇ ਹਨ। ਸਾਹਿਰ ਦੇ ਕਾਲਜ ਤੋਂ ਕੱਢੇ ਜਾਣ ਦੇ ਕਿੱਸੇ ਕਾਰਨ ਸ਼ਾਇਦ ਉਸ ਬਾਰੇ ਕਾਲਜ ਵਾਲਿਆਂ ਨੂੰ ਅੰਦਾਜ਼ੇ ਨਾਲ ਸਾਲ ਦਾ ਪਤਾ ਸੀ। ਧਵਨ ਬਾਰੇ ਅਜਿਹਾ ਕੁਝ ਵੀ ਨਹੀਂ ਹੋਇਆ ਸੀ। ਉਹ ਤਾਂ ਚੁੱਪ-ਚਾਪ ਪੜ੍ਹ ਕੇ ਤੁਰ ਗਿਆ ਅਤੇ ਕਿਸੇ ਨੂੰ ਵੀ ਉਸ ਦਾ ਚੇਤਾ ਨਹੀਂ ਸੀ।

ਅੱਜ ਦੋ ਕੁ ਵਰ੍ਹਿਆਂ ਬਾਅਦ ਉਸ ਦੇ ਸੌ ਸਾਲਾ ਜਨਮ ਵਰ੍ਹੇ ਮੌਕੇ ਉਸ ਬਾਰੇ ਪੰਜਾਬੀਆਂ ਨਾਲ ਗੱਲ ਕਰਨ ਦਾ ਮਨ ਬਣਿਆ ਤਾਂ ਮੁੜ ਇਧਰ-ਉਧਰ ਫੋਨ ਘੁੰਮਾਏ। ਕਿਤਾਬਾਂ/ਇੰਟਰਨੈੱਟ/ਐਨਸਾਈਕਲੋਪੀਡੀਆ ਫਰੋਲੇ। ਸਤੀਸ਼ ਧਵਨ 25 ਸਤੰਬਰ 1920 ਨੂੰ ਸ੍ਰੀਨਗਰ ਵਿਚ ਨਾਨਕੇ ਘਰ ਜੰਮਿਆ। ਪੰਝੀ ਸਾਲ ਦੀ ਉਮਰ ਤੱਕ 1945 ਵਿਚ ਉਸ ਵੱਲੋਂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪੜ੍ਹਾਈ ਸਮਾਪਤ ਕਰਨ ਬਾਰੇ ਨਿਸ਼ਚਿਤ ਰੂਪ ਵਿਚ ਜਾਣਕਾਰੀ ਅਨੇਕਾਂ ਸ੍ਰੋਤਾਂ ਤੋਂ ਮਿਲਦੀ ਹੈ। ਇਹ ਵੀ ਪਤਾ ਲੱਗਦਾ ਹੈ ਕਿ ਉਸ ਦੇ ਪਿਤਾ ਜੱਜ ਸਨ। ਇਸ ਦੌਰਾਨ ਧਵਨ ਲੁਧਿਆਣੇ ਕਦੋਂ ਪੜ੍ਹਿਆ, ਇਸ ਬਾਰੇ ਵੱਖ-ਵੱਖ ਸ੍ਰੋਤਾਂ ਤੋਂ ਨਿਰਾਸ਼ ਹੋ ਕੇ ਮੈਂ ਅੰਤ ਆਪਣੇ ਤੋਂ ਨੌਂ ਸਾਲ ਵੱਡੇ ਲੁਧਿਆਣੇ ਦੇ ਡਾ. ਅਮਰਜੀਤ ਸਿੰਘ ਹੇਅਰ ਨਾਲ ਗੱਲ ਕੀਤੀ। ਉਸ ਨੇ ਲੁਧਿਆਣੇ ਦੇ ਗੌਰਮੈਂਟ ਕਾਲਜ ਤੋਂ 1945 ਵਿਚ ਬੀ.ਐੱਸਸੀ. ਕੀਤੀ ਸੀ। ਉਸ ਦੇ ਯਤਨਾਂ ਨਾਲ ਕੱਚੀ-ਪੱਕੀ ਜਿਹੀ ਇਹ ਜਾਣਕਾਰੀ ਮਿਲੀ ਕਿ ਧਵਨ ਦੇ ਪਿਤਾ ਦੀ ਬਦਲੀ ਲੁਧਿਆਣੇ ਹੋਈ ਸੀ ਤੇ ਧਵਨ ਊਸ ਨਾਲ ਹੀ ਲੁਧਿਆਣੇ ਆਇਆ। ਕਾਲਜ ਵਿਚ ਉਹ ਇੰਟਰਮੀਡੀਏਟ ਕਰਦਿਆਂ ਕੁਝ ਸਮੇਂ ਲਈ ਪੜ੍ਹਿਆ। ਇਹ ਸਮਾਂ 1937 ਦਾ ਬਣਦਾ ਹੈ। ਆਓ ਅਸਾਧਾਰਨ ਪ੍ਰਤਿਭਾ ਵਾਲੇ ਇਸ ਵਿਸ਼ਵ ਪ੍ਰਸਿੱਧ ਪੰਜਾਬੀ ਪੁਲਾੜ ਵਿਗਿਆਨੀ ਬਾਰੇ ਰਤਾ ਵਿਸਤਾਰ ਨਾਲ ਗੱਲ ਕਰੀਏ।

ਸਤੀਸ਼ ਦਾ ਪਿਤਾ ਦੇਵੀ ਦਿਆਲ ਜੱਜ ਸੀ ਜੋ ਬਾਅਦ ਵਿਚ ਲਾਹੌਰ ਹਾਈਕੋਰਟ ਦਾ ਜੱਜ ਅਤੇ ਦੇਸ਼ ਵੰਡ ਉਪਰੰਤ ਰੀ-ਸੈਟਲਮੈਂਟ ਕਮਿਸ਼ਨਰ ਬਣਿਆ। ਪਿਤਾ ਰਾਵਲਪਿੰਡੀ ਨੇੜੇ ਡੇਰਾ ਇਸਮਾਈਲ ਖ਼ਾਨ ਦੇ ਸਨ ਤੇ ਮਾਤਾ ਲੱਛਮੀ (ਲਕਸ਼ਮੀ) ਦੇ ਪੇਕੇ ਸ੍ਰੀਨਗਰ ਸਨ। ਇਹ ਪਰਿਵਾਰ ਵੀ ਪੰਜਾਬੀ ਸੀ, ਪਰ ਕਸ਼ਮੀਰ ਵਿਚ ਵਸਿਆ ਖੁਸ਼ਹਾਲ ਜੀਵਨ ਜਿਊਂ ਰਿਹਾ ਸੀ। ਸਤੀਸ਼ ਦਾ ਜਨਮ ਨਾਨਕੇ ਘਰ ਹੋਇਆ ਅਤੇ ਨਾਨਕੇ ਘਰ ਹੀ ਉਸ ਨੇ ਮੁੱਢਲੀ ਸਕੂਲੀ ਪੜ੍ਹਾਈ ਕੀਤੀ। ਉਸ ਦਾ ਪਿਤਾ ਕੁਝ ਦੇਰ ਲਈ ਕਸ਼ਮੀਰ ਦੇ ਮਹਾਰਾਜੇ ਕੋਲ ਮੁਲਾਜ਼ਮ ਵੀ ਰਿਹਾ। ਬਾਅਦ ਵਿਚ ਇਹ ਪਰਿਵਾਰ ਲਾਹੌਰ ਚਲਾ ਗਿਆ। ਉਸ ਨੇ ਸਕੂਲ ਅਤੇ ਕਾਲਜ ਦੀ ਬਹੁਤੀ ਪੜ੍ਹਾਈ ਲਾਹੌਰ ਰਹਿ ਕੇ ਕੀਤੀ। ਬੱਸ ਇੰਟਰ ਤੇ ਬੀ.ਐੱਸਸੀ. ਦਾ ਕੁਝ ਸਮਾਂ ਲੁਧਿਆਣੇ ਪੜ੍ਹਿਆ। ਯੂਨੀਵਰਸਿਟੀ ਤਾਂ ਇਕੋ ਸੀ ਦੋਹੀਂ ਥਾਵੀਂ। ਇਸੇ ਯੂਨੀਵਰਸਿਟੀ ਤੋਂ ਉਸ ਨੇ ਬੀ.ਏ. ਗਣਿਤ ਤੇ ਭੌਤਿਕ ਵਿਗਿਆਨ ਨਾਲ 1938 ਵਿਚ ਕੀਤੀ। ਉਦੋਂ ਵਿਗਿਆਨ ਦੀ ਗਰੈਜੂਏਸ਼ਨ ਲਈ ਵੀ ਬੀ.ਏ. ਦੀ ਡਿਗਰੀ ਮਿਲਦੀ ਸੀ, ਬੀ.ਐੱਸਸੀ. ਦੀ ਨਹੀਂ। ਸਤੀਸ਼ ਨੇ ਇਸ ਉਪਰੰਤ ਐਮ.ਏ. ਅੰਗਰੇਜ਼ੀ ਅਤੇ ਮਕੈਨੀਕਲ ਇੰਜਨੀਅਰਿੰਗ ਦੀ ਗਰੈਜੂਏਸ਼ਨ ਵੀ ਪੰਜਾਬ ਯੂੁਨੀਵਰਸਿਟੀ ਲਾਹੌਰ ਤੋਂ ਕੀਤੀ। ਸਾਹਿਤ ਦੀ ਐਮ.ਏ., ਇੰਜਨੀਅਰੀ, ਗਣਿਤ ਤੇ ਭੌਤਿਕ ਵਿਗਿਆਨ, ਹੈ ਨਾ ਅਜੀਬ ਸੁਮੇਲ? ਬੀ.ਐੱਸਸੀ. (ਬੀ.ਏ.) ਉਸ ਨੇ 1938 ਵਿਚ, ਐਮ.ੲੇ. ਅੰਗਰੇਜ਼ੀ 1941 ਵਿਚ ਅਤੇ ਬੀ.ਈ. (ਆਨਰਜ਼) ਮਕੈਨੀਕਲ 1945 ਵਿਚ। ਪੜ੍ਹਾਈ ਮੁਕਾ ਕੇ ਉਹ ਸਿੱਧਾ ਨਵੀਂ ਸਥਾਪਿਤ ਹੋਈ ਸੰਸਥਾ ਹਿੰਦੋਸਤਾਨ ਏਅਰੋਨੌਟਿਕਸ ਬੰਗਲੌਰ ਚਲਾ ਗਿਆ। ਇੱਥੇ ਉਸ ਨੇ ਸਾਲ ਕੁ ਕੰਮ ਕੀਤਾ। ਇੱਥੋਂ ਹੀ 1946 ਵਿਚ ਉਹ ਯੂਨੀਵਰਸਿਟੀ ਆਫ਼ ਮਿਨੀਸੋਟਾ ਚਲਾ ਗਿਆ। ਉਸ ਨੂੰ ਏਅਰੋਸਪੇਸ ਇੰਜਨੀਅਰਿੰਗ ਦੀ ਐਮ.ਐੱਸ. ਕਰਨ ਲਈ ਸਰਕਾਰੀ ਵਜ਼ੀਫ਼ਾ ਮਿਲ ਗਿਆ ਸੀ। ਮਿਨੀਸੋਟਾ ਤੋਂ ਇਹ ਡਿਗਰੀ ਲੈ ਕੇ ਵੀ ਉਹ ਟਿਕ ਕੇ ਨਾ ਬੈਠਾ। ਉਸ ਨੇ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਏਅਰੋਨੌਟਿਕਸ ਦੀ ਐਮ.ਐੱਸ. ਕੀਤੀ। ਦੂਹਰੀ ਐਮ.ਐੱਸ. ਕਰ ਕੇ ਵੀ ਸਬਰ ਨਾ ਆਇਆ। ਉਸ ਨੇ ਕਾਲਟੈਕ ਵਿਚ ਹੀ ਡਾਕਟਰੇਟ ਸ਼ੁਰੂ ਕਰ ਲਈ। ਹੈਂਸ ਡਬਲਿਯੂ ਲਾਈਪਮੈਨ ਦੀ ਦੇਖ ਰੇਖ ਵਿਚ ਉਸ ਨੇ ਡਾਕਟਰੇਟ ਦੀਆਂ ਦੋ ਡਿਗਰੀਆਂ ਲਈਆਂ। ਇਕ ਗਣਿਤ ਦੇ ਖੇਤਰ ਵਿਚ ਅਤੇ ਦੂਜੀ ਏਅਰੋਸਪੇਸ ਵਿਚ। 1951 ਵਿਚ ਦੂਹਰੀ ਐਮ.ਐੱਸ. ਤੇ ਦੂਹਰੀ ਡਾਕਟਰੇਟ ਕਰ ਕੇ ਉਹ ਬੜੇ ਆਰਾਮ ਨਾਲ ਅਮਰੀਕਾ ਦੀ ਕਿਸੇ ਵੱਡੀ ਯੂਨੀਵਰਸਿਟੀ ਵਿਚ ਪੜ੍ਹਾ ਸਕਦਾ ਸੀ। ਫੀਲਡ ਵਿਚ ਵਧੀਆ ਨੌਕਰੀ ਲੈ ਸਕਦਾ ਸੀ। ਉਸ ਨੇ ਆਪਣੀ ਲਿਆਕਤ, ਪ੍ਰਤਿਭਾ ਅਤੇ ਗਿਆਨ ਵਿਦੇਸ਼ ਦੀ ਸੇਵਾ ਵਿਚ ਲਾਉਣ ਦੀ ਥਾਂ ਆਪਣੇ ਨਵੇਂ-ਨਵੇਂ ਆਜ਼ਾਦ ਹੋਏ ਦੇਸ਼ ਦੇ ਵਿਕਾਸ ਲਈ ਵਰਤਣ ਦਾ ਫੈ਼ਸਲਾ ਕੀਤਾ ਜੋ ਉਦੋਂ ਵੀ ਕੋਈ ਵਿਰਲਾ ਹੀ ਕਰਦਾ ਸੀ ਅਤੇ ਹੁਣ ਵੀ।

... ਖ਼ੈਰ! ਸਤੀਸ਼ 1946 ਵਿਚ ਅਮਰੀਕਾ ਗਿਆ ਤਾਂ ਉਸ ਦੇ ਜਾਣ ਤੋਂ ਛੇਤੀ ਪਿੱਛੋਂ ਹੀ ਦੇਸ਼ ਆਜ਼ਾਦ ਹੋਇਆ। ਉਸ ਦੇ ਮਾਤਾ-ਪਿਤਾ ਨੂੰ ਲਾਹੌਰ ਛੱਡਣਾ ਪਿਆ। ਸਤੀਸ਼ ਧਵਨ ਨੇ 1951 ਵਿਚ ਭਾਰਤ ਪਰਤ ਕੇ ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਵਿਚ ਸੀਨੀਅਰ ਸਾਇੰਟਿਫਿਕ ਅਫ਼ਸਰ ਵਜੋਂ ਜਾਇਨ ਕਰ ਲਿਆ। ਉਸ ਨੇ ਆਉਂਦੇ ਸਾਰ ਆਪਣੇ ਤਕਨੀਕੀ ਗਿਆਨ ਨਾਲ ਏਅਰੋਨੌਟਿਕਸ ਤੇ ਏਅਰੋਸਪੇਸ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਨਵੇਂ ਉਪਕਰਨਾਂ ਤੇ ਖੋਜਾਂ ਨਾਲ ਬਦਲ ਕੇ ਇੰਸਟੀਚਿਊਟ ਦੇ ਇਸ ਵਿਭਾਗ ਵਿਚ ਆਪਣਾ ਪੈਰ ਧਰਿਆ। ਉਹ ਵਿਭਾਗ, ਜਿਸ ਵਿਚ ਉਹ ਰੈਗੂਲਰ ਲੈਕਚਰਰ ਵੀ ਨਹੀਂ ਸੀ, ਚਾਰ ਸਾਲ ਪਿੱਛੋਂ ਹੀ 1955 ਵਿਚ ਉਹ ਉਸ ਦਾ ਪ੍ਰੋਫ਼ੈਸਰ ਤੇ ਮੁਖੀ ਬਣ ਗਿਆ। ਦੇਸ਼ ਵਿਚ ਜਹਾਜ਼ਾਂ ਦੀ ਡਿਜ਼ਾਈਨਿੰਗ, ਟੈਸਟਿੰਗ ਤੇ ਨਿਰਮਾਣ ਦੀ ਉਸ ਦੀ ਸਿਧਾਂਤਕ ਤੇ ਵਿਹਾਰਕ ਸਮਝ ਨੇ ਉਸ ਨੂੰ ਏਅਰੋਨੌਟਿਕਸ ਵਿਭਾਗ ਦਾ ਮੁਖੀ ਹੋਣ ਦਾ ਮਾਣ ਬਖ਼ਸ਼ਿਆ। ਉਹ ਕਾਗਜ਼-ਪੈਨਸਿਲ, ਡਰਾਇੰਗ ਬੋਰਡ ਜਾਂ ਕਿਤਾਬੀ ਸਮੀਕਰਨਾਂ ਤੱਕ ਸੀਮਿਤ ਰਹਿਣ ਵਾਲਾ ਬੰਦਾ ਨਹੀਂ ਸੀ। ਕੰਮ ਤੋਂ ਭੱਜਦਾ ਨਹੀਂ ਸੀ। ਦੂਜੇ ਮਾਹਿਰਾਂ ਦਾ ਆਸਰਾ ਨਹੀਂ ਸੀ ਤੱਕਦਾ। ਇੰਸਟੀਿਚਊਟ ਤੋਂ ਬਾਹਰ ਦੇਸ਼-ਵਿਦੇਸ਼ ਵੱਲ ਨਹੀਂ ਸੀ ਝਾਕਦਾ। ਪੈਸੇ, ਉਪਕਰਨਾਂ, ਮਾਹਿਰਾਂ, ਸਹਾਇਕਾਂ ਦੀ ਅਣਹੋਂਦ ਦਾ ਰੋਣਾ ਨਹੀਂ ਸੀ ਰੋਂਦਾ। ਸਮੱਸਿਆ ਨੂੰ ਆਪੇ ਹੀ ਸਿਧਾਂਤਕ ਪੱਧਰ ਤੋਂ ਲੈ ਕੇ ਵਿਹਾਰਕ ਪੱਧਰ ਤੱਕ ਹੱਲ ਕਰਦਾ। ਲੋੜੀਂਦੇ ਕਾਰਜ ਲਈ ਪ੍ਰਾਪਤ ਉਪਕਰਨ ਵਰਤਣੇ, ਉਨ੍ਹਾਂ ਨੂੰ ਸੁਧਾਰਨਾ ਤੇ ਥੋੜ੍ਹੇ ਪੈਸੇ ਨਾਲ ਨਵੇਂ ਉਪਕਰਨ ਡਿਜ਼ਾਈਨ ਕਰਨੇ ਉਸ ਲਈ ਔਖੇ ਨਹੀਂ ਸਨ। ਦੇਸ਼ ਵਿਚ ਪਹਿਲੀ ਸੁਪਰ-ਸਾਨਿਕ ਵਿੰਡ ਟਨਲ ਉਸ ਨੇ ਹੀ ਸਥਾਪਿਤ ਕੀਤੀ। ਪੇਚਕਸ, ਹਥੌੜੀ, ਰੈਂਚ, ਸਪੈਨਰ ਜਿਹੇ ਨਿੱਕੇ ਟੂਲ ਉਹ ਹਮੇਸ਼ਾ ਆਪਣੇ ਦਰਾਜ਼ ਵਿਚ ਰੱਖਦਾ ਤੇ ਕਿੱਲ, ਪੇਚ, ਕਾਬਲੇ ਵੀ। ਲੋੜ ਪੈਣ ਉੱਤੇ ਉਹ ਨਿੱਕੇ-ਮੋਟੇ ਕੰਮ ਆਪੇ ਕਰਦਾ। ਕਿਸੇ ਵੀ ਸਹਾਇਕ ਨੂੰ ਨਾ ਬੁਲਾਉਂਦਾ। ਲੈਬਾਰਟਰੀ ਵਿਚ ਟੈਸਟ/ਤਜਰਬੇ ਕਰਦੇ ਸਮੇਂ ਵੀ ਉਹ ਫੁਰਤੀ ਨਾਲ ਛੋਟੇ-ਮੋਟੇ ਕੰਮ ਆਪੇ ਕਰਦਾ। ਜੂਨੀਅਰ ਤੇ ਹੋਰ ਸਾਥੀ ਵੇਖਦੇ ਰਹਿ ਜਾਂਦੇ। ਉਸ ਦੀ ਮੌਤ ਪਿੱਛੋਂ ਉਸ ਦੇ ਦਫ਼ਤਰ ਤੇ ਘਰ ਦੇ ਮੇਜ਼ਾਂ ਦੇ ਦਰਾਜ਼ਾਂ ਵਿਚੋਂ ਭਾਂਤ-ਭਾਂਤ ਦੇ ਟੂਲ ਉਸ ਦੀ ਧੀ ਜਯੋਤਸਨਾ ਨੇ ਆਪ ਕੱਢ ਕੇ ਸੰਭਾਲੇ ਹਨ। ਉਹ ਕਹਿੰਦੀ ਹੈ ਕਿ ਪਾਪਾ ਘਰ ਵਿਚ ਵੀ ਫਰਨੀਚਰ ਦੀ ਨਿੱਕੀ-ਮੋਟੀ ਮੁਰੰਮਤ ਆਪੇ ਕਰਦੇ ਸਨ। ਦੇਸ਼ ਵਿਚ ਭਾਂਤ-ਭਾਂਤ ਦੇ ਜਹਾਜ਼ਾਂ ਦੇ ਡਿਜ਼ਾਈਨ ਤੇ ਨਿਰਮਾਣ ਲਈ ਸਰਕਾਰੀ ਅਦਾਰੇ/ਇੰਜੀਨੀਅਰ/ਸੰਸਥਾਵਾਂ ਉਸ ਕੋਲ ਅਕਸਰ ਸਮੱਸਿਆਵਾਂ ਲੈ ਕੇ ਆਉਂਦੇ ਤੇ ਉਹ ਉਨ੍ਹਾਂ ਨੂੰ ਖਿੜੇ ਮੱਥੇ ਹੱਲ ਕਰਕੇ ਤੋਰਦਾ। ਕੰਮ ਕਰਕੇ ਉਹ ਖਿੱਝਦਾ ਜਾਂ ਥੱਕਦਾ ਨਹੀਂ ਸੀ, ਖ਼ੁਸ਼ ਹੁੰਦਾ ਸੀ। ਇਸੇ ਕਰਕੇ ਇੰਸਟੀਚਿਊਟ ਵਿਚ ਜੂਨੀਅਰਾਂ-ਸੀਨੀਅਰਾਂ, ਸਾਰਿਆਂ ਵਿਚ ਉਹ ਹਰਮਨ ਪਿਆਰਾ ਸੀ। ਹਰ ਜ਼ਿੰਮੇਵਾਰੀ ਨੂੰ ਸੰਭਾਲਣ ਲਈ, ਹਰ ਕਿਸੇ ਦੀ ਮਦਦ/ਮਾਰਗਦਰਸ਼ਨ ਲਈ ਤਿਆਰ। 1951 ਤੋਂ 1955 ਦੇ ਚਾਰ ਸਾਲਾਂ ਵਿਚ ਨਾਨ-ਟੀਚਿੰਗ ਸੀਨੀਅਰ ਸਾਇੰਟਿਫਿਕ ਅਫ਼ਸਰ ਤੋਂ ਏਅਰੋਨੌਟਿਕਸ ਵਿਭਾਗ ਦਾ ਪ੍ਰੋਫ਼ੈਸਰ ਮੁਖੀ ਉਹ ਐਵੇਂ ਨਹੀਂ ਸੀ ਬਣਾ ਦਿੱਤਾ ਗਿਆ। ਸੱਤ ਸਾਲ ਬਾਅਦ 1962 ਵਿਚ ਇੰਸਟੀਚਿਊਟ ਦੀ ਮੈਨੇਜਮੈਂਟ ਨੇ ਉਸ ਨੂੰ ਇੰਸਟੀਚਿਊਟ ਦਾ ਡਾਇਰੈਕਟਰ ਬਣਾ ਦਿੱਤਾ। ਇਸ ਕੁਰਸੀ ਉੱਤੇ ਸਭ ਤੋਂ ਵੱਧ ਲੰਬੇ ਸਮੇਂ ਲਈ ਧਵਨ ਹੀ ਬੈਠਾ। ਇਸ ਜ਼ਿੰਮੇਵਾਰੀ ਨੂੰ ਸਭ ਤੋਂ ਨਿੱਕੀ ਉਮਰੇ ਸੰਭਾਲਣ ਵਾਲਾ ਵੀ ਧਵਨ ਹੀ ਸੀ। ਇਸੇ ਦੌਰਾਨ 1971 ਵਿਚ ਉਹ ਕਾਲਟੈਕ (ਅਮਰੀਕਾ) ਵਿਚ ਇਕ ਸਾਲ ਲਈ ਵਿਜ਼ਿਟਿੰਗ ਪ੍ਰੋਫ਼ੈਸਰ ਵਜੋਂ ਗਿਆ ਹੋਇਆ ਸੀ ਕਿ ਉਸ ਨੂੰ ਭਾਰਤੀ ਸਫ਼ਾਰਤਖ਼ਾਨੇ ਵਾਲਿਆਂ ਨੇ ਸੁਨੇਹਾ ਦਿੱਤਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੇ ਹਨ। ਧਵਨ ਨੇ ਫੋਨ ਚੁੱਕਿਆ ਤਾਂ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਤੁਸੀਂ ਦੇਸ਼ ਪਰਤ ਕੇ ਦੇਸ਼ ਦੇ ਸਪੇਸ ਪ੍ਰੋਗਰਾਮ ਨੂੰ ਸੰਭਾਲੋ। ਹੋਇਆ ਇਹ ਸੀ ਕਿ 30 ਦਸੰਬਰ 1971 ਨੂੰ ਭਾਰਤੀ ਸਪੇਸ ਪ੍ਰੋਗਰਾਮ ਦੇ ਮੋਢੀ ਡਾ. ਵਿਕਰਮ ਸਾਰਾਭਾਈ ਦੀ ਅਚਾਨਕ ਮੌਤ ਹੋ ਗਈ ਸੀ। ਉਸ ਵੇਲੇ ਸਭ ਦੀਆਂ ਨਜ਼ਰਾਂ ਧਵਨ ਵੱਲ ਹੀ ਮੁੜੀਆਂ ਸਨ। ਉਸ ਦੀ ਜ਼ਹਾਨਤ, ਤਜਰਬੇ ਅਤੇ ਬਹੁਪੱਖੀ ਯੋਗਤਾ ਕਾਰਨ। ਧਵਨ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਇਸ ਪੇਸ਼ਕਸ਼ ਬਾਰੇ ਕੁਝ ਸ਼ਰਤਾਂ ਰੱਖੀਆਂ। ਪਹਿਲੀ- ਮੈਂ ਕਾਲਟੈਕ ਵਿਚ ਇਕ ਕੋਰਸ ਪੜ੍ਹਾ ਰਿਹਾ ਹਾਂ। ਇਸ ਨੂੰ ਅੱਧ-ਵਿਚਾਲੇ ਛੱਡ ਕੇ ਨਹੀਂ ਆ ਸਕਦਾ। ਕੋਰਸ ਮੁੱਕਣ ਉੱਤੇ ਹੀ ਦੇਸ਼ ਪਰਤਾਂਗਾ। ਦੂਜੀ- ਮੈਂ ਬੰਗਲੌਰ ਆਈ.ਆਈ.ਐੱਸ.ਸੀ. ਵਿਚ ਪ੍ਰੋਫ਼ੈਸਰ ਤੇ ਡਾਇਰੈਕਟਰ ਹਾਂ। ਮੈਂ ਖੋਜ ਤੇ ਅਧਿਆਪਨ ਨਹੀਂ ਛੱਡਣਾ ਚਾਹੁੰਦਾ। ਇਸ ਲਈ ਮੈਨੂੰ ਜੋ ਵੀ ਜ਼ਿੰਮੇਵਾਰੀ ਆਪ ਨੇ ਦੇਣੀ ਹੈ, ਉਹ ਅਡੀਸ਼ਨਲ ਹੀ ਸਮਝਾਂਗਾ। ਇਸ ਲਈ ਆਪ ਦੀ ਸਹਿਮਤੀ ਹੀ ਨਹੀਂ, ਮੇਰੇ ਇੰਸਟੀਚਿਊਟ ਦੀ ਮੈਨੇਜਮੈਂਟ/ਟਰੱਸਟੀਆਂ ਦੀ ਸਹਿਮਤੀ ਦੀ ਵੀ ਲੋੜ ਪਵੇਗੀ। ਤੀਜੀ- ਪ੍ਰੋਫ਼ੈਸਰ ਸਾਰਾਭਾਈ ਇਹ ਕਾਰਜ ਅਹਿਮਦਾਬਾਦ ਤੋਂ ਚਲਾਉਂਦੇ ਸਨ, ਪਰ ਮੈਂ ਆਪਣਾ ਸਾਰਾ ਕੰਮ ਬੰਗਲੌਰ ਰਹਿ ਕੇ ਹੀ ਕਰਨਾ ਚਾਹੁੰਦਾ ਹਾਂ। ਮੈਨੂੰ ਆਪਣਾ ਹੈੱਡਕੁਆਰਟਰ ਬੰਗਲੌਰ ਰੱਖਣ ਦੀ ਆਗਿਆ ਦਿੱਤੀ ਜਾਵੇ। ਚੌਥੀ- ਆਈ.ਆਈ.ਐੱਸ.ਆਰ. ਦਾ ਤਨਖ਼ਾਹਦਾਰ ਮੁਲਾਜ਼ਮ ਹੋਣ ਕਾਰਨ ਮੈਂ ਤਨਖ਼ਾਹ ਊੱਥੋਂ ਹੀ ਲਵਾਂਗਾ। ਅਡੀਸ਼ਨਲ ਜ਼ਿੰਮੇਵਾਰੀਆਂ ਲਈ ਸੰਕੇਤਕ ਰੂਪ ਵਿਚ ਕੇਵਲ ਇਕ ਰੁਪਈਆ ਮਹੀਨਾ ਹੀ ਲਵਾਂਗਾ। ਪ੍ਰਧਾਨ ਮੰਤਰੀ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ। ਜਨਵਰੀ 1972 ਤੋਂ ਸਤੰਬਰ 1972 ਤੱਕ, ਧਵਨ ਦੀ ਗ਼ੈਰਹਾਜ਼ਰੀ ਦੌਰਾਨ ਸਪੇਸ ਪ੍ਰੋਗਰਾਮ ਡਾ. ਐਮ.ਜੀ.ਕੇ. ਮੈਨਨ ਦੇ ਹਵਾਲੇ ਕੀਤਾ ਗਿਆ। ਸਤੰਬਰ ਵਿਚ ਦੇਸ਼ ਪਰਤਣ ’ਤੇ ਭਾਰਤੀ ਸਪੇਸ ਪ੍ਰੋਗਰਾਮਾਂ ਦਾ ਸੰਚਾਲਕ ਡਾ. ਧਵਨ ਨੂੰ ਬਣਾ ਦਿੱਤਾ ਗਿਆ।

ਤੈਅ ਸ਼ਰਤਾਂ ਅਨੁਸਾਰ ਇਸਰੋ ਜੋ 1969 ਵਿਚ ਡਿਪਾਰਟਮੈਂਟ ਆਫ਼ ਅਟੌਮਿਕ ਐਨਰਜੀ ਦੀ ਇਕ ਇਕਾਈ ਵਜੋਂ ਸ਼ੁਰੂ ਹੋਇਆ ਸੀ ਅਤੇ ਵਿਹਾਰਕ ਰੂਪ ਵਿਚ ਅਹਿਮਦਾਬਾਦ ਤੋਂ ਚੱਲ ਰਿਹਾ ਸੀ, ਪੂਰੀ ਤਰ੍ਹਾਂ ਬੰਗਲੌਰ ਵਿਚ ਲਿਆਂਦਾ ਗਿਆ। ਡਾ. ਸਾਰਾਭਾਈ ਦੀ ਮੌਤ ਦੇ ਚਾਰ ਮਹੀਨੇ ਪਿੱਛੋਂ ਡਾ. ਮੈਨਨ ਵੱਲੋਂ ਸਥਾਪਤ ਡਿਪਾਰਟਮੈਂਟ ਆਫ਼ ਸਪੇਸ ਦੀ ਸਕੱਤਰੀ ਵੀ ਡਾ. ਮੈਨਨ ਦੀ ਥਾਂ ਧਵਨ ਦੇ ਹਵਾਲੇ ਕੀਤੀ ਗਈ। ਡਾ. ਮੈਨਨ ਨੂੰ ਨਵਾਂ ਡਿਪਾਰਟਮੈਂਟ ਆਫ਼ ਇਲੈਕਟ੍ਰਾਨਿਕਸ ਥਾਪ ਕੇ ਉਸ ਦੀ ਸਕੱਤਰੀ ਦਿੱਤੀ ਗਈ। ਇੰਜ ਹੀ ਨਵਾਂ ਇਲੈਕਟ੍ਰਾਨਿਕਸ ਕਮਿਸ਼ਨ ਬਣਾ ਕੇ ਉਸ ਦੀ ਸਕੱਤਰੀ ਮੈਨਨ ਨੂੰ ਦੇ ਕੇ ਸਪੇਸ ਕਮਿਸ਼ਨ ਦੀ ਸਕੱਤਰੀ ਧਵਨ ਨੂੰ ਸੌਂਪੀ ਗਈ। ਇਸਰੋ ਦੀ ਚੇਅਰਮੈਨੀ ਵੀ ਮੈਨਨ ਦੀ ਥਾਂ ਧਵਨ ਨੂੰ ਦਿੱਤੀ ਗਈ। ਸਪਸ਼ਟ ਹੈ ਕਿ ਸਤੰਬਰ 1972 ਤੋਂ ਬਾਅਦ ਸਤੀਸ਼ ਧਵਨ ਬੰਗਲੌਰ ਦੇ ਦੇਸ਼ ਦੇ ਸਭ ਤੋਂ ਵੱਡੇ ਸਾਇੰਸ ਇੰਸਟੀਚਿਊਟ ਦਾ ਡਾਇਰੈਕਟਰ ਅਤੇ ਇਸਰੋ ਡਿਪਾਰਟਮੈਂਟ ਆਫ਼ ਸਪੇਸ/ਸਪੇਸ ਕਮਿਸ਼ਨ ਦਾ ਸਰਵੋ-ਸਰਵਾ ਬਣ ਗਿਆ। ਸਪੇਸ ਦੇ ਇਹ ਸਾਰੇ ਵੱਡੇ ਅਹੁਦੇ ਸਤੀਸ਼ ਧਵਨ ਨੇ 1984 ਤੱਕ ਸੰਭਾਲੇ। ਇਸ ਦੌਰਾਨ ਸਾਇੰਸ ਇੰਸਟੀਚਿਊਟ ਬੰਗਲੌਰ ਤੇ ਇਸਰੋ ਦਾ ਉਸ ਨੇ ਤੇਜ਼ੀ ਨਾਲ ਵਿਕਾਸ ਕੀਤਾ। ਨਵੇਂ ਵਿਭਾਗ, ਨਵੇਂ ਪ੍ਰਾਜੈਕਟ ਅਤੇ ਕੇਂਦਰ ਸਥਾਪਿਤ ਕੀਤੇ। ਦੇਸ਼-ਵਿਦੇਸ਼ ਤੋਂ ਪ੍ਰਤਿਭਾਵਾਨ ਵਿਗਿਆਨੀ, ਇੰਜਨੀਅਰ ਅਤੇ ਬਹੁ-ਅਨੁਸ਼ਾਸਨੀ ਯੋਗਤਾ ਵਾਲੇ ਨੌਜਵਾਨ ਲੱਭ ਕੇ ਦੋਵਾਂ ਥਾਵਾਂ ਉੱਤੇ ਵੱਡੀਆਂ ਪ੍ਰਾਪਤੀਆਂ ਕਰਨ ਦੀ ਸਮਰੱਥਾ ਪੈਦਾ ਕੀਤੀ। ਆਪਣੇ ਅਨੁਭਵ, ਮਿਸਾਲ ਤੇ ਸੰਪਰਕਾਂ ਨਾਲ ਇਨ੍ਹਾਂ ਲੋਕਾਂ ਨੂੰ ਨਵੀਆਂ ਵੰਗਾਰਾਂ ਦੇ ਮੁਕਾਬਲੇ ਲਈ ਤਿਆਰ ਕੀਤਾ। ਬੰਗਲੌਰ ਦਾ ਇੰਸਟੀਚਿਊਟ ਗਿਣਤੀ ਦੇ ਪੰਜ ਕੁ ਵਿਭਾਗ ਤੇ ਕੁਝ ਲੱਖ ਰੁਪਏ ਸਾਲਾਨਾ ਬਜਟ ਵਾਲੀ ਸਥਿਤੀ ਤੋਂ ਚੁੱਕ ਕੇ ਦਰਜਨਾਂ ਵਿਭਾਗਾਂ ਤੇ ਕਰੋੜਾਂ ਰੁਪਏ ਦੇ ਬਜਟ ਵਾਲਾ ਵਿਸ਼ਵ ਪ੍ਰਸਿੱਧ ਕੇਂਦਰ ਬਣਾ ਦਿੱਤਾ। ਇਸਰੋ ਤੇ ਇਸ ਦੇ ਸਪੇਸ ਕੇਂਦਰਾਂ ਨਾਲ ਰਾਕੇਟਾਂ ਤੇ ਸੈਟੇਲਾਈਟਾਂ ਦੀ ਲਾਂਚਿੰਗ ਦੇ ਪ੍ਰੋਗਰਾਮ ਉਲੀਕੇ। ਇਨ੍ਹਾਂ ਨੂੰ ਖੇਤੀ, ਦਿਹਾਤੀ ਸਿੱਖਿਆ, ਰਿਮੋਟ ਸੈਂਸਿੰਗ ਸੈਟੇਲਾਈਟ ਸੰਚਾਰ ਆਦਿ ਕੰਮਾਂ ਲਈ ਵਰਤਣ ਦੇ ਪ੍ਰੋਗਰਾਮ ਉਲੀਕੇ ਤੇ ਸਫ਼ਲਤਾ ਸਹਿਤ ਨੇਪਰੇ ਚੜ੍ਹਾਏ। 1975 ਵਿਚ ਦੇਸ਼ ਦਾ ਪਹਿਲਾ ਉਪਗ੍ਰਹਿ ਆਰੀਆ ਭੱਟ ਉਸੇ ਦੀ ਹਿੰਮਤ ਨਾਲ ਬਣਿਆ ਤੇ ਲਾਂਚ ਹੋਇਆ। ਸੈਟੇਲਾਈਟ ਇੰਸਟਰਕਸ਼ਨਲ ਟੈਲੀਵਿਜ਼ਨ ਐਕਸਪੈਰੀਮੈਂਟ (ਸਾਈਟ) ਨਾਲ ਦੇਸ਼ ਦੇ 2400 ਪਿੰਡਾਂ ਨੂੰ ਸਾਲ ਭਰ ਲਈ ਸਿੱਖਿਆਦਾਇਕ ਪ੍ਰੋਗਰਾਮ ਵਿਖਾਏ। ਸੈਟੇਲਾਈਟ ਟੈਲੀਕਮਿਊਨੀਕੇਸ਼ਨ ਐਕਸਪੈਰੀਮੈਂਟ ਪ੍ਰਾਜੈਕਟ, ਸਿੰਫਨੀ, ਭਾਸਕਰ, ਰੋਹਿਨੀ, ਰਿਮੋਟ ਸੈਂਸਿੰਗ ਸੈਟੇਲਾਈਟ, ਐਪਲ ਆਦਿ ਉਸੇ ਦੀਆਂ ਪ੍ਰਾਪਤੀਆਂ ਹਨ। ਇਨ੍ਹਾਂ ਦੀ ਸਿਖਰ ਬਹੁ-ਉਦੇਸ਼ੀ ਇਨਸੈੱਟ ਉਪਗ੍ਰਹਿਆਂ ਦੀ ਲੰਬੀ ਲੜੀ ਹੈ ਜਿਸ ਨਾਲ ਦੇਸ਼ ਵਿਚ ਸੰਚਾਰ ਕ੍ਰਾਂਤੀ ਆਈ। ਸਪੇਸ/ਉਪਗ੍ਰਹਿ ਭਾਂਤ-ਭਾਂਤ ਦੇ ਕੰਮਾਂ ਲਈ ਵਰਤੇ ਜਾਣ ਲੱਗੇ। ਚੰਦਰਯਾਨ, ਮੰਗਲਯਾਨ, ਗਗਨਯਾਨ ਦੇ ਸੁਪਨੇ ਲੈਣ ਦੀ ਯੋਗਤਾ ਇਸਰੋ ਨੂੰ ਸਤੀਸ਼ ਧਵਨ ਦੀ ਛਤਰ-ਛਾਇਆ ਹੇਠ ਹੀ ਮਿਲੀ। ਅੱਜ ਅਸੀਂ ਜੀ.ਐੱਸ.ਐਲ.ਵੀ., ਪੀ.ਐੱਸ.ਐਲ.ਵੀ. ਤੇ ਏ.ਐੱਸ.ਐਲ.ਵੀ. ਦੀਆਂ ਗੱਲਾਂ ਕਰਦੇ ਹਾਂ। ਇਨ੍ਹਾਂ ਦਾ ਆਰੰਭ ਜਿਸ ਐੱਸ.ਐਲ.ਵੀ. ਨਾਲ ਹੋਇਆ, ਉਹ ਧਵਨ ਨੇ ਹੀ ਬਣਵਾਇਆ ਤੇ ਪਰਖਿਆ। ਇਹ ਸਾਰੇ ਸੈਟੇਲਾਈਟ ਲਾਂਚ ਵਹੀਕਲ ਹਨ। ਐੱਸ.ਐਲ.ਵੀ. ਸਭ ਤੋਂ ਮੁੱਢਲਾ, ਆਗਮੈਂਟਡ ਸੈਟੇਲਾਈਟ ਲਾਂਚ ਵਹੀਕਲ ਉਸ ਤੋਂ ਵੱਡੀ ਸਮਰੱਥਾ ਵਾਲਾ, ਪੋਲਰ ਸੈਟੇਲਾਈਟ ਲਾਂਚ ਵਹੀਕਲ ਉਸ ਤੋਂ ਸ਼ਕਤੀਸ਼ਾਲੀ ਅਤੇ ਜੀਓ ਸਿੰਕਰੋਨਸ ਲਾਂਚ ਵਹੀਕਲ ਸਭ ਤੋਂ ਵੱਧ ਤਾਕਤ ਵਾਲਾ। ਸਾਡੇ ਪੁਲਾੜੀ ਮਿਸ਼ਨ ਅੱਜਕੱਲ੍ਹ ਇਨ੍ਹਾਂ ਦੀ ਵਰਤੋਂ ਨਾਲ ਹੀ ਨੇਪਰੇ ਚੜ੍ਹੇ ਹਨ ਅਤੇ ਅਗਾਂਹ ਵੀ ਇਹ ਹੀ ਇਨ੍ਹਾਂ ਕਾਰਜਾਂ ਲਈ ਵਰਤੇ ਜਾਣਗੇ। ਲਾਂਚ ਵਹੀਕਲ ਰਾਕੇਟ ਤੇ ਮਿਜ਼ਾਈਲਾਂ ਦੇ ਡਿਜ਼ਾਈਨ ਵਿਚ ਵਰਤੀ ਟੈਕਨਾਲੋਜੀ ਬਹੁਤ ਹੱਦ ਤੱਕ ਮਿਲਦੀ-ਜੁਲਦੀ ਹੈ। ਇਸੇ ਆਧਾਰ ’ਤੇ ਹੀ ਭਾਰਤ ਨੇ ਭਾਂਤ-ਭਾਂਤ ਦੀਆਂ ਮਿਜ਼ਾਈਲਾਂ ਬਣਾਈਆਂ। ਮਿਜ਼ਾਈਲ ਮੈਨ ਵਜੋਂ ਜਾਣੇ ਜਾਂਦੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਇਸ ਟੈਕਨਾਲੋਜੀ ਦੀ ਮੁਢਲੀ ਸਿੱਖਿਆ ਅਤੇ ਸਿਖਲਾਈ ਧਵਨ ਦੀ ਸ਼ਾਗਿਰਦੀ ਵਿਚ ਹੀ ਹਾਸਿਲ ਕੀਤੀ।

ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ ਕੋਲੋਂ ਪਦਮ ਵਿਭੂਸ਼ਣ ਲੈਂਦੇ ਹੋਏ ਸਤੀਸ਼ ਧਵਨ।

ਕਲਾਮ ਤੇ ਉਸ ਦੀ ਟੀਮ ਨੇ ਧਵਨ ਦੀ ਅਗਵਾਈ ਵਿਚ ਪਹਿਲਾ ਸੈਟੇਲਾਈਟ ਵਹੀਕਲ ਬਣਾ ਕੇ ਪਰਖਿਆ ਤਾਂ ਉਹ ਆਕਾਸ਼ ਵਿਚ ਨਿਸ਼ਚਿਤ ਮੰਜ਼ਿਲ/ਆਰਬਿਟ ਦੀ ਥਾਂ ਖਾੜੀ ਬੰਗਾਲ ਵਿਚ ਜਾ ਡਿੱਗਾ। ਇਹ 1979 ਦੀ ਗੱਲ ਹੈ। ਕਲਾਮ ਨੇ ਮੰਨਿਆ ਸੀ ਕਿ ਗ਼ਲਤੀ ਸਾਡੀ ਸੀ। ਅਸੀਂ ਵੇਖ ਲਿਆ ਸੀ ਕਿ ਵਹੀਕਲ ਵਿਚ ਫਿਊਲ ਲੀਕ ਕਰ ਗਿਆ ਹੈ, ਪਰ ਅਸੀਂ ਸੋਚਿਆ ਕਿ ਕੋਈ ਗੱਲ ਨਹੀਂ। ਇਸ ਵਿਚ ਇੰਨਾ ਕੁ ਫਿਊਲ ਬਾਕੀ ਹੋਵੇਗਾ ਕਿ ਇਹ ਮੰਜ਼ਿਲ ’ਤੇ ਪਹੁੰਚ ਜਾਵੇ। ਸਾਡਾ ਅੰਦਾਜ਼ਾ ਗ਼ਲਤ ਨਿਕਲਿਆ ਤੇ ਐੱਸ.ਐਲ.ਵੀ. ਫੇੇਲ੍ਹ ਹੋ ਗਿਆ। ਮੈਂ ਸਿਰ ਸੁੱਟ ਕੇ ਨਿਰਾਸ਼ ਆਪਣੇ ਕਮਰੇ ਵਿਚ ਬੈਠਾ ਸਾਂ। ਧਵਨ ਸਾਹਿਬ ਆਏ ਅਤੇ ਮੈਨੂੰ ਹੌਸਲਾ ਦਿੱਤਾ। ਸਾਨੂੰ ਨਾਲ ਬਿਠਾ ਕੇ ਉਨ੍ਹਾਂ ਪ੍ਰੈਸ ਕਾਨਫਰੰਸ ਕੀਤੀ। ਸਭ ਦੇ ਸਾਹਮਣੇ ਸਾਰੀ ਅਸਫ਼ਲਤਾ ਆਪਣੇ ਜ਼ਿੰਮੇ ਲੈਂਦਿਆਂ ਕਿਹਾ, ‘‘ਅਸੀਂ ਅਸਫ਼ਲ ਹੋਏ ਹਾਂ, ਪਰ ਮੈਨੂੰ ਇਸ ਟੀਮ ’ਤੇ ਵਿਸ਼ਵਾਸ ਹੈ। ਅਸੀਂ ਬਹੁਤ ਛੇਤੀ ਇਸ ਵਿਚ ਕਾਮਯਾਬ ਹੋਵਾਂਗੇ।’’ ਅਗਲੇ ਹੀ ਵਰ੍ਹੇ ਅਸੀਂ ਐੱਸ.ਐਲ.ਵੀ. ਦੀ ਲਾਂਚਿੰਗ ਨਾਲ ਰੋਹਿਨੀ ਉਪਗ੍ਰਹਿ ਸਫ਼ਲਤਾ ਸਹਿਤ ਨਿਸ਼ਚਿਤ ਆਰਬਿਟ ਵਿਚ ਪਾ ਦਿੱਤਾ। ਧਵਨ ਸਾਹਿਬ ਨੇ ਕਲਾਮ ਨੂੰ ਬੁਲਾ ਕੇ ਕਿਹਾ, ‘‘ਜਾਓ ਪ੍ਰੈਸ ਕਾਨਫਰੰਸ ਕਰੋ ਆਪਣੀ ਟੀਮ ਲੈ ਕੇ। ਦੱਸੋ ਸਭ ਨੂੰ ਤੁਸੀਂ ਕਾਮਯਾਬ ਹੋ।’’ ਉਹ ਆਪ ਪ੍ਰੈਸ ਕਾਨਫਰੰਸ ਵਿਚ ਨਹੀਂ ਗਏ। ਇਹ ਵਡਿਆਈ ਸੀ ਧਵਨ ਦੀ। ਅਸਫ਼ਲਤਾ ਦੀ ਜ਼ਿੰਮੇਵਾਰੀ ਲੈਣ ਉਹ ਆਪ ਅੱਗੇ ਹੋਏ। ਸਫ਼ਲਤਾ ਦਾ ਸਿਹਰਾ ਦੂਜਿਆਂ ਨੂੰ ਦਿੱਤਾ। ਕਲਾਮ ਹੋਰੀਂ ਇਸ ਘਟਨਾ ਚੱਕਰ ਦਾ ਉਲੇਖ ਆਪਣੇ ਭਾਸ਼ਣਾਂ ਤੇ ਲਿਖਤਾਂ ਵਿਚ ਅਕਸਰ ਕਰਦੇ ਰਹੇ ਹਨ। ਧਵਨ ਵੱਡੇ ਸੁਪਨਿਆਂ ਤੇ ਵੰਗਾਰਾਂ ਦੇ ਮੁਕਾਬਲੇ ਲਈ ਟੀਮ ਬਣਾਉਣੀ ਜਾਣਦਾ ਸੀ। ਉਸ ਕੋਲ ਸਭ ਦਾ ਸਹਿਯੋਗ ਲੈਣ ਤੇ ਅਗਵਾਈ ਦੇਣ ਦਾ ਹੁਨਰ ਸੀ। ਉਸ ਦੇ ਜੂਨੀਅਰ ਹੀ ਨਹੀਂ, ਸਾਥੀ ਵੀ ਉਸ ਦੀ ਹੀਰੋ ਵਾਂਗ ਪੂਜਾ ਕਰਦੇ ਹਨ। ਜਿਹੜਾ ਵੀ ਇਕ ਵਾਰ ਉਸ ਦੇ ਸੰਪਰਕ ਵਿਚ ਆਉਂਦਾ, ਉਸ ਦੀ ਸ਼ਖ਼ਸੀਅਤ, ਵਿਹਾਰ ਤੇ ਬੋਲ-ਬਾਣੀ ਨਾਲ ਮੋਹਿਆ ਜਾਂਦਾ। ਮੈਂ 1975 ਵਿਚ ਉਸ ਨੂੰ ਪਟਿਆਲੇ ਇਕ ਖੇਤੀ ਸਬੰਧੀ ਸਪੇਸ ਪ੍ਰਾਜੈਕਟ ਦੇ ਸਿਲਸਿਲੇ ਵਿਚ ਆਏ ਨੂੰ ਵੇਖਿਆ। ਡਾ. ਸੁਰਜੀਤ ਸਿੰਘ ਸੇਠੀ ਮੇਰੇ ਨਾਲ ਸੀ। ਕਹਿਣ ਲੱਗਾ: ਕਿੰਨਾ ਹੈਂਡਸਮ ਹੈ। ਜੇ ਇਹ ਸਪੇਸ ਸਾਇੰਟਿਸਟ ਨਾ ਹੁੰਦਾ ਤਾਂ ਫਿਲਮੀ ਹੀਰੋ ਹੁੰਦਾ। ਇਹੀ ਗੱਲ ਬੰਗਲੌਰ ਵਿਚ ਉਸ ਨੂੰ ਨੇੜਿਓਂ ਦੇਖਣ-ਜਾਣਨ ਵਾਲੇ ਮੇਰੇ ਜਮਾਤੀ ਕਰਨਾਟਕ ਦੇ ਸਾਬਕਾ ਚੀਫ਼ ਸੈਕਟਰੀ ਸਰਦਾਰ ਚਿਰੰਜੀਵ ਸਿੰਘ ਨੇ ਉਸ ਬਾਰੇ ਕਹੀ।

ਧਵਨ ਦਾ ਕਮਾਲ ਇਹ ਸੀ ਕਿ ਉਸ ਨੇ ਇਸਰੋ ਅਤੇ ਆਈ.ਆਈ.ਐੱਸ.ਸੀ. ਬੰਗਲੌਰ ਦੋਵਾਂ ਨੂੰ ਸਿਆਸੀ ਦਖ਼ਲ ਤੇ ਦਬਾਅ ਤੋਂ ਬਚਾਅ ਕੇ ਰੱਖਿਆ। ਇੰਦਰਾ ਗਾਂਧੀ ਤੋਂ ਵੀ ਤੇ ਮੋਰਾਰਜੀ ਦੇਸਾਈ ਤੋਂ ਵੀ। ਸਪੇਸ ਕਮਿਸ਼ਨ ਦੇ ਨਵੇਂ ਮੈਂਬਰ ਵੀ ਉਸ ਨੇ ਆਪ ਪ੍ਰਧਾਨ ਮੰਤਰੀ ਨੂੰ ਮਿਲ ਕੇ ਲਵਾਏ ਤਾਂ ਕਿ ਕਿਸੇ ਕੰਮ ਵਿਚ ਵਿਘਨ ਨਾ ਪਵੇ। ਉਹ 1984 ਵਿਚ ਇਸਰੋ ਛੱਡਣ ਪਿੱਛੋਂ ਬੰਗਲੌਰ ਸਥਿਤ ਨੈਸ਼ਨਲ ਏਅਰੋਨੌਟਿਕਸ ਲੈਬਾਰਟਰੀਜ਼ ਦਾ ਡਾਇਰੈਕਟਰ ਬਣਿਆ। ਇਹ ਜ਼ਿੰਮੇਵਾਰੀ ਉਸ ਨੇ 1993 ਤੱਕ ਨਿਭਾਈ। ਇਸ ਦੇ ਨਾਲ ਹੀ ਉਹ ਅੰਤਿਮ ਸਾਹ ਤੱਕ ਸਪੇਸ ਕਮਿਸ਼ਨ ਦਾ ਚੇਅਰਮੈਨ ਰਿਹਾ। 3 ਜਵਨਵਰੀ 2002 ਨੂੰ ਬੰਗਲੌਰ ਵਿਚ ਸਵਾਸ ਛੱਡਣ ਸਮੇਂ ਵੀ ਉਹ ਸਪੇਸ ਕਮਿਸ਼ਨ ਦਾ ਚੇਅਰਮੈਨ ਸੀ।

ਉਸ ਦੀ ਬੇਟੀ ਜਯੋਤਸਨਾ ਦੇਸ਼ ਦੀ ਮੰਨੀ-ਪ੍ਰਮੰਨੀ ਸਾਈਟੋਜੈਨੇਟਿਸਟ ਹੈ। ਮਾਲੀਕਿਊਲਰ ਸੈੱਲ ਬਾਇਓਲੋਜੀ ਵਿਚ ਉਸ ਦਾ ਵੱਡਾ ਨਾਮ ਹੈ। ਉਸ ਦੀ ਮਾਤਾ ਨਲਿਨੀ ਯਾਨੀ ਸਤੀਸ਼ ਧਵਨ ਦੀ ਪਤਨੀ ਵੀ ਸਾਈਟੋਜੈਨੇਟਿਸਟ ਸੀ। ਨਲਿਨੀ ਧਵਨ ਪੰਜਾਬੀ ਨਹੀਂ, ਕੋਂਕਣੀ ਪਰਿਵਾਰ ਦੀ ਸੀ। ਜਯੋਤਸਨਾ ਆਪਣੇ ਮਾਤਾ-ਪਿਤਾ ਦੀ ਸ਼ਾਦੀ ਦਾ ਕਿੱਸਾ ਸੁਣਾਉਂਦੀ ਹੋਈ ਦੱਸਦੀ ਹੈ ਕਿ ਪਾਪਾ ਉਦੋਂ ਬੰਗਲੌਰ ਦੇ ਇੰਸਟੀਚਿਊਟ ਵਿਚ ਨਵੇਂ ਮਾਅਰਕੇ ਮਾਰ ਰਹੇ ਸਨ। 1955 ਦੀ ਗੱਲ ਹੈ ਇਹ। ਦੇਸ਼-ਵਿਦੇਸ਼ ਵਿਚ ਉਨ੍ਹਾਂ ਦਾ ਨਾਮ ਬਣ ਰਿਹਾ ਸੀ। ਅਮਰੀਕਾ ਤੋਂ ਸਪੈਨ ਮੈਗਜ਼ੀਨ ਵੱਲੋਂ ਪਾਪਾ ਦੀ ਇੰਟਰਵਿਊ ਲੈਣ ਮੇਰੀ ਮਾਸੀ ਹੀਰਾ ਆਈ। ਇੰਟਰਵਿਊ ਉਪਰੰਤ ਉਹ ਇੰਸਟੀਚਿਊਟ ਵਿਚ ਆਪਣੇ ਨਾਲ ਆਈ ਆਪਣੀ ਭੈਣ ਨਲਿਨੀ ਨਾਲ ਜਾ ਰਹੀ ਸੀ ਕਿ ਪਾਪਾ ਉਨ੍ਹਾਂ ਨੂੰ ਸਾਹਮਣਿਓਂ ਆ ਟੱਕਰੇ। ਮਾਸੀ ਨੇ ਦੋਵਾਂ ਦੀ ਜਾਣ-ਪਛਾਣ ਕਰਵਾਈ। ਉਸ ਪਿੱਛੋਂ ਛੇਤੀ ਹੀ ਦੋਵੇਂ ਇਕ ਦੂਜੇ ਦੇ ਹੋ ਗਏ।

ਸਤੀਸ਼ ਧਵਨ ਵੱਡਾ ਵਿਗਿਆਨੀ ਹੀ ਨਹੀਂ, ਚੰਗਾ ਪਿਤਾ ਤੇ ਪਤੀ ਸੀ। ਤਿੰਨ ਬੱਚਿਆਂ ਦਾ ਪਿਤਾ। ਇੰਨਾ ਮਸਰੂਫ਼ ਹੋ ਕੇ ਵੀ ਪਰਿਵਾਰ ਨਾਲ ਢੇਰ ਸਮਾਂ ਬਿਤਾਉਂਦਾ। ਚਿੱਤਰਕਾਰੀ ਤੇ ਡਰਾਇੰਗ ਉਸ ਦੇ ਸ਼ੌਕ ਸਨ। ਉਹ ਆਪਣੇ ਕਰਮਚਾਰੀਆਂ ਤੇ ਸਾਥੀਆਂ ਪ੍ਰਤੀ ਨਰਮ ਤੇ ਦਿਆਲੂ ਸੀ। ਉਨ੍ਹਾਂ ਨੂੰ ਡਿਸਮਿਸ ਕਰਨ ਦੀਆਂ ਸਿਫ਼ਾਰਸ਼ਾਂ ਉਸ ਨੇ ਕਦੇ ਨਾ ਮੰਨੀਆਂ। ਇਸਰੋ ਦੇ ਪਦਮ ਭੂਸ਼ਣ ਜੇਤੂ ਵਿਗਿਆਨੀ ਨਾਂਬੀ ਨਾਰਾਇਣ ਉੱਤੇ ਜਾਸੂਸੀ ਦੇ ਕੇਸ ਸਮੇਂ ਉਸ ਨੇ ਹਰ ਪੱਧਰ ਉੱਤੇ ਉਸ ਦੇ ਹੱਕ ਵਿਚ ਪੱਤਰ ਲਿਖੇ ਤੇ ਬਿਆਨ ਦਿੱਤੇ। ਉਸ ਨੂੰ ਪ੍ਰਦੂਸ਼ਣ ਅਤੇ ਵਾਤਾਵਰਨ ਬਾਰੇ ਵੀ ਚਿੰਤਾ ਰਹਿੰਦੀ। ਸ੍ਰੀ ਹਰੀਕੋਟਾ ਰਾਕੇਟ ਲਾਂਚ ਸੈਂਟਰ ਤੇ ਹੋਰ ਸਪੇਸ ਸੈਂਟਰਾਂ ਲਈ ਉਹ ਬਹੁਤ ਸੁਚੇਤ ਹੋ ਕੇ ਆਪ ਅਗਵਾਈ ਕਰਦਾ ਤਾਂ ਕਿ ਰੁੱਖਾਂ/ਜੰਗਲਾਂ ਦਾ ਹਰ ਸੰਭਵ ਹੱਦ ਤੱਕ ਬਚਾਅ ਹੋਵੇ। ਅਜਿਹੇ ਪ੍ਰਾਜੈਕਟਾਂ ਵੇਲੇ ਬੇਘਰ ਹੋਏ ਯੇਨਾਦੀ ਕਬੀਲੇ ਦੇ ਪੁਨਰਵਾਸ ਲਈ ਉਸ ਨੇ ਵਿਸ਼ੇਸ਼ ਕਦਮ ਚੁੱਕੇ। ਵਾਤਾਵਰਨ ਲਈ ਲੜਨ ਵਾਲੀ ਮੇਧਾ ਪਾਟਕਰ ਦਾ ਵੀ ਉਸ ਨੇ ਡਟ ਕੇ ਸਮਰਥਨ ਕੀਤਾ।

ਦੇਸ਼ ਨੇ ਵੀ ਧਵਨ ਨੂੰ ਰੱਜ ਕੇ ਮਾਣ ਦਿੱਤਾ। 1971 ਵਿਚ ਉਸ ਨੂੰ ਪਦਮ ਭੂਸ਼ਣ ਤੇ 1981 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। 1976 ਵਿਚ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਲੁਧਿਆਣੇ ਦੇ ਸਰਕਾਰੀ ਕਾਲਜ ਦਾ ਨਾਮ ਉਸ ਨਾਲ ਜੋੜਿਆ। ਉਸ ਦੀ ਮੌਤ ਉਪਰੰਤ ਸ੍ਰੀ ਹਰੀਕੋਟਾ ਦੇ ਲਾਂਚ ਸੈਂਟਰ ਦਾ ਨਾਮ ਸਤੀਸ਼ ਧਵਨ ਲਾਂਚ ਸੈਂਟਰ ਕਰ ਦਿੱਤਾ ਗਿਆ। ਰੋਪੜ ਦੇ ਆਈ.ਆਈ.ਟੀ. ਦੇ ਮਕੈਨੀਕਲ ਬਲਾਕ ਦਾ ਨਾਮ ਵੀ ਸਤੀਸ਼ ਧਵਨ ਬਲਾਕ ਹੈ। ਧਵਨ ਇਨ੍ਹਾਂ ਸਭ ਸਨਮਾਨਾਂ ਤੋਂ ਕਿਤੇ ਵੱਡਾ ਸੀ ਤੇ ਰਹੇਗਾ।

ਸਤੀਸ਼ ਧਵਨ ਨੇ ਲੁਧਿਆਣੇ ਦੇ ਗੌਰਮੈਂਟ ਕਾਲਜ ਤੋਂ 1945 ਵਿਚ ਬੀ.ਐੱਸਸੀ. ਕੀਤੀ। ਦਰਅਸਲ, ਧਵਨ ਦੇ ਪਿਤਾ ਦੀ ਬਦਲੀ ਲੁਧਿਆਣੇ ਹੋਈ ਸੀ ਤੇ ਧਵਨ ਊਸ ਨਾਲ ਹੀ ਲੁਧਿਆਣੇ ਆਇਆ। ਕਾਲਜ ਵਿਚ ਉਹ ਇੰਟਰਮੀਡੀਏਟ ਕਰਦਿਆਂ ਕੁਝ ਸਮੇਂ ਲਈ ਪੜ੍ਹਿਆ। ਇਹ ਸਮਾਂ 1937 ਦਾ ਬਣਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All