ਗਿਆਨ ਦਾ ਅਸਲ ਆਧਾਰ: ਸੁਣਨਾ, ਸਮਝਣਾ ਅਤੇ ਸੰਵਾਦ
ਕਿਸੇ ਵੀ ਸਮਾਜ ਦੀ ਸਿੱਖਿਆ ਦਾ ਉਦੇਸ਼ ਸਿਰਫ਼ ਪੜ੍ਹਨਾ-ਲਿਖਣਾ ਸਿਖਾਉਣਾ ਨਹੀਂ ਹੁੰਦਾ। ਸਿੱਖਿਆ ਦਾ ਅਸਲ ਮਕਸਦ ਮਨੁੱਖ ਵਿੱਚ ਅਜਿਹੀ ਸਮਰੱਥਾ ਪੈਦਾ ਕਰਨਾ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝ ਸਕੇ, ਉਸ ਬਾਰੇ ਤਰਕ ਕਰ ਸਕੇ, ਸਵਾਲ ਪੁੱਛ ਸਕੇ,...
ਕਿਸੇ ਵੀ ਸਮਾਜ ਦੀ ਸਿੱਖਿਆ ਦਾ ਉਦੇਸ਼ ਸਿਰਫ਼ ਪੜ੍ਹਨਾ-ਲਿਖਣਾ ਸਿਖਾਉਣਾ ਨਹੀਂ ਹੁੰਦਾ। ਸਿੱਖਿਆ ਦਾ ਅਸਲ ਮਕਸਦ ਮਨੁੱਖ ਵਿੱਚ ਅਜਿਹੀ ਸਮਰੱਥਾ ਪੈਦਾ ਕਰਨਾ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝ ਸਕੇ, ਉਸ ਬਾਰੇ ਤਰਕ ਕਰ ਸਕੇ, ਸਵਾਲ ਪੁੱਛ ਸਕੇ, ਦੂਜਿਆਂ ਦੇ ਵਿਚਾਰਾਂ ਨੂੰ ਸੁਣ ਸਕੇ ਅਤੇ ਲੋੜ ਪੈਣ ’ਤੇ ਆਪਣੇ ਵਿਚਾਰ ਵੀ ਬਦਲ ਸਕੇ। ਇਸ ਅਰਥ ਵਿੱਚ ਸਿੱਖਿਆ ਕੇਵਲ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਹੀਂ ਸਗੋਂ ਆਪਣੇ ਆਪ ਨੂੰ ਲਗਾਤਾਰ ਵਿਕਸਿਤ ਕਰਨ ਦੀ ਪ੍ਰਕਿਰਿਆ ਹੈ।
ਪੁਰਾਤਨ ਸਮਾਜਾਂ ਵਿੱਚ ਸਿੱਖਿਆ ਦਾ ਕੋਈ ਵੱਖਰਾ ਸੰਸਥਾਗਤ ਢਾਂਚਾ ਨਹੀਂ ਸੀ। ਪਰਿਵਾਰ, ਭਾਈਚਾਰਾ, ਕੰਮ-ਧੰਦਾ ਅਤੇ ਸਮਾਜਿਕ ਜੀਵਨ ਹੀ ਸਿੱਖਣ ਦੇ ਮੁੱਖ ਸਾਧਨ ਸਨ। ਬੱਚਾ ਆਪਣੇ ਵੱਡਿਆਂ ਨੂੰ ਦੇਖ ਕੇ ਸਿੱਖਦਾ ਸੀ। ਖੇਤੀ, ਕਾਰੀਗਰੀ, ਸੰਗੀਤ, ਲੋਕ-ਬੁੱਧੀ ਅਤੇ ਜੀਵਨ-ਮੁੱਲ, ਇਹ ਸਭ ਜੀਵਨ ਦੇ ਤਜਰਬਿਆਂ ਰਾਹੀਂ ਅੱਗੇ ਵਧਦੇ ਸਨ। ਇਸ ਪ੍ਰਕਿਰਿਆ ਵਿੱਚ ਸਵਾਲ ਵੀ ਹੁੰਦੇ ਸਨ, ਰੀਸ ਵੀ ਅਤੇ ਸਾਂਝਾ ਅਨੁਭਵ ਵੀ।
ਸਮੇਂ ਦੇ ਨਾਲ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਬਣੀਆਂ। ਇਸ ਨਾਲ ਮਨੁੱਖੀ ਸਭਿਆਚਾਰ ਨੂੰ ਬਹੁਤ ਵੱਡਾ ਲਾਭ ਹੋਇਆ। ਗਿਆਨ ਨੂੰ ਵਿਵਸਥਿਤ ਢੰਗ ਨਾਲ ਸੰਭਾਲਣਾ, ਉਸ ਦੀ ਜਾਂਚ ਕਰਨਾ ਅਤੇ ਨਵੀਆਂ ਖੋਜਾਂ ਨੂੰ ਅੱਗੇ ਵਧਾਉਣਾ ਮੁਮਕਿਨ ਹੋਇਆ। ਵਿਗਿਆਨ, ਤਕਨਾਲੋਜੀ ਅਤੇ ਚਿਕਿਤਸਾ ਵਰਗੇ ਖੇਤਰਾਂ ਵਿੱਚ ਹੋਈ ਤਰੱਕੀ ਇਸੇ ਸੰਸਥਾਬੱਧ ਸਿੱਖਿਆ ਦਾ ਨਤੀਜਾ ਹੈ। ਸਿੱਖਿਆ ਦਾ ਜਨਤਕ ਢਾਂਚਾ ਉਸਰਨ ਨਾਲ ਲਾਜ਼ਮੀ ਸਿੱਖਿਆ ਤੱਕ ਸਾਧਨਹੀਣ ਵਰਗਾਂ ਦੀ ਪਹੁੰਚ ਵੀ ਵਧੀ। ਪਰ ਇਸ ਵਿਕਾਸ ਦੇ ਨਾਲ ਇੱਕ ਨਵੀਂ ਚੁਣੌਤੀ ਵੀ ਪੈਦਾ ਹੋਈ। ਕਈ ਵਾਰ ਸਿੱਖਿਆ ਨੂੰ ਇੱਕ ਅਜਿਹੀ ਪ੍ਰਕਿਰਿਆ ਸਮਝ ਲਿਆ ਗਿਆ ਜਿਸ ਵਿੱਚ ਇੱਕ ਧਿਰ ਸਿਰਫ਼ ‘ਜਾਣਦੀ’ ਹੈ ਅਤੇ ਦੂਜੀ ਧਿਰ ਸਿਰਫ਼ ‘ਸਿੱਖਦੀ’ ਹੈ। ਇਸ ਧਾਰਨਾ ਵਿੱਚ ਗਿਆਨ ਦਾ ਪ੍ਰਵਾਹ ਮੁੱਖ ਤੌਰ ’ਤੇ ਇੱਕੋ ਦਿਸ਼ਾ ਵਿੱਚ ਹੁੰਦਾ ਹੈ।
ਬ੍ਰਾਜ਼ੀਲ ਦੇ ਪ੍ਰਸਿੱਧ ਸਿੱਖਿਆ-ਦਰਸ਼ਨਿਕ ਪਾਓਲੋ ਫਰੇਰੇ ਨੇ ਇਸ ਰੁਝਾਨ ਦੀ ਡੂੰਘੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇ ਸਿੱਖਿਆ ਸਿਰਫ਼ ਜਾਣਕਾਰੀ ਨੂੰ ਵਿਦਿਆਰਥੀਆਂ ਦੇ ਮਨ ਵਿੱਚ ਜਮ੍ਹਾਂ ਕਰਵਾਉਣ ਤੱਕ ਸੀਮਿਤ ਰਹਿ ਜਾਵੇ ਤਾਂ ਉਹ ਮਨੁੱਖ ਨੂੰ ਸੋਚਣ ਵਾਲਾ ਨਹੀਂ, ਸਗੋਂ ਸਿਰਫ਼ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਹਨ। ਅਧਿਆਪਕ ਸਿਖਾਉਂਦਾ ਵੀ ਹੈ ਅਤੇ ਸਿੱਖਦਾ ਵੀ ਹੈ; ਵਿਦਿਆਰਥੀ ਸਿੱਖਦਾ ਵੀ ਹੈ ਅਤੇ ਆਪਣੇ ਅਨੁਭਵਾਂ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਸੰਪੰਨ ਵੀ ਕਰਦਾ ਹੈ।
ਫਰੇਰੇ ਦੀ ਇਹ ਗੱਲ ਅੱਜ ਵੀ ਓਨੀ ਹੀ ਢੁਕਵੀਂ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਹਰ ਵਿਚਾਰ ਬਰਾਬਰ ਸਹੀ ਹੈ ਜਾਂ ਹਰ ਰਾਏ ਨੂੰ ਬਿਨਾਂ ਜਾਂਚੇ ਮੰਨ ਲਿਆ ਜਾਵੇ। ਸੰਵਾਦ ਦਾ ਅਰਥ ਇਹ ਹੈ ਕਿ ਸਿੱਖਣ ਦੀ ਪ੍ਰਕਿਰਿਆ ਵਿੱਚ ਹਰ ਭਾਗੀਦਾਰ ਨੂੰ ਇੱਕ ਮਨੁੱਖ ਵਜੋਂ ਸਨਮਾਨ ਦਿੱਤਾ ਜਾਵੇ ਅਤੇ ਸਮਝ ਨੂੰ ਸਾਂਝੇ ਤੌਰ ’ਤੇ ਹੋਰ ਡੂੰਘਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇੱਕ ਮਹੱਤਵਪੂਰਨ ਸਵਾਲ ਇਹ ਹੈ ਕਿ ਜੇ ਸੰਵਾਦ ਸਿੱਖਣ ਦੀ ਬੁਨਿਆਦ ਹੈ ਤਾਂ ਫਿਰ ਬਹੁਤ ਸਾਰੀਆਂ ਸਥਿਤੀਆਂ ਵਿੱਚ ਸੰਵਾਦ ਬਣਦਾ ਕਿਉਂ ਨਹੀਂ?
ਅਸੀਂ ਅਕਸਰ ਇਹ ਮੰਨ ਲੈਂਦੇ ਹਾਂ ਕਿ ਜੇ ਕਿਸੇ ਵਿਅਕਤੀ ਕੋਲ ਗਿਆਨ ਹੈ ਅਤੇ ਉਹ ਉਸ ਨੂੰ ਸਪੱਸ਼ਟ ਸ਼ਬਦਾਂ ਵਿੱਚ ਦੂਜੇ ਤੱਕ ਪਹੁੰਚਾ ਦੇਵੇ ਤਾਂ ‘ਸਿੱਖਣਾ’ ਆਪਣੇ ਆਪ ਹੋ ਜਾਵੇਗਾ। ਪਰ ਮਨੁੱਖੀ ਸਿੱਖਣ ਦੀ ਪ੍ਰਕਿਰਿਆ ਇੰਨੀ ਸੌਖੀ ਨਹੀਂ। ਸਿੱਖਣਾ ਕੇਵਲ ਜਾਣਕਾਰੀ ਪ੍ਰਾਪਤ ਕਰਨ ਦਾ ਨਾਮ ਨਹੀਂ ਇਹ ਆਪਣੇ ਪੁਰਾਣੇ ਅਨੁਭਵਾਂ, ਵਿਸ਼ਵਾਸਾਂ, ਭਾਸ਼ਾ ਅਤੇ ਨਵੇਂ ਵਿਚਾਰਾਂ ਵਿਚਕਾਰ ਇੱਕ ਲਗਾਤਾਰ ਚੱਲਣ ਵਾਲਾ ਸੰਵਾਦ ਹੈ।
ਇਸੇ ਲਈ ਇੱਕੋ ਹੀ ਗੱਲ ਦੋ ਵੱਖ-ਵੱਖ ਵਿਅਕਤੀਆਂ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸ ਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਹੈ, ਕੋਈ ਉਸ ’ਤੇ ਸ਼ੱਕ ਜ਼ਾਹਰ ਕਰਦਾ ਹੈ ਅਤੇ ਕੋਈ ਉਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ। ਇਹ ਫ਼ਰਕ ਸਿਰਫ਼ ਜਾਣਕਾਰੀ ਦੀ ਘਾਟ ਕਾਰਨ ਨਹੀਂ ਹੁੰਦਾ, ਸਗੋਂ ਇਸ ਦੇ ਪਿੱਛੇ ਮਨੁੱਖੀ ਮਨ ਦੀ ਜਟਿਲ ਬਣਤਰ ਕੰਮ ਕਰ ਰਹੀ ਹੁੰਦੀ ਹੈ। ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਨਵੀਂ ਜਾਣਕਾਰੀ ਨੂੰ ਕਿਸੇ ਕੋਰੇ ਕਾਗਜ਼ ਵਾਂਗ ਸਵੀਕਾਰ ਨਹੀਂ ਕਰਦਾ; ਉਹ ਹਰ ਨਵੇਂ ਵਿਚਾਰ ਦੀ ਤੁਲਨਾ ਆਪਣੇ ਪੁਰਾਣੇ ਅਨੁਭਵਾਂ ਨਾਲ ਕਰਦਾ ਹੈ। ਜੇਕਰ ਨਵੀਂ ਗੱਲ ਉਸ ਦੇ ਅਨੁਭਵ ਨਾਲ ਮੇਲ ਖਾਂਦੀ ਹੋਵੇ ਤਾਂ ਉਸ ਨੂੰ ਅਪਣਾਉਣਾ ਸੁਖਾਲਾ ਹੋ ਜਾਂਦਾ ਹੈ ਪਰ ਜੇਕਰ ਉਹ ਪੁਰਾਣੀ ਸਮਝ ਨਾਲ ਟਕਰਾਉਂਦੀ ਹੋਵੇ ਤਾਂ ਮਨ ਵਿੱਚ ਸ਼ੰਕਾ ਪੈਦਾ ਹੋਣਾ ਸੁਭਾਵਿਕ ਹੈ। ਇਸ ਲਈ ਸੰਦੇਹ ਹਮੇਸ਼ਾ ਅਗਿਆਨਤਾ ਦੀ ਨਿਸ਼ਾਨੀ ਨਹੀਂ ਹੁੰਦਾ ਸਗੋਂ ਕਈ ਵਾਰ ਇਹ ਸੱਚੀ ਸਿੱਖਣ ਦੀ ਭਾਵਨਾ ਦੀ ਸ਼ੁਰੂਆਤ ਹੁੰਦਾ ਹੈ।
ਇਸ ਪ੍ਰਕਿਰਿਆ ਵਿੱਚ ਭਾਸ਼ਾ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਭਾਸ਼ਾ ਕੇਵਲ ਜਾਣਕਾਰੀ ਪਹੁੰਚਾਉਣ ਦਾ ਸਾਧਨ ਨਹੀਂ, ਸਗੋਂ ਇਹ ਨਿਰਧਾਰਤ ਕਰਦੀ ਹੈ ਕਿ ਅਸੀਂ ਦੁਨੀਆ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ। ਇੱਕੋ ਘਟਨਾ ਨੂੰ ਵੱਖ-ਵੱਖ ਸ਼ਬਦਾਂ ਵਿੱਚ ਬਿਆਨ ਕਰਨ ਨਾਲ ਉਸ ਦਾ ਅਰਥ ਵੀ ਬਦਲ ਸਕਦਾ ਹੈ। ਇਸੇ ਲਈ ਸਿੱਖਣ ਦੀ ਪ੍ਰਕਿਰਿਆ ਉਦੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਉਹ ਸਿੱਖਣ ਵਾਲੇ ਦੀ ਭਾਸ਼ਾ, ਜੀਵਨ ਅਤੇ ਅਨੁਭਵ ਨਾਲ ਜੁੜਦੀ ਹੈ।
ਭਾਸ਼ਾ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ ਹੈ। ਹਰ ਸਮਾਜ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ’ਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ। ਕਿਸੇ ਖੋਜ ਸੰਸਥਾ ਦੀ ਰਿਪੋਰਟ, ਮਾਹਿਰ ਦੇ ਲੇਖ ਜਾਂ ਅਧਿਆਪਕ ਦੇ ਬੋਲਾਂ ਨੂੰ ਅਸੀਂ ਇਸ ਲਈ ਗੰਭੀਰਤਾ ਨਾਲ ਲੈਂਦੇ ਹਾਂ ਕਿਉਂਕਿ ਉਹ ਜਾਂਚ, ਪਰਖ ਅਤੇ ਜਵਾਬਦੇਹੀ ਵਾਲੀ ਪ੍ਰਕਿਰਿਆ ਵਿੱਚੋਂ ਲੰਘ ਕੇ ਆਏ ਹੁੰਦੇ ਹਨ। ਇਹ ਭਰੋਸਾ ਸਮਾਜ ਲਈ ਲਾਜ਼ਮੀ ਹੈ ਪਰ ਜੇਕਰ ਇਹ ਭਰੋਸਾ ਇੱਕ-ਪਾਸੜ ਹੋ ਜਾਵੇ ਅਤੇ ਦੂਜੇ ਦੇ ਅਨੁਭਵ ਨੂੰ ਸੁਣਨ ਦੀ ਗੁੰਜਾਇਸ਼ ਹੀ ਨਾ ਰਹੇ ਤਾਂ ਸੰਵਾਦ ਕਮਜ਼ੋਰ ਪੈਣ ਲੱਗਦਾ ਹੈ। ਦੂਜੇ ਪਾਸੇ ਜੇਕਰ ਹਰ ਵਿਅਕਤੀ ਆਪਣੇ ਅਨੁਭਵ ਨੂੰ ਹੀ ਅੰਤਿਮ ਸੱਚ ਮੰਨ ਕੇ ਕਿਸੇ ਤਰਕ ਨੂੰ ਸਵੀਕਾਰ ਨਾ ਕਰੇ ਤਾਂ ਵੀ ਸੰਵਾਦ ਸੰਭਵ ਨਹੀਂ ਰਹਿੰਦਾ। ਇਸ ਲਈ ਸੰਵਾਦ ਦਾ ਆਧਾਰ ਸਿਰਫ਼ ਬੋਲਣਾ ਨਹੀਂ, ਸਗੋਂ ਸੁਣਨਾ ਅਤੇ ਆਪਣੇ ਵਿਚਾਰ ਦੀ ਮੁੜ-ਜਾਂਚ ਲਈ ਤਿਆਰ ਰਹਿਣਾ ਵੀ ਹੈ।
ਸੰਵਾਦ ਦਾ ਅਰਥ ਇਹ ਨਹੀਂ ਕਿ ਦੋਹਾਂ ਧਿਰਾਂ ਕੋਲ ਇੱਕੋ ਜਿਹਾ ਗਿਆਨ ਹੈ ਜਾਂ ਦੋਹਾਂ ਦੀ ਹਰ ਗੱਲ ਇੱਕੋ ਜਿਹੀ ਦਰੁਸਤ ਹੈ। ਸੰਵਾਦ ਦਾ ਅਰਥ ਇਹ ਹੈ ਕਿ ਦੋਵੇਂ ਧਿਰਾਂ ਇਹ ਮੰਨਦੀਆਂ ਹਨ ਕਿ ਸਮਝ ਹੋਰ ਡੂੰਘੀ ਹੋ ਸਕਦੀ ਹੈ। ਇਹ ਬੌਧਿਕ ਨਿਮਰਤਾ ਹੀ ਸਿੱਖਣ ਦੀ ਅਸਲ ਸ਼ੁਰੂਆਤ ਹੈ। ਇਸੇ ਲਈ ਚੰਗਾ ਅਧਿਆਪਕ ਸਿਰਫ਼ ਜਵਾਬ ਨਹੀਂ ਦਿੰਦਾ, ਸਗੋਂ ਅਜਿਹੇ ਸਵਾਲ ਪੁੱਛਦਾ ਹੈ ਜੋ ਸੋਚਣ ਲਈ ਮਜਬੂਰ ਕਰਨ। ਇਸੇ ਤਰ੍ਹਾਂ ਚੰਗਾ ਸਿੱਖਣ ਵਾਲਾ ਸਿਰਫ਼ ਸੁਣਦਾ ਨਹੀਂ, ਸਵਾਲ ਵੀ ਕਰਦਾ ਹੈ। ਸਵਾਲ ਪੁੱਛਣਾ ਵਿਰੋਧ ਨਹੀਂ ਸਗੋਂ ਸਮਝ ਨੂੰ ਹੋਰ ਵਿਸ਼ਾਲ ਕਰਨ ਦਾ ਯਤਨ ਹੈ।
ਅਸੀਂ ਸਿੱਖਿਆ ਨੂੰ ਲੰਬੇ ਸਮੇਂ ਤੱਕ ਕੇਵਲ ‘ਗਿਆਨ ਦੇਣ’ ਦੀ ਪ੍ਰਕਿਰਿਆ ਵਜੋਂ ਦੇਖਦੇ ਰਹੇ ਹਾਂ ਪਰ ਅਸਲ ਸਿੱਖਣਾ ‘ਅਰਥ ਸਿਰਜਣ’ ਦੀ ਪ੍ਰਕਿਰਿਆ ਹੈ। ਅਧਿਆਪਕ, ਵਿਦਿਆਰਥੀ, ਪੁਸਤਕ, ਅਨੁਭਵ ਅਤੇ ਸਮਾਜ, ਇਹ ਸਾਰੇ ਮਿਲ ਕੇ ਅਰਥਾਂ ਦਾ ਨਿਰਮਾਣ ਕਰਦੇ ਹਨ। ਇਸ ਵਿੱਚ ਕੋਈ ਇੱਕ ਧਿਰ ਇਕੱਲੀ ਕਾਫ਼ੀ ਨਹੀਂ ਹੁੰਦੀ। ਇਸ ਲਈ ਸਿੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਜਾਣਕਾਰੀ ਦੀ ਘਾਟ ਨਹੀਂ, ਸਗੋਂ ਅਰਥਪੂਰਨ ਸੰਵਾਦ ਦੀ ਘਾਟ ਹੈ। ਜਿੱਥੇ ਸੰਵਾਦ ਰੁਕ ਜਾਂਦਾ ਹੈ ਉੱਥੇ ਸਿੱਖਣਾ ਵੀ ਜਮੂਦ ਦਾ ਸ਼ਿਕਾਰ ਹੋਣ ਲੱਗਦਾ ਹੈ। ਜਿੱਥੇ ਸਵਾਲ ਪੁੱਛਣ, ਸੁਣਨ, ਮੰਥਨ ਕਰਨ ਅਤੇ ਆਪਣੇ ਵਿਚਾਰ ਬਦਲਣ ਦੀ ਰਵਾਇਤ ਜ਼ਿੰਦਾ ਰਹਿੰਦੀ ਹੈ, ਉੱਥੇ ਗਿਆਨ ਵੀ ਜੀਵੰਤ ਰਹਿੰਦਾ ਹੈ। ਇਸੇ ਲਈ ਸਿੱਖਿਆ ਦੀ ਅਸਲ ਕਸੌਟੀ ਇਹ ਨਹੀਂ ਕਿ ਅਸੀਂ ਕਿੰਨੀ ਜਾਣਕਾਰੀ ਯਾਦ ਕਰ ਲਈ ਹੈ। ਅਸਲ ਕਸੌਟੀ ਇਹ ਹੈ ਕਿ ਕੀ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹਾਂ ਜਿਸ ਵਿੱਚ ਨਵੇਂ ਵਿਚਾਰਾਂ ਲਈ ਖੁੱਲ੍ਹ ਹੋਵੇ, ਸਬੂਤਾਂ ਲਈ ਸਤਿਕਾਰ ਹੋਵੇ ਅਤੇ ਮਨੁੱਖੀ ਅਨੁਭਵ ਲਈ ਸੰਵੇਦਨਸ਼ੀਲਤਾ ਹੋਵੇ।
ਸੰਪਰਕ: 94162-55877

