ਰਾਇਕੋਟ ਦੇ ਸਾਕੇ ਦਾ 150ਵਾਂ ਵਰ੍ਹਾ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਇਹ ਸਾਕਾ 5 ਅਗਸਤ 1871 ਨੂੰ ਵਾਪਰਿਆ ਸੀ

ਗੁਰਬਚਨ ਸਿੰਘ ਭੁੱਲਰ

ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਚਲਾਣਾ ਕਰ ਗਿਆ। ਅਸਲ ਵਿਚ ਤਾਂ ਉਹਦੇ ਰਾਜ ਦੀ ਬੁਨਿਆਦ ਉਸੇ ਦਿਨ ਉੱਖੜ ਗਈ। ਮਗਰੋਂ ਦਾ ਇਕ ਦਹਾਕਾ ਤਾਂ ਉਹਦਾ ਉੱਖੜਿਆ ਹੋਇਆ ਰਾਜ ‘ਆਪਣਿਆਂ’ ਵੱਲੋਂ ਇੱਟ-ਇੱਟ ਕਰ ਕੇ ਢਾਹੁਣ ਅਤੇ ਨਕਸ਼ੇ ਤੋਂ ਮੇਸਣ ਦੀ ਕਹਾਣੀ ਹੈ। ਸਵਾ ਚਾਰ ਸਾਲਾਂ ਵਿਚ ਇਕ ਉਹਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਤੋਂ ਬਿਨਾਂ ਉਹਦੀ ਔਲਾਦ ਦਾ ਸਫ਼ਾਇਆ ਹੋ ਚੁੱਕਿਆ ਸੀ। 22 ਸਤੰਬਰ 1843 ਨੂੰ ਪੰਜ ਸਾਲ ਦੀ ਉਮਰ ਵਿਚ ਉਹਨੂੰ ਗੱਦੀ ਉੱਤੇ ਬਿਠਾ ਦਿੱਤਾ ਗਿਆ। ਇਸ ਸਾਰੇ ਸਮੇਂ ਦੌਰਾਨ ਪੰਜਾਬ ਅੰਗਰੇਜ਼ਾਂ ਦੇ ਧਿਆਨ ਦਾ ਕੇਂਦਰ ਸੀ। 1848 ਦੀ ਦੂਜੀ ਸਿੱਖ-ਅੰਗਰੇਜ਼ ਜੰਗ ਵਿਚ ਸਿੱਖਾਂ ਦੀ ਹਾਰ ਮਗਰੋਂ 29 ਮਾਰਚ 1849 ਨੂੰ ‘ਆਜ਼ਾਦ’ ਪੰਜਾਬ ਦਾ ਆਖ਼ਰੀ ਦਰਬਾਰ ਸਜਿਆ। ਉਸ ਵਿਚ ਦੋ ਅੰਗਰੇਜ਼ ਅਧਿਕਾਰੀਆਂ ਦੀ ਹਾਜ਼ਰੀ ਵਿਚ ਐਲਾਨ ਕੀਤਾ ਗਿਆ ਕਿ ਮਹਾਰਾਜਾ ਦਲੀਪ ਸਿੰਘ ਨੇ ਗੱਦੀ ਛੱਡ ਦਿੱਤੀ ਹੈ ਤੇ ਪੰਜਾਬ ਅੰਗਰੇਜ਼ ਰਾਜ ਦਾ ਅੰਗ ਬਣ ਗਿਆ ਹੈ।

ਇਸ ਸਾਰੇ ਸਮੇਂ ਦੌਰਾਨ ਅੰਗਰੇਜ਼ਾਂ ਦੀ ਪਹਿਲੀ ਚਿੰਤਾ ਰਣਜੀਤ ਸਿੰਘ ਦੇ ਰਾਜ ਵਿਚ ਕਾਇਮ ਹੋਈ ਪੰਜਾਬੀ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੀ ਧਾਰਮਿਕ ਸਦਭਾਵਨਾ ਤੇ ਭਾਈਚਾਰਕ ਏਕਤਾ ਸੀ ਜਿਸ ਤੋਂ ਉਹਨਾਂ ਨੂੰ ਆਪਣੇ ਰਾਜ ਲਈ ਵੱਡਾ ਖ਼ਤਰਾ ਦਿਸਦਾ ਸੀ। ਮੁਸਲਮਾਨ ਵੀ ਹੋਰਾਂ ਵਾਂਗ ਉੱਚੀਆਂ ਪਦਵੀਆਂ ਉੱਤੇ ਸਨ। ਨੇੜਲੇ ਅਤੀਤ ਵਿਚ ਸਿੱਖਾਂ ਨੂੰ ਮੁਸਲਮਾਨ ਹਾਕਮਾਂ ਦੇ ਭਾਰੀ ਜ਼ੁਲਮਾਂ ਦੇ ਲੰਮੇ ਦੌਰ ਵਿਚੋਂ ਲੰਘਣਾ ਪਿਆ ਹੋਣ ਦੇ ਬਾਵਜੂਦ ਅਜਿਹਾ ਭਾਈਚਾਰਕ ਮਾਹੌਲ ਪੈਦਾ ਕਰਨਾ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਰਾਜਨੀਤਕ ਸਿਆਣਪ ਤੇ ਸਮਾਜਕ ਦੂਰਦਰਸ਼ਤਾ ਸੀ। ਅੰਗਰੇਜ਼ਾਂ ਨੇ ਪਹਿਲੀ ਚਾਲ ਇਹ ਚੱਲੀ ਕਿ ਸਭ ਧਰਮਾਂ ਨੂੰ ਰਹਿਤਲ ਤੇ ਧਾਰਮਿਕ ਰਸਮਾਂ-ਰੀਤਾਂ ਦੀ ਆਜ਼ਾਦੀ ਦੇ ਨਾਂ ਉੱਤੇ ਮੁਸਲਮਾਨਾਂ ਨੂੰ ਬੁੱਚੜਖਾਨੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ। ਗਊ-ਬੱਧ ਰਣਜੀਤ ਸਿੰਘ ਦੇ ਰਾਜ ਵਿਚ ਕਾਨੂੰਨਨ ਮਨਾਹ ਸੀ।

ਇਕ ਬੁੱਚੜਖਾਨਾ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਨੇੜੇ ਖੋਲ੍ਹਿਆ ਗਿਆ। ਮਾਸ-ਹੱਡੀਆਂ ਲੈ ਕੇ ਇੱਲ੍ਹਾਂ-ਕਾਂ ਦਰਬਾਰ ਸਾਹਿਬ ਉੱਤੇ ਆ ਬੈਠਦੇ। ਉੱਡੇ ਜਾਂਦੇ ਜਾਨਵਰਾਂ ਦੇ ਪੰਜਿਆਂ-ਚੁੰਝਾਂ ਵਿਚੋਂ ਮਾਸ-ਹੱਡੀਆਂ ਦਾ ਪਰਕਰਮਾ ਤੇ ਸਰੋਵਰ ਵਿਚ ਡਿੱਗਣਾ ਆਮ ਗੱਲ ਹੋ ਗਿਆ। ਆਖ਼ਰ ਨਾਮਧਾਰੀ ਸਿੱਖਾਂ ਨੇ 14-15 ਜੂਨ 1871 ਦੀ ਰਾਤ ਨੂੰ ਹੱਲਾ ਬੋਲ ਕੇ ਬੁੱਚੜਾਂ ਨੂੰ ਮਾਰ ਦਿੱਤਾ। ਇਸੇ ਤਰ੍ਹਾਂ ਰਾਇਕੋਟ ਵਿਚ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਨੇੜੇ ਰਾਂਝਾ ਤੇ ਬੂਟਾ ਨਾਂ ਦੇ ਕਸਾਈਆਂ ਨੇ ਬੁੱਚੜਖਾਨਾ ਖੋਲ੍ਹਿਆ ਹੋਇਆ ਸੀ। ਨੇੜੇ ਹੀ ਸੁਥਰਿਆਂ ਦੀ ਧਰਮਸ਼ਾਲਾ ਵੀ ਸੀ। ਇਥੇ ਵੀ ਗੁਰਦੁਆਰੇ ਤੇ ਧਰਮਸ਼ਾਲਾ ਦਾ ਇੱਲ੍ਹਾਂ-ਕਾਂਵਾਂ ਨੇ ਉਹੋ ਹਾਲ ਕਰ ਛੱਡਿਆ ਸੀ। ਭੈਣੀ ਸਾਹਿਬ ਨੂੰ ਜਾਂਦੇ ਹੋਏ ਮੇਰੇ ਪਿੰਡ ਪਿੱਥੋ ਦੇ ਤਿੰਨ ਨਾਮਧਾਰੀ-22 ਸਾਲ ਦਾ ਮਸਤਾਨ ਸਿੰਘ ਭੁੱਲਰ, 28 ਸਾਲ ਦਾ ਮੰਗਲ ਸਿੰਘ ਭੁੱਲਰ ਤੇ 30 ਸਾਲਾਂ ਦਾ ਗੁਰਮੁਖ ਸਿੰਘ ਮੁਹਾਰ-ਇਕ ਰਾਤ ਧਰਮਸ਼ਾਲਾ ਵਿਚ ਠਹਿਰੇ। ਉਥੋਂ ਤੱਕ ਪਹੁੰਚ ਰਹੀ ਬੁੱਚੜਖਾਨੇ ਦੀ ਦੁਰਗੰਧ ਤੋਂ ਚੱਲੀ ਗੱਲ ਧਰਮਸ਼ਾਲਾ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਦਰਦ-ਕਥਾ ਤੱਕ ਜਾ ਪੁੱਜੀ।

ਉਹਨਾਂ ਤਿੰਨਾਂ ਨੇ ਆਪਣੀ ਮੰਜ਼ਿਲ, ਭੈਣੀ ਸਾਹਿਬ ਜਾਣ ਦੀ ਥਾਂ ਬੁੱਚੜਾਂ ਨੂੰ ਮਾਰ ਮੁਕਾਉਣ ਦਾ ਫ਼ੈਸਲਾ ਕਰ ਲਿਆ। ਹਥਿਆਰਾਂ ਦਾ ਪ੍ਰਬੰਧ ਕਰ ਕੇ 15-16 ਜੁਲਾਈ 1871 ਦੀ ਰਾਤ ਨੂੰ ਵਰ੍ਹਦੇ ਮੀਂਹ ਵਿਚ ਉਹਨਾਂ ਨੇ ਬੁੱਚੜਖਾਨੇ ਦਾ ਦਰਵਾਜ਼ਾ ਜਾ ਖੜਕਾਇਆ ਅਤੇ “ਕੌਣ ਹੈ” ਦੇ ਜਵਾਬ ਵਿਚ ਦੱਸਿਆ ਕਿ ਉਹ ਰਾਹੀ ਹਨ ਤੇ ਉਹਨਾਂ ਨੂੰ ਹੁੱਕੇ ਲਈ ਅੱਗ ਚਾਹੀਦੀ ਹੈ। ਜਿਉਂ ਹੀ ਦਰਵਾਜ਼ਾ ਖੁੱਲ੍ਹਿਆ, ਉਹਨਾਂ ਦੇ ਹਮਲੇ ਵਿਚ ਦੋ ਜਣੇ, ਇਕ ਮਰਦ ਤੇ ਇਕ ਔਰਤ, ਮਾਰੇ ਗਏ ਤੇ ਸੱਤ ਜ਼ਖ਼ਮੀ ਹੋ ਗਏ। ਉਹਨਾਂ ਨੇ ਗਊਆਂ ਦੇ ਰੱਸੇ ਵੱਢ ਕੇ ਉਹ ਬਾਹਰ ਭਜਾ ਦਿੱਤੀਆਂ। ਸਬੱਬ ਨਾਲ ਬੂਟਾ ਉਥੇ ਹੈ ਨਹੀਂ ਸੀ ਤੇ ਰਾਂਝਾ ਦੂਜਿਆਂ ਉੱਤੇ ਵਾਰ ਹੁੰਦੇ ਦੇਖ ਕੇ ਭੱਜਣ ਵਿਚ ਸਫਲ ਹੋ ਗਿਆ। ਤਿੰਨੇ ਨੌਜਵਾਨ ਉਥੋਂ ਹੀ ਵਾਪਸ ਪਿੱਥੋ ਨੂੰ ਚੱਲ ਪਏ। ਪੁੱਛ-ਪੜਤਾਲ ਪੁਲਿਸ ਨੂੰ ਉਹਨਾਂ ਦੇ ਮਗਰੇ-ਮਗਰ ਪਿੰਡ ਪਿੱਥੋ ਲੈ ਪਹੁੰਚੀ। ਕਿਸੇ ਨੇ ਪੁਲਿਸ ਦੀ ਪਹੁੰਚ ਦੀ ਜਾਣਕਾਰੀ ਦੇ ਆਧਾਰ ਉੱਤੇ ਉਹਨਾਂ ਨੂੰ ਭੱਜ ਜਾਣ ਲਈ ਕਿਹਾ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਜੇ ਅਸੀਂ ਹੱਥ ਨਾ ਆਏ, ਪੁਲਿਸ ਪਰਿਵਾਰਾਂ ਤੇ ਪਿੰਡ ਵਾਲ਼ਿਆਂ ਨੂੰ ਤੰਗ ਕਰੇਗੀ; ਬੁੱਚੜ ਅਸੀਂ ਸੋਧੇ ਹਨ, ਸਜ਼ਾ ਵੀ ਅਸੀਂ ਹੀ ਭੁਗਤਾਂਗੇ।

ਅੰਗਰੇਜ਼ਾਂ ਦੀ ਸਮੱਸਿਆ ਬੁੱਚੜਾਂ ਦਾ ਕਤਲ ਨਹੀਂ ਸੀ ਸਗੋਂ ਇਸ ਤਰੀਕੇ ਸਰਕਾਰ ਨੂੰ ਪਾਈ ਗਈ ਵੰਗਾਰ ਸੀ। ਅੰਮ੍ਰਿਤਸਰ ਕਾਂਡ ਤੋਂ ਸਿਰਫ਼ ਇਕ ਮਹੀਨਾ ਮਗਰੋਂ ਰਾਇਕੋਟ ਦਾ ਹਮਲਾ ਲੋਕਾਂ ਨੂੰ ਅੰਗਰੇਜ਼ ਹਕੂਮਤ ਦੀ ਕਮਜ਼ੋਰੀ ਦਾ ਸੁਨੇਹਾ ਸੀ। ਅੰਗਰੇਜ਼ ਨੇ ਉਹਨਾਂ ਤਿੰਨਾਂ ਨੂੰ ਛੇਤੀ ਤੋਂ ਛੇਤੀ ਫ਼ਾਂਸੀ ਚੜ੍ਹਾਉਣ ਦਾ ਇਰਾਦਾ ਕਰ ਲਿਆ। ਮੁਕੱਦਮਾ ਰਾਇਕੋਟ ਦੇ ਨੇੜੇ ਬੱਸੀਆਂ ਦੀ ਕੋਠੀ ਵਿਚ ਚੱਲਿਆ। ਮੈਜਿਸਟਰੇਟ ਨੇ ਆਪਣੀ ਕਾਰਵਾਈ ਦੋ ਦਿਨ ਵਿਚ ਖ਼ਤਮ ਕਰ ਕੇ ਫ਼ਾਈਲ ਪਹਿਲਾਂ ਹੀ ਉਥੇ ਪਹੁੰਚ ਚੁੱਕੇ ਸੈਸ਼ਨ ਜੱਜ ਦੇ ਹਵਾਲੇ ਕਰ ਦਿੱਤੀ ਜਿਸ ਨੇ 27 ਜੁਲਾਈ 1871 ਨੂੰ, ਭਾਵ ਸਾਕੇ ਦੇ ਬਾਰਵੇਂ ਦਿਨ, ਤਿੰਨਾਂ ਨੂੰ ਫ਼ਾਂਸੀ ਦਾ ਫ਼ੈਸਲਾ ਸੁਣਾ ਦਿੱਤਾ। ਇਕ ਅਗਸਤ ਨੂੰ ਪੰਜਾਬ ਦੀ ਚੀਫ਼ ਕੋਰਟ ਦੇ ਦੋ ਜੱਜਾਂ ਨੇ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ। 5 ਅਗਸਤ ਦੀ ਸਵੇਰ ਨੂੰ, ਭਾਵ ਸਾਕੇ ਤੋਂ ਵੀਹਵੇਂ ਦਿਨ ਤਿੰਨਾਂ ਨਾਮਧਾਰੀਆਂ ਨੂੰ ਖੁੱਲ੍ਹੇ-ਆਮ, ਲਗਭਗ ਦੋ ਸੌ ਬੰਦਿਆਂ ਦੇ ਦੇਖਦਿਆਂ, ਬੁੱਚੜਖਾਨੇ ਦੇ ਨੇੜੇ ਫ਼ਾਂਸੀ ਦੇ ਦਿੱਤੀ ਗਈ। ਦਸਦੇ ਹਨ, ਉਹਨਾਂ ਨੇ ਚਿਹਰੇ ਢਕੇ ਬਿਨਾਂ ਫ਼ਾਂਸੀਆਂ ਦੇ ਰੱਸੇ ਆਪਣੇ ਗਲ਼ਾਂ ਵਿਚ ਆਪ ਪਾਏ।

ਥਾਣੇਦਾਰ ਅਸੂਲ ਹਸਨ ਦੀ ਮਹਾਰਾਜਾ ਪਟਿਆਲਾ ਮਹਿੰਦਰ ਸਿੰਘ ਨੂੰ ਭੇਜੀ 5 ਅਗਸਤ 1871 ਦੀ ਚਿੱਠੀ ਵਿਚੋਂ ਸਾਨੂੰ ਵਡਮੁੱਲੀ ਜਾਣਕਾਰੀ ਮਿਲਦੀ ਹੈ। ਉਹਨੇ ਲਿਖਿਆ ਹੈ: “ਅੱਜ ਸਵੇਰੇ ਪੰਜ ਵਜੇ ਰਾਇਕੋਟ ਦੇ ਬੁੱਚੜਾਂ ਦੇ ਕਾਤਿਲ ਗੁਰਮੁਖ ਸਿੰਘ, ਮਸਤਾਨ ਸਿੰਘ ਤੇ ਮੰਗਲ ਸਿੰਘ ਨੂੰ ਬੁੱਚੜਖਾਨਾ ਦੇ ਪਾਸ ਫ਼ਾਹੇ ਲਾਇਆ ਗਿਆ। ਫ਼ਾਹੇ ਲਾਏ ਗਏ ਤਿੰਨਾਂ ਕਾਤਿਲਾਂ ਦੀਆਂ ਲਾਸ਼ਾਂ ਬਾਰੇ ਗੁਰਮੁਖ ਸਿੰਘ ਕਾਤਿਲ ਦੇ ਚਾਚੇ ਚੰਦ ਸਿੰਘ ਨੂੰ, ਜਿਹੜਾ ਫ਼ਾਂਸੀ ਦੇ ਸਮੇਂ ਹਾਜ਼ਿਰ ਸੀ, ਕਿਹਾ ਗਿਆ ਕਿ ਉਹ ਆਪਣੇ ਪਿੰਡ ਲਿਜਾ ਕੇ ਉਹਨਾਂ ਦਾ ਦਾਹ-ਸੰਸਕਾਰ ਕਰ ਦੇਵੇ। ਉਹ ਤਿੰਨਾਂ ਕਾਤਿਲਾਂ ਦੀਆਂ ਲਾਸ਼ਾਂ ਨੂੰ ਗੱਡੇ ਵਿਚ ਲੱਦ ਕੇ ਪਿੰਡ ਪਿੱਥੋ ਨੂੰ ਰਵਾਨਾ ਹੋ ਗਿਆ ਹੈ।” ਮੇਰੇ ਬਾਪੂ ਜੀ ਆਪਣੇ ਬਚਪਣ ਵਿਚ ਸੁਣੀਆਂ ਹੋਈਆਂ ਗੱਲਾਂ ਦੱਸਿਆ ਕਰਦੇ ਸਨ ਕਿ ਤਿੰਨੇ ਚਿਤਾਵਾਂ ਬਿਲਕੁਲ ਨਾਲ-ਨਾਲ ਚਿਣੀਆਂ ਗਈਆਂ ਜਿਸ ਕਰਕੇ ਉਹ ਇਕ ਵੱਡੀ ਸਾਂਝੀ ਚਿਤਾ ਵਾਂਗ ਹੋ ਗਈਆਂ। ਉਹਨਾਂ ਨੇ ਮੈਨੂੰ ਪਿੰਡ ਦੇ ਸਿਵਿਆਂ ਵਿਚ ਚਿਤਾਵਾਂ ਨਾਲ ਰੜ੍ਹੀ ਹੋਈ ਉਹ ਥਾਂ ਵੀ ਦਿਖਾਈ ਸੀ ਜਿਸ ਉੱਤੇ ਮਗਰੋਂ ਕੋਈ ਹੋਰ ਚਿਤਾ ਨਹੀਂ ਸੀ ਬਾਲ਼ੀ ਗਈ। ਹੁਣ ਉਥੇ ਸੁਹਣੀ ਯਾਦਗਾਰ ਉਸਾਰ ਦਿੱਤੀ ਗਈ ਹੈ।

ਤਿੰਨਾਂ ਸੂਰਬੀਰਾਂ ਨੂੰ ਵੀਹ ਦਿਨਾਂ ਦੇ ਅੰਦਰ-ਅੰਦਰ, ਖੁੱਲ੍ਹੇ-ਆਮ, ਵੱਡੀ ਗਿਣਤੀ ਵਿਚ ਲੋਕਾਂ ਦੇ ਦੇਖਦਿਆਂ, ਫਾਂਸੀ ਦੇਣ ਦਾ ਅੰਗਰੇਜ਼ ਦਾ ਮੰਤਵ ਇਹ ਦਰਸਾਉਣਾ ਸੀ ਕਿ ਉਹ ਆਪਣੇ ਗ਼ੁਲਾਮ ਲੋਕਾਂ ਦਾ ਕਿਸੇ ਸਰਕਾਰੀ ਹੁਕਮ ਦਾ ਵਿਰੋਧ ਬਰਦਾਸ਼ਤ ਨਹੀਂ ਕਰਨਗੇ। ਪਰ ਛੇ ਮਹੀਨਿਆਂ ਤੋਂ ਵੀ ਪਹਿਲਾਂ ਵਾਪਰੀ ਮਾਲੇਰਕੋਟਲੇ ਦੀ ਬਹੁਤ ਵੱਡੀ ਘਟਨਾ ਤੋਂ ਪਤਾ ਲਗਦਾ ਹੈ ਕਿ ਅੰਗਰੇਜ਼ ਦਾ ਇਹ ਮਨੋਰਥ ਪੂਰਾ ਨਹੀਂ ਸੀ ਹੋਇਆ। ਇਸ ਦਾ ਇਕ ਸਬੂਤ ਤਾਂ ਸਾਡੇ ਪਿੰਡ ਪਿੱਥੋ ਤੋਂ ਹੀ ਮਿਲਦਾ ਹੈ। ਰਾਇਕੋਟ ਦੇ ਸ਼ਹੀਦਾਂ ਦੇ ਸਿਵੇ ਅਜੇ ਠੰਢੇ ਵੀ ਨਹੀਂ ਸਨ ਹੋਏ ਕਿ ਸਾਡੇ ਪਿੰਡ ਦਾ ਇਕ ਹੋਰ ਨਾਮਧਾਰੀ ਹੀਰਾ ਸਿੰਘ ਪੁੱਤਰ ਵੀਰ ਸਿੰਘ ਮਾਲੇਰਕੋਟਲੇ ਵਾਲ਼ੇ ਯੋਧਿਆਂ ਵਿਚ ਸ਼ਾਮਲ ਹੋ ਗਿਆ। ਮਾਲੇਰਕੋਟਲੇ ਦੀ ਘਟਨਾ ਦੀਆਂ ਕਈ ਗੱਲਾਂ ਧਿਆਨ ਦੇਣ ਵਾਲ਼ੀਆਂ ਹਨ।

ਇਕ ਤਾਂ ਬੁੱਚੜਖਾਨੇ ਖੋਲ੍ਹਣ ਦੀ ਖੁੱਲ੍ਹ ਨੇ ਮੁਸਲਮਾਨਾਂ ਦਾ ਵੱਡਾ ਹਿੱਸਾ ਅੰਗਰੇਜ਼ ਦਾ ਵਫ਼ਾਦਾਰ ਬਣਾ ਦਿੱਤਾ ਸੀ। ਇਸੇ ਅੰਗਰੇਜ਼-ਭਗਤੀ ਕਰਕੇ ਇਕ ਮੁਸਲਮਾਨ ਜੱਜ ਨੇ ਅਣਗੌਲ਼ੀ ਕੀਤੀ ਜਾਣ ਵਾਲ਼ੀ, ਮੂਲੋਂ ਹੀ ਅਨਹੋਈ ਘਟਨਾ ਨੂੰ ਜਾਣ-ਬੁੱਝ ਕੇ ਏਡਾ ਭਿਆਨਕ ਰੂਪ ਦਿੱਤਾ। ਗੱਲ ਸਿਰਫ਼ ਏਨੀ ਸੀ ਕਿ ਇਕ ਮੁਸਲਮਾਨ ਰਾਈਂ ਆਪਣੇ ਬਲ੍ਹਦ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਸੀ। ਇਹ ਦੇਖ ਕੇ ਗੁਰਮੁਖ ਸਿੰਘ ਨਾਂ ਦੇ ਇਕ ਨਾਮਧਾਰੀ ਨੇ ਕਿਹਾ ਕਿ ਉਹ ਬਿਚਾਰੇ ਬੇਜ਼ਬਾਨ ਉੱਤੇ ਜ਼ੁਲਮ ਕਿਉਂ ਕਰ ਰਿਹਾ ਹੈ। ਰਾਈਂ ਦੇ ਗੁਸੈਲ ਜਵਾਬ ਤੋਂ ਹੋਈ ਤੂੰ-ਤੂੰ, ਮੈਂ-ਮੈਂ ਕਾਰਨ ਗੁਰਮੁਖ ਸਿੰਘ ਨੂੰ ਦੋਸ਼ੀ ਬਣਾ ਕੇ ਜੱਜ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਮੁਸਲਮਾਨ ਜੱਜ ਨੇ ਇਸ ਮਾਮੂਲੀ ਤਕਰਾਰ ਉੱਤੇ ਠੰਢਾ ਛਿੜਕਣ ਦੀ ਥਾਂ ਫ਼ੈਸਲਾ ਸੁਣਾਇਆ ਕਿ ਉਹੋ ਬਲ੍ਹਦ ਲਿਆਉ ਤੇ ਇਸ ਨਾਮਧਾਰੀ ਦੇ ਸਾਹਮਣੇ ਹਲਾਲ ਕਰੋ। ਅਗਲੇ ਦਿਨ ਗੁਰਮੁਖ ਸਿੰਘ ਨੇ ਭੈਣੀ ਸਾਹਿਬ ਪਹੁੰਚ ਕੇ ਸਾਰੀ ਦਰਦ-ਕਹਾਣੀ ਆਖ ਸੁਣਾਈ। ਨਾਮਧਾਰੀਆਂ ਵਿਚ ਗੁੱਸੇ ਦਾ ਉਬਾਲ ਆਉਣਾ ਕੁਦਰਤੀ ਸੀ। ਸਤਿਗੁਰੂ ਰਾਮ ਸਿੰਘ ਨੇ ਵਚਨ ਕੀਤੇ, ਜੇ ਤੁਸੀਂ ਸਿਰਫ਼ ਇਕ ਸਾਲ ਵਾਸਤੇ ਆਪਣੇ ਜਜ਼ਬੇ ਕਾਬੂ ਰੱਖ ਸਕੋ, ਮੈਂ ਉਹ ਮਨੋਰਥ ਹਥਿਆਰਾਂ ਦੀ ਮਦਦ ਤੋਂ ਬਿਨਾਂ ਹਾਸਲ ਕਰ ਦਿਆਂਗਾ ਜੀਹਦੇ ਲਈ ਤੁਸੀਂ ਆਪਣੀਆਂ ਭਗੌਤੀਆਂ ਮਿਆਨਾਂ ਵਿਚੋਂ ਧੂਹ ਰਹੇ ਹੋ।

ਗੁਰਮੁਖ ਸਿੰਘ ਨੇ ਆਖਿਆ, ਰਾਤੀਂ ਸਾਨੂੰ ਸੁਪਨੇ ਵਿਚ ਗੁਰੂ ਤੇਗ਼ ਬਹਾਦਰ ਜੀ ਨੇ ਦਰਸ਼ਨ ਦੇ ਕੇ ਜ਼ੁਲਮ ਨਾਲ ਟੱਕਰ ਲੈਣ ਦੇ ਆਦੇਸ਼ ਦਿੱਤੇ ਹਨ। ਇਹ ਸੁਣ ਕੇ ਸਤਿਗੁਰੂ ਰਾਮ ਸਿੰਘ ਬੋਲੇ, ਜੇ ਇਹ ਗੱਲ ਹੈ ਤਾਂ ਗੁਰੂ ਜੀ ਦਾ ਆਦੇਸ਼ ਤਾਂ ਅਨਡਿੱਠ ਨਹੀਂ ਕੀਤਾ ਜਾ ਸਕਦਾ। 13 ਜਨਵਰੀ 1872 ਨੂੰ ਨਾਮਧਾਰੀਆਂ ਦਾ ਵੱਡਾ ਜਥਾ ਸ਼ਸਤਰਾਂ ਨਾਲ ਲੈਸ ਹੋ ਕੇ ਉਸ ਜਨੂੰਨੀ ਮੁਸਲਮਾਨ ਜੱਜ ਤੋਂ ਬਦਲਾ ਲੈਣ ਤੁਰ ਪਿਆ। ਮਾਲੇਰਕੋਟਲੇ ਦੇ ਅਮਲੇ-ਫੈਲੇ ਨਾਲ ਟੱਕਰ ਤਾਂ ਹੋਣੀ ਹੀ ਸੀ ਜਿਸ ਵਿਚ ਦੋਵਾਂ ਧਿਰਾਂ ਦਾ ਵੱਡਾ ਜਾਨੀ ਨੁਕਸਾਨ ਹੋਇਆ। ਬਚਦੇ 66 ਨਾਮਧਾਰੀਆਂ ਨੇ ਜਾਨਾਂ ਬਚਾਉਣ ਲਈ ਭੱਜਣ ਦੀ ਥਾਂ ਕਥਿਤ ਅਦਾਲਤ ਦਾ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ, ਜਿਸ ਵਿਚ ਸ਼ਹੀਦੀਆਂ ਦਾ ਯਕੀਨੀ ਹੋਣਾ ਉਹ ਜਾਣਦੇ ਸਨ।

ਅੰਗਰੇਜ਼ ਰਾਜ ਦੇ ਨੇੜਲੇ ਜ਼ਿਲੇ ਲੁਧਿਆਣਾ ਦਾ ਡਿਪਟੀ ਕਮਿਸ਼ਨਰ ਕੋਵਨ ਬਦਨਾਮ ਵਹਿਸ਼ੀ ਸੀ ਜੋ ਆਪਣੇ ਹੀ ਕਾਨੂੰਨ ਦੀ ਵੀ ਕੱਖ ਪਰਵਾਹ ਨਹੀਂ ਸੀ ਕਰਦਾ। ਭਾਵੇਂ ਹੋਰ ਰਿਆਸਤਾਂ ਵਾਂਗ ਮਾਲੇਰਕੋਟਲਾ ਰਿਆਸਤ ਵੀ ਅੰਗਰੇਜ਼ ਰਾਜ ਦਾ ਅੰਗ ਨਹੀਂ ਸੀ, ਤਾਂ ਵੀ ਕੋਵਨ ਨੇ ਉਥੇ ਪਹੁੰਚ ਕੇ ਇਹ ਮਾਮਲਾ ਸਿੱਧਾ ਆਪਣੇ ਹੱਥ ਲੈ ਲਿਆ। ਰਾਇਕੋਟ ਦੇ ਸੰਬੰਧ ਵਿਚ ਅੰਗਰੇਜ਼ਾਂ ਨੇ ਘੱਟੋ-ਘੱਟ ਕਾਨੂੰਨ ਦਾ ਢਕਵੰਜ ਤਾਂ ਰਚਿਆ ਸੀ, ਇਥੇ ਕੋਵਨ ਨੇ ਹੁਕਮ ਦਿੱਤਾ ਕਿ ਕੈਦੀ ਉਹਦੇ ਸਾਹਮਣੇ ਲਿਆਂਦੇ ਜਾਣ। ਉਸੇ ਘੜੀ ਉਹਨੇ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦੇਣ ਦਾ ਹੁਕਮ ਦੇ ਦਿੱਤਾ। 17 ਜਨਵਰੀ ਨੂੰ 7 ਤੋਪਾਂ ਬੀੜ ਕੇ 7 ਵਾਰੀਆਂ ਵਿਚ 49 ਨਾਮਧਾਰੀ ਸ਼ਹੀਦ ਕਰ ਦਿੱਤੇ ਗਏ। ਉਸ ਦਿਨ ਲਿਆਂਦਾ ਗਿਆ 50ਵਾਂ ‘ਦੋਸ਼ੀ’ 12 ਸਾਲ ਦਾ ਬਿਸ਼ਨ ਸਿੰਘ ਸੀ ਜਿਸ ਨੂੰ ਦੇਖ ਕੇ ਕੋਵਨ ਦੀ ਪਤਨੀ ਨੇ ਰਹਿਮ ਕਰਨ ਲਈ ਆਖਿਆ। ਕੋਵਨ ਨੇ ਕਿਹਾ, ਇਸ ਨੂੰ ਛੱਡ ਦਿੰਦੇ ਹਾਂ ਪਰ ਜੇ ਇਹ ਆਖ ਦੇਵੇ ਕਿ ਇਹ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ। ਏਨਾ ਸੁਣਦਿਆਂ ਹੀ ਬਿਸ਼ਨ ਸਿੰਘ ਕੋਵਨ ਦੀ ਲੰਮੀ ਦਾੜ੍ਹੀ ਨੂੰ ਚਿੰਬੜ ਗਿਆ। ਵਾਲ ਪੁੱਟੇ ਬਿਨਾਂ ਦਾੜ੍ਹੀ ਛੁਡਵਾਉਣ ਵਿਚ ਅਸਫਲ ਹੋ ਕੇ ਉਹਦੀਆਂ ਬਾਂਹਾਂ ਵੱਢ ਦਿੱਤੀਆਂ ਗਈਆਂ ਤੇ ਫੇਰ ਬਾਕੀ ਸਰੀਰ ਦੇ ਵੀ ਟੁਕੜੇ ਕਰ ਦਿੱਤੇ ਗਏ।

ਅਗਲੇ ਦਿਨ, 18 ਜਨਵਰੀ ਨੂੰ ਬਾਕੀ 16 ਨਾਮਧਾਰੀ ਵੀ ਤੋਪਾਂ ਨਾਲ ਉਡਾ ਦਿੱਤੇ ਗਏ ਜਿਨ੍ਹਾਂ ਵਿਚ ਮੇਰੇ ਪਿੰਡ ਪਿੱਥੋ ਦਾ ਨੌਜਵਾਨ ਹੀਰਾ ਸਿੰਘ ਵੀ ਸੀ। ਜੇ ਉਹਦੀ ਕੋਈ ਲਾਸ਼ ਹੁੰਦੀ,ਉਹ ਵੀ ਪਿੰਡ ਲਿਜਾ ਕੇ ਸ਼ਾਇਦ ਉਸੇ ਥਾਂ ਸਸਕਾਰੀ ਜਾਂਦੀ। ਇਤਿਹਾਸਕਾਰ ਸੁਵਰਨ ਸਿੰਘ ਵਿਰਕ ਦਸਦੇ ਹਨ ਕਿ ਤੋਪਾਂ ਦੇ ਉਡਾਏ ਸਰੀਰਾਂ ਦੇ ਦੂਰ-ਦੂਰ ਤੱਕ ਖਿੰਡੇ ਟੁਕੜਿਆਂ ਨੂੰ ਚੁਗ-ਹੂੰਝ ਕੇ ਨੇੜੇ ਦੇ ਇਕ ਖੂਹ ਵਿਚ ਸੁੱਟਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਉਸ ਖੂਹ ਨੂੰ ਮਿੱਟੀ ਨਾਲ ਪੂਰ ਕੇ ਉਹਦੀ ਹੋਂਦ ਅਨਹੋਂਦੀ ਬਣਾ ਦਿੱਤੀ ਗਈ। ਹੁਣ ਇਹਨਾਂ 66 ਸ਼ਹੀਦਾਂ ਦੀ ਯਾਦ ਵਿਚ ਮਾਲੇਰਕੋਟਲਾ ਵਿਖੇ 66 ਫੁੱਟ ਉੱਚਾ ਖੰਡਾ ਸਿਰਜਿਆ ਗਿਆ ਹੈ ਜਿਸ ਵਿਚ ਤੋਪ ਦੇ 66 ਗੋਲ਼ਿਆਂ ਦੀਆਂ ਪ੍ਰਤੀਕ 66 ਮੋਰੀਆਂ ਹਨ।

ਅੰਗਰੇਜ਼ਾਂ ਨੇ ਆਮ ਲੋਕਾਂ ਨੂੰ ਸਰਕਾਰ ਦਾ ਵਿਰੋਧ ਕਰਨ ਵਾਲਿਆਂ ਦੇ ਭਿਆਨਕ ਹਸ਼ਰ ਦਾ ਸੁਨੇਹਾ ਤਾਂ ਦੇਣਾ ਹੀ ਚਾਹਿਆ, ਮੌਕੇ ਦਾ ਇਕ ਹੋਰ ਵੱਡਾ ਲਾਹਾ ਵੀ ਲੈ ਲਿਆ। ਸਿੱਖ ਰਾਜ ਦੇ ਖ਼ਾਤਮੇ ਮਗਰੋਂ ਉਸ ਦੇ ਛੋਟੇ-ਵੱਡੇ ਕਰਤਿਆਂ-ਧਰਤਿਆਂ ਦੀ ਪਾਟੋਧਾੜ ਨੇ ਪੰਜਾਬੀ ਲੋਕਾਂ ਨੂੰ ਪੂਰੀ ਤਰ੍ਹਾਂ ਬੇਦਿਲ ਕਰ ਦਿੱਤਾ ਸੀ। ਇਸ ਨਿਰਾਸ਼ਾਜਨਕ ਮਾਹੌਲ ਵਿਚ ਪੰਜਾਬੀਆਂ ਦੇ ਆਗੂ ਵਜੋਂ ਸਤਿਗੁਰੂ ਰਾਮ ਸਿੰਘ ਆਸ ਦੀ ਕਿਰਨ ਬਣ ਕੇ ਉੱਭਰੇ। ਇਹ ਤੱਥ ਜਾਣਦਿਆਂ ਫ਼ਿਕਰਮੰਦ ਅੰਗਰੇਜ਼ ਕਾਫ਼ੀ ਸਮੇਂ ਤੋਂ ਇਸ ਭਵਿੱਖੀ ਖ਼ਤਰੇ ਨੂੰ ਹੋਰ ਵਧਣ ਤੋਂ ਪਹਿਲਾਂ ਹੀ ਖ਼ਤਮ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ। ਸਤਿਗੁਰੂ ਜੀ ਨੂੰ ਰਾਇਕੋਟ ਦੇ ਮੁਕੱਦਮੇ ਵਿਚ ਵੀ ਪੁੱਛ-ਪੜਤਾਲ ਲਈ ਬੁਲਾਇਆ ਗਿਆ ਸੀ, ਪਰ ਅੰਗਰੇਜ਼ਾਂ ਨੂੰ ਕੋਈ ਬਹਾਨਾ ਨਹੀਂ ਸੀ ਮਿਲ ਸਕਿਆ ਕਿਉਂਕਿ ਦੋਸ਼ੀ ਭੈਣੀ ਸਾਹਿਬ ਹੋ ਕੇ ਨਹੀਂ ਸਨ ਆਏ। ਹੁਣ ਮਾਲੇਰਕੋਟਲੇ ਪਹੁੰਚਿਆ ਸਾਰਾ ਜਥਾ ਤੁਰਿਆ ਹੀ ਭੈਣੀ ਸਾਹਿਬ ਤੋਂ ਸੀ। ਸਤਿਗੁਰੂ ਰਾਮ ਸਿੰਘ ਨੂੰ 17 ਜਨਵਰੀ ਦੀ ਰਾਤ ਨੂੰ ਹੀ ਬੰਦੀ ਬਣਾ ਕੇ ਅਗਲੇ ਦਿਨ ਅਲਾਹਾਬਾਦ ਭੇਜ ਦਿੱਤਾ ਗਿਆ ਤੇ ਅੰਤ ਨੂੰ ਮਾਰਚ 1872 ਵਿਚ ਰੰਗੂਨ ਭੇਜ ਕੇ ਪੰਜਾਬੀਆਂ ਨਾਲ ਉਹਨਾਂ ਦਾ ਕੋਈ ਸੰਪਰਕ ਲਗਭਗ ਅਸੰਭਵ ਬਣਾ ਦਿੱਤਾ ਗਿਆ।
ਸੰਪਰਕ: 011-42502364

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All