ਤੇਰ੍ਹਾਂ ਵਰ੍ਹਿਆਂ ਦੀ ਤਿੰਨ ਤਗ਼ਮੇ ਜਿੱਤਣ ਵਾਲੀ ਯੂ ਜਿਦੀ
ਚੀਨ ਦੀ 13 ਵਰ੍ਹਿਆਂ ਦੀ ਤੈਰਾਕ ਯੂ ਜਿਦੀ ਨੇ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਬਾਲੜੀ ਉਮਰੇ ਜਾਪਾਨ ਵਿਖੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਟੋਕੀਓ ਦੇ ਤੈਰਾਕੀ ਪੂਲ ਵਿੱਚ ਖਲਬਲੀ ਮਚਾਉਂਦਿਆਂ ਵੱਡੇ-ਵੱਡੇ ਮਹਾਰਥੀ ਤੈਰਾਕਾਂ ਨੂੰ ਮਾਤ ਦੇ ਕੇ ਪੂਰੀ ਦੁਨੀਆ ਨੂੰ ਦੰਦਾਂ...
ਚੀਨ ਦੀ 13 ਵਰ੍ਹਿਆਂ ਦੀ ਤੈਰਾਕ ਯੂ ਜਿਦੀ ਨੇ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਬਾਲੜੀ ਉਮਰੇ ਜਾਪਾਨ ਵਿਖੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਟੋਕੀਓ ਦੇ ਤੈਰਾਕੀ ਪੂਲ ਵਿੱਚ ਖਲਬਲੀ ਮਚਾਉਂਦਿਆਂ ਵੱਡੇ-ਵੱਡੇ ਮਹਾਰਥੀ ਤੈਰਾਕਾਂ ਨੂੰ ਮਾਤ ਦੇ ਕੇ ਪੂਰੀ ਦੁਨੀਆ ਨੂੰ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜਬੂਰ ਕਰ ਦਿੱਤਾ ਹੈ। ਜਿਦੀ ਨੇ 200 ਮੀਟਰ ਬਟਰਫਲਾਈ, 200 ਮੀਟਰ ਵਿਅਕਤੀਗਤ ਮੈਡਲੇ ਅਤੇ 400 ਮੀਟਰ ਵਿਅਕਤੀਗਤ ਮੈਡਲੇ, ਇਹ ਤਿੰਨੋਂ ਈਵੈਂਟ ਜਿੱਤ ਕੇ ਤੈਰਾਕੀ ਦੀ ਦੁਨੀਆ ਵਿੱਚ ਧਮਾਕੇਦਾਰ ਆਗਾਜ਼ ਕੀਤਾ ਹੈ।
ਜਿਦੀ ਨੇ ਨਾ ਕੇਵਲ ਤਿੰਨਾਂ ਈਵੈਂਟਾਂ ਵਿੱਚ ਸੋਨ ਤਗ਼ਮੇ ਜਿੱਤੇ ਸਗੋਂ ਕ੍ਰਮਵਾਰ 2:05.08, 2:06.10 ਅਤੇ 4:28.56 ਦੇ ਸਮੇਂ ਨਾਲ ਏਸ਼ਿਆਈ ਖੇਡਾਂ ਦੇ ਨਵੇਂ ਰਿਕਾਰਡ ਵੀ ਬਣਾਏ। 200 ਮੀਟਰ ਮੈਡਲੇ ਵਿੱਚ ਤਾਂ ਉਸ ਨੇ ਵਿਸ਼ਵ ਜੂਨੀਅਰ ਅਤੇ ਸੀਨੀਅਰ ਏਸ਼ੀਆ ਰਿਕਾਰਡ ਵੀ ਆਪਣੇ ਨਾਂ ਕੀਤਾ। ਜਿਦੀ ਨੇ ਛੋਟੀ ਉਮਰ ਵਿੱਚ ਹੀ ਵਿਸ਼ਵ ਤੈਰਾਕੀ ਦੇ ਨਕਸ਼ੇ ਉੱਤੇ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਜਿਦੀ ਜੇਕਰ ਆਪਣੇ ਇਸ ਜਜ਼ਬੇ ਉੱਤੇ ਅੜੀ ਰਹੀ ਤਾਂ ਦੋ ਸਾਲ ਬਾਅਦ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਵੀ ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਸਕਦੀ ਹੈ।
16 ਅਕਤੂਬਰ 2012 ਨੂੰ ਚੀਨ ਦੇ ਹੇਬੇਈ ਪ੍ਰੀਫੈਕਚਰ ਦੇ ਸ਼ਹਿਰ ਬਾਓਡਿੰਗ ਵਿੱਚ ਜੰਮੀ ਯੂ ਜਿਦੀ ਨੇ ਛੇ ਸਾਲ ਦੀ ਉਮਰ ਵਿੱਚ ਤੈਰਾਕੀ ਵਿੱਚ ਉਦੋਂ ਦਿਲਚਸਪੀ ਲੈਣੀ ਸ਼ੁਰੂ ਕੀਤੀ, ਜਦੋਂ ਉਸ ਦੇ ਪਿਤਾ ਉਸ ਨੂੰ ਇੱਕ ਵਾਟਰ ਪਾਰਕ ਵਿੱਚ ਲੈ ਕੇ ਗਏ ਸਨ। ਵਾਟਰ ਪਾਰਕ ਵਿੱਚ ਤੈਰਾਕੀ ਕੋਚ ਨੂੰ ਯੂ ਅੰਦਰ ਇਸ ਖੇਡ ਲਈ ਲੋੜੀਂਦੇ ਗੁਣ ਨਜ਼ਰ ਆਏ ਅਤੇ ਕੋਚ ਦੀ ਸਲਾਹ ਉੱਤੇ ਉਸ ਨੇ ਤੈਰਾਕੀ ਦੀ ਸਿਖਲਾਈ ਸ਼ੁਰੂ ਕਰ ਦਿੱਤੀ। ਤੈਰਾਕੀ ਖੇਡ ਨੂੰ ਪੇਸ਼ੇਵਰ ਤੌਰ ’ਤੇ ਅਪਣਾਉਂਦਿਆਂ ਉਹ ਹੇਬੇਈ ਤਾਈਹੁਆ ਜਿਨਯੇ ਤੈਰਾਕੀ ਕਲੱਬ ਨਾਲ ਪੱਕੇ ਤੌਰ ਉੱਤੇ ਜੁੜ ਗਈ।
ਚਾਰ ਸਟਰੋਕਾਂ ਵਿੱਚ ਮੁਹਾਰਤ ਰੱਖਦੀ ਯੂ ਨੇ ਇਨ੍ਹਾਂ ਦੇ ਸੁਮੇਲ ਵਾਲੇ ਈਵੈਂਟ ‘ਮੈਡਲੇ’ ਨੂੰ ਆਪਣੇ ਪ੍ਰਮੁੱਖ ਈਵੈਂਟ ਵਜੋਂ ਅਪਣਾਇਆ, ਜਦਕਿ ਬਟਰਫਲਾਈ ਵਿੱਚ ਸਭ ਤੋਂ ਵੱਧ ਮੁਹਾਰਤ ਹੋਣ ਕਰਕੇ ਉਸ ਨੇ ਇਸ ਨੂੰ ਵੀ ਵਿਸ਼ੇਸ਼ ਤੌਰ ਉੱਤੇ ਚੁਣਿਆ। ਚੰਗੀ ਸਪੀਡ ਅਤੇ ਸਟੈਮਿਨਾ ਹੋਣ ਕਾਰਨ ਉਸ ਨੇ 200 ਤੇ 400 ਮੀਟਰ ਈਵੈਂਟਾਂ ਵਿੱਚ ਹਿੱਸਾ ਲੈਣ ਦੀ ਸ਼ੁਰੂਆਤ ਕੀਤੀ।
ਸਾਲ 2025 ਵਿੱਚ 12 ਵਰ੍ਹਿਆਂ ਦੀ ਉਮਰੇ ਯੂ ਤੈਰਾਕੀ ਖੇਡ ਵਿੱਚ ਪਹਿਲੀ ਵਾਰ ਸੁਰਖ਼ੀਆਂ ਵਿੱਚ ਆਈ, ਜਦੋਂ ਉਸ ਨੇ ਚੀਨ ਦੀ ਨੈਸ਼ਨਲ ਚੈਂਪੀਅਨਸ਼ਿਪ ਦੇ 200 ਮੀਟਰ ਵਿਅਕਤੀਗਤ ਮੈਡਲੇ ਵਿੱਚ 2 ਮਿੰਟ 10.63 ਸਕਿੰਟ ਦਾ ਸਮਾਂ ਕੱਢਿਆ। ਇਹ ਵਿਸ਼ਵ ਪੱਧਰ ਉੱਤੇ 12 ਸਾਲ ਦੀ ਉਮਰ ਦੇ ਕਿਸੇ ਤੈਰਾਕ ਵੱਲੋਂ ਕੱਢਿਆ ਗਿਆ ਸਭ ਤੋਂ ਤੇਜ਼ ਸਮਾਂ ਸੀ। ਇਸੇ ਤਰ੍ਹਾਂ 200 ਮੀਟਰ ਬਟਰਫਲਾਈ ਵਿੱਚ ਉਸ ਨੇ 2:06.83 ਅਤੇ 400 ਮੀਟਰ ਮੈਡਲੇ ਵਿੱਚ 4:35.53 ਦਾ ਸਮਾਂ ਕੱਢਿਆ, ਜੋ ਉਸ ਸਮੇਂ ਇਸ ਉਮਰ ਵਰਗ ਵਿੱਚ ਵਿਸ਼ਵ ਭਰ ਵਿੱਚੋਂ ਸਭ ਤੋਂ ਬਿਹਤਰੀਨ ਸੀ।
ਨੈਸ਼ਨਲ ਚੈਂਪੀਅਨਸ਼ਿਪ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਸਿਰ ਉੱਤੇ ਯੂ ਨੇ ਸਿੰਗਾਪੁਰ ਵਿੱਚ ਹੋਣ ਵਾਲੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਲਿਆ। ਆਮ ਤੌਰ ’ਤੇ ਆਲਮੀ ਚੈਂਪੀਅਨਸ਼ਿਪ ਲਈ ਘੱਟੋ-ਘੱਟ ਉਮਰ 14 ਸਾਲ ਚਾਹੀਦੀ ਹੈ, ਪਰ ਉਸ ਦੇ ਅਸਾਧਾਰਨ ਪ੍ਰਦਰਸ਼ਨ ਅਤੇ ਕੁਆਲੀਫ਼ਾਈਂਗ ਮਿਆਰਾਂ ਤੋਂ ਬਿਹਤਰ ਨਤੀਜਿਆਂ ਕਾਰਨ ਉਸ ਦੀ ਚੋਣ ਕਰ ਲਈ ਗਈ।
ਸਿੰਗਾਪੁਰ ਦੇ ਤੈਰਾਕੀ ਪੂਲ ਵਿੱਚ 12 ਵਰ੍ਹਿਆਂ ਦੀ ਯੂ ਨੂੰ ਤੈਰਦਿਆਂ ਦੇਖ ਖੇਡ ਪ੍ਰੇਮੀ ਦੰਗ ਰਹਿ ਗਏ ਸਨ। ਲੋਕਾਂ ਨੂੰ ਹੋਰ ਵੀ ਹੈਰਾਨ ਕਰਦਿਆਂ ਉਸ ਨੇ 200 ਮੀਟਰ ਅਤੇ 400 ਮੀਟਰ ਮੈਡਲੇ ਅਤੇ 200 ਮੀਟਰ ਬਟਰਫਲਾਈ ਦੇ ਫ਼ਾਈਨਲ ਵਿੱਚ ਜਗ੍ਹਾ ਬਣਾਈ। ਤਿੰਨੇ ਵਿਅਕਤੀਗਤ ਈਵੈਂਟਾਂ ਵਿੱਚ ਉਹ ਚੌਥੇ ਸਥਾਨ ’ਤੇ ਰਹੀ। ਚੀਨ ਦੀ 4 ਗੁਣਾ 200 ਮੀਟਰ ਫ੍ਰੀ ਸਟਾਈਲ ਰਿਲੇਅ ਟੀਮ ਵਿੱਚ ਹਿੱਸਾ ਲੈਂਦਿਆਂ ਯੂ ਨੇ ਟੀਮ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਤਗ਼ਮਾ ਜੇਤੂ ਬਣੀ।
ਵਿਸ਼ਵ ਚੈਂਪੀਅਨਸ਼ਿਪ ਦੇ ਇਸ ਦਮਦਾਰ ਪ੍ਰਦਰਸ਼ਨ ਤੋਂ ਬਾਅਦ, ਹੁਣ 13 ਵਰ੍ਹਿਆਂ ਦੀ ਉਮਰੇ ਏਸ਼ਿਆਈ ਖੇਡਾਂ ਵਿੱਚ ਤੈਰਾਕੀ ਪੂਲ ਅੰਦਰ ਨਿੱਤਰੀ ਯੂ ਜਿਦੀ ਨੇ ਤਿੰਨ ਸੋਨ ਤਗ਼ਮੇ ਜਿੱਤ ਕੇ ਦੱਸ ਦਿੱਤਾ ਕਿ ਉਸ ਦੀ ਛੋਟੀ ਉਮਰ ਨੂੰ ਘੱਟ ਨਾ ਸਮਝਿਆ ਜਾਵੇ। ਤੈਰਾਕੀ ਖੇਡ ਵਿੱਚ ਹੁਣ ਯੂ ਦੀ ਤੁਲਨਾ ਕੈਨੇਡਾ ਦੀ ਸਮਰ ਮੈਕਇੰਟੋਸ ਨਾਲ ਕੀਤੀ ਜਾ ਰਹੀ ਹੈ। ਦੋਵੇਂ ਹੀ ਬਹੁਤ ਛੋਟੀ ਉਮਰ ਵਿੱਚ ਵਿਸ਼ਵ ਪੱਧਰ ’ਤੇ ਤੇਜ਼ੀ ਨਾਲ ਉੱਭਰੀਆਂ ਹਨ ਅਤੇ ਯੂ ਆਪਣਾ ਆਦਰਸ਼ ਮੈਕਇੰਟੋਸ ਨੂੰ ਹੀ ਮੰਨਦੀ ਹੈ। ਕੈਨੇਡੀਅਨ ਤੈਰਾਕ ਨੇ ਸਾਲ 2024 ਵਿੱਚ 18 ਸਾਲ ਦੀ ਉਮਰੇ ਪੈਰਿਸ ਓਲੰਪਿਕ ਖੇਡਾਂ ਵਿੱਚ ਤਿੰਨ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਦੋਂ ਕਿ ਉਸ ਤੋਂ ਪਹਿਲਾਂ 2022 ਵਿੱਚ 16 ਸਾਲ ਦੀ ਉਮਰੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਸੋਨ ਤਗ਼ਮੇ ਜਿੱਤੇ ਸਨ। ਜੇ ਯੂ ਦੀ ਇਹ ਫਾਰਮ ਜਾਰੀ ਰਹੀ ਤਾਂ ਉਹ ਵੀ 2028 ਵਿੱਚ 15 ਵਰ੍ਹਿਆਂ ਦੀ ਉਮਰੇ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰ ਸਕਦੀ ਹੈ। ਉਂਝ ਵੀ, ਯੂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਵਿੱਖ ਵਿੱਚ ਮੈਕਇੰਟੋਸ ਦਾ ਵਿਸ਼ਵ ਰਿਕਾਰਡ ਵੀ ਤੋੜ ਸਕਦੀ ਹੈ।
ਨਿੱਕੀ ਉਮਰ ਦੀ ਯੂ ਨੂੰ ਦੇਖਦਿਆਂ ਵਿਸ਼ਵ ਖੇਡ ਜਗਤ ਨੂੰ ਪੰਜਾਹ ਵਰ੍ਹੇ ਪੁਰਾਣੀ ਰੋਮਾਨੀਆ ਦੀ ਜਿਮਨਾਸਟ ਨਾਦੀਆ ਕੋਮੋਨੇਸੀ ਚੇਤੇ ਆ ਗਈ, ਜਿਸ ਨੇ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ 15 ਵਰ੍ਹਿਆਂ ਦੀ ਉਮਰੇ ਤਿੰਨ ਸੋਨ ਤਗ਼ਮੇ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਉਸ ਨੇ 10 ਵਿੱਚੋਂ 10 ਅੰਕ ਹਾਸਲ ਕਰਕੇ ‘ਸੰਪੂਰਨ ਦਸ’ ਦਾ ਨਿਵੇਕਲਾ ਰਿਕਾਰਡ ਵੀ ਬਣਾਇਆ ਸੀ। ਹੁਣ ਤੈਰਾਕੀ ਖੇਡ ਵਿੱਚ ਯੂ ਨੇ ਨਾਦੀਆ ਦੀ ਉਸੇ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ। ਯੂ ਨੂੰ ਹੁਣੇ ਤੋਂ ਹੀ ਵਿਸ਼ਵ ਤੈਰਾਕੀ ਵਿੱਚ ਮਾਈਕਲ ਫੈਲਪਸ ਦਾ ਵਾਰਿਸ ਦੱਸਿਆ ਜਾਣ ਲੱਗਾ ਹੈ, ਜੋ ਭਵਿੱਖ ਵਿੱਚ ਓਲੰਪਿਕ ਖੇਡਾਂ ਵਿੱਚ ਵੱਡੇ ਰਿਕਾਰਡ ਸਥਾਪਤ ਕਰ ਸਕਦੀ ਹੈ।
ਸੰਪਰਕ: 97800-36216

