ਅੰਤਰ-ਸਾਮਰਾਜੀ ਭੇੜ ’ਚ ਲਮਕਦੀ ਯੂਕਰੇਨ ਜੰਗ
ਮਨਦੀਪ ਬੀਤੇ ਚਾਰ ਵਰ੍ਹਿਆਂ ਤੋਂ ਯੂਕਰੇਨ ਜੰਗ ਸਾਮਰਾਜੀ ਧੜਿਆਂ ਦੇ ਆਪਸੀ ਟਕਰਾਅ ਦਾ ਕੇਂਦਰ ਬਣੀ ਹੋਈ ਹੈ ਅਤੇ ਇਹ ਜੰਗ ਬਿਨਾਂ ਕਿਸੇ ਸਪੱਸ਼ਟ ਫੌਜੀ-ਯੁੱਧਨੀਤਕ ਹੱਲ ਦੇ ਨਿਰੰਤਰ ਜਾਰੀ ਹੈ। ਪੱਛਮੀ ਤਾਕਤਾਂ ਨੇ ਯੂਕਰੇਨ ਨੂੰ ਮੂਹਰੇ ਲਾ ਕੇ ਰੂਸ ਨੂੰ ਘੇਰਨ...
ਮਨਦੀਪ
ਬੀਤੇ ਚਾਰ ਵਰ੍ਹਿਆਂ ਤੋਂ ਯੂਕਰੇਨ ਜੰਗ ਸਾਮਰਾਜੀ ਧੜਿਆਂ ਦੇ ਆਪਸੀ ਟਕਰਾਅ ਦਾ ਕੇਂਦਰ ਬਣੀ ਹੋਈ ਹੈ ਅਤੇ ਇਹ ਜੰਗ ਬਿਨਾਂ ਕਿਸੇ ਸਪੱਸ਼ਟ ਫੌਜੀ-ਯੁੱਧਨੀਤਕ ਹੱਲ ਦੇ ਨਿਰੰਤਰ ਜਾਰੀ ਹੈ। ਪੱਛਮੀ ਤਾਕਤਾਂ ਨੇ ਯੂਕਰੇਨ ਨੂੰ ਮੂਹਰੇ ਲਾ ਕੇ ਰੂਸ ਨੂੰ ਘੇਰਨ ਲਈ ਜੰਗ ਦੇ ਜੋ ਹਾਲਾਤ ਪੈਦਾ ਕੀਤੇ ਹਨ, ਉਸ ਨੇ ਸਮੁੱਚੀ ਆਲਮੀ ਆਰਥਿਕਤਾ ਤੇ ਭੂ-ਸਿਆਸਤ ਦਾ ਮੁਹਾਂਦਰਾ ਬਦਲ ਦਿੱਤਾ ਹੈ। ਇਸ ਲਮਕਵੀਂ ਜੰਗ ਨੇ ਨਵੇਂ ਟਕਰਾਅ ਅਤੇ ਵਿਰੋਧਾਂ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ। ਯੂਕਰੇਨ ਜੰਗ ਸਬੰਧੀ ਅਮਰੀਕੀ ਅਤੇ ਯੂਰਪੀ ਤਾਕਤਾਂ ਦੀ ਨੀਤੀ ਦੇ ਵਖਰੇਵਿਆਂ ਕਾਰਨ ਪੱਛਮੀ ਧੜੇ ਵਿੱਚ ਤਰੇੜਾਂ ਦਿਖਾਈ ਦੇ ਰਹੀਆਂ ਹਨ।
ਨਵੀਂ ਵਿਸ਼ਵ ਵਿਵਸਥਾ ਦੇ ਸਮਤੋਲ ਨੂੰ ਬਣਾਈ ਰੱਖਣ ਲਈ ਰੂਸ, ਚੀਨ, ਅਮਰੀਕਾ ਸਮੇਤ ਪੁਰਾਣੀਆਂ ਰਵਾਇਤੀ ਸਾਮਰਾਜੀ ਤਾਕਤਾਂ ਵੀ ਪੱਬਾਂ ਭਾਰ ਹਨ। ਇਨ੍ਹਾਂ ਜੰਗੀ ਤਾਕਤਾਂ ਵੱਲੋਂ ਸੰਸਾਰ ਉੱਤੇ ਆਰਥਿਕ, ਸਿਆਸੀ ਤੇ ਫੌਜੀ ਦਬਦਬਾ ਬਣਾਈ ਰੱਖਣ ਲਈ ਵਿਸ਼ਵ ਸ਼ਾਂਤੀ ਬਹਾਨੇ ਤੀਜੀ ਸੰਸਾਰ ਜੰਗ ਦਾ ਭੈਅ ਪੈਦਾ ਕੀਤਾ ਜਾ ਰਿਹਾ ਹੈ। ਅਮਰੀਕਾ ਅਤੇ ਉਸ ਦੇ ਪੱਛਮੀ ਭਾਈਵਾਲ ਇਸ ਜੰਗ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਵਿੱਚੋਂ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ। ਇਸ ਜੰਗ ਵਿੱਚ ਰੂਸ ਉੱਤੇ ਪਾਬੰਦੀਆਂ, ਜੰਗ ਵਿੱਚ ਜਾਨੀ ਨੁਕਸਾਨ ਅਤੇ ਫੌਜੀ ਆਰਥਿਕ ਖ਼ਰਚੇ ਕਾਰਨ ਬਹੁਤ ਨੁਕਸਾਨ ਹੋਇਆ ਹੈ, ਪਰ ਇਸਦੇ ਬਾਵਜੂਦ ਪੂਤਿਨ ਦੇ ਹੌਸਲੇ ਬੁਲੰਦ ਹਨ ਅਤੇ ਉਹ ਯੂਕਰੇਨ ਉੱਤੇ ਤੇਜ਼ ਹਮਲਿਆਂ ਦੇ ਨਾਲ-ਨਾਲ ਯੂਰਪੀ ਲੀਡਰਾਂ ਨੂੰ ‘ਨੰਨ੍ਹੇ ਸੂਰ’ ਆਖ ਕੇ ਘੁਰਕੀਆਂ ਦੇ ਰਿਹਾ ਹੈ। ਘਬਰਾਹਟ ’ਚ ਆਏ ਨਾਟੋ ਚੀਫ ਮਾਰਕ ਰੱਟ, ਡੋਨਾਲਡ ਟਰੰਪ, ਯੂਰਪੀ ਲੀਡਰ ਤੀਜੀ ਸੰਸਾਰ ਜੰਗ ਦੀਆਂ ਬਿਆਨਬਾਜ਼ੀਆਂ ਕਰ ਰਹੇ ਹਨ ਤੇ ਕਸੂਤਾ ਫਸਿਆ ਜ਼ੇਲੈਂਸਕੀ ਸੰਸਾਰ ਭਰ ਦੇ ਮੁਲਕਾਂ ਤੋਂ ਮਦਦ ਮੰਗ ਰਿਹਾ ਹੈ। ਰੂਸ ਨੇ ਯੂਕਰੇਨੀ ਊਰਜਾ ਬੁਨਿਆਦੀ ਢਾਂਚੇ ’ਤੇ ਹਵਾਈ ਹਮਲੇ ਕਰਕੇ ਖਾਰਕੀਵ ਦੀਆਂ ਪ੍ਰਮੁੱਖ ਊਰਜਾ ਸਹੂਲਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਰੂਸ ਨੇ ਹੁਣ ਤੱਕ ਯੂਕਰੇਨ ਦੇ ਲਗਭਗ 20% ਖੇਤਰ ਉੱਤੇ ਕਬਜ਼ਾ ਕਰ ਲਿਆ ਹੈ, ਜਿਸ ਵਿੱਚ ਕਰੀਮੀਆ, ਡੋਨਬਾਸ, ਜੈਪਰਜੀਆ ਅਤੇ ਯੂਕਰੇਨ ਦੇ ਦੱਖਣੀ ਖੇਤਰ ਦਾ ਮਹੱਤਵਪੂਰਨ ਹਿੱਸਾ ਸ਼ਾਮਲ ਹੈ। ਇਹ ਜੰਗੀ ਕਵਾਇਦ ਰੂਸ ਦੇ ਪੁਨਰ-ਉਭਾਰ ਅਤੇ ਰੂਸੀ ਸਾਮਰਾਜ ਦੁਆਰਾ ਸੋਵੀਅਤ ਯੁੱਗ ਦੇ ਖੇਤਰਾਂ ਨੂੰ ਮੁੜ ਹਾਸਲ ਕਰਨ ਦੀਆਂ ਹਸਰਤਾਂ ਦੀ ਪੁਸ਼ਟੀ ਕਰਦੀ ਹੈ। ਜਿੱਥੇ ਇਸ ਜੰਗ ਨੇ ਰੂਸੀ ਸਾਮਰਾਜ ਦੀ ਫੌਜੀ ਤਾਕਤ ਦੀ ਚੜ੍ਹਤ ਨੂੰ ਉਭਾਰਿਆ, ਉੱਥੇ ਦੂਜੇ ਪਾਸੇ ਸਾਮਰਾਜੀ ਜੰਗੀ ਝਗੜਿਆਂ ਤੋਂ ਦੂਰ ਰਹਿ ਰਹੇ ਚੀਨ ਨੂੰ ਆਪਣੀ ਮਜ਼ਬੂਤੀ ਲਈ ਮੌਕਾ ਪ੍ਰਦਾਨ ਹੋਇਆ ਹੈ। ਉੱਧਰ ਟਰੰਪ ਪ੍ਰਸ਼ਾਸਨ ਲਈ ਚੀਨ ਮੁੱਖ ਚੁਣੌਤੀ ਹੋਣ ਕਰਕੇ ਟਰੰਪ ਨੇ ਸੱਤਾ ’ਚ ਆਉਣ ਤੋਂ ਤੁਰੰਤ ਬਾਅਦ ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਵਾਉਣ ਲਈ ਬਿਆਨਬਾਜ਼ੀਆਂ ਅਤੇ ਵਾਰਤਾਵਾਂ ਆਰੰਭ ਕਰ ਦਿੱਤੀਆਂ ਜੋ ਲਗਾਤਾਰ ਬੇਸਿੱਟਾ ਸਾਬਤ ਹੋ ਰਹੀਆਂ ਹਨ। ਟਰੰਪ-ਪੂਤਿਨ ਤਿੰਨ ਵਾਰਤਾਵਾਂ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੁਆਰਾ ਆਪਣੇ ਕੂਟਨੀਤਕ ਯਤਨਾਂ ਤਹਿਤ ਸ਼ਾਂਤੀ ਵਾਰਤਾ ਦਾ ਇੱਕ 28 ਨੁਕਾਤੀ ਪ੍ਰਸਤਾਵ ਪੇਸ਼ ਕੀਤਾ ਗਿਆ, ਪਰ ਰੂਸ ਨੇ ਇਸ ਦੇ ਮੁਕਾਬਲੇ 20 ਨੁਕਾਤੀ ਪ੍ਰਸਤਾਵ ਪੇਸ਼ ਕਰਕੇ ਟਰੰਪ ਦੇ ਦਲਾਲਚੀ ਪ੍ਰਸਤਾਵ ਨੂੰ ਟਾਲ ਦਿੱਤਾ। ਅਮਰੀਕੀ ਪ੍ਰਸਤਾਵ ਵਿੱਚ ਤੁਰੰਤ ਜੰਗਬੰਦੀ, ਅਮਰੀਕੀ ਨਿਗਰਾਨੀ ਹੇਠ ਯੂਕਰੇਨ ਅਤੇ ਰੂਸ ਵਿਚਕਾਰ ਸਿੱਧੀ ਗੱਲਬਾਤ, ਕਰੀਮੀਆ ਅਤੇ ਪੂਰਬੀ ਯੂਕਰੇਨ ਦੇ ਕੁਝ ਹਿੱਸੇ ਅਸਥਾਈ ਤੌਰ ’ਤੇ ਰੂਸੀ ਨਿਯੰਤਰਣ ਅਧੀਨ ਰਹਿਣ ਦੇਣ ਦਾ ਖੇਤਰੀ ਸਮਝੌਤਾ, ਯੂਕਰੇਨ ਨੂੰ ਨਾਟੋ ਵਿੱਚੋਂ ਬਾਹਰ ਰੱਖਣ, ਰੂਸ ਨੂੰ ਪਾਬੰਦੀਆਂ ਤੋਂ ਰਾਹਤ ਦੇਣ, ਯੂਕਰੇਨ ਦੀ ਸੁਰੱਖਿਆ ਅਤੇ ਪੁਨਰ ਨਿਰਮਾਣ ਦਾ ਬੋਝ ਯੂਰਪ ਉੱਤੇ ਲੱਦਣ ਆਦਿ ਜ਼ਰੂਰੀ ਨੁਕਤੇ ਸ਼ਾਮਲ ਸਨ। ਅਮਰੀਕਾ ਨੇ ਆਪਣੀ ਨਵੀਂ ਕੌਮੀ ਸੁਰੱਖਿਆ ਰਣਨੀਤੀ ਤਹਿਤ ਕਈ ਮਹੱਤਵਪੂਰਨ ਬਦਲਾਅ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਚੀਨ ਨੂੰ ਮੁੱਖ ਵਿਰੋਧੀ, ਖ਼ਤਰਾ ਤੇ ਮੁਕਾਬਲੇਬਾਜ਼ ਤਾਕਤ ਮੰਨ ਕੇ ਉਸ ’ਤੇ ਧਿਆਨ ਕੇਂਦਰਿਤ ਕਰਨਾ ਪ੍ਰਮੁੱਖ ਰਣਨੀਤਕ ਮੋੜ ਹੈ। ਅਮਰੀਕਾ ਲੰਬੇ ਸਮੇਂ ਦੇ ਵਿੱਤੀ ਅਤੇ ਫੌਜੀ ਬੋਝ ਨੂੰ ਘਟਾਉਣ ਲਈ ਇਸ ਜੰਗ ਨੂੰ ਜਲਦੀ ਖ਼ਤਮ ਕਰਕੇ, ਗਲੋਬਲ ਵਪਾਰਕ ਰੁਕਾਵਟਾਂ ਦੂਰ ਕਰਕੇ ਅਤੇ ਊਰਜਾ ਕੀਮਤਾਂ ਘਟਾ ਕੇ ਚੀਨ ਅਤੇ ਘਰੇਲੂ ਅਰਥਵਿਵਸਥਾ ’ਤੇ ਮੁੜ ਧਿਆਨ ਕੇਂਦਰਿਤ ਕਰਨ ਵੱਲ ਵੱਧ ਰਿਹਾ ਹੈ। ਇਸ ਜ਼ਾਵੀਏ ਤੋਂ ਇਹ ਪ੍ਰਸਤਾਵ ਵਿਸ਼ਵ-ਸ਼ਾਂਤੀ ਤੇ ਨਿਆਂ ਦੀ ਬਜਾਏ ਸਾਮਰਾਜੀ ਤਾਕਤਾਂ ਦੀ ਆਪਸੀ ਸੌਦੇਬਾਜ਼ੀ, ਸਾਮਰਾਜੀ ਮੁਕਾਬਲੇਬਾਜ਼ੀ ਅਤੇ ਸੰਸਾਰ ਚੌਧਰ ਸਥਾਪਤ ਕਰਨ ਦਾ ਸਾਧਨ ਹੈ ਜੋ ਕਿ ਸਾਮਰਾਜੀ ਦੌਰ ਦੀਆਂ ਜੰਗਾਂ ਦਾ ਢਾਂਚਾਗਤ ਹੱਲ ਨਹੀਂ ਬਲਕਿ ਸਾਮਰਾਜੀ ਮੁਕਾਬਲੇਬਾਜ਼ੀ ਦਾ ਸਿੱਟਾ ਹੈ। ਟਰੰਪ ਦੀ ‘28 ਨੁਕਾਤੀ ਸ਼ਾਂਤੀ ਯੋਜਨਾ’ ਸਾਮਰਾਜੀ ਤਾਕਤਾਂ ਵਿਚਕਾਰ ਇੱਕ ਅਜਿਹਾ ਸਮਝੌਤਾ ਹੈ ਜਿਸ ਦਾ ਉਦੇਸ਼ ਵਿਸ਼ਵ ਪੂੰਜੀਵਾਦ ਨੂੰ ਪੈਰਾਂ-ਸਿਰ ਕਰਨਾ ਹੈ।
ਇਹ ਜੰਗ ਸਾਮਰਾਜੀ ਦੇਸ਼ਾਂ ਦੀਆਂ ਹਥਿਆਰ ਕੰਪਨੀਆਂ, ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਅਤੇ ਸਾਮਰਾਜੀ ਵਿੱਤੀ ਸੰਸਥਾਵਾਂ ਲਈ ਮੁਨਾਫ਼ੇ ਦਾ ਵੱਡਾ ਵਪਾਰਕ ਕੇਂਦਰ ਹੈ। ਇਸ ਲਈ ਇਹ ਸ਼ਾਂਤੀ ਪ੍ਰਸਤਾਵ ਅੰਤਰ-ਸਾਮਰਾਜੀ ਸਮਝੌਤੇ ਅਤੇ ਥੋਪੀ ਹੋਈ ਸ਼ਾਂਤੀ ਦਾ ਅਸਥਾਈ ਪ੍ਰਸਤਾਵ ਹੈ। ਇਸ ਜੰਗ ਵਿੱਚੋਂ ਯੂਕਰੇਨੀ ਹਾਕਮਾਂ ਤੇ ਧੰਨਕੁਬੇਰਾਂ ਨੇ ਭ੍ਰਿਸ਼ਟਾਚਾਰ ਰਾਹੀਂ, ਰੂਸ ਨੇ ਖੇਤਰੀ ਲਾਹੇ ਅਤੇ ਸਾਮਰਾਜੀ ਵਿਸਥਾਰ ਰਾਹੀਂ ਅਤੇ ਅਮਰੀਕਾ ਨੇ ਹਥਿਆਰਾਂ ਦੀ ਵਿਕਰੀ, ਵਿੱਤੀ ਤੇ ਵਪਾਰਕ ਸਮਝੌਤਿਆਂ (ਧਰਤੀ ਦੇ ਦੁਰਲੱਭ ਸਰੋਤਾਂ ਦਾ ਸਮਝੌਤਾ) ਰਾਹੀਂ ਖੂਬ ਮੁਨਾਫ਼ਾ ਬਟੋਰਿਆ ਹੈ। ਇਸ ਅਮਰੀਕੀ ਸ਼ਾਂਤੀ ਪ੍ਰਸਤਾਵ ਦੇ ਢਕਵੰਜ ਦੇ ਬਾਵਜੂਦ ਜੰਗੀ ਹਿੰਸਾ ਬੇਰੋਕ ਜਾਰੀ ਹੈ। ਓਡੇਸਾ ’ਤੇ ਰੂਸੀ ਹਮਲੇ ਵਿੱਚ ਆਮ ਨਾਗਰਿਕ ਮਾਰੇ ਜਾ ਰਹੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਦੋਵੇਂ ਧਿਰਾਂ ਹਕੀਕੀ ਤੌਰ ’ਤੇ ਆਪਣੀਆਂ ਰਣਨੀਤਕ ਸ਼ਰਤਾਂ ਨੂੰ ਛੱਡੇ ਬਿਨਾਂ ਸ਼ਾਂਤੀ ਅਤੇ ਹਿੰਸਾ ਦੀ ਦੋਹਰੀ ਕੂਟਨੀਤੀ ਉੱਤੇ ਚੱਲ ਰਹੀਆਂ ਹਨ ਤੇ ਇਸ ਅਖੌਤੀ ਸ਼ਾਂਤੀ ਦੇ ਰੌਲੇ-ਰੱਪੇ ਦੀ ਥਾਂ ਟਕਰਾਅ ਹੋਰ ਤਿੱਖਾ ਹੋ ਰਿਹਾ ਹੈ।
ਯੂਕਰੇਨ, ਕ੍ਰੀਮੀਆ ਅਤੇ ਡੋਨਬਾਸ ਸਮੇਤ ਰੂਸੀ ਕਬਜ਼ੇ ਵਾਲੇ ਖੇਤਰਾਂ ਤੋਂ ਰੂਸੀ ਫੌਜਾਂ ਦੀ ਵਾਪਸੀ, ਆਪਣੀਆਂ ਸਰਹੱਦਾਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਬਹਾਲੀ, ਬਹੁਪੱਖੀ ਭਰੋਸਿਆਂ ਤਹਿਤ ਭਵਿੱਖ ਦੇ ਹਮਲਿਆਂ ਤੋਂ ਸੁਰੱਖਿਆ ਗਾਰੰਟੀ, ਯੂਕਰੇਨ ਜੰਗ ਦੇ ਨੁਕਸਾਨਾਂ ਲਈ ਮੁਆਵਜ਼ਾ, ਯੁੱਧ ਅਪਰਾਧਾਂ ਲਈ ਜਵਾਬਦੇਹੀ ਅਤੇ ਦੇਸ਼-ਨਿਕਾਲਾ ਦਿੱਤੇ ਗਏ ਨਾਗਰਿਕਾਂ ਤੇ ਬੱਚਿਆਂ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ। ਬੁਨਿਆਦੀ ਤੌਰ ’ਤੇ ਯੂਕਰੇਨ ਚਾਹੁੰਦਾ ਹੈ ਕਿ ਰੂਸ, ਯੂਕਰੇਨ ਨੂੰ ਇੱਕ ਸੁਤੰਤਰ, ਪ੍ਰਭੂਸੱਤਾ ਸਪੰਨ ਰਾਜ ਵਜੋਂ ਮਾਨਤਾ ਦੇਵੇ ਜਿਸ ਕੋਲ ਬਾਹਰੀ ਦਬਾਅ ਤੋਂ ਬਿਨਾਂ ਆਪਣੇ ਰਾਜਨੀਤਕ, ਆਰਥਿਕ ਅਤੇ ਫੌਜੀ ਸਹਿਯੋਗੀ ਚੁਣਨ ਦਾ ਅਧਿਕਾਰ ਹੋਵੇ। ਦੂਜੇ ਪਾਸੇ ਰੂਸ, ਯੂਕਰੇਨ ਤੋਂ ਨਾਟੋ ਮੈਂਬਰਸ਼ਿਪ ਤੋਂ ਬਾਹਰ ਰਹਿਣ, ਕ੍ਰੀਮੀਆ ਤੇ ਪੂਰਬੀ ਯੂਕਰੇਨ ਦੇ ਕੁਝ ਹਿੱਸਿਆਂ ਉੱਤੇ ਰੂਸ ਦੇ ਪ੍ਰਭਾਵ ਨੂੰ ਸਵੀਕਾਰ ਕਰਨ ਅਤੇ ਯੂਕਰੇਨ ਦੀਆਂ ਫੌਜੀ ਸਮਰੱਥਾਵਾਂ ’ਤੇ ਸੀਮਾਵਾਂ ਦੀ ਗਰੰਟੀ ਚਾਹੁੰਦਾ ਹੈ। ਨਾਲ ਹੀ ਰੂਸ ਪੱਛਮੀ ਤਾਕਤਾਂ ਦੁਆਰਾ ਨਾਟੋ ਦੇ ਪੂਰਬ ਵੱਲ ਵਿਸਥਾਰ ਨੂੰ ਰੋਕਣ ਅਤੇ ਆਰਥਿਕ ਪਾਬੰਦੀਆਂ ਹਟਾਉਣ ਦੀ ਮੰਗ ਕਰਕੇ ਆਪਣੀ ਖੇਤਰੀ ਸਰਦਾਰੀ ਨੂੰ ਕਾਇਮ ਰੱਖਣ ਦਾ ਚਾਹਵਾਨ ਹੈ। ਰੂਸ, ਨਾਟੋ ਦੇ ਪੂਰਬ ਵੱਲ ਵਾਧੇ ਨੂੰ ਬੰਨ੍ਹ ਮਾਰ ਕੇ ਆਪਣੀ ਰਾਸ਼ਟਰੀ ਸੁਰੱਖਿਆ ਲਈ ਬਫਰ ਜ਼ੋਨ ਸਿਰਜਣਾ ਚਾਹੁੰਦਾ ਹੈ।
ਇਸ ਬਹੁ-ਧਰੁਵੀ ਖੇਡ ਵਿੱਚ ਅਮਰੀਕੀ ਸਾਮਰਾਜ ਯੂਕਰੇਨੀ ਪ੍ਰਭੂਸੱਤਾ ਦੀ ਬਜਾਏ ਵਿਸ਼ਵਵਿਆਪੀ ਸਰਦਾਰੀ ਬਣਾਈ ਰੱਖਣ ਅਤੇ ਅੰਤਰ-ਸਾਮਰਾਜੀ ਦੁਸ਼ਮਣੀ ਨੂੰ ਆਪਣੇ ਹਿੱਤਾਂ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਸਾਮਰਾਜ ਪ੍ਰੌਕਸੀ ਜੰਗ ਤਹਿਤ ਰੂਸ ਨੂੰ ਇੱਕ ਲੰਮੀ ਜੰਗ ਵਿੱਚ ਫਸਾਉਣ, ਇਸ ਦੀ ਫੌਜੀ ਸਮਰੱਥਾ ਨੂੰ ਘਟਾਉਣ, ਯੂਰਪ ਅਤੇ ਗਲੋਬਲ ਦੱਖਣ ਵਿੱਚ ਇਸ ਦੇ ਪ੍ਰਭਾਵ ਨੂੰ ਸੀਮਤ ਕਰਕੇ ਰਣਨੀਤਕ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਕਰਨਾ ਚਾਹੁੰਦਾ ਸੀ, ਪ੍ਰੰਤੂ ਬਦਲਦੇ ਸੰਸਾਰ ਸਮੀਕਰਨਾਂ ਤਹਿਤ ਉਸ ਲਈ ਰੂਸ ਨਾਲੋਂ ਵੱਡੀ ਚੁਣੌਤੀ ਚੀਨ ਹੋਣ ਕਰਕੇ ਅਮਰੀਕਾ ਇਸ ਜੰਗ ਦੇ ਬੋਝ ਤੋਂ ਮੁਕਤ ਹੋਣਾ ਚਾਹੁੰਦਾ ਹੈ। ਭਾਵੇਂ ਕਿ ਅਮਰੀਕਾ ਨਾਟੋ ਨੂੰ ਮੁੜ ਸੁਰਜੀਤ ਕਰਕੇ, ਅਮਰੀਕੀ ਫੌਜੀ ਸੁਰੱਖਿਆ, ਹਥਿਆਰਾਂ ਅਤੇ ਊਰਜਾ ’ਤੇ ਯੂਰਪੀਅਨ ਨਿਰਭਰਤਾ ਵਧਾ ਕੇ ਯੂਰਪ ਉੱਤੇ ਅਮਰੀਕੀ ਸਰਦਾਰੀ ਨੂੰ ਮੁੜ ਸਥਾਪਿਤ ਵੀ ਕਰਨਾ ਚਾਹੁੰਦਾ ਹੈ, ਪਰ ਉਹ ਸਾਮਰਾਜੀ ਅੰਤਰ-ਵਿਰੋਧਾਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਉਹ ਆਪਣੇ ਬੁਨਿਆਦੀ ਰਵਾਇਤੀ ਏਜੰਡੇ ਅਨੁਸਾਰ ਫੌਜੀ-ਉਦਯੋਗਿਕ ਕੰਪਲੈਕਸ ਦਾ ਵਿਸਤਾਰ ਕਰਕੇ ਅਤੇ ਨਵਉਦਾਰਵਾਦੀ ਵਿਸ਼ਵ ਵਿਵਸਥਾ ਨੂੰ ਕਾਇਮ ਰੱਖ ਕੇ ਅਮਰੀਕਾ ਦੀ ਅਗਵਾਈ ਵਾਲੀ ਵਿਸ਼ਵ ਵਿਵਸਥਾ ਨੂੰ ਚੁਣੌਤੀ-ਰਹਿਤ ਕਰਨ ਦਾ ਵੀ ਇਛੁੱਕ ਹੈ।
ਯੂਕਰੇਨ ਯੁੱਧ ਵਿੱਚ ਯੂਰਪੀ ਸੰਘ ਅਤੇ ਹੋਰ ਅਮਰੀਕੀ ਪੱਛਮੀ ਸਹਿਯੋਗੀਆਂ ਦੇ ਆਪਣੇ ਹਿੱਤ ਹਨ। ਯੂਰਪੀ ਸੰਘ ਦੇ ਜ਼ਿਆਦਾਤਰ ਦੇਸ਼ ਰੂਸ ਨੂੰ ਰੋਕਣ ਅਤੇ ਆਪਣੀ ਕਮਜ਼ੋਰ ਸੁਤੰਤਰ ਰੱਖਿਆ ਸਮਰੱਥਾ ਦੀ ਭਰਪਾਈ ਕਰਨ ਲਈ ਯੁੱਧ ਦਾ ਸਮਰਥਨ ਕਰਦੇ ਹਨ ਜਿਸ ਨਾਲ ਉਸ ਦੀ ਅਮਰੀਕੀ ਫੌਜੀ ਸ਼ਕਤੀ ’ਤੇ ਨਿਰਭਰਤਾ ਹੋਰ ਵਧ ਰਹੀ ਹੈ। ਯੂਰਪੀ ਸੰਘ ਅਤੇ ਹੋਰ ਅਮਰੀਕੀ ਪੱਛਮੀ ਸਹਿਯੋਗੀ ਲੁੱਟ-ਖਸੁੱਟ ਦੇ ਸੰਸਾਰ ਸਾਮਰਾਜੀ ਪ੍ਰਾਜੈਕਟ ਦੇ ਭਾਈਵਾਲ ਹਨ ਜੋ ਸੁਰੱਖਿਆ ਗਾਰੰਟੀਆਂ ਅਤੇ ਪੱਛਮੀ ਪੂੰਜੀਵਾਦੀ ਵਿਵਸਥਾ ਦੇ ਏਕੀਕਰਨ ਬਦਲੇ ਆਪਣੀਆਂ ਆਰਥਿਕ ਲਾਗਤਾਂ ਅਤੇ ਰਣਨੀਤਕ ਖੁਦਮੁਖਤਿਆਰੀ ਗੁਆ ਰਹੇ ਹਨ। ਉੱਧਰ ਟਰੰਪ ਦੀ ਵਿਦੇਸ਼ ਨੀਤੀ ਦੇ ਉਤਰਾਅ-ਚੜ੍ਹਾਅ ਨੇ ਅਮਰੀਕੀ ਭਰੋਸੇਯੋਗਤਾ ਨੂੰ ਘਟਾ ਦਿੱਤਾ ਹੈ ਜਿਸ ਨਾਲ ਯੂਰਪੀ ਸੰਘ ਰਣਨੀਤਕ ਖੁਦਮੁਖਤਿਆਰੀ ਬਾਰੇ ਦੁਚਿੱਤੀ ਵਿੱਚ ਫਸ ਗਿਆ ਹੈ।
ਰੂਸ-ਯੂਕਰੇਨ ਜੰਗ ਸਬੰਧੀ ਚੀਨ ਦੀ ਭੂਮਿਕਾ ਕੂਟਨੀਤਕ ਤੇ ਗੁੰਝਲਦਾਰ ਹੈ। ਚੀਨ, ਨਾਟੋ ਵਾਂਗ ਖੁੱਲ੍ਹ ਕੇ ਰੂਸ ਦੀ ਮਦਦ ਲਈ ਸਾਹਮਣੇ ਨਹੀਂ ਆ ਰਿਹਾ, ਪਰ ਉਹ ਪੱਛਮੀ ਖੇਮੇ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਆਪਣੇ ਵਪਾਰਕ ਵਿਸਤਾਰ ਨੂੰ ਲਗਾਤਾਰ ਵਧਾਉਂਦਾ ਆ ਰਿਹਾ ਹੈ। ਚੀਨ ਨੇ ਰੂਸ ਨੂੰ ਵੱਡੇ ਪੈਮਾਨੇ ’ਤੇ ਘਾਤਕ ਹਥਿਆਰਾਂ ਦੀ ਸਪਲਾਈ ਨਹੀਂ ਕੀਤੀ, ਪਰ ਵਪਾਰ, ਊਰਜਾ ਅਤੇ ਸਾਂਝੇ ਤਕਨਾਲੋਜੀ ਉੱਦਮਾਂ ਤਹਿਤ ਉਸ ਨੇ ਜੰਗੀ ਆਰਥਿਕਤਾ ਵਿੱਚ ਰੂਸ ਦੀ ਖੂਬ ਮਦਦ ਕੀਤੀ ਜਿਸ ਨੇ ਰੂਸ ਉੱਤੇ ਪੱਛਮੀ ਪਾਬੰਦੀਆਂ ਨੂੰ ਬੇਅਸਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਚੀਨ ਜਨਤਕ ਤੌਰ ’ਤੇ ਜ਼ੁਬਾਨੀ-ਕਲਾਮੀ ਸ਼ਾਂਤੀ ਦੀ ਅਪੀਲ ਕਰਦਾ ਆ ਰਿਹਾ ਹੈ। ਚੀਨ ਨੇ ਰੂਸੀ ਮਦਦ ਨਾਲੋਂ ਜ਼ਿਆਦਾ ਯੂਰਪ, ਇੰਡੋ-ਪੈਸੀਫਿਕ ਅਤੇ ਤਾਈਵਾਨ ’ਤੇ ਆਪਣਾ ਧਿਆਨ ਕੇਂਦਰਿਤ ਰੱਖਿਆ ਹੋਇਆ ਹੈ।
ਸੰਸਾਰ ਪੱਧਰ ’ਤੇ ਇਸ ਜੰਗ ਦੇ ਵਿਆਪਕ ਪ੍ਰਭਾਵ ਪੈ ਰਹੇ ਹਨ। ਇਸ ਜੰਗ ਨੇ ਵਿਸ਼ਵਵਿਆਪੀ ਸਪਲਾਈ ਚੇਨ ਨੂੰ ਬੁਰੇ ਰੁਖ਼ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਭੋਜਨ ਪਦਾਰਥਾਂ, ਊਰਜਾ, ਖੇਤੀਬਾੜੀ ਅਤੇ ਮਹੱਤਵਪੂਰਨ ਖਣਿਜਾਂ ਵਿੱਚ ਲਗਾਤਾਰ ਮਹਿੰਗਾਈ ਵਧੀ ਹੈ ਤੇ ਭੋਜਨ ਸੁਰੱਖਿਆ ਦਾ ਸੰਕਟ ਖੜ੍ਹਾ ਹੋ ਰਿਹਾ ਹੈ। ਫ਼ਿਲਹਾਲ ਯੂਕਰੇਨ ਜੰਗ ਨੂੰ ਲੈ ਕੇ ਕੋਈ ਤ੍ਰੈਪੱਖੀ ਸਹਿਮਤੀ ਨਹੀਂ ਬਣ ਰਹੀ ਜਿਸ ਨਾਲ ਇਹ ਜੰਗ ਹੋਰ ਤਿੱਖੀ ਤੇ ਲਮਕ ਜਾਵੇਗੀ ਤੇ ਯੂਰਪ ਖ਼ਾਸਕਰ ਨਾਟੋ ਸਰਹੱਦਾਂ ਦੇ ਨੇੜੇ ਜੰਗੀ ਦਹਿਸ਼ਤ ਬਣੀ ਰਹੇਗੀ। ਫਰਵਰੀ 2022 ਵਿੱਚ ਰੂਸ ਦੇ ਯੂਕਰੇਨ ’ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸੀ ਕੇਂਦਰੀ ਬੈਂਕ ਦੇ ਵਿਦੇਸ਼ੀ ਭੰਡਾਰਾਂ ਅਤੇ ਹੋਰ ਸੰਪਤੀਆਂ ਦੇ ਲਗਭਗ 300 ਬਿਲੀਅਨ ਡਾਲਰ ਨੂੰ ਫਰੀਜ਼ ਕਰ ਦਿੱਤਾ ਸੀ। ਕੁਝ ਪੱਛਮੀ ਸਰਕਾਰਾਂ ਇਸ ਰੂਸੀ ਪੂੰਜੀ ਦਾ ਕੁਝ ਹਿੱਸਾ ਯੂਕਰੇਨ ਦੀ ਰੱਖਿਆ ਤੇ ਪੁਨਰ ਨਿਰਮਾਣ ਲਈ ਕਾਨੂੰਨੀ ਤੌਰ ’ਤੇ ਵਰਤਣ ’ਤੇ ਵਿਚਾਰ ਕਰ ਰਹੀਆਂ ਹਨ, ਪਰ ਇਸ ਰਕਮ ਦੇ ਵਿਆਜ ਨੂੰ ਯੂਕਰੇਨ ਨੂੰ ਮੁਹੱਇਆ ਕਰਨ ਉੱਤੇ ਪੱਛਮੀ ਦੇਸ਼ਾਂ ਦੀ ਸਹਿਮਤੀ ਬਣ ਰਹੀ ਹੈ ਜਿਸ ਨੂੰ ਰੂਸ ਬਰਦਾਸ਼ਤ ਨਹੀਂ ਕਰੇਗਾ। ਇਹ ਸੰਪਤੀਆਂ ਅੰਤਰਰਾਸ਼ਟਰੀ ਕਾਨੂੰਨ ਅਧੀਨ ਸੁਰੱਖਿਅਤ ਮੰਨੀਆਂ ਜਾਂਦੀਆਂ ਹੋਣ ਕਰਕੇ ਸੰਪਤੀ ਜ਼ਬਤ ਕਰਨ ਵਾਲੇ ਦੇਸ਼ਾਂ ਨਾਲ ਨਵੇਂ ਝਗੜਿਆਂ ਤੇ ਟਕਰਾਅ ਦਾ ਮਸਲਾ ਖੜ੍ਹਾ ਹੋ ਸਕਦਾ ਹੈ। ਬੈਲਜੀਅਮ ਦੀ ਜਿਸ ਕੇਂਦਰੀ ਬੈਂਕ ਕੋਲ ਰੂਸ ਦੀ ਇਹ ਰਾਸ਼ੀ ਪਈ ਹੈ, ਉਹ ਇਹ ਪੈਸਾ ਯੂਕਰੇਨ ਨੂੰ ਦੇਣ ਲਈ ਤਿਆਰ ਨਹੀਂ ਹੈ। ਇਸ ਜੰਗ ਦੁਆਲੇ ਕਈ ਮੁਲਕਾਂ ਦੀ ਰਾਸ਼ਟਰੀ ਸੁਰੱਖਿਆ, ਗਲੋਬਲ ਆਰਥਿਕਤਾ, ਅੰਤਰਰਾਸ਼ਟਰੀ ਕਾਨੂੰਨ, ਪ੍ਰਭੂਸੱਤਾ ਦੇ ਨਿਯਮਾਂ, ਸਾਮਰਾਜੀ ਤਾਕਤਾਂ ਦਾ ਸਮਤੋਲ ਅਤੇ ਬਹੁ-ਧਰੁਵੀ ਸੰਸਾਰ ਦਾ ਬਿਰਤਾਂਤ ਮੁੜ ਪ੍ਰਭਾਸ਼ਿਤ ਹੋ ਰਿਹਾ ਹੈ। ਇਸ ਜੰਗ ਦੇ ਲਮਕਣ ਜਾਂ ਹੋਰ ਵੱਧ ਤੀਬਰ ਹੋਣ ਨਾਲ ਭਾਰਤ ਦੇ ਰੂਸ ਨਾਲ ਵਪਾਰਕ ਲੈਣ-ਦੇਣ ਉੱਤੇ ਵੀ ਬੁਰਾ ਅਸਰ ਪਵੇਗਾ। ਜੰਗ ਦੌਰਾਨ ਰੂਸੀ ਆਰਥਿਕ ਪਾਬੰਦੀਆਂ ਕਾਰਨ ਭਾਰਤ ਦੇ ਅਮਰੀਕਾ ਅਤੇ ਉਸ ਦੇ ਪੱਛਮੀ ਭਾਈਵਾਲਾਂ ਨਾਲ ਆਰਥਿਕ-ਸਿਆਸੀ ਸਬੰਧਾਂ ਬਾਰੇ ਵੀ ਨਵੀਆਂ ਚਿੰਤਾਵਾਂ ਖੜ੍ਹੀਆਂ ਹੋ ਸਕਦੀਆਂ ਹਨ। ਦੁਨੀਆ ਭਰ ਅੰਦਰ ਖੁਰਾਕੀ ਵਸਤਾਂ ਦੀ ਸਪਲਾਈ ਘਟਣ ਨਾਲ ਮਹਿੰਗਾਈ ਵਧ ਰਹੀ ਹੈ ਅਤੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ।
ਇਸ ਜੰਗ ਦੇ ਵਿਸ਼ਵ-ਵਿਆਪੀ ਪ੍ਰਭਾਵ ਪੈਣ ਕਾਰਨ ਇਸ ਦਾ ਸਭ ਤੋਂ ਵੱਧ ਖਾਮਿਆਜ਼ਾ ਸਮੁੱਚੇ ਸੰਸਾਰ ਭਰ ਦੀ ਕਿਰਤੀ ਜਮਾਤ ਨੂੰ ਭੁਗਤਣਾ ਪੈ ਰਿਹਾ ਹੈ। ਇਸ ਕਰਕੇ ਯੂਕਰੇਨੀ-ਰੂਸੀ ਲੋਕਾਂ ਨੂੰ, ਕੌਮਾਂਤਰੀ ਪੱਧਰ ਦੀਆਂ ਅਗਾਂਹਵਧੂ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਇਸ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ।
ਸੰਪਰਕ+1 438-924-2052

