ਅਧਿਆਪਨ: ਇੱਕ ਜਸ਼ਨ, ਇੱਕ ਫ਼ਰਜ਼
ਅਧਿਆਪਨ ਦੁਨੀਆ ਦਾ ਸਭ ਤੋਂ ਵੱਡਾ ਆਨੰਦ ਹੈ। ਨਾ ਤਾਂ ਇਹ ਆਨੰਦ ਮੁੱਲ ਵਿਕਦਾ ਹੈ ਅਤੇ ਨਾ ਹੀ ਇਸ ਨੂੰ ਖ਼ਰੀਦਿਆ ਜਾ ਸਕਦਾ ਹੈ, ਸਗੋਂ ਇਸ ਦੀ ਸਿਰਜਣਾ ਕਰਨੀ ਪੈਂਦੀ ਹੈ ਜੋ ਕਿ ਮਨੁੱਖ ਦੇ ਆਪਣੇ ਹੱਥ ਵਿੱਚ ਹੈ। ਪਰ...
ਅਧਿਆਪਨ ਦੁਨੀਆ ਦਾ ਸਭ ਤੋਂ ਵੱਡਾ ਆਨੰਦ ਹੈ। ਨਾ ਤਾਂ ਇਹ ਆਨੰਦ ਮੁੱਲ ਵਿਕਦਾ ਹੈ ਅਤੇ ਨਾ ਹੀ ਇਸ ਨੂੰ ਖ਼ਰੀਦਿਆ ਜਾ ਸਕਦਾ ਹੈ, ਸਗੋਂ ਇਸ ਦੀ ਸਿਰਜਣਾ ਕਰਨੀ ਪੈਂਦੀ ਹੈ ਜੋ ਕਿ ਮਨੁੱਖ ਦੇ ਆਪਣੇ ਹੱਥ ਵਿੱਚ ਹੈ। ਪਰ ਇਸ ਆਨੰਦ ਨੂੰ ਮਾਨਣ ਦੀ ਪਹਿਲੀ ਸ਼ਰਤ ਇਹ ਹੈ ਕਿ ਅਧਿਆਪਕ ਨੂੰ ਖ਼ੁਦ ਆਨੰਦ ਲੈਣਾ ਆਉਂਦਾ ਹੋਵੇ। ਖੰਭ ਵਿਦਿਆਰਥੀਆਂ ਕੋਲ ਹੁੰਦੇ ਹਨ, ਅਧਿਆਪਕ ਤਾਂ ਬੱਸ ਉਨ੍ਹਾਂ ਨੂੰ ਉਡਾਰੀ ਬਖ਼ਸ਼ਣ ਯੋਗ ਹੋਣਾ ਚਾਹੀਦਾ ਹੈ। ਮਰੇ ਅਤੇ ਬੁਝੇ ਹੋਏ ਮਨ ਕਿਸੇ ਨੂੰ ਸੇਧ ਦੇਣ ਦੇ ਯੋਗ ਨਹੀਂ ਹੁੰਦੇ। ਮਰੀ ਹੋਈ ਸਮਰਪਣ ਭਾਵਨਾ ਅਤੇ ਜ਼ਮੀਰ ਕਦੇ ਪ੍ਰੇਰਨਾ ਨਹੀਂ ਬਣ ਸਕਦੀ।
ਅਧਿਆਪਕ ਦੇ ਘਰ ਦੀ ਚਿੰਤਾ ਦੀ ਸਕੂਲ ਵਿੱਚ ਐਂਟਰੀ ਬੰਦ ਹੋਣੀ ਚਾਹੀਦੀ ਹੈ। ਮਰੇ ਹੋਏ ਮਨ ਨਾਲ ਜਮਾਤਾਂ ਵਿੱਚ ਜਾਣਾ ਬੰਦ ਕੀਤਾ ਜਾਵੇ। ਕਲਾਸ ਵਿੱਚ ਦਾਖ਼ਲ ਹੁੰਦਿਆਂ ਹੀ ਅਧਿਆਪਕ ਦੇ ਚਿਹਰੇ ’ਤੇ ਉਦਾਸੀ ਦੀ ਜਗ੍ਹਾ ਇੱਕ ਨਵੀਂ ਰੌਣਕ ਹੋਣੀ ਚਾਹੀਦੀ ਹੈ, ਨਾ ਕਿ ਕੋਈ ਸਹਿਮ ਜਾਂ ਬੇਜ਼ਾਰੀ। ਜਮਾਤ ਵਿੱਚ ਜਾਣ ਸਮੇਂ ਅਧਿਆਪਕ ਜੋਸ਼ ਨਾਲ ਸਿਰ ਤੋਂ ਪੈਰਾਂ ਤੱਕ ਲਬਰੇਜ਼ ਹੋਵੇ ਅਤੇ ਉਹ ਕਲਾਸ ਵਿੱਚ ਵੜਦਿਆਂ ਹੀ ਵਿਦਿਆਰਥੀਆਂ ਨੂੰ ਵੀ ਉਸੇ ਜੋਸ਼ ਨਾਲ ਭਰ ਦੇਵੇ। ਅਧਿਆਪਕ ਨੂੰ ਵਿਦਿਆਰਥੀ ਗੁਲਾਬ ਦੇ ਫੁੱਲਾਂ ਵਰਗੇ ਲੱਗਣ, ਜਿਨ੍ਹਾਂ ਵਿੱਚੋਂ ਉਸ ਨੂੰ ਮਹਿਕ ਆਉਂਦੀ ਹੋਵੇ।
ਉਸ ਨੂੰ ਵਿਦਿਆਰਥੀ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ ਦਾ ਵਸੀਲਾ ਜਾਪਣ। ਅਧਿਆਪਕ ਹਰ ਪਲ ਇਹ ਮਹਿਸੂਸ ਕਰੇ ਕਿ ਜੋ ਵੀ ਵਿਦਿਆਰਥੀ ਸਕੂਲ ਆ ਰਿਹਾ ਹੈ, ਉਸ ਦੇ ਨਾਲ ਉਸ ਦੇ ਮਾਪਿਆਂ ਦੀਆਂ ਸੱਧਰਾਂ, ਉਮੀਦਾਂ ਅਤੇ ਆਸਾਂ ਵੀ ਸਕੂਲ ਆ ਰਹੀਆਂ ਹਨ। ਉਨ੍ਹਾਂ ਉਮੀਦਾਂ ਤੇ ਆਸਾਂ ਨੂੰ ਪੂਰਾ ਕਰਨਾ ਅਧਿਆਪਕ ਦਾ ਮੁਢਲਾ ਫ਼ਰਜ਼ ਹੈ। ਸਕੂਲ ਵਿੱਚ ਵਿਦਿਆਰਥੀਆਂ ਵਿੱਚ ਖੁੱਭਿਆ ਮਨ ਹਰ ਤਰ੍ਹਾਂ ਦੀ ਚਿੰਤਾ ਤੋਂ ਮੁਕਤ ਹੋ ਜਾਂਦਾ ਹੈ। ਅਧਿਆਪਕ ਕੋਲ ਗਿਆਨ ਭਾਵੇਂ ਥੋੜ੍ਹਾ ਘੱਟ ਹੋਵੇ ਪਰ ਉਸ ਗਿਆਨ ਦੀ ਪੇਸ਼ਕਾਰੀ ਪੂਰੀ ਜ਼ਬਰਦਸਤ ਹੋਣੀ ਚਾਹੀਦੀ ਹੈ। ਉਦਾਸ ਅਤੇ ਬੁਝੇ ਹੋਏ ਚਿਹਰੇ ਅਧਿਆਪਨ ਦੀ ਕਿਰਿਆ ਵਿੱਚ ਸਭ ਤੋਂ ਵੱਡੀ ਰੁਕਾਵਟ ਹਨ।
ਫ਼ਰਜ਼ਾਂ ਤੋਂ ਭੱਜਣਾ ਸਮਾਜ ਨੂੰ ਬੇਦਾਵਾ ਦੇਣ ਬਰਾਬਰ ਹੈ ਅਤੇ ਬੇਦਾਵਿਆਂ ਦਾ ਮੁੱਲ ਤਾਰਨਾ ਹੀ ਪੈਂਦਾ ਹੈ। ਫ਼ਰਜ਼ਾਂ ਅਤੇ ਅਧਿਕਾਰਾਂ ਦਾ ਸੰਤੁਲਨ ਸਮਾਜ ਨੂੰ ਸਥਿਰਤਾ ਦਿੰਦਾ ਹੈ। ਫ਼ਰਜ਼ਾਂ ਤੇ ਅਧਿਕਾਰਾਂ ਦੀ ਤੱਕੜੀ ਦਾ ਡੋਲਣਾ ਸਿਰਫ਼ ਸਮਾਜ ਲਈ ਹੀ ਘਾਤਕ ਨਹੀਂ ਹੁੰਦਾ ਸਗੋਂ ਖ਼ੁਦ ਅਧਿਆਪਕ ਦੇ ਅਕਸ ਨੂੰ ਵੀ ਢਾਹ ਲਾਉਂਦਾ ਹੈ। ਰਿਸ਼ਵਤ ਸਿਰਫ਼ ਪੈਸੇ ਲੈਣਾ ਹੀ ਨਹੀਂ ਹੁੰਦਾ ਬਲਕਿ ਕੰਮ ਨਾ ਕਰਕੇ ਤਨਖ਼ਾਹ ਲੈਣਾ ਵੀ ਰਿਸ਼ਵਤਖ਼ੋਰੀ ਹੀ ਹੈ। ਕੰਮ ਨਾ ਕਰਨ ਬਦਲੇ ਮਿਲੇ ਪੈਸੇ ਬੰਦੇ ਦੀਆਂ ਜੜ੍ਹਾਂ ਵਿੱਚ ਦਾਤੀ ਫੇਰਦੇ ਹਨ। ਕਹਾਵਤ ਹੈ ਕਿ ‘ਚੋਰ ਨੂੰ ਖਾਂਦੇ ਨਾ ਦੇਖੋ, ਚੋਰ ਦੇ ਪੈਂਦੀਆਂ ਦੇਖੋ।’ ਸਮਾਜ ਨੂੰ ਅਸਥਿਰ ਕਰਨ ਬਦਲੇ ਕੁਦਰਤ ਵੱਲੋਂ ਬਿਨਾਂ ਖ਼ੜਾਕ ਵਾਲੀਆਂ ਚਪੇੜਾਂ ਜ਼ਰੂਰ ਪੈਂਦੀਆਂ ਹਨ, ਬੱਸ ਇਨ੍ਹਾਂ ਨੂੰ ਧਿਆਨ ਨਾਲ ਸੁਣਨ ਦੀ ਲੋੜ ਹੈ। ਇਮਾਨਦਾਰੀ ਨਾਲ ਨਿਭਾਏ ਗਏ ਫ਼ਰਜ਼ ਵਰਤਮਾਨ ਅਤੇ ਭਵਿੱਖ ਦੋਵਾਂ ਨੂੰ ਰੱਜ ਕੇ ਸੰਵਾਰਦੇ ਹਨ।
ਮੇਰੇ ਲਈ ਅਧਿਆਪਨ ਇੱਕ ਜਸ਼ਨ ਹੈ। ਮੈਨੂੰ ਵਿਦਿਆਰਥੀਆਂ ਨੂੰ ਪੜ੍ਹਾ ਕੇ ਆਨੰਦ ਆਉਂਦਾ ਹੈ ਅਤੇ ਮੈਂ ਇਸ ਆਨੰਦ ਨੂੰ ਪੂਰੀ ਤਰ੍ਹਾਂ ਮਾਣਦਾ ਹਾਂ। ਅੱਜਕੱਲ੍ਹ ਸਕੂਲਾਂ ਵਿੱਚ ‘ਮਿਸ਼ਨ ਸਮਰੱਥ’ ਚੱਲ ਰਿਹਾ ਹੈ। ਕੁਝ ਅਧਿਆਪਕਾਂ ਦੀ ਮਰਦਮਸ਼ੁਮਾਰੀ ਵਿੱਚ ਡਿਊਟੀ ਲੱਗਣ ਕਰਕੇ ਮੈਨੂੰ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ੇ ਦੇ ਪੀਰੀਅਡ ਲਗਾਉਣ ਦਾ ਮੌਕਾ ਮਿਲ ਜਾਂਦਾ ਹੈ। ਇਨ੍ਹਾਂ ਜਮਾਤਾਂ ਵਿੱਚ ਮੈਂ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਖੇਡਦਾ ਹਾਂ। ਇੱਕ ਦਿਨ ਮੈਂ ਗਣਿਤ ਦੀ ਐਕਟੀਵਿਟੀ ਕਰਵਾ ਰਿਹਾ ਸੀ। ਇੱਕ ਚਿੱਤਰ ਵਿੱਚ ਬਹੁਤ ਸਾਰੇ ਜਾਨਵਰ ਅਤੇ ਚੀਜ਼ਾਂ ਦਿਖਾਈਆਂ ਗਈਆਂ ਸਨ।
ਮੈਂ ਵਿਦਿਆਰਥੀਆਂ ਨੂੰ ਪੁੱਛਿਆ ਕਿ “ਇਸ ਚਿੱਤਰ ਵਿੱਚ ਗਧੇ ਕਿੰਨੇ ਹਨ?” ਸਾਰੇ ਵਿਦਿਆਰਥੀਆਂ ਨੇ ਕਿਹਾ “ਪੰਜ।” ਪਰ ਇੱਕ ਬੱਚੀ ਨੇ ਕਿਹਾ, “ਚਾਰ।” ਮੈਂ ਉਸ ਨੂੰ ਕੋਲ ਬੁਲਾਇਆ ਅਤੇ ਚਿੱਤਰ ਵਿੱਚ ਪੰਜੇ ਗਧੇ ਦਿਖਾ ਦਿੱਤੇ। ਫਿਰ ਮੈਂ ਜਮਾਤ ਨੂੰ ਮਜ਼ਾਕ ਵਿੱਚ ਕਿਹਾ “ਗਧਿਆਂ ਨੂੰ ਗਧੇ ਸਹੀ ਅਤੇ ਛੇਤੀ ਦਿਸਦੇ ਹਨ।” ਇਹ ਸੁਣ ਕੇ ਛੇਵੀਂ ਜਮਾਤ ਦਾ ਇੱਕ ਬੱਚਾ ਕਹਿਣ ਲੱਗਾ “ਸਰ, ਤੁਸੀਂ ਵੀ ਤਾਂ ਪੰਜ ਹੀ ਗਿਣੇ ਹਨ!” ਉਸ ਦੇ ਕਹਿਣ ਦਾ ਭਾਵ ਸੀ ਕਿ ਮੈਂ ਵੀ...। ਮੈਂ ਉਸ ਬੱਚੇ ਨੂੰ ਸਲੂਟ ਕੀਤਾ ਅਤੇ ਘੁੱਟ ਕੇ ਜੱਫੀ ਵਿੱਚ ਲੈ ਲਿਆ ਕਿਉਂਕਿ ਉਸ ਦੀ ਗੱਲ ਵਿੱਚ ਇੱਕ ਤਰਕ ਸੀ। ਡਰ ਦੇ ਮਾਹੌਲ ਵਿੱਚ ਵਿਦਿਆਰਥੀ ਸਿਰਫ਼ ‘ਜੀ ਹਜ਼ੂਰੀ ਕਰਨ ਵਾਲਾ’ ਬਣ ਕੇ ਰਹਿ ਜਾਂਦਾ ਹੈ ਪਰ ਸੱਚਾ ਅਧਿਆਪਨ ਉਹ ਹੈ ਜੋ ਬੱਚੇ ਨੂੰ ਸਵਾਲ ਕਰਨਾ ਸਿਖਾਵੇ।
ਵਿਦਿਆਰਥੀਆਂ ਦੇ ਅੰਦਰ ਬਹੁਤ ਕੁਝ ਛੁਪਿਆ ਹੁੰਦਾ ਹੈ, ਉਸ ਨੂੰ ਬਾਹਰ ਕੱਢਣਾ ਹੀ ਸਫ਼ਲ ਅਧਿਆਪਨ ਹੈ। ਜੇਕਰ ਅਧਿਆਪਕ ਅਤੇ ਵਿਦਿਆਰਥੀਆਂ ਵਿੱਚ ਫ਼ਾਸਲਾ ਹੋਵੇ ਤਾਂ ਬੱਚਿਆਂ ਅੰਦਰਲਾ ਗਿਆਨ ਦੱਬ ਜਾਂਦਾ ਹੈ। ਜੇ ਸਿਰਫ਼ ਅਧਿਆਪਕ ਹੀ ਪੜ੍ਹਾਈ ਜਾਵੇ, ਬੋਰਡ ’ਤੇ ਲਿਖਦਾ ਰਹੇ ਜਾਂ ਵਟਸਐਪ ਗਰੁੱਪਾਂ ਵਿੱਚ ਕੰਮ ਭੇਜਦਾ ਰਹੇ ਤਾਂ ਇਹ ‘ਸੁਸਤ ਅਧਿਆਪਨ’ ਹੈ। ਅਜਿਹਾ ਅਧਿਆਪਨ ਨਾ ਵਿਦਿਆਰਥੀਆਂ ਨੂੰ ਖ਼ੁਸ਼ੀ ਦਿੰਦਾ ਹੈ ਅਤੇ ਨਾ ਹੀ ਅਧਿਆਪਕ ਨੂੰ। ਕਿਸੇ ਵੀ ਵਿਸ਼ੇ ਨੂੰ ਰੌਚਕ ਬਣਾਉਣ ਲਈ ਉਸ ਦਾ ਵਿਸਥਾਰ ਕਰਨਾ ਜ਼ਰੂਰੀ ਹੈ। ਇੱਕ ਵਾਰ ‘ਘੜੇ’ ਬਾਰੇ ਪੜ੍ਹਾਉਂਦਿਆਂ ਮੈਂ ਵਿਦਿਆਰਥੀਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਲਈ ਦਿੱਤਾ; ਜਿਵੇਂ ਇਸ ਨੂੰ ‘ਤੌੜਾ’ ਵੀ ਕਹਿੰਦੇ ਹਨ, ਇਸ ਦਾ ਲਿੰਗ-ਵਚਨ ਬਦਲਣਾ, ਇਸ ਨਾਲ ਸੰਬੰਧਿਤ ਰੀਤੀ-ਰਿਵਾਜ ਆਦਿ। ਜਦੋਂ ਮੈਂ ਪੁੱਛਿਆ ਕਿ ਘੜੇ ਬਾਰੇ ਕੋਈ ਗੀਤ ਆਉਂਦਾ ਹੈ, ਤਾਂ ਸਭ ਦੇ ‘ਨਾ’ ਕਹਿਣ ’ਤੇ ਮੈਂ ਯੂਟਿਊਬ ਤੋਂ ਜਗਮੋਹਣ ਕੌਰ ਦਾ ਗੀਤ ਸੁਣਾ ਦਿੱਤਾ: ‘ਘੜਾ ਵੱਜਦਾ, ਘੜੋਲੀ ਵੱਜਦੀ, ਕਿਤੇ ਗਾਗਰ ਵੱਜਦੀ ਸੁਣ ਮੁੰਡਿਆ...’ ਪਾਠ ਦੇ ਇਸ ਵਿਸਥਾਰ ਤੋਂ ਬਾਅਦ ਬੱਚਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੇਖਣ ਵਾਲੀ ਸੀ।
‘ਅਲੋਪ’ ਸ਼ਬਦ ਦਾ ਵਾਕ ਬਣਾਉਂਦਿਆਂ ਛੇਵੀਂ ਦੇ ਇੱਕ ਬੱਚੇ ਨੇ ਲਿਖਿਆ “ਜੇ ਰੁੱਖ ਨਾ ਸਾਂਭੇ ਤਾਂ ਦੁਨੀਆ ਅਲੋਪ ਹੋ ਜਾਵੇਗੀ।” ਬੱਚੇ ਦੀ ਸੋਚ ਨੂੰ ਮਾਨਤਾ ਦੇਣੀ ਹੀ ਪ੍ਰੇਰਨਾ ਦੀ ਪਹਿਲੀ ਸ਼ਰਤ ਹੈ। ‘ਚਾਕੂ’ ਸ਼ਬਦ ’ਤੇ ਬੱਚਿਆਂ ਨੇ ਵਾਕ ਬਣਾਏ ਕਿ ਇਹ ਸਬਜ਼ੀ ਕੱਟਣ ਦੇ ਕੰਮ ਆਉਂਦਾ ਹੈ। ਮੈਂ ਸਮਝਾਇਆ ਕਿ ਇਸ ਦਾ ਵਾਕ ਇਹ ਵੀ ਬਣ ਸਕਦਾ ਹੈ ਕਿ ‘ਚਾਕੂ ਢਿੱਡ ਵਿੱਚ ਗੱਡਿਆ ਜਾ ਸਕਦਾ ਹੈ’ ਪਰ ਇਹ ਨਕਾਰਾਤਮਕ ਸੋਚ ਹੈ। ਇਸੇ ਤਰ੍ਹਾਂ ਗਣਿਤ ਵਿੱਚ ਮੈਂ ਇੱਕ ਕਿੱਲੋ ਗੋਭੀ ਦਾ ਰੇਟ ਦੇ ਕੇ ਬੱਚਿਆਂ ਤੋਂ ਦੋ ਕਿੱਲੋ, ਅੱਧਾ ਕਿੱਲੋ, ਡੇਢ ਕਿੱਲੋ ਜਾਂ 100 ਗ੍ਰਾਮ ਦਾ ਹਿਸਾਬ ਕਢਵਾਉਂਦਾ ਹਾਂ ਤਾਂ ਜੋ ਉਹ ਘਰ ਵਿੱਚ ਵੀ ਮਾਪਿਆਂ ਨੂੰ ਅਜਿਹਾ ਹਿਸਾਬ ਕਰਕੇ ਦੱਸਣ। ਮੈਂ ਸਵਾਲ ਉਨ੍ਹਾਂ ਦੇ ਅਸਲ ਜੀਵਨ ਵਿੱਚੋਂ ਲੈਂਦਾ ਹਾਂ। ਪਾਠ ਦੇ ਅੰਤ ਵਿੱਚ ਜਦੋਂ ਕੋਈ ਬੱਚਾ ਕਹਿ ਦਿੰਦਾ ਹੈ, “ਸਰ, ਅੱਜ ਪੜ੍ਹਨ ਦਾ ਸਵਾਦ ਆ ਗਿਆ!” ਤਾਂ ਰੂਹ ਸਕੂਨ ਨਾਲ ਭਰ ਜਾਂਦੀ ਹੈ। 28 ਸਾਲ ਅਧਿਆਪਨ ਕਰਦਿਆਂ ਮੈਂ ਇਸ ਆਨੰਦ ਤੋਂ ਤ੍ਰਿਪਤ ਹੁੰਦਾ ਹਾਂ। ਮੇਰੀ ਜਮਾਤ ਦੇ ਬੂਹੇ ਹਰ ਉਸ ਮਾਪੇ ਅਤੇ ਸਾਥੀ ਅਧਿਆਪਕ ਲਈ ਹਮੇਸ਼ਾ ਖੁੱਲ੍ਹੇ ਹਨ ਜੋ ਅਧਿਆਪਨ ਦੇ ਇਸ ਜਸ਼ਨ ਨੂੰ ਅੱਖੀਂ ਵੇਖਣਾ ਚਾਹੁੰਦੇ ਹਨ; ਤੁਹਾਡੀ ਆਮਦ ਮੇਰੇ ਇਸ ਸਫ਼ਰ ਨੂੰ ਹੋਰ ਵੀ ਖ਼ੂਬਸੂਰਤ ਬਣਾਵੇਗੀ।
ਸੰਪਰਕ: 99156-21188
