ਰੁੱਖ

ਰੁੱਖ

ਵਜ਼ੀਰਾਬਾਦ ਦਾ ਬੇਲਾ  ਫ਼ੋਟੋਕਾਰ: ਅਕਰਮ ਵੜੈਚ

ਭਾਗ 2 ਪੇਸ਼ਕਸ਼: ਅਮਰਜੀਤ ਚੰਦਨ

ਮੋਹਨ ਸਿੰਘ (1905-1978)

ਗੁਲਮੋਹਰ

ਗੁਲਮੋਹਰ ਦਾ ਬੂਟਾ

ਖੜ੍ਹਾ ਸੁਹਾਵਣਾ

ਧੁਰ ਪਾਤਾਲੋਂ ਆਇਆ

ਧਰਤ-ਪਰਾਹੁਣਾ।

ਅਧਭੁਤ ਵਿੰਗ ਵਲੇਵੇਂ

ਖਾਧੇ ਡਾਲੀਆਂ

ਨਜ਼ਰਾਂ ਦੇ ਪੰਖੇਰੂ

ਫਸ ਗਏ ਜਾਲੀਆਂ।

ਰਾਤ ਦਾ ਭੋਛਨ ਕਾਲਾ

ਮੁਸ਼ਕੀ, ਊਦੀਆ

ਪੱਥ-ਬੱਤੀਆਂ ਦਾ ਚਾਨਣ

ਡੁੱਲ੍ਹੇ ਦੁਧੀਆ।

ਨ੍ਹੇਰ ਦਾ ਅੱਥਰਾ ਸੰਢਾ

ਬੜ੍ਹਕਾਂ ਮਾਰਦਾ

ਪੱਥ-ਬੱਤੀਆਂ ਦੇ ਚਾਨਣ

ਅੱਗੇ ਹਾਰਦਾ।

ਤਣਾ ਚਮਕਦਾ, ਕਾਰ

ਜਦੋਂ ਕੋਈ ਲੰਘਦੀ

ਫੁੱਲਾਂ ਤੇ ਪਿਚਕਾਰੀ

ਪੈਂਦੀ ਰੰਗ ਦੀ।

ਸੂਹੇ ਫੁਲ ਸੰਧੂਰੀ

ਗੂੜ੍ਹੇ ਕੇਸਰੀ

ਟੂਣੇ ਦੇ ਵਿਚ ਜਕੜੀ

ਜਾਪੇ ਇਹ ਘੜੀ।

ਛੱਤੋ ਦੀ ਬੇਰੀ

ਉਹ ਕਿੱਧਰ ਗਏ ਦਿਹਾੜੇ?

ਜਦ ਛੱਤੋ ਦੇ ਪਿਛਵਾੜੇ,

ਸਾਂ ਬੇਰ ਛੱਤੋ ਦੇ ਢਾਂਹਦੇ,

ਹੱਸ-ਹੱਸ ਕੇ ਗਾਲ੍ਹਾਂ ਖਾਂਦੇ।

ਕਰ ਲਾਗੇ-ਲਾਗੇ ਸਿਰੀਆਂ,

ਉਹ ਬੇਰੀ ਥੱਲੇ ਬਹਿਣਾ।

ਥੋੜ੍ਹੀ ਜਿਹੀ ਘੁਰ-ਘੁਰ ਮਗਰੋਂ,

ਫਿਰ ਜਾ ਛੱਤੋ ਨੂੰ ਕਹਿਣਾ:

‘ਛੇਤੀ ਕਰ ਬੇਬੇ ਛੱਤੋ!

ਤੈਨੂੰ ਸੱਦਦੀ ਭੂਆ ਸੱਤੋ।’

ਉਸ ਜਾਣਾ ਹੌਲੀ ਹੌਲੀ,

ਅਸਾਂ ਕਰ ਕੇ ਫੁਰਤੀ ਛੁਹਲੀ,

ਗਾਲ੍ਹੜ ਵਾਂਗੂੰ ਚੜ੍ਹ ਜਾਣਾ,

ਬੇਰਾਂ ਦਾ ਮੀਂਹ ਵਰ੍ਹਾਣਾ।

ਆਪੀਂ ਤਾਂ ਚੁਣ-ਚੁਣ ਖਾਣੇ,

ਛੁਹਰਾਂ ਨੂੰ ਦੱਬਕੇ ਲਾਣੇ:

ਬੱਚੂ ਹਰਨਾਮਿਆਂ ਖਾ ਲੈ!

ਸੰਤੂ ਡੱਬਾਂ ਵਿਚ ਪਾ ਲੈ!

ਖਾ ਖੂ ਕੇ ਥੱਲੇ ਲਹਿਣਾ,

ਫਿਰ ਬਣ ਵਰਤਾਵੇ ਬਹਿਣਾ,

ਕੁਝ ਵੰਡ ਕਰਾਈ ਲੈਣੀ,

ਕੁਝ ਕੰਡੇ-ਚੁਭਾਈ ਲੈਣੀ।

ਫਿਰ ਚੀਕ-ਚਿਹਾੜਾ ਪਾਣਾ,

ਉੱਤੋਂ ਛੱਤੋ ਆ ਜਾਣਾ।

ਉਸ ਝੂਠੀ-ਮੂਠੀ ਕੁਟਣਾ,

ਅਸੀਂ ਝੂਠੀ-ਮੂਠੀ ਰੋਣਾ।

ਉਸ ਧੌਣ ਅਸਾਡੀ ਛੱਡਣੀ,

ਅਸਾਂ ਟੱਪ ਕੇ ਪਰ੍ਹੇ ਖਲੋਣਾ।

ਉਸ ਗਾਲ੍ਹਾਂ ਦੇਣੀਆਂ ਖੱਲ੍ਹ ਕੇ,

ਅਸਾਂ ਗਾਉਣਾ ਅੱਗੋਂ ਰਲ ਕੇ:

ਛੱਤੋ ਮਾਈ ਦੀਆਂ ਗਾਲ੍ਹਾਂ,

ਹਨ ਦੁੱਧ ਤੇ ਘਿਓ ਦੀਆਂ ਨਾਲਾਂ।

ਅੱਜ ਓਏ ਜੇ ਕੋਈ ਆਖੇ,

ਅਸੀਂ ਹੋਈਏ ਲੋਹੇ ਲਾਖੇ।

ਅੱਜ ਸਾਨੂੰ ਕੋਈ ਜੇ ਘੂਰੇ,

ਅਸੀਂ ਚੁਕ ਚੁਕ ਪਈਏ ਹੂਰੇ।

ਗਾਲ੍ਹਾਂ ਰਹੀਆਂ ਇਕ ਪਾਸੇ,

ਅਸੀਂ ਝਲ ਨਾ ਸਕੀਏ ਹਾਸੇ।

ਗੱਲ ਗੱਲ ’ਤੇ ਭੱਜੀਏ ਥਾਣੇ,

ਅਸੀਂ ਭੁੱਲ ਬੈਠੇ ‘ਉਹ ਜਾਣੇ।’

ਉਹ ਕਿੱਧਰ ਗਏ ਦਿਹਾੜੇ?

ਜਦ ਛੱਤੋ ਦੇ ਪਿਛਵਾੜੇ,

ਸਾਂ ਬੇਰ ਛੱਤੋ ਦੇ ਢਾਂਹਦੇ,

ਹੱਸ-ਹੱਸ ਕੇ ਗਾਲ੍ਹਾਂ ਖਾਂਦੇ॥

ਬਿਰਛ

ਇਹ ਸੁੱਕਾ ਬਿਰਛ,

ਬੁੱਢਾ ਤੇ ਬਿਰਧ

ਜਿਸ ਦੀ ਜ਼ਿੰਦਗੀ ਪੜਾਅ ਹੀ ਪੜਾਅ ਹੈ

ਕਿਸ ਆਸ ’ਤੇ ਖੜ੍ਹਾ ਹੈ?

ਇਕ ਇਕ ਕਰਕੇ

ਸਾਰੇ ਪੱਤਰ ਝੜ ਗਏ

ਫਿਰ ਟਹਿਣੀਆਂ ਨੂੰ ਸੁਕਾ ਕੇ

ਹੱਡ ਕੜਕਾ ਕੇ ਹਵਾ ਲੈ ਗਈ

ਹੁਣ ਨਿਰਾ ਟੁੰਡ ਹੀ ਖੜ੍ਹਾ ਹੈ

ਇਕ ਕਲ-ਮੁਕੱਲੇ ਘੁਣਾਧੇ ਦੰਦ ਦੀ ਤਰ੍ਹਾਂ।

ਨਾ ਕੁਝ ਬਿਰਛ ਤੋਂ ਉਰਾਂ

ਨਾ ਕੁਝ ਬਿਰਛ ਤੋਂ ਪਰਾਂ

ਮੀਲਾਂ ਤੀਕ ਇਕੱਲ ਦਾ ਰਾਜ ਹੈ

ਇਹ ਬੁੱਢਾ ਝਰੀਟ ਕਿਉਂ ਜ਼ਿੰਦਗੀ ਦਾ ਮੁਹਤਾਜ ਹੈ?

ਜਿੱਥੋਂ ਜਿੱਥੋਂ ਡਾਹਣ ਸੁਕ ਕੇ ਡਿੱਗੇ

ਉੱਥੇ ਉੱਥੇ ਨਿੱਕੀਆਂ ਖੋੜਾਂ

ਬਿਰਧ ਅੱਖਾਂ ਵਿਚ ਦੀ ਝਾਕਣ

ਲੋੜਨ ਜਵਾਨੀ ਦੇ ਗਵਾਚੇ ਸੁਪਨਿਆਂ।

ਇਕ ਟੰਗ ਭਾਰ ਖਲੋਤਾ ਜੋਗੀ,

ਇਕ ਪਲਕ ਨਾ ਸੈਂਦਾ

ਜਿਸ ਦੇ ਟੁੰਡ ਉੱਤੇ

ਇੱਲ ਦੇ ਸਿਵਾ ਕੋਈ ਪੰਛੀ ਨਾ ਬਹਿੰਦਾ

ਜਿਸ ਨੂੰ ਪਰਛਾਵੇਂ ਦੇ ਸਿਵਾ ਕੋਈ ਫਲ ਨਾ ਪੈਂਦਾ।

ਜਿਸ ਦਾ ਜੀਵਨ ਪੜਾਅ ਹੀ ਪੜਾਅ ਹੈ

ਕਿਸ ਆਸ ’ਤੇ ਖੜ੍ਹਾ ਹੈ?

*******

ਹਰਿਭਜਨ ਸਿੰਘ (1920-2002)

1956 ਵਿਚ

ਬਿਰਛ

ਕਿਹੜੇ ਬਿਰਛ ਨੂੰ ਅਪਣਾ ਆਖ ਸੁਣਾਵਾਂ

ਕਿਹੜੀ ਕਿਹੜੀ ਛਾਂ ਮੇਰੀ ਮਾਂ ਵਰਗੀ

ਕਿਹੜਾ ਕਿਹੜਾ ਡਾਹਣਾ ਵਾਂਗ ਭਰਾਵਾਂ

ਸੋਹਣੇ ਸੋਹਣੇ ਰੁੱਖ ਤਾਂ ਇਸ਼ਕ ਲਈ ਨੇ

ਸਣ-ਖ਼ੁਸ਼ਬੋਈ ਸਣ-ਪਤ੍ਰਾਂ ਸਣ-ਛਾਵਾਂ

ਚਾਕੂ ਵਾਲ਼ੇ ਆਸ਼ਕ ਲਿਖ ਦਿੱਤਾ ਏ

ਡਾਲ ਡਾਲ ’ਤੇ ਅਪਣਾ ਨਾਂ ਸਿਰਨਾਵਾਂ

ਕੁਝ ਰੁੱਖਾਂ ’ਤੇ ਰੱਸੇ ਲਟਕ ਰਹੇ ਨੇ

ਰੱਸਿਆਂ ਵਿਚ ਲਟਕਣ ਅਣਵਰੀਆਂ ਮਾਵਾਂ

ਇਹਨਾਂ ਤੀਕਣ ਬੋਲ ਨ ਮੇਰਾ ਪਹੁੰਚੇ

ਨੀਵੀਂ ਨਜ਼ਰੇ ਵੇਖਾਂ ਤੇ ਲੰਘ ਜਾਵਾਂ

ਕੁਝ ਰੁੱਖਾਂ ਦੇ ਹੇਠਾਂ ਬਿਸੀਅਰ ਕਾਲ਼ੇ

ਇਨ੍ਹਾਂ ਨੂੰ ਮੈਂ ਸੰਕਟ ਸਮੇਂ ਧਿਆਵਾਂ

ਮੈਥੋਂ ਕਦੇ ਨ ਸਰਿਆ ਇਹਨਾਂ ਤਾਈਂ

ਸੁੱਚਾ ਕੱਚਾ ਗੋਕਾ ਦੁੱਧ ਪਿਆਵਾਂ

ਬਾਬੇ ਬੋਹੜਾਂ ਹੇਠ ਪੰਚੈਤਾਂ ਜੁੜੀਆਂ

ਜਿਸਦਾ ਜਦ ਜੀਅ ਚਾਹੇ ਕੱਟਣ ਨਾਵਾਂ

ਇਹਨਾਂ ਲਾਗੇ ਜੋ ਪਹੁੰਚੇ ਸੋ ਦਾਗੀ

ਦੂਰੋਂ ਦੂਰੋਂ ਸਤ ਸਲਾਮ ਬੁਲਾਵਾਂ

ਕੁਝ ਰੁੱਖਾਂ ਦੇ ਹੇਠਾਂ ਖੁਰਕਾਂ ਖਾਧੇ

ਕੁੱਤੇ ਮਾਨਣ ਕਾਣੀਆਂ ਕਾਣੀਆਂ ਛਾਵਾਂ

ਸਿਰ ਉਪਰ ਵਿਰਲੀ ਗੋਹਲ਼ਾਂ ਦੀ ਛੱਤਰੀ

ਉਹ ਵੀ ਛਾਂਗ ਸੁੱਟੀ ਏ ਕਾਲ਼ਿਆਂ ਕਾਵਾਂ

ਖੁਰਕਾਂ ਖਾਧੇ ਕੁੱਤੇ ਕਿਉਂ ਸ਼ਸ਼ਕਾਰਾਂ

ਕਾਹਨੂੰ ਭੁੱਖੇ ਭਾਣੇ ਕਾਗ ਉਡਾਵਾਂ

ਮੇਰੀ ਖ਼ਾਤਰ ਥੋੜ੍ਹੀ ਧੁੱਪ ਪਈ ਏ

ਐਸ ਜਨਮ ਨਹੀਂ ਮੁੱਕਣੀ

ਰੱਜ ਹੰਢਾਵਾਂ

ਕਿਹੜੇ ਬਿਰਛ ਨੂੰ ਅਪਣਾ ਆਖ ਸੁਣਾਵਾਂ

ਕਿਹੜੀ ਕਿਹੜੀ ਛਾਂ ਮੇਰੀ ਮਾਂ ਵਰਗੀ

ਕਿਹੜਾ ਕਿਹੜਾ ਡਾਹਣਾ ਵਾਂਗ ਭਰਾਵਾਂ

*******

ਸ਼ਿਵ ਕੁਮਾਰ (1936-1973)

ਰੁੱਖ

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ

ਕੁਝ ਰੁੱਖ ਲਗਦੇ ਮਾਵਾਂ

ਕੁਝ ਰੁੱਖ ਨੂੰਹਾਂ ਧੀਆਂ ਲੱਗਦੇ

ਕੁਝ ਰੁੱਖ ਵਾਂਗ ਭਰਾਵਾਂ

ਕੁਝ ਰੁੱਖ ਮੇਰੇ ਬਾਬੇ ਵਾਕਣ

ਪੱਤਰ ਟਾਵਾਂ ਟਾਵਾਂ

ਕੁਝ ਰੁੱਖ ਮੇਰੀ ਦਾਦੀ ਵਰਗੇ

ਚੂਰੀ ਪਾਵਣ ਕਾਵਾਂ

ਕੁਝ ਰੁੱਖ ਯਾਰਾਂ ਵਰਗੇ ਲਗਦੇ

ਚੁੰਮਾਂ ਤੇ ਗਲ਼ ਲਾਵਾਂ

ਇਕ ਮੇਰੀ ਮਹਿਬੂਬਾ ਵਾਕਣ

ਮਿੱਠਾ ਅਤੇ ਦੁਖਾਵਾਂ

ਕੁਝ ਰੁੱਖ ਮੇਰਾ ਦਿਲ ਕਰਦਾ ਏ

ਮੋਢੇ ਚੁੱਕ ਖਿਡਾਵਾਂ

ਕੁਝ ਰੁੱਖ ਮੇਰਾ ਦਿਲ ਕਰਦਾ ਏ

ਚੁੰਮਾਂ ਤੇ ਮਰ ਜਾਵਾਂ

ਕੁਝ ਰੁੱਖ ਜਦ ਵੀ ਰਲ਼ ਕੇ ਝੂਮਣ

ਤੇਜ਼ ਵਗਣ ਜਦ ਵਾਵਾਂ

ਸਾਵੀ ਬੋਲੀ ਸਭ ਰੁੱਖਾਂ ਦੀ

ਦਿਲ ਕਰਦਾ ਲਿਖ ਜਾਵਾਂ

ਮੇਰਾ ਵੀ ਇਹ ਦਿਲ ਕਰਦਾ ਏ

ਰੁੱਖ ਦੀ ਜੂਨੇ ਆਵਾਂ

ਜੇ ਤੁਸਾਂ ਮੇਰਾ ਗੀਤ ਹੈ ਸੁਣਨਾ

ਮੈਂ ਰੁੱਖਾਂ ਵਿਚ ਗਾਵਾਂ

ਰੁੱਖ ਤਾਂ ਮੇਰੀ ਮਾਂ ਵਰਗੇ ਨੇ

ਜਿਉਂ ਰੁੱਖਾਂ ਦੀਆਂ ਛਾਵਾਂ।

*******

ਸੁਰਜੀਤ ਪਾਤਰ

ਦਰਖ਼ਤ

ਏਹੋ ਹੈ ਮੇਰੀ ਮੈ’ਕਸ਼ੀ

ਏਸੇ ਚ ਮਸਤ ਹਾਂ

ਪੌਣਾਂ ਚੋਂ ਜ਼ਹਿਰ ਪੀ ਰਿਹਾ ਹਾਂ

ਮੈਂ ਦਰਖ਼ਤ ਹਾਂ

ਧਰਤੀਏ ਇਹ ਬਿਰਖ ਤੇਰੇ

ਧਰਤੀਏ ਇਹ ਬਿਰਖ ਤੇਰੇ ਸਾਜ਼ ਬਣਨਾ ਲੋਚਦੇ

ਤੇਰੀਆਂ ਧਾਤਾਂ ਬਹੁਤ ਸਾਜ਼ਾਂ ਦੀਆਂ ਤਾਰਾਂ ਬਣਨ

ਨਾ ਬਣੇ ਹਥਿਆਰ ਲੋਹਾ, ਬਸ ਬਣੇ ਔਜ਼ਾਰ ਹੀ

ਆਦਮੀ ਕਿਰਤੀ ਬਣੇ ਤੇ ਸਿਰਜਣਹਾਰ ਹੀ

ਖਿੜਦੀਆਂ ਨੇ ਜਦ ਕਪਾਹਵਾਂ ਇਹ ਦੁਆਵਾਂ ਕਰਦੀਆਂ

ਹਾਏ ਨਾ ਬਣਨਾ ਪਵੇ ਹਤਿਆਰਿਆਂ ਦੀਆਂ ਵਰਦੀਆਂ

ਰੁੱਖ ਬਿਰਖ

ਮੈਂ ਸੁਣਾਂ ਜੇ ਰਾਤ ਖ਼ਮੋਸ਼ ਨੂੰ

ਮੇਰੇ ਦਿਲ ਚ ਕੋਈ ਦੁਆ ਕਰੇ

ਇਹ ਜ਼ਮੀਨ ਹੋਵੇ ਸੁਰਾਂਗਲੀ

ਇਹ ਦਰਖ਼ਤ ਹੋਣ ਹਰੇ ਭਰੇ

ਏਥੋਂ ਕੁਲ ਪਰਿੰਦੇ ਹੀ ਉੜ ਗਏ

ਏਥੇ ਮੇਘ ਆਉਂਦੇ ਵੀ ਮੁੜ ਗਏ

ਏਥੇ ਕਰਨ ਅੱਜ-ਕੱਲ੍ਹ ਬਿਰਖ ਵੀ

ਕਿਤੇ ਹੋਰ ਜਾਣ ਦੇ ਮਸ਼ਵਰੇ

ਹੁਣ ਇਹ ਚੀਰ ਹੁੰਦਿਆਂ ਵੀ ਚੁਪ ਰਵ੍ਹੇ

ਤਾਂ ਫੇ ਆਰਿਆਂ ਨੂੰ ਵੀ ਛਾਂ ਦਵੇ

ਇਹ ਜੋ ਆਖਦਾ ਸੀ ਮੈਂ ਬਿਰਖ ਹਾਂ

ਹੁਣ ਵਕਤ ਆਇਆ ਹੈ ਸਿੱਧ ਕਰੇ

ਨ ਤਾਂ ਕੁਰਸੀਆਂ ਨੂੰ ਨ ਤਖ਼ਤ ਨੂੰ

ਨ ਸਲੀਬ ਸਖ਼ਤ ਕੁਰਖ਼ਤ ਨੂੰ

ਇਹ ਮਜ਼ਾਕ ਕਰਨ ਦਰਖ਼ਤ ਨੂੰ

ਬੜੇ ਸਮਝਦਾਰ ਨੇ ਮਸਖਰੇ॥

*******

ਸੰਤ ਸੰਧੂ

ਰੁੱਖ

ਨਾਲ਼ ਹਵਾਵਾਂ ਗਾਉਂਦੇ ਰਹਿੰਦੇ

ਵੰਡਦੇ ਰਹਿੰਦੇ ਛਾਵਾਂ

ਜੀਅ ਕਰਦਾ ਹੁਣ ਅਗਲੀ ਵਾਰੀ

ਜੂਨ ਰੁੱਖਾਂ ਦੀ ਆਵਾਂ

ਦੁਖੀਆਂ ਤਾਈਂ ਦੇਣ ਦਿਲਬਰੀ

ਦਿੰਦੇ ਰਹਿਣ ਦਿਲਾਸੇ

ਜਦੋਂ ਜਦੋਂ ਵੀ ਰਾਹੀ ਆਉਂਦੇ

ਰੁੱਖਾਂ ਕੋਲ਼ ਨਿਰਾਸੇ

ਨਾ ਥੱਕਣ ਨਾ ਅੱਕਣ ਕਿਧਰੇ

ਜਾਗਣ ਸੰਝ ਸਵੇਰੇ

ਰੁੱਖਾਂ ਨੇ ਰਾਹਾਂ ’ਤੇ ਲਾਏ

ਮੁੱਢ ਕਦੀਮੀਂ ਡੇਰੇ

ਸ਼ਾਲਾ ਯਾਰ ਮਿਲ਼ੇ ਕੋਈ ਪੂਰਾ

ਜੋ ਸਾਨੂੰ ਸਮਝਾਵੇ

ਰੁੱਖ ਤੇ ਰਾਹਾਂ ਦੀ ਇਹ ਭਾਸ਼ਾ

ਕਦੇ ਸਮਝ ਨਾ ਆਵੇ

ਰੁੱਖਾ ਬੋਲ ਨਾ ਰੁੱਖ ਬੋਲਦੇ

ਗਾਉਂਦੇ ਗੀਤ ਅਗੰਮੀ

ਰੁੱਖ ਦੀ ਸੁਹਬਤ ਦੇ ਵਿਚ ਹੁੰਦੀ

ਯਾਰ ਦੀ ਨਜ਼ਰ ਸਵੱਲੀ

ਰੁੱਖ ਦਿਲਬਰ ਚੰਨਣ ਦਾ ਬੂਟਾ

ਸੱਪੀਂ ਜ਼ਹਿਰ ਗੁਆਵੇ

ਰੁੱਖ ਸਰੂ ਦਾ ਸੁਹਣਾ ਭਾਵੇਂ

ਅੰਬਰ ਵਿਚ ਲਹਿਰਾਵੇ

*******

ਅਮਰਜੀਤ ਚੰਦਨ

ਅਮਲਤਾਸ: ਕੁੜੀ ਤੇ ਨੇਰ੍ਹੀ

ਇਹ ਕੁੜੀ ਨੇਰ੍ਹੀ ਤੋਂ ਬਹੁਤ ਡਰਦੀ ਹੈ

ਕਹਿੰਦੀ ਹੈ -

ਨੇਰ੍ਹੀ ਆਏਗੀ

ਸਾਰੇ ਗੰਦ ਪੈ ਜਾਏਗਾ

ਅਮਲਤਾਸ ਦੇ ਸੁਹਣੇ-ਸੁਹਣੇ ਫੁੱਲ ਝੜ ਜਾਣਗੇ

ਰੁੱਖਾਂ ਦੇ ਟਾਹਣ ਟੁੱਟ ਜਾਣਗੇ

ਪੰਖੇਰੂ ਮਰ ਜਾਣਗੇ

ਇਹ ਕੁੜੀ ਨਹੀਂ ਜਾਣਦੀ

ਨੇਰ੍ਹੀ ਆਏਗੀ

ਨਾਲ਼ ਬਰਖਾ ਲਿਆਏਗੀ

ਸਾਰੇ ਠੰਢ ਵਰਤ ਜਾਏਗੀ

ਆਕਾਸ਼ ਹੋਰ ਨਿਖਰੇਗਾ

ਅਮਲਤਾਸ ਦੀਆਂ ਨਾੜਾਂ ਚ

ਸਾਵਾ ਨਵਾਂ ਖ਼ੂਨ ਦੌੜੇਗਾ

ਅਗਲੀ ਰੁੱਤੇ

ਫੁੱਲ ਹੋਰ ਸੁਹਣੇ ਹੋਣਗੇ

ਹੋਰ ਗੂੜ੍ਹੇ ਪੀਲ਼ੇ

ਇਹ ਕੁੜੀ ਨਹੀਂ ਜਾਣਦੀ

ਰੁੱਖ

ਅਨਵਰ ਚੌਧਰੀ ਦੇ ਨਾਂ

ਵ੍ਹੇਂਦਿਆਂ ਵ੍ਹੇਂਦਿਆਂ ਕੈਸਾ ਰੁੱਖ

ਅਸਾਡੇ ਅੰਙਣ ਉੱਗਾ

ਵਿਚ ਨਿਰਮਲ ਮਿੱਟੀ

ਇਹਦੀ ਛਾਂ ਵੀ ਚਿੱਟੀ

ਖਿੜਿਆ ਫੁੱਲਾਂ ਲੱਦਿਆ ਆਦਿ ਅਨੀਲਾ

ਲੋਅ ਦਾ ਝਰਨਾ

ਇਕ ਵੀ ਪੱਤ ਨਾ

ਫੁੱਲ ਹੀ ਫੁੱਲ ਲੱਗੇ ਹਨ

ਫੁੱਲ ਹੀ ਪੱਤੇ ਜਾਂ ਪੱਤੇ ਫੁੱਲ ਹਨ

ਏਸ ਦੇ ਹੇਠਾਂ ਸੱਜਣ ਬੈਠੇ

ਗਿਆਨ ਧਿਆਨ ਦੀਆਂ ਗੱਲਾਂ ਕਰਦੇ

ਕੋਈ ਗੌਤਮ ਬੁੱਧ ਨਿਰਵਾਣ ਨੂੰ ਪਹੁੰਚੇ

ਇਸ ਨੂੰ ਮਿੱਠੇ ਰੀਠੇ ਲਗਦੇ

ਇਹਦੇ ਬੇਰ ਨਿਆਰੇ ਰਾਮ ਜੀ ਖਾਵਣ

ਇਸ ਰੁੱਖ ਦਾ ਕੋਈ ਫਲ ਨਾ ਵਰਜਿਤ

ਹੱਵਾ ਬੀਬੀ ਅਪਣੇ ਆਦਮ ਨਾਲ਼ ਜਵਾਨੀਆਂ ਮਾਣੇ

ਰੱਬ ਜੀ ਵੇਖ ਵੇਖ ਖ਼ੁਸ਼ ਹੁੰਦੇ

ਇਹ ਰੁੱਖ ਬੋਲੇ ਗੱਲਾਂ ਕਰਦਾ

ਦਿਲ ਦਾ ਮਹਿਰਮ ਦੁੱਖ ਸੁੱਖ ਸੁਣਦਾ

ਇਹ ਰੁੱਖ ਹੱਸਦਿਆਂ ਨੂੰ ਵੇਖ ਕੇ ਹੱਸਦਾ

ਚੁੱਪ ਹੋਇਆਂ ਨੂੰ ਵੇਖ ਵੇਖ ਚੁੱਪ ਹੁੰਦਾ

ਵ੍ਹੇਂਦਿਆਂ ਵ੍ਹੇਂਦਿਆਂ ਕੈਸਾ ਰੁੱਖ ਅਸਾਡੇ ਅੰਙਣ ਉੱਗਾ

ਸਿੰਮਲ ਰੁੱਖ ਲਹੌਰ ਦਾ

ਸਿੰਮਲ ਰੁੱਖ ਲਹੌਰ ਦਾ

ਸ਼ਾਹ ਕਾਲ਼ੀ ਰਾਤ ਦੇ ਅੰਦਰ

ਜਗਮਗ ਕਰਦਾ ਬਿਜਲੀ ਜਗਦੀ

ਕਾਲ਼ੀ ਕੰਧ ਦੇ ਉੱਤੇ

ਕੱਟ ਕੇ ਟੰਗਿਆ ਰੁੱਖੜਾ ਚਿੱਟੇ ਰੰਗ ਦਾ

ਚਿੱਟੀ ਚਮੜੀ ਵਾਲ਼ਾ ਕਾਲ਼ਾ ਬੰਦਾ

ਰੁੱਖ ਤੋਂ ਲੱਥਾ

ਰੋਮ ਰੋਮ ਵਿਚ ਲਾਟੂ ਬਲ਼ਦਾ ਬਿਜਲੀ ਜਗਦੀ

ਤੇ ਨੱਸਣ ਲੱਗਾ ਮਾਲ ਰੋਡ ਦੇ ਉੱਤੇ

ਤੁਰਤ ਮੁਰਾਦ ਲਹੌਰ

ਤੁਰਤ ਮੁਰਾਦ ਮਜ਼ਾਰ ਸਾਹਮਣੇ

ਦੋ ਰੁੱਖਾਂ ਦੀ ਮੁਰਾਦ ਪੂਰੀ ਹੋ ਗਈ

ਪਿੱਪਲ਼ ਸ਼ਰੀਂਹ ਦੀ ਜੱਫੀ ਪਈ

ਦੋ ਕਲਬੂਤ ਤੇ ਹਸਤੀ ਇੱਕੋ

ਦੋਹਵੇਂ ਰਲ਼ ਕੇ ਖੜ ਖੜ ਕਰਦੇ

ਖਿੜਦੇ ਨਵੀਂ ਰੁੱਤ ਦੇ ਪੱਤੇ

ਤੁਰਤ ਮੁਰਾਦ ਮਜ਼ਾਰ ਦੇ ਅੱਗੇ

ਹੋਈ ਗੋਦ ਹਰੀ

ਇਕ ਹੋਰ ਨਵਾਂ ਰੁੱਖ ਜੰਮਣਾ

ਪਿਪਲ਼ ਤੇ ਸ਼ਰੀਂਹ ਦਾ ਪੱਤਰਾ

ਤੁਰਤ ਮੁਰਾਦ ਮਜ਼ਾਰ ਸਾਹਮਣੇ

* ਧਿਆਨਜੋਗ: ਲਹੌਰ ਚ ਹਾਲੇ ਵੀ ਪਿੱਪਲ਼ ਨੂੰ ਹਿੰਦੂ ਰੁੱਖ ਮੰਨਿਆਂ ਜਾਂਦਾ ਏ. ਤੁਰਤ ਮੁਰਾਦ ਮਜ਼ਾਰ ਅੱਗੇ ਜੁੜੇ-ਖੜ੍ਹੇ ਪਿੱਪਲ਼ ਤੇ ਸ਼ਰੀਂਹ ਨੂੰ ਛੁਹ ਕੇ ਲੋਕ ਪੁੱਤਾਂ ਦੀ ਸੁੱਖ ਸੁਖਦੇ ਨੇ

ਵਜ਼ੀਰਾਬਾਦ ਦੀਆਂ ਬੇਰੀਆਂ

ਝਨਾਂ ਦੇ ਕੰਢੇ ਉੱਗੀਆਂ

ਵਜ਼ੀਰਾਬਾਦ ਦੀਆਂ ਬੇਰੀਆਂ

ਖ਼ਾਸ ਖ਼ਾਸ ਬੇਰੀਆਂ

ਪੁਰਾਣੀਆਂ ਨੇ ਬੇਰੀਆਂ

ਤੇਰੀਆਂ ਨਾ ਮੇਰੀਆਂ

ਮਿੱਠੀਆਂ ਨੇ ਬੇਰੀਆਂ

ਧਰਤੀ ਦੀ ਗਲ਼ ਲੱਗੀਆਂ

ਜਿਉਂ ਮਾਵਾਂ ਧੀਆਂ ਸ੍ਵੇਲੀਆਂ

ਰਾਖਾ ਬੇਰੀਆਂ ਦਾ ਹੋੜਦਾ

ਬੇਰਾਂ ਨੂੰ ਤੋੜਨੋਂ

ਮੁੰਡੇ ਹਟਦੇ ਨਾ, ਖਾਂਵਦੇ

ਚੋਰੀ ਦੀਆਂ ਬੇਰੀਆਂ

ਹੋਰ ਮਿੱਠੀਆਂ ਹੋਂਦੀਆਂ ਘਣੇਰੀਆਂ

ਵਜ਼ੀਰਾਬਾਦ ਦੀਆਂ ਬੇਰੀਆਂ

ਅੰਜੀਰ ਦਾ ਰੁੱਖ

ਸਮੀਨਾ ਸੱਯਦ (1944-2016) ਦੀ ਯਾਦ ਨਿਮਿਤ, ਜਿਹਦੀ ਰੀਝ ਸੀ ਕਿ ਅੰਜੀਰ ਦੇ ਜਿਸ ਰੁੱਖ ਹੇਠ ਇਹ ਵਿਆਹੀ ਆਈ ਸੀ;

ਓਥੋਂ ਹੀ ਇਹਦਾ ਜਨਾਜ਼ਾ ਉੱਠੇ.

ਕੈਸਾ ਰੁੱਖ ਅੰਜੀਰ ਦਾ ਤੇਰੇ ਸਾਜਨ ਵੇਹੜੇ

ਕੈਸਾ ਰੁੱਖ ਹੈ ਜੱਨਤੀ ਇਸ ਧਰਤੀ ਉੱਗਿਆ

ਜੜ੍ਹਾਂ ਜਾ ਕਰ ਲੱਗੀਆਂ ਸੱਤ ਅਸਮਾਨੀਂ

ਇਸਨੂੰ ਨੇਕੀ ਦੇ ਮਿੱਠੜੇ ਫਲ਼ ਲਟਕੰਦੇ

ਸਾਰੇ ਤਾਰੇ ਏਸ ਦੇ ਬੀਜਕ ਮੇਵੇ

ਏਸ ਹੇਠਾਂ ਸਨ ਖੇਡਦੇ ਬਾਲਕ ਤੇਰੇ

ਏਥੇ ਹੀ ਸੀ ਆਣ ਕੇ ਤੇਰਾ ਡੋਲ਼ਾ ਲੱਥਾ

ਨੱਕ ਦਾ ਕੋਕਾ ਸੋਭਦਾ ਤੇ ਦੌਣੀ ਮੱਥਾ

ਏਸ ਰੁੱਖ ਦੀਆਂ ਅੱਖੀਆਂ ਜਿੰਨੇ ਪੱਤਰ ਇਸਦੇ

ਦੇਖ ਦੇਖ ਨ ਰੱਜੀਆਂ ਸਾਰੀ ਉਮਰ ਹਯਾਤੀ

ਮੂੰਹੋਂ ਕੁਝ ਨ ਬੋਲਦਾ, ਪਰ ਦਿਲ ਦਾ ਭੇਤੀ

ਓਸੇ ਰੁੱਖ ਦੇ ਹੇਠਿਓਂ ਅੱਜ ਉੱਠੀ ਮੱਈਅਤ

ਨਾਨਕ ਸ਼ਾਹ ਫ਼ਕੀਰ ਦੀ ਜੁੜੀ ਸੰਗਤ ਰੱਈਅਤ

ਡੋਲ਼ਾ ਅੱਜ ਮੁੜ ਤੁਰਿਆ ਬੜੇ ਪੰਧ ਲੰਮੇਰੇ

ਪਤਾ ਨਾ ਚੱਲਦਾ ਸੁੱਖ ਹੈ ਜਾਂ ਦੁੱਖ ਘਣੇਰੇ

ਕੈਸਾ ਰੁੱਖੜਾ ਉੱਗਿਆ

ਤੇਰੇ ਸਾਜਨ ਵੇਹੜੇ

*******

ਮਜ਼ਹਰ ਤਿਰਮਜ਼ੀ

ਲੰਦਨ ਸ਼ਹਿਰ ਦਾ ਰੁੱਖੜਾ

ਰੁੱਖੀ ਲੰਮੀ ਸੜਕ ’ਤੇ

ਇਕ ਤੂੰ ਹੀ ਸਾਡੇ ਮਨ ਭਾਂਦਾ ਏਂ

ਬਾਹਾਂ ਅੱਡ ਖਲੋਨਾ ਏਂ -

ਜੀਅ ਸਦਕੇ ਤੁਸੀਂ ਆਏ ਓ

ਮੂਰਖ ਲੋਕੀਂ ਐਵੇਂ ਸੌੜੇ ਪੈਂਦੇ ਨੇ

ਕੰਮਾਂ-ਕਾਰਾਂ, ਦਰਦ ਹਜ਼ਾਰਾਂ ਵਾਲ਼ੀ ਇਸ ਦੁਨੀਆ ਦੀ

ਤੇਰੇ ਵਲ ਕਦ ਤੱਕ* ਪੈਂਦੀ ਏ * ਨਜ਼ਰ

ਸਾਡੇ ਲਈ ਤਾਂ ਤੂੰ ਹਰਫ਼ ਦਿਲਾਸੇ ਦਾ

ਤੈਨੂੰ ਤੱਕਿਆਂ ਲਗਦਾ ਏ

ਓਹੀ ਰੁੱਤ ਪਰਤ ਆਈ ਏ

ਜਿਸ ਰੁੱਤੇ ਅਸੀਂ ਢੋਲੇ ਗਾਏ

ਤੂੰ ਦੁੱਖਾਂ ਵਿਚ ਖਿੜਿਆ ਮੁੱਖ ਏਂ

ਦੁਨੀਆ ਸੜਕ ਪਕੇਰੀ ਰੁੱਖ ਕਿਤੇ ਨਹੀਂ

ਨਾ ਏਥੇ ਨਾ ਓਥੇ ਸੁੱਖ ਕਿਤੇ ਨਹੀਂ

ਦੁੱਖ ਸਿਆਲ਼ਾ

ਤੇਰੇ ਮੇਰੇ ਸਿਰ ’ਤੇ ਆਣ ਖਲੋਤਾ ਏ

ਧਰਤ ਦਾ ਸੀਨਾ ਚਿੱਟਾ

ਚਿੱਟ ਰੜਾ ਏ

*******

ਜਗਤਾਰ ਢਾਅ

ਬੋਹੜ

ਬੋਹੜ ਦੇ ਉੱਤੇ

ਕਾਂ ਬੈਠੇ ਨੇ

ਬੋਹੜ ਦੇ ਉੱਤੇ

ਕਾਵਾਂ ਰੌਲ਼ੀ

ਬੋਹੜ ਦੇ ਹੇਠਾਂ

ਸਾਧੂ ਬੈਠੇ

ਗੱਲਾਂ ਕਰਦੇ

ਹੌਲ਼ੀ ਹੌਲ਼ੀ

ਉਡ ਗਏ ਕਾਂ

ਚੋਗ ਚੁਗਣ ਲਈ

ਸਾਧੂ ਤੁਰ ਗਏ

ਗਲ਼ ਪਾ ਚੋਲ਼ੀ

ਬੋਹੜ ਦੀ ਹਿਕ ਵਿਚ

ਕੀ ਕੀ ਧੁਖਦਾ

ਨਾ ਕਾਵਾਂ

ਨਾ ਸਾਧੂਆਂ ਗੌਲ਼ੀ

*******

ਜਸਵਿੰਦਰ

ਟਾਹਲੀ

ਬੂਟਾ ਸਿੰਘ ਕੋਲ਼ੋਂ ਟਾਹਲੀ ਪੁੱਛਦੀ ਹੈਰਾਨ ਹੋ ਕੇ,

ਕਿਹੜੀ ਗੱਲੋਂ ਅੱਜ ਤੂੰ ਕੁਹਾੜਾ ਹੈ ਉਠਾ ਲਿਆ?

ਕੀ ਤੂੰ ਏਸ ਚੰਦਰੇ ਦਿਹਾੜੇ ਦੀ ਉਡੀਕ ’ਚ ਸੀ,

ਧੀਆਂ ਵਾਂਗੂੰ ਚਾਵਾਂ ਨਾਲ਼ ਮੈਨੂੰ ਹੈ ਸੀ ਪਾਲ਼ਿਆ।

ਭੁੱਲ ਗਿਆ ਉਹ ਕੂਲ਼ੇ-ਕੂਲ਼ੇ ਪੱਤਿਆਂ ਦੇ ਗੀਤ ਮੇਰੇ,

ਭੁੱਲ ਗਿਆ ਉਹ ਛਾਵਾਂ ਜੋ ਦੁਪਹਿਰਾਂ ਨੂੰ ਤੂੰ ਮਾਣੀਆਂ।

ਭੁੱਲ ਗਿਆ ਤੂੰ ਭਰੇ ਮਨ ਨਾਲ਼ ਜੋ ਸੁਣਾਈਆਂ ਮੈਨੂੰ,

ਹਉਕਿਆਂ ’ਚ ਡੁੱਬ ਡੁੱਬ ਲੰਮੀਆਂ ਕਹਾਣੀਆਂ।

ਭੁੱਲ ਗਿਆ ਅਸੀਸਾਂ ਜੜ੍ਹਾਂ ਮੇਰੀਆਂ ਨੇ ਦਿੱਤੀਆਂ ਜੋ,

ਭੁੱਲ ਗਿਆ ਉਹ ਪੀਂਘਾਂ ਕੱਲ੍ਹ ਧੀਆਂ ਨੇ ਜੋ ਝੂਟੀਆਂ।

ਖੇਡ ਖੇਡ ਵਿਚ ਮੇਰੇ ਉੱਤੇ ਬਹਿੰਦੇ ਉਡ ਕੇ ਸੀ,

ਜਿਨ੍ਹਾਂ ਦੀਆਂ ਚਾਦਰਾਂ ਦੇ ਸੂਹੇ ਫੁੱਲ ਬੂਟੀਆਂ।

ਭੁੱਲ ਗਿਆ ਤੂੰ ਡਿੱਗੇ ਹੋਏ ਬੋਟਾਂ ਨੂੰ ਉਠਾ ਕੇ ਜਦੋਂ,

ਟਹਿਣੀ ਉੱਤੇ ਆਲਣੇ ’ਚ ਰੱਖਦਾ ਸੀ ਬੋਚ ਕੇ।

ਤੇਰੀ ਰਾਜ਼ਦਾਰ ਧੀਆਂ ਤੇਰੀਆਂ ਦੀ ਸਖੀ ਹਾਂ ਮੈਂ,

ਆ ਗਿਐਂ ਕੁਹਾੜਾ ਲੈ ਕੇ ਅੱਜ ਤੂੰ ਕੀ ਸੋਚ ਕੇ?

ਬੂਟਾ ਸਿੰਘ ਕੋਲ਼ੋਂ ਟਾਹਲੀ ਪੁੱਛਦੀ ਹੈਰਾਨ ਹੋ ਕੇ...

ਬੂਟਾ ਸਿੰਘ ਭਰ ਕੇ ਗਲੇਡੂ ਮਸਾਂ ਬੋਲਿਆ,

ਸੱਚ ਹੈ ਮੈਂ ਧੀਆਂ ਵਾਂਗੂੰ ਤੈਨੂੰ ਵੀ ਹੈ ਪਾਲ਼ਿਆ।

ਧੀਆਂ ਤਾਈਂ ਵੱਢਣਾ ਹੈ ਭਾਰ ਵੱਡਾ ਆਤਮਾ ’ਤੇ,

ਏਸੇ ਦੁਬਿਧਾ ਨੇ ਮੈਨੂੰ ਵਿੱਚੋਂ ਵਿਚ ਖਾ ਲਿਆ।

ਵੱਡੀ ਧੀ ਜੋ ਮੇਰੇ ਨਾਲ਼ ਜੰਮੀ ਸੀ, ਜੁਆਨ ਹੋਈ,

ਤੇਰੇ ਵਿੱਚੋਂ ਧੀ ਨੂੰ, ਕਦੇ ਤੈਨੂੰ ਵੇਖਾਂ ਓਸ ’ਚੋਂ।

ਇਕ ਧੀ ਨੂੰ ਵੱਢ ਕੇ ਹੀ ਦੂਜੀ ਘਰੋਂ ਤੋਰ ਹੋਣੀ,

ਬਚਿਆ ਨਹੀਂ ਜਾਣਾ ਮੈਥੋਂ ਹੱਤਿਆ ਦੇ ਦੋਸ਼ ਤੋਂ।

ਹੌਲ਼ੀ ਜਿਹੀ ਭੁਇੰ ਬੜੀ ਹੌਲ਼ੀ ਹੈ ਔਕਾਤ ਮੇਰੀ,

ਹੌਲ਼ੀਆਂ ਕਪਾਹਾਂ ਅਜੇ ਹੌਲ਼ੀਆਂ ਨੇ ਟਾਹਲੀਆਂ।

ਭੁਇੰ ਨਾਲ਼ੋਂ ਭਾਰੀਆਂ ਜ਼ੰਜੀਰਾਂ ਮੈਨੂੰ ਨੂੜਿਆ ਏ

ਤੇਰੇ ਨਾਲ਼ੋਂ ਭਾਰੀਆਂ ਸਿਓਨੇ ਦੀਆਂ ਬਾਲ਼ੀਆਂ।

ਧੀਆਂ ਨੇ ਤਾਂ ਫੇਰ ਵੀ ਪਰਾਏ ਘਰੀਂ ਵੱਸ ਜਾਣਾ,

ਤੇਰੀ ਗੋਦੀ ਖੇਡਦੇ ਪਰਿੰਦੇ ਕਿੱਥੇ ਰਹਿਣਗੇ?

ਜਿਵੇਂ ਜਿਵੇਂ ਚੱਲੂਗਾ ਕੁਹਾੜਾ ਮੇਰਾ ਤੇਰੇ ਉੱਤੇ,

ਓਵੇਂ ਓਵੇਂ ਸੱਕ ਮੇਰੇ ਕਾਲ਼ਜੇ ਦੇ ਲਹਿਣਗੇ।

ਬੂਟਾ ਸਿੰਘ ਭਰ ਕੇ ਗਲੇਡੂ ਮਸਾਂ ਬੋਲਿਆ...

*******

ਮੋਨੀਕਾ ਕੁਮਾਰ

ਛੁੱਟੀਆਂ ਵਿਚ ਰੁੱਖਾਂ ਨੂੰ ਭੁੱਲ ਜਾਣਾ

ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਬਣੇ

ਅਪਣੇ ਦਫ਼ਤਰ ਪੁੱਜਦਿਆਂ ਹੀ

ਮੈਂ ਉੱਚੇ ਰੁੱਖਾਂ ਨੂੰ ਛੂੰਹਦੀ ਆਂ।

ਇਨ੍ਹਾਂ ਨੂੰ ਛੂੰਹਦਿਆਂ ਮਨ ਵਿਚ ਖ਼ਿਆਲ ਆਉਂਦਾ ਹੈ

ਮੈਨੂੰ ਦਿਮਾਗ਼ ਨੂੰ ਠੰਢਾ ਰੱਖਣਾ ਚਾਹੀਦਾ ਹੈ

ਆਖ਼ਿਰ ਅਸੀਂ ਦੁਨੀਆ ਵਿਚ

ਲੋਕਾਂ ਦੀਆਂ ਗੱਲਾਂ ਦਾ ਚੰਗਾ ਬੁਰਾ ਮਨਾਉਣ ਲਈ ਨਹੀਂ ਆਏ।

ਤਾਂ ਵੀ ਮਹੀਨੇ ਚ ਐਸੇ ਦਿਨ ਵੀ ਆਉਂਦੇ ਨੇ

ਜਦ ਘਰ ਦੀ ਚਾਬੀ ਨਾਲ਼ ਦਫ਼ਤਰ ਦਾ ਤਾਲ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨੀ ਆਂ

ਤਿੰਨ ਦਿਨ ਦੀਆਂ ਛੁੱਟੀਆਂ ਬਾਅਦ

ਮੈਂ ਸਵੇਰੇ ਦਫ਼ਤਰ ਆਈ

ਤਾਂ ਰੁੱਖਾਂ ਨੂੰ ਵੇਖ ਕੇ ਖ਼ਿਆਲ ਆਇਆ

ਇਨ੍ਹਾਂ ਛੁੱਟੀਆਂ ਵਿਚ

ਮੈਨੂੰ ਇਕ ਵਾਰੀ ਵੀ ਇਨ੍ਹਾਂ ਰੁੱਖਾਂ ਦੀ ਯਾਦ ਨਹੀਂ ਆਈ।

ਕਦੰਬ ਦੇ ਫੁੱਲ ਜਿਨ੍ਹਾਂ ਨੂੰ ਦੇਖ ਕੇ ਲਗਦਾ ਹੈ

ਇੰਨਾ ਸੁਹਣਾ ਵੀ ਨਾ ਹੋਵੇ ਕੋਈ

ਇਹੀ ਫੁੱਲ ਮੈਨੂੰ ਬਿਲਕੁਲ ਭੁੱਲ ਗਏ ਸਨ।

ਇਹ ਰੁੱਖ

ਲੰਮੀਆਂ ਛੁੱਟੀਆਂ ਵਿਚ ਮੈਨੂੰ ਯਾਦ ਨਹੀਂ ਆਉਂਦੇ

ਤਾਂ ਵੀ ਮੁੜ ਕੇ ਆ ਕੇ ਤਸੱਲੀ ਕਰ ਲੈਨੀ ਆਂ

ਕਿ ਇਹ ਹੈਨ

ਬਦਲਦੇ ਮੌਸਮ ਦੇ ਨਾਲ਼ ਗਹਿਰੇ ਪ੍ਰੇਮ ਵਿਚ

ਹਵਾ ਦੇ ਬੁੱਲੇ ’ਤੇ ਝੂਲਣ ਲਈ ਕਾਹਲ਼ੇ

ਏਨੇ ਡਰੇ ਹੋਏ, ਏਨੇ ਭਾਵੁਕ

ਜਿੰਨੇ ਸਥਿਰ ਓਨੇ ਬੇਚੈਨ।

ਮੇਰੇ ਰੁੱਖ ਮੈਨੂੰ ਆਖਣ ਲੱਗੇ,

ਚੰਗਾ ਹੈ

ਛੁੱਟੀਆਂ ਵਿਚ ਰੁੱਖਾਂ ਨੂੰ ਭੁੱਲ ਜਾਣਾ।

ਉਨ੍ਹਾਂ ਨੂੰ ਯਾਦ ਨਾ ਕਰਨਾ

ਤੇ ਮੁੜ ਕੇ

ਝੂਠਾ ਲੱਗਣ ਦੀ ਹੱਦ ਤਕ ਪ੍ਰੇਮ ਕਰਨਾ।

ਵਾਰ ਵਾਰ ਇਨ੍ਹਾਂ ਨੂੰ ਛੂਹਣਾ ਤੇ ਕਹਿਣਾ:

ਕਿਵੇਂ ਰਹੀ ਮੈਂ ਏਨੇ ਦਿਨ ਦੂਰ ਤੁਹਾਤੋਂ।

ਅਸੀਂ ਦੁਨੀਆ ਵਿਚ ਬਹੁਤ ਸਾਰੇ ਕੰਮ ਕਰਨ ਆਏ ਹਾਂ

ਜਿਵੇਂ ਦੁਨੀਆ ਵਿਚ ਗੁੰਮ ਹੋ ਜਾਣਾ

ਲੋਕਾਂ ਦੀਆਂ ਗੱਲਾਂ ਦਾ ਚੰਗਾ-ਬੁਰਾ ਮੰਨਣਾ

ਨਸ਼ਟ ਕਰਨਾ ਅਪਣੇ ਏਕਾਂਤ ਨੂੰ

ਬਾਅਦ ਵਿਚ ਪਛਤਾਉਣ ਲਈ।

ਤੇ ਬੇਨਤੀ ਕਰਨੀ ਰੁੱਖਾਂ ਨੂੰ

ਇਹਦੀ ਬਹਾਲੀ ਵਾਸਤੇ।

*******

ਸਵਾਮੀ ਅੰਤਰ ਨੀਰਵ

ਇਥੇ ਬਿਰਖ

ਇਥੇ ਫਲ ਦੇਣੇ ਰੁੱਖਾਂ ਦੇ ਤਣੇ

ਲੱਕ ਹੁੰਦੇ

ਜੜ੍ਹਾਂ ਪੈਰ

ਗੰਢਾਂ ਮੋਢੇ

ਟਾਹਣੀਆਂ ਬਾਹਵਾਂ, ਹੱਥ ਮਿੱਟੀ ਵਿਚ ਦੱਬੀਆਂ ਜੜ੍ਹਾਂ

ਰੁੱਖ ਦਾ ਸਿਰ ਹੁੰਦੀਆਂ

ਕੋਈ ਨਹੀਂ ਵੱਢਦਾ

ਰੁੱਖਾਂ ਦੇ ਹੱਥ ਪੈਰ

ਛਾਂਗ-ਸਾਂਭ ਨੂੰ

ਨਹੂੰ ਵੱਢਣਾ

ਅੜਿੱਕਾਂ? ਕੱਢਣਾ ਕਹਿੰਦੇ

ਤਿਉਹਾਰ ਵਾਲੇ ਦਿਨ

ਨਾ ਫਲਦੇ ਰੁੱਖ ਨੂੰ

ਘਰ ਦਾ ਛੋਟਾ

ਕੁਹਾੜੀ ਨਾਲ ਵੱਢਣ ਦਾ ਨਾਟਕ ਪਾਉਂਦਾ

ਉੱਚੀ ਬੋਲਦਾ, ਗ੍ਹਾਲਾਂ ਕੱਢਦਾ, ਧਮਕਾਉਂਦਾ

ਘਰ ਦਾ ਵਡੇਰਾ

ਰੁੱਖ ਵੱਲੋਂ ਮਾਫ਼ੀ ਮੰਗਦਾ

ਐਤਕੀਂ ਫੱਲਣ ਦੀ ਗਵਾਹੀ ਭਰਦਾ

ਆਣ ਛੁੜਾਉਂਦਾ

ਸੱਚੀਮੁੱਚੀ, ਬਿਰਖ

ਐਤਕੀਂ ਫਲ਼ ਜਾਂਦਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਸਿੰਘੂ ਬਾਰਡਰ ਮਾਮਲਾ: ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਤਰਨ ਤਾਰਨ ਪੁੱਜੀ

ਸਿੰਘੂ ਬਾਰਡਰ ਮਾਮਲਾ: ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਤਰਨ ਤਾਰਨ ਪੁੱਜੀ

ਲਖਬੀਰ ਸਿੰਘ ਤੇ ਪਰਗਟ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ

ਕਾਂਗਰਸ ਵੱਲੋਂ ਹਰੀਸ਼ ਚੌਧਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ

ਕਾਂਗਰਸ ਵੱਲੋਂ ਹਰੀਸ਼ ਚੌਧਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ

ਹਰੀਸ਼ ਰਾਵਤ ਨੂੰ ਕੀਤਾ ਜ਼ਿੰਮੇਵਾਰੀ ਤੋਂ ਮੁਕਤ

ਟਾਰਗੈੱਟ ਕਿਲਿੰਗ: ਕਸ਼ਮੀਰ ਵਿੱਚ ਨੀਮ ਫ਼ੌਜੀ ਬਲਾਂ ਦੀ ਨਫ਼ਰੀ ਵਧਾਈ

ਟਾਰਗੈੱਟ ਕਿਲਿੰਗ: ਕਸ਼ਮੀਰ ਵਿੱਚ ਨੀਮ ਫ਼ੌਜੀ ਬਲਾਂ ਦੀ ਨਫ਼ਰੀ ਵਧਾਈ

* ਅਤਿਵਾਦੀ ਹਮਲਿਆਂ ਨੂੰ ਰੋਕਣ ਲਈ ਸ੍ਰੀਨਗਰ ’ਚ ਮੁੜ ਤੋਂ ਉਸਾਰੇ ਜਾ ਰਹੇ...

ਪਾਵਰਕੌਮ ਵੱਲੋਂ ਬਿਜਲੀ ਬਿਲਾਂ ਦੇ 77.37 ਕਰੋੜ ਦੇ ਬਕਾਏ ਮੁਆਫ਼

ਪਾਵਰਕੌਮ ਵੱਲੋਂ ਬਿਜਲੀ ਬਿਲਾਂ ਦੇ 77.37 ਕਰੋੜ ਦੇ ਬਕਾਏ ਮੁਆਫ਼

* 96,911 ਘਰੇਲੂ ਖਪਤਕਾਰਾਂ ਨੂੰ ਮਿਲੀ ਰਾਹਤ * ਬਿਨਾਂ ਕਿਸੇ ਜਾਤ-ਪਾਤ, ...

ਸਿੰਘੂ ਕਤਲ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਸ਼ੁਰੂ

ਸਿੰਘੂ ਕਤਲ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਸ਼ੁਰੂ

ਸੰਯੁਕਤ ਕਿਸਾਨ ਮੋਰਚੇ ਦੀ ਦੋ ਮੈਂਬਰੀ ਟੀਮ ਨੇ ਵੀ ਪਿੰਡ ਿਵੱਚ ਡੇਰੇ ਲਾਏ

ਸ਼ਹਿਰ

View All