ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਐੱਸ ਪੀ ਸਿੰਘ*

ਐੱਸ ਪੀ ਸਿੰਘ*

ਘੰਟਿਆਂ-ਬੱਧੀ, ਰਾਤ ਦਿਨ ਮੁਹਾਜ਼ ’ਤੇ ਡਟੇ ਕਿਸਾਨਾਂ ਮਜ਼ਦੂਰਾਂ ਨੂੰ ਵੇਖ ਅਤੇ ਟੀਵੀ ਦੀਆਂ ਗਰਮਾ-ਗਰਮ ਬਹਿਸਾਂ ਜਾਂ ਅਖ਼ਬਾਰਾਂ ਵਿੱਚ ਦਾਨਿਸ਼ ਤਬਸਰੇ ਪੜ੍ਹ ਕਿਸੇ ਨੂੰ ਓਪਰੀ ਨਜ਼ਰੇ ਇਹ ਭਾਸ ਸਕਦਾ ਹੈ ਕਿ ਫ਼ਸਲਾਂ ਦੇ ਵਾਜਬ ਭਾਅ, ਘੱਟੋ-ਘੱਟ ਖ਼ਰੀਦ ਮੁੱਲ ਬਾਰੇ ਕਿਸੇ ਕਾਨੂੰਨੀ ਚਾਰਾਗੋਈ ਨੂੰ ਲੈ ਕੇ ਜਾਂ ਖੇਤੀ-ਸਬੰਧਿਤ ਹਾਲੀਆ ਕੇਂਦਰੀ ਬਿਲਾਂ ਤੋਂ ਖ਼ੌਫਜ਼ਦਾ ਹੋ ਕੇ ਇਸ ਕਿੱਤੇ ਨਾਲ ਜੁੜੇ ਲੋਕ ਸੜਕਾਂ ’ਤੇ ਨਿਕਲ ਪਏ ਹਨ, ਦਿੱਲੀ ਦਰਬਾਰ ਸਾਹਵੇਂ ਅਹਿਤਜਾਜ ਕਰਨਾ ਲੋਚ ਰਹੇ ਹਨ, ਪਰ ਇਹ ਸਮਝ ਨਾ ਕੇਵਲ ਮਹਿਦੂਦ ਬਲਕਿ ਕਿਸਾਨ-ਮਜ਼ਦੂਰ ਘੋਲ ਦੀ ਮਸਨੂਈ ਰੂਪਕਾਰੀ ਹੋਵੇਗੀ। ਮਸਲਾ ਕੇਂਦਰ ਦੇ ਖੇਤੀ ਕਾਨੂੰਨਾਂ ਤੋਂ ਕਿਤੇ ਵਡੇਰਾ ਹੈ।

ਠਾਠਾਂ ਮਾਰਦਾ ਜੋਸ਼, ਖਾਈਆਂ ਪੂਰਦਾ ਹਜੂਮ, ਰੋਕਾਂ ਪੁੱਟ ਦਰਿਆ ਵਿੱਚ ਸੁੱਟਦਾ ਕਾਫ਼ਲਾ ਅਤੇ ਪੱਥਰਾਂ ਨੂੰ ਸੰਗਲ਼ ਮਾਰ ਬੁੜ੍ਹਕਾਉਂਦੀ ਅਤੇ ਟਰੈਕਟਰਾਂ-ਟਰਾਲੀਆਂ ਅਤੇ ਧਰਮੀ ਰੋਹ ਦੇ ਬੁੱਲ੍ਹਿਆਂ ’ਤੇ ਸਵਾਰ ਖਲਕਤ ਪਾਣੀ ਦੀਆਂ ਤੋਪਾਂ ਤੇ ਜ਼ਹਿਰੀਲੀਆਂ ਗੈਸਾਂ ਦੀਆਂ ਹਨ੍ਹੇਰੀਆਂ ਦੀ ਹਿੱਕ ਚੀਰ ਇਸ ਲਈ ਅੱਗੇ ਨਹੀਂ ਵਧਦੀ ਕਿ ਕਿਸੇ ਨੇ ਉਹਦਾ ਖੀਸਾ ਕੱਟ ਲਿਆ ਹੈ। ਚੌਂਹ ਛਿੱਲੜਾਂ ਦੇ ਘਾਟੇ ਕਦੀ ਸੰਗਤ ਵਿਚ ਇਨ੍ਹਾਂ ਨੂਰ ਨਹੀਂ ਭਰ ਸਕਦੇ ਕਿ ਉਹ ਹਾਕਮ ਦਾ ਗਰੂਰ ਭੰਨਣ ਤੁਰ ਪਵੇ, ਦਿੱਲੀ ਨੂੰ ਇਉਂ ਵੰਗਾਰੇ। ਇਹ ਸਭ ਤਾਂ ਵਕਤੀ ਕਾਰਨ ਹਨ, ਰੱਬੀਂ ਬਣੇ ਬਹਾਨੇ ਹਨ। ਦਰਅਸਲ ਇਸ ਹਾਲੀਆ ਘਟਨਾਕ੍ਰਮ ਪਿੱਛੇ ਬਹੁਤ ਸਾਰੇ ਵਰਤਾਰੇ ਪਏ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੈ।

ਇੱਕ ਲੰਬੇ ਸਮੇਂ ਤੋਂ ਹਾਕਮ ਨੇ ਗ਼ਰੂਰ ਨਾਲ ਪੀਡਾ ਰਿਸ਼ਤਾ ਰਚ ਰੱਖਿਆ ਸੀ। ਕਿਹੜਾ ਕੀ ਖਾਵੇ, ਕਿਸ ਨਾਲ ਵਿਆਹ ਕਰਾਵੇ, ਕਿਹੜਾ ਧਰਮ ਅਪਣਾਵੇ, ਸਭ ਹਾਕਮ ਹੀ ਤੈਅ ਕਰ ਰਿਹਾ ਸੀ। ਤੁਹਾਡੀਆਂ ਗਲੀਆਂ, ਬਾਜ਼ਾਰਾਂ, ਚੌਕਾਂ, ਸ਼ਹਿਰਾਂ, ਰੇਲਵੇ ’ਟੇਸ਼ਨਾਂ, ਹਵਾਈ ਅੱਡਿਆਂ ਦੇ ਨਾਮ ਕਿਸ ਨੂੰ ਮਨਸੂਖ ਹੋਣਗੇ, ਇਹ ਇਲਾਹੀ ਫੁਰਮਾਨ ਉਹਦੇ ਢੋਲੀ ਦੱਸਦੇ ਸਨ। ਕੁਸਕਣ ਵਾਲਿਆਂ ਦੀ ਸਰੇਰਾਹ ਦੁਰਗਤ ਦੀਆਂ ਫ਼ਿਲਮਾਂ ਵਾਇਰਲ ਹੁੰਦੀਆਂ ਤਾਂ ਇਨਸਾਫ਼ ਦੀ ਚੱਕੀ ਦੇ ਪੁੜ ਜੰਮ ਜਾਂਦੇ ਪਰ ਹਾਕਮਾਂ ਦੇ ਜ਼ੁਲਮ ਦਾ ਪਰਚਮ ਹੋਰ ਬੁਲੰਦ ਹੁੰਦਾ।

ਲੰਬੇ ਸਮੇਂ ਤੋਂ ਭੈਅ ਅਤੇ ਸਹਿਮ ਦੀ ਜ਼ਮੀਨ ਤਿਆਰ ਕੀਤੀ ਜਾ ਰਹੀ ਸੀ, ਚੁੱਪ ਦੀ ਭਗਵੀ ਚਾਦਰ ਵਿਛਾਈ ਜਾ ਰਹੀ ਸੀ। ਹਾਕਮ ਦੇ ਮੁਖ਼ਾਲਿਫ਼ਾਂ ਉਤੇ ਦੇਸ਼ਧ੍ਰੋਹੀ ਦਾ ਗਿਲਾਫ਼ ਚੜ੍ਹਾਉਣ ਦੀ ਰੀਤ ਤੁਰ ਪਈ ਸੀ। ਸਰਮੁ ਧਰਮੁ ਦੁਇ ਛਪਿ ਖਲੋਏ ਤਾਂ ਹਾਕਮ ਨੇ ਡਰ ਨੂੰ ਆਪਣਾ ਹਥਿਆਰ ਬਣਾ ਲਿਆ। ਮੁਲਕ ਨੂੰ ਕੰਨੋ ਕੰਨ ਖ਼ਬਰ ਹੋ ਗਈ ਕਿ ਇਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ।

ਫਿਰ ਅਜਬ ਇੱਕ ਭਾਣਾ ਵਾਪਰਿਆ। ਜ਼ਹਿਰ ਦੀ ਖੇਤੀ ਕਰਨ ਵਾਲਿਆਂ ਅੰਨ ਦੀ ਖੇਤੀ ਕਰਨ ਵਾਲਿਆਂ ਦੇ ਹੱਕ ਨੂੰ ਹੱਥ ਪਾ ਲਿਆ। ਭਾਣੇ ਵਿੱਚ ਰਹਿਣ ਵਾਲਿਆਂ ਦੀ ਫ਼ਿਤਰਤ ਨੂੰ ਕਮਜ਼ੋਰੀ ਸਮਝ ਹਾਕਮ ਨੇ ਨਾਕੱਸ ਕਾਨੂੰਨਾਂ ਦੇ ਰੱਸੇ ਨਾਲ ਨੂੜ੍ਹਨ ਦਾ ਟੋਟਕਾ ਵਰਤਿਆ। ਅਖੇ ਦਿੱਲੀ ਆ ਜਾ, ਤੈਨੂੰ ਸਮਝਾਵਾਂਗੇ ਤੇਰਾ ਕਿੰਨਾ ਭਲਾ ਕੀਤਾ ਹੈ। ਦਿੱਲੀ ’ਚ ਸਮਝਾਉਣ ਦੀ ਸ਼ਕਤੀ ਜੋ ਬੜੀ ਏ; ਪਰ ਸਾਲ ਕਸ਼ਮੀਰ ਨੂੰ ਵੀ ਸਮਝਾ ਵੰਞਿਆ ਸੀ। ਸੋਚਿਆ ਹੋਣੈ ਕਿ ਦਰਬਾਰ ਤੱਕ ਆਉਂਦਿਆਂ ਸਭਨਾਂ ਦੀਆਂ ਜੁੱਤੀਆਂ ਤੇ ਗਰੂਰ ਘੱਸ ਜਾਂਦਾ ਏ, ਇਹਨਾਂ ਨੂੰ ਵੀ ਪਲੋਸ ਲਵਾਂਗੇ।

ਪਰ ਖ਼ਲਕਤ ਖੀਸਾ ਕੱਟਣ ਦੀ ਸ਼ਿਕਾਇਤ ਲੈ ਕੇ ਦਿੱਲੀ ਨੂੰ ਕੂਚ ਨਹੀਂ ਸੀ ਕਰ ਰਹੀ, ਉਹ ਤਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਦੀ ਆਵਾਜ਼ ਅਤੇ ਅਹਿਸਾਸ ਉਤੇ ਮਾਰੇ ਹਕੂਮਤੀ ਆਕੜ ਦੇ ਬੰਨ੍ਹ ਭੰਨਣ ਉੱਤੇ ਉਤਰ ਆਈ ਸੀ। ਚਿਰ ਬਾਅਦ ਦੇਸ਼ ਨੇ ਦੇਖਿਆ ਕਿ ਗ਼ਰੂਰ ਤੋੜਿਆ ਜਾ ਸਕਦਾ ਹੈ, ਚੜ੍ਹ ਕੇ ਪਾਣੀ ਵਾਲੀ ਤੋਪ ਉੱਤੇ ਜ਼ੁਲਮ ਦਾ ਨੱਕਾ ਮੋੜਿਆ ਜਾ ਸਕਦਾ ਹੈ।

ਪੰਜਾਬ ਅਤੇ ਹਰਿਆਣਾ ਨੇ ਨਵੀਆਂ ਸਾਂਝਾਂ ਪਾਈਆਂ ਨੇ, ਪੁਰਾਣੀਆਂ ਲੱਭੀਆਂ ਨੇ। ਸ਼ਰੀਕੇ ਦੀ ਥਾਂ ਇਨਸਾਫ਼ ਦੀ ਲੜਾਈ ਵਿੱਚ ਮੁਸ਼ਤਰਕਾ ਸ਼ਰੀਕ ਹੋਏ ਨੇ। ਇਹਨਾਂ ਰੂਹਦਾਰੀਆਂ ਨੇ ਮੁਖ਼ਾਲਫ਼ਤ ਦੀ ਵਿਆਕਰਣ ਬਦਲ ਕੇ ਰੱਖ ਦਿੱਤੀ ਹੈ। ਹਾਕਮ ਖ਼ਿਲਾਫ਼ ਨਾਅਰਾ ਮਾਰਨ ਤੋਂ ਪਹਿਲਾਂ ਫਲਾਣੇ ਤੋਂ ਇਜਾਜ਼ਤ ਲਵੋ, ਧਰਨੇ ਵਾਲੀ ਦਰੀ ਫਲਾਣੇ ਸ਼ਮਸ਼ਾਨਘਾਟ ਕੋਲ ਵਿਛਾਓ, ਅੱਜ ਕਰੋਨਾ ਨੂੰ ਬੁਲਾਇਆ ਹੈ, ਤੁਸੀਂ ਕੱਲ ਨੂੰ ਆਓ - ਇਸ ਪਾਖੰਡਬਾਜ਼ੀ ਨੂੰ ਬੰਨ੍ਹ ਮਾਰ ਦਿੱਤਾ ਹੈ।

ਲੜਾਈ ਖੇਤੀ ਕਾਨੂੰਨਾਂ ਤੋਂ ਬਹੁਤ ਵਡੇਰੀ ਹੈ। ਇਹ ਦੇਸ਼ ਵਿਚ ਨਿਆਂ-ਫਰਹਾਮੀ ਅਤੇ ਵਿਕਾਸ ਬਾਰੇ ਸਮਝਸਾਜ਼ੀ ਅਤੇ ਸਮਝ-ਤਰਾਸ਼ੀ ਦੀ ਲੜਾਈ ਹੈ। ਅਸੀਂ ਮਸ਼ੀਨੀ ਤੇਜ਼ੀ ਨਾਲ ਨਵੀਆਂ ਗ਼ੈਰ-ਬਰਾਬਰੀਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਾਂ। ਇਕ ਪਾਸੇ ਸੱਤਾ ਅਤੇ ਸੰਪਤੀ ਦਾ ਲਗਾਤਾਰ ਕੇਂਦਰੀਕਰਨ ਅਤੇ ਦੂਜੇ ਪਾਸੇ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਨਿਆਂ ਤੋਂ ਅਵਾਜ਼ਾਰ ਨਾਗਰਿਕ - ਸਾਡੀ ਰਾਜਨੀਤਕ ਜ਼ਮੀਨ ਵਿਚਲਾ ਹਰ ਘੋਲ ਹੁਣ ਗ਼ੈਰ-ਬਰਾਬਰੀ ਦੀ ਪਰਿਭਾਸ਼ਾ ਹੈ। ਦਿੱਲੀ ਦੇ ਬਾਰਡਰ ’ਤੇ ਅੱਜ ਨਾਬਰਾਬਰੀਆਂ ਖ਼ਿਲਾਫ਼ ਐਲਾਨ-ਏ-ਜੰਗ ਦੇ ਬਿਗਲ ਵੱਜ ਰਹੇ ਹਨ। ਇਹ ਖੀਸੇ ਦੇ ਚੌਂਹ ਛਿੱਲੜਾਂ ਦੇ ਨਹੀਂ, ਨਾਗਰਿਕਾਂ ਦੀ ਹੋਂਦ ਦੇ ਸਵਾਲ ਹਨ।

ਸੱਠਵਿਆਂ ਦੇ ਕਿਸੇ ਸਬਜ਼ ਇਨਕਲਾਬ ਨੇ ਇਸੇ ਸੁਰਖ ਮੁਹਾਜ਼ ’ਤੇ ਲਿਆ ਘੱਤਣਾ ਸੀ। ਇਨ੍ਹਾਂ ਬੀਤੇ ਸਾਲਾਂ ਵਿੱਚ ਸਾਡੇ ਜੀਵਨ, ਸਮਾਜ ਅਤੇ ਸੰਸਾਰ ਵਿੱਚ ਆਈਆਂ ਤਬਦੀਲੀਆਂ ਬਾਰੇ ਸਕੂਲੀ ਬੱਚਿਆਂ ਦੇ ਲਘੂ-ਨਿਬੰਧਾਂ ਤੋਂ ਲੈ ਕੇ ਨੋਬੇਲ ਇਨਾਮਯਾਫ਼ਤਾ ਅਰਥਸ਼ਾਸਤਰੀਆਂ ਅਤੇ ਸਮਾਜਿਕ ਵਿਗਿਆਨੀਆਂ ਦੀਆਂ ਬੇਅੰਤ ਕਿਤਾਬਾਂ ਵਿਚ ਜਿਸ ਮਸ਼ੀਨੀ ਰਫ਼ਤਾਰ ਨਾਲ ਬਦਲਦੀਆਂ ਹਕੀਕਤਾਂ ਦਾ ਜ਼ਿਕਰ ਤੁਸਾਂ ਪੜ੍ਹਿਆ ਹੈ, ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੇਰੇ ਤੇਜ਼ੀ ਨਾਲ ਸਾਡੀ ਆਰਥਿਕਤਾ, ਖੇਤੀ, ਵਪਾਰ, ਵਿਗਿਆਨ ਅਤੇ ਜੀਵਨਸ਼ੈਲੀ ਬਦਲਣ ਵਾਲੀ ਹੈ।

ਨਵੀਆਂ ਹਕੀਕਤਾਂ ਦੇ ਸਨਮੁੱਖ ਹੋਣ ਲਈ ਜ਼ਮੀਨ ਉੱਤੇ ਬਹੁਤ ਕੁਝ ਬਦਲ ਜਾਵੇਗਾ। ਵਾਤਾਵਰਨ ਤਬਦੀਲੀ ਦੇ ਮੱਦੇਨਜ਼ਰ ਵੀ ਵੱਡੇ ਬਦਲਾਓ ਆਉਣਗੇ। ਇਨ੍ਹਾਂ ਸਭ ਲਈ ਵੱਡੇ ਪੱਧਰ ’ਤੇ ਕਾਨੂੰਨਸਾਜ਼ੀ ਹੋਣੀ ਹੈ। ਨਵੀਆਂ ਹਕੀਕਤਾਂ ਨਾਲ ਸਿੱਝਣ ਵਾਲੇ ਘਰ, ਮੁਹੱਲੇ, ਪਿੰਡ, ਸ਼ਹਿਰ ਕਿਹੋ ਜਿਹੇ ਹੋਣਗੇ, ਇਸ ਬਾਰੇ ਨਵੀਂਆਂ ਸਮਝਾਂ ਬਣ ਰਹੀਆਂ ਹਨ। ਭਵਿੱਖ ਵਿੱਚ ਇਹਨਾਂ ਬਦਲਾਵਾਂ ਦੇ ਮੱਦੇਨਜ਼ਰ ਮੁਲਕਾਂ ਦੇ ਆਪਸੀ ਰਿਸ਼ਤੇ ਇਨਕਲਾਬੀ ਤੇਜ਼ੀ ਨਾਲ ਬਦਲ ਰਹੇ ਹਨ। ਜੇ ਸਾਊਦੀ ਅਰਬ ਦੇ ਇਜ਼ਰਾਈਲ ਨਾਲ ਹੱਥ ਮਿਲਾਉਣ ਬਾਰੇ ਜੁਆਰੀਆਂ ਨੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਸੀਂ ਕਿਸ ਹਕੀਕਤ ਨੂੰ ਹਤਮੀ ਸਮਝ ਰਹੇ ਹੋ, ਕਿਸ ਵਰਤਾਰੇ ਨੂੰ ਸਦੀਵੀ?

ਜੇ ਅੱਜ ਕੌਤਕ ਵਰਤ ਹੀ ਜਾਵੇ, ਸਿੰਘੂ ਬਾਰਡਰ ’ਤੇ ਆ ਕੇ ਕੋਈ ਹਿਰਦੇ-ਸਮਰਾਟ ਐੱਮਐੱਸਪੀ ਦੀ ਗਾਰੰਟੀ ਦਾ ਐਲਾਨ ਕਰ ਵੀ ਦੇਵੇ ਤਾਂ ਵੀ ਕੋਈ ਜਿੱਤ ਸਦੀਵੀ ਨਾ ਸਮਝਿਓ। ਇਹ ਮੁਸ਼ੱਕਤ ਅਸਲ ਵਿੱਚ ਆਉਣ ਵਾਲੇ ਘੋਲਾਂ ਵਿਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੀ ਲੜਾਈ ਹੈ ਤਾਂ ਜੋ ਜਿਵੇਂ ਜਿਵੇਂ ਨਵੀਆਂ ਭਵਿੱਖੀ ਹਕੀਕਤਾਂ ਨਾਲ ਸਿੱਝਣ ਲਈ ਕਾਨੂੰਨ ਬਣਨ, ਵਪਾਰ ਦੇ ਢੰਗ ਬਦਲਣ, ਮੰਡੀਆਂ ਦੀ ਬਣਤਰ ਬਦਲੇ, ਖੇਤੀ ਵਣਜ ਵਪਾਰ ਦੀ ਧਰਾਤਲ ਬਦਲੇ ਤਾਂ ਸਰਕਾਰਾਂ ਅਤੇ ਹਾਕਮਾਂ ਉੱਤੇ ਇਹ ਆਇਦ ਹੋਵੇ ਕਿ ਉਹ ਨਾਗਰਿਕਾਂ ਨੂੰ ਅਹਿਤਮਾਦ ਵਿਚ ਲੈਣ, ਉਨ੍ਹਾਂ ਨੂੰ ਅਕਲਸਾਜ਼ੀ ਵਿੱਚ ਹਿੱਸੇਦਾਰ ਬਣਾਉਣ। ਹੱਲ-ਸਾਜ਼ੀ ਵਿੱਚ ਹਾਲੀ ਨੂੰ ਨਾਲ ਲੈ ਕੇ ਨਹੀਂ ਚੱਲੋਗੇ ਤਾਂ ਉਹ ਟਰੈਕਟਰ ’ਤੇ ਚੜ੍ਹ ਰਣਤੱਤੇ ’ਚ ਕੁੱਦਣ ਤੋਂ ਗੁਰੇਜ਼ ਨਹੀਂ ਕਰੇਗਾ।

ਵੈਸੇ ਇਹ ਨਗਾਰੇ ਸਿਰਫ਼ ਰਾਇਸੀਨਾ ਦੇ ਪਹਾੜ ਦੇ ਵਾਸੀਆਂ ਲਈ ਨਹੀਂ। ਬਾਕੀ ਅਦਾਰਿਆਂ ਨੂੰ ਵੀ ਕੰਨ ਹੋ ਜਾਣੇ ਚਾਹੀਦੇ ਹਨ। ਸਾਡੀਆਂ ਅਦਾਲਤਾਂ ਨੇ ਲੰਬੇ ਸਮੇਂ ਤੋਂ ਇਸ ਪਾਖੰਡ ਵਿੱਚ ਬੜਾ ਹਿੱਸਾ ਪਾਇਆ ਹੈ ਕਿ ਨਾਗਰਿਕਾਂ ਦੇ ਸਮੂਹ ਸੜਕਾਂ ’ਤੇ ਆਉਣ ਨਾਲ ਆਮ ਜ਼ਿੰਦਗੀ ਵਿੱਚ ਖ਼ਲਲ ਪੈ ਜਾਂਦਾ ਹੈ। ਜੇ ਕਾਨੂੰਨ ਆਪਣੀਆਂ ਅੱਖਾਂ ਤੋਂ ਹਕੂਮਤਾਂ ਦੀ ਬੰਨ੍ਹੀ ਪੱਟੀ ਹਟਾ ਕੇ ਵੇਖਦਾ ਤਾਂ ਉਹਨੂੰ ਦਿੱਸਦਾ ਕਿ ਜਦੋਂ ਆਮ ਜ਼ਿੰਦਗੀ ਵਿੱਚ ਹਾਕਮ ਖ਼ਲਲ ਪਾਉਂਦੇ ਹਨ, ਉਦੋਂ ਹੀ ਨਾਗਰਿਕ ਸੜਕਾਂ ’ਤੇ ਉਮੜਦੇ ਹਨ।

ਇਸ ਲੋਕ ਏਕਤਾ ਦਾ ਅੱਗੇ ਜਾਣਾ ਮੁਲਕ ਭਰ ਵਿੱਚ ਹੱਕੀ ਲੜਾਈਆਂ ਲਈ ਬਹੁਤ ਜ਼ਰੂਰੀ ਹੈ। ਘੱਟਗਿਣਤੀਆਂ, ਦਲਿਤਾਂ, ਔਰਤਾਂ, ਮਿਹਨਤਕਸ਼ਾਂ, ਫੈਕਟਰੀਆਂ ਕਾਰਖਾਨਿਆਂ ’ਚ ਕੰਮ ਕਰਦੇ ਕਿਰਤੀਆਂ, ਸਵਰਗ ਕਹਾਉਂਦੀ ਵਾਦੀ ਵਿੱਚ ਵਿਹੁ-ਚੱਕਰ ਵਿੱਚ ਕੁਚਲੇ ਜਾ ਰਹੇ ਨੌਜਵਾਨ ਦਿਲਾਂ ਨੂੰ ਦਿੱਲੀ ਦੇ ਬਾਰਡਰ ਤੋਂ ਸੈਨਤਾਂ ਮਿਲ ਰਹੀਆਂ ਹਨ। ਗੁਰੂ-ਸੁਆਰੀ ਸੰਗਤ ਲੰਗਰ ਛਕ ਰਹੀ ਹੈ, ਯੁੱਧ ਕਰ ਰਹੀ ਹੈ, ਸੱਚ ਲਈ ਲੜ ਰਹੀ ਹੈ, ਹੱਕ ਲਈ ਲੜਨ ਵਾਲਿਆਂ ਲਈ ਨਵਾਂ ਨਿਸਾਬ ਘੜ ਰਹੀ ਹੈ। ਨਗਾਰਿਆਂ ਦੇ ਡੱਗੇ ਕਿਸੇ ਰੂਸ ਚੀਨ ਤੋਂ ਨਹੀਂ ਸਿੱਖੇ, ਨਾਅਰੇ ਕਿਸੇ ਲੈਨਿਨਗ੍ਰਾਦ ਤੋਂ ਨਹੀਂ ਮੰਗੇ। ਜਿਨ੍ਹਾਂ ਬੰਦ ਬੰਦ ਕਟਵਾਏ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਤਿਨ੍ਹਾਂ ਦੀਆਂ ਸੰਤਾਨਾਂ ਨੇ ਹੱਕ ਦੇ ਡੰਕੇ ਆਣ ਵਜਾਏ ਹਨ। ਡਟੇ ਰਹੋ, ਸਹਿਜ ਵਿਚ ਰਹੋ, ਰੋਹ ਵਿਚ ਰਹੋ। ਕਰਤਾਰ ਭਲੀ ਕਰੇਗਾ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਜਾਣਦਾ ਸਮਝਦਾ ਹੈ ਕਿ ਘਰੋਂ ਜ਼ੁਲਮ-ਓ-ਸਿਤਮ ਨੂੰ ਨੱਥ ਪਾਉਣ ਟੁਰਿਆਂ ਲਈ ਵਸਲੋਂ ਉਰੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All